11 – ਪਾਪ

ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਪਾਪ.

ਚੋਟੀ ਦੀਆਂ 3 ਸਭ ਤੋਂ ਮਹੱਤਵਪੂਰਨ ਆਇਤਾਂ

ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਲਈ ਫੇਰ ਕੋਈ ਬਲੀਦਾਨ ਨਹੀਂ ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।

ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਨਾ ਕੀਤੀ, ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਂਹ ਕੀਤੀ।

ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ।”

ਹਰ ਸ਼ਲੋਕ ਨੂੰ ਕਨੂੰਨੀ ਕ੍ਰਮ ਵਿੱਚ - 359 ਹਵਾਲੇ

ਤਦ ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਆਗਿਆ ਦਿੱਤੀ ਕਿ ਤੂੰ ਬਾਗ਼ ਦੇ ਹਰੇਕ ਰੁੱਖ ਦਾ ਫਲ ਬੇਝਿਜਕ ਖਾ ਸਕਦਾ ਹੈ, ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ।

ਜਦ ਇਸਤਰੀ ਨੇ ਵੇਖਿਆ ਕਿ ਉਸ ਰੁੱਖ ਦਾ ਫਲ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਸ ਰੁੱਖ ਦਾ ਫਲ ਬੁੱਧ ਦੇਣ ਦੇ ਯੋਗ ਹੈ ਤਾਂ ਉਸ ਨੇ ਉਹ ਦੇ ਫਲ ਨੂੰ ਲਿਆ ਤੇ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ।

ਤਦ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਜਾਣ ਲਿਆ, ਜੋ ਅਸੀਂ ਨੰਗੇ ਹਾਂ ਇਸ ਲਈ ਉਨ੍ਹਾਂ ਨੇ ਹੰਜ਼ੀਰ ਦੇ ਪੱਤੇ ਸੀਉਂਕੇ ਆਪਣੇ ਲਈ ਬਸਤਰ ਬਣਾ ਲਏ। ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਅਵਾਜ਼ ਸੁਣੀ, ਜਦ ਉਹ ਬਾਗ਼ ਵਿੱਚ ਸ਼ਾਮ ਦੇ ਠੰਡੇ ਵੇਲੇ ਚਲਦਾ ਫਿਰਦਾ ਸੀ। ਉਸ ਆਦਮੀ ਅਤੇ ਉਹ ਦੀ ਪਤਨੀ ਨੇ ਆਪਣੇ ਨੂੰ ਬਾਗ਼ ਦੇ ਰੁੱਖਾਂ ਦੇ ਵਿਚਕਾਰ ਯਹੋਵਾਹ ਪਰਮੇਸ਼ੁਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕਾ ਲਿਆ। ਤਦ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈਂ? ਉਸ ਨੇ ਆਖਿਆ, ਮੈਂ ਬਾਗ਼ ਵਿੱਚ ਤੇਰੀ ਅਵਾਜ਼ ਸੁਣ ਕੇ ਡਰ ਗਿਆ ਕਿਉਂ ਜੋ ਮੈਂ ਨੰਗਾ ਸੀ ਇਸ ਲਈ ਮੈਂ ਆਪਣੇ ਆਪ ਨੂੰ ਲੁਕਾ ਲਿਆ। ਉਸ ਨੇ ਪੁੱਛਿਆ, ਤੈਨੂੰ ਕਿਸ ਨੇ ਦੱਸਿਆ ਜੋ ਤੂੰ ਨੰਗਾ ਹੈਂ? ਜਿਸ ਰੁੱਖ ਤੋਂ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਦਾ ਫਲ ਨਾ ਖਾਵੀਂ ਕੀ ਤੂੰ ਉਸ ਦਾ ਫਲ ਖਾਧਾ ਹੈ?

ਫੇਰ ਆਦਮ ਨੇ ਜਵਾਬ ਦਿੱਤਾ ਕਿ ਜਿਹੜੀ ਇਸਤਰੀ ਤੂੰ ਮੈਨੂੰ ਦਿੱਤੀ, ਉਸ ਨੇ ਉਸ ਰੁੱਖ ਦਾ ਫਲ ਮੈਨੂੰ ਦਿੱਤਾ ਇਸ ਲਈ ਮੈਂ ਖਾ ਲਿਆ। ਤਦ ਯਹੋਵਾਹ ਪਰਮੇਸ਼ੁਰ ਨੇ ਇਸਤਰੀ ਨੂੰ ਆਖਿਆ, ਤੂੰ ਇਹ ਕੀ ਕੀਤਾ? ਇਸਤਰੀ ਨੇ ਆਖਿਆ, ਸੱਪ ਨੇ ਮੈਨੂੰ ਭਰਮਾਇਆ ਤਦ ਮੈਂ ਉਸ ਫਲ ਨੂੰ ਖਾਧਾ।

ਤਦ ਯਹੋਵਾਹ ਪਰਮੇਸ਼ੁਰ ਨੇ ਆਖਿਆ, ਵੇਖੋ ਮਨੁੱਖ ਭਲੇ ਬੁਰੇ ਦੀ ਸਮਝ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ। ਇਸ ਲਈ ਯਹੋਵਾਹ ਪਰਮੇਸ਼ੁਰ ਨੇ ਉਹ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਰਚਿਆ ਗਿਆ ਸੀ। ਇਸ ਲਈ ਉਸ ਨੇ ਆਦਮ ਨੂੰ ਕੱਢ ਦਿੱਤਾ ਅਤੇ ਉਸ ਨੇ ਅਦਨ ਦੇ ਬਾਗ਼ ਦੇ ਪੂਰਬ ਵੱਲ ਦੂਤਾਂ ਨੂੰ ਅਤੇ ਚਾਰ ਚੁਫ਼ੇਰੇ ਘੁੰਮਣ ਵਾਲੀ ਅੱਗ ਦੀ ਤਲਵਾਰ ਨੂੰ ਰੱਖਿਆ ਤਾਂ ਜੋ ਓਹ ਜੀਵਨ ਦੇ ਰੁੱਖ ਦੇ ਰਾਹ ਦੀ ਰਾਖੀ ਕਰਨ।

ਪਰ ਕਾਇਨ ਅਤੇ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਤੇ ਉਹ ਦਾ ਚਿਹਰਾ ਉਦਾਸ ਹੋ ਗਿਆ। ਤਦ ਯਹੋਵਾਹ ਨੇ ਕਾਇਨ ਨੂੰ ਆਖਿਆ, ਤੂੰ ਕਿਉਂ ਕ੍ਰੋਧਵਾਨ ਹੈਂ ਅਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੈ? ਜੇ ਤੂੰ ਭਲਾ ਨਾ ਕਰੇਂ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ। ਫੇਰ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਉਹ ਖੇਤ ਵਿੱਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠ ਕੇ ਉਸ ਨੂੰ ਮਾਰ ਦਿੱਤਾ।

ਫੇਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵੱਧ ਗਈ ਹੈ ਅਤੇ ਉਨ੍ਹਾਂ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰੇਕ ਵਿਚਾਰ ਬੁਰਿਆਈ ਨਾਲ ਭਰਿਆ ਹੁੰਦਾ ਹੈ।

ਫਿਰ ਯਹੋਵਾਹ ਨੇ ਆਖਿਆ, ਸਦੂਮ ਅਤੇ ਅਮੂਰਾਹ ਸ਼ਹਿਰ ਦਾ ਰੌਲ਼ਾ ਬਹੁਤ ਵੱਧ ਗਿਆ ਹੈ ਅਤੇ ਉਨ੍ਹਾਂ ਦਾ ਪਾਪ ਵੀ ਬਹੁਤ ਭਾਰੀ ਹੈ।

ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਤੂੰ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਈਂ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪੁਰਖਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ। ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੇਮ ਰੱਖਦੇ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ।

ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜੋ ਕੋਈ ਉਹ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਨਿਰਦੋਸ਼ ਨਾ ਠਹਿਰਾਵੇਗਾ।

ਤੂੰ ਖ਼ੂਨ ਨਾ ਕਰ। ਤੂੰ ਵਿਭਚਾਰ ਨਾ ਕਰ। ਤੂੰ ਚੋਰੀ ਨਾ ਕਰ। ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ। ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ। ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਨਾ ਉਹ ਦੇ ਦਾਸ ਦੀ, ਨਾ ਉਹ ਦੀ ਦਾਸੀ ਦੀ, ਨਾ ਉਹ ਦੇ ਬਲ਼ਦ ਦੀ, ਨਾ ਉਹ ਦੇ ਗਧੇ ਦੀ, ਨਾ ਕਿਸੇ ਚੀਜ਼ ਦੀ ਜਿਹੜੀ ਤੇਰੇ ਗੁਆਂਢੀ ਦੀ ਹੈ।

ਤਦ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ ਕਿਉਂ ਜੋ ਪਰਮੇਸ਼ੁਰ ਇਸ ਲਈ ਆਇਆ ਹੈ ਕਿ ਤੁਹਾਨੂੰ ਪਰਤਾਵੇ ਅਤੇ ਉਸ ਦਾ ਭੈਅ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ।

ਜੇ ਕੋਈ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਮਾਰੇ ਉਹ ਜ਼ਰੂਰ ਮਾਰਿਆ ਜਾਵੇ। ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜ਼ਰੂਰ ਮਾਰਿਆ ਜਾਵੇ। ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਫਿਟਕਾਰੇ ਉਹ ਜ਼ਰੂਰ ਮਾਰਿਆ ਜਾਵੇ।

ਜੋ ਕੋਈ ਪਸ਼ੂ ਨਾਲ ਕੁਕਰਮ ਕਰੇ ਉਹ ਜ਼ਰੂਰ ਮਾਰਿਆ ਜਾਵੇ।

ਤੂੰ ਕੂੜ ਦੀ ਗੱਪਸ਼ੱਪ ਨਾ ਮਾਰ ਅਤੇ ਤੂੰ ਆਪਣਾ ਹੱਥ ਦੁਸ਼ਟਾਂ ਨਾਲ ਨਾ ਮਿਲਾ ਕਿ ਤੂੰ ਕੁਧਰਮ ਦਾ ਗਵਾਹ ਹੋਵੇਂ।

ਅਤੇ ਅਜਿਹਾ ਹੋਵੇ ਕਿ ਜਦ ਉਹ ਇਨ੍ਹਾਂ ਗੱਲਾਂ ਵਿੱਚੋਂ ਕਿਸੇ ਵੀ ਗੱਲ ਦਾ ਦੋਸ਼ੀ ਠਹਿਰੇ ਤਾਂ ਜਿਸ ਗੱਲ ਵਿੱਚ ਉਸ ਨੇ ਪਾਪ ਕੀਤਾ ਹੋਵੇ, ਉਹ ਉਸ ਨੂੰ ਮੰਨ ਲਵੇ।

ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਗ ਕਰਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰੀਂ।

ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀਂ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ, ਮੈਂ ਯਹੋਵਾਹ ਹਾਂ।

ਜਿਸ ਤਰ੍ਹਾਂ ਤੂੰ ਇਸਤਰੀ ਨਾਲ ਸੰਗ ਕਰਦਾ ਹੈਂ, ਉਸੇ ਤਰ੍ਹਾਂ ਕਿਸੇ ਪੁਰਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ।

ਤੂੰ ਕਿਸੇ ਪਸ਼ੂ ਦੇ ਨਾਲ ਸੰਗ ਕਰਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰੀਂ ਅਤੇ ਨਾ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਜਾ ਕੇ ਖੜ੍ਹੀ ਹੋਵੇ ਤਾਂ ਜੋ ਉਸ ਤੋਂ ਸੰਗ ਕਰਵਾਏ, ਇਹ ਘਿਣਾਉਣਾ ਕੰਮ ਹੈ।

ਜਿਹੜੇ ਵੀ ਲੋਕ ਅਜਿਹੇ ਘਿਣਾਉਣੇ ਕੰਮ ਕਰਨ ਉਹ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।

ਤੁਸੀਂ ਚੋਰੀ ਨਾ ਕਰਨਾ, ਨਾ ਛਲ ਕਰਨਾ ਅਤੇ ਨਾ ਆਪਸ ਵਿੱਚ ਝੂਠ ਬੋਲਣਾ।

ਤੂੰ ਬਦਲਾ ਨਾ ਲਵੀਂ, ਨਾ ਹੀ ਆਪਣੇ ਲੋਕਾਂ ਦੇ ਪਰਿਵਾਰਾਂ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।

ਤੁਸੀਂ ਨਿਆਂ ਕਰਨ ਵਿੱਚ, ਨਾਪਣ ਵਿੱਚ, ਤੋਲਣ ਵਿੱਚ ਜਾਂ ਮਿਣਨ ਵਿੱਚ ਧੋਖਾ ਨਾ ਕਰਨਾ। ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਹਾਂ।

ਇਸ ਲਈ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੇ ਰਹੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

ਅਤੇ ਤੂੰ ਇਸਰਾਏਲੀਆਂ ਨੂੰ ਆਖ ਕਿ ਜਿਹੜਾ ਆਪਣੇ ਪਰਮੇਸ਼ੁਰ ਦੇ ਵਿਰੁੱਧ ਦੁਰਬਚਨ ਬੋਲੇ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ। ਕੋਈ ਵੀ ਜਿਹੜਾ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ ਉਹ ਜ਼ਰੂਰ ਹੀ ਮਾਰਿਆ ਜਾਵੇ ਅਤੇ ਸਾਰੀ ਮੰਡਲੀ ਨਿਸੰਗ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ, ਭਾਵੇਂ ਉਹ ਪਰਦੇਸੀ ਹੋਵੇ ਭਾਵੇਂ ਇਸਰਾਏਲ ਵਿੱਚ ਜੰਮਿਆ ਹੋਵੇ। ਜਿਸ ਵੇਲੇ ਉਹ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ, ਉਹ ਮਾਰਿਆ ਜਾਵੇ।

ਜਿਹੜਾ ਮਨੁੱਖ ਆਪਣੇ ਗੁਆਂਢੀ ਨੂੰ ਸੱਟ ਮਾਰੇ, ਤਾਂ ਜਿਵੇਂ ਉਸ ਨੇ ਕੀਤਾ ਹੈ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ। ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਜਿਵੇਂ ਉਸ ਨੇ ਕਿਸੇ ਮਨੁੱਖ ਨੂੰ ਸੱਟ ਮਾਰੀ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ।

ਪਰ ਜੇਕਰ ਉਹ ਆਪਣੀ ਅਤੇ ਪੁਰਖਿਆਂ ਦੀਆਂ ਬਦੀਆਂ ਨੂੰ ਮੰਨ ਲੈਣ ਅਤੇ ਉਸ ਬੇਈਮਾਨੀ ਨੂੰ ਜੋ ਉਨ੍ਹਾਂ ਨੇ ਮੇਰੇ ਨਾਲ ਕੀਤੀ ਅਤੇ ਇਹ ਵੀ ਮੰਨ ਲੈਣ ਕਿ ਉਹ ਮੇਰੇ ਵਿਰੁੱਧ ਚੱਲੇ

ਇਸਰਾਏਲੀਆਂ ਨੂੰ ਬੋਲ ਕਿ ਜਦ ਕੋਈ ਪੁਰਖ ਜਾਂ ਇਸਤਰੀ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਤੇ ਉਹ ਪ੍ਰਾਣੀ ਦੋਸ਼ੀ ਠਹਿਰੇ,

ਫੇਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਅਤੇ ਯਹੋਵਾਹ ਦੇ ਵਿਰੁੱਧ ਬੋਲੇ। ਹੁਣ, ਯਹੋਵਾਹ ਅੱਗੇ ਬੇਨਤੀ ਕਰ ਕਿ ਉਹ ਸਾਡੇ ਕੋਲੋਂ ਇਹਨਾਂ ਸੱਪਾਂ ਨੂੰ ਮੋੜ ਲਵੇ। ਤਦ ਮੂਸਾ ਨੇ ਪਰਜਾ ਦੇ ਲਈ ਬੇਨਤੀ ਕੀਤੀ।

ਪਰ ਜੇ ਤੁਸੀਂ ਇਹ ਨਾ ਕਰੋ ਤਾਂ ਵੇਖੋ, ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕਰੋਗੇ ਅਤੇ ਜਾਣੋ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ।

ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਤੂੰ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਈਂ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ, ਹੇਠਾਂ ਧਰਤੀ ਉੱਤੇ, ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ, ਜਿਹੜਾ ਪੁਰਖਿਆਂ, ਦੀ ਬੁਰਿਆਈ ਨੂੰ ਬੱਚਿਆਂ ਉੱਤੇ, ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ, ਪਰ ਜਿਹੜੇ ਮੇਰੇ ਨਾਲ ਪ੍ਰੇਮ ਰੱਖਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੇ ਹਜ਼ਾਰਾਂ ਉੱਤੇ ਦਯਾ ਕਰਦਾ ਹਾਂ।

ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜੋ ਕੋਈ ਉਹ ਦਾ ਨਾਮ ਵਿਅਰਥ ਲੈਂਦਾ ਹੈ, ਯਹੋਵਾਹ ਉਸ ਨੂੰ ਨਿਰਦੋਸ਼ ਨਾ ਠਹਿਰਾਵੇਗਾ।

ਤੂੰ ਖ਼ੂਨ ਨਾ ਕਰ। ਤੂੰ ਵਿਭਚਾਰ ਨਾ ਕਰ। ਤੂੰ ਚੋਰੀ ਨਾ ਕਰ। ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ। ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਨਾ ਉਹ ਦੇ ਖੇਤ ਦਾ, ਨਾ ਉਹ ਦੇ ਦਾਸ ਦਾ, ਨਾ ਉਹ ਦੀ ਦਾਸੀ ਦਾ, ਨਾ ਉਹ ਦੇ ਬਲ਼ਦ ਦਾ, ਨਾ ਉਹ ਦੇ ਗਧੇ ਦਾ, ਅਤੇ ਨਾ ਹੀ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦਾ ਲਾਲਚ ਕਰ।

ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰਿਓ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ। ਤੁਸੀਂ ਨਾ ਤਾਂ ਸੱਜੇ ਮੁੜਿਓ ਨਾ ਹੀ ਖੱਬੇ।

ਤੁਸੀਂ ਉਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਸੁੱਟਿਓ ਅਤੇ ਤੁਸੀਂ ਉਸ ਚਾਂਦੀ ਅਤੇ ਸੋਨੇ ਦਾ ਲੋਭ ਨਾ ਕਰਿਓ ਜਿਹੜਾ ਉਹਨਾਂ ਦੇ ਉੱਤੇ ਹੈ, ਅਤੇ ਨਾ ਹੀ ਉਸ ਨੂੰ ਆਪਣੇ ਲਈ ਲਿਓ, ਕਿਤੇ ਤੁਸੀਂ ਉਹਨਾਂ ਦੇ ਫੰਦੇ ਵਿੱਚ ਫਸ ਜਾਓ, ਕਿਉਂ ਜੋ ਇਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਇੱਕ ਘਿਣਾਉਣੀ ਚੀਜ਼ ਹੈ। ਤੁਸੀਂ ਕੋਈ ਘਿਣਾਉਣੀ ਚੀਜ਼ ਆਪਣੇ ਘਰ ਨੂੰ ਨਾ ਲਿਆਓ ਕਿਤੇ ਤੁਸੀਂ ਉਸ ਦੀ ਤਰ੍ਹਾਂ ਘਿਣਾਉਣੇ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਹੀ ਨਫ਼ਰਤ ਅਤੇ ਘਿਣ ਹੀ ਘਿਣ ਕਰਿਓ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ।

“ਤੇਰੇ ਥੈਲੇ ਵਿੱਚ ਦੋ ਪ੍ਰਕਾਰ ਦੇ ਵੱਟੇ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ। ਤੇਰੇ ਘਰ ਵਿੱਚ ਦੋ ਪ੍ਰਕਾਰ ਦੇ ਨਾਪ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ। ਤੇਰੇ ਵੱਟੇ ਅਤੇ ਤੇਰਾ ਨਾਪ ਪੂਰਾ-ਪੂਰਾ ਅਤੇ ਠੀਕ-ਠੀਕ ਹੋਵੇ ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ, ਤੇਰੀ ਉਮਰ ਲੰਮੀ ਹੋਵੇ। ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਅਰਥਾਤ ਜਿਹੜੇ ਬੁਰਿਆਈ ਕਰਦੇ ਹਨ, ਉਹ ਸਾਰੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਘਿਣਾਉਣੇ ਲੱਗਦੇ ਹਨ।

ਸਰਾਪੀ ਹੋਵੇ ਉਹ ਮਨੁੱਖ, ਜਿਹੜਾ ਘੜ੍ਹੀ ਹੋਈ ਜਾਂ ਢਾਲੀ ਹੋਈ ਮੂਰਤ ਬਣਾਵੇ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ, ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਹੋਵਾਹ ਘਿਰਣਾ ਕਰਦਾ ਹੈ। ‘ਤਦ ਸਾਰੀ ਪਰਜਾ ਉੱਤਰ ਦੇ ਕੇ ਆਖੇ, ਆਮੀਨ।’

ਸਰਾਪੀ ਹੋਵੇ ਉਹ, ਜਿਹੜਾ ਪਰਦੇਸੀ, ਯਤੀਮ, ਅਤੇ ਵਿਧਵਾ ਦਾ ਨਿਆਂ ਵਿਗਾੜੇ। ‘ਤਦ ਸਾਰੀ ਪਰਜਾ ਆਖੇ, ਆਮੀਨ।’

‘ਸਰਾਪੀ ਹੋਵੇ ਉਹ, ਜਿਹੜਾ ਆਪਣੇ ਗੁਆਂਢੀ ਨੂੰ ਲੁੱਕ ਕੇ ਮਾਰੇ। ਤਦ ਸਾਰੀ ਪਰਜਾ ਆਖੇ, ਆਮੀਨ।’

‘ਸਰਾਪੀ ਹੋਵੇ ਉਹ, ਜਿਹੜਾ ਰਿਸ਼ਵਤ ਲੈ ਕੇ ਨਿਰਦੋਸ਼ ਵਿਅਕਤੀ ਦਾ ਖੂਨ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’

‘ਸਰਾਪੀ ਹੋਵੇ ਉਹ, ਜਿਹੜਾ ਇਸ ਬਿਵਸਥਾ ਦੀਆਂ, ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’

ਪਰ ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਨਾ ਕਰੋ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਆ ਫੜ੍ਹਨਗੇ,

ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਮੰਨ ਕੇ ਉਸ ਨੂੰ ਈਰਖਾਲੂ ਬਣਾਇਆ, ਘਿਣਾਉਣੇ ਕੰਮਾਂ ਕਰਕੇ ਉਸ ਨੂੰ ਗੁੱਸਾ ਦੁਆਇਆ। ਉਨ੍ਹਾਂ ਨੇ ਭਰਿਸ਼ਟ ਆਤਮਾਵਾਂ ਅੱਗੇ, ਜਿਹੜੇ ਪਰਮੇਸ਼ੁਰ ਨਹੀਂ ਸਨ ਬਲੀਆਂ ਚੜ੍ਹਾਈਆਂ, ਉਨ੍ਹਾਂ ਦੇਵਤਿਆਂ ਨੂੰ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ, ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਨਿੱਕਲੇ ਸਨ, ਜਿਨ੍ਹਾਂ ਤੋਂ ਤੁਹਾਡੇ ਪਿਉ-ਦਾਦੇ ਨਹੀਂ ਡਰੇ।

ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਕਿਹਾ, “ਅਸੀਂ ਪਾਪ ਕੀਤਾ ਹੈ, ਇਸ ਲਈ ਜੋ ਕੁਝ ਤੇਰੀ ਨਜ਼ਰ ਵਿੱਚ ਚੰਗਾ ਹੈ, ਉਹ ਹੀ ਸਾਡੇ ਨਾਲ ਕਰ, ਪਰ ਹੁਣ ਸਾਡਾ ਛੁਟਕਾਰਾ ਕਰ!”

ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ, ਉਹ ਉਹੀ ਕਰਦਾ ਸੀ।

ਇਸ ਕਰਕੇ ਉਨ੍ਹਾਂ ਜੁਆਨਾਂ ਦਾ ਪਾਪ ਯਹੋਵਾਹ ਦੇ ਅੱਗੇ ਬਹੁਤ ਵੱਡਾ ਸੀ, ਕਿਉਂ ਜੋ ਲੋਕ ਯਹੋਵਾਹ ਦੀ ਭੇਟ ਨੂੰ ਤੁੱਛ ਜਾਣਦੇ ਸਨ।

ਕਿਉਂ ਜੋ ਬਗਾਵਤ ਕਰਨਾ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ, ਅਤੇ ਢੀਠਤਾ, ਮੂਰਤੀ ਪੂਜਾ ਜਿਹੀ ਹੈ। ਸੋ ਜਿਵੇਂ ਤੂੰ ਯਹੋਵਾਹ ਦੇ ਬਚਨ ਨੂੰ ਰੱਦਿਆ ਹੈ, ਉਸੇ ਤਰ੍ਹਾਂ ਹੀ ਯਹੋਵਾਹ ਨੇ ਰਾਜਾ ਹੋਣ ਤੋਂ ਤੈਨੂੰ ਰੱਦਿਆ ਹੈ।

ਜੇ ਉਹ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਅਜਿਹਾ ਨਹੀਂ ਜੋ ਪਾਪ ਨਾ ਕਰੇ ਅਤੇ ਤੂੰ ਉਨ੍ਹਾਂ ਨਾਲ ਕ੍ਰੋਧਵਾਨ ਹੋਵੇਂ ਅਤੇ ਉਨ੍ਹਾਂ ਨੂੰ ਵੈਰੀ ਦੇ ਹੱਥ ਵਿੱਚ ਇਸ ਤਰ੍ਹਾਂ ਦੇ ਦੇਵੇਂ ਕਿ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਵੈਰੀ ਦੇ ਦੇਸ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ।

ਅਤੇ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਅੱਗ ਵਿੱਚ ਦੀ ਲੰਘਾਇਆ ਅਤੇ ਪੁੱਛ ਪੁਆਉਣ ਵਾਲਿਆਂ ਤੇ ਜਾਦੂਗਰਾਂ ਤੋਂ ਕੰਮ ਲਿਆ ਅਤੇ ਆਪਣੇ ਆਪ ਉਨ੍ਹਾਂ ਕੰਮਾਂ ਲਈ ਵਿੱਕ ਗਏ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ। ਯਹੋਵਾਹ ਇਸਰਾਏਲ ਉੱਤੇ ਅੱਤ ਕ੍ਰੋਧਵਾਨ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਅੱਗਿਓਂ ਦੂਰ ਕਰ ਦਿੱਤਾ। ਯਹੂਦਾਹ ਦੇ ਗੋਤ ਤੋਂ ਬਿਨ੍ਹਾਂ ਕੋਈ ਨਾ ਛੁੱਟਿਆ।

ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਬੇਨਤੀ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ ਅਤੇ ਆਪਣੀ ਪਰਜਾ ਨੂੰ ਜਿਸ ਤੇਰਾ ਪਾਪ ਕੀਤਾ ਹੈ ਮਾਫ਼ ਕਰੀਂ

ਅਤੇ ਉਸ ਨੇ ਬਨ ਹਿੰਨੋਮ ਦੀ ਵਾਦੀ ਵਿੱਚ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਫ਼ਾਲ ਪਾਉਂਦਾ ਅਤੇ ਟੂਣੇ-ਟੋਟਕੇ ਅਤੇ ਜਾਦੂ ਕਰਦਾ, ਅਤੇ ਭੂਤ ਮਿੱਤਰਾਂ ਅਤੇ ਦਿਓ-ਯਾਰਾਂ ਨਾਲ ਮੇਲ-ਜੋਲ ਰੱਖਦਾ ਸੀ। ਉਹ ਅਜਿਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ

ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ ਟੁੱਟ ਜਾਂਦੀ ਹੈ।

ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰਾ ਲੇਖਾ ਲਵੇਂਗਾ, ਅਤੇ ਤੂੰ ਮੇਰੀ ਬਦੀ ਤੋਂ ਮੈਨੂੰ ਬਰੀ ਨਾ ਕਰੇਂਗਾ।

ਪਰ ਤੁਸੀਂ ਝੂਠੀਆਂ ਗੱਲਾਂ ਦੇ ਘੜਣ ਵਾਲੇ ਹੋ, ਤੁਸੀਂ ਸਾਰੇ ਦੇ ਸਾਰੇ ਨਿਕੰਮੇ ਵੈਦ ਹੋ!

ਮੇਰੀਆਂ ਬੁਰਾਈਆਂ ਅਤੇ ਪਾਪ ਕਿੰਨੇ ਹਨ? ਮੇਰਾ ਅਪਰਾਧ ਅਤੇ ਪਾਪ ਮੈਨੂੰ ਦੱਸ!

“ਮਨੁੱਖ ਕੀ ਹੈ ਜੋ ਉਹ ਨਿਰਦੋਸ਼ ਠਹਿਰੇ, ਅਤੇ ਇਸਤਰੀ ਤੋਂ ਜੰਮਿਆ ਹੋਇਆ ਕੀ ਹੈ ਜੋ ਉਹ ਧਰਮੀ ਠਹਿਰੇ?

ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਆਖਣ ਲੱਗਦਾ ਹੈ, - ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ ਪਰ ਉਸ ਦਾ ਬਦਲਾ ਮੈਥੋਂ ਨਾ ਲਿਆ ਗਿਆ। ਉਸ ਨੇ ਮੇਰੀ ਜਾਨ ਨੂੰ ਕਬਰ ਵਿੱਚ ਜਾਣ ਤੋਂ ਬਚਾਇਆ, ਮੇਰਾ ਪ੍ਰਾਣ ਚਾਨਣ ਨੂੰ ਵੇਖੇਗਾ!

ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਸਮਝ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ, ਅਤੇ ਨਾ ਮਖ਼ੌਲੀਆਂ ਦੀ ਮੰਡਲੀ ਵਿੱਚ ਬੈਠਦਾ ਹੈ!

ਦੁਸ਼ਟ ਅਜਿਹੇ ਨਹੀਂ ਹੁੰਦੇ ਪਰ ਉਹ ਘਾਹ-ਫੂਸ ਵਰਗੇ ਹੁੰਦੇ ਹਨ, ਜਿਸ ਨੂੰ ਪੌਣ ਉਡਾ ਲੈ ਜਾਂਦੀ ਹੈ। ਇਸ ਲਈ ਦੁਸ਼ਟ ਨਿਆਂ ਵਿੱਚ ਖੜੇ ਨਹੀਂ ਰਹਿ ਸਕਣਗੇ, ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ, ਕਿਉਂ ਜੋ ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ, ਪਰ ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ।

ਹੇ ਮਨੁੱਖ ਦੇ ਪੁੱਤਰੋ, ਤੁਸੀਂ ਕਦੋਂ ਤੱਕ ਮੇਰੀ ਮਹਿਮਾ ਦਾ ਅਨਾਦਰ ਕਰੋਗੇ, ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ? ਸਲਹ।

ਘਮੰਡੀ ਤੇਰੀਆਂ ਅੱਖਾਂ ਅੱਗੇ ਖੜ੍ਹੇ ਨਹੀਂ ਹੋ ਸਕਦੇ, ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈਂ। ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈਂ। ਯਹੋਵਾਹ ਖੂਨੀ ਅਤੇ ਛਲੀਏ ਤੋਂ ਘਿਣ ਕਰਦਾ ਹੈ।

ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦੇ ਪਿਛੇ ਪੈ ਜਾਂਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਨ੍ਹਾਂ ਵਿੱਚ ਉਹ ਆਪ ਫਸ ਜਾਣ! ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ-ਫੂੰ ਕਰਦਾ ਹੈ, ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ। ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ੁਰ ਨੂੰ ਨਹੀਂ ਭਾਲੇਗਾ, ਉਸ ਦਾ ਵਿਚਾਰ ਇਹ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ।

ਉਹ ਦਾ ਮੂੰਹ ਸਰਾਪ, ਛਲ ਅਤੇ ਅਨ੍ਹੇਰ ਨਾਲ ਭਰਿਆ ਹੋਇਆ ਹੈ, ਉਹ ਦੀ ਜੀਭ ਦੇ ਹੇਠ ਸ਼ਰਾਰਤ ਅਤੇ ਬਦੀ ਹੈ।

ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ, ਉਹ ਵਿਗੜ ਗਏ ਹਨ, ਉਹਨਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ।

ਮੇਰੇ ਦੁੱਖ ਅਤੇ ਮੇਰੇ ਕਸ਼ਟ ਨੂੰ ਵੇਖ, ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ।

ਦਾਊਦ ਦਾ ਭਜਨ। ਮਸ਼ਕੀਲ। ਧੰਨ ਹੈ ਉਹ ਜਿਸ ਦਾ ਅਪਰਾਧ ਮਾਫ਼ ਹੋ ਗਿਆ, ਜਿਸ ਦਾ ਪਾਪ ਢੱਕਿਆ ਹੋਇਆ ਹੈ।

ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, ਤਾਂ ਤੂੰ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ। ਸਲਹ।

ਉਹ ਦੇ ਮੂੰਹ ਦੀਆਂ ਗੱਲਾਂ ਬਦੀ ਅਤੇ ਛਲ ਦੀਆਂ ਹਨ, ਉਹ ਨੇ ਬੁੱਧਵਾਨ ਹੋਣ ਨੂੰ ਅਤੇ ਭਲਾ ਕਰਨ ਨੂੰ ਛੱਡਿਆ ਹੋਇਆ ਹੈ।

ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇ, ਨਾ ਕੁੜ੍ਹ - ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ

ਮੈਂ ਆਪਣੀ ਬਦੀ ਨੂੰ ਮੰਨਾਂਗਾ, ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ।

ਮੈ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆਂ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ।

ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਜਦੋਂ ਨਾਥਾਨ ਨਬੀ ਉਸ ਦੇ ਕੋਲ ਇਸ ਲਈ ਆਇਆ ਕਿ ਉਹ ਬਥ-ਸ਼ਬਾ ਦੇ ਕੋਲ ਗਿਆ ਸੀ। ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ! ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਇਹ ਬੁਰਿਆਈ ਕੀਤੀ, ਤਾਂ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇਂ, ਅਤੇ ਆਪਣੇ ਨਿਆਂ ਵਿੱਚ ਤੂੰ ਸਾਫ਼ ਨਿੱਕਲੇਂ।

ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ[੯]।

ਮੇਰਿਆਂ ਪਾਪਾਂ ਵੱਲੋਂ ਮੂੰਹ ਫੇਰ ਲੈ, ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ! ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ। ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ!

ਹੇ ਛਲੀਏ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਤਿੱਖੇ ਉਸਤਰੇ ਵਾਂਗੂੰ ਕਰਦੀ ਹੈ!

ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਥ ਦੇ ਰਾਗ ਉੱਤੇ ਦਾਊਦ ਦਾ ਭਜਨ। ਮੂਰਖ ਨੇ ਆਪਣੇ ਮਨ ਵਿੱਚ ਆਖਿਆ ਕਿ ਪਰਮੇਸ਼ੁਰ ਹੈ ਹੀ ਨਹੀਂ! ਉਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ। ਪਰਮੇਸ਼ੁਰ ਨੇ ਸਵਰਗ ਤੋਂ ਆਦਮ ਵੰਸ਼ ਉੱਤੇ ਦ੍ਰਿਸ਼ਟੀ ਕੀਤੀ, ਤਾਂ ਕਿ ਉਹ ਵੇਖੇ ਕੋਈ ਬੁੱਧਵਾਨ ਪਰਮੇਸ਼ੁਰ ਦਾ ਖੋਜ਼ੀ ਹੈ ਜਾਂ ਨਹੀਂ? ਉਹ ਸਾਰੇ ਕੁਰਾਹੇ ਪੈ ਗਏ ਹਨ, ਉਹ ਸਭ ਦੇ ਸਭ ਫਿਰ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ!

ਉਨ੍ਹਾਂ ਦੇ ਬੁੱਲ੍ਹਾਂ ਦੀਆਂ ਗੱਲਾਂ ਤੇ ਉਨ੍ਹਾਂ ਦੇ ਮੂੰਹ ਦੇ ਪਾਪ ਦੇ ਕਾਰਨ, ਅਤੇ ਉਸ ਫਿਟਕਾਰ ਤੇ ਉਸ ਝੂਠ ਦੇ ਕਾਰਨ ਜੋ ਓਹ ਬੋਲਦੇ ਹਨ, ਓਹ ਆਪਣੇ ਹੰਕਾਰ ਵਿੱਚ ਫੜੇ ਜਾਣ!

ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾਈ ਨੂੰ ਜਾਣਦਾ ਹੈਂ, ਅਤੇ ਮੇਰੇ ਅਪਰਾਧ ਤੈਥੋਂ ਲੁਕੇ ਹੋਏ ਨਹੀਂ।

ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਨਾ ਕੀਤੀ, ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਂਹ ਕੀਤੀ।

ਤਾਂ ਉਨ੍ਹਾਂ ਨੇ ਉਹ ਦਾ ਹੋਰ ਵੀ ਪਾਪ ਕੀਤਾ, ਅਤੇ ਥਲ ਵਿੱਚ ਅੱਤ ਮਹਾਨ ਤੋਂ ਆਕੀ ਹੀ ਰਹੇ।

ਸਾਡੇ ਪੁਰਖਿਆਂ ਦੀਆਂ ਬਦੀਆਂ ਨੂੰ ਸਾਡੇ ਵਿਰੁੱਧ ਚੇਤੇ ਨਾ ਕਰ, ਤੇਰੀਆਂ ਰਹਮਤਾਂ ਸਾਡੇ ਉੱਤੇ ਛੇਤੀ ਆ ਜਾਣ, ਕਿਉਂਕਿ ਅਸੀਂ ਬਹੁਤ ਅਧੀਨ ਹੋ ਗਏ ਹਾਂ! ਹੇ ਸਾਡੇ ਮੁਕਤੀ ਦੇ ਪਰਮੇਸ਼ੁਰ, ਆਪਣੇ ਨਾਮ ਦੇ ਪਰਤਾਪ ਲਈ ਸਾਡੀ ਸਹਾਇਤਾ ਕਰ, ਅਤੇ ਆਪਣੇ ਨਾਮ ਦੇ ਕਾਰਨ ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਕੱਜ ਲਈ।

ਤੂੰ ਸਾਡੀਆਂ ਬਦੀਆਂ ਨੂੰ ਆਪਣੇ ਅੱਗੇ, ਅਤੇ ਸਾਡੇ ਲੁਕੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ।

ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ! ਉਹ ਆਪਣੇ ਸੰਤਾਂ ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।

ਛਲੀਆ ਮੇਰੇ ਘਰ ਵਿੱਚ ਨਾ ਵੱਸੇਗਾ, ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ।

ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ। ਜਿੰਨਾਂ ਉੱਚਾ ਅਕਾਸ਼ ਧਰਤੀ ਉੱਤੋਂ ਹੈ, ਇੰਨ੍ਹੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ! ਜਿੰਨਾਂ ਪੂਰਬ ਪੱਛਮ ਤੋਂ ਦੂਰ ਹੈ, ਓਨ੍ਹੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!

ਅਸੀਂ ਆਪਣੇ ਪੁਰਖਿਆਂ ਜਿਹੇ ਪਾਪ ਕੀਤੇ, ਅਸੀਂ ਬਦੀ ਅਤੇ ਦੁਸ਼ਟਪੁਣਾ ਕੀਤਾ।

ਸਗੋਂ ਓਹ ਉਹਨਾਂ ਵਿੱਚ ਰਲ ਗਏ ਅਤੇ ਉਨ੍ਹਾਂ ਨੇ ਉਹਨਾਂ ਦੇ ਕੰਮ ਸਿੱਖ ਲਏ, ਅਤੇ ਉਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ, ਜਿਹੜੇ ਉਨ੍ਹਾਂ ਲਈ ਇੱਕ ਫਾਹੀ ਬਣ ਗਏ। ਉਨ੍ਹਾਂ ਨੇ ਆਪਣੇ ਪੁੱਤਰਾਂ ਧੀਆਂ ਨੂੰ ਭੂਤਨਿਆਂ ਲਈ ਬਲੀਦਾਨ ਕੀਤਾ। ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ, ਅਰਥਾਤ ਆਪਣੇ ਪੁੱਤਰਾਂ ਧੀਆਂ ਦਾ ਲਹੂ ਵਹਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ, ਓਹ ਆਪਣੇ ਕੰਮਾਂ ਵਿੱਚ ਭਰਿਸ਼ਟ ਹੋਏ, ਅਤੇ ਆਪਣੇ ਕਰਤੱਬੀਂ ਵਿਭਚਾਰੀ ਠਹਿਰੇ।

ਧੰਨ ਓਹ ਹਨ ਜਿਹੜੇ ਨਿਰਦੋਸ਼ ਮਾਰਗ ਤੇ ਚਲਦੇ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਅਨੁਸਾਰ ਚੱਲਦੇ ਹਨ!

ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ।

ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁੱਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੂੰ ਸੁੱਟ ਦਿੱਤਾ ਹੈ, ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ।

ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ, ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੀਆਂ।

ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!

ਹੇ ਮੇਰੇ ਪੁੱਤਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ।

ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠੀਆਂ ਗੱਲਾਂ ਬਕਦਾ ਹੈ। ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ। ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ,

ਛੇ ਗੱਲਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਨੂੰ ਘਿਣਾਉਣੀਆਂ ਲੱਗਦੀਆਂ ਹਨ, ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ ਦਾ ਖ਼ੂਨ ਕਰਨ ਵਾਲੇ ਹੱਥ, ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਉਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ, ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ।

ਯਹੋਵਾਹ ਦਾ ਭੈਅ ਬੁਰਿਆਈ ਤੋਂ ਨਫ਼ਰਤ ਕਰਨਾ ਹੈ, ਘਮੰਡ, ਹੰਕਾਰ ਅਤੇ ਬੁਰੀ ਚਾਲ, ਪੁੱਠੀਆਂ ਸਿੱਧੀਆਂ ਗੱਲਾਂ ਨਾਲ ਵੀ ਮੈਂ ਵੈਰ ਰੱਖਦੀ ਹਾਂ।

ਜਿਹੜੇ ਮਨ ਦੇ ਟੇਢੇ ਹਨ ਉਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ। ਇਹ ਗੱਲ ਪੱਕੀ ਹੈ ਕਿ ਦੁਸ਼ਟ ਦੰਡ ਬਿਨ੍ਹਾਂ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ।

ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਮਿਲਦੀ ਹੈ।

ਬੁਰਿਆਰ ਦੇ ਖ਼ਿਆਲ ਯਹੋਵਾਹ ਨੂੰ ਘਿਣਾਉਣੇ ਲੱਗਦੇ ਹਨ, ਪਰ ਸ਼ੁਭ ਬਚਨ ਸ਼ੁੱਧ ਹਨ। ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁੱਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ।

ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਮੈਂ ਦਲੇਰੀ ਨਾਲ ਆਖਦਾ ਹਾਂ ਕਿ ਅਜਿਹੇ ਲੋਕ ਬਿਨ੍ਹਾਂ ਸਜ਼ਾ ਤੋਂ ਨਾ ਛੁੱਟਣਗੇ।

ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਆਪਣੇ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ।

ਜਿਹੜਾ ਭਲਿਆਈ ਦੇ ਬਦਲੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੇ ਨਾ ਹੱਟੇਗੀ।

ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਉਹਨਾਂ ਦੋਹਾਂ ਤੋਂ ਘਿਣ ਕਰਦਾ ਹੈ।

ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਬਚੇਗਾ।

ਮੂਰਖਤਾਈ ਦਾ ਵਿਚਾਰ ਹੀ ਪਾਪ ਹੈ, ਅਤੇ ਠੱਠਾ ਕਰਨ ਵਾਲੇ ਤੋਂ ਮਨੁੱਖ ਘਿਣ ਕਰਦੇ ਹਨ।

ਝੂਠੀ ਜੀਭ ਉਹਨਾਂ ਨਾਲ ਵੈਰ ਰੱਖਦੀ ਹੈ ਜਿਨ੍ਹਾਂ ਨੂੰ ਉਸ ਨੇ ਕੁਚਲਿਆ, ਅਤੇ ਚਾਪਲੂਸ ਮੂੰਹ ਨਾਸ ਕਰਦਾ ਹੈ।

ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਠਹਿਰਦੀ ਹੈ।

ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਿਮ ਕੀਤਾ ਜਾਵੇਗਾ। ਧੰਨ ਹੈ ਉਹ ਮਨੁੱਖ ਜਿਹੜਾ ਸਦਾ ਯਹੋਵਾਹ ਦਾ ਭੈਅ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ

ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ, ਤਾਂ ਉਹ ਦੇ ਸੱਭੇ ਨੌਕਰ ਦੁਸ਼ਟ ਹੋ ਜਾਣਗੇ।

ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸ਼ੁੱਧ ਹਨ, ਪਰ ਉਨ੍ਹਾਂ ਦੀ ਪਲੀਤੀ ਧੋਤੀ ਨਹੀਂ ਗਈ।

ਤੂੰ ਆਪਣੇ ਮਨ ਵਿੱਚ ਛੇਤੀ ਨਾਲ ਕ੍ਰੋਧ ਨਾ ਕਰ, ਕਿਉਂ ਜੋ ਕ੍ਰੋਧ ਮੂਰਖਾਂ ਦੇ ਦਿਲ ਵਿੱਚ ਰਹਿੰਦਾ ਹੈ।

ਧਰਤੀ ਉੱਤੇ ਅਜਿਹਾ ਧਰਮੀ ਮਨੁੱਖ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।

ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ, ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੇ ਹੁਕਮਾਂ ਨੂੰ ਮੰਨ ਕਿਉਂ ਜੋ ਮਨੁੱਖ ਦਾ ਇਹੋ ਫ਼ਰਜ਼ ਹੈ। ਪਰਮੇਸ਼ੁਰ ਤਾਂ ਇੱਕ-ਇੱਕ ਕੰਮ ਦਾ ਅਤੇ ਇੱਕ-ਇੱਕ ਗੁਪਤ ਗੱਲ ਦਾ ਨਿਆਂ ਕਰੇਗਾ, ਭਾਵੇਂ ਉਹ ਚੰਗੀ ਹੋਵੇ ਭਾਵੇਂ ਮਾੜੀ।

ਨਹਾਓ, ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡ ਦਿਓ।

ਯਹੋਵਾਹ ਆਖਦਾ ਹੈ, ਆਓ, ਅਸੀਂ ਸਲਾਹ ਕਰੀਏ, ਭਾਵੇਂ ਤੁਹਾਡੇ ਪਾਪ ਕਿਰਮਚ ਵਰਗੇ ਸੁਰਖ਼ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਲਾਲ ਸੂਹੇ ਹੋਣ, ਉਹ ਉੱਨ ਜਿਹੇ ਸਫ਼ੇਦ ਹੋ ਜਾਣਗੇ।

ਪਰ ਅਪਰਾਧੀਆਂ ਅਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ, ਅਤੇ ਯਹੋਵਾਹ ਨੂੰ ਤਿਆਗਣ ਵਾਲੇ ਮੁੱਕ ਜਾਣਗੇ।

ਉਹਨਾਂ ਦੇ ਚਿਹਰੇ ਦਾ ਰੂਪ ਉਹਨਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ, ਅਤੇ ਉਹ ਆਪਣੇ ਆਪ ਨੂੰ ਸਦੂਮ ਵਾਂਗੂੰ ਪਰਗਟ ਕਰਦੇ ਹਨ, ਉਹ ਉਸ ਨੂੰ ਲੁਕਾਉਂਦੇ ਨਹੀਂ, - ਹਾਏ ਉਹਨਾਂ ਦੀ ਜਾਨ ਉੱਤੇ! ਉਹ ਆਪ ਹੀ ਆਪਣੇ ਉੱਤੇ ਬੁਰਿਆਈ ਲੈ ਆਉਂਦੇ ਹਨ।

ਹਾਏ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਹਨੇਰੇ ਨੂੰ ਚਾਨਣ ਅਤੇ ਚਾਨਣ ਨੂੰ ਹਨ੍ਹੇਰਾ ਆਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ! ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੀਆਂ ਨਜ਼ਰਾਂ ਵਿੱਚ ਬੁੱਧਵਾਨ ਹਨ!

ਇਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ, ਸੋ ਉਹਨਾਂ ਦੀ ਜੜ੍ਹ ਸੜਿਆਂਧ ਵਾਂਗੂੰ ਸੜ੍ਹ ਜਾਵੇਗੀ, ਅਤੇ ਉਹਨਾਂ ਦੀਆਂ ਕਲੀਆਂ ਧੂੜ ਵਾਂਗੂੰ ਉੱਡ ਜਾਣਗੀਆਂ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਣਿਆ।

ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵਾਂਗਾ, ਅਤੇ ਬੇਰਹਿਮਾਂ ਦੇ ਘਮੰਡ ਨੂੰ ਤੋੜ ਦਿਆਂਗਾ।

ਇਹ ਤਾਂ ਵਿਦਰੋਹੀ ਪਰਜਾ, ਅਤੇ ਝੂਠੇ ਬਾਲਕ ਹਨ, ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ,

ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ, ਅਤੇ ਉਹ ਦਾ ਮਨ ਬਦੀ ਸੋਚੇਗਾ, ਭਈ ਉਹ ਕੁਫ਼ਰ ਬਕੇ ਅਤੇ ਯਹੋਵਾਹ ਦੇ ਵਿਖੇ ਗਲਤ ਬਚਨ ਬੋਲੇ, ਅਤੇ ਭੁੱਖੇ ਦੀ ਜਾਨ ਨੂੰ ਖਾਲੀ ਰੱਖੇ, ਅਤੇ ਤਿਹਾਏ ਦਾ ਪਾਣੀ ਰੋਕ ਲਵੇ। ਬਦਮਾਸ਼ਾਂ ਦੀਆਂ ਚਾਲਾਂ ਬੁਰੀਆਂ ਹਨ, ਉਹ ਯੋਜਨਾ ਬਣਾਉਂਦੇ ਹਨ ਤਾਂ ਜੋ ਕੰਗਾਲਾਂ ਨੂੰ ਝੂਠੀਆਂ ਗੱਲਾਂ ਨਾਲ ਬਰਬਾਦ ਕਰਨ, ਭਾਵੇਂ ਕੰਗਾਲ ਇਨਸਾਫ਼ ਦੀਆਂ ਗੱਲਾਂ ਵੀ ਕਰੇ।

ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ। ਮੈਨੂੰ ਯਾਦ ਕਰ, ਅਸੀਂ ਇਕੱਠੇ ਵਾਦ-ਵਿਵਾਦ ਕਰੀਏ, ਤੂੰ ਹੀ ਨਿਰਣਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ।

ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਅਤੇ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂ। ਅਸੀਂ ਸਾਰੇ ਦੇ ਸਾਰੇ ਭੇਡਾਂ ਵਾਂਗੂੰ ਭੁੱਲੇ ਫਿਰਦੇ ਸੀ, ਅਸੀਂ ਆਪਣੇ-ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ।

ਇਹ ਕੁੱਤੇ ਬਹੁਤ ਭੁੱਖੇ ਹਨ, ਇਹ ਰੱਜਣਾ ਨਹੀਂ ਜਾਣਦੇ, ਅਤੇ ਇਹ ਅਯਾਲੀ ਸਮਝ ਨਹੀਂ ਰੱਖਦੇ, ਇਹਨਾਂ ਸਾਰਿਆਂ ਨੇ ਆਪਣੇ-ਆਪਣੇ ਲਾਭ ਲਈ ਆਪਣਾ-ਆਪਣਾ ਮਾਰਗ ਚੁਣ ਲਿਆ ਹੈ।

ਤੁਸੀਂ ਕਿਸ ਦੇ ਉੱਤੇ ਮਖ਼ੌਲ ਕਰਦੇ ਹੋ? ਕਿਸ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ? ਕੀ ਤੁਸੀਂ ਅਪਰਾਧ ਦੇ ਬੱਚੇ, ਅਤੇ ਧੋਖੇਬਾਜ਼ਾਂ ਦੀ ਵੰਸ਼ ਨਹੀਂ?

ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਕੋਲੋਂ ਅਜਿਹਾ ਲੁਕਾ ਦਿੱਤਾ ਹੈ, ਕਿ ਉਹ ਸੁਣਦਾ ਨਹੀਂ। ਤੁਹਾਡੇ ਹੱਥ ਤਾਂ ਲਹੂ ਨਾਲ ਲਿੱਬੜੇ ਹੋਏ ਹਨ, ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ, ਤੁਹਾਡੇ ਬੁੱਲ੍ਹ ਝੂਠ ਨਾਲ ਭਰੇ ਹਨ ਅਤੇ ਤੁਹਾਡੀ ਜੀਭ ਬਦੀ ਬਕਦੀ ਹੈ। ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ, ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ, ਉਹ ਫੋਕਟ ਉੱਤੇ ਭਰੋਸਾ ਰੱਖਦੇ ਅਤੇ ਝੂਠ ਬੋਲਦੇ ਹਨ, ਉਹ ਝਗੜੇ ਨਾਲ ਗਰਭੀ ਹੁੰਦੇ ਅਤੇ ਬਦੀ ਨੂੰ ਜਨਮ ਦਿੰਦੇ ਹਨ!

ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ, ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ। ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ।

ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।

ਨਿਰਾ ਆਪਣੀ ਬੁਰਿਆਈ ਨੂੰ ਮੰਨ ਲੈ, ਕਿ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਪਰਾਧੀ ਹੋਈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਿਲਾਰਿਆ, ਅਤੇ ਮੇਰੀ ਅਵਾਜ਼ ਨਹੀਂ ਸੁਣੀ, ਯਹੋਵਾਹ ਦਾ ਵਾਕ ਹੈ।

ਅਸੀਂ ਆਪਣੀ ਸ਼ਰਮ ਵਿੱਚ ਲੰਮੇ ਪੈ ਜਾਈਏ ਅਤੇ ਘਬਰਾਹਟ ਸਾਨੂੰ ਕੱਜ ਲਵੇ, ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਜੋ ਕੀਤਾ, ਅਸੀਂ ਤੇ ਸਾਡੇ ਪੁਰਖਿਆਂ ਨੇ ਜੁਆਨੀ ਤੋਂ ਅੱਜ ਦੇ ਦਿਨ ਤੱਕ, ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ।

ਹੇ ਯਰੂਸ਼ਲਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ। ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ?

ਕੀ ਉਹ ਲੱਜਿਆਵਾਨ ਹੋਏ ਜਦ ਉਹਨਾਂ ਨੇ ਘਿਣਾਉਣੇ ਕੰਮ ਕੀਤੇ? ਨਹੀਂ, ਮੂਲੋਂ ਹੀ ਲੱਜਿਆਵਾਨ ਨਾ ਹੋਏ! ਉਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ! ਇਸ ਲਈ ਉਹ ਡਿੱਗਿਆਂ ਹੋਇਆਂ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਉਹਨਾਂ ਦੀ ਖ਼ਬਰ ਲਵਾਂਗਾ। ਉਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ।

ਹੇ ਧਰਤੀ ਸੁਣ! ਮੈਂ ਇਸ ਪਰਜਾ ਉੱਤੇ ਬੁਰਿਆਈ ਲਿਆ ਰਿਹਾ ਹਾਂ। ਇਹ ਉਹਨਾਂ ਦੇ ਵਿਚਾਰਾਂ ਦਾ ਫਲ ਹੈ, ਉਹਨਾਂ ਨੇ ਤਾਂ ਮੇਰੇ ਬਚਨ ਉੱਤੇ ਧਿਆਨ ਨਹੀਂ ਦਿੱਤਾ, ਮੇਰੀ ਬਿਵਸਥਾ ਨੂੰ ਉਹਨਾਂ ਨੇ ਰੱਦ ਕਰ ਦਿੱਤਾ।

ਵੇਖੋ, ਤੁਸੀਂ ਝੂਠੀਆਂ ਗੱਲਾਂ ਉੱਤੇ ਭਰੋਸਾ ਕਰਦੇ ਹੋ ਜਿਹਨਾਂ ਤੋਂ ਕੁਝ ਲਾਭ ਨਹੀਂ ਕੀ ਤੁਸੀਂ ਚੋਰੀ ਕਰੋਗੇ, ਖੂਨ ਕਰੋਗੇ, ਵਿਭਚਾਰ ਕਰੋਗੇ, ਝੂਠੀ ਸਹੁੰ ਖਾਓਗੇ, ਬਆਲ ਲਈ ਧੂਪ ਧੁਖਾਓਗੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਜਾਓਗੇ ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ? ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ?

ਫਿਰ ਯਰੂਸ਼ਲਮ ਦੀ ਇਹ ਪਰਜਾ ਕਿਉਂ ਸਦਾ ਦੀ ਫਿਰਤ ਨਾਲ ਫਿਰ ਗਈ? ਉਹਨਾਂ ਨੇ ਮੱਕਾਰੀ ਨੂੰ ਫੜਿਆ ਹੋਇਆ ਹੈ, ਉਹ ਮੁੜਨ ਤੋਂ ਇਨਕਾਰੀ ਹਨ।

ਮੈਂ ਧਿਆਨ ਲਾਇਆ ਅਤੇ ਸੁਣਿਆ, ਪਰ ਉਹ ਤਾਂ ਚੰਗੀਆਂ ਗੱਲਾਂ ਨਹੀਂ ਬੋਲਦੇ, ਕੋਈ ਮਨੁੱਖ ਆਪਣੀ ਬੁਰਿਆਈ ਤੋਂ ਇਹ ਆਖ ਕੇ ਤੋਬਾ ਨਹੀਂ ਕਰਦਾ, ਕਿ ਮੈਂ ਕੀ ਕੀਤਾ ਹੈ? ਹਰੇਕ ਆਪਣੇ ਰਾਹ ਨੂੰ ਮੁੜਦਾ ਹੈ, ਜਿਵੇਂ ਘੋੜਾ ਲੜਾਈ ਵਿੱਚ ਸਰਪੱਟ ਦੌੜਦਾ ਹੈ।

ਉਹ ਆਪਣੀ ਜੀਭ ਨੂੰ ਧਣੁੱਖ ਵਾਂਗੂੰ ਝੂਠ ਲਈ ਲਿਫਾਉਂਦੇ ਹਨ, ਉਹ ਦੇਸ ਵਿੱਚ ਸੂਰਮੇ ਹਨ, ਪਰ ਸਚਿਆਈ ਲਈ ਨਹੀਂ, ਕਿਉਂ ਜੋ ਉਹ ਬਦੀ ਤੋਂ ਬਦੀ ਤੱਕ ਵਧਦੇ ਜਾਂਦੇ ਹਨ, ਉਹ ਮੈਨੂੰ ਨਹੀਂ ਜਾਣਦੇ ਯਹੋਵਾਹ ਦਾ ਵਾਕ ਹੈ। ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਤੋਂ ਚੌਕਸ ਰਹੇ, ਤੁਸੀਂ ਕਿਸੇ ਭਰਾ ਉੱਤੇ ਭਰੋਸਾ ਨਾ ਰੱਖੋ, ਹਰੇਕ ਭਰਾ ਤਾਂ ਦੂਜੇ ਦਾ ਥਾਂ ਖੋਹ ਲੈਂਦਾ ਹੈ, ਹਰ ਗੁਆਂਢੀ ਚੁਗਲਖ਼ੋਰ ਹੈ। ਹਰੇਕ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ, ਕੋਈ ਸੱਚ ਨਹੀਂ ਬੋਲਦਾ। ਉਹਨਾਂ ਆਪਣੀ ਜੀਭ ਨੂੰ ਝੂਠ ਬੋਲਣਾ ਸਿਖਾਲਿਆ ਹੈ, ਉਹ ਬਦੀ ਕਰਨ ਨਾਲ ਥੱਕ ਜਾਂਦੇ ਹਨ। ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ,

ਉਹਨਾਂ ਦੀ ਜੀਭ ਮਾਰ ਸੁੱਟਣ ਵਾਲਾ ਤੀਰ ਹੈ, ਉਹ ਧੋਖੇ ਦੀ ਗੱਲ ਕਰਦੀ ਹੈ। ਹਰੇਕ ਆਪਣੇ ਮੂੰਹ ਤੋਂ ਆਪਣੇ ਗੁਆਂਢੀ ਨੂੰ ਸ਼ਾਂਤੀ ਆਖਦਾ ਹੈ, ਪਰ ਆਪਣੇ ਦਿਲ ਵਿੱਚ ਉਹ ਉਸ ਦੀ ਤਾੜ ਵਿੱਚ ਲੱਗਾ ਹੋਇਆ ਹੈ।

ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਜਿਹੜੀ ਮੈਂ ਉਹਨਾਂ ਦੇ ਅੱਗੇ ਰੱਖੀ ਸੀ ਅਤੇ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਅਤੇ ਨਾ ਹੀ ਉਹ ਦੇ ਉੱਤੇ ਚੱਲੇ ਹਨ ਪਰ ਆਪਣੇ ਹੀ ਦਿਲ ਦੇ ਹਠ ਵਿੱਚ ਚੱਲਦੇ ਹਨ ਅਤੇ ਬਆਲੀਮ ਦੇ ਮਗਰ ਲੱਗੇ ਹਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਸਿਖਾਇਆ ਸੀ

ਭਾਵੇਂ ਸਾਡੀਆਂ ਬੁਰਿਆਈਆਂ ਸਾਡੇ ਵਿਰੁੱਧ ਗਵਾਹੀ ਦਿੰਦੀਆਂ ਹਨ, ਹੇ ਯਹੋਵਾਹ, ਆਪਣੇ ਨੇਮ ਦੇ ਨਮਿੱਤ ਕੁਝ ਕਰ, ਕਿਉਂ ਜੋ ਸਾਡੀਆਂ ਹੇਰੀਆਂ-ਫੇਰੀਆਂ ਬਹੁਤ ਹਨ, ਅਸੀਂ ਤੇਰਾ ਪਾਪ ਕੀਤਾ।

ਹੇ ਯਹੋਵਾਹ, ਅਸੀਂ ਆਪਣਾ ਦੁਸ਼ਟਪੁਣਾ ਜਾਣਦੇ ਹਾਂ, ਅਸੀਂ ਆਪਣੇ ਪੁਰਖਿਆਂ ਦੀ ਬਦੀ ਨੂੰ ਵੀ, ਕਿਉਂ ਜੋ ਅਸੀਂ ਤੇਰਾ ਪਾਪ ਕੀਤਾ।

ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖ਼ਰਾਬ ਹੈ, ਉਹ ਨੂੰ ਕੌਣ ਜਾਣ ਸਕਦਾ ਹੈ?

ਪਰ ਯਰੂਸ਼ਲਮ ਦੇ ਨਬੀਆਂ ਵਿੱਚ ਮੈਂ ਇੱਕ ਡਰਾਉਣੀ ਗੱਲ ਵੇਖੀ! ਉਹ ਵਿਭਚਾਰ ਕਰਦੇ ਅਤੇ ਮੱਕਾਰੀ ਨਾਲ ਚੱਲਦੇ ਹਨ। ਉਹ ਕੁਕਰਮੀਆਂ ਦੇ ਹੱਥਾਂ ਨੂੰ ਤਕੜਾ ਕਰਦੇ ਹਨ, ਸੋ ਕੋਈ ਮਨੁੱਖ ਆਪਣੀ ਬੁਰਿਆਈ ਤੋਂ ਨਹੀਂ ਮੁੜਦਾ। ਉਹ ਸਾਰੇ ਮੇਰੇ ਲਈ ਸਦੂਮ ਵਰਗੇ ਹੋ ਗਏ ਹਨ, ਅਤੇ ਉਹ ਦੇ ਵਾਸੀ ਅਮੂਰਾਹ ਵਰਗੇ।

ਮੈਂ ਆਪਣੇ ਦਾਸ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਕਰ ਕੇ ਭੇਜਿਆ ਅਤੇ ਆਖਿਆ, ਤੁਸੀਂ ਇਹ ਘਿਣਾਉਣਾ ਕੰਮ ਨਾ ਹੀ ਕਰੋ ਜਿਸ ਤੋਂ ਮੈਨੂੰ ਸੂਗ ਆਉਂਦੀ ਹੈ

ਯਹੋਵਾਹ ਇਸ ਦੇ ਅੱਗੇ ਤੁਹਾਡੇ ਬੁਰੇ ਕਰਤੱਬਾਂ ਦੇ ਕਾਰਨ ਅਤੇ ਘਿਣਾਉਣਿਆਂ ਕੰਮਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਤੁਹਾਨੂੰ ਝੱਲ ਨਾ ਸਕਿਆ। ਤੁਹਾਡਾ ਦੇਸ ਉਜਾੜ, ਵਿਰਾਨ ਅਤੇ ਸਰਾਪ ਹੋ ਗਿਆ ਜਿੱਥੇ ਕੋਈ ਨਹੀਂ ਵੱਸਦਾ ਜਿਵੇਂ ਅੱਜ ਦੇ ਦਿਨ ਹੈ

ਪਰ ਇਸਰਾਏਲ ਦਾ ਘਰਾਣਾ ਤੇਰੀ ਨਾ ਸੁਣੇਗਾ ਕਿਉਂ ਜੋ ਉਹ ਮੇਰੀ ਸੁਣਨਾ ਨਹੀਂ ਚਾਹੁੰਦੇ। ਇਸਰਾਏਲ ਦਾ ਸਾਰਾ ਘਰਾਣਾ ਢੀਠ ਅਤੇ ਪੱਥਰ ਦਿਲ ਹੈ।

ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਕਿਉਂਕਿ ਤੂੰ ਆਪਣੀ ਲਾਲਸਾ ਨੂੰ ਵਧਾਇਆ ਅਤੇ ਆਪਣਾ ਨੰਗੇਜ਼ ਆਪਣੇ ਵਿਭਚਾਰ ਦੇ ਕਾਰਨ, ਤੂੰ ਆਪਣੇ ਯਾਰਾਂ ਅੱਗੇ ਖੋਲ੍ਹ ਦਿੱਤਾ ਅਤੇ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਦੇ ਕਾਰਨ ਅਤੇ ਤੇਰੇ ਬੱਚਿਆਂ ਦੇ ਲਹੂ ਦੇ ਕਾਰਨ ਜੋ ਤੂੰ ਉਹਨਾਂ ਦੇ ਅੱਗੇ ਚੜ੍ਹਾਇਆ,

ਵੇਖ, ਤੇਰੀ ਭੈਣ ਸਦੂਮ ਦਾ ਅਪਰਾਧ ਇਹ ਸੀ ਕਿ ਉਹ ਆਪਣੀਆਂ ਧੀਆਂ ਸਮੇਤ ਘਮੰਡ ਕਰਦੀ, ਬੇਪਰਵਾਹ ਸੀ ਅਤੇ ਬਿਨਾਂ ਚਿੰਤਾ ਤੋਂ ਰਹਿੰਦੀ ਸੀ, ਪਰ ਉਹਨਾਂ ਨੇ ਗ਼ਰੀਬ ਤੇ ਲੋੜਵੰਦ ਨੂੰ ਸਹਾਰਾ ਨਾ ਦਿੱਤਾ।

ਵੇਖੋ, ਸਾਰੀਆਂ ਜਾਨਾਂ ਮੇਰੀਆਂ ਹਨ। ਜਿਹੀ ਪਿਉ ਦੀ ਜਾਨ, ਤਿਹੀ ਹੀ ਪੁੱਤਰ ਦੀ ਜਾਨ ਵੀ ਮੇਰੀ ਹੈ। ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ।

ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ।

ਪਰ ਜੇਕਰ ਦੁਸ਼ਟ ਆਪਣੇ ਸਾਰੇ ਪਾਪਾਂ ਤੋਂ ਜੋ ਉਸ ਕੀਤੇ ਹਨ ਮੁੜੇ ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਕਰੇ ਅਤੇ ਨਿਆਂ ਅਤੇ ਧਰਮ ਉੱਤੇ ਅਮਲ ਕਰੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਾ ਮਰੇਗਾ। ਉਹ ਸਾਰੇ ਅਪਰਾਧ ਜੋ ਉਸ ਨੇ ਕੀਤੇ ਹਨ, ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ। ਉਹ ਆਪਣੇ ਧਰਮ ਵਿੱਚ ਜਿਹੜਾ ਉਸ ਕੀਤਾ, ਜੀਉਂਦਾ ਰਹੇਗਾ। ਪ੍ਰਭੂ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ?

ਪਰ ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਹ ਸਾਰੇ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਕਰਦਾ ਹੈ, ਤਾਂ ਕੀ ਉਹ ਜੀਉਂਦਾ ਰਹੇਗਾ? ਉਸ ਦਾ ਸਾਰਾ ਧਰਮ ਜੋ ਉਸ ਕੀਤਾ ਚੇਤੇ ਨਾ ਕੀਤਾ ਜਾਵੇਗਾ। ਉਹ ਆਪਣੀ ਬੇਈਮਾਨੀ ਅਤੇ ਪਾਪ ਵਿੱਚ ਜੋ ਉਸ ਨੇ ਕੀਤਾ, ਮਰੇਗਾ।

ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਸ ਵਿੱਚ ਮਰੇ, ਤਾਂ ਉਹ ਆਪਣੀ ਬਦੀ ਵਿੱਚ ਜੋ ਉਸ ਕੀਤੀ ਮਰੇਗਾ।

ਜੇਕਰ ਦੁਸ਼ਟ ਆਪਣੀ ਦੁਸ਼ਟਤਾਈ ਤੋਂ ਜਿਹੜੀ ਉਸ ਕੀਤੀ ਹੈ, ਮੁੜੇ ਅਤੇ ਉਹ ਕੰਮ ਕਰੇ ਜੋ ਨਿਆਂ ਅਤੇ ਧਰਮ ਦਾ ਹੈ, ਤਾਂ ਉਹ ਆਪਣੀ ਜਾਨ ਜੀਉਂਦੀ ਰੱਖੇਗਾ। ਇਸ ਲਈ ਕਿ ਉਸ ਨੇ ਸੋਚਿਆ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਤੋਂ ਜੋ ਉਹ ਕਰਦਾ ਸੀ ਮੁੜਿਆ, ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਾ ਮਰੇਗਾ।

ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਹਰ ਇੱਕ ਮਨੁੱਖ ਦਾ ਨਿਆਂ ਉਸ ਦੇ ਚਾਲ-ਚੱਲਣ ਦੇ ਅਨੁਸਾਰ ਹੀ ਕਰਾਂਗਾ। ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ, ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ। ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ? ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖੁਸ਼ੀ ਨਹੀਂ, ਇਸ ਲਈ ਮੁੜੋ ਅਤੇ ਜੀਉਂਦੇ ਰਹੋ।

ਉੱਥੇ ਤੁਸੀਂ ਆਪਣਿਆਂ ਮਾਰਗਾਂ ਅਤੇ ਆਪਣਿਆਂ ਸਾਰਿਆਂ ਕੰਮਾਂ ਨੂੰ ਜਿਹਨਾਂ ਵਿੱਚ ਤੁਸੀਂ ਭਰਿਸ਼ਟ ਹੋਏ, ਯਾਦ ਕਰੋਗੇ ਅਤੇ ਤੁਸੀਂ ਆਪਣੀ ਸਾਰੀ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ, ਆਪਣੀ ਹੀ ਨਜ਼ਰ ਵਿੱਚ ਘਿਣਾਉਣੇ ਹੋਵੋਗੇ।

ਜੇਕਰ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ, ਤਾਂ ਉਹ ਉਸ ਦੇ ਵਿੱਚ ਮਰੇਗਾ। ਜੇਕਰ ਦੁਸ਼ਟ ਆਪਣੇ ਦੁਸ਼ਟਤਾ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਅਤੇ ਧਰਮ ਹੈ, ਤਾਂ ਉਸ ਦੇ ਕਾਰਨ ਜੀਉਂਦਾ ਰਹੇਗਾ।

ਤੁਸੀਂ ਆਪਣੀ ਤਲਵਾਰ ਤੇ ਭਰੋਸਾ ਕਰਦੇ ਹੋ, ਤੁਸੀਂ ਘਿਣਾਉਣੇ ਕੰਮ ਕਰਦੇ ਹੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੀ ਵਹੁਟੀ ਨੂੰ ਭਰਿਸ਼ਟ ਕਰਦਾ ਹੈ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ?

ਗਾਲ੍ਹਾਂ, ਝੂਠ, ਖ਼ੂਨ ਖਰਾਬਾ, ਚੋਰੀ, ਵਿਭਚਾਰ ਹੁੰਦੇ ਹਨ, ਉਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ!

ਯਹੋਵਾਹ ਇਹ ਫ਼ਰਮਾਉਂਦਾ ਹੈ, “ਯਹੂਦਾਹ ਨਗਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਯਹੋਵਾਹ ਦੀ ਬਿਵਸਥਾ ਨੂੰ ਤੁੱਛ ਜਾਣਿਆ ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਨਹੀਂ ਕੀਤੀ ਅਤੇ ਉਹਨਾਂ ਦੇ ਝੂਠੇ ਦੇਵਤਿਆਂ ਨੇ ਉਹਨਾਂ ਨੂੰ ਭਟਕਾ ਦਿੱਤਾ, ਜਿਨ੍ਹਾਂ ਦੇ ਪਿੱਛੇ ਉਹਨਾਂ ਦੇ ਪੁਰਖੇ ਵੀ ਚਲਦੇ ਸਨ।

ਭਲਾ, ਮੈਂ ਪਵਿੱਤਰ ਠਹਿਰ ਸਕਦਾ ਹਾਂ, ਜਦ ਮੇਰੇ ਕੋਲ ਕਾਣੀ ਡੰਡੀ, ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ? ਉਸ ਦੇ ਧਨੀ ਲੋਕ ਅਨ੍ਹੇਰ ਨਾਲ ਭਰੇ ਹੋਏ ਹਨ, ਉਸ ਦੇ ਵਾਸੀ ਝੂਠ ਬੋਲਦੇ ਹਨ, ਅਤੇ ਉਨ੍ਹਾਂ ਦੀ ਜੀਭ ਫ਼ਰੇਬ ਦੀਆਂ ਗੱਲਾਂ ਬਕਦੀ ਹੈ।

ਮੈਂ ਨਿਆਂ ਕਰਨ ਲਈ ਤੁਹਾਡੇ ਨੇੜੇ ਆਵਾਂਗਾ, ਮੈਂ ਚੁਸਤ ਗਵਾਹ ਹੋਵਾਂਗਾ, ਜਾਦੂਗਰਾਂ, ਵਿਭਚਾਰੀਆਂ ਅਤੇ ਝੂਠੀ ਸਹੁੰ ਖਾਣ ਵਾਲਿਆਂ ਦੇ ਵਿਰੁੱਧ, ਮਜ਼ਦੂਰ ਨੂੰ ਮਜ਼ਦੂਰੀ ਲਈ ਦੁੱਖ ਦੇਣ ਵਾਲਿਆਂ ਦੇ ਵਿਰੁੱਧ, ਵਿਧਵਾ ਅਤੇ ਅਨਾਥ ਨੂੰ ਦੁੱਖ ਦੇਣ ਵਾਲਿਆਂ ਦੇ ਵਿਰੁੱਧ ਜੋ ਪਰਦੇਸੀ ਨੂੰ ਮੋੜ ਦਿੰਦੇ ਹਨ ਅਤੇ ਮੇਰੇ ਕੋਲੋਂ ਨਹੀਂ ਡਰਦੇ ਉਨ੍ਹਾਂ ਦੇ ਵਿਰੁੱਧ ਛੇਤੀ ਨਾਲ ਗਵਾਹੀ ਦੇਵਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।

ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ।

ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਸਾਰੇ ਲੋਕ ਉਹ ਦੇ ਕੋਲ ਆਉਂਦੇ ਸਨ। ਅਤੇ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ।

ਤੁਸੀਂ ਸੁਣਿਆ ਹੈ ਕਿ ਬਹੁਤ ਚਿਰ ਪਹਿਲਾਂ ਇਹ ਕਿਹਾ ਗਿਆ ਸੀ, ਤੂੰ ਕਿਸੇ ਮਨੁੱਖ ਦਾ ਖ਼ੂਨ ਨਾ ਕਰ ਅਤੇ ਜੇ ਕੋਈ ਖ਼ੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਯੋਗ ਹੋਵੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਪਾਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਕੱਢੇ ਉਹ ਸਭਾ ਵਿੱਚ ਸਜ਼ਾ ਪਾਵੇਗਾ ਪਰ ਜਿਹੜਾ ਆਪਣੇ ਭਰਾ ਨੂੰ “ਮੂਰਖ” ਕਹੇ, ਉਹ ਨਰਕ ਦੀ ਅੱਗ ਦੀ ਸਜ਼ਾ ਪਾਵੇਗਾ।

ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਵਿਭਚਾਰ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਕਿਸੇ ਔਰਤ ਨੂੰ ਬੁਰੀ ਕਾਮਨਾ ਨਾਲ ਵੇਖਦਾ ਹੈ, ਉਹ ਓਸੇ ਵੇਲੇ ਹੀ ਆਪਣੇ ਮਨੋਂ ਉਹ ਦੇ ਨਾਲ ਵਿਭਚਾਰ ਕਰ ਚੁੱਕਿਆ। ਜੇ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ, ਕਿਉਂ ਜੋ ਤੇਰੇ ਲਈ ਇਹੋ ਚੰਗਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ। ਅਤੇ ਜੇ ਤੇਰਾ ਸੱਜਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ, ਕਿਉਂ ਜੋ ਤੇਰੇ ਲਈ ਇਹੋ ਚੰਗਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ।

ਇਹ ਵੀ ਆਖਿਆ ਗਿਆ ਸੀ ਕਿ ਜਿਹੜਾ ਆਪਣੀ ਪਤਨੀ ਨੂੰ ਤਲਾਕ ਦੇਵੇ, ਉਹ ਉਸ ਨੂੰ ਤਲਾਕ ਨਾਮਾ ਲਿਖ ਕੇ ਦੇਵੇ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਇਲਾਵਾ ਕਿਸੇ ਹੋਰ ਕਾਰਨ ਤਿਆਗੇ, ਉਹ ਉਸ ਕੋਲੋਂ ਵਿਭਚਾਰ ਕਰਾਉਂਦਾ ਹੈ ਅਤੇ ਜੋ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ ਹੈ।

ਸੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤਿਵੇਂ ਤੁਸੀਂ ਵੀ ਸੰਪੂਰਨ ਹੋਵੋ।

ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ। ਕਿਉਂਕਿ ਕੁਦਰਤ, ਜਲਾਲ ਅਤੇ ਪਾਤਸ਼ਾਹੀ ਸਦਾ ਤੁਹਾਡੇ ਹਨ। ਆਮੀਨ।

ਜੇਕਰ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦੇਵੋ, ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ। ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ, ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।

ਜਿਸ ਤਰ੍ਹਾਂ ਹਰੇਕ ਚੰਗੇ ਰੁੱਖ ਨੂੰ ਚੰਗੇ ਫਲ ਲੱਗਦੇ ਹਨ, ਪਰ ਮਾੜੇ ਰੁੱਖ ਨੂੰ ਬੁਰੇ ਫਲ ਲੱਗਦੇ ਹਨ। ਚੰਗਾ ਰੁੱਖ ਬੁਰਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਰੁੱਖ ਚੰਗਾ ਫਲ ਦੇ ਸਕਦਾ ਹੈ। ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਇਸ ਲਈ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।

ਹਰ ਕੋਈ ਮੈਨੂੰ ਪ੍ਰਭੂ! ਪ੍ਰਭੂ! ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ ਪਰ ਉਹ ਹੀ ਵੜੇਗਾ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਉਸ ਦਿਨ ਬਹੁਤੇ ਮੈਨੂੰ ਆਖਣਗੇ, ਹੇ ਪ੍ਰਭੂ! ਹੇ ਪ੍ਰਭੂ! ਕੀ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤੇ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈ ਕੇ ਬਹੁਤ ਅਚਰਜ਼ ਕੰਮ ਨਹੀਂ ਕੀਤੇ? ਤਦ ਮੈਂ ਉਨ੍ਹਾਂ ਨੂੰ ਸਪੱਸ਼ਟ ਆਖਾਂਗਾ, ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ!

ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਹ ਮਾਫ਼ ਨਹੀਂ ਕੀਤਾ ਜਾਵੇਗਾ। ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ, ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਸ ਨੂੰ ਨਾ ਇਸ ਜੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ।

ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲ ਦਾ ਜੋ ਉਹ ਬੋਲਣ, ਨਿਆਂ ਦੇ ਦਿਨ ਉਹ ਦਾ ਹਿਸਾਬ ਦੇਣਗੇ। ਇਸ ਲਈ ਜੋ ਤੂੰ ਆਪਣੀਆਂ ਗੱਲਾਂ ਦੇ ਕਾਰਨ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਦੋਸ਼ੀ ਠਹਿਰਾਇਆ ਜਾਵੇਂਗਾ।

ਕਿਉਂਕਿ ਬੁਰੇ ਖ਼ਿਆਲ, ਖੂਨ, ਹਰਾਮਕਾਰੀ, ਵਿਭਚਾਰ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ ਦਿਲ ਵਿੱਚੋਂ ਨਿੱਕਲਦੇ ਹਨ।

ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੀ ਦੁਨੀਆਂ ਨੂੰ ਜਿੱਤ ਲਵੇ, ਪਰ ਆਪਣੀ ਜਾਨ ਨੂੰ ਗੁਆ ਲਵੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?

ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਨੂੰ ਵੀ ਠੋਕਰ ਖੁਆਵੇ ਤਾਂ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਚੱਕੀ ਦਾ ਪੁੜ ਪਾ ਕੇ ਸਮੁੰਦਰ ਦੀ ਗਹਿਰਾਈ ਵਿੱਚ ਡੋਬਿਆ ਜਾਂਦਾ।

ਪਰ ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖੁਆਵੇ, ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਟੁੰਡਾ ਜਾਂ ਲੰਗੜਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ। ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਸੁੱਟ ਦੇ। ਕਾਣਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ।

ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਇਕੱਲੇ ਵਿੱਚ ਸਮਝਾ, ਜੇ ਉਹ ਤੇਰੀ ਸੁਣੇ ਤਾਂ ਤੂੰ ਆਪਣੇ ਭਰਾ ਨੂੰ ਬਚਾ ਲਿਆ। ਪਰ ਜੇ ਨਾ ਸੁਣੇ ਤਾਂ ਤੂੰ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਹੋਰ ਲੈ ਤਾਂ ਜੋ ਹਰੇਕ ਗੱਲ ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ। ਅਤੇ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਦੇ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ, ਤਾਂ ਉਹ ਤੇਰੇ ਲਈ ਪਰਾਈ ਕੌਮ ਵਾਲੇ ਅਤੇ ਚੂੰਗੀ ਲੈਣ ਵਾਲੇ ਵਰਗਾ ਹੋਵੇ।

ਤਦ ਪਤਰਸ ਨੇ ਉਹ ਨੂੰ ਆਖਿਆ, ਪ੍ਰਭੂ ਜੀ, ਮੇਰਾ ਭਰਾ ਕਿੰਨੀ ਵਾਰੀ ਮੇਰੇ ਵਿਰੁੱਧ ਪਾਪ ਕਰਦਾ ਰਹੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ? ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਪਰ ਸੱਤ ਦੇ ਸੱਤਰ ਗੁਣਾ ਤੱਕ।

ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।

ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਹਰਾਮਕਾਰੀ ਤੋਂ ਇਲਾਵਾ ਆਪਣੀ ਪਤਨੀ ਨੂੰ ਕਿਸੇ ਹੋਰ ਕਾਰਨ ਤਿਆਗ ਦੇਵੇ ਅਤੇ ਦੂਜੀ ਨਾਲ ਵਿਆਹ ਕਰੇ ਉਹ ਵਿਭਚਾਰ ਕਰਦਾ ਹੈ।

ਤਾਂ ਵੇਖੋ ਇੱਕ ਮਨੁੱਖ ਨੇ ਉਹ ਦੇ ਕੋਲ ਆ ਕੇ ਕਿਹਾ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ? ਉਸ ਨੇ ਉਹ ਨੂੰ ਆਖਿਆ, ਤੂੰ ਭਲਿਆਈ ਦੇ ਬਾਰੇ ਮੈਨੂੰ ਕਿਉਂ ਪੁੱਛਦਾ ਹੈਂ? ਭਲਾ ਤਾਂ ਇੱਕੋ ਹੀ ਹੈ। ਪਰ ਜੇ ਤੂੰ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦਾ ਹੈਂ ਤਾਂ ਹੁਕਮਾਂ ਨੂੰ ਮੰਨ। ਉਸ ਨੇ ਉਹ ਨੂੰ ਆਖਿਆ, ਕਿਹੜੇ ਹੁਕਮ? ਤਦ ਯਿਸੂ ਨੇ ਕਿਹਾ, ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ। ਆਪਣੇ ਮਾਂ ਪਿਉ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।

ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਕਟੋਰੇ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੁੱਟ ਅਤੇ ਬਦ-ਪਰਹੇਜ਼ੀ ਨਾਲ ਭਰੇ ਹੋਏ ਹਨ।

ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ।

ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।

ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ।

ਯੂਹੰਨਾ ਆਇਆ, ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਸੀ। ਸਾਰੇ ਯਹੂਦਿਯਾ ਦੇਸ ਅਤੇ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿੱਕਲ ਕੇ ਉਹ ਦੇ ਕੋਲ ਆਉਂਦੇ, ਅਤੇ ਆਪਣਿਆਂ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ।

ਸਮਾਂ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ਖਬਰੀ ਉੱਤੇ ਵਿਸ਼ਵਾਸ ਕਰੋ।

ਫੇਰ ਉਸ ਨੇ ਆਖਿਆ, ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਅਸ਼ੁੱਧ ਕਰਦਾ ਹੈ। ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖ਼ਿਆਲ, ਹਰਾਮਕਾਰੀ, ਚੋਰੀਆਂ, ਖੂਨ, ਵਿਭਚਾਰ, ਲੋਭ, ਬਦੀਆਂ, ਛਲ, ਬਦਮਸਤੀ, ਬੁਰੀ ਨਜ਼ਰ, ਨਿੰਦਿਆ, ਹੰਕਾਰ, ਮੂਰਖਤਾਈ ਨਿੱਕਲਦੀ ਹੈ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ।

ਅਤੇ ਜੇ ਤੇਰਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ। ਟੁੰਡਾ ਹੋ ਕੇ ਜੀਉਣ ਵਿੱਚ ਵੜਨਾ, ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ, ਜਿਹੜੀ ਬੁਝਣ ਵਾਲੀ ਨਹੀਂ। ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਲੰਗੜਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ। ਇੱਕ ਅੱਖ ਨਾਲ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

ਜਦ ਪ੍ਰਭੂ ਯਿਸੂ ਬਾਹਰ ਨਿੱਕਲ ਕੇ ਰਾਹ ਵੱਲ ਚਲੇ ਜਾਂਦੇ ਸਨ, ਤਾਂ ਇੱਕ ਮਨੁੱਖ ਉਹ ਦੇ ਕੋਲ ਦੌੜਿਆ ਆਇਆ ਅਤੇ ਉਹ ਦੇ ਅੱਗੇ ਗੋਡੇ ਟੇਕ ਕੇ ਉਹ ਨੂੰ ਪੁੱਛਿਆ, ਹੇ ਉੱਤਮ ਗੁਰੂ, ਮੈਂ ਅਜਿਹਾ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਿਸੂ ਨੇ ਉਹ ਨੂੰ ਆਖਿਆ, ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਉੱਤਮ ਕੋਈ ਨਹੀਂ, ਪਰ ਕੇਵਲ ਇੱਕੋ ਪਰਮੇਸ਼ੁਰ। ਤੂੰ ਹੁਕਮਾਂ ਨੂੰ ਜਾਣਦਾ ਹੈਂ ਕਿ ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ-ਪਿਤਾ ਦਾ ਆਦਰ ਕਰ।

ਜਦ ਕਦੇ ਤੁਸੀਂ ਖੜ੍ਹ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ।

ਪਰ ਜੇ ਤੁਸੀਂ ਮਾਫ਼ ਨਾ ਕਰੋ, ਤਾਂ ਤੁਹਾਡਾ ਪਿਤਾ ਵੀ ਜੋ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ।

ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਓ, ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।

ਕਿ ਉਸ ਦੇ ਲੋਕਾਂ ਨੂੰ ਮੁਕਤੀ ਦਾ ਗਿਆਨ ਦੇਵੇਂ ਜਿਹੜੀ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਤੋਂ,

ਅਤੇ ਉਹ ਯਰਦਨ ਦੇ ਸਾਰੇ ਆਲੇ-ਦੁਆਲੇ ਦੇ ਖੇਤਰ ਵਿੱਚ ਗਿਆ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਰਿਹਾ।

ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ।

ਇਸ ਕਾਰਨ ਮੈਂ ਤੈਨੂੰ ਆਖਦਾ ਹਾਂ ਕਿ ਇਸ ਦੇ ਪਾਪ ਜੋ ਬਹੁਤੇ ਸਨ ਸੋ ਮਾਫ਼ ਕੀਤੇ ਗਏ ਕਿਉਂਕਿ ਇਸ ਨੇ ਬਹੁਤ ਪਿਆਰ ਕੀਤਾ, ਪਰ ਜਿਸ ਨੂੰ ਥੋੜ੍ਹਾ ਮਾਫ਼ ਕੀਤਾ ਗਿਆ ਸੋ ਥੋੜ੍ਹਾ ਪਿਆਰ ਕਰਦਾ ਹੈ। ਫਿਰ ਯਿਸੂ ਨੇ ਉਸ ਔਰਤ ਨੂੰ ਆਖਿਆ, ਤੇਰੇ ਪਾਪ ਮਾਫ਼ ਕੀਤੇ ਗਏ। ਅਤੇ ਜਿਹੜੇ ਉਸ ਦੇ ਨਾਲ ਭੋਜਨ ਕਰ ਰਹੇ ਸਨ ਆਪਣੇ ਮਨਾਂ ਵਿੱਚ ਕਹਿਣ ਲੱਗੇ ਜੋ ਇਹ ਕੌਣ ਹੈ, ਜੋ ਪਾਪ ਵੀ ਮਾਫ਼ ਕਰਦਾ ਹੈ?

ਅਤੇ ਜੋ ਪਥਰੀਲੀ ਜ਼ਮੀਨ ਉੱਤੇ ਡਿੱਗੇ ਸੋ ਉਹ ਹਨ, ਜਿਹੜੇ ਬਚਨ ਸੁਣ ਕੇ ਖੁਸ਼ੀ ਨਾਲ ਮੰਨ ਲੈਂਦੇ ਹਨ ਅਤੇ ਜੜ੍ਹ ਨਾ ਫੜ੍ਹਨ ਕਰਕੇ ਥੋੜ੍ਹਾ ਸਮਾਂ ਹੀ ਵਿਸ਼ਵਾਸ ਕਰਦੇ ਹਨ ਅਤੇ ਪਰਤਾਵਾ ਪੈਣ ਤੇ ਵਿਸ਼ਵਾਸ ਤੋਂ ਪਿੱਛੇ ਹੱਟ ਜਾਂਦੇ ਹਨ।

ਸਾਡੇ ਪਾਪ ਸਾਨੂੰ ਮਾਫ਼ ਕਰੋ, ਜਿਵੇਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕਰਦੇ ਹਾਂ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ।

ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਵੀ ਇੱਕ ਤੋਬਾ ਕਰਨ ਵਾਲੇ ਪਾਪੀ ਕੇ ਕਾਰਨ ਬਹੁਤ ਖੁਸ਼ੀ ਹੋਵੇਗੀ, ਜਿੰਨੀ ਕਿ ਉਨ੍ਹਾਂ ਨੜਿੰਨਵਿਆਂ ਧਰਮੀਆਂ ਦੇ ਕਾਰਨ ਨਹੀਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਹੈ।

ਮੈਂ ਤੁਹਾਨੂੰ ਆਖਦਾ ਹਾਂ ਜੋ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਇਸੇ ਤਰ੍ਹਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਖੁਸ਼ੀ ਹੁੰਦੀ ਹੈ।

ਉਸ ਨੇ ਆਖਿਆ, ਨਾ ਜੀ, ਹੇ ਪਿਤਾ ਅਬਰਾਹਾਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। ਤਦ ਅਬਰਾਹਾਮ ਨੇ ਉਸ ਨੂੰ ਕਿਹਾ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ।

ਸਾਵਧਾਨ ਰਹੋ! ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਸਮਝਾ ਦੇ ਅਤੇ ਜੇ ਤੋਬਾ ਕਰੇ ਤਾਂ ਉਸ ਨੂੰ ਮਾਫ਼ ਕਰ। ਜੇ ਉਹ ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਆ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਸ ਨੂੰ ਮਾਫ਼ ਕਰ।

ਪਰ ਉਸ ਚੂੰਗੀ ਲੈਣ ਵਾਲੇ ਨੇ ਕੁਝ ਦੂਰ ਖੜ੍ਹੇ ਹੋ ਕੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਅਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ! ਮੈਂ ਪਾਪੀ ਹਾਂ। ਮੇਰੇ ਉੱਤੇ ਦਯਾ ਕਰ!

ਇੱਕ ਅਧਿਕਾਰੀ ਨੇ ਉਸ ਅੱਗੇ ਬੇਨਤੀ ਕਰ ਕੇ ਆਖਿਆ, ਉੱਤਮ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਿਸੂ ਨੇ ਉਸ ਨੂੰ ਕਿਹਾ, ਤੂੰ ਮੈਨੂੰ ਉੱਤਮ ਕਿਉਂ ਆਖਦਾ ਹੈਂ? ਉੱਤਮ ਕੋਈ ਨਹੀਂ ਪਰ ਕੇਵਲ ਇੱਕੋ ਪਰਮੇਸ਼ੁਰ। ਤੂੰ ਹੁਕਮਾਂ ਨੂੰ ਜਾਣਦਾ ਹੈਂ, ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ।

ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਤੋਬਾ ਅਤੇ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ।

ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਯੂਹੰਨਾ ਨੇ ਆਖਿਆ, “ਵੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ।”

ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ। ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ।” ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ। ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ। ਲੋਕਾਂ ਦਾ ਦੋਸ਼ੀ ਬਣਨ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰੇ ਦੇ ਕੰਮਾਂ ਨੂੰ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ। ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂਕਿ ਚਾਨਣ ਉਸ ਦੇ ਬੁਰੇ ਕੰਮਾਂ ਨੂੰ ਪ੍ਰਗਟ ਕਰ ਦੇਵੇਗਾ। ਪਰ ਜੋ ਵਿਅਕਤੀ ਸੱਚਾਈ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।

ਬਾਅਦ ਵਿੱਚ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸਕਦੀ ਹੈ।”

ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਜੀ! ਇਹ ਔਰਤ ਉਦੋਂ ਫ਼ੜੀ ਗਈ ਜਦੋਂ ਇਹ ਵਿਭਚਾਰ ਕਰ ਰਹੀ ਸੀ ਬਿਵਸਥਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ?” ਯਹੂਦੀ ਉਸ ਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਤਾਂ ਕਿ ਉਹ ਕੁਝ ਗਲਤ ਆਖੇ। ਉਹ ਉਸ ਦੇ ਖਿਲਾਫ਼ ਕੋਈ ਦੋਸ਼ ਲਗਾਉਣਾ ਚਾਹੁੰਦੇ ਸਨ। ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁਝ ਲਿਖਣ ਲੱਗ ਪਿਆ। ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਨੂੰ ਪਹਿਲਾ ਪੱਥਰ ਮਾਰੇ।” ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਜ਼ਮੀਨ ਤੇ ਕੁਝ ਲਿਖਣ ਲੱਗ ਪਿਆ। ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਜਾਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ, ਫ਼ਿਰ ਹੋਰ ਸਾਰੇ ਲੋਕ ਵੀ ਚਲੇ ਗਏ। ਯਿਸੂ ਇਕੱਲਾ ਉਸ ਔਰਤ ਨਾਲ ਰਹਿ ਗਿਆ ਜੋ ਕਿ ਉਸ ਦੇ ਸਾਹਮਣੇ ਖੜੀ ਸੀ। ਯਿਸੂ ਨੇ ਉਸ ਔਰਤ ਵੱਲ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ?” ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਪ੍ਰਭੂ ਜੀ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ।” ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ। ਹੁਣ ਤੂੰ ਚਲੀ ਜਾ, ਪਰ ਫਿਰ ਪਾਪ ਨਾ ਕਰੀਂ।”

ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ।”

ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਹਰੇਕ ਜੋ, ਜਿਹੜਾ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ।

ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ। ਪਰ ਪਰਮੇਸ਼ੁਰ ਉਸ ਮਨੁੱਖ ਦੀ ਸੁਣਦਾ ਹੈ ਜੋ ਬੰਦਗੀ ਕਰਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ।

ਜੋ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇੰਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲ ਕਰਦਾ। ਇਹੀ ਬਚਨ ਜਿਹੜਾ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਏਗਾ।

“ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ।

ਜਦੋਂ ਸਹਾਇਕ ਆਵੇਗਾ, ਉਹ ਇਸ ਸੰਸਾਰ ਦੇ ਲੋਕਾਂ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਬਾਰੇ ਕਾਇਲ ਕਰੇਗਾ। ਪਾਪ ਦੇ ਬਾਰੇ ਇਸ ਲਈ ਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ l ਉਹ ਉਨ੍ਹਾਂ ਨੂੰ ਸਾਬਤ ਕਰੇਗਾ ਕਿ ਉਹ ਧਾਰਮਿਕਤਾ ਦੇ ਵਿਖੇ ਗਲਤ ਹਨ, ਕਿਉਂਕਿ ਮੈਂ ਵਾਪਸ ਆਪਣੇ ਪਿਤਾ ਕੋਲ ਜਾਂਦਾ ਹਾਂ। ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ। ਸਹਾਇਕ ਇਸ ਸੰਸਾਰ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਨਿਆਂ ਦੇ ਬਾਰੇ ਗਲਤ ਹਨ, ਕਿਉਂਕਿ ਇਸ ਸੰਸਾਰ ਦੇ ਹਾਕਮ (ਸ਼ੈਤਾਨ) ਦਾ ਨਿਆਂ ਪਹਿਲਾਂ ਹੀ ਹੋ ਚੁੱਕਾ ਹੈ।

ਤਦ ਪਤਰਸ ਨੇ ਉਨ੍ਹਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ, ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਦ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਂਓਗੇ।

ਇਸ ਲਈ ਤੋਬਾ ਕਰੋ ਅਤੇ ਮੁੜੋ, ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ।

ਹੇ ਹਠੀਲੇ ਲੋਕੋ, ਤੁਹਾਡੇ ਮਨ ਅਤੇ ਕੰਨ ਬੇਸੁੰਨਤ ਹਨ, ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ! ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ।

ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੂ ਦੇ ਅੱਗੇ ਬੇਨਤੀ ਕਰ ਤਾਂ ਜੋ ਤੇਰੇ ਮਨ ਵਿੱਚ ਸੋਚ ਹੈ ਮਾਫ਼ ਕੀਤੀ ਜਾਵੇ।

ਹੁਣ ਤੂੰ ਕਿਉਂ ਢਿੱਲ ਕਰਦਾ ਹੈਂ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ।

ਜਿਹੜੇ ਮਨੁੱਖ ਸਚਿਆਈ ਨੂੰ ਬੁਰਿਆਈ ਨਾਲ ਦਬਾਈ ਰੱਖਦੇ ਹਨ, ਉਨ੍ਹਾਂ ਦੀ ਸਾਰੀ ਅਭਗਤੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ।

ਇਸ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਮਨਾ ਦੇ ਬੁਰੇ ਵਿਚਾਰਾਂ ਅਤੇ ਗੰਦ-ਮੰਦ ਦੇ ਵੱਸ ਵਿੱਚ ਕਰ ਦਿੱਤਾ ਕਿ ਉਹ ਆਪਸ ਵਿੱਚ ਆਪਣੇ ਸਰੀਰਾਂ ਦਾ ਅਨਾਦਰ ਕਰਨ। ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਸ੍ਰਿਸ਼ਟੀ ਦੀ ਪੂਜਾ ਅਤੇ ਬੰਦਗੀ ਕੀਤੀ, ਨਾ ਕਿ ਉਸ ਸਿਰਜਣਹਾਰ ਦੀ ਜਿਹੜਾ ਜੁੱਗੋ-ਜੁੱਗ ਧੰਨ ਹੈ, ਆਮੀਨ। ਇਸੇ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਨੀਚ ਵਾਸਨਾ ਦੇ ਵੱਸ ਕਰ ਦਿੱਤਾ ਕਿਉਂ ਜੋ ਉਨ੍ਹਾਂ ਦੀਆਂ ਔਰਤਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਓ ਦੇ ਵਿਰੁੱਧ ਹੈ। ਇਸੇ ਤਰ੍ਹਾਂ ਮਰਦ ਵੀ ਔਰਤਾਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀ ਆਪਣੀ ਕਾਮਨਾਂ ਵਿੱਚ ਸੜ ਗਏ, ਮਰਦਾਂ ਨੇ ਮਰਦਾਂ ਦੇ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਯੋਗ ਫਲ ਭੋਗਿਆ।

ਜਿਵੇਂ ਉਨ੍ਹਾ ਨੂੰ ਪਰਮੇਸ਼ੁਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਚੰਗਾ ਨਾ ਲੱਗਾ ਓਵੇਂ ਹੀ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਮੰਦੀ ਬੁੱਧ ਦੇ ਵੱਸ ਕਰ ਦਿੱਤਾ ਕਿ ਬੁਰੇ ਕੰਮ ਕਰਨ। ਉਹ ਹਰ ਪ੍ਰਕਾਰ ਦੇ ਕੁਧਰਮ, ਬਦੀ, ਲੋਭ ਅਤੇ ਬੁਰਿਆਈ ਨਾਲ ਭਰੇ ਹੋਏ ਸਨ। ਖਾਰ, ਘਾਤ, ਝਗੜੇ, ਛਲ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ। ਚੁਗਲੀ ਕਰਨ ਵਾਲੇ ਨਿੰਦਕ, ਪਰਮੇਸ਼ੁਰ ਦੇ ਵੈਰੀ, ਦੂਜਿਆਂ ਦਾ ਹੱਕ ਮਾਰਨ ਵਾਲੇ, ਹੰਕਾਰੀ, ਸ਼ੇਖੀਬਾਜ, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣ-ਆਗਿਆਕਾਰ। ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ। ਅਤੇ ਓਹ ਪਰਮੇਸ਼ੁਰ ਦੀ ਬਿਧੀ ਜਾਣਦੇ ਹਨ, ਜੋ ਏਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ ਉਹ ਕੇਵਲ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਖੁਸ਼ ਹੁੰਦੇ ਹਨ।

ਸੋ ਹੇ ਦੋਸ਼ ਲਾਉਣ ਵਾਲੇ ਮਨੁੱਖ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਉੱਤਰ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ ਉੱਤੇ ਦੋਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ, ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਵੀ ਉਹ ਹੀ ਕੰਮ ਕਰਦਾ ਹੈਂ।

ਪਰ ਜਿਹੜੇ ਵਿਦ੍ਰੋਹੀ ਹਨ ਅਤੇ ਸੱਚ ਨੂੰ ਨਹੀਂ ਮੰਨਦੇ ਸਗੋਂ ਝੂਠ ਨੂੰ ਮੰਨਦੇ ਹਨ, ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ। ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ, ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਉੱਤੇ।

ਉਸ ਦਿਨ ਵਿੱਚ ਪਰਮੇਸ਼ੁਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।

ਤਾਂ ਫੇਰ ਕੀ? ਭਲਾ, ਅਸੀਂ ਉਹਨਾਂ ਨਾਲੋਂ ਚੰਗੇ ਹਾਂ? ਕਦੇ ਵੀ ਨਹੀਂ! ਕਿਉਂ ਜੋ ਅਸੀਂ ਤਾਂ ਪਹਿਲਾਂ ਹੀ ਕਹਿ ਬੈਠੇ ਹਾਂ ਜੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ। ਜਿਵੇਂ ਲਿਖਿਆ ਹੋਇਆ ਹੈ ਕੋਈ ਇੱਕ ਵੀ ਧਰਮੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਖੋਜੀ ਨਹੀਂ। ਸਭ ਦੇ ਸਭ ਭਟਕ ਗਏ, ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ।

ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਡਰ ਹੈ ਹੀ ਨਹੀਂ। ਹੁਣ ਅਸੀਂ ਜਾਣਦੇ ਹਾਂ ਕਿ ਬਿਵਸਥਾ ਜੋ ਕੁਝ ਆਖਦੀ ਹੈ ਸੋ ਬਿਵਸਥਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਂ ਦੇ ਹੇਠ ਆ ਜਾਵੇ।

ਇਸ ਲਈ ਜੋ ਉਹ ਦੇ ਸਾਹਮਣੇ ਬਿਵਸਥਾ ਦੇ ਕੰਮਾਂ ਤੋਂ ਕੋਈ ਇਨਸਾਨ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਬਿਵਸਥਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ।

ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿਤ ਹਨ। ਸੋ ਉਹ ਦੀ ਕਿਰਪਾ ਨਾਲ ਉਸ ਛੁਟਕਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਫ਼ਤ ਧਰਮੀ ਗਿਣੇ ਜਾਂਦੇ ਹਨ। ਜਿਸ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਵਿਸ਼ਵਾਸ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਸਹਿਨਸ਼ੀਲਤਾ ਨਾਲ ਪਿੱਛਲੇ ਸਮੇਂ ਵਿੱਚ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ।

ਧੰਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ ਹਨ।

ਪ੍ਰੰਤੂ ਪਰਮੇਸ਼ੁਰ ਆਪਣਾ ਪਿਆਰ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ, ਕਿ ਜਦੋਂ ਅਸੀਂ ਪਾਪੀ ਹੀ ਸੀ, ਤਾਂ ਮਸੀਹ ਸਾਡੇ ਲਈ ਮਰਿਆ। ਸੋ ਜਦੋਂ ਅਸੀਂ ਹੁਣ ਉਹ ਦੇ ਲਹੂ ਦੇ ਵਸੀਲੇ ਨਾਲ ਧਰਮੀ ਠਹਿਰਾਏ ਗਏ, ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੋਧ ਤੋਂ ਬਚਾਏ ਜਾਂਵਾਂਗੇ।

ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂ ਜੋ ਸਭਨਾਂ ਨੇ ਪਾਪ ਕੀਤਾ। ਬਿਵਸਥਾ ਦੇ ਸਮੇਂ ਤੱਕ ਪਾਪ ਤਾਂ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ।

ਅਤੇ ਬਿਵਸਥਾ ਵਿਚਕਾਰ ਆ ਗਈ ਕਿ ਅਪਰਾਧ ਬਹੁਤ ਹੋਵੇ ਪਰ ਜਿੱਥੇ ਪਾਪ ਬਹੁਤਾ ਹੋਇਆ ਉੱਥੇ ਕਿਰਪਾ ਵੀ ਬਹੁਤ ਜ਼ਿਆਦਾ ਹੋਈ। ਇਸ ਲਈ ਕਿ ਜਿਵੇਂ ਪਾਪ ਨੇ ਮੌਤ ਫੈਲਾਉਂਦੇ ਦੇ ਹੋਏ ਰਾਜ ਕੀਤਾ, ਤਿਵੇਂ ਕਿਰਪਾ ਨੇ ਵੀ ਯਿਸੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਾਰਮਿਕਤਾ ਦੇ ਰਾਹੀਂ ਰਾਜ ਕੀਤਾ।

ਹੁਣ ਅਸੀਂ ਕੀ ਆਖੀਏ? ਕੀ ਪਾਪ ਕਰਨ ਵਿੱਚ ਲੱਗੇ ਰਹੀਏ ਕਿ ਕਿਰਪਾ ਬਹੁਤੀ ਹੋਵੇ? ਕਦੇ ਨਹੀਂ! ਅਸੀਂ ਜੋ ਪਾਪ ਦੇ ਵੱਲੋਂ ਮਰ ਗਏ, ਤਾਂ ਹੁਣ ਅੱਗੇ ਤੋਂ ਉਸ ਵਿੱਚ ਜੀਵਨ ਕਿਉਂ ਬਤੀਤ ਕਰੀਏ?। ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ, ਉਸ ਦੀ ਮੌਤ ਵਿੱਚ ਬਪਤਿਸਮਾ ਲਿਆ?

ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਤਾਂ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ। ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਤਾਂ ਜੋ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਹੁਣ ਅਸੀਂ ਅੱਗੇ ਤੋਂ ਪਾਪ ਦੀ ਗੁਲਾਮੀ ਨਾ ਕਰੀਏ। ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ।

ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ। ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮਰੇ ਤਾਂ ਸਾਨੂੰ ਵਿਸ਼ਵਾਸ ਹੈ ਜੋ ਅਸੀਂ ਉਹ ਦੇ ਨਾਲ ਜੀਵਾਂਗੇ ਵੀ। ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰੇਗਾ, ਹੁਣ ਅੱਗੇ ਤੋਂ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ। ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੋ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ੁਰ ਦੇ ਕਾਰਨ ਜਿਉਂਦਾ ਹੈ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮਰੇ ਹੋਏ ਪਰ ਮਸੀਹ ਯਿਸੂ ਵਿੱਚ ਪਰਮੇਸ਼ੁਰ ਲਈ ਜਿਉਂਦੇ ਸਮਝੋ।

ਹੁਣ ਫੇਰ ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ, ਜੋ ਤੁਸੀਂ ਉਸ ਦੀਆਂ ਬੁਰੀਆਂ ਕਾਮਨਾਵਾਂ ਦੇ ਅਧੀਨ ਹੋਵੋ। ਅਤੇ ਨਾ ਆਪਣੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਸਮਝ ਕੇ ਪਰਮੇਸ਼ੁਰ ਨੂੰ ਸੌਂਪ ਦਿਓ ਅਤੇ ਆਪਣੇ ਅੰਗਾਂ ਨੂੰ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ੁਰ ਨੂੰ ਸੌਂਪ ਦਿਓ। ਜੋ ਤੁਹਾਡੇ ਉੱਤੇ ਪਾਪ ਦਾ ਜੋਰ ਨਾ ਚੱਲੇਗਾ ਕਿਉਂਕਿ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹੋ।

ਤਾਂ ਫੇਰ ਕੀ? ਅਸੀਂ ਪਾਪ ਕਰੀਏ ਇਸ ਲਈ ਜੋ ਅਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹਾਂ? ਕਦੇ ਨਹੀਂ! ਭਲਾ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਸ ਦੀ ਆਗਿਆ ਮੰਨਦੇ ਹੋ, ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਾਰਮਿਕਤਾ ਲਈ ਆਗਿਆਕਾਰੀ ਦੇ।

ਪਰ ਧੰਨਵਾਦ ਹੈ ਪਰਮੇਸ਼ੁਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਸੀ, ਪਰ ਜਿਸ ਸਿੱਖਿਆ ਦੇ ਸਾਂਚੇ ਵਿੱਚ ਢਾਲ਼ੇ ਗਏ ਤੁਸੀਂ ਮਨ ਤੋਂ ਉਹ ਦੇ ਆਗਿਆਕਾਰ ਹੋ ਗਏ। ਅਤੇ ਪਾਪ ਤੋਂ ਛੁੱਟ ਕੇ ਤੁਸੀਂ ਧਾਰਮਿਕਤਾ ਦੇ ਦਾਸ ਬਣ ਗਏ। ਮੈਂ ਤੁਹਾਡੇ ਸਰੀਰ ਦੀ ਦੁਰਬਲਤਾਈ ਦੇ ਕਾਰਨ ਮਨੁੱਖਾਂ ਵਾਲੀ ਗੱਲ ਆਖਦਾ ਹਾਂ ਸੋ ਜਿਵੇਂ ਤੁਸੀਂ ਆਪਣੇ ਅੰਗਾਂ ਨੂੰ ਗੰਦ-ਮੰਦ ਅਤੇ ਕੁਧਰਮ ਸਗੋਂ ਅੱਤ ਕੁਧਰਮ ਦੀ ਗੁਲਾਮੀ ਵਿੱਚ ਸੌਂਪ ਦਿੱਤੇ ਤਿਵੇਂ ਹੁਣ ਆਪਣੇ ਅੰਗਾਂ ਨੂੰ ਧਾਰਮਿਕਤਾ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ।

ਜਦੋਂ ਤੁਸੀਂ ਪਾਪ ਦੇ ਦਾਸ ਸੀ ਤਾਂ ਧਾਰਮਿਕਤਾ ਤੋਂ ਆਜ਼ਾਦ ਸੀ। ਸੋ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ ਜਿਨ੍ਹਾਂ ਕਰਕੇ ਹੁਣ ਤੁਹਾਨੂੰ ਸ਼ਰਮ ਆਉਂਦੀ ਹੈ ਕਿਉਂ ਜੋ ਉਹਨਾਂ ਦਾ ਅੰਤ ਤਾਂ ਮੌਤ ਹੈ?

ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ੁਰ ਦੇ ਦਾਸ ਬਣ ਕੇ ਪਵਿੱਤਰਤਾਈ ਦੇ ਲਈ ਆਪਣਾ ਫਲ ਅਤੇ ਅੰਤ ਵਿੱਚ ਸਦੀਪਕ ਜੀਵਨ ਪਾਉਂਦੇ ਹੋ। ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ੁਰ ਦਾ ਵਰਦਾਨ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਸਦੀਪਕ ਜੀਵਨ ਹੈ।

ਜਦ ਅਸੀਂ ਸਰੀਰਕ ਸੀ, ਤਦ ਪਾਪਾਂ ਦੀਆਂ ਕਾਮਨਾਵਾਂ ਜੋ ਬਿਵਸਥਾ ਦੇ ਕਾਰਨ ਸਨ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸੀ ਕਿ ਮੌਤ ਦੇ ਲਈ ਫਲ ਦੇਣ। ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸੀ, ਬਿਵਸਥਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਸੇਵਾ ਕਰਦੇ ਹਾਂ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ।

ਹੁਣ, ਅਸੀਂ ਕੀ ਆਖੀਏ? ਕੀ ਬਿਵਸਥਾ ਪਾਪ ਹੈ? ਕਦੇ ਨਹੀਂ! ਸਗੋਂ ਬਿਵਸਥਾ ਤੋਂ ਬਿਨ੍ਹਾਂ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿ ਲਾਲਚ ਨਾ ਕਰ ਤਾਂ ਮੈਂ ਲਾਲਚ ਨੂੰ ਨਾ ਜਾਣਦਾ। ਪਰ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ। ਅਤੇ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ। ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੋ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ। ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ।

ਪਰ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ।

ਹੁਣ ਉਹ ਜੋ ਚੰਗਾ ਹੈ, ਕੀ ਮੇਰੇ ਲਈ ਮੌਤ ਬਣਿਆ? ਕਦੇ ਨਹੀਂ! ਪਰ ਪਾਪ ਨੇ ਕਿ ਪਾਪ ਪਰਗਟ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅੱਤ ਬੁਰਾ ਠਹਿਰੇ।

ਅਸੀਂ ਜਾਣਦੇ ਤਾਂ ਹਾਂ ਜੋ ਬਿਵਸਥਾ ਆਤਮਿਕ ਹੈ ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ। ਮੈਂ ਨਹੀਂ ਜਾਣਦਾ ਜੋ ਕੀ ਕਰਾਂ ਕਿਉਂ ਜੋ ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਨਫ਼ਰਤ ਆਉਂਦੀ ਹੈ। ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨੂੰ ਮੰਨ ਲੈਂਦਾ ਹਾਂ ਕਿ ਉਹ ਚੰਗੀ ਹੈ। ਸੋ ਮੈਂ ਹੁਣ ਇਸ ਹਾਲ ਵਿੱਚ ਉਹ ਕਰਨ ਵਾਲਾ ਨਹੀਂ ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ। ਮੈਂ ਜਾਣਦਾ ਤਾਂ ਹਾਂ ਕਿ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਹੈ ਨਹੀਂ। ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ, ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਕਰਨਾ ਚਾਹੁੰਦਾ ਉਹ ਹੀ ਕਰਦਾ ਹਾਂ। ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ।

ਸੋ ਮੈਂ ਅੰਗਾਂ ਵਿੱਚ ਇਹ ਕਨੂੰਨ ਵੇਖਦਾ ਹਾਂ ਕਿ ਜਦੋਂ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਉਦੋਂ ਬੁਰਿਆਈ ਹਾਜ਼ਰ ਹੁੰਦੀ ਹੈ। ਮੈਂ ਤਾਂ ਅੰਦਰਲੇ ਮਨੁੱਖ ਅਨੁਸਾਰ ਪਰਮੇਸ਼ੁਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਨੂੰਨ ਨੂੰ ਵੀ ਵੇਖਦਾ ਹਾਂ, ਜੋ ਮੇਰੀ ਬੁੱਧ ਦੇ ਕਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਉਸ ਪਾਪ ਦੇ ਕਨੂੰਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ, ਬੰਧਨ ਵਿੱਚ ਲਈ ਆਉਂਦਾ ਹੈ। ਮੈਂ ਕਿੰਨਾਂ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ! ਸੋ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਨੂੰਨ ਦੀ ਸੇਵਾ ਕਰਦਾ ਪਰ ਸਰੀਰ ਨਾਲ ਪਾਪ ਦੇ ਕਨੂੰਨ ਦੀ।

ਸੋ ਹੁਣ ਜੋ ਮਸੀਹ ਯਿਸੂ ਵਿੱਚ ਹਨ, ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ। ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਬਿਵਸਥਾ ਤੋਂ ਛੁਡਾ ਦਿੱਤਾ। ਜੋ ਬਿਵਸਥਾ ਤੋਂ ਨਾ ਹੋ ਸਕਿਆ ਇਸ ਕਰਕੇ ਜੋ ਉਹ ਸਰੀਰ ਦੇ ਕਾਰਨ ਕਮਜ਼ੋਰ ਸੀ, ਪਰਮੇਸ਼ੁਰ ਨੇ ਆਪਣਾ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਭੇਜ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ। ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਬਿਵਸਥਾ ਦੀ ਬਿਧੀ ਪੂਰੀ ਹੋਵੇ। ਜੋ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਤਾਂ ਮੌਤ ਹੈ ਪਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ। ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਪਰਮੇਸ਼ੁਰ ਨਾਲ ਵੈਰ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ, ਅਤੇ ਨਾ ਹੀ ਹੋ ਸਕਦਾ ਹੈ। ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ ਹਨ।

ਸੋ ਹੇ ਭਰਾਵੋ, ਅਸੀਂ ਕਰਜ਼ਦਾਰ ਹਾਂ, ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ। ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਸਰੀਰ ਦੇ ਕੰਮਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ।

ਅਤੇ ਉਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜੋ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰ ਦੇਵਾਂਗਾ।

ਪਿਆਰ ਨਿਸ਼ਕਪਟ ਹੋਵੇ, ਬੁਰਿਆਈ ਤੋਂ ਨਫ਼ਰਤ ਕਰੋ, ਭਲਿਆਈ ਕਰਨ ਵਿੱਚ ਲੱਗੇ ਰਹੋ।

ਕਿਉਂਕਿ ਇਹ, ਜੋ ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲਾਲਚ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ ਤਾਂ ਸਭ ਗੱਲਾਂ ਦਾ ਨਿਚੋੜ ਇਸ ਗੱਲ ਵਿੱਚ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।

ਜਿਵੇਂ ਦਿਨ ਵੇਲੇ ਸ਼ੋਭਾ ਦਿੰਦਾ ਹੈ, ਉਵੇਂ ਹੀ ਅਸੀਂ ਭਲਮਾਨਸੀ ਨਾਲ ਚੱਲੀਏ, ਨਾ ਨਾਚ-ਰੰਗ ਅਤੇ ਨਾ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਖਾਰ ਵਿੱਚ। ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਕੋਈ ਪ੍ਰਬੰਧ ਨਾ ਕਰੋ।

ਪਰ ਤੂੰ ਆਪਣੇ ਭਰਾ ਉੱਤੇ ਕਿਉਂ ਦੋਸ਼ ਲਾਉਂਦਾ ਹੈਂ, ਜਾਂ ਫੇਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਕਿਉਂ ਜੋ ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਖੜ੍ਹੇ ਹੋਵਾਂਗੇ।

ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ ਇਸ ਲਈ ਜੋ ਵਿਸ਼ਵਾਸ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁਝ ਵਿਸ਼ਵਾਸ ਨਾਲ ਨਹੀਂ ਹੁੰਦਾ ਹੈ ਸੋ ਪਾਪ ਹੈ।

ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਉਹਨਾਂ ਤੋਂ ਦੂਰ ਰਹੋ। ਕਿਉਂ ਜੋ ਇਸ ਤਰ੍ਹਾਂ ਦੇ ਲੋਕ ਸਾਡੇ ਪ੍ਰਭੂ ਮਸੀਹ ਦੀ ਨਹੀਂ ਸਗੋਂ ਆਪਣੇ ਹੀ ਢਿੱਡ ਦੀ ਸੇਵਾ ਕਰਦੇ ਹਨ ਅਤੇ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ।

ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ? ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ।

ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਇਹ ਲਿਖਿਆ ਜੋ ਹਰਾਮਕਾਰਾਂ ਦੀ ਸੰਗਤ ਨਾ ਕਰੋ। ਇਹ ਨਹੀਂ ਜੋ ਮੂਲੋਂ ਸੰਸਾਰ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਸੰਸਾਰ ਵਿੱਚੋਂ ਨਿੱਕਲਣਾ ਹੀ ਪੈਂਦਾ। ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਕਿ ਜੇ ਕੋਈ ਭਰਾ ਕਹਾ ਕੇ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਗੱਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ, ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ। ਕਿਉਂ ਜੋ ਮੈਨੂੰ ਕੀ ਲੋੜ ਹੈ ਜੋ ਬਾਹਰਲਿਆਂ ਦਾ ਨਿਆਂ ਕਰਾਂ? ਕੀ ਤੁਸੀਂ ਕਲੀਸਿਯਾ ਦੇ ਅੰਦਰਲਿਆਂ ਦਾ ਨਿਆਂ ਨਹੀਂ ਕਰਦੇ? ਪਰ ਬਾਹਰਲਿਆਂ ਦਾ ਪਰਮੇਸ਼ੁਰ ਨਿਆਂ ਕਰਦਾ ਹੈ। ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।

ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼। ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਗੇ। ਅਤੇ ਤੁਹਾਡੇ ਵਿੱਚੋਂ ਕਈ ਅਜਿਹੇ ਸਨ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ।

ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ। ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ? ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।

ਅਤੇ ਅਸੀਂ ਹਰਾਮਕਾਰੀ ਨਾ ਕਰੀਏ ਜਿਵੇਂ ਉਹਨਾਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਮਰ ਗਏ। ਅਤੇ ਅਸੀਂ ਪ੍ਰਭੂ ਨੂੰ ਨਾ ਪਰਤਾਈਏ ਜਿਵੇਂ ਉਹਨਾਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ। ਅਤੇ ਤੁਸੀਂ ਬੁੜ-ਬੁੜ ਵੀ ਨਾ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜ-ਬੁੜ ਕੀਤੀ ਅਤੇ ਮੌਤ ਦੇ ਦੂਤ ਦੁਆਰਾ ਨਸ਼ਟ ਕੀਤੇ ਗਏ। ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਵਾਪਰੀਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ, ਅਸੀਂ ਸੰਸਾਰ ਦੇ ਅੰਤ ਵਿੱਚ ਰਹਿ ਰਹੇ ਹਾਂ। ਗੱਲ ਇਹ ਹੈ ਜੋ ਕੋਈ ਆਪਣੇ ਆਪ ਨੂੰ ਮਜ਼ਬੂਤ ਸਮਝਦਾ ਹੈ, ਸੋ ਸੁਚੇਤ ਰਹੇ ਜੋ ਉਹ ਕਿਤੇ ਡਿੱਗ ਨਾ ਪਵੇ।

ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ, ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਰਸਤਾ ਵੀ ਕੱਢ ਦੇਵੇਗਾ ਤਾਂ ਜੋ ਤੁਸੀਂ ਸਹਿ ਸਕੋ।

ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਹੋਈ ਜੋ ਮਸੀਹ ਪਵਿੱਤਰ ਗ੍ਰੰਥਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮਰਿਆ। ਅਤੇ ਉਹ ਦਫ਼ਨਾਇਆ ਗਿਆ ਅਤੇ ਪਵਿੱਤਰ ਗ੍ਰੰਥ ਦੇ ਅਨੁਸਾਰ ਤੀਜੇ ਦਿਨ ਜੀ ਉੱਠਿਆ।

ਧੋਖਾ ਨਾ ਖਾਓ, ਬੁਰੀ ਸੰਗਤ ਚੰਗੇ ਚਾਲ-ਚਲਣ ਨੂੰ ਵਿਗਾੜ ਦਿੰਦੀ ਹੈ। ਤੁਸੀਂ ਧਾਰਮਿਕਤਾ ਲਈ ਸਮਝ ਰੱਖੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ। ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ।

ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਜ਼ੋਰ ਬਿਵਸਥਾ ਹੈ।

ਕਿਉਂ ਜੋ ਅਸੀਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫਲ ਭੋਗੇ।

ਪਰਮੇਸ਼ੁਰ ਨੇ ਯਿਸੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦੀ ਧਾਰਮਿਕਤਾ ਬਣੀਏ।

ਸੋ ਹੇ ਪਿਆਰਿਓ, ਜਦੋਂ ਇਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।

ਕਿਉਂ ਜੋ ਮੈਂ ਡਰਦਾ ਹਾਂ ਕਿ ਕਿਤੇ ਇਹ ਨਾ ਹੋਵੇ ਜੋ ਮੈਂ ਆਣ ਕੇ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ ਅਤੇ ਤੁਸੀਂ ਮੈਨੂੰ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ ਅਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਵਿਰੋਧ, ਆਕੜਾਂ ਅਤੇ ਘਮਸਾਣ ਹੋਣ। ਅਤੇ ਅਜਿਹਾ ਨਾ ਹੋਵੇ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ੁਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ ਅਤੇ ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਲਈ ਦੁੱਖ ਕਰਾਂ, ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੇ ਗੰਦੇ ਕੰਮਾਂ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੋਬਾ ਨਾ ਕੀਤੀ ਹੋਵੇ।

ਪਰ ਬਿਵਸਥਾ ਨੇ ਸਭਨਾਂ ਨੂੰ ਪਾਪ ਦੇ ਅਧੀਨ ਕਰ ਦਿੱਤਾ ਭਈ ਉਹ ਵਾਇਦਾ ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ।

ਪਰ ਮੈਂ ਆਖਦਾ ਹਾਂ, ਤੁਸੀਂ ਆਤਮਾ ਦੇ ਦੁਆਰਾ ਚੱਲੋ ਤਾਂ ਸਰੀਰ ਦੀ ਲਾਲਸਾ ਨੂੰ ਕਦੇ ਪੂਰਾ ਨਾ ਕਰੋਗੇ। ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ, ਅਤੇ ਆਤਮਾ ਸਰੀਰ ਦੇ ਵਿਰੁੱਧ ਹੈ ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਨਾ ਕਰ ਸਕੋ। ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਬਿਵਸਥਾ ਦੇ ਅਧੀਨ ਨਹੀਂ ਹੋ।

ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਉਹ ਇਹ ਹਨ - ਹਰਾਮਕਾਰੀ, ਗੰਦ-ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਕ੍ਰੋਧ, ਵਿਰੋਧ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜਿਹੇ ਕੰਮ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ ਕਿ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਦੇ ਵਾਰਿਸ ਨਹੀਂ ਹੋਣਗੇ।

ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ। ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ।

ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਸੁਧਾਰੋ ਅਤੇ ਤੁਸੀਂ ਆਪਣੀ ਵੀ ਚੌਕਸੀ ਰੱਖੋ ਕਿਤੇ ਤੁਸੀਂ ਵੀ ਪਰਤਾਵੇ ਵਿੱਚ ਨਾ ਪੈ ਜਾਵੋ।

ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਉਹ ਹੀ ਵੱਢੇਗਾ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਦੇ ਰਾਹੀਂ ਬਿਨਾਸ ਦੀ ਵਾਢੀ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਦੀ ਵਾਢੀ ਵੱਢੇਗਾ।

ਜਿਸ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ, ਸਾਨੂੰ ਛੁਟਕਾਰਾ ਅਤੇ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ,

ਉਹ ਨੇ ਤੁਹਾਨੂੰ ਵੀ ਜਿਉਂਦਾ ਕੀਤਾ, ਜਿਹੜੇ ਆਪਣੇ ਪਾਪਾਂ ਅਤੇ ਅਪਰਾਧਾਂ ਦੇ ਕਾਰਨ ਮਰੇ ਹੋਏ ਸਨ! ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੀ ਰੀਤੀ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਆਤਮਾ ਦੇ ਅਨੁਸਾਰ ਅੱਗੇ ਚਲਦੇ ਸੀ, ਜਿਹੜੀ ਹੁਣ ਅਣ-ਆਗਿਆਕਾਰੀ ਦੇ ਪੁੱਤਰਾਂ ਵਿੱਚ ਕੰਮ ਕਰਦੀ ਹੈ! ਉਹਨਾਂ ਵਿੱਚ ਅਸੀਂ ਸਾਰੇ ਪਹਿਲਾਂ ਆਪਣੇ ਸਰੀਰ ਦੀ ਕਾਮਨਾ ਵਿੱਚ ਦਿਨ ਗੁਜਾਰਦੇ, ਸਰੀਰਕ ਅਤੇ ਮਨ ਦੀ ਇਛਾਵਾਂ ਨੂੰ ਪੂਰਾ ਕਰਦੇ ਸੀ ਅਤੇ ਦੂਜਿਆਂ ਦੀ ਤਰ੍ਹਾਂ ਸੁਭਾਅ ਤੋਂ ਕ੍ਰੋਧ ਦੀ ਸੰਤਾਨ ਸੀ!

ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਚਿਤਾਵਨੀ ਦਿੰਦਾ ਹਾਂ ਜੋ ਤੁਸੀਂ ਅੱਗੇ ਤੋਂ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੀ ਵਿਅਰਥ ਸੋਚ ਨਾਲ ਚੱਲਦੀਆਂ ਹਨ! ਉਨ੍ਹਾਂ ਦੀ ਬੁੱਧ ਅੰਨੀ ਹੋ ਗਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ੁਰ ਦੇ ਜੀਵਨ ਤੋਂ ਅਲੱਗ ਹੋ ਗਏ ਹਨ! ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਕਿ ਹਰ ਭਾਂਤ ਦੇ ਗੰਦੇ ਮੰਦੇ ਕੰਮ ਲਾਲਸਾ ਨਾਲ ਕਰਨ!

ਕਿ ਤੁਸੀਂ ਪਹਿਲੇ ਚਾਲ-ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ! ਅਤੇ ਆਪਣੇ ਮਨ ਦੇ ਸੁਭਾਓ ਵਿੱਚ ਨਵੇਂ ਬਣੋ! ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ।

ਸਭ ਕੁੱੜਤਣ, ਕ੍ਰੋਧ, ਕੋਪ, ਰੌਲ਼ਾ ਅਤੇ ਬੁਰੇ ਬੋਲ ਸਾਰੀ ਬੁਰਿਆਈ ਸਣੇ ਤੁਹਾਡੇ ਤੋਂ ਦੂਰ ਹੋਵੇ!

ਜਿਵੇਂ ਸੰਤਾਂ ਨੂੰ ਯੋਗ ਹੈ ਤੁਹਾਡੇ ਵਿੱਚ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ-ਮੰਦ ਅਥਵਾ ਲੋਭ ਦੀ ਚਰਚਾ ਵੀ ਨਾ ਹੋਵੇ। ਅਤੇ ਨਾ ਬੇਸ਼ਰਮੀ, ਨਾ ਮੂਰਖਤਾ ਦੇ ਬੋਲ ਅਥਵਾ ਠੱਠੇ ਬਾਜ਼ੀ ਜੋ ਅਯੋਗ ਹਨ ਅਤੇ ਤੁਹਾਡੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਪਰ ਧੰਨਵਾਦ ਹੋਇਆ ਕਰੇ। ਕਿਉਂ ਜੋ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਹਰਾਮਕਾਰ ਜਾਂ ਭਰਿਸ਼ਟ ਜਾਂ ਲੋਭੀ ਮਨੁੱਖ ਜੋ ਮੂਰਤੀ ਪੂਜਕ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਵਾਰਿਸ ਨਹੀਂ ਹੋ ਸਕਦਾ। ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂ ਜੋ ਇਹਨਾਂ ਦੇ ਕਾਰਨ ਪਰਮੇਸ਼ੁਰ ਦਾ ਕੋਪ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ।

ਅਤੇ ਅਨ੍ਹੇਰੇ ਦੇ ਬੇਫਲ ਕੰਮਾਂ ਵਿੱਚ ਸਾਂਝੀ ਨਾ ਹੋਵੋ ਪਰ ਉਨ੍ਹਾਂ ਨੂੰ ਉਜਾਗਰ ਕਰੋ। ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਉਹਨਾਂ ਦੁਆਰਾ ਕੀਤੇ ਜਾਂਦੇ ਹਨ! ਉਨ੍ਹਾਂ ਦੀ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ।

ਅਤੇ ਸ਼ਰਾਬ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ।

ਅਤੇ ਤੁਹਾਨੂੰ ਜਿਹੜੇ ਅੱਗੇ ਵੱਖਰੇ ਹੋਏ ਅਤੇ ਆਪਣੇ ਬੁਰੇ ਕੰਮਾਂ ਦੇ ਕਾਰਨ ਮਨੋਂ ਵੈਰੀ ਸੀ। ਉਸ ਨੇ ਹੁਣ ਉਹ ਦੇ ਸਰੀਰ ਨਾਲ ਮੌਤ ਦੇ ਵਸੀਲੇ ਮੇਲ ਕਰਾਇਆ ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼, ਅਤੇ ਬੇਇਲਜ਼ਾਮ ਆਪਣੇ ਸਨਮੁਖ ਖੜ੍ਹਾ ਕਰੇ।

ਇਸ ਲਈ ਤੁਸੀਂ ਆਪਣੀਆਂ ਬੁਰਾਈਆਂ ਨੂੰ ਜੋ ਧਰਤੀ ਉੱਤੇ ਹਨ ਛੱਡ ਦਿਓ, ਅਰਥਾਤ ਹਰਾਮਕਾਰੀ, ਗੰਦ-ਮੰਦ, ਕਾਮਨਾ, ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ। ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਗੁੱਸਾ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ਜਿਨ੍ਹਾਂ ਦੇ ਰਾਹ ਤੁਸੀਂ ਵੀ ਅੱਗੇ ਚੱਲਦੇ ਸੀ ਜਿਸ ਵੇਲੇ ਉਨ੍ਹਾਂ ਵਿੱਚ ਜਿਉਂਦੇ ਸੀ। ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਰੋਸ, ਗੁੱਸਾ, ਬਦੀ, ਦੁਰਬਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਇੱਕ ਦੂਜੇ ਨਾਲ ਝੂਠ ਨਾ ਬੋਲੋ ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕੰਮਾਂ ਸਣੇ ਲਾਹ ਸੁੱਟਿਆ।

ਕਿਉਂਕਿ ਜਿਹੜਾ ਬੁਰਾ ਕਰਦਾ ਹੈ ਉਸ ਨੂੰ ਬੁਰੇ ਦਾ ਫਲ ਮਿਲੇਗਾ, ਅਤੇ ਉੱਥੇ ਪੱਖਪਾਤ ਨਹੀਂ ਹੁੰਦਾ।

ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਹੋਵੋ ਅਤੇ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ। ਅਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਪਤਨੀ ਨੂੰ ਪਵਿੱਤਰਤਾਈ ਅਤੇ ਆਦਰ ਨਾਲ ਪ੍ਰਾਪਤ ਕਰਨਾ ਜਾਣੇ।

ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ। ਇਸ ਕਾਰਨ ਜੋ ਕੋਈ ਇਸ ਸਿੱਖਿਆ ਨੂੰ ਤੁੱਛ ਜਾਣਦਾ ਹੈ, ਉਹ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਤੁੱਛ ਜਾਣਦਾ ਹੈ, ਜਿਹੜਾ ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ।

ਸਾਰੀਆਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜ੍ਹੀ ਰੱਖੋ। ਹਰ ਪਰਕਾਰ ਦੀ ਬਦੀ ਤੋਂ ਦੂਰ ਰਹੋ। ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ।

ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ।

ਇਹ ਜਾਣ ਕੇ ਜੋ ਬਿਵਸਥਾ ਧਰਮੀ ਦੇ ਲਈ ਨਹੀਂ ਸਗੋਂ ਕੁਧਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ। ਹਰਾਮਕਾਰਾਂ, ਮੁੰਡੇਬਾਜ਼ਾਂ, ਅਗਵਾ ਕਰਨ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸਹੁੰ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਵੀ ਹੈ।

ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ, ਜਿੰਨ੍ਹਾ ਵਿੱਚੋਂ ਮਹਾਂ ਪਾਪੀ ਮੈਂ ਹਾਂ। ਪਰ ਮੇਰੇ ਉੱਤੇ ਇਸ ਕਾਰਨ ਦਯਾ ਹੋਈ ਕਿ ਮੇਰੇ ਕਾਰਨ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਵਿਸ਼ਵਾਸ ਕਰਨਗੇ ਇੱਕ ਆਦਰਸ਼ ਹੋਵੇ।

ਜਿਹੜੇ ਪਾਪ ਕਰਦੇ ਹਨ, ਉਹਨਾਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇ ਤਾਂ ਕਿ ਦੂਜਿਆਂ ਨੂੰ ਵੀ ਡਰ ਰਹੇ।

ਕਈ ਮਨੁੱਖਾਂ ਦੇ ਪਾਪ ਪ੍ਰਗਟ ਹਨ ਅਤੇ ਨਿਆਂ ਦੇ ਲਈ ਪਹਿਲਾਂ ਹੀ ਪਹੁੰਚ ਜਾਂਦੇ ਹਨ ਅਤੇ ਕਈਆਂ ਦੇ ਬਾਅਦ ਵਿੱਚ ਪ੍ਰਗਟ ਹੁੰਦੇ ਹਨ।

ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫ਼ਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਪੈਸੇ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਰਾਹੋਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।

ਕਿਉਂ ਜੋ ਮਨੁੱਖ ਸੁਆਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣ-ਆਗਿਆਕਾਰ, ਨਾਸ਼ੁਕਰੇ, ਅਪਵਿੱਤਰ। ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਸਖ਼ਤ ਸੁਭਾਅ, ਨੇਕੀ ਦੇ ਵੈਰੀ। ਗੱਦਾਰ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪਿਆਰੇ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ, ਉਹ ਦੀ ਸਮਰੱਥਾ ਦੇ ਇਨਕਾਰੀ ਹੋਣਗੇ, ਤੂੰ ਇਹਨਾਂ ਤੋਂ ਵੀ ਦੂਰ ਰਹਿ। ਕਿਉਂ ਜੋ ਇਹਨਾਂ ਵਿੱਚੋਂ ਉਹ ਹਨ, ਜਿਹੜੇ ਘਰੋਂ ਘਰੀਂ ਵੜ ਕੇ ਉਨ੍ਹਾਂ ਦੁਰਬੱਲ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਅਨੇਕ ਪਰਕਾਰ ਦੀਆਂ ਕਾਮਨਾਂ ਦੇ ਪਿੱਛੇ ਵਹਿ ਚਲਦੀਆਂ ਹਨ। ਅਤੇ ਸਿੱਖਦੀਆਂ ਤਾਂ ਰਹਿੰਦੀਆਂ ਹਨ ਪਰ ਸੱਚ ਦੇ ਗਿਆਨ ਤੱਕ ਕਦੇ ਪਹੁੰਚ ਨਹੀਂ ਸਕਦੀਆਂ।

ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ, ਬੁਰੇ ਤੋਂ ਬੁਰੇ ਹੁੰਦੇ ਜਾਣਗੇ।

ਉਹ ਆਖਦੇ ਹਨ ਜੋ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ, ਪਰ ਆਪਣੇ ਕੰਮਾਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ ਕਿਉਂ ਜੋ ਉਹ ਬੁਰੇ, ਅਣ-ਆਗਿਆਕਾਰ ਹਨ, ਅਤੇ ਭਲੇ ਕੰਮ ਦੇ ਲਈ ਲਾਇਕ ਨਹੀਂ ਹਨ।

ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਮੂਰਖ, ਅਣ-ਆਗਿਆਕਾਰੀ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣਾਉਣੇ ਅਤੇ ਇੱਕ ਦੂਜੇ ਦੇ ਵੈਰੀ ਸੀ।

ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁੱਖ ਝੱਲਿਆ ਤਾਂ ਉਹ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ, ਸਹਾਇਤਾ ਕਰ ਸਕਦਾ ਹੈ।

ਸਗੋਂ ਜਿੰਨਾਂ ਚਿਰ ਅੱਜ ਦਾ ਦਿਨ ਕਿਹਾ ਜਾਂਦਾ ਹੈ ਤੁਸੀਂ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ, ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ।

ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗ਼ਾਵਤ ਦੇ ਦਿਨ।

ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂੰ ਪਰਖਿਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ।

ਕਿਉਂ ਜੋ ਉਹ ਨੇ ਇੱਕੋ ਚੜ੍ਹਾਵੇ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ। ਅਤੇ ਪਵਿੱਤਰ ਆਤਮਾ ਵੀ ਸਾਨੂੰ ਗਵਾਹੀ ਦਿੰਦਾ ਹੈ ਕਿਉਂ ਜੋ ਇਹ ਦੇ ਮਗਰੋਂ ਜਦ ਆਖਿਆ ਸੀ, ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ, ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ, ਅਤੇ ਉਹਨਾਂ ਦੇ ਪਾਪਾਂ ਨੂੰ, ਅਤੇ ਉਹਨਾਂ ਦੇ ਕੁਧਰਮ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ। ਇਸ ਲਈ ਜਿੱਥੇ ਇਨ੍ਹਾਂ ਦੀ ਮਾਫ਼ੀ ਹੈ ਉੱਥੇ ਪਾਪ ਲਈ ਫੇਰ ਭੇਟ ਨਹੀਂ ਚੜ੍ਹਾਈ ਜਾਂਦੀ।

ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਲਈ ਫੇਰ ਕੋਈ ਬਲੀਦਾਨ ਨਹੀਂ ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਸ ਕਿਸੇ ਨੇ ਮੂਸਾ ਦੀ ਬਿਵਸਥਾ ਦੀ ਉਲੰਘਣਾ ਕੀਤੀ ਹੋਵੇ ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨ੍ਹਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ। ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਪਵਿੱਤਰ ਨਾ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ। ਕਿਉਂ ਜੋ ਅਸੀਂ ਉਹ ਨੂੰ ਜਾਣਦੇ ਹਾਂ ਜਿਸ ਨੇ ਆਖਿਆ ਕਿ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ ਅਤੇ ਫੇਰ ਇਹ ਕਿ ਪ੍ਰਭੂ ਆਪਣੀ ਪਰਜਾ ਦਾ ਨਿਆਂ ਕਰੇਗਾ। ਜਿਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ!।

ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।

ਤੁਸੀਂ ਪਾਪ ਨਾਲ ਲੜਦੇ ਹੋਏ ਅਜੇ ਲਹੂ ਦੇ ਵਹਾਏ ਜਾਣ ਤੱਕ ਸਾਹਮਣਾ ਨਹੀਂ ਕੀਤਾ।

ਸਭਨਾਂ ਨਾਲ ਮੇਲ-ਮਿਲਾਪ ਰੱਖੋ ਅਤੇ ਪਵਿੱਤਰਤਾਈ ਦੀ ਭਾਲ ਕਰੋ ਜਿਹ ਦੇ ਬਿਨ੍ਹਾਂ ਕੋਈ ਪ੍ਰਭੂ ਨੂੰ ਨਾ ਵੇਖੇਗਾ।

ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਗਿਣਿਆ ਜਾਵੇ ਅਤੇ ਵਿਆਹ ਦਾ ਵਿਛਾਉਣਾ ਬੇਦਾਗ ਰਹੇ ਕਿਉਂਕਿ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ।

ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜੇ ਉਹ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਸ ਦਾ ਪ੍ਰਭੂ ਨੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਇਦਾ ਕੀਤਾ ਹੈ। ਜਦੋਂ ਕੋਈ ਮਨੁੱਖ ਪਰਤਾਇਆ ਜਾਵੇ ਤਾਂ ਉਹ ਇਹ ਨਾ ਆਖੇ ਕਿ ਮੈਂ ਪਰਮੇਸ਼ੁਰ ਦੇ ਵੱਲੋਂ ਪਰਤਾਇਆ ਜਾਂਦਾ ਹਾਂ, ਕਿਉਂ ਜੋ ਪਰਮੇਸ਼ੁਰ ਬੁਰੀਆਂ ਗੱਲਾਂ ਨਾਲ ਪਰਤਾਇਆ ਨਹੀਂ ਜਾਂਦਾ ਅਤੇ ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ। ਪਰ ਹਰ ਇੱਕ ਮਨੁੱਖ ਆਪਣੀਆਂ ਹੀ ਕਾਮਨਾਵਾਂ ਵਿੱਚ ਫਸ ਕੇ ਪਰਤਾਵੇ ਵਿੱਚ ਪੈਂਦਾ ਹੈ। ਫੇਰ ਕਾਮਨਾ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੰਦੀ ਹੈ, ਅਤੇ ਪਾਪ ਜਦੋਂ ਵੱਧ ਜਾਂਦਾ ਹੈ ਤਾਂ ਉਹ ਮੌਤ ਨੂੰ ਜਨਮ ਦਿੰਦਾ ਹੈ। ਹੇ ਮੇਰੇ ਪਿਆਰੇ ਭਰਾਵੋ, ਧੋਖਾ ਨਾ ਖਾਓ।

ਇਸ ਲਈ ਤੁਸੀਂ ਹਰ ਪ੍ਰਕਾਰ ਦੇ ਗੰਦ-ਮੰਦ ਅਤੇ ਵੈਰ-ਵਿਰੋਧ ਨੂੰ ਦੂਰ ਕਰ ਕੇ, ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਮਰਤਾ ਨਾਲ ਕਬੂਲ ਕਰ ਲਵੋ। ਪਰ ਬਚਨ ਉੱਤੇ ਅਮਲ ਕਰਨ ਵਾਲੇ ਬਣੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਕੇਵਲ ਸੁਣਨ ਵਾਲੇ ਹੀ ਨਾ ਹੋਵੋ।

ਜੇ ਕੋਈ ਸਾਰੀ ਬਿਵਸਥਾ ਦੀ ਪਾਲਨਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਤਾਂ ਉਹ ਸਾਰੀਆਂ ਗੱਲਾਂ ਵਿੱਚ ਦੋਸ਼ੀ ਹੋਇਆ।

ਤੁਹਾਡੇ ਵਿੱਚ ਲੜਾਈਆਂ ਅਤੇ ਝਗੜੇ ਕਿੱਥੋਂ ਆ ਗਏ? ਕੀ ਉਨ੍ਹਾਂ ਭੋਗ ਬਿਲਾਸਾਂ ਤੋਂ ਨਹੀਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ? ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ। ਤੁਹਾਨੂੰ ਇਸ ਲਈ ਨਹੀਂ ਮਿਲਦਾ, ਜੋ ਮੰਗਦੇ ਨਹੀਂ।

ਹੇ ਹਰਾਮਕਾਰੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ੁਰ ਨਾਲ ਵੈਰ ਕਰਨਾ ਹੈ? ਫੇਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ। ਕੀ ਤੁਸੀਂ ਇਹ ਸਮਝਦੇ ਹੋ, ਜੋ ਪਵਿੱਤਰ-ਸ਼ਾਸਤਰ ਵਿਅਰਥ ਕਹਿੰਦਾ ਹੈ? ਕਿ ਜਿਸ ਆਤਮਾ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ, ਕੀ ਉਹ ਅਜਿਹੀ ਲਾਲਸਾ ਕਰਦਾ ਹੈ, ਜਿਸ ਦਾ ਫਲ ਈਰਖਾ ਹੋਵੇ? ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਇਹ ਲਿਖਿਆ ਹੈ, ਕਿ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ। ਇਸ ਲਈ ਤੁਸੀਂ ਪਰਮੇਸ਼ੁਰ ਦੇ ਅਧੀਨ ਹੋ ਜਾਓ। ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਪਰਮੇਸ਼ੁਰ ਦੇ ਨੇੜੇ ਆਓ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਦੁੱਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਵਿੱਚ ਅਤੇ ਤੁਹਾਡਾ ਅਨੰਦ ਉਦਾਸੀ ਵਿੱਚ ਬਦਲ ਜਾਵੇ। ਪ੍ਰਭੂ ਦੇ ਸਾਹਮਣੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ।

ਹੇ ਭਰਾਵੋ, ਇੱਕ ਦੂਜੇ ਦੇ ਵਿਰੁੱਧ ਨਾ ਬੋਲੋ, ਜੋ ਕੋਈ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈ ਜਾਂ ਆਪਣੇ ਭਰਾ ਉੱਤੇ ਦੋਸ਼ ਲਾਉਂਦਾ ਹੈ ਸੋ ਪਰਮੇਸ਼ੁਰ ਦੀ ਬਿਵਸਥਾ ਦੇ ਵਿਰੁੱਧ ਬੋਲਦਾ ਹੈ ਅਤੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਪਰ ਜੇ ਤੂੰ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈਂ ਤਾਂ ਤੂੰ ਬਿਵਸਥਾ ਉੱਤੇ ਅਮਲ ਕਰਨ ਵਾਲਾ ਨਹੀਂ ਸਗੋਂ ਦੋਸ਼ ਲਾਉਣ ਵਾਲਾ ਹੋਇਆ l ਬਿਵਸਥਾ ਦੇਣ ਵਾਲਾ ਅਤੇ ਨਿਆਈਂ ਤਾਂ ਇੱਕੋ ਹੀ ਹੈ ਜਿਸ ਕੋਲ ਨਾਸ ਕਰਨ ਅਤੇ ਬਚਾਉਣ ਦਾ ਅਧਿਕਾਰ ਹੈ। ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ?।

ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।

ਤਾਂ ਉਹ ਜਾਣ ਲਵੇ ਕਿ ਇੱਕ ਪਾਪੀ ਨੂੰ ਉਹ ਦੇ ਬੁਰੇ ਰਾਹ ਤੋਂ ਮੋੜ ਲਿਆਵੇ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤਿਆਂ ਪਾਪਾਂ ਨੂੰ ਢੱਕ ਦੇਵੇਗਾ।

ਅਤੇ ਆਗਿਆਕਾਰ ਬੱਚਿਆਂ ਵਾਂਗੂੰ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜਿਹੇ ਨਾ ਬਣੋ। ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਕਿਉਂ ਜੋ ਇਹ ਲਿਖਿਆ ਹੋਇਆ ਹੈ; “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”

ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ

ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾ ਤੋਂ ਦੂਰ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ l

ਉਸ ਨੇ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ (ਸਲੀਬ) ਉੱਤੇ ਚੁੱਕ ਲਿਆ ਕਿ ਅਸੀਂ ਪਾਪ ਦੀ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜਿਉਂਦੇ ਰਹੀਏ l ਤੁਸੀਂ ਤਾਂ ਭੇਡਾਂ ਵਾਂਗੂੰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ।

ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਕਾਰਨ ਦੁੱਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਦੇ ਲਈ ਤਾਂ ਕਿ ਉਹ ਸਾਨੂੰ ਪਰਮੇਸ਼ੁਰ ਦੇ ਕੋਲ ਲੈ ਜਾਵੇ ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਉਂਦਾ ਕੀਤਾ ਗਿਆ

ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬੰਨੋ, ਕਿਉਂਕਿ ਜਿਸ ਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੀਏ ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਲਈ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇ ਬਾਜੀਆਂ ਅਤੇ ਘਿਣਾਉਣੇ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ

ਅਤੇ ਲਾਲਚ ਦੇ ਕਾਰਨ ਉਹ ਬਣਾਉਟੀ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਢੰਗ ਬਣਾ ਛੱਡਣਗੇ। ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਪਹਿਲਾਂ ਹੀ ਹੋਇਆ ਹੈ ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ। ਕਿਉਂਕਿ ਜਦੋਂ ਪਰਮੇਸ਼ੁਰ ਨੇ ਦੂਤਾਂ ਨੂੰ ਨਹੀਂ ਛੱਡਿਆ ਜਿਸ ਵੇਲੇ ਉਨ੍ਹਾਂ ਪਾਪ ਕੀਤਾ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕਾਰ ਵਿੱਚ ਬੰਨ ਕੇ ਰੱਖਿਆ ਤਾਂ ਕਿ ਨਿਆਂ ਦੇ ਲਈ ਕੈਦ ਵਿੱਚ ਰਹਿਣ।

ਤਾਂ ਪ੍ਰਭੂ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ! ਪਰ ਬਹੁਤ ਕਰਕੇ ਉਨ੍ਹਾਂ ਨੂੰ, ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁਛ ਜਾਣਦੇ ਹਨ। ਉਹ ਢੀਠ ਅਤੇ ਮਨ ਮਰਜ਼ੀ ਕਰਨ ਵਾਲੇ ਹਨ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ।

ਉਨ੍ਹਾਂ ਦੀਆਂ ਅੱਖਾਂ ਵਿਭਚਾਰਣਾਂ ਵੱਲ ਲੱਗੀਆਂ ਹੋਈਆਂ ਹਨ ਅਤੇ ਪਾਪ ਵੱਲੋਂ ਰੁਕ ਹੀ ਨਹੀਂ ਸਕਦੀਆਂ। ਉਹ ਡੋਲਣ ਵਾਲੇ ਜੀਵਾਂ ਨੂੰ ਭਰਮਾਉਂਦੇ ਹਨ। ਉਨ੍ਹਾਂ ਦੇ ਮਨ ਲੋਭ ਵਿੱਚ ਪੱਕੇ ਹੋਏ ਹਨ। ਉਹ ਸਰਾਪ ਦੇ ਪੁੱਤਰ ਹਨ!

ਇਹ ਸੱਚੀ ਕਹਾਵਤ ਉਨ੍ਹਾਂ ਉੱਤੇ ਠੀਕ ਢੁੱਕਦੀ ਹੈ ਭਈ ਕਿ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ ਅਤੇ ਨਹਿਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਜਾਂਦੀ ਹੈ।

ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ।

ਜੇ ਅਸੀਂ ਆਖੀਏ ਕਿ ਸਾਡੀ ਉਹ ਦੇ ਨਾਲ ਸੰਗਤ ਹੈ ਅਤੇ ਚੱਲੀਏ ਹਨ੍ਹੇਰੇ ਵਿੱਚ ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ। ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪਸ ਵਿੱਚ ਸੰਗਤ ਹੈ ਅਤੇ ਉਹ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ। ਜੇ ਅਸੀਂ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਨਹੀਂ ਹੈ। ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਜੇ ਆਖੀਏ ਕਿ ਅਸੀਂ ਪਾਪ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹ ਦਾ ਬਚਨ ਸਾਡੇ ਵਿੱਚ ਨਹੀਂ ਹੈ।

ਹੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ। ਅਤੇ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੈ ਪਰ ਸਿਰਫ਼ ਸਾਡਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ। ਅਤੇ ਜੇ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਹ ਨੂੰ ਜਾਣਿਆ ਹੈ। ਉਹ ਜਿਹੜਾ ਆਖਦਾ ਹੈ ਕਿ ਮੈਂ ਉਹ ਨੂੰ ਜਾਣਿਆ ਹੈ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਦਾ ਸੋ ਝੂਠਾ ਹੈ ਅਤੇ ਸਚਿਆਈ ਉਹ ਦੇ ਵਿੱਚ ਨਹੀਂ ਹੈ। ਪਰ ਜੇ ਕੋਈ ਉਹ ਦੇ ਬਚਨ ਦੀ ਪਾਲਨਾ ਕਰਦਾ ਹੋਵੇ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਹਾਂ। ਉਹ ਜਿਹੜਾ ਆਖਦਾ ਹੈ ਕਿ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ।

ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਹਨ੍ਹੇਰੇ ਵਿੱਚ ਹੈ ਅਤੇ ਹਨ੍ਹੇਰੇ ਵਿੱਚ ਚਲਦਾ ਹੈ ਅਤੇ ਨਹੀਂ ਜਾਣਦਾ ਕਿ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ ਇਸ ਲਈ ਜੋ ਹਨ੍ਹੇਰੇ ਨੇ ਉਸ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਹੈ।

ਹੇ ਬੱਚਿਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਹਾਡੇ ਪਾਪ ਉਹ ਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ।

ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪਿਆਰ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਘਮੰਡ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਅਤੇ ਸੰਸਾਰ ਅਤੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ।

ਹਰ ਕੋਈ ਜਿਹੜਾ ਪਾਪ ਕਰਦਾ ਹੈ, ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਦਾ ਹੈ ਅਤੇ ਬਿਵਸਥਾ ਨੂੰ ਤੋੜਨਾ ਹੀ ਪਾਪ ਹੈ l ਤੁਸੀਂ ਜਾਣਦੇ ਹੋ ਜੋ ਯਿਸੂ ਮਸੀਹ ਇਸ ਲਈ ਪ੍ਰਗਟ ਹੋਇਆ ਕਿ ਪਾਪਾਂ ਨੂੰ ਚੁੱਕ ਲੈ ਜਾਵੇ, ਅਤੇ ਉਹ ਦੇ ਵਿੱਚ ਪਾਪ ਨਹੀਂ ਹੈ। ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ। ਹਰ ਕੋਈ ਜਿਹੜਾ ਪਾਪ ਕਰਦਾ ਹੈ ਉਸ ਨੇ ਉਹ ਨੂੰ ਨਹੀਂ ਵੇਖਿਆ, ਨਾ ਉਹ ਨੂੰ ਜਾਣਿਆ ਹੈ। ਹੇ ਬੱਚਿਓ, ਕੋਈ ਤੁਹਾਨੂੰ ਨਾ ਭਰਮਾਵੇ। ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਸੋ ਧਰਮੀ ਹੈ, ਜਿਵੇਂ ਉਹ ਧਰਮੀ ਹੈ। ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ੁਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਤਾਂ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਕਿਉਂ ਜੋ ਪਰਮੇਸ਼ੁਰ ਦਾ ਬੀਜ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ ਕਿਉਂਕਿ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ। ਇਸ ਤੋਂ ਪਰਮੇਸ਼ੁਰ ਦੇ ਬੱਚੇ ਅਤੇ ਸ਼ੈਤਾਨ ਦੇ ਬੱਚੇ ਪ੍ਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਅਤੇ ਭਰਾ ਨਾਲ ਪਿਆਰ ਨਹੀਂ ਰੱਖਦਾ ਉਹ ਪਰਮੇਸ਼ੁਰ ਤੋਂ ਨਹੀਂ ਹੈ।

ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ।

ਪਰ ਜਿਸ ਕਿਸੇ ਕੋਲ ਸੰਸਾਰ ਦੀਆਂ ਵਸਤੂਆਂ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਉਸ ਉੱਤੇ ਤਰਸ ਨਾ ਖਾਵੇ, ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪਿਆਰ ਕਿਵੇਂ ਰਹਿੰਦਾ ਹੈ?

ਪਿਆਰ ਇਸ ਗੱਲ ਵਿੱਚ ਹੈ, ਨਾ ਇਹ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕੀਤਾ ਸਗੋਂ ਇਹ ਕਿ ਉਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੋਵੇ।

ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਵੇਖੇ ਜੋ ਮੌਤ ਦਾ ਕਾਰਨ ਨਹੀਂ ਹੈ, ਤਾਂ ਉਹ ਮੰਗੇ ਅਤੇ ਪਰਮੇਸ਼ੁਰ ਉਹ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਲਈ ਜਿਹੜੇ ਇਹੋ ਜਿਹਾ ਪਾਪ ਕਰਦੇ ਹਨ ਜੋ ਮੌਤ ਦਾ ਕਾਰਨ ਨਹੀਂ। ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ। ਉਹ ਦੇ ਵਿਖੇ ਮੈਂ ਨਹੀਂ ਆਖਦਾ ਕਿ ਉਹ ਬੇਨਤੀ ਕਰੇ। ਸਾਰਾ ਕੁਧਰਮ ਪਾਪ ਹੈ ਅਤੇ ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਨਹੀਂ। ਅਸੀਂ ਜਾਣਦੇ ਹਾਂ ਕਿ ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ, ਸੋ ਪਾਪ ਨਹੀਂ ਕਰਦਾ ਸਗੋਂ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਉਹ ਉਸ ਦੀ ਰਖਵਾਲੀ ਕਰਦਾ ਹੈ ਅਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ।

ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ। ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ-ਸਾਂਦ ਮਨਾਓ। ਕਿਉਂਕਿ ਜਿਹੜਾ ਉਸ ਦੀ ਸੁੱਖ-ਸਾਂਦ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।

ਤਾਂ ਕਿ ਸਭਨਾਂ ਦਾ ਨਿਆਂ ਕਰੇ ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ, ਦੋਸ਼ੀ ਠਹਿਰਾਵੇ।

ਇਹ ਬੁੜ-ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ, ਜਿਹੜੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਹਨ, ਮੂੰਹੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ।

ਇਸ ਲਈ ਤੋਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ।

ਅਤੇ ਮੈਂ ਉਹ ਨੂੰ ਮੌਕਾ ਦਿੱਤਾ ਕਿ ਉਹ ਤੋਬਾ ਕਰੇ ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ ਹੈ।

ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਠੰਡਾ ਹੈਂ ਅਤੇ ਨਾ ਗਰਮ ਹੈਂ। ਮੈਂ ਚਾਹੁੰਦਾ ਸੀ ਜੋ ਤੂੰ ਠੰਡਾ ਜਾਂ ਗਰਮ ਹੁੰਦਾ! ਸੋ ਤੂੰ ਸੀਲ ਗਰਮ ਜੋ ਹੈਂ, ਨਾ ਗਰਮ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ।

ਨਾ ਉਹਨਾਂ ਆਪਣੇ ਖੂਨਾਂ ਤੋਂ, ਨਾ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਚੋਰੀਆਂ ਤੋਂ ਤੋਬਾ ਕੀਤੀ।

ਮੈਂ ਇੱਕ ਹੋਰ ਅਵਾਜ਼ ਅਕਾਸ਼ ਤੋਂ ਇਹ ਆਖਦੇ ਸੁਣੀ, ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਕਿਤੇ ਤੁਸੀਂ ਉਹ ਦੇ ਪਾਪਾਂ ਦੇ ਭਾਗੀ ਬਣੋ, ਕਿਤੇ ਤੁਸੀਂ ਉਹ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਹੋਵੋ! ਉਹ ਦੇ ਪਾਪ ਤਾਂ ਸਵਰਗ ਤੱਕ ਪਹੁੰਚ ਗਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਯਾਦ ਕੀਤੇ ਹਨ।

ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਸ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ। ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ।

ਪਰ ਡਰਾਕਲਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਜੀ ਮੌਤ ਹੈ।

ਪਰ ਕੋਈ ਅਪਵਿੱਤਰ ਵਸਤ ਜਾਂ ਕੋਈ ਘਿਣਾਉਣੇ ਕੰਮ ਕਰਨ ਵਾਲਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ ਪਰ ਕੇਵਲ ਉਹ ਜਿਹਨਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ।

ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਅਸ਼ੁੱਧ ਹੈ ਉਹ ਅਗਾਹਾਂ ਨੂੰ ਅਸ਼ੁੱਧ ਹੋਈ ਜਾਏ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਏ।

ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ।

Punjabi - ਪੰਜਾਬੀ - PA

PAIRV'19 - Panjabi Indian Revised Version - 2019

This Bible text is from Panjabi Eastern Indian Revised Version IRV 2019
https://open.bible/bibles/panjabi_eastern-bridge-text-bible/
provided by: Bridge Connectivity Solutions Pvt Ltd, available by Creative Commons CC-BY-SA-4.0,
and this new compilation is shared as www.creativecommons.org/licenses/by-sa/4.0.
Languages are made available to you by www.ipedge.net