05 – ਸਵਰਗ
ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਸਵਰਗ.
ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਸਵਰਗ.
ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਉਹੀ ਵਸਤਾਂ ਨਾ ਅੱਖੀਂ ਵੇਖੀਆਂ, ਨਾ ਕੰਨੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।
”ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹ ਦੀ ਬੰਦਗੀ ਕਰਨਗੇ। ਅਤੇ ਉਹ ਦਾ ਦਰਸ਼ਣ ਪਾਉਣਗੇ ਅਤੇ ਉਹ ਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਰੋਸ਼ਨੀ ਸਗੋਂ ਸੂਰਜ ਦੇ ਚਾਨਣ ਦੀ ਕੁਝ ਜ਼ਰੂਰਤ ਨਹੀਂ ਕਿਉਂ ਜੋ ਪ੍ਰਭੂ ਪਰਮੇਸ਼ੁਰ ਉਹਨਾਂ ਨੂੰ ਚਾਨਣ ਦੇਵੇਗਾ, ਅਤੇ ਉਹ ਜੁੱਗੋ-ਜੁੱਗ ਰਾਜ ਕਰਨਗੇ।
”ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੇ ਹੇਠਾਂ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ। ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗੂੰ ਚਮਕਣਗੇ ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ।
”ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ।
”ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਦਾ ਹਰੇਕ ਰੁੱਖ ਜਿਹੜਾ ਵੇਖਣ ਵਿੱਚ ਮਨਭਾਉਣਾ ਸੀ ਅਤੇ ਜਿਸ ਦਾ ਫਲ ਖਾਣ ਵਿੱਚ ਚੰਗਾ ਸੀ, ਉਗਾਏ ਅਤੇ, ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਤੇ ਭਲੇ ਬੁਰੇ ਦੇ ਗਿਆਨ ਦਾ ਰੁੱਖ ਵੀ ਉਗਾਇਆ।
”ਤਦ ਉਸ ਨੇ ਇੱਕ ਸੁਫ਼ਨਾ ਵੇਖਿਆ ਅਤੇ ਵੇਖੋ, ਇੱਕ ਪੌੜੀ ਧਰਤੀ ਉੱਤੇ ਰੱਖੀ ਹੋਈ ਸੀ ਅਤੇ ਉਸ ਦੀ ਚੋਟੀ ਅਕਾਸ਼ ਤੱਕ ਸੀ, ਅਤੇ ਵੇਖੋ ਪਰਮੇਸ਼ੁਰ ਦੇ ਦੂਤ ਉਹ ਦੇ ਉੱਤੇ ਚੜ੍ਹਦੇ-ਉੱਤਰਦੇ ਸਨ।
”ਅਤੇ ਉਸ ਨੇ ਭੈਅ ਖਾ ਕੇ ਆਖਿਆ, ਇਹ ਸਥਾਨ ਕਿੰਨ੍ਹਾਂ ਭਿਆਨਕ ਹੈ। ਪਰਮੇਸ਼ੁਰ ਦੇ ਘਰ ਦੇ ਬਿਨ੍ਹਾਂ ਇਹ ਕੋਈ ਹੋਰ ਸਥਾਨ ਨਹੀਂ ਹੋ ਸਕਦਾ, ਸਗੋਂ ਇਹ ਤਾਂ ਸਵਰਗ ਦਾ ਫਾਟਕ ਹੈ।
”ਵੇਖੋ, ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ, ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ।
”ਤੂੰ ਸਵਰਗ ਵਿੱਚੋਂ ਜੋ ਤੇਰਾ ਪਵਿੱਤਰ ਨਿਵਾਸ ਹੈ, ਹੇਠਾਂ ਨਿਗਾਹ ਮਾਰ ਅਤੇ ਆਪਣੀ ਪਰਜਾ ਇਸਰਾਏਲ ਨੂੰ ਬਰਕਤ ਦੇ, ਅਤੇ ਇਸ ਜ਼ਮੀਨ ਨੂੰ ਵੀ ਜਿਹੜੀ ਤੂੰ ਸਾਨੂੰ ਦਿੱਤੀ ਹੈ, ਜਿਵੇਂ ਤੂੰ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਇੱਕ ਅਜਿਹਾ ਦੇਸ਼ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।”
”ਭਲਾ, ਪਰਮੇਸ਼ੁਰ ਸੱਚ-ਮੁੱਚ ਧਰਤੀ ਉੱਤੇ ਵਾਸ ਕਰੇਗਾ? ਵੇਖ, ਸਵਰਗ ਸਗੋਂ ਸਵਰਗਾਂ ਦੇ ਸਵਰਗ ਤੈਨੂੰ ਨਹੀਂ ਸੰਭਾਲ ਸਕੇ, ਫਿਰ ਕਿਵੇਂ ਇਹ ਭਵਨ ਜੋ ਮੈਂ ਬਣਾਇਆ?
”ਆਪਣੇ ਦਾਸ ਦੀ ਅਤੇ ਆਪਣੀ ਪਰਜਾ ਇਸਰਾਏਲ ਦੀਆਂ ਬੇਨਤੀਆਂ ਨੂੰ ਸੁਣ ਲਈਂ ਜਦ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ, ਸਗੋਂ ਆਪਣੇ ਸਵਰਗੀ ਭਵਨ ਵਿੱਚੋਂ ਸੁਣ ਲਈਂ ਅਤੇ ਸੁਣ ਕੇ ਮਾਫ਼ ਕਰੀਂ।
”ਹੇ ਯਹੋਵਾਹ, ਵਡਿਆਈ, ਸ਼ਕਤੀ, ਪਰਤਾਪ, ਫ਼ਤਹ ਅਤੇ ਮਹਿਮਾ ਤੇਰੀ ਹੀ ਹੈ, ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉੱਚੇ ਤੋਂ ਉੱਚਾ ਹੈਂ।
”“ਤੂੰ, ਹਾਂ ਤੂੰ ਹੀ ਕੇਵਲ ਇੱਕ ਯਹੋਵਾਹ ਹੈਂ, ਤੂੰ ਸਵਰਗ ਸਗੋਂ ਸਭ ਤੋਂ ਉੱਚੇ ਸਵਰਗ ਅਤੇ ਉਨ੍ਹਾਂ ਦੀ ਸਾਰੀ ਸੈਨਾਂ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ, ਸਭ ਕੁਝ ਤੂੰ ਹੀ ਬਣਾਇਆ ਹੈ, ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ ਅਤੇ ਸਵਰਗ ਦੀ ਸਾਰੀ ਸੈਨਾਂ ਤੈਨੂੰ ਹੀ ਮੱਥਾ ਟੇਕਦੀ ਹੈ,
”ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਯਹੋਵਾਹ ਦਾ ਸਿੰਘਾਸਣ ਸਵਰਗ ਵਿੱਚ ਹੈ ਉਹ ਦੀਆਂ ਅੱਖਾਂ ਤੱਕਦੀਆਂ ਹਨ ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਂਚਦੀਆਂ ਹਨ।
”ਤੂੰ ਮੈਨੂੰ ਜੀਵਨ ਦਾ ਮਾਰਗ ਵਿਖਾਵੇਂਗਾ, ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ।
”ਹੁਣ ਮੈਂ ਜਾਣਿਆ ਕਿ ਯਹੋਵਾਹ ਆਪਣੇ ਮਸਹ ਕੀਤੇ ਹੋਏ ਨੂੰ ਬਚਾਉਂਦਾ ਹੈ, ਉਹ ਆਪਣੇ ਪਵਿੱਤਰ ਸਵਰਗ ਤੋਂ ਉਹ ਨੂੰ ਉੱਤਰ ਦੇਵੇਗਾ, ਆਪਣੇ ਸੱਜੇ ਹੱਥ ਦੀ ਬਚਾਉਣ ਵਾਲੀ ਸਮਰੱਥਾ ਨਾਲ।
”ਉਸ ਨੇ ਤੇਰੇ ਕੋਲੋਂ ਜੀਵਨ ਮੰਗਿਆ ਹੈ ਅਤੇ ਤੂੰ ਉਹ ਨੂੰ ਦੇ ਦਿੱਤਾ, ਸਗੋਂ ਸਦੀਪਕ ਕਾਲ ਤੱਕ ਉਮਰ ਦਾ ਵਾਧਾ ਵੀ।
”ਕਿ ਉਹ ਅਨੰਤ ਕਾਲ ਤੱਕ ਜਿਉਂਦਾ ਰਹੇ, ਅਤੇ ਕਬਰ ਨੂੰ ਨਾ ਵੇਖੇ।
”ਪਰਮੇਸ਼ੁਰ ਦੇ ਰਥ ਵੀਹ ਹਜ਼ਾਰ ਸਗੋਂ ਹਜ਼ਾਰਾਂ ਹਜ਼ਾਰ ਹਨ, ਪ੍ਰਭੂ ਉਨ੍ਹਾਂ ਦੇ ਵਿੱਚ ਹੈ ਜਿਵੇਂ ਸੀਨਈ ਪਵਿੱਤਰ ਸਥਾਨ ਵਿੱਚ ਹੈ।
”ਅਤੇ ਮੈਂ ਉਹ ਦੇ ਵੰਸ਼ ਨੂੰ ਸਦਾ ਤੱਕ, ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਗੂੰ ਸਾਂਭਾਂਗਾ।
”ਜਿੰਨਾਂ ਉੱਚਾ ਅਕਾਸ਼ ਧਰਤੀ ਉੱਤੋਂ ਹੈ, ਇੰਨ੍ਹੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!
”ਯਹੋਵਾਹ ਨੇ ਆਪਣੀ ਰਾਜ ਗੱਦੀ ਸਵਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।
”ਇਹ ਹਰਮੋਨ ਦੀ ਤ੍ਰੇਲ ਦੀ ਤਰ੍ਹਾਂ ਹੈ, ਜੋ ਸੀਯੋਨ ਦੇ ਪਰਬਤ ਉੱਤੇ ਪੈਂਦੀ ਹੈ, ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।
”ਧਰਮ ਦੇ ਰਾਹ ਵਿੱਚ ਜੀਵਨ ਮਿਲਦਾ ਹੈ, ਅਤੇ ਉਹ ਦੇ ਮਾਰਗਾਂ ਵਿੱਚ ਮੌਤ ਦਾ ਪਤਾ ਵੀ ਨਹੀਂ।
”ਉਸ ਨੇ ਹਰੇਕ ਵਸਤੂ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਤਾ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੱਕ ਕਰਦਾ ਹੈ, ਬੁੱਝ ਨਹੀਂ ਸਕਦਾ।
”ਉੱਜ਼ੀਯਾਹ ਰਾਜਾ ਦੀ ਮੌਤ ਦੇ ਸਾਲ ਮੈਂ ਪ੍ਰਭੂ ਨੂੰ ਬਹੁਤ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤਰ ਦੇ ਪੱਲੇ ਨਾਲ ਭਵਨ ਭਰ ਗਿਆ। ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ। ਹਰੇਕ ਦੇ ਛੇ-ਛੇ ਖੰਭ ਸਨ, ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ, ਅਤੇ ਦੋ ਨਾਲ ਆਪਣੇ ਪੈਰ ਢੱਕਦੇ ਅਤੇ ਦੋ ਨਾਲ ਉੱਡਦੇ ਸਨ। ਉਹ ਇੱਕ ਦੂਜੇ ਨੂੰ ਪੁਕਾਰ-ਪੁਕਾਰ ਕੇ ਆਖਦੇ ਸਨ, - “ਸੈਨਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।”
”ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਊਦ ਦੀ ਰਾਜ ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ। ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।
”ਬਘਿਆੜ ਲੇਲੇ ਨਾਲ ਰਹੇਗਾ, ਅਤੇ ਚੀਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਬੱਚਾ ਉਹਨਾਂ ਨੂੰ ਲਈ ਫਿਰੇਗਾ।
”ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ, ਅਤੇ ਪ੍ਰਭੂ ਯਹੋਵਾਹ ਸਾਰੀਆਂ ਅੱਖਾਂ ਤੋਂ ਹੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾਹ ਦਾ ਵਾਕ ਹੈ।
”ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਹ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਵੱਸਦਾ ਹਾਂ, ਅਤੇ ਉਹ ਦੇ ਨਾਲ ਵੀ ਜਿਸ ਦਾ ਆਤਮਾ ਕੁਚਲਿਆ ਅਤੇ ਦੀਨ ਹੈ, ਤਾਂ ਜੋ ਮੈਂ ਦੀਨ ਲੋਕਾਂ ਦੇ ਆਤਮਾ ਨੂੰ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜੀਉਂਦਾ ਕਰਾਂ।
”ਫੇਰ ਦਿਨ ਨੂੰ ਸੂਰਜ ਤੇਰਾ ਚਾਨਣ ਨਾ ਹੋਵੇਗਾ, ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ, ਪਰ ਯਹੋਵਾਹ ਤੇਰਾ ਸਦੀਪਕ ਚਾਨਣ ਹੋਵੇਗਾ, ਅਤੇ ਤੇਰਾ ਪਰਮੇਸ਼ੁਰ ਤੇਰੀ ਸ਼ੋਭਾ ਠਹਿਰੇਗਾ। ਤੇਰਾ ਸੂਰਜ ਫੇਰ ਨਹੀਂ ਲੱਥੇਗਾ, ਨਾ ਤੇਰੇ ਲਈ ਚੰਦ ਦੀ ਰੋਸ਼ਨੀ ਘੱਟ ਹੋਵੇਗੀ, ਕਿਉਂ ਜੋ ਯਹੋਵਾਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ, ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ। ਤੇਰੇ ਸਾਰੇ ਲੋਕ ਧਰਮੀ ਹੋਣਗੇ, ਉਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ, ਉਹ ਮੇਰੇ ਲਾਏ ਹੋਏ ਬੂਟੇ ਅਤੇ ਮੇਰੇ ਹੱਥਾਂ ਦਾ ਕੰਮ ਠਹਿਰਣਗੇ ਤਾਂ ਜੋ ਮੇਰੀ ਸ਼ੋਭਾ ਪਰਗਟ ਹੋਵੇ।
”ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਯਾਦ ਨਾ ਰਹਿਣਗੀਆਂ, ਸਗੋਂ ਸੋਚ-ਵਿਚਾਰਾਂ ਵਿੱਚ ਵੀ ਨਾ ਚੜ੍ਹਨਗੀਆਂ।
”ਯਹੋਵਾਹ ਇਹ ਆਖਦਾ ਹੈ ਕਿ ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, - ਫੇਰ ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਅਤੇ ਮੇਰੀ ਅਰਾਮਗਾਹ ਫੇਰ ਕਿੱਥੇ ਹੋਵੇਗੀ?
”ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਉਸੇ ਤਰ੍ਹਾਂ ਹੀ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹੇਗਾ, ਯਹੋਵਾਹ ਦਾ ਵਾਕ ਹੈ।
”ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਉੱਪਰੋਂ ਅਕਾਸ਼ ਮਿਣਿਆ ਜਾਵੇ, ਅਤੇ ਹੇਠਾਂ ਧਰਤੀ ਦੀਆਂ ਨੀਹਾਂ ਦੀ ਭਾਲ ਕੀਤੀ ਜਾਵੇ, ਤਦ ਮੈਂ ਵੀ ਇਸਰਾਏਲ ਦੀ ਸਾਰੀ ਨਸਲ ਨੂੰ ਉਹਨਾਂ ਦੇ ਸਾਰੇ ਕੰਮਾਂ ਦੇ ਕਾਰਨ ਰੱਦ ਦਿਆਂਗਾ, ਯਹੋਵਾਹ ਦਾ ਵਾਕ ਹੈ।
”ਜੋ ਅੰਬਰ ਉਹਨਾਂ ਦੇ ਸਿਰ ਉੱਪਰ ਸੀ, ਉਸ ਉੱਤੇ ਨੀਲਮ ਪੱਥਰ ਦਾ ਬਣਿਆ ਹੋਇਆ, ਕੁਝ ਸਿੰਘਾਸਣ ਜਿਹਾ ਸੀ ਅਤੇ ਉਸ ਸਿੰਘਾਸਣ ਦੇ ਉੱਤੇ ਮਨੁੱਖ ਜਿਹਾ ਕੋਈ ਰੂਪ ਦਿਖਾਈ ਦਿੰਦਾ ਸੀ। ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੱਕ ਚਮਕਦੇ ਹੋਏ ਪਿੱਤਲ ਜਿਹਾ ਅੱਗ ਦੇ ਰੂਪ ਵਰਗਾ, ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੱਕ ਮੈਂ ਅੱਗ ਦਾ ਰੂਪ ਵੇਖਿਆ ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ। ਜਿਵੇਂ ਵਰਖਾ ਦੇ ਦਿਨ ਬੱਦਲ ਵਿੱਚ ਧਣੁੱਖ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਚਾਰੇ ਪਾਸੇ ਦਾ ਪਰਕਾਸ਼ ਦਿਖਾਈ ਦਿੰਦਾ ਸੀ। ਇਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਉਸ ਨੂੰ ਵੇਖਦੇ ਹੀ ਮੈਂ ਮੂਧੇ ਮੂੰਹ ਡਿੱਗਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ।
”ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਹਨਾਂ ਦੇ ਪੱਤੇ ਕਦੇ ਨਾ ਸੁੱਕਣਗੇ ਅਤੇ ਜਿਹਨਾਂ ਦੇ ਮੇਵੇ ਕਦੇ ਨਾ ਮੁੱਕਣਗੇ। ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ, ਜਿਹੜੇ ਪਵਿੱਤਰ ਸਥਾਨ ਵਿੱਚੋਂ ਨਿੱਕਲਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ।
”ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਾ ਖ਼ਤਮ ਹੋਵੇਗਾ, ਅਤੇ ਉਸ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਸੱਤਿਆਨਾਸ ਕਰੇਗਾ ਪਰ ਆਪ ਸਦਾ ਤੱਕ ਕਾਇਮ ਰਹੇਗਾ।
”ਮੈਂ ਰਾਤ ਦੇ ਇਸ ਦਰਸ਼ਣ ਵਿੱਚ ਦੇਖਿਆ ਅਤੇ ਵੇਖੋ, ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਅਕਾਸ਼ ਦੇ ਬੱਦਲਾਂ ਸਣੇ ਆਇਆ, ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਸ ਨੂੰ ਉਹ ਦੇ ਅੱਗੇ ਲਿਆਏ। ਪਾਤਸ਼ਾਹੀ ਅਤੇ ਪਰਤਾਪ ਅਤੇ ਰਾਜ ਉਹ ਨੂੰ ਦਿੱਤਾ ਗਿਆ, ਜੋ ਸੱਭੇ ਕੌਮਾਂ ਅਤੇ ਲੋਕ ਅਤੇ ਬੋਲੀਆਂ ਉਹ ਦੀ ਸੇਵਾ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।
”ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੱਕ, ਹਾਂ, ਜੁੱਗੋ-ਜੁੱਗ ਤੱਕ ਉਸ ਰਾਜ ਦੇ ਮਾਲਕ ਹੋਣਗੇ।
”ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸਾਂ ਦੇ ਰਾਜਾਂ ਦਾ ਪਰਤਾਪ ਅਤੇ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਪਰਮੇਸ਼ੁਰ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਉਹ ਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ।
”ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੇ ਹੇਠਾਂ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ। ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗੂੰ ਚਮਕਣਗੇ ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ।
”ਤੋਬਾ ਕਰੋ, ਕਿਉਂ ਜੋ ਸਵਰਗ ਰਾਜ ਨੇੜੇ ਹੈ।
”ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਗੋਦਾਮ ਵਿੱਚ ਜਮਾਂ ਕਰੇਗਾ, ਪਰ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਕਦੇ ਬੁਝਦੀ ਨਹੀਂ।
”ਉਸੇ ਵੇਲੇ ਤੋਂ ਯਿਸੂ ਪਰਚਾਰ ਕਰਨ ਅਤੇ ਕਹਿਣ ਲੱਗਾ, ਤੋਬਾ ਕਰੋ ਕਿਉਂ ਜੋ ਸਵਰਗ ਰਾਜ ਨੇੜੇ ਆਇਆ ਹੈ।
”ਉਹ ਧੰਨ ਹਨ ਜਿਹੜੇ ਦਿਲ ਦੇ ਗ਼ਰੀਬ ਹਨ, ਕਿਉਂ ਜੋ ਸਵਰਗ ਰਾਜ ਉਨ੍ਹਾਂ ਦਾ ਹੈ।
”ਉਹ ਧੰਨ ਹਨ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ, ਕਿਉਂ ਜੋ ਸਵਰਗ ਰਾਜ ਉਨ੍ਹਾਂ ਦਾ ਹੈ। ਧੰਨ ਹੋ ਤੁਸੀਂ, ਜਦੋਂ ਲੋਕ ਮੇਰੇ ਕਾਰਨ ਤੁਹਾਨੂੰ ਬੇਇੱਜ਼ਤ ਕਰਨ, ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਬੋਲਣ ਅਤੇ ਝੂਠੇ ਦੋਸ਼ ਲਾਉਣ। ਖੁਸ਼ ਹੋਵੋ ਅਤੇ ਅਨੰਦ ਮਨਾਓ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।
”ਸੋ ਜੋ ਕੋਈ ਇਨ੍ਹਾਂ ਸਭਨਾਂ ਤੋਂ ਛੋਟਿਆਂ ਹੁਕਮਾਂ ਵਿੱਚੋਂ ਇੱਕ ਦੀ ਵੀ ਉਲੰਘਣਾ ਕਰੇ ਅਤੇ ਇਸੇ ਤਰ੍ਹਾਂ ਦੂਜਿਆਂ ਨੂੰ ਸਿਖਾਵੇ ਸੋ ਸਵਰਗ ਰਾਜ ਵਿੱਚ ਸਭਨਾਂ ਨਾਲੋਂ ਛੋਟਾ ਕਹਾਵੇਗਾ ਪਰ ਜਿਹੜਾ ਉਨ੍ਹਾਂ ਦੀ ਪਾਲਨਾ ਕਰੇ ਅਤੇ ਸਿਖਾਵੇ ਉਹ ਸਵਰਗ ਰਾਜ ਵਿੱਚ ਮਹਾਨ ਕਹਾਵੇਗਾ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਤੁਹਾਡੀ ਧਾਰਮਿਕਤਾ, ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਰਾਜ ਵਿੱਚ ਕਿਸੇ ਵੀ ਤਰ੍ਹਾਂ ਨਾ ਵੜੋਂਗੇ।
”ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ, ਜਿਹੜਾ ਸਵਰਗ ਵਿੱਚ ਹੈਂ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ।
”ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ। ਕਿਉਂਕਿ ਕੁਦਰਤ, ਜਲਾਲ ਅਤੇ ਪਾਤਸ਼ਾਹੀ ਸਦਾ ਤੁਹਾਡੇ ਹਨ। ਆਮੀਨ।
”ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਚੋਰ ਸੰਨ੍ਹ ਮਾਰ ਕੇ ਇਸ ਨੂੰ ਚੁਰਾਉਂਦੇ ਹਨ। ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੋਈ ਕੀੜਾ ਨਾ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰ ਕੇ ਚੁਰਾਉਂਦੇ ਹਨ। ਕਿਉਂਕਿ ਜਿੱਥੇ ਤੁਹਾਡਾ ਧਨ ਹੋਵੇਗਾ, ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ।
”ਭੀੜੇ ਫਾਟਕ ਤੋਂ ਵੜੋ, ਕਿਉਂ ਜੋ ਉਹ ਖੁੱਲ੍ਹਾ ਹੈ ਉਹ ਫਾਟਕ ਅਤੇ ਸੁਖਾਲਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਤੇ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਉਹ ਫਾਟਕ ਭੀੜਾ ਹੈ ਅਤੇ ਉਹ ਰਾਹ ਔਖਾ ਹੈ, ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਹਨ ਜੋ ਉਸ ਨੂੰ ਲੱਭਦੇ ਹਨ।
”ਹਰ ਕੋਈ ਮੈਨੂੰ ਪ੍ਰਭੂ! ਪ੍ਰਭੂ! ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ ਪਰ ਉਹ ਹੀ ਵੜੇਗਾ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ।
”ਅਤੇ ਜਾਂਦਿਆਂ ਹੋਇਆਂ ਇਹ ਪਰਚਾਰ ਕਰ ਕੇ ਆਖੋ, ਕਿ ਸਵਰਗ ਰਾਜ ਨੇੜੇ ਆਇਆ ਹੈ।
”ਮੈਂ ਤੁਹਾਨੂੰ ਸੱਚ ਆਖਦਾ ਹਾਂ; ਜਿਹੜੇ ਔਰਤਾਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਹੀਂ ਹੋਇਆ, ਪਰ ਜਿਹੜਾ ਸਵਰਗ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੱਡਾ ਹੈ।
”ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ? ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।
”ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਰਾਈ ਦੇ ਇੱਕ ਬੀਜ ਵਰਗਾ ਹੈ ਜਿਸ ਨੂੰ ਕਿਸੇ ਮਨੁੱਖ ਨੇ ਆਪਣੇ ਖੇਤ ਵਿੱਚ ਬੀਜਿਆ। ਉਹ ਤਾਂ ਸਭ ਬੀਜਾਂ ਨਾਲੋਂ ਛੋਟਾ ਹੈ ਪਰ ਜਦੋਂ ਉੱਗਦਾ ਹੈ ਤਾਂ ਪੋਦਿਆਂ ਨਾਲੋਂ ਵੱਡਾ ਹੁੰਦਾ ਹੈ ਅਤੇ ਰੁੱਖ ਵਰਗਾ ਹੋ ਜਾਂਦਾ ਹੈ, ਕਿ ਅਕਾਸ਼ ਦੇ ਪੰਛੀ ਆ ਕੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ।
”ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ।
”ਸਵਰਗ ਰਾਜ ਖੇਤ ਵਿੱਚ ਲੁਕੇ ਹੋਏ ਧਨ ਵਰਗਾ ਹੈ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।
”ਫੇਰ ਸਵਰਗ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ। ਜਦੋਂ ਉਸ ਨੂੰ ਇੱਕ ਮੋਤੀ ਬਹੁਤ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲਿਆ।
”ਫੇਰ ਸਵਰਗ ਰਾਜ ਇੱਕ ਜਾਲ਼ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ। ਜਦੋਂ ਉਹ ਭਰ ਗਿਆ ਤਾਂ ਲੋਕ ਉਸ ਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਜਮਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ। ਸੋ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ। ਦੂਤ ਆ ਕੇ, ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ।
”ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਸ ਲਈ ਹਰੇਕ ਉਪਦੇਸ਼ਕ ਜੋ ਸਵਰਗ ਰਾਜ ਦਾ ਚੇਲਾ ਬਣ ਗਿਆ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।
”ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਸਿਰਫ਼ ਆਪਣੇ ਕੱਪੜੇ ਦਾ ਪੱਲਾ ਛੂਹਣ ਦੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ।
”ਮੈਂ ਸਵਰਗ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਗਾ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ।
”ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਸੀਂ ਨਾ ਮੁੜੋ ਅਤੇ ਛੋਟੇ ਬੱਚਿਆਂ ਦੀ ਤਰ੍ਹਾਂ ਨਾ ਬਣੋ ਤਾਂ ਸਵਰਗ ਰਾਜ ਵਿੱਚ ਕਦੀ ਨਾ ਵੜੋਂਗੇ।
”ਵੇਖੋ, ਤੁਸੀਂ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ ਕਿਸੇ ਨੂੰ ਤੁਛ ਨਾ ਜਾਣੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਸਵਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ।
”ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਸੋ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਸੋ ਸਵਰਗ ਵਿੱਚ ਖੋਲ੍ਹਿਆ ਜਾਵੇਗਾ।
”ਤਦ ਯਿਸੂ ਨੇ ਆਖਿਆ, ਬੱਚਿਆਂ ਨੂੰ ਕੁਝ ਨਾ ਆਖੋ ਅਤੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਕਿਉਂ ਜੋ ਸਵਰਗ ਰਾਜ ਇਹੋ ਜਿਹਿਆਂ ਦਾ ਹੈ।
”ਤਾਂ ਵੇਖੋ ਇੱਕ ਮਨੁੱਖ ਨੇ ਉਹ ਦੇ ਕੋਲ ਆ ਕੇ ਕਿਹਾ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ? ਉਸ ਨੇ ਉਹ ਨੂੰ ਆਖਿਆ, ਤੂੰ ਭਲਿਆਈ ਦੇ ਬਾਰੇ ਮੈਨੂੰ ਕਿਉਂ ਪੁੱਛਦਾ ਹੈਂ? ਭਲਾ ਤਾਂ ਇੱਕੋ ਹੀ ਹੈ। ਪਰ ਜੇ ਤੂੰ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦਾ ਹੈਂ ਤਾਂ ਹੁਕਮਾਂ ਨੂੰ ਮੰਨ। ਉਸ ਨੇ ਉਹ ਨੂੰ ਆਖਿਆ, ਕਿਹੜੇ ਹੁਕਮ? ਤਦ ਯਿਸੂ ਨੇ ਕਿਹਾ, ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ। ਆਪਣੇ ਮਾਂ ਪਿਉ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਉਸ ਜਵਾਨ ਨੇ ਉਹ ਨੂੰ ਆਖਿਆ, ਮੈਂ ਤਾਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਦਾ ਰਿਹਾ ਹਾਂ। ਹੁਣ ਮੇਰੇ ਵਿੱਚ ਕੀ ਕਮੀ ਹੈ? ਯਿਸੂ ਨੇ ਉਹ ਨੂੰ ਕਿਹਾ, ਜੇ ਤੂੰ ਸਿੱਧ ਹੋਣਾ ਚਾਹੁੰਦਾ ਹੈਂ ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਕੰਗਾਲਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ। ਪਰ ਉਸ ਜਵਾਨ ਨੇ ਜਦ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚੱਲਿਆ ਗਿਆ, ਕਿਉਂ ਜੋ ਉਹ ਵੱਡਾ ਧਨਵਾਨ ਸੀ।
”ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧਨਵਾਨ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ। ਫੇਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਿਸੇ ਧਨਵਾਨ ਦੇ ਸਵਰਗ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੁਖਾਲਾ ਹੈ।
”ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਮੇਰੇ ਨਾਲ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ। ਅਤੇ ਹਰ ਕੋਈ ਜਿਸ ਨੇ ਆਪਣੇ ਘਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਫਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਿਸ ਹੋਵੇਗਾ।
”ਸਵਰਗ ਰਾਜ ਕਿਸੇ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ। ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਨੌਕਰਾਂ ਨੂੰ ਭੇਜਿਆ ਪਰ ਉਹ ਆਉਣ ਲਈ ਤਿਆਰ ਨਾ ਹੋਏ।
”ਕਿਉਂ ਜੋ ਜੀ ਉੱਠਣ ਵਾਲੇ ਦਿਨ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਪਰ ਸਵਰਗ ਵਿੱਚ ਦੂਤਾਂ ਵਰਗੇ ਹਨ। ਪਰ ਮੁਰਦਿਆਂ ਦੇ ਜੀ ਉੱਠਣ ਦਿਨ ਦੇ ਵਿਖੇ ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜਿਉਂਦਿਆਂ ਦਾ ਹੈ।
”ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।
”ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ।
”ਉਸ ਵੇਲੇ ਸਵਰਗ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿੱਕਲੀਆਂ। ਅਤੇ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ। ਕਿਉਂਕਿ ਜਿਹੜੀਆਂ ਮੂਰਖ ਸਨ ਉਨ੍ਹਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਸਮਝਦਾਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸ਼ਾਲਾਂ ਨਾਲ ਲੈ ਲਿਆ।
”ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਤਾਂ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।
”ਤਦ ਰਾਜਾ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹ ਦੇ ਵਾਰਿਸ ਹੋਵੋ।
”ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।
”ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।
”ਤਾਂ ਪ੍ਰਭੂ ਯਿਸੂ ਇਹ ਵੇਖ ਕੇ ਬਹੁਤ ਨਰਾਜ਼ ਹੋਏ ਅਤੇ ਉਨ੍ਹਾਂ ਨੂੰ ਆਖਿਆ, ਛੋਟਿਆਂ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ। ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਦੀ ਤਰ੍ਹਾਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।
”ਜਦ ਪ੍ਰਭੂ ਯਿਸੂ ਬਾਹਰ ਨਿੱਕਲ ਕੇ ਰਾਹ ਵੱਲ ਚਲੇ ਜਾਂਦੇ ਸਨ, ਤਾਂ ਇੱਕ ਮਨੁੱਖ ਉਹ ਦੇ ਕੋਲ ਦੌੜਿਆ ਆਇਆ ਅਤੇ ਉਹ ਦੇ ਅੱਗੇ ਗੋਡੇ ਟੇਕ ਕੇ ਉਹ ਨੂੰ ਪੁੱਛਿਆ, ਹੇ ਉੱਤਮ ਗੁਰੂ, ਮੈਂ ਅਜਿਹਾ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਿਸੂ ਨੇ ਉਹ ਨੂੰ ਆਖਿਆ, ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਉੱਤਮ ਕੋਈ ਨਹੀਂ, ਪਰ ਕੇਵਲ ਇੱਕੋ ਪਰਮੇਸ਼ੁਰ। ਤੂੰ ਹੁਕਮਾਂ ਨੂੰ ਜਾਣਦਾ ਹੈਂ ਕਿ ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ-ਪਿਤਾ ਦਾ ਆਦਰ ਕਰ। ਉਸ ਨੇ ਉਹ ਨੂੰ ਕਿਹਾ, ਗੁਰੂ ਜੀ, ਮੈਂ ਆਪਣੇ ਬਚਪਨ ਤੋਂ ਇਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਯਿਸੂ ਨੇ ਉਹ ਦੀ ਵੱਲ ਵੇਖ ਕੇ ਉਹ ਨੂੰ ਪਿਆਰ ਕੀਤਾ ਅਤੇ ਉਹ ਨੂੰ ਕਿਹਾ, ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜਾ ਅਤੇ ਜੋ ਕੁਝ ਤੇਰਾ ਹੈ, ਸੋ ਵੇਚ ਅਤੇ ਕੰਗਾਲਾਂ ਨੂੰ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ। ਪਰ ਇਸ ਗੱਲ ਤੋਂ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ ਅਤੇ ਉਹ ਉਦਾਸ ਹੋ ਕੇ ਚੱਲਿਆ ਗਿਆ ਕਿਉਂ ਜੋ ਉਹ ਵੱਡਾ ਧਨਵਾਨ ਸੀ।
”ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਤਾਂ ਉਹ ਨਾ ਵਿਆਹ ਕਰਦੇ ਹਨ, ਅਤੇ ਨਾ ਵਿਆਹੇ ਜਾਂਦੇ ਹਨ, ਪਰ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। ਪਰ ਮੁਰਦਿਆਂ ਦੇ ਜੀ ਉੱਠਣ ਦੇ ਬਾਰੇ ਵਿੱਚ ਕੀ ਤੁਸੀਂ ਮੂਸਾ ਦੀ ਪੋਥੀ ਵਿੱਚੋਂ ਝਾੜੀ ਦੀ ਕਥਾ ਨੂੰ ਨਹੀਂ ਪੜ੍ਹਿਆ, ਜੋ ਪਰਮੇਸ਼ੁਰ ਨੇ ਉਹ ਨੂੰ ਕਿਹਾ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ?
”ਤਦ ਉਸ ਨੇ ਆਪਣਿਆਂ ਚੇਲਿਆਂ ਉੱਤੇ ਨਿਗਾਹ ਕਰ ਕੇ ਆਖਿਆ, ਧੰਨ ਹੋ ਤੁਸੀਂ ਜਿਹੜੇ ਗਰੀਬ ਹੋ ਕਿਉਂ ਜੋ ਸਵਰਗ ਰਾਜ ਤੁਹਾਡਾ ਹੈ। ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ ਤੁਸੀਂ ਰਜਾਏ ਜਾਓਗੇ। ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ ਹੱਸੋਗੇ। ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਤੁਹਾਨੂੰ ਛੱਡ ਦੇਣਗੇ, ਮੰਦਾ ਆਖਣਗੇ ਅਤੇ ਤੁਹਾਡਾ ਨਾਮ ਬੁਰਾ ਜਾਣ ਕੇ ਕੱਢ ਸੁੱਟਣਗੇ। ਉਸ ਦਿਨ ਅਨੰਦ ਮਨਾਉਣਾ ਤੇ ਖੁਸ਼ੀ ਨਾਲ ਉੱਛਲਣਾ ਕਿਉਂ ਜੋ ਵੇਖੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਵੀ ਇਸੇ ਤਰ੍ਹਾਂ ਕੀਤਾ ਸੀ।
”ਅਤੇ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਕਿ ਉਹ ਵੇਖਦੇ ਹੋਏ ਨਾ ਵੇਖਣ ਅਤੇ ਸੁਣਦੇ ਹੋਏ ਨਾ ਸਮਝਣ।
”ਪਰ ਇਸ ਤੋਂ ਹੀ ਅਨੰਦ ਨਾ ਹੋਵੋ ਕਿ ਆਤਮਾਵਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ।
”ਤਾਂ ਵੇਖੋ ਇੱਕ ਉਪਦੇਸ਼ਕ ਨੇ ਉਸ ਨੂੰ ਪਰਤਾਉਣ ਲਈ ਖਲੋ ਕੇ ਕਿਹਾ, ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਿਸੂ ਨੇ ਉਸ ਨੂੰ ਆਖਿਆ ਕਿ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਕਿਸ ਪ੍ਰਕਾਰ ਇਸ ਨੂੰ ਪੜ੍ਹਦਾ ਹੈਂ? ਤਾਂ ਉਸ ਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਯਿਸੂ ਨੇ ਉਸ ਨੂੰ ਆਖਿਆ, ਤੂੰ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਵੇਂਗਾ।
”ਪਰ ਤੁਸੀਂ ਉਸ ਦੇ ਰਾਜ ਦੀ ਖੋਜ ਕਰੋ ਤਾਂ ਤੁਹਾਨੂੰ ਇਹ ਵਸਤੂਆਂ ਵੀ ਦਿੱਤੀਆਂ ਜਾਣਗੀਆਂ। ਹੇ ਛੋਟੇ ਝੁੰਡ, ਨਾ ਡਰ ਕਿਉਂ ਜੋ ਤੁਹਾਡੇ ਪਿਤਾ ਨੂੰ ਪਸੰਦ ਆਇਆ ਹੈ ਕਿ ਰਾਜ ਤੁਹਾਨੂੰ ਦੇਵੇ। ਆਪਣਾ ਮਾਲ ਵੇਚ ਕੇ ਦਾਨ ਕਰੋ ਅਤੇ ਆਪਣੇ ਲਈ ਇਹੋ ਜਿਹੇ ਬਟੂਏ ਬਣਾਓ ਜੋ ਪੁਰਾਣੇ ਨਹੀਂ ਹੁੰਦੇ ਅਤੇ ਸਵਰਗ ਵਿੱਚ ਧਨ ਜਮਾਂ ਕਰੋ, ਜੋ ਘੱਟਦਾ ਨਹੀਂ ਅਤੇ ਜਿੱਥੇ ਨਾ ਚੋਰ ਨੇੜੇ ਆਉਂਦਾ, ਨਾ ਕੀੜਾ ਨਾਸ ਕਰਦਾ ਹੈ। ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ।
”ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਵੀ ਇੱਕ ਤੋਬਾ ਕਰਨ ਵਾਲੇ ਪਾਪੀ ਕੇ ਕਾਰਨ ਬਹੁਤ ਖੁਸ਼ੀ ਹੋਵੇਗੀ, ਜਿੰਨੀ ਕਿ ਉਨ੍ਹਾਂ ਨੜਿੰਨਵਿਆਂ ਧਰਮੀਆਂ ਦੇ ਕਾਰਨ ਨਹੀਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਹੈ।
”ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ। ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ।
”ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਛੋਟਿਆਂ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਮਨ੍ਹਾ ਨਾ ਕਰੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਹਿਆਂ ਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਦੀ ਤਰ੍ਹਾਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।
”ਇੱਕ ਅਧਿਕਾਰੀ ਨੇ ਉਸ ਅੱਗੇ ਬੇਨਤੀ ਕਰ ਕੇ ਆਖਿਆ, ਉੱਤਮ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਿਸੂ ਨੇ ਉਸ ਨੂੰ ਕਿਹਾ, ਤੂੰ ਮੈਨੂੰ ਉੱਤਮ ਕਿਉਂ ਆਖਦਾ ਹੈਂ? ਉੱਤਮ ਕੋਈ ਨਹੀਂ ਪਰ ਕੇਵਲ ਇੱਕੋ ਪਰਮੇਸ਼ੁਰ। ਤੂੰ ਹੁਕਮਾਂ ਨੂੰ ਜਾਣਦਾ ਹੈਂ, ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ। ਉਸ ਨੇ ਯਿਸੂ ਨੂੰ ਉੱਤਰ ਦਿੱਤਾ, ਮੈਂ ਆਪਣੇ ਬਚਪਨ ਤੋਂ ਹੀ ਇਨ੍ਹਾਂ ਸਭ ਗੱਲਾਂ ਨੂੰ ਮੰਨਦਾ ਆਇਆ ਹਾਂ। ਯਿਸੂ ਨੇ ਸੁਣ ਕੇ ਉਸ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ ਕੇ ਮੇਰੇ ਪਿੱਛੇ ਹੋ ਤੁਰ। ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਆਦਮੀ ਸੀ। ਯਿਸੂ ਨੇ ਉਸ ਨੂੰ ਵੇਖ ਕੇ ਆਖਿਆ ਜੋ ਧਨਵਾਨ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਬਹੁਤ ਔਖਾ ਹੋਵੇਗਾ! ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ, ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਸੌਖਾ ਹੈ। ਤਾਂ ਸੁਣਨ ਵਾਲਿਆਂ ਨੇ ਕਿਹਾ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? ਤਾਂ ਉਸ ਨੇ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਨਹੀਂ ਹੋ ਸਕਦੀਆਂ ਹਨ ਉਹ ਪਰਮੇਸ਼ੁਰ ਤੋਂ ਹੋ ਸਕਦੀਆਂ ਹਨ।
”ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਕੋਈ ਨਹੀਂ ਕਿ ਜਿਸ ਨੇ ਘਰ, ਪਤਨੀ, ਭਰਾਵਾਂ, ਮਾਤਾ-ਪਿਤਾ ਬਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਲਈ ਛੱਡਿਆ ਹੈ, ਜੋ ਇਸ ਸਮੇਂ ਬਹੁਤ ਗੁਣਾ ਅਤੇ ਆਉਣ ਵਾਲੇ ਜੁੱਗ ਵਿੱਚ ਸਦੀਪਕ ਜੀਵਨ ਨਾ ਪਾਵੇ l
”ਅਤੇ ਉਸ ਨੇ ਆਖਿਆ, ਹੇ ਯਿਸੂ ਜਦ ਤੁਸੀਂ ਆਪਣੇ ਰਾਜ ਵਿੱਚ ਆਵੋ ਤਾਂ ਮੈਨੂੰ ਯਾਦ ਰੱਖਣਾ। ਯਿਸੂ ਨੇ ਉਸ ਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ।
”ਯਿਸੂ ਨੇ ਉਸ ਨੂੰ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਤੁਸੀਂ ਸਵਰਗ ਨੂੰ ਖੁੱਲ੍ਹਾ ਵੇਖੋਂਗੇ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜਦੇ ਅਤੇ ਉੱਤਰਦੇ ਵੇਖੋਂਗੇ।”
”ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ। ਇੱਕ ਮਨੁੱਖ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸਕਦਾ, ਜਿੰਨਾਂ ਚਿਰ ਉਹ ਨਵੇਂ ਸਿਰਿਓਂ ਨਹੀਂ ਜਨਮ ਲੈਂਦਾ।” ਨਿਕੋਦਿਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਦੁਬਾਰਾ ਜਨਮ ਸਕਦਾ ਹੈ? ਕੀ ਇਹ ਸਕਦਾ ਜੋ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰੀ ਜਾਵੇ?” ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮ ਲੈਂਦਾ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਜਾ ਨਹੀਂ ਸਕਦਾ। ਸਰੀਰ ਤੋਂ ਸਰੀਰ ਪੈਦਾ ਹੁੰਦਾ ਹੈ ਅਤੇ ਆਤਮਾ ਤੋਂ ਆਤਮਾ ਜਨਮ ਲੈਂਦਾ ਹੈ।
”ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ। ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ? ਮਨੁੱਖ ਦੇ ਪੁੱਤਰ ਤੋਂ ਬਿਨਾਂ, ਜੋ ਕੋਈ ਸਵਰਗ ਤੋਂ ਹੇਠਾਂ ਉਤਰਿਆ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ। ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ। ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ।” ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।
”ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਕੋਲ ਸਦੀਪਕ ਜੀਵਨ ਹੈ; ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਜੀਵਨ ਨਹੀਂ ਹੋਵੇਗਾ, ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਹੋਵੇਗਾ।”
”ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ। ਇਸ ਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ।”
”ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਉਹ ਮੇਰੇ ਬਚਨ ਸੁਣਦਾ ਹੈ ਅਤੇ ਉਨ੍ਹਾਂ ਤੇ ਵਿਸ਼ਵਾਸ ਕਰਦਾ ਹੈ। ਉਹ, ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ। ਉਸਦਾ ਨਿਆਂ ਨਹੀਂ ਹੋਵੇਗਾ। ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ।
”ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ, ਜਦੋਂ ਕਬਰਾਂ ਵਿੱਚ ਮੁਰਦੇ ਵੀ ਉਸ ਦੀ ਅਵਾਜ਼ ਸੁਣਨਗੇ। ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਗੇ, ਉਹ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਭਾਰੇ ਜਾਣਗੇ ਅਤੇ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਨਿਆਂ ਲਈ ਜਿਵਾਲੇ ਜਾਣਗੇ।”
”ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ!
”ਨਾਸ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾਂ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।”
”ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਸੋ ਸਦੀਪਕ ਜੀਵਨ ਪਾਵੇਗਾ। ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।”
”ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਮਨੁੱਖ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਪਾਉਂਦਾ ਹੈ।
”ਮੈਂ ਜੀਵਨ ਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਸ ਰੋਟੀ ਨੂੰ ਖਾਂਦਾ ਹੈ, ਸਦਾ ਜੀਵੇਗਾ। ਇਹ ਰੋਟੀ ਮੇਰਾ ਸਰੀਰ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਸੰਸਾਰ ਦੇ ਲੋਕਾਂ ਨੂੰ ਜੀਵਨ ਮਿਲ ਸਕੇ।”
”ਉਹ ਮਨੁੱਖ ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਆਖਰੀ ਦਿਨ ਪ੍ਰਗਟ ਕਰਾਂਗਾ।
”ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ! ਅਸੀਂ ਕਿਸ ਦੇ ਕੋਲ ਜਾਈਏ? ਤੇਰੇ ਕੋਲ ਸਦੀਪਕ ਜੀਵਨ ਦੀਆਂ ਗੱਲਾਂ ਹਨ।
”ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸਕਦਾ ਹੈ।
”ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ। ਹਰ ਮਨੁੱਖ, ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ। ਮਾਰਥਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈਂ?” ਮਾਰਥਾ ਨੇ ਕਿਹਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੀ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜੋ ਇਸ ਦੁਨੀਆਂ ਵਿੱਚ ਆਉਣ ਵਾਲਾ ਸੀ।”
”ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ। ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਨਹੀਂ ਕਰਦਾ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ।
”ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ। ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਹਿੰਦਾ। ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ। ਉੱਥੇ ਜਾ ਕੇ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਅਦ, ਮੈਂ ਫੇਰ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਂਵਾਂਗਾ।
”ਇਹ ਸਾਰੀਆਂ ਗੱਲਾਂ ਆਖ ਕੇ ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ। ਆਪਣੇ ਪੁੱਤਰ ਨੂੰ ਵਡਿਆਈ ਦੇ ਤਾਂ ਜੋ ਪੁੱਤਰ ਤੈਨੂੰ ਵਡਿਆਈ ਦੇਵੇ। ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸ ਨੂੰ ਦਿੱਤੇ ਗਏ ਹਨ, ਸਦੀਪਕ ਜੀਵਨ ਦੇਵੇ। ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ।
”ਯਿਸੂ ਨੇ ਆਖਿਆ, “ਮੇਰਾ ਰਾਜ ਇਸ ਧਰਤੀ ਦਾ ਨਹੀਂ ਹੈ। ਜੇਕਰ ਇਹ ਇਸ ਧਰਤੀ ਦਾ ਹੁੰਦਾ ਤਾਂ ਮੇਰੇ ਚੇਲੇ ਉਨ੍ਹਾਂ ਨਾਲ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਪਰ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਇੱਥੋਂ ਦਾ ਨਹੀਂ।”
”ਸਵਰਗ ਮੇਰਾ ਸਿੰਘਾਸਣ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਆਖਦਾ ਹੈ, ਅਤੇ ਮੇਰੀ ਅਰਾਮਗਾਹ ਕਿੱਥੇ ਹੋਵੇਗੀ?
”ਤਾਂ ਪਰਾਈਆਂ ਕੌਮਾਂ ਦੇ ਲੋਕ ਇਹ ਗੱਲਾਂ ਸੁਣ ਕੇ ਅਨੰਦ ਹੋਏ, ਅਤੇ ਪਰਮੇਸ਼ੁਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਗਏ ਸਨ, ਉਨ੍ਹਾਂ ਵਿਸ਼ਵਾਸ ਕੀਤਾ।
”ਅਤੇ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਅਤੇ ਇਹ ਉਪਦੇਸ਼ ਦਿੰਦੇ ਸਨ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਕਿਹਾ ਕਿ ਅਸੀਂ ਬਹੁਤ ਮੁਸ਼ਕਲਾਂ ਨੂੰ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ।
”ਅਤੇ ਬਿਨ੍ਹਾਂ ਰੋਕ-ਟੋਕ ਅੱਤ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ!
”ਜਿਹੜੇ ਭਲੇ ਕੰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਹਨ, ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ।
”ਇਸ ਲਈ ਕਿ ਜਿਵੇਂ ਪਾਪ ਨੇ ਮੌਤ ਫੈਲਾਉਂਦੇ ਦੇ ਹੋਏ ਰਾਜ ਕੀਤਾ, ਤਿਵੇਂ ਕਿਰਪਾ ਨੇ ਵੀ ਯਿਸੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਾਰਮਿਕਤਾ ਦੇ ਰਾਹੀਂ ਰਾਜ ਕੀਤਾ।
”ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ੁਰ ਦੇ ਦਾਸ ਬਣ ਕੇ ਪਵਿੱਤਰਤਾਈ ਦੇ ਲਈ ਆਪਣਾ ਫਲ ਅਤੇ ਅੰਤ ਵਿੱਚ ਸਦੀਪਕ ਜੀਵਨ ਪਾਉਂਦੇ ਹੋ। ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ੁਰ ਦਾ ਵਰਦਾਨ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਸਦੀਪਕ ਜੀਵਨ ਹੈ।
”ਕਿਉਂ ਜੋ ਹਰੇਕ ਜੋ ਪ੍ਰਭੂ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ।
”ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਉਹੀ ਵਸਤਾਂ ਨਾ ਅੱਖੀਂ ਵੇਖੀਆਂ, ਨਾ ਕੰਨੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।
”ਇਸੇ ਤਰ੍ਹਾਂ ਮੁਰਦਿਆਂ ਦਾ ਜੀ ਉੱਠਣਾ ਵੀ ਹੈ। ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸ਼ੀ ਉੱਠਦਾ ਹੈ। ਉਹ ਬੇਪਤ ਬੀਜਿਆ ਜਾਂਦਾ ਹੈ ਪਰੰਤੂ ਮਹਿਮਾ ਵਿੱਚ ਜੀ ਉੱਠਦਾ ਹੈ। ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਸਮਰੱਥਾ ਨਾਲ ਜੀ ਉੱਠਦਾ ਹੈ। ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਿਕ ਸਰੀਰ ਹੋ ਕੇ ਜੋ ਉੱਠਦਾ ਹੈ। ਜੇ ਪ੍ਰਾਣਕ ਸਰੀਰ ਹੈ ਤਾਂ ਆਤਮਿਕ ਸਰੀਰ ਵੀ ਹੈ। ਇਉਂ ਲਿਖਿਆ ਹੋਇਆ ਵੀ ਹੈ ਜੋ ਪਹਿਲਾ ਮਨੁੱਖ ਆਦਮ ਜੀਉਂਦਾ ਪ੍ਰਾਣੀ ਹੋਇਆ, ਬਾਅਦ ਵਾਲਾ ਆਦਮ ਜੀਵਨ ਦਾਤਾ ਆਤਮਾ ਹੋਇਆ। ਪਰ ਪਹਿਲਾ ਉਹ ਨਹੀਂ ਜਿਹੜਾ ਆਤਮਿਕ ਹੈ ਸਗੋਂ ਉਹ ਜਿਹੜਾ ਪ੍ਰਾਣਕ ਹੈ, ਫੇਰ ਇਹ ਦੇ ਮਗਰੋਂ ਉਹ ਜਿਹੜਾ ਆਤਮਿਕ ਹੈ। ਪਹਿਲਾ ਮਨੁੱਖ ਮਿੱਟੀ ਦਾ ਬਣਿਆ। ਦੂਜਾ ਮਨੁੱਖ ਸਵਰਗ ਤੋਂ ਹੈ। ਜਿਵੇਂ ਉਹ ਮਿੱਟੀ ਦਾ ਸੀ ਤਿਵੇਂ ਉਹ ਵੀ ਜਿਹੜੇ ਮਿੱਟੀ ਦੇ ਹਨ ਅਤੇ ਜਿਵੇਂ ਉਹ ਸਵਰਗ ਦਾ ਹੈ ਤਿਵੇਂ ਉਹ ਵੀ ਜਿਹੜੇ ਸਵਰਗ ਦੇ ਹਨ। ਅਤੇ ਜਿਸ ਤਰ੍ਹਾਂ ਅਸੀਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਸਵਰਗ ਵਾਲੇ ਦਾ ਵੀ ਸਰੂਪ ਧਾਰਾਂਗੇ।
”ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸਾਰੇ ਨਹੀਂ ਸੌਂਵਾਂਗੇ। ਪਰ ਸਾਰੇ ਪਲ ਭਰ ਵਿੱਚ ਅੱਖ ਦੀ ਝਮਕ ਵਿੱਚ ਆਖਰੀ ਤੁਰ੍ਹੀ ਫੂਕਦਿਆਂ ਸਾਰ ਬਦਲ ਜਾਂਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਬਦਲ ਜਾਂਵਾਂਗੇ। ਕਿਉਂ ਜੋ ਜ਼ਰੂਰ ਹੈ ਕਿ ਨਾਸਵਾਨ ਅਵਿਨਾਸ਼ ਨੂੰ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ। ਪਰ ਜਾਂ ਇਹ ਨਾਸਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, ਮੌਤ ਫਤਹ ਦੀ ਬੁਰਕੀ ਹੋ ਗਈ। ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?। ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਜ਼ੋਰ ਬਿਵਸਥਾ ਹੈ।
”ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲਾਂ ਦਾ ਹੀ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਥੋੜ੍ਹੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।
”ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਹੈ ਡਿੱਗ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਅਤੇ ਸਵਰਗ ਵਿੱਚ ਬਣਿਆ ਹੈ। ਕਿਉਂ ਜੋ ਇਸ ਵਿੱਚ ਅਸੀਂ ਤਾਂ ਹਾਉਂਕੇ ਭਰਦੇ ਅਤੇ ਤਰਸਦੇ ਹਾਂ ਕਿ ਆਪਣੇ ਬਸੇਰੇ ਨੂੰ ਜਿਹੜਾ ਸਵਰਗੋਂ ਹੈ ਪਹਿਨ ਲਈਏ।
”ਅਸੀਂ ਹੌਂਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਜੋ ਇਸ ਸਰੀਰ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਵੱਸੀਏ।
”ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਉੱਤੇ ਅਚਾਨਕ ਚੁੱਕਿਆ ਗਿਆ। ਮੈਂ ਨਹੀਂ ਜਾਣਦਾ ਕੀ ਉਹ ਸਰੀਰ ਸਹਿਤ ਜਾਂ ਸਰੀਰ ਰਹਿਤ ਚੁੱਕਿਆ ਗਿਆ ਪਰ ਪਰਮੇਸ਼ੁਰ ਜਾਣਦਾ ਹੈ। ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜੋ ਉਹ ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ੁਰ ਜਾਣਦਾ ਹੈ! ਉਹ ਸਵਰਗ ਉੱਤੇ ਅਚਾਨਕ ਚੁੱਕਿਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਲਈ ਚੰਗਾ ਨਹੀਂ।
”ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਉਹ ਹੀ ਵੱਢੇਗਾ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਦੇ ਰਾਹੀਂ ਬਿਨਾਸ ਦੀ ਵਾਢੀ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਦੀ ਵਾਢੀ ਵੱਢੇਗਾ।
”ਧੰਨ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਸ ਨੇ ਮਸੀਹ ਵਿੱਚ ਸਵਰਗੀ ਥਾਵਾਂ ਵਿੱਚ ਸਭ ਪਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ!
”ਸੋ ਹੁਣ ਤੋਂ ਤੁਸੀਂ ਪਰਾਏ ਅਤੇ ਪਰਦੇਸੀ ਨਹੀਂ ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ੁਰ ਦੇ ਘਰਾਣੇ ਦੇ ਹੋ!
”ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ। ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਸਨੂੰ ਚੁਣਾਂ। ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ।
”ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ। ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ।
”ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ।
”ਉਤਾਹਾਂ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਤੇ ਹਨ।
”ਤਾਂ ਜੋ ਤੁਸੀਂ ਪਰਮੇਸ਼ੁਰ ਦੇ ਯੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਸੱਦਦਾ ਹੈ।
”ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ, ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਦੋਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਦੇ ਨਾਲ ਭੜਕਦੀ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ।
”ਪਰ ਮੇਰੇ ਉੱਤੇ ਇਸ ਕਾਰਨ ਦਯਾ ਹੋਈ ਕਿ ਮੇਰੇ ਕਾਰਨ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਵਿਸ਼ਵਾਸ ਕਰਨਗੇ ਇੱਕ ਆਦਰਸ਼ ਹੋਵੇ। ਹੁਣ ਸਦੀਪਕ ਮਹਾਰਾਜ, ਅਵਿਨਾਸ਼, ਅਦਿੱਖ, ਅਦੁੱਤੀ ਪਰਮੇਸ਼ੁਰ ਦਾ ਆਦਰ ਅਤੇ ਮਹਿਮਾ ਜੁੱਗੋ-ਜੁੱਗ ਹੋਵੇ। ਆਮੀਨ।
”ਕਿਉਂ ਜੋ ਸਰੀਰਕ ਕਿਰਿਆ ਤੋਂ ਥੋੜਾ ਲਾਭ ਹੈ, ਪਰ ਭਗਤੀ ਸਭਨਾਂ ਗੱਲਾਂ ਲਈ ਲਾਹੇਵੰਦ ਹੈ, ਕਿਉਂ ਜੋ ਹੁਣ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਸ ਦੇ ਨਾਲ ਹੈ।
”ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ।
”ਵਿਸ਼ਵਾਸ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ੍ਹੀ ਰੱਖ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੂੰ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ।
”ਨਾਲੇ ਇਹ ਕਿ ਉਹ ਪਰਉਪਕਾਰੀ ਅਤੇ ਭਲੇ ਕੰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਅਤੇ ਵੰਡਣ ਨੂੰ ਤਿਆਰ ਹੋਣ। ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਧਰਨ ਤਾਂ ਜੋ ਉਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।
”ਪਰ ਹੁਣ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ, ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਖੁਸ਼ਖਬਰੀ ਦੇ ਰਾਹੀਂ ਜੀਵਨ ਅਤੇ ਅਮਰਤਾ ਉੱਤੇ ਪਰਕਾਸ਼ ਕੀਤਾ।
”ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸਵਰਗ ਰਾਜ ਲਈ ਮੁਕਤੀ ਦੇ ਕੇ ਸੰਭਾਲ ਰੱਖੇਗਾ। ਉਹ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ।
”ਉਸ ਸਦੀਪਕ ਜੀਵਨ ਦੀ ਆਸ ਉੱਤੇ ਜਿਸ ਦਾ ਪਰਮੇਸ਼ੁਰ ਨੇ ਪੁਰਾਣੇ ਸਮਿਆਂ ਤੋਂ ਵਾਇਦਾ ਕੀਤਾ ਸੀ, ਉਹ ਕਦੇ ਝੂਠ ਨਹੀਂ ਬੋਲ ਸਕਦਾ।
”ਤਾਂ ਜੋ ਅਸੀਂ ਉਸ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਸਦੀਪਕ ਜੀਵਨ ਦੀ ਆਸ ਵਿੱਚ ਵਾਰਿਸ ਹੋਈਏ।
”ਪਰ ਪੁੱਤਰ ਦੇ ਬਾਰੇ - ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ ਹੈ ਅਤੇ ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ,
”ਸੋ ਗੱਲ ਇਹ ਹੈ, ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ।
”ਅਤੇ ਉਹ ਸੰਪੂਰਨ ਹੋ ਕੇ ਉਹਨਾਂ ਸਭਨਾਂ ਦੇ ਲਈ ਜਿਹੜੇ ਆਗਿਆਕਾਰ ਹਨ, ਸਦਾ ਦੇ ਛੁਟਕਾਰੇ ਦਾ ਕਾਰਨ ਹੋਇਆ।
”ਸੋ ਜ਼ਰੂਰੀ ਸੀ ਕਿ ਸਵਰਗ ਵਿਚਲੀਆਂ ਵਸਤਾਂ ਦੇ ਨਮੂਨੇ ਇਨ੍ਹਾਂ ਨਾਲ, ਪਰ ਸਵਰਗੀ ਵਸਤਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨਾਂ ਨਾਲ ਸ਼ੁੱਧ ਕੀਤੀਆਂ ਜਾਣ। ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸਵਰਗ ਵਿੱਚ ਹੀ ਗਿਆ ਕਿ ਹੁਣ ਸਾਡੇ ਲਈ ਪਰਮੇਸ਼ੁਰ ਦੇ ਅੱਗੇ ਪੇਸ਼ ਹੋਵੇ।
”ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸਵਰਗੀ ਦੇਸ ਨੂੰ ਲੋਚਦੇ ਹਨ। ਇਸ ਕਾਰਨ ਪਰਮੇਸ਼ੁਰ ਉਨ੍ਹਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਹਨਾਂ ਦਾ ਪਰਮੇਸ਼ੁਰ ਅਖਵਾਵੇ, ਕਿਉਂ ਜੋ ਉਹ ਨੇ ਉਨ੍ਹਾਂ ਲਈ ਇੱਕ ਨਗਰੀ ਨੂੰ ਤਿਆਰ ਕੀਤਾ ਹੈ।
”ਸਗੋਂ ਤੁਸੀਂ ਸੀਯੋਨ ਦੇ ਪਹਾੜ ਕੋਲ ਆਏ ਹੋ ਅਤੇ ਅੱਤ ਮਹਾਨ ਪਰਮੇਸ਼ੁਰ ਦੀ ਨਗਰੀ ਸਵਰਗੀ ਯਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ। ਅਤੇ ਪਲੋਠਿਆਂ ਦੀ ਕਲੀਸਿਯਾ ਕੋਲ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ੁਰ ਕੋਲ ਜਿਹੜਾ ਸਾਰਿਆਂ ਦਾ ਨਿਆਂ ਕਰਨ ਵਾਲਾ ਹੈ ਅਤੇ ਸਿੱਧ ਕੀਤਿਆਂ ਹੋਇਆ ਧਰਮੀਆਂ ਦੇ ਆਤਮਿਆਂ ਕੋਲ।
”ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ।
”ਅਰਥਾਤ ਉਹ ਅਵਿਨਾਸ਼ੀ, ਨਿਰਮਲ ਅਤੇ ਨਾ ਮੁਰਝਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਰੱਖਿਆ ਹੋਇਆ ਹੈ।
”ਉਹ ਸਵਰਗ ਵਿੱਚ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਹੈ, ਦੂਤ ਅਤੇ ਅਧਿਕਾਰ ਰੱਖਣ ਵਾਲੇ, ਸਮਰੱਥਾ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।
”ਇਸ ਕਾਰਨ ਹੇ ਭਰਾਵੋ, ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਕੰਮ ਕਰੋ ਤਾਂ ਕਦੇ ਠੋਕਰ ਨਾ ਖਾਓਗੇ l ਕਿਉਂ ਜੋ ਇਸੇ ਪ੍ਰਕਾਰ ਤੁਸੀਂ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਦਾਖਿਲ ਹੋ ਸਕੋਗੇ।
”ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।
”ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੱਕਿਆ ਅਤੇ ਆਪਣੇ ਹੱਥੀਂ ਮਹਿਸੂਸ ਕੀਤਾ, ਓਸ ਜੀਵਨ ਦੇ ਬਚਨ ਦੇ ਵਿਖੇ, ਉਹ ਜੀਵਨ ਪ੍ਰਗਟ ਹੋਇਆ ਅਤੇ ਅਸੀਂ ਉਸ ਨੂੰ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਅਤੇ ਉਸ ਜੀਵਨ ਦੀ ਸਗੋਂ, ਉਸ ਸਦੀਪਕ ਜੀਵਨ ਦੀ ਚਰਚਾ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪ੍ਰਗਟ ਹੋਇਆ।
”ਅਤੇ ਸੰਸਾਰ ਅਤੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ।
”ਅਤੇ ਇਹ ਉਹ ਵਾਇਦਾ ਹੈ, ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।
”ਹੇ ਪਿਆਰਿਓ, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ! ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ।
”ਅਤੇ ਉਹ ਗਵਾਹੀ ਇਹ ਹੈ ਕਿ ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਅਤੇ ਇਹ ਜੀਵਨ ਉਹ ਦੇ ਪੁੱਤਰ ਦੇ ਵਿੱਚ ਹੈ। ਜਿਸ ਦੇ ਕੋਲ ਪੁੱਤਰ ਹੈ, ਉਹ ਦੇ ਕੋਲ ਜੀਵਨ ਹੈ। ਜਿਹ ਦੇ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ, ਉਹ ਦੇ ਕੋਲ ਜੀਵਨ ਵੀ ਨਹੀਂ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ੁਰ ਦੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਕਿ ਤੁਸੀਂ ਜਾਣੋ ਜੋ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ।
”ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ ਕਿ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ।
”ਪਰਮੇਸ਼ੁਰ ਦੇ ਪਿਆਰ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।
”ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਖਾਣ ਲਈ ਦਿਆਂਗਾ, ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ।
”ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਇਸੇ ਪ੍ਰਕਾਰ ਚਿੱਟੇ ਬਸਤਰ ਪਹਿਨਾਏ ਜਾਣਗੇ ਅਤੇ ਮੈਂ ਉਹ ਦਾ ਨਾਮ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮਿਟਾਵਾਂਗਾ ਸਗੋਂ ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਅੱਗੇ ਉਹ ਦੇ ਨਾਮ ਦਾ ਇਕਰਾਰ ਕਰਾਂਗਾ।
”ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ ਉੱਤੇ ਬੈਠਾ।
”ਇਸ ਤੋਂ ਬਾਅਦ ਮੈਂ ਦੇਖਿਆ, ਤਾਂ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਅਵਾਜ਼ ਜੋ ਮੈਂ ਸੁਣੀ, ਸੋ ਤੁਰ੍ਹੀ ਜਿਹੀ ਮੇਰੇ ਨਾਲ ਗੱਲ ਕਰਦੀ ਸੀ ਕਿ ਐਧਰ ਉੱਪਰ ਨੂੰ ਆ ਜਾ ਅਤੇ ਜੋ ਕੁਝ ਇਸ ਦੇ ਬਾਅਦ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਂਵਾਗਾ। ਉਸੇ ਤਰ੍ਹਾਂ ਹੀ ਮੈਂ ਆਤਮਾ ਵਿੱਚ ਆਇਆ ਤਦ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਸਿੰਘਾਸਣ ਰੱਖਿਆ ਹੋਇਆ ਹੈ ਅਤੇ ਉਸ ਸਿੰਘਾਸਣ ਉੱਤੇ ਕੋਈ ਬਿਰਾਜਮਾਨ ਹੈ। ਅਤੇ ਜਿਹੜਾ ਬਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਣ ਦੇ ਦੁਆਲੇ ਇੱਕ ਮੇਘ ਧਣੁੱਖ ਹੈ ਜੋ ਵੇਖਣ ਨੂੰ ਪੰਨੇ ਦੇ ਵਰਗਾ ਹੈ। ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਗੱਦੀਆਂ ਹਨ ਅਤੇ ਮੈਂ ਚੌਵੀ ਬਜ਼ੁਰਗਾਂ ਨੂੰ ਚਿੱਟੇ ਬਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਰੱਖੇ ਉਹਨਾਂ ਗੱਦੀਆਂ ਉੱਤੇ ਬੈਠੇ ਦੇਖਿਆ।
”ਅਤੇ ਸਿੰਘਾਸਣ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ, ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿੱਕਲਦੀਆਂ ਹਨ ਅਤੇ ਸਿੰਘਾਸਣ ਦੇ ਸਾਹਮਣੇ ਅੱਗ ਦੇ ਸੱਤ ਦੀਵੇ ਬਲਦੇ ਹਨ, ਜਿਹੜੇ ਪਰਮੇਸ਼ੁਰ ਦੇ ਸੱਤੇ ਆਤਮੇ ਹਨ। ਅਤੇ ਸਿੰਘਾਸਣ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਸੀ ਅਤੇ ਸਿੰਘਾਸਣ ਦੇ ਵਿਚਾਲੇ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਪ੍ਰਾਣੀ ਹਨ, ਜਿਹੜੇ ਅੱਗਿਓਂ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ। ਅਤੇ ਪਹਿਲਾ ਪ੍ਰਾਣੀ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਪ੍ਰਾਣੀ ਵਹਿੜਕੇ ਵਰਗਾ ਅਤੇ ਤੀਜੇ ਪ੍ਰਾਣੀ ਦਾ ਮੂੰਹ ਮਨੁੱਖ ਦੇ ਮੂੰਹ ਵਰਗਾ ਹੈ ਅਤੇ ਚੌਥਾ ਪ੍ਰਾਣੀ ਉੱਡਦੇ ਹੋਏ ਉਕਾਬ ਵਰਗਾ ਹੈ। ਅਤੇ ਉਹ ਚਾਰੇ ਪ੍ਰਾਣੀ ਜਿਨ੍ਹਾਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਹਨ ਅਤੇ ਉਹ ਰਾਤ-ਦਿਨ ਇਹ ਕਹਿੰਦੇ ਨਹੀਂ ਥੱਕਦੇ - ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ!
”ਜਦੋਂ ਉਹ ਪ੍ਰਾਣੀ ਉਸ ਦੀ ਵਡਿਆਈ, ਮਾਣ ਅਤੇ ਧੰਨਵਾਦ ਕਰਨਗੇ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਤਾਂ ਚੌਵੀ ਬਜ਼ੁਰਗ ਉਹ ਦੇ ਅੱਗੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਉਹ ਨੂੰ ਮੱਥਾ ਟੇਕਣਗੇ ਅਤੇ ਇਹ ਆਖਦੇ ਹੋਏ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਸੁੱਟਣਗੇ ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੈਂ, ਤੂੰ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਮਰਜ਼ੀ ਨਾਲ ਹੋਈਆਂ ਅਤੇ ਰਚੀਆਂ ਗਈਆਂ!
”ਅਤੇ ਉਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ। ਤਾਂ ਮੈਂ ਦੇਖਿਆ ਅਤੇ ਸਿੰਘਾਸਣ, ਉਹਨਾਂ ਪ੍ਰਾਣੀਆਂ, ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਬਹੁਤਿਆਂ ਦੂਤਾਂ ਦੀ ਅਵਾਜ਼ ਸੁਣੀ ਅਤੇ ਉਹਨਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਸੀ।
”ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਸ਼ਾ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜ਼ੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲੈ ਕੇ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਹੈ। ਅਤੇ ਇਹ ਵੱਡੀ ਅਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, - ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!। ਸਾਰੇ ਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚਾਰਾਂ ਪ੍ਰਾਣੀਆਂ ਦੇ ਆਲੇ-ਦੁਆਲੇ ਖੜ੍ਹੇ ਸਨ ਤਾਂ ਉਹ ਸਿੰਘਾਸਣ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕਿਆ। ਅਤੇ ਬੋਲੇ, - ਆਮੀਨ! ਸਾਡੇ ਪਰਮੇਸ਼ੁਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰੱਥਾ ਅਤੇ ਸ਼ਕਤੀ ਜੁੱਗੋ-ਜੁੱਗ ਹੋਵੇ! ਆਮੀਨ।
”ਇਸ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ-ਦਿਨ ਉਹ ਦੀ ਬੰਦਗੀ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ। ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ, ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਉਹਨਾਂ ਦਾ ਅਯਾਲੀ ਹੋਵੇਗਾ, ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝੇਗਾ।
”ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿਖਾਈ ਦੇਣ ਲੱਗ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਵੱਡੇ-ਵੱਡੇ ਗੜੇ ਪਏ।
”ਫੇਰ ਸਵਰਗ ਵਿੱਚ ਯੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ, ਅਜਗਰ ਲੜਿਆ ਅਤੇ ਉਹ ਦੇ ਦੂਤ ਵੀ ਲੜੇ। ਪਰ ਅਜਗਰ ਅਤੇ ਉਸ ਦੇ ਦੂਤ ਹਾਰ ਗਏ ਅਤੇ ਉਹਨਾਂ ਨੂੰ ਸਵਰਗ ਵਿੱਚ ਫਿਰ ਥਾਂ ਨਹੀਂ ਮਿਲਿਆ।
”ਤਾਂ ਦੂਤ ਨੇ ਮੈਨੂੰ ਆਖਿਆ, ਲਿਖ ਕਿ ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਵਤ ਵਿੱਚ ਸੱਦੇ ਹੋਏ ਹਨ! ਅਤੇ ਮੈਨੂੰ ਆਖਿਆ ਕਿ ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ।
”ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਸ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ।
”ਫਿਰ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਸਮੁੰਦਰ ਨਹੀਂ ਹੈ। ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਪਰਮੇਸ਼ੁਰ ਦੇ ਕੋਲੋਂ ਅਕਾਸ਼ ਤੋਂ ਉਤਰਦੀ ਹੋਈ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ। ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਕਿ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦਾ ਪਰਮੇਸ਼ੁਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ,
”ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ, ਅਤੇ ਉਸ ਨੇ ਆਖਿਆ, ਲਿਖ, ਕਿਉਂ ਜੋ ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ। ਅਤੇ ਉਸ ਨੇ ਮੈਨੂੰ ਆਖਿਆ, ਹੋ ਗਿਆ ਹੈ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ, ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰ ਡਰਾਕਲਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਜੀ ਮੌਤ ਹੈ। ਜਿਨ੍ਹਾਂ ਸੱਤਾਂ ਦੂਤਾਂ ਕੋਲ ਉਹ ਸੱਤ ਕਟੋਰੇ ਸਨ ਅਤੇ ਜਿਹੜੇ ਆਖਰੀ ਸੱਤ ਮਹਾਂਮਾਰੀਆਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆ ਕੇ ਮੇਰੇ ਨਾਲ ਗੱਲ ਕੀਤੀ ਕਿ ਇੱਧਰ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।
”ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਸਵਰਗ ਤੋਂ ਉੱਤਰਦੀ ਮੈਨੂੰ ਵਿਖਾਈ, ਜਿਹ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ। ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਤਰ੍ਹਾਂ ਨਿਰਮਲ ਹੋਵੇ। ਅਤੇ ਉਹ ਦੀ ਵੱਡੀ ਅਤੇ ਉੱਚੀ ਸ਼ਹਿਰਪਨਾਹ ਹੈ ਅਤੇ ਉਹ ਦੇ ਬਾਰਾਂ ਦਰਵਾਜ਼ੇ ਹਨ ਅਤੇ ਉਹਨਾਂ ਦਰਵਾਜਿਆਂ ਉੱਤੇ ਬਾਰਾਂ ਦੂਤ। ਅਤੇ ਉਹਨਾਂ ਉੱਤੇ ਨਾਮ ਲਿਖੇ ਹੋਏ ਸਨ, ਜਿਹੜੇ ਇਸਰਾਏਲ ਦੇ ਵੰਸ਼ ਦੇ ਬਾਰਾਂ ਗੋਤਾਂ ਦੇ ਨਾਮ ਹਨ। ਪੂਰਬ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਅਤੇ ਦੱਖਣ ਵੱਲ ਤਿੰਨ ਦਰਵਾਜ਼ੇ ਅਤੇ ਉੱਤਰ ਵੱਲ ਤਿੰਨ ਦਰਵਾਜ਼ੇ ਹਨ। ਅਤੇ ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਬਾਰਾਂ ਨੀਹਾਂ ਹਨ ਅਤੇ ਉਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਮ ਹਨ।
”ਮੇਰੇ ਨਾਲ ਜਿਹੜਾ ਗੱਲਾਂ ਕਰਦਾ ਸੀ ਉਹ ਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਹ ਉਸ ਨਗਰੀ ਦੀ ਅਤੇ ਉਹ ਦੇ ਦਰਵਾਜਿਆਂ ਦੀ ਅਤੇ ਉਹ ਦੀ ਸ਼ਹਿਰਪਨਾਹ ਦੀ ਮਿਣਤੀ ਕਰੇ। ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੰਨੀ ਉਹ ਦੀ ਚੌੜਾਈ ਓਨੀ ਹੀ ਉਹ ਦੀ ਲੰਬਾਈ ਹੈ। ਅਤੇ ਉਸ ਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ ਪੰਦਰਾਂ ਸੌ ਮੀਲ ਨਿੱਕਲੀ ਉਹ ਦੀ ਲੰਬਾਈ ਅਤੇ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ। ਅਤੇ ਉਸ ਨੇ ਉਹ ਦੀ ਸ਼ਹਿਰਪਨਾਹ ਨੂੰ ਮਨੁੱਖ ਦੇ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਇੱਕ ਸੌ ਚੁਤਾਲੀ ਹੱਥ ਨਿੱਕਲੀ। ਅਤੇ ਉਹ ਦੀ ਸ਼ਹਿਰਪਨਾਹ ਦੀ ਚਿਣਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਸਾਫ਼ ਸ਼ੀਸ਼ੇ ਦੇ ਵਾਂਗੂੰ ਸ਼ੁੱਧ ਸੋਨੇ ਦੀ ਸੀ। ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੁਧੀਯਾ ਅਕੀਕ ਦੀ, ਚੌਥੀ ਪੰਨੇ ਦੀ। ਪੰਜਵੀਂ ਸੁਲੇਮਾਨੀ ਦੀ, ਛੇਵੀਂ ਲਾਲ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀਂ ਸੁਨਹਿਲੇ ਦੀ, ਦਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਕਰਨ ਦੀ, ਬਾਰ੍ਹਵੀਂ ਕਟਹਲੇ ਦੀ। ਅਤੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ। ਇੱਕ-ਇੱਕ ਦਰਵਾਜ਼ਾ ਇੱਕ-ਇੱਕ ਮੋਤੀ ਦਾ ਸੀ, ਅਤੇ ਉਸ ਨਗਰੀ ਦਾ ਚੌਂਕ ਨਿਰਮਲ ਸ਼ੀਸ਼ੇ ਵਰਗਾ ਸ਼ੁੱਧ ਸੋਨੇ ਦਾ ਸੀ।
”ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ। ਅਤੇ ਉਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ ਕਿ ਉਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ। ਅਤੇ ਕੌਮਾਂ ਉਹ ਦੇ ਚਾਨਣ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਦੇ ਰਾਜੇ ਆਪਣਾ ਪ੍ਰਤਾਪ ਉਸ ਵਿੱਚ ਲਿਆਉਣਗੇ। ਅਤੇ ਉਹ ਦੇ ਦਰਵਾਜ਼ੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ। ਅਤੇ ਉਹ ਕੌਮਾਂ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ। ਪਰ ਕੋਈ ਅਪਵਿੱਤਰ ਵਸਤ ਜਾਂ ਕੋਈ ਘਿਣਾਉਣੇ ਕੰਮ ਕਰਨ ਵਾਲਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ ਪਰ ਕੇਵਲ ਉਹ ਜਿਹਨਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ।
”ਉਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂੰ ਸਾਫ਼ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ, ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਦੋਨਾਂ ਕਿਨਾਰਿਆਂ ਉੱਤੇ ਜੀਵਨ ਦਾ ਬਿਰਛ ਹੈ, ਜਿਸ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਹਰ ਮਹੀਨੇ ਆਪਣਾ ਫਲ ਦਿੰਦਾ ਹੈ, ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹ ਦੀ ਬੰਦਗੀ ਕਰਨਗੇ। ਅਤੇ ਉਹ ਦਾ ਦਰਸ਼ਣ ਪਾਉਣਗੇ ਅਤੇ ਉਹ ਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਰੋਸ਼ਨੀ ਸਗੋਂ ਸੂਰਜ ਦੇ ਚਾਨਣ ਦੀ ਕੁਝ ਜ਼ਰੂਰਤ ਨਹੀਂ ਕਿਉਂ ਜੋ ਪ੍ਰਭੂ ਪਰਮੇਸ਼ੁਰ ਉਹਨਾਂ ਨੂੰ ਚਾਨਣ ਦੇਵੇਗਾ, ਅਤੇ ਉਹ ਜੁੱਗੋ-ਜੁੱਗ ਰਾਜ ਕਰਨਗੇ।
”ਧੰਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ ਭਈ ਉਹਨਾਂ ਨੂੰ ਜੀਵਨ ਦੇ ਬਿਰਛ ਦੇ ਉੱਤੇ ਹੱਕ ਹੋਵੇ ਅਤੇ ਉਹ ਦਰਵਾਜਿਆਂ ਰਾਹੀਂ ਉਸ ਨਗਰੀ ਦੇ ਅੰਦਰ ਜਾਣ।
”ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਆਖੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਉਹ ਅੰਮ੍ਰਿਤ ਜਲ ਮੁਫ਼ਤ ਲਵੇ।
”