15 – ਸ਼ਰਾਬੀ

ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਸ਼ਰਾਬੀ.

ਚੋਟੀ ਦੀਆਂ 3 ਸਭ ਤੋਂ ਮਹੱਤਵਪੂਰਨ ਆਇਤਾਂ

ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਉਹ ਇਹ ਹਨ - ਹਰਾਮਕਾਰੀ, ਗੰਦ-ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਕ੍ਰੋਧ, ਵਿਰੋਧ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜਿਹੇ ਕੰਮ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ ਕਿ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਦੇ ਵਾਰਿਸ ਨਹੀਂ ਹੋਣਗੇ।

ਹੇ ਮਤਵਾਲਿਓ, ਜਾਗੋ ਅਤੇ ਰੋਵੋ! ਤੁਸੀਂ ਸਾਰੇ ਜੋ ਮਧ ਦੇ ਪਿਆਕੜ ਹੋ, ਨਵੀਂ ਮਧ ਦੇ ਕਾਰਨ ਭੁੱਬਾਂ ਮਾਰੋ, ਉਹ ਤਾਂ ਤੁਹਾਡੇ ਮੂੰਹ ਤੋਂ ਦੂਰ ਕਰ ਦਿੱਤੀ ਗਈ ਹੈ!

ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਕਿ ਜੇ ਕੋਈ ਭਰਾ ਕਹਾ ਕੇ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਗੱਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ, ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।

ਹਰ ਸ਼ਲੋਕ ਨੂੰ ਕਨੂੰਨੀ ਕ੍ਰਮ ਵਿੱਚ - 79 ਹਵਾਲੇ

ਨੂਹ ਖੇਤੀ ਕਰਨ ਲੱਗਾ ਅਤੇ ਉਸ ਨੇ ਅੰਗੂਰ ਦਾ ਬਾਗ਼ ਲਾਇਆ। ਉਸ ਨੇ ਮਧ ਪੀਤੀ ਅਤੇ ਮਤਵਾਲਾ ਹੋ ਗਿਆ, ਅਤੇ ਤੰਬੂ ਦੇ ਵਿੱਚ ਨੰਗਾ ਪੈ ਗਿਆ। ਤਦ ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ਼ ਵੇਖਿਆ ਅਤੇ ਉਸ ਨੇ ਆਪਣੇ ਦੋਹਾਂ ਭਰਾਵਾਂ ਨੂੰ ਜੋ ਬਾਹਰ ਸਨ, ਜਾ ਕੇ ਦੱਸਿਆ।

“ਜਦ ਤੂੰ ਜਾਂ ਤੇਰੇ ਪੁੱਤਰ ਮੰਡਲੀ ਦੇ ਡੇਰੇ ਵਿੱਚ ਜਾਓ ਤਦ ਤੁਸੀਂ ਕੋਈ ਮਧ ਜਾਂ ਨਸ਼ਾ ਨਾ ਪੀਣਾ, ਤਾਂ ਜੋ ਤੁਸੀਂ ਮਰ ਨਾ ਜਾਓ। ਇਹ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇ। ਤਾਂ ਜੋ ਤੁਸੀਂ ਪਵਿੱਤਰ ਅਤੇ ਅਪਵਿੱਤਰ ਦੇ ਵਿੱਚ ਅਤੇ ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਫ਼ਰਕ ਕਰ ਸਕੋ।

ਤਾਂ ਦਾਖ਼ਰਸ ਅਤੇ ਸ਼ਰਾਬ ਤੋਂ ਆਪਣੇ ਆਪ ਨੂੰ ਅੱਡ ਰੱਖੇ। ਉਹ, ਨਾ ਤਾਂ ਦਾਖਰਸ ਦਾ ਸਿਰਕਾ, ਨਾ ਸ਼ਰਾਬ ਦਾ ਸਿਰਕਾ ਪੀਵੇ ਅਤੇ ਉਹ ਕੋਈ ਦਾਖਰਸ ਨਾ ਪੀਵੇ ਨਾ ਕੋਈ ਦਾਖ ਸੁੱਕੀ ਜਾਂ ਤਾਜ਼ਾ ਖਾਵੇ।

ਅਤੇ ਉਹ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਆਖਣ, “ਸਾਡਾ ਇਹ ਪੁੱਤਰ ਜ਼ਿੱਦੀ ਅਤੇ ਆਕੀ ਹੈ ਅਤੇ ਸਾਡੀ ਗੱਲ ਨਹੀਂ ਸੁਣਦਾ, ਇਹ ਪੇਟੂ ਅਤੇ ਸ਼ਰਾਬੀ ਹੈ।”

ਉਹਨਾਂ ਦੀ ਦਾਖ ਬੇਲ ਤਾਂ ਸਦੂਮ ਦੀ ਦਾਖ ਬੇਲ ਤੋਂ ਨਿੱਕਲੀ, ਅਤੇ ਅਮੂਰਾਹ ਦੇ ਖੇਤਾਂ ਤੋਂ ਹੈ। ਉਸ ਦੇ ਅੰਗੂਰ ਜ਼ਹਿਰੀਲੇ ਅੰਗੂਰ ਹਨ, ਉਸ ਦੇ ਗੁੱਛੇ ਕੌੜੇ ਹਨ। ਉਹਨਾਂ ਦੀ ਮਧ ਨਾਗਾਂ ਦਾ ਜ਼ਹਿਰ ਹੈ, ਅਤੇ ਸੱਪਾਂ ਦੀ ਤਿੱਖੀ ਵਿੱਸ ਹੈ।

ਇਸ ਲਈ ਹੁਣ ਤੂੰ ਧਿਆਨ ਰੱਖੀਂ ਅਤੇ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ।

ਤੂੰ ਆਪਣੀ ਪਰਜਾ ਨੂੰ ਡਾਢੇ ਕਲੇਸ਼ ਵਿਖਾਏ ਹਨ, ਤੂੰ ਸਾਨੂੰ ਡੋਲਣ ਦੀ ਮਧ ਪਿਆਈ ਹੈ।

ਯਹੋਵਾਹ ਦੇ ਹੱਥ ਵਿੱਚ ਇੱਕ ਕਟੋਰਾ ਹੈ, ਅਤੇ ਮਧ ਝੱਗ ਛੱਡਦੀ ਹੈ, ਉਹ ਮਿਲਾਉਟ ਨਾਲ ਭਰੀ ਹੋਈ ਹੈ ਅਤੇ ਉਹ ਉਸ ਵਿੱਚੋਂ ਉਲੱਦ ਦਿੰਦਾ ਹੈ, ਸੱਚ-ਮੁੱਚ ਧਰਤੀ ਦੇ ਸਾਰੇ ਦੁਸ਼ਟ ਉਹ ਦੇ ਫੋਗ ਨੂੰ ਨਿਚੋੜ ਕੇ ਪੀਣਗੇ!

ਉਹ ਬੁਰਿਆਈ ਦੀ ਰੋਟੀ ਖਾਂਦੇ ਅਤੇ ਜ਼ੁਲਮ ਦੀ ਮਧ ਪੀਂਦੇ ਹਨ।

ਮੈਅ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਉਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!

ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ, ਜਿਹੜਾ ਮੈਅ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ।

ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ, ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।

ਕੌਣ ਹਾਏ ਹਾਏ ਕਰਦਾ ਹੈ? ਕੌਣ ਅਫ਼ਸੋਸ ਕਰਦਾ ਹੈ? ਕੌਣ ਝਗੜਾਲੂ ਹੈ? ਕੌਣ ਕੁੜਦਾ ਹੈ? ਕੌਣ ਐਂਵੇਂ ਘਾਇਲ ਹੁੰਦਾ ਹੈ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ? ਓਹੋ ਹਨ ਜਿਹੜੇ ਮੈਅ ਪੀਣ ਉੱਤੇ ਚਿਰ ਲਾਉਂਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ। ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ, ਅਤੇ ਉਹ ਸਹਿਜ ਨਾਲ ਹੇਠਾਂ ਉਤਰੇ, ਤਾਂ ਤੂੰ ਉਹ ਦੀ ਵੱਲ ਨਾ ਤੱਕ। ਓੜਕ ਉਹ ਸੱਪ ਦੀ ਵਾਂਗੂੰ ਡੰਗ ਮਾਰਦੀ ਹੈ, ਅਤੇ ਠੂਹੇਂ ਵਾਂਗੂੰ ਡੰਗ ਮਾਰਦੀ ਹੈ! ਤੇਰੀਆਂ ਅੱਖੀਆਂ ਅਨੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਦੀ ਕਲਪਨਾ ਕਰੇਗਾ! ਤੂੰ ਸਗੋਂ ਉਹ ਦੇ ਵਰਗਾ ਬਣ ਜਾਏਂਗਾ ਜਿਹੜਾ ਸਮੁੰਦਰ ਵਿੱਚ ਲੰਮਾ ਪਵੇ, ਅਥਵਾ ਮਸਤੂਲ ਦੇ ਸਿਰ ਉੱਤੇ ਲੇਟ ਜਾਵੇ। ਤੂੰ ਆਖੇਂਗਾ ਭਈ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ ਨਾ ਹੋਈ, ਮੈਂ ਕੁੱਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ ਸੀ। ਮੈਂ ਸੁਰਤ ਵਿੱਚ ਕਦੋਂ ਆਵਾਂਗਾ? ਮੈਂ ਫੇਰ ਉਸ ਦੀ ਭਾਲ ਕਰਾਂਗਾ!

ਰਾਜਿਆਂ ਨੂੰ, ਹੇ ਲਮੂਏਲ, ਰਾਜਿਆਂ ਨੂੰ ਦਾਖ ਮਧੂ ਦਾ ਪੀਣਾ ਜੋਗ ਨਹੀਂ, ਅਤੇ ਨਾ ਰਾਜ ਪੁੱਤਰਾਂ ਨੂੰ ਆਖਣਾ, ਸ਼ਰਾਬ ਕਿੱਥੇ ਹੈ ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਦੁਖਿਆਰਾਂ ਦਾ ਹੱਕ ਮਾਰਨ। ਸ਼ਰਾਬ ਉਸ ਨੂੰ ਪਿਲਾਓ ਜੋ ਨਾਸ ਹੋਣਾ ਵਾਲਾ ਹੈ, ਅਤੇ ਮਧ ਉਸ ਨੂੰ ਜਿਹ ਦਾ ਮਨ ਉਦਾਸ ਹੈ, ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ, ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ।

ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ ਅਤੇ ਤੇਰੇ ਹਾਕਮ ਵੇਲੇ ਸਿਰ ਜ਼ੋਰ ਵਧਾਉਣ ਲਈ ਖਾਂਦੇ ਹਨ, ਨਾ ਕਿ ਨਸ਼ੇ ਲਈ।

ਹਾਏ ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਤਾਂ ਜੋ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸ਼ਾਮ ਤੱਕ ਠਹਿਰਦੇ ਹਨ, ਤਾਂ ਜੋ ਮਧ ਉਹਨਾਂ ਨੂੰ ਮਸਤ ਕਰ ਦੇਵੇ! ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਮਧ ਤਾਂ ਹਨ, ਪਰ ਉਹ ਯਹੋਵਾਹ ਦੇ ਕੰਮਾਂ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ।

ਹਾਏ ਉਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ!

ਯਹੋਵਾਹ ਨੇ ਉਹ ਦੇ ਅੰਦਰ ਟੇਢੀ ਰੂਹ ਰਲਾ ਦਿੱਤੀ, ਉਨ੍ਹਾਂ ਨੇ ਮਿਸਰ ਨੂੰ ਉਹ ਦੇ ਸਭ ਕੰਮਾਂ ਵਿੱਚ ਡਗਮਗਾ ਦਿੱਤਾ ਹੈ, ਜਿਵੇਂ ਸ਼ਰਾਬੀ ਆਪਣੀ ਕੈ ਨਾਲ ਡਗਮਗਾਉਂਦਾ ਹੈ।

ਉਹ ਮਧ ਗੀਤ ਦੇ ਨਾਲ ਨਹੀਂ ਪੀਂਦੇ, ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ। ਗੜਬੜੀ ਮਚਾਉਣ ਵਾਲਾ ਨਗਰ ਤੋੜਿਆ ਗਿਆ, ਹਰੇਕ ਘਰ ਲੰਘਣੋਂ ਬੰਦ ਕੀਤਾ ਗਿਆ। ਚੌਕਾਂ ਵਿੱਚ ਮਧ ਲਈ ਰੌਲ਼ਾ ਹੈ, ਸਾਰਾ ਅਨੰਦ ਹਨੇਰ ਹੋ ਗਿਆ, ਧਰਤੀ ਦੀ ਖੁਸ਼ੀ ਮਿਟ ਗਈ ਹੈ। ਸ਼ਹਿਰ ਵਿੱਚ ਬਰਬਾਦੀ ਰਹਿ ਗਈ, ਫਾਟਕ ਟੁੱਟਿਆ-ਭੱਜਿਆ ਪਿਆ ਹੈ।

ਧਰਤੀ ਸ਼ਰਾਬੀ ਵਾਂਗੂੰ ਡਗਮਗਾਉਂਦੀ ਹੈ, ਉਹ ਛੱਪਰ ਵਾਂਗੂੰ ਹੁਲਾਰੇ ਖਾਂਦੀ ਹੈ, ਉਹ ਦੇ ਅਪਰਾਧ ਦਾ ਭਾਰ ਉਹ ਦੇ ਉੱਤੇ ਹੈ, ਉਹ ਡਿੱਗ ਪਈ ਅਤੇ ਫੇਰ ਕਦੇ ਨਾ ਉੱਠੇਗੀ।

ਹਾਏ ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦੇ ਮੁਕਟ ਉੱਤੇ! ਅਤੇ ਉਸ ਦੇ ਸ਼ਾਨਦਾਰ ਸੁਹੱਪਣ ਦੇ ਕੁਮਲਾਏ ਹੋਏ ਫੁੱਲ ਉੱਤੇ, ਜਿਹੜਾ ਉਨ੍ਹਾਂ ਬੇਹੋਸ਼ ਸ਼ਰਾਬੀਆਂ ਦੀ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ!

ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦਾ ਮੁਕਟ ਪੈਰਾਂ ਹੇਠ ਮਿੱਧਿਆ ਜਾਵੇਗਾ।

ਇਹ ਵੀ ਮਧ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ, - ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ, ਉਹ ਮਧ ਨਾਲ ਮਸਤਾਨੇ ਹਨ, ਉਹ ਸ਼ਰਾਬ ਨਾਲ ਡਗਮਗਾਉਂਦੇ ਹਨ, ਉਹ ਦਰਸ਼ਣ ਵੇਖਦੇ ਹੋਏ ਵੀ ਭੁਲੇਖਾ ਖਾਂਦੇ ਹਨ, ਨਿਆਂ ਕਰਨ ਵਿੱਚ ਭੁੱਲ ਕਰਦੇ ਹਨ! ਸਾਰੀਆਂ ਮੇਜ਼ਾਂ ਤਾਂ ਕੈ ਅਤੇ ਵਿਸ਼ਟੇ ਨਾਲ ਭਰੀਆਂ ਹੋਈਆਂ ਹਨ, ਕੋਈ ਥਾਂ ਸਾਫ਼ ਨਹੀਂ!

ਠਹਿਰੋ ਅਤੇ ਹੈਰਾਨ ਹੋਵੋ! ਮੌਜਾਂ ਲੁੱਟੋ ਅਤੇ ਅੰਨ੍ਹੇ ਹੋ ਜਾਓ! ਉਹ ਮਤਵਾਲੇ ਹਨ ਪਰ ਮਧ ਨਾਲ ਨਹੀਂ, ਉਹ ਡਗਮਗਾਉਂਦੇ ਹਨ ਪਰ ਸ਼ਰਾਬ ਨਾਲ ਨਹੀਂ!

ਆਓ, ਉਹ ਸਾਰੇ ਆਖਦੇ ਹਨ, ਅਸੀਂ ਮਧ ਲਿਆਈਏ ਅਤੇ ਰੱਜ ਕੇ ਪੀਵੀਏ, ਕੱਲ ਦਾ ਦਿਨ ਅੱਜ ਜਿਹਾ ਹੋਵੇਗਾ ਸਗੋਂ ਬਹੁਤ ਹੀ ਵੱਧ ਕੇ ਹੋਵੇਗਾ।

ਤੂੰ ਉਹਨਾਂ ਨੂੰ ਇਹ ਗੱਲ ਆਖ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ ਅਤੇ ਉਹ ਤੈਨੂੰ ਆਖਣਗੇ, ਕੀ ਅਸੀਂ ਸੱਚ-ਮੁੱਚ ਨਹੀਂ ਜਾਣਿਆ ਕਿ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ? ਤਦ ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਦੇ ਸਾਰੇ ਵਾਸੀਆਂ ਨੂੰ ਅਤੇ ਰਾਜਿਆਂ ਨੂੰ ਜਿਹੜੇ ਦਾਊਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ ਮੈਂ ਉਹਨਾਂ ਸਾਰਿਆਂ ਨੂੰ ਟਕਰਾ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਹੋਵਾਹ ਦਾ ਵਾਕ ਹੈ, ਨਾ ਮੈਂ ਤਰਸ ਕਰਾਂਗਾ, ਨਾ ਪੱਖ ਕਰਾਂਗਾ, ਨਾ ਰਹਮ ਕਰਾਂਗਾ ਭਈ ਮੈਂ ਉਹਨਾਂ ਨੂੰ ਨਾਸ ਨਾ ਕਰ ਦੇ।

ਨਬੀਆਂ ਦੇ ਲਈ ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ, ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ, ਮੈਂ ਇੱਕ ਸ਼ਰਾਬੀ ਮਨੁੱਖ ਵਾਂਗੂੰ ਹੋ ਗਿਆ ਹਾਂ, ਉਸ ਮਰਦ ਵਾਂਗੂੰ ਜਿਹ ਦੇ ਉੱਤੇ ਮੈਂ ਪਰਬਲ ਪਈ, ਯਹੋਵਾਹ ਦੇ ਕਾਰਨ ਅਤੇ ਉਸ ਦੇ ਪਵਿੱਤਰ ਬਚਨਾਂ ਦੇ ਕਾਰਨ।

ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਤਾਂ ਮੈਨੂੰ ਐਉਂ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੀ ਮਧ ਦਾ ਇਹ ਕਟੋਰਾ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਹਨਾਂ ਕੋਲ ਮੈਂ ਤੁਹਾਨੂੰ ਘੱਲਦਾ ਹਾਂ ਪਿਲਾ ਦੇ ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ।

ਤਾਂ ਤੂੰ ਉਹਨਾਂ ਨੂੰ ਆਖੀਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਪੀਓ, ਖੀਵੇ ਹੋ ਜਾਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ!।

ਤਾਂ ਮੈਂ ਰੇਕਾਬੀਆਂ ਦੇ ਘਰਾਣੇ ਦੇ ਪੁੱਤਰਾਂ ਅੱਗੇ ਮਧ ਨਾਲ ਭਰ ਕੇ ਕਟੋਰੇ ਅਤੇ ਕੌਲ ਰੱਖੋ ਅਤੇ ਉਹਨਾਂ ਨੂੰ ਆਖਿਆ, ਮਧ ਪਿਓ ਪਰ ਉਹਨਾਂ ਆਖਿਆ, ਅਸੀਂ ਮਧ ਨਹੀਂ ਪੀਵਾਂਗੇ ਕਿਉਂ ਜੋ ਸਾਡੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਸਦਾ ਤੱਕ ਮਧ ਨਾ ਪਿਓ, ਨਾ ਤੁਸੀਂ ਨਾ ਤੁਹਾਡੇ ਪੁੱਤਰ

ਉਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ, ਅਤੇ ਮੈਨੂੰ ਨਾਗਦੌਣੇ ਨਾਲ ਰਜਾ ਦਿੱਤਾ ਹੈ।

ਤੂੰ ਆਪਣੀ ਭੈਣ ਦੇ ਰਾਹ ਤੇ ਚਲੀ, ਇਸ ਲਈ ਮੈਂ ਉਹ ਦਾ ਕਟੋਰਾ ਤੇਰੇ ਹੱਥ ਵਿੱਚ ਦਿਆਂਗਾ। ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣੀ ਭੈਣ ਦੇ ਕਟੋਰੇ ਵਿੱਚੋਂ ਜੋ ਡੂੰਘਾ ਅਤੇ ਚੌੜਾ ਹੈ ਪੀਵੇਂਗੀ, ਲੋਕ ਤੇਰੇ ਉੱਤੇ ਹੱਸਣਗੇ ਅਤੇ ਤੈਨੂੰ ਠੱਠੇ ਕਰਨਗੇ, ਕਿਉਂ ਜੋ ਉਸ ਕਟੋਰੇ ਵਿੱਚ ਪੀਣ ਲਈ ਹੈ। ਤੂੰ ਮਸਤੀ ਤੇ ਸੋਗ ਨਾਲ ਭਰ ਜਾਵੇਂਗੀ, ਹੈਰਾਨੀ ਅਤੇ ਉਜਾੜ ਦਾ ਕਟੋਰਾ ਹੈ। ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ, ਉਹ ਦੀਆਂ ਠੀਕਰੀਆਂ ਵੀ ਚਬਾ ਜਾਵੇਂਗੀ ਅਤੇ ਆਪਣੀਆਂ ਛਾਤੀਆਂ ਪੁੱਟੇਂਗੀ। ਕਿਉਂ ਜੋ ਮੈਂ ਹੀ ਇਹ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ। ਸੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਮੈਨੂੰ ਭੁੱਲ ਗਈ ਅਤੇ ਮੈਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ, ਇਸ ਲਈ ਤੂੰ ਆਪਣੇ ਲੁੱਚਪੁਣੇ ਨੂੰ ਅਤੇ ਆਪਣੇ ਵਿਭਚਾਰ ਨੂੰ ਚੁੱਕ।

ਜਦੋਂ ਅੰਦਰਲੇ ਵੇਹੜੇ ਵਿੱਚ ਆਉਣ ਤਾਂ ਕੋਈ ਜਾਜਕ ਮੈ ਨਾ ਪੀਵੇ।

ਪਰ ਦਾਨੀਏਲ ਨੇ ਆਪਣੇ ਮਨ ਵਿੱਚ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਰਾਜੇ ਦੇ ਸੁਆਦਲੇ ਭੋਜਨ ਅਤੇ ਉਹ ਦੀ ਸ਼ਰਾਬ ਪੀ ਕੇ ਅਸ਼ੁੱਧ ਨਹੀਂ ਕਰੇਗਾ। ਇਸ ਲਈ ਉਸ ਨੇ ਖੁਸਰਿਆਂ ਦੇ ਪ੍ਰਧਾਨ ਦੇ ਅੱਗੇ ਬੇਨਤੀ ਕੀਤੀ ਜੋ ਉਹ ਨੂੰ ਆਪਣੇ ਆਪ ਨੂੰ ਅਸ਼ੁੱਧ ਕਰਨ ਤੋਂ ਮੁਆਫ਼ ਕੀਤਾ ਜਾਵੇ।

ਤਦ ਦਰੋਗੇ ਨੇ ਉਹਨਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਹਨਾਂ ਦੇ ਪੀਣ ਲਈ ਠਹਿਰਾਈ ਹੋਈ ਸੀ, ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਸਾਗ ਪਤ ਹੀ ਖਾਣ ਨੂੰ ਦਿੱਤਾ।

ਸਗੋਂ ਅਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡੇ ਓਹ ਤੇਰੇ ਅੱਗੇ ਲਿਆਏ ਅਤੇ ਤੂੰ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲੀਆਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਅਤੇ ਤੂੰ ਚਾਂਦੀ ਅਤੇ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ ਹਨ ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ੁਰ ਦਾ ਜਿਹ ਦੇ ਹੱਥ ਵਿੱਚ ਤੇਰਾ ਦਮ ਅਤੇ ਤੇਰੇ ਸਾਰੇ ਰਾਹ ਹਨ ਉਹ ਦਾ ਆਦਰ ਨਾ ਕੀਤਾ।

ਵਿਭਚਾਰ, ਮਧ ਅਤੇ ਨਵੀਂ ਮੈਅ, ਇਹ ਮੱਤ ਮਾਰ ਲੈਂਦੀਆਂ ਹਨ।

ਸਾਡੇ ਰਾਜੇ ਦੇ ਤਿਉਹਾਰਾਂ ਦੇ ਦਿਨ ਹਾਕਮ ਮੈਅ ਦੀ ਗਰਮੀ ਨਾਲ ਬਿਮਾਰ ਹੋ ਗਏ, ਉਸ ਨੇ ਠੱਠਾ ਕਰਨ ਵਾਲਿਆਂ ਨਾਲ ਆਪਣਾ ਹੱਥ ਮਿਲਾਇਆ।

ਹੇ ਮਤਵਾਲਿਓ, ਜਾਗੋ ਅਤੇ ਰੋਵੋ! ਤੁਸੀਂ ਸਾਰੇ ਜੋ ਮਧ ਦੇ ਪਿਆਕੜ ਹੋ, ਨਵੀਂ ਮਧ ਦੇ ਕਾਰਨ ਭੁੱਬਾਂ ਮਾਰੋ, ਉਹ ਤਾਂ ਤੁਹਾਡੇ ਮੂੰਹ ਤੋਂ ਦੂਰ ਕਰ ਦਿੱਤੀ ਗਈ ਹੈ!

ਉਹ ਹਰ ਜਗਵੇਦੀ ਕੋਲ ਗਿਰਵੀ ਰੱਖੇ ਹੋਏ ਬਸਤਰਾਂ ਉੱਤੇ ਲੇਟਦੇ ਹਨ ਅਤੇ ਜੁਰਮਾਨੇ ਦੇ ਪੈਸਿਆਂ ਨਾਲ ਖਰੀਦੀ ਹੋਈ ਮਧ ਆਪਣੇ ਦੇਵਤਿਆਂ ਦੇ ਭਵਨ ਵਿੱਚ ਪੀਂਦੇ ਹਨ।

ਪਰ ਤੁਸੀਂ ਨਜ਼ੀਰਾਂ ਨੂੰ ਮਧ ਪਿਲਾਈ ਅਤੇ ਨਬੀਆਂ ਨੂੰ ਹੁਕਮ ਦਿੱਤਾ, ਭਵਿੱਖਬਾਣੀ ਨਾ ਕਰੋ!

ਤੁਸੀਂ ਪਿਆਲਿਆਂ ਵਿੱਚ ਮਧ ਪੀਂਦੇ ਅਤੇ ਆਪਣੇ ਆਪ ਨੂੰ ਖ਼ਾਲਸ ਤੇਲ ਨਾਲ ਮਲਦੇ ਹੋ, ਪਰ ਯੂਸੁਫ਼ ਦੀ ਤਬਾਹੀ ਉੱਤੇ ਅਫ਼ਸੋਸ ਨਹੀਂ ਕਰਦੇ!

ਜੇਕਰ ਇੱਕ ਝੂਠੀ ਆਤਮਾ ਵਿੱਚ ਚੱਲਦਾ ਹੋਇਆ, ਝੂਠੀ ਅਤੇ ਵਿਅਰਥ ਗੱਲ ਬਕੇ ਅਤੇ ਆਖੇ, “ਮੈਂ ਤੇਰੇ ਲਈ ਮਧ ਅਤੇ ਸ਼ਰਾਬ ਦੀ ਭਵਿੱਖਬਾਣੀ ਕਰਾਂਗਾ,” ਤਾਂ ਉਹ ਇਸ ਪਰਜਾ ਦਾ ਨਬੀ ਹੁੰਦਾ ਹੈ!

ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ।

ਹਾਏ ਉਸ ਨੂੰ, ਜੋ ਆਪਣੇ ਗੁਆਂਢੀ ਨੂੰ ਮਧ ਦੇ ਕਟੋਰੇ ਤੋਂ ਪਿਲਾਉਂਦਾ ਹੈ ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਤਾਂ ਜੋ ਤੂੰ ਉਹਨਾਂ ਦੇ ਨੰਗੇਜ਼ ਨੂੰ ਵੇਖੇਂ! ਤੂੰ ਅਨਾਦਰ ਨਾਲ ਰੱਜੇਂਗਾ, ਪਰਤਾਪ ਨਾਲ ਨਹੀਂ, ਤੂੰ ਪੀ ਅਤੇ ਬੇਸੁੰਨਤ ਹੋ, ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆ ਪਵੇਗਾ ਅਤੇ ਅਨਾਦਰ ਤੇਰੇ ਪਰਤਾਪ ਨੂੰ ਢੱਕ ਲਵੇਗਾ,

ਕਿਉਂਕਿ ਯੂਹੰਨਾ ਨਾ ਤਾਂ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਆਇਆ, ਅਤੇ ਉਹ ਆਖਦੇ ਹਨ ਜੋ ਉਹ ਦੇ ਵਿੱਚ ਇੱਕ ਭੂਤ ਹੈ। ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਉਹ ਆਖਦੇ ਹਨ, ਵੇਖੋ ਇੱਕ ਪੇਟੂ ਅਤੇ ਸ਼ਰਾਬੀ, ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ। ਸੋ ਗਿਆਨ ਆਪਣੇ ਕੰਮਾਂ ਦੁਆਰਾ ਸੱਚਾ ਠਹਿਰਿਆ!

ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ, ਜੋ ਮੇਰਾ ਮਾਲਕ ਚਿਰ ਲਾਉਂਦਾ ਹੈ ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ। ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ, ਉਸ ਨੌਕਰ ਦਾ ਮਾਲਕ ਆਵੇਗਾ। ਅਤੇ ਉਹ ਨੂੰ ਦੋ ਟੁੱਕੜੇ ਕਰ ਦੇਵੇਗਾ ਅਤੇ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।

ਕਿਉਂਕਿ ਉਹ ਪਰਮੇਸ਼ੁਰ ਸਾਹਮਣੇ ਮਹਾਨ ਹੋਵੇਗਾ ਅਤੇ ਨਾ ਮੈਅ, ਨਾ ਮਧ ਪੀਵੇਗਾ ਅਤੇ ਆਪਣੀ ਮਾਤਾ ਦੇ ਗਰਭ ਤੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਹੋਵੇਗਾ।

ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ, ਉਹ ਨਾ ਤਾਂ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਸੀ ਅਤੇ ਤੁਸੀਂ ਆਖਦੇ ਹੋ ਕਿ ਉਹ ਦੇ ਵਿੱਚ ਇੱਕ ਭੂਤ ਹੈ। ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਹੈ ਅਤੇ ਤੁਸੀਂ ਉਸ ਬਾਰੇ ਕਹਿੰਦੇ ਹੋ, ਵੇਖੋ ਇੱਕ ਪੇਟੂ ਅਤੇ ਸ਼ਰਾਬੀ ਮਨੁੱਖ, ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ!

ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਆਉਣ ਵਿੱਚ ਦੇਰ ਲਾਉਂਦਾ ਹੈ ਅਤੇ ਦਾਸ-ਦਾਸੀਆਂ ਨੂੰ ਮਾਰੇ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ। ਤਾਂ ਉਸ ਨੌਕਰ ਦਾ ਮਾਲਕ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਸਮੇਂ ਉਹ ਨਹੀਂ ਜਾਣਦਾ ਆਵੇਗਾ ਅਤੇ ਉਸ ਨੂੰ ਟੁੱਕੜੇ-ਟੁੱਕੜੇ ਕਰ ਕੇ ਬੇਈਮਾਨਾਂ ਨਾਲ ਉਸ ਦਾ ਹਿੱਸਾ ਠਹਿਰਾਵੇਗਾ।

ਖ਼ਬਰਦਾਰ ਰਹੋ ਜੋ ਹੱਦ ਤੋਂ ਵੱਧ ਖਾਣ-ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਸੁਸਤ ਨਾ ਹੋ ਜਾਣ ਅਤੇ ਉਹ ਦਿਨ ਫੰਦੇ ਵਾਂਗੂੰ ਤੁਹਾਡੇ ਉੱਤੇ ਅਚਾਨਕ ਆ ਪਵੇ!

ਉਸ ਨੇ ਉਸ ਪਾਣੀ ਨੂੰ ਚੱਖ ਕੇ ਵੇਖਿਆ, ਉਹ ਅੰਗੂਰਾਂ ਦਾ ਰਸ ਬਣ ਚੁੱਕਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਅੰਗੂਰਾਂ ਦਾ ਰਸ ਕਿੱਥੋਂ ਆਇਆ ਹੈ। ਪਰ ਜਿਨ੍ਹਾਂ ਸੇਵਕਾਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸਨ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ। ਅਤੇ ਉਸ ਨੂੰ ਆਖਿਆ, “ਹਮੇਸ਼ਾਂ ਲੋਕ ਪਹਿਲਾਂ ਚੰਗਾ ਰਸ ਦਿੰਦੇ ਹਨ, ਜਦੋਂ ਮਹਿਮਾਨ ਜਿਆਦਾ ਹੁੰਦੇ ਹਨ, ਫ਼ੇਰ ਉਹ ਮਾੜਾ ਰਸ ਦਿੰਦੇ ਹਨ। ਪਰ ਤੁਸੀਂ ਹੁਣ ਤੱਕ ਵਧੀਆ ਅੰਗੂਰੀ ਰਸ ਰੱਖ ਲਿਆ ਹੈ।”

ਦੂਜਿਆਂ ਨੇ ਮਖ਼ੌਲ ਨਾਲ ਕਿਹਾ ਕਿ ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ! ਤਦ ਪਤਰਸ ਉਨ੍ਹਾਂ ਗਿਆਰ੍ਹਾਂ ਦੇ ਨਾਲ ਕੇ ਖੜ੍ਹੇ ਹੋ ਕੇ ਉੱਚੀ ਅਵਾਜ਼ ਨਾਲ ਆਖਣ ਲੱਗਾ ਕਿ ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ ਇਹ ਜਾਣੋ ਅਤੇ ਕੰਨ ਲਾ ਮੇਰੀਆਂ ਗੱਲਾਂ ਸੁਣੋ! ਕਿ ਇਹ ਜਿਵੇਂ ਤੁਸੀਂ ਸਮਝਦੇ ਹੋ ਨਸ਼ੇ ਵਿੱਚ ਨਹੀਂ ਹਨ ਕਿਉਂ ਜੋ ਅਜੇ ਤਾਂ ਦਿਨ ਹੀ ਚੜਿਆ ਹੈ। ਪਰ ਇਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜੁਬਾਨੀ ਆਖੀ ਗਈ ਸੀ।

ਜਿਵੇਂ ਦਿਨ ਵੇਲੇ ਸ਼ੋਭਾ ਦਿੰਦਾ ਹੈ, ਉਵੇਂ ਹੀ ਅਸੀਂ ਭਲਮਾਨਸੀ ਨਾਲ ਚੱਲੀਏ, ਨਾ ਨਾਚ-ਰੰਗ ਅਤੇ ਨਾ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਖਾਰ ਵਿੱਚ। ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਕੋਈ ਪ੍ਰਬੰਧ ਨਾ ਕਰੋ।

ਭਲੀ ਗੱਲ ਤਾਂ ਇਹ ਹੈ, ਕਿ ਨਾ ਤੂੰ ਮਾਸ ਖਾਵੇਂ ਅਤੇ ਨਾ ਤੂੰ ਸ਼ਰਾਬ ਪੀਵੇਂ ਅਤੇ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੋਕਰ ਖਾਵੇ।

ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ? ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ।

ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਕਿ ਜੇ ਕੋਈ ਭਰਾ ਕਹਾ ਕੇ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਗੱਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ, ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।

ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼। ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਗੇ। ਅਤੇ ਤੁਹਾਡੇ ਵਿੱਚੋਂ ਕਈ ਅਜਿਹੇ ਸਨ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ।

ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ? ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।

ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ, ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਰਸਤਾ ਵੀ ਕੱਢ ਦੇਵੇਗਾ ਤਾਂ ਜੋ ਤੁਸੀਂ ਸਹਿ ਸਕੋ।

ਜੇ ਆਦਮੀ ਦੀ ਤਰ੍ਹਾਂ ਮੈਂ ਅਫ਼ਸੁਸ ਵਿੱਚ ਬੁਰਿਆਰਾਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ? ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਕੱਲ ਤਾਂ ਅਸੀਂ ਮਰਨਾ ਹੈ ਧੋਖਾ ਨਾ ਖਾਓ, ਬੁਰੀ ਸੰਗਤ ਚੰਗੇ ਚਾਲ-ਚਲਣ ਨੂੰ ਵਿਗਾੜ ਦਿੰਦੀ ਹੈ। ਤੁਸੀਂ ਧਾਰਮਿਕਤਾ ਲਈ ਸਮਝ ਰੱਖੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ। ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ।

ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਉਹ ਇਹ ਹਨ - ਹਰਾਮਕਾਰੀ, ਗੰਦ-ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਕ੍ਰੋਧ, ਵਿਰੋਧ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜਿਹੇ ਕੰਮ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ ਕਿ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਦੇ ਵਾਰਿਸ ਨਹੀਂ ਹੋਣਗੇ।

ਅਤੇ ਸ਼ਰਾਬ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। ਅਤੇ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾ ਕੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਮਨ ਲਗਾ ਕੇ ਪ੍ਰਭੂ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ।

ਸੋ ਇਸ ਲਈ ਅਸੀਂ ਹੋਰਨਾਂ ਵਾਂਗੂੰ ਨਾ ਸੌਂਈਏ ਸਗੋਂ ਜਾਗਦੇ ਅਤੇ ਸੁਚੇਤ ਰਹੀਏ। ਕਿਉਂਕਿ ਜਿਹੜੇ ਸੌਂਦੇ ਹਨ ਉਹ ਰਾਤ ਨੂੰ ਹੀ ਸੌਂਦੇ ਹਨ ਅਤੇ ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ ਉਹ ਰਾਤ ਨੂੰ ਹੀ ਹੁੰਦੇ ਹਨ। ਪਰ ਅਸੀਂ ਜਦੋਂ ਦਿਨ ਵਾਲੇ ਹਾਂ ਤਾਂ ਵਿਸ਼ਵਾਸ ਅਤੇ ਪਿਆਰ ਨੂੰ ਸੁਰੱਖਿਆ ਵੱਜੋਂ ਪਹਿਨਣਾ ਅਤੇ ਮੁਕਤੀ ਦੀ ਆਸ ਨੂੰ ਸਿਰ ਦੇ ਟੋਪ ਦੀ ਥਾਂ ਪਹਿਨ ਕੇ ਸੁਚੇਤ ਰਹੀਏ। ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ, ਸਗੋਂ ਇਸ ਲਈ ਠਹਿਰਾਇਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ।

ਇਸ ਲਈ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ, ਸੁਰਤ ਵਾਲਾ, ਨੇਕ ਚਲਣ, ਪਰਾਹੁਣਚਾਰ ਅਤੇ ਸਿੱਖਿਆ ਦੇਣ ਯੋਗ ਹੋਵੇ, ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਨਾ ਝਗੜਾਲੂ, ਨਾ ਪੈਸੇ ਦਾ ਲੋਭੀ, ਸਗੋਂ ਸੀਲ ਸੁਭਾਓ ਹੋਵੇ।

ਇਸੇ ਤਰ੍ਹਾਂ ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋ ਜ਼ਬਾਨੇ, ਨਾ ਸ਼ਰਾਬ ਪੀਣ ਵਾਲੇ, ਨਾ ਝੂਠੀ ਕਮਾਈ ਦੇ ਲੋਭੀ।

ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ।

ਪਰ ਤੂੰ ਸਭ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਝੱਲੀ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਾ ਕਰੀਂ। ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਘ ਦੇਣ ਨੂੰ ਹਾਂ ਅਤੇ ਮੇਰਾ ਆਖਰੀ ਸਮਾਂ ਆ ਚੁੱਕਿਆ ਹੈ।

ਕਿਉਂਕਿ ਚਾਹੀਦਾ ਹੈ ਜੋ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਭੰਡਾਰੀ ਹੋਣ ਦੇ ਕਰਕੇ, ਨਿਰਦੋਸ਼ ਹੋਵੇ, ਨਾ ਮਨ ਮਰਜ਼ੀ ਕਰਨ ਵਾਲਾ, ਨਾ ਕ੍ਰੋਧੀ, ਨਾ ਸ਼ਰਾਬੀ, ਨਾ ਝਗੜਾਲੂ, ਨਾ ਝੂਠੇ ਲਾਭ ਦਾ ਲਾਲਚੀ ਹੋਵੇ। ਸਗੋਂ ਪਰਾਹੁਣਚਾਰੀ, ਨੇਕੀ ਦਾ ਪਿਆਰ, ਸਮਝ ਵਾਲਾ, ਧਰਮੀ, ਪਵਿੱਤਰ, ਪਰਹੇਜ਼ਗਾਰ ਹੋਵੇ।

ਜੋ ਬਜ਼ੁਰਗ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਵਿਸ਼ਵਾਸ, ਪਿਆਰ ਅਤੇ ਸਹਿਣਸ਼ੀਲਤਾ ਵਿੱਚ ਮਜ਼ਬੂਤ ਹੋਣ। ਇਸੇ ਪਰਕਾਰ ਬਜ਼ੁਰਗ ਔਰਤਾਂ ਦਾ ਚਾਲ-ਚਲਣ ਵੀ ਆਦਰ ਵਾਲਾ ਹੋਵੇ, ਉਹ ਨਾ ਦੋਸ਼ ਲਾਉਣ ਵਾਲੀਆਂ, ਨਾ ਸ਼ਰਾਬ ਪੀਣ ਵਾਲੀਆਂ ਸਗੋਂ ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੀਆਂ ਹੋਣ।

ਇਸੇ ਤਰ੍ਹਾਂ ਨੌਜਵਾਨਾਂ ਨੂੰ ਸਮਝਾ ਜੋ ਬਹੁਤੇ ਕਾਹਲੇ ਨਾ ਹੋਣ।

ਅਤੇ ਇਹ ਕਿਰਪਾ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਸਮੇਂ ਵਿੱਚ ਸਮਝ, ਧਾਰਮਿਕਤਾ ਅਤੇ ਭਗਤੀ ਨਾਲ ਜ਼ਿੰਦਗੀ ਨੂੰ ਬਤੀਤ ਕਰੀਏ।

ਇਸ ਲਈ ਤੁਸੀਂ ਆਪਣੀ ਬੁੱਧੀ ਨਾਲ ਲੱਕ ਬੰਨ ਕੇ ਸੁਚੇਤ ਰਹੋ ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ। ਅਤੇ ਆਗਿਆਕਾਰ ਬੱਚਿਆਂ ਵਾਂਗੂੰ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜਿਹੇ ਨਾ ਬਣੋ। ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਕਿਉਂ ਜੋ ਇਹ ਲਿਖਿਆ ਹੋਇਆ ਹੈ; “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”

ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਲਈ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇ ਬਾਜੀਆਂ ਅਤੇ ਘਿਣਾਉਣੇ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ

ਸੁਚੇਤ ਹੋਵੋ, ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵਾਂ ਤੁਸੀਂ ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਜਿਹੜੇ ਤੁਹਾਡੇ ਭੈਣ-ਭਾਈ ਸੰਸਾਰ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ

ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।

ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਸਭਨਾਂ ਕੌਮਾਂ ਨੂੰ ਪਿਆਈ ਹੈ!।

ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਮੈਅ ਨਾਲ ਮਸਤ ਹੋਏ।

ਕਿਉਂ ਜੋ ਉਹ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਤੋਂ ਸਾਰੀਆਂ ਕੌਮਾਂ ਨੇ ਪੀਤਾ, ਅਤੇ ਧਰਤੀ ਦੇ ਰਾਜਿਆਂ ਨੇ ਉਹ ਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਵਪਾਰੀ ਉਹ ਦੇ ਬਹੁਤ ਜਿਆਦਾ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।

Punjabi - ਪੰਜਾਬੀ - PA

PAIRV'19 - Panjabi Indian Revised Version - 2019

This Bible text is from Panjabi Eastern Indian Revised Version IRV 2019
https://open.bible/bibles/panjabi_eastern-bridge-text-bible/
provided by: Bridge Connectivity Solutions Pvt Ltd, available by Creative Commons CC-BY-SA-4.0,
and this new compilation is shared as www.creativecommons.org/licenses/by-sa/4.0.
Languages are made available to you by www.ipedge.net