25 – ਪੈਸਾ

ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਪੈਸਾ.

ਚੋਟੀ ਦੀਆਂ 3 ਸਭ ਤੋਂ ਮਹੱਤਵਪੂਰਨ ਆਇਤਾਂ

ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਚੋਰ ਸੰਨ੍ਹ ਮਾਰ ਕੇ ਇਸ ਨੂੰ ਚੁਰਾਉਂਦੇ ਹਨ। ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੋਈ ਕੀੜਾ ਨਾ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰ ਕੇ ਚੁਰਾਉਂਦੇ ਹਨ। ਕਿਉਂਕਿ ਜਿੱਥੇ ਤੁਹਾਡਾ ਧਨ ਹੋਵੇਗਾ, ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ।

ਪਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ। ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ। ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫ਼ਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਪੈਸੇ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਰਾਹੋਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।

ਤਦ ਯਿਸੂ ਨੇ ਚੁਫ਼ੇਰੇ ਨਿਗਾਹ ਕਰ ਕੇ ਆਪਣੇ ਚੇਲਿਆਂ ਨੂੰ ਕਿਹਾ, ਅਮੀਰਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੋਵੇਗਾ! ਚੇਲੇ ਉਹ ਦੀਆਂ ਗੱਲਾਂ ਤੋਂ ਹੈਰਾਨ ਹੋਏ, ਪਰ ਯਿਸੂ ਨੇ ਉਨ੍ਹਾਂ ਨੂੰ ਫੇਰ ਕਿਹਾ, ਹੇ ਬਾਲਕੋ, ਜਿਹੜੇ ਧਨ ਉੱਤੇ ਭਰੋਸਾ ਰੱਖਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੈ! ਪਰਮੇਸ਼ੁਰ ਦੇ ਰਾਜ ਵਿੱਚ ਧਨਵਾਨ ਦੇ ਵੜਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ। ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਆਖਿਆ, ਮਨੁੱਖਾਂ ਤੋਂ ਇਹ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਨਹੀਂ ਕਿਉਂਕਿ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ।

ਹਰ ਸ਼ਲੋਕ ਨੂੰ ਕਨੂੰਨੀ ਕ੍ਰਮ ਵਿੱਚ - 384 ਹਵਾਲੇ

ਕੁਝ ਦਿਨਾਂ ਬਾਅਦ ਅਜਿਹਾ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਨੂੰ ਭੇਟ ਚੜ੍ਹਾਉਣ ਲਈ ਕੁਝ ਲੈ ਆਇਆ। ਹਾਬਲ ਵੀ ਇੱਜੜ ਦੇ ਪਹਿਲੌਠਿਆਂ ਨੂੰ ਅਤੇ ਉਨ੍ਹਾਂ ਦੀ ਚਰਬੀ ਵਿੱਚੋਂ ਕੁਝ ਲੈ ਆਇਆ, ਅਤੇ ਯਹੋਵਾਹ ਨੇ ਹਾਬਲ ਨੂੰ ਅਤੇ ਉਹ ਦੀ ਭੇਟ ਨੂੰ ਪਸੰਦ ਕੀਤਾ। ਪਰ ਕਾਇਨ ਅਤੇ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਤੇ ਉਹ ਦਾ ਚਿਹਰਾ ਉਦਾਸ ਹੋ ਗਿਆ।

ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ।

ਇਸ ਲਈ ਉਸ ਦੇਸ਼ ਵਿੱਚ ਉਨ੍ਹਾਂ ਦੋਵਾਂ ਦੇ ਇਕੱਠੇ ਰਹਿਣ ਲਈ ਸਥਾਨ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਇੰਨ੍ਹਾਂ ਮਾਲ-ਧਨ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ।

ਅਤੇ ਮੁਬਾਰਕ ਹੈ ਅੱਤ ਮਹਾਨ ਪਰਮੇਸ਼ੁਰ, ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ। ਤਦ ਅਬਰਾਮ ਨੇ ਉਸ ਨੂੰ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ।

ਅਤੇ ਯਹੋਵਾਹ ਨੇ ਮੇਰੇ ਸੁਆਮੀ ਨੂੰ ਵੱਡੀ ਬਰਕਤ ਦਿੱਤੀ ਹੈ ਅਤੇ ਉਸ ਨੂੰ ਵੱਡਾ ਆਦਮੀ ਬਣਾ ਦਿੱਤਾ ਹੈ ਅਤੇ ਉਸ ਨੇ ਉਹ ਨੂੰ ਭੇਡਾਂ, ਗਾਈਆਂ-ਬਲ਼ਦ, ਸੋਨਾ-ਚਾਂਦੀ, ਦਾਸ-ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ।

ਫੇਰ ਉਸ ਨੌਕਰ ਨੇ ਚਾਂਦੀ ਅਤੇ ਸੋਨੇ ਦੇ ਗਹਿਣੇ ਅਤੇ ਬਸਤਰ ਕੱਢ ਕੇ ਰਿਬਕਾਹ ਨੂੰ ਦਿੱਤੇ ਅਤੇ ਉਸ ਨੇ ਉਸ ਦੇ ਭਰਾ ਅਤੇ ਮਾਤਾ ਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ।

ਇਸਹਾਕ ਨੇ ਉਸ ਧਰਤੀ ਵਿੱਚ ਬੀਜ ਬੀਜਿਆ ਅਤੇ ਉਸੇ ਸਾਲ ਸੌ ਗੁਣਾ ਫਲ ਪ੍ਰਾਪਤ ਕੀਤਾ ਅਤੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। ਸੋ ਉਹ ਵੱਧ ਗਿਆ ਅਤੇ ਵੱਧਦਾ ਚਲਾ ਗਿਆ ਅਤੇ ਉਹ ਅੱਤ ਵੱਡਾ ਮਨੁੱਖ ਹੋ ਗਿਆ। ਉਹ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਬਹੁਤ ਸਾਰੇ ਸੇਵਕਾਂ ਦਾ ਮਾਲਕ ਹੋ ਗਿਆ ਅਤੇ ਫ਼ਲਿਸਤੀ ਉਸ ਤੋਂ ਸੜਨ ਲੱਗੇ।

ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮ੍ਹ ਖੜ੍ਹਾ ਕੀਤਾ ਹੈ, ਪਰਮੇਸ਼ੁਰ ਦਾ ਘਰ ਹੋਵੇਗਾ ਅਤੇ ਸਾਰੀਆਂ ਚੀਜ਼ਾਂ ਜੋ ਤੂੰ ਮੈਨੂੰ ਦੇਵੇਂਗਾ, ਉਨ੍ਹਾਂ ਦਾ ਦਸਵੰਧ ਮੈਂ ਜ਼ਰੂਰ ਹੀ ਤੈਨੂੰ ਦਿਆਂਗਾ।

ਯੂਸੁਫ਼ ਨੇ ਢੇਰ ਸਾਰਾ ਅੰਨ ਸਮੁੰਦਰ ਦੀ ਰੇਤ ਵਾਂਗੂੰ ਜਮ੍ਹਾ ਕਰ ਲਿਆ ਅਤੇ ਉਹ ਇੰਨ੍ਹਾਂ ਜ਼ਿਆਦਾ ਸੀ ਕਿ ਉਨ੍ਹਾਂ ਨੇ ਉਸ ਦਾ ਲੇਖਾ ਕਰਨਾ ਛੱਡ ਦਿੱਤਾ ਕਿਉਂ ਜੋ ਉਹ ਲੇਖਿਓਂ ਬਾਹਰ ਸੀ।

ਸਾਰੀ ਧਰਤੀ ਉੱਤੇ ਕਾਲ ਸੀ ਤਾਂ ਯੂਸੁਫ਼ ਨੇ ਸਾਰੇ ਭੰਡਾਰ ਖੋਲ੍ਹ ਕੇ ਮਿਸਰੀਆਂ ਕੋਲ ਅੰਨ ਵੇਚਿਆ, ਕਿਉਂ ਜੋ ਮਿਸਰ ਦੇਸ਼ ਵਿੱਚ ਕਾਲ ਬਹੁਤ ਸਖ਼ਤ ਹੋ ਗਿਆ। ਸਾਰੇ ਸੰਸਾਰ ਦੇ ਲੋਕ ਯੂਸੁਫ਼ ਦੇ ਕੋਲੋਂ ਅੰਨ ਖਰੀਦਣ ਲਈ ਮਿਸਰ ਵਿੱਚ ਆਉਣ ਲੱਗੇ ਕਿਉਂ ਜੋ ਸਾਰੀ ਧਰਤੀ ਉੱਤੇ ਕਾਲ ਬਹੁਤ ਸਖ਼ਤ ਸੀ।

ਅਤੇ ਯੂਸੁਫ਼ ਆਪਣੇ ਪਿਤਾ, ਅਤੇ ਆਪਣੇ ਭਰਾਵਾਂ, ਆਪਣੇ ਪਿਤਾ ਦੇ ਘਰਾਣੇ ਦੀ, ਉਨ੍ਹਾਂ ਦੇ ਬੱਚਿਆਂ ਦੀ ਲੋੜ ਅਨੁਸਾਰ ਭੋਜਨ ਮੁਹੱਈਆ ਕਰ ਕੇ ਪਾਲਣਾ ਕਰਦਾ ਸੀ।

ਸਾਰੀ ਧਰਤੀ ਉੱਤੇ ਭੋਜਨ ਨਹੀਂ ਸੀ ਕਿਉਂ ਜੋ ਕਾਲ ਭਾਰੀ ਸੀ ਅਤੇ ਮਿਸਰ ਦੇਸ਼ ਅਤੇ ਕਨਾਨ ਦੇਸ਼ ਕਾਲ ਦੇ ਕਾਰਨ ਨਾਸ ਹੋ ਗਏ ਸਨ। ਯੂਸੁਫ਼ ਨੇ ਸਾਰੀ ਚਾਂਦੀ, ਜਿਹੜੀ ਮਿਸਰ ਦੇ ਦੇਸ਼ ਵਿੱਚੋਂ ਅਤੇ ਕਨਾਨ ਦੇ ਦੇਸ਼ ਵਿੱਚੋਂ ਅੰਨ ਮੁੱਲ ਲੈਣ ਦੇ ਬਦਲੇ ਮਿਲੀ, ਇਕੱਠੀ ਕਰ ਲਈ ਅਤੇ ਯੂਸੁਫ਼ ਨੇ ਉਹ ਚਾਂਦੀ ਫ਼ਿਰਊਨ ਦੇ ਘਰ ਲੈ ਆਂਦੀ। ਜਦ ਮਿਸਰ ਦੇਸ਼ ਅਤੇ ਕਨਾਨ ਦੇਸ਼ ਦੀ ਚਾਂਦੀ ਖ਼ਰਚ ਹੋ ਗਈ ਤਦ ਸਾਰੇ ਮਿਸਰੀ ਇਹ ਆਖਣ ਲਈ ਯੂਸੁਫ਼ ਕੋਲ ਆਏ ਕਿ ਸਾਨੂੰ ਰੋਟੀ ਦਿਓ। ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂ ਜੋ ਚਾਂਦੀ ਮੁੱਕ ਗਈ ਹੈ। ਤਦ ਯੂਸੁਫ਼ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਤੇ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਪਸ਼ੂਆਂ ਦੇ ਬਦਲੇ ਅੰਨ੍ਹ ਦਿਆਂਗਾ। ਤਦ ਓਹ ਆਪਣੇ ਮਾਲ ਡੰਗਰ ਯੂਸੁਫ਼ ਕੋਲ ਲਿਆਏ ਅਤੇ ਯੂਸੁਫ਼ ਨੇ ਉਨ੍ਹਾਂ ਦੇ ਘੋੜਿਆਂ, ਪਸ਼ੂਆਂ, ਇੱਜੜਾਂ ਅਤੇ ਗਧਿਆਂ ਦੇ ਬਦਲੇ ਉਨ੍ਹਾਂ ਨੂੰ ਅੰਨ ਦਿੱਤਾ ਅਤੇ ਉਸ ਸਾਰੇ ਸਾਲ ਉਸ ਨੇ ਉਨ੍ਹਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ। ਜਦ ਉਹ ਸਾਲ ਬੀਤ ਗਿਆ ਤਾਂ ਦੂਜੇ ਸਾਲ ਓਹ ਉਹ ਦੇ ਕੋਲ ਫੇਰ ਆਏ ਅਤੇ ਉਸ ਨੂੰ ਆਖਿਆ, ਅਸੀਂ ਆਪਣੇ ਸੁਆਮੀ ਤੋਂ ਲੁਕਾ ਨਹੀਂ ਸਕਦੇ ਕਿ ਸਾਡੀ ਚਾਂਦੀ ਮੁੱਕ ਗਈ ਹੈ ਅਤੇ ਮਾਲ ਡੰਗਰ ਵੀ ਸਾਡੇ ਸੁਆਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸੁਆਮੀ ਦੇ ਅੱਗੇ ਸਾਡੇ ਸਰੀਰਾਂ ਅਤੇ ਜ਼ਮੀਨ ਤੋਂ ਬਿਨ੍ਹਾਂ ਹੋਰ ਕੁਝ ਬਾਕੀ ਨਹੀਂ ਰਿਹਾ। ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਤੇ ਸਾਡੀ ਜ਼ਮੀਨ ਵੀ। ਸਾਨੂੰ ਅਤੇ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਮੇਤ ਫ਼ਿਰਊਨ ਦੇ ਦਾਸ ਹੋਵਾਂਗੇ, ਪਰ ਸਾਨੂੰ ਬੀਜ ਦਿਓ ਜੋ ਅਸੀਂ ਜੀਵੀਏ ਅਤੇ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ। ਤਦ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਊਨ ਲਈ ਮੁੱਲ ਲੈ ਲਈ, ਕਿਉਂ ਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਉਸ ਕਾਲ ਦੇ ਕਾਰਨ ਇਸ ਕਰਕੇ ਵੇਚ ਦਿੱਤੇ, ਸੋ ਉਹ ਧਰਤੀ ਫ਼ਿਰਊਨ ਦੀ ਹੋ ਗਈ। ਯੂਸੁਫ਼ ਨੇ ਉਨ੍ਹਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੱਕ, ਨਗਰਾਂ ਵਿੱਚ ਗ਼ੁਲਾਮ ਬਣਾਇਆ।

ਸਗੋਂ ਇੱਕ-ਇੱਕ ਔਰਤ ਆਪਣੀ ਗੁਆਂਢਣ ਤੋਂ ਅਤੇ ਉਸ ਤੋਂ ਜੋ ਉਸ ਦੇ ਘਰ ਵਿੱਚ ਰਹਿੰਦੀ ਹੈ, ਚਾਂਦੀ ਦੇ ਗਹਿਣੇ, ਸੋਨੇ ਦੇ ਗਹਿਣੇ ਅਤੇ ਬਸਤਰ ਮੰਗੇਗੀ ਅਤੇ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਦੇ ਪਾਓਗੇ ਅਤੇ ਮਿਸਰੀਆਂ ਨੂੰ ਲੁੱਟ ਲਓਗੇ।

ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖੋ ਮੈਂ ਤੁਹਾਡੇ ਲਈ ਅਕਾਸ਼ ਤੋਂ ਰੋਟੀ ਵਰ੍ਹਾਵਾਂਗਾ ਅਤੇ ਪਰਜਾ ਬਾਹਰ ਜਾ ਕੇ ਇੱਕ ਦਿਨ ਦਾ ਭੋਜਨ ਉਸੇ ਦਿਨ ਇਕੱਠਾ ਕਰੇ ਤਾਂ ਜੋ ਮੈਂ ਉਹ ਨੂੰ ਪਰਖਾਂ ਕਿ ਉਹ ਮੇਰੀ ਬਿਵਸਥਾ ਉੱਤੇ ਚੱਲਦੀ ਹੈ ਕਿ ਨਹੀਂ। ਅਤੇ ਇਸ ਤਰ੍ਹਾਂ ਹੋਵੇਗਾ ਕਿ ਛੇਵੇਂ ਦਿਨ ਜੋ ਉਹ ਲਿਆਉਣਗੇ ਉਹ ਉਸ ਨੂੰ ਤਿਆਰ ਕਰਨ ਅਤੇ ਉਹ ਉਸ ਤੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿੱਤ ਇਕੱਠਾ ਕਰਨਗੇ।

ਮੂਸਾ ਨੇ ਉਨ੍ਹਾਂ ਨੂੰ ਆਖਿਆ, ਸਵੇਰ ਤੱਕ ਕੋਈ ਰੱਖ ਨਾ ਛੱਡੇ ਪਰ ਉਨ੍ਹਾਂ ਨੇ ਮੂਸਾ ਦੀ ਨਾ ਸੁਣੀ। ਕਈਆਂ ਨੇ ਉਸ ਵਿੱਚੋਂ ਸਵੇਰ ਤੱਕ ਰੱਖ ਛੱਡਿਆ ਸੋ ਉਸ ਵਿੱਚ ਕੀੜੇ ਪੈ ਗਏ ਅਤੇ ਸੜਿਆਂਧ ਆਉਣ ਲੱਗ ਪਈ। ਤਾਂ ਮੂਸਾ ਉਨ੍ਹਾਂ ਉੱਤੇ ਗਰੰਜ ਹੋਇਆ।

ਤੂੰ ਚੋਰੀ ਨਾ ਕਰ।

ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ। ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਨਾ ਉਹ ਦੇ ਦਾਸ ਦੀ, ਨਾ ਉਹ ਦੀ ਦਾਸੀ ਦੀ, ਨਾ ਉਹ ਦੇ ਬਲ਼ਦ ਦੀ, ਨਾ ਉਹ ਦੇ ਗਧੇ ਦੀ, ਨਾ ਕਿਸੇ ਚੀਜ਼ ਦੀ ਜਿਹੜੀ ਤੇਰੇ ਗੁਆਂਢੀ ਦੀ ਹੈ।

ਤੁਸੀਂ ਮੇਰੇ ਸ਼ਰੀਕ ਨਾ ਬਣਾਓ, ਨਾ ਚਾਂਦੀ ਦੇ ਦੇਵਤੇ, ਨਾ ਸੋਨੇ ਦੇ ਦੇਵਤੇ ਆਪਣੇ ਲਈ ਬਣਾਓ।

ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜ਼ਰੂਰ ਮਾਰਿਆ ਜਾਵੇ।

ਜਦ ਕੋਈ ਮਨੁੱਖ ਆਪਣੇ ਗੁਆਂਢੀ ਨੂੰ ਚਾਂਦੀ ਜਾਂ ਗਹਿਣਾ ਰੱਖਣ ਲਈ ਦੇਵੇ ਪਰ ਉਹ ਉਸ ਮਨੁੱਖ ਦੇ ਘਰੋਂ ਚੁਰਾਇਆ ਜਾਵੇ ਜੇ ਚੋਰ ਫੜਿਆ ਜਾਵੇ ਤਾਂ ਉਹ ਦੁੱਗਣਾ ਭਰੇ। ਪਰ ਜੇ ਚੋਰ ਨਾ ਫੜਿਆ ਜਾਵੇ ਤਾਂ ਘਰ ਦਾ ਮਾਲਕ ਨਿਆਂਈਆਂ ਦੇ ਕੋਲ ਲਿਆਂਦਾ ਜਾਵੇ ਤਾਂ ਜੋ ਮਲੂਮ ਹੋਵੇ ਕਿ ਉਸ ਨੇ ਆਪਣਾ ਹੱਥ ਆਪਣੇ ਗੁਆਂਢੀ ਦੇ ਮਾਲ ਧਨ ਨੂੰ ਲਾਇਆ ਹੈ ਕਿ ਨਹੀਂ।

ਜੇ ਤੂੰ ਮੇਰੀ ਪਰਜਾ ਵਿੱਚੋਂ ਆਪਣੇ ਨਾਲ ਦੇ ਕਿਸੇ ਕੰਗਾਲ ਨੂੰ ਚਾਂਦੀ ਉਧਾਰ ਦੇਵੇਂ ਤਾਂ ਤੂੰ ਉਹ ਦਾ ਬਿਆਜੜੀਆ ਨਾ ਬਣ, ਤੂੰ ਉਸ ਉੱਤੇ ਬਿਆਜ ਨਾ ਲਾਵੀਂ।

ਇਸਰਾਏਲੀਆਂ ਨੂੰ ਆਖ ਕਿ ਉਹ ਮੇਰੇ ਲਈ ਭੇਟ ਲਿਆਉਣ। ਹਰ ਇੱਕ ਮਨੁੱਖ ਤੋਂ ਜਿਹ ਦਾ ਮਨ ਉਹ ਨੂੰ ਪਰੇਰੇ ਤੁਸੀਂ ਮੇਰੇ ਲਈ ਭੇਟ ਲਿਓ।

ਕਿ ਤੁਸੀਂ ਆਪਣਿਆਂ ਵਿੱਚੋਂ ਯਹੋਵਾਹ ਲਈ ਭੇਟ ਲਿਓ। ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ - ਸੋਨਾ ਚਾਂਦੀ ਪਿੱਤਲ

ਮਨੁੱਖ ਅਤੇ ਉਨ੍ਹਾਂ ਦੇ ਨਾਲ ਔਰਤਾਂ ਆਈਆਂ ਅਤੇ ਮਨ ਦੀ ਭਾਉਣੀ ਨਾਲ ਜੁਗਨੀਆਂ, ਨਥਾਂ, ਛਾਪਾਂ ਅਤੇ ਹਾਰ ਸਾਰੇ ਸੋਨੇ ਦੇ ਗਹਿਣੇ ਲਿਆਏ ਅਤੇ ਸਾਰੇ ਮਨੁੱਖਾਂ ਨੇ ਯਹੋਵਾਹ ਲਈ ਸੋਨੇ ਦੀਆਂ ਭੇਟਾਂ ਦਿੱਤੀਆਂ

ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ ਕਿ ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹ ਦਾ ਯਹੋਵਾਹ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਧੇਰੇ ਲਿਆਉਂਦੇ ਹਨ। ਤਾਂ ਮੂਸਾ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇਹ ਆਖ ਕੇ ਸਾਰੇ ਡੇਰੇ ਵਿੱਚ ਹੋਕਾ ਫਿਰਾਇਆ ਕਿ ਮਨੁੱਖ ਅਤੇ ਇਸਤਰੀਆਂ ਪਵਿੱਤਰ ਸਥਾਨ ਦੀ ਭੇਟਾਂ ਲਈ ਹੋਰ ਪ੍ਰਬੰਧ ਨਾ ਕਰਨ। ਸੋ ਲੋਕ ਲਿਆਉਣ ਤੋਂ ਹਟ ਗਏ ਕਿਉਂ ਜੋ ਉਸ ਸਾਰੇ ਕੰਮ ਦੇ ਬਣਾਉਣ ਲਈ ਮਸਾਲਾ ਬਹੁਤ ਸੀ ਸਗੋਂ ਵਧੇਰੇ ਵੀ ਸੀ।

ਜੇ ਕੋਈ ਮਨੁੱਖ ਯਹੋਵਾਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ-ਦੇਣ ਅਤੇ ਠੱਗੀ ਦੇ ਮਾਮਲਿਆਂ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ, ਜਾਂ ਕਿਸੇ ਗੁਆਚੀ ਹੋਈ ਵਸਤੂ ਨੂੰ ਲੱਭੇ ਅਤੇ ਉਸ ਦੇ ਵਿਖੇ ਝੂਠ ਬੋਲੇ ਅਤੇ ਝੂਠੀ ਸਹੁੰ ਚੁੱਕੇ, ਅਜਿਹਾ ਕੋਈ ਵੀ ਕੰਮ ਜਿਸ ਨੂੰ ਕਰਕੇ ਮਨੁੱਖ ਪਾਪੀ ਠਹਿਰਦਾ ਹੈ,

ਫੇਰ ਜਦ ਤੁਸੀਂ ਆਪਣੇ ਦੇਸ ਦੇ ਖੇਤਾਂ ਦੀ ਵਾਢੀ ਕਰੋ ਤਾਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੱਕ ਪੂਰੀ ਫ਼ਸਲ ਨਾ ਵੱਢਣਾ ਅਤੇ ਵਾਢੀ ਕੀਤੇ ਹੋਏ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਨਾ ਚੁੱਗਣਾ। ਅਤੇ ਤੂੰ ਆਪਣੇ ਦਾਖਾਂ ਦੇ ਬਾਗ਼ਾਂ ਦਾ ਹਰੇਕ ਦਾਣਾ ਨਾ ਤੋੜੀਂ, ਅਤੇ ਆਪਣੇ ਦਾਖਾਂ ਦੇ ਬਾਗ਼ਾਂ ਵਿੱਚ ਡਿੱਗੇ ਹੋਏ ਅੰਗੂਰਾਂ ਨੂੰ ਨਾ ਚੁੱਕੀਂ, ਤੂੰ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਵੀਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਤੁਸੀਂ ਚੋਰੀ ਨਾ ਕਰਨਾ, ਨਾ ਛਲ ਕਰਨਾ ਅਤੇ ਨਾ ਆਪਸ ਵਿੱਚ ਝੂਠ ਬੋਲਣਾ।

ਤੂੰ ਆਪਣੇ ਗੁਆਂਢੀ ਨਾਲ ਛੱਲ ਨਾ ਕਰੀਂ ਅਤੇ ਨਾ ਹੀ ਉਸ ਨੂੰ ਲੁੱਟੀਂ। ਮਜ਼ਦੂਰ ਦੀ ਮਜ਼ਦੂਰੀ ਤੇਰੇ ਕੋਲ ਸਾਰੀ ਰਾਤ ਸਵੇਰੇ ਤੱਕ ਨਾ ਰਹੇ।

ਤੁਸੀਂ ਨਿਆਂ ਕਰਨ ਵਿੱਚ, ਨਾਪਣ ਵਿੱਚ, ਤੋਲਣ ਵਿੱਚ ਜਾਂ ਮਿਣਨ ਵਿੱਚ ਧੋਖਾ ਨਾ ਕਰਨਾ। ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਹਾਂ।

“ਜਿਸ ਵੇਲੇ ਤੁਸੀਂ ਆਪਣੇ ਦੇਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੇ ਖੇਤ ਦੇ ਬੰਨ੍ਹਿਆਂ ਤੱਕ ਸਾਰੀ ਫਸਲ ਨਾ ਵੱਢਣਾ, ਨਾ ਹੀ ਤੁਸੀਂ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਚੁੱਗਣਾ। ਤੁਸੀਂ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”

ਛੇ ਸਾਲ ਤੱਕ ਤੂੰ ਆਪਣੇ ਖੇਤ ਬੀਜੀਂ ਅਤੇ ਛੇ ਸਾਲ ਤੂੰ ਆਪਣੀਆਂ ਦਾਖਾਂ ਦੀ ਬਾਗਬਾਨੀ ਕਰੀਂ ਅਤੇ ਉਨ੍ਹਾਂ ਦੇ ਫ਼ਲਾਂ ਨੂੰ ਇਕੱਠਾ ਕਰੀਂ। ਪਰ ਸੱਤਵੇਂ ਸਾਲ ਵਿੱਚ ਯਹੋਵਾਹ ਦੇ ਅੱਗੇ ਧਰਤੀ ਨੂੰ ਸਬਤ ਦਾ ਵਿਸ਼ਰਾਮ ਮਿਲਿਆ ਕਰੇ। ਤੂੰ ਨਾ ਤਾਂ ਆਪਣੇ ਖੇਤ ਬੀਜੀਂ ਅਤੇ ਨਾ ਹੀ ਆਪਣੇ ਦਾਖਾਂ ਦੀ ਬਾਗਬਾਨੀ ਕਰੀਂ। ਜੋ ਕੁਝ ਤੇਰੇ ਖੇਤ ਵਿੱਚ ਆਪੇ ਹੀ ਉੱਗ ਪਵੇ, ਉਸ ਨੂੰ ਤੂੰ ਨਾ ਵੱਢੀਂ, ਨਾ ਹੀ ਆਪਣੇ ਖਾਲੀ ਛੱਡੇ ਬਾਗ਼ਾਂ ਵਿੱਚੋਂ ਦਾਖ਼ਾਂ ਤੋੜੀ ਕਿਉਂ ਜੋ ਉਹ ਧਰਤੀ ਦੇ ਲਈ ਵਿਸ਼ਰਾਮ ਦਾ ਸਾਲ ਹੈ।

ਤੂੰ ਸਾਲ ਦੇ ਸੱਤ ਸਬਤ ਗਿਣ ਲਵੀਂ ਅਰਥਾਤ ਸੱਤ ਗੁਣਾ ਸੱਤ ਸਾਲ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਸਾਲਾਂ ਦਾ ਸਮਾਂ ਉਣੰਜਾ ਸਾਲ ਹੋਵੇਗਾ। ਤਦ ਤੂੰ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਨੂੰ ਅਰਥਾਤ ਪ੍ਰਾਸਚਿਤ ਦੇ ਦਿਨ ਅਨੰਦ ਦੀ ਤੁਰ੍ਹੀ ਆਪਣੇ ਸਾਰੇ ਦੇਸ ਵਿੱਚ ਉੱਚੀ ਅਵਾਜ਼ ਵਿੱਚ ਵਜਾਵੀਂ। ਫੇਰ ਤੁਸੀਂ ਉਸ ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਦੇਸ ਦੇ ਸਾਰੇ ਵਾਸੀਆਂ ਦੇ ਲਈ ਛੁਟਕਾਰੇ ਦੀ ਘੋਸ਼ਣਾ ਕਰਨਾ, ਇਹ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਅਤੇ ਤੁਸੀਂ ਆਪਣੀ-ਆਪਣੀ ਨਿੱਜ-ਭੂਮੀ ਅਤੇ ਆਪਣੇ-ਆਪਣੇ ਘਰਾਣਿਆਂ ਵਿੱਚ ਮੁੜ ਜਾਣਾ। ਉਹ ਪੰਜਾਹਵਾਂ ਸਾਲ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਉਸ ਵਿੱਚ ਤੁਸੀਂ ਨਾ ਬੀਜਣਾ ਅਤੇ ਨਾ ਉਸ ਨੂੰ ਵੱਢਣਾ ਜਿਹੜਾ ਆਪਣੇ ਆਪ ਉੱਗ ਪਵੇ, ਅਤੇ ਨਾ ਹੀ ਤੁਸੀਂ ਆਪਣੇ ਖਾਲੀ ਛੱਡੇ ਹੋਏ ਬਾਗ਼ਾਂ ਦੀਆਂ ਦਾਖਾਂ ਤੋੜਨਾ। ਕਿਉਂ ਜੋ ਉਹ ਅਨੰਦ ਦਾ ਸਾਲ ਹੈ, ਉਹ ਤੁਹਾਡੇ ਲਈ ਪਵਿੱਤਰ ਹੋਵੇ। ਜੋ ਕੁਝ ਖੇਤ ਵਿੱਚ ਆਪਣੇ ਆਪ ਉੱਗੇ ਤੁਸੀਂ ਉਸ ਵਿੱਚੋਂ ਹੀ ਖਾਣਾ।

ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ।

ਉਸ ਤੋਂ ਤੂੰ ਵਿਆਜ ਜਾਂ ਮੁਨਾਫ਼ਾ ਨਾ ਲਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ ਤਾਂ ਜੋ ਤੇਰਾ ਭਰਾ ਤੇਰੇ ਨਾਲ ਹੀ ਵੱਸਦਾ ਰਹੇ। ਤੂੰ ਉਸ ਨੂੰ ਆਪਣਾ ਪੈਸਾ ਵਿਆਜ ਤੇ ਨਾ ਦੇਵੀਂ, ਨਾ ਹੀ ਮੁਨਾਫ਼ੇ ਲਈ ਉਸ ਨੂੰ ਭੋਜਨ ਖਿਲਾਵੀਂ।

ਧਰਤੀ ਦੀ ਉਪਜ ਦਾ ਸਾਰਾ ਦਸਵੰਧ, ਭਾਵੇਂ ਧਰਤੀ ਦੇ ਬੀਜਾਂ ਦਾ, ਭਾਵੇਂ ਰੁੱਖਾਂ ਦੇ ਫ਼ਲਾਂ ਦਾ ਹੋਵੇ, ਉਹ ਯਹੋਵਾਹ ਦਾ ਹੈ, ਇਹ ਯਹੋਵਾਹ ਦੇ ਅੱਗੇ ਪਵਿੱਤਰ ਹੈ।

ਤਦ ਯਹੋਵਾਹ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਧਰਤੀ ਵਿੱਚ ਕੋਈ ਹਿੱਸਾ ਨਾ ਲਵੀਂ, ਨਾ ਉਨ੍ਹਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ। ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ। ਅਤੇ ਵੇਖੋ, ਲੇਵੀਆਂ ਲਈ ਮੈਂ ਇਸਰਾਏਲੀਆਂ ਦੇ ਸਾਰਿਆਂ ਦਸਵੰਧਾਂ ਨੂੰ ਉਨ੍ਹਾਂ ਦੇ ਵਿਰਸੇ ਵਿੱਚ, ਉਸ ਟਹਿਲ ਸੇਵਾ ਦੇ ਬਦਲੇ ਜਿਹੜੀ ਉਹ ਮੰਡਲੀ ਦੇ ਤੰਬੂ ਵਿੱਚ ਕਰਦੇ ਹਨ, ਦੇ ਦਿੱਤਾ ਹੈ।

ਯਹੋਵਾਹ ਨੇ ਮੂਸਾ ਨੂੰ ਆਖਿਆ, ਲੇਵੀਆਂ ਨੂੰ ਆਖ ਕਿ ਜਦ ਤੁਸੀਂ ਇਸਰਾਏਲੀਆਂ ਤੋਂ ਦਸਵੰਧ ਲੈਂਦੇ ਹੋ, ਜਿਹੜਾ ਮੈਂ ਤੁਹਾਨੂੰ ਉਨ੍ਹਾਂ ਵੱਲੋਂ ਤੁਹਾਡੇ ਵਿਰਸੇ ਵਿੱਚ ਦਿੱਤਾ ਹੈ ਤਾਂ ਤੁਸੀਂ ਯਹੋਵਾਹ ਲਈ ਉਸ ਤੋਂ ਚੁੱਕਣ ਦੀ ਭੇਟ ਚੜ੍ਹਾਓ, ਅਰਥਾਤ ਦਸਵੰਧ ਦਾ ਦਸਵੰਧ। ਇਹ ਤੁਹਾਡੇ ਲੇਖੇ ਵਿੱਚ ਚੁੱਕਣ ਦੀ ਭੇਟ ਗਿਣੀ ਜਾਵੇ, ਜਿਵੇਂ ਇਹ ਪਿੜ ਦਾ ਅੰਨ ਅਤੇ ਕੋਹਲੂ ਦੇ ਦਾਖ਼ਰਸ ਹੈ। ਇਸ ਤਰ੍ਹਾਂ ਤੁਸੀਂ ਵੀ ਯਹੋਵਾਹ ਲਈ ਚੁੱਕਣ ਦੀ ਭੇਟ ਆਪਣਿਆਂ ਸਾਰਿਆਂ ਦਸਵੰਧਾਂ ਤੋਂ ਜਿਹੜੇ ਤੁਸੀਂ ਇਸਰਾਏਲੀਆਂ ਤੋਂ ਲੈਂਦੇ ਹੋ ਚੜ੍ਹਾਓਗੇ ਅਤੇ ਤੁਸੀਂ ਉਨ੍ਹਾਂ ਤੋਂ ਯਹੋਵਾਹ ਦੀ ਚੁੱਕਣ ਦੀ ਭੇਟ ਹਾਰੂਨ ਜਾਜਕ ਨੂੰ ਦਿਓ। ਆਪਣਿਆਂ ਸਾਰਿਆਂ ਦਾਨਾਂ ਤੋਂ ਤੁਸੀਂ ਯਹੋਵਾਹ ਲਈ ਚੁੱਕਣ ਦੀ ਭੇਟ, ਉਸ ਦੀ ਚਿਕਨਾਈ ਤੋਂ ਅਰਥਾਤ ਉਸ ਦੇ ਪਵਿੱਤਰ ਕੀਤੇ ਹੋਏ ਹਿੱਸੇ ਤੋਂ ਚੜ੍ਹਾਓ।

ਸਾਡੇ ਪਿਤਾ ਦਾ ਨਾਮ ਉਸ ਦੇ ਟੱਬਰ ਵਿੱਚੋਂ ਪੁੱਤਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਜ਼ਮੀਨ ਦਿਓ। ਤਾਂ ਮੂਸਾ ਉਨ੍ਹਾਂ ਦੀ ਬੇਨਤੀ ਨੂੰ ਯਹੋਵਾਹ ਅੱਗੇ ਲੈ ਗਿਆ। ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਸਲਾਫ਼ਹਾਦ ਦੀਆਂ ਧੀਆਂ ਠੀਕ ਬੋਲਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਜ਼ਰੂਰ ਜਾਇਦਾਦ ਦੇ ਅਰਥਾਤ ਉਨ੍ਹਾਂ ਤੱਕ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਪਹੁੰਚਾ ਦੇ। ਤੂੰ ਇਸਰਾਏਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤਰ ਨਾ ਹੋਵੇ ਤਾਂ ਉਸ ਦੀ ਜ਼ਮੀਨ ਉਸ ਦੀ ਧੀ ਨੂੰ ਦੇਵੋ। ਜੇ ਉਸ ਦੀ ਧੀ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਭਰਾਵਾਂ ਨੂੰ ਦਿਓ। ਜੇ ਉਸ ਦਾ ਭਰਾ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਪਿਤਾ ਦੇ ਭਰਾਵਾਂ ਨੂੰ ਦਿਓ। ਅਤੇ ਜੇ ਉਸ ਦੇ ਪਿਤਾ ਦੇ ਭਰਾ ਨਾ ਹੋਣ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਜਿਹੜੇ ਉਸ ਦੇ ਟੱਬਰ ਦੇ ਹੋਣ ਦਿਓ ਅਤੇ ਉਹ ਆਪਣੇ ਕਬਜ਼ੇ ਵਿੱਚ ਲੈਣ ਅਤੇ ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

ਅਸੀਂ ਯਹੋਵਾਹ ਦਾ ਚੜ੍ਹਾਵਾ ਲਿਆਏ ਹਾਂ, ਜੋ ਕੁਝ ਹਰ ਇੱਕ ਦੇ ਹੱਥ ਲੱਗਾ ਅਰਥਾਤ ਸੋਨੇ ਦੇ ਗਹਿਣੇ, ਪਜੇਬਾਂ, ਕੜੇ, ਛਾਪਾਂ, ਬਾਲ਼ੀਆਂ ਬਾਜ਼ੂਬੰਦ, ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਈ ਯਹੋਵਾਹ ਅੱਗੇ ਪ੍ਰਾਸਚਿਤ ਕਰੀਏ।

ਇਸ ਤਰ੍ਹਾਂ ਕੋਈ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਜਾਵੇਗੀ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਗੋਤ ਆਪਣੀਆਂ-ਆਪਣੀਆਂ ਜ਼ਮੀਨਾਂ ਵਿੱਚ ਬਣੇ ਰਹਿਣ।

ਤੂੰ ਚੋਰੀ ਨਾ ਕਰ।

ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਨਾ ਉਹ ਦੇ ਖੇਤ ਦਾ, ਨਾ ਉਹ ਦੇ ਦਾਸ ਦਾ, ਨਾ ਉਹ ਦੀ ਦਾਸੀ ਦਾ, ਨਾ ਉਹ ਦੇ ਬਲ਼ਦ ਦਾ, ਨਾ ਉਹ ਦੇ ਗਧੇ ਦਾ, ਅਤੇ ਨਾ ਹੀ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦਾ ਲਾਲਚ ਕਰ।

ਇੱਕ ਅਜਿਹਾ ਦੇਸ਼ ਜਿਸ ਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੁੜ ਨਾ ਹੋਵੇਗੀ, ਇੱਕ ਅਜਿਹਾ ਦੇਸ਼ ਜਿਸ ਦੇ ਪੱਥਰ ਲੋਹੇ ਦੇ ਹਨ ਅਤੇ ਜਿਸ ਦੀਆਂ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ।

ਅਜਿਹਾ ਨਾ ਹੋਵੇ ਕਿ ਜਦ ਤੁਸੀਂ ਰੱਜ ਕੇ ਖਾਓ ਅਤੇ ਚੰਗੇ ਘਰ ਬਣਾ ਕੇ ਉਨ੍ਹਾਂ ਵਿੱਚ ਵੱਸ ਜਾਓ, ਜਦ ਤੁਹਾਡੇ ਚੌਣੇ ਅਤੇ ਤੁਹਾਡੇ ਇੱਜੜ ਵੱਧ ਜਾਣ ਅਤੇ ਤੁਹਾਡਾ ਸੋਨਾ-ਚਾਂਦੀ ਵੱਧ ਜਾਵੇ, ਸਗੋਂ ਤੁਹਾਡਾ ਸਭ ਕੁਝ ਹੀ ਵੱਧ ਜਾਵੇ, ਤਦ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ, ਜਿਸ ਨੇ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢਿਆ ਅਤੇ ਜਿਹੜਾ ਤੁਹਾਨੂੰ ਵੱਡੀ ਅਤੇ ਭਿਆਨਕ ਉਜਾੜ ਦੇ ਵਿੱਚ ਲੈ ਕੇ ਚੱਲਿਆ, ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਤੋਂ ਜਿੱਥੇ ਪਾਣੀ ਨਹੀਂ ਸੀ, ਜਿਸ ਨੇ ਤੁਹਾਡੇ ਲਈ ਪਥਰੀਲੀ ਚੱਟਾਨ ਤੋਂ ਪਾਣੀ ਕੱਢਿਆ, ਜਿਸ ਨੇ ਤੁਹਾਨੂੰ ਉਜਾੜ ਵਿੱਚ ਮੰਨਾ ਖਿਲਾਇਆ, ਜਿਸ ਨੂੰ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ, ਕਿਤੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਸਾਡੇ ਬਲ ਅਤੇ ਸਾਡੇ ਹੱਥਾਂ ਦੀ ਸ਼ਕਤੀ ਨੇ ਇਹ ਧਨ ਕਮਾਇਆ ਹੈ। ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਰੱਖਿਓ ਕਿਉਂ ਜੋ ਉਹ ਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ ਤਾਂ ਜੋ ਉਹ ਆਪਣਾ ਨੇਮ ਕਾਇਮ ਰੱਖੇ, ਜਿਸ ਦੀ ਸਹੁੰ ਉਸ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ, ਜਿਵੇਂ ਅੱਜ ਦੇ ਦਿਨ ਹੈ।

ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ, ਸ਼ਕਤੀਮਾਨ ਅਤੇ ਭੈਅ ਦਾਇਕ ਪਰਮੇਸ਼ੁਰ ਹੈ, ਜਿਹੜਾ ਕਿਸੇ ਦਾ ਪੱਖਪਾਤ ਨਹੀਂ ਕਰਦਾ ਅਤੇ ਨਾ ਕਿਸੇ ਤੋਂ ਰਿਸ਼ਵਤ ਲੈਂਦਾ ਹੈ। ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਸ ਨੂੰ ਰੋਟੀ ਅਤੇ ਕੱਪੜਾ ਦੇਵੇ।

ਉੱਥੇ ਹੀ ਤੁਸੀਂ ਆਪਣੀਆਂ ਹੋਮ ਬਲੀ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਸੁੱਖਣਾ ਦੀਆਂ ਭੇਟਾਂ, ਆਪਣੀਆਂ ਖੁਸ਼ੀ ਦੀਆਂ ਭੇਟਾਂ ਅਤੇ ਆਪਣੇ ਚੌਣਿਆਂ ਅਤੇ ਇੱਜੜਾਂ ਦੇ ਪਹਿਲੌਠੇ ਲੈ ਕੇ ਜਾਇਆ ਕਰਨਾ,

ਤਦ ਤੁਸੀਂ ਉਸ ਸਥਾਨ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਆਪਣੀਆਂ ਹੋਮ ਬਲੀ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਮਨ ਭਾਉਂਦੀਆਂ ਸੁੱਖਣਾ ਦੀਆਂ ਭੇਟਾਂ, ਜਿਹੜੀਆਂ ਤੁਸੀਂ ਯਹੋਵਾਹ ਲਈ ਸੁੱਖੀਆਂ ਹਨ, ਅਰਥਾਤ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਉਹ ਸਭ ਕੁਝ ਲਿਆਇਆ ਕਰਨਾ।

ਪਰ ਤੁਸੀਂ ਆਪਣਾ ਅੰਨ, ਨਵੀਂ ਮਧ, ਤੇਲ ਦਾ ਦਸਵੰਧ, ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ, ਅਤੇ ਆਪਣੀਆਂ ਸੁੱਖਣਾ ਦੀਆਂ ਭੇਟਾਂ, ਖੁਸ਼ੀ ਦੀਆਂ ਭੇਟਾਂ ਅਤੇ ਚੁੱਕਣ ਦੀਆਂ ਭੇਟਾਂ ਨੂੰ ਆਪਣੇ ਫਾਟਕਾਂ ਦੇ ਅੰਦਰ ਕਦੇ ਵੀ ਨਾ ਖਾਣਾ,

ਤੁਸੀਂ ਜ਼ਰੂਰ ਹੀ ਆਪਣੇ ਬੀਜ ਦੀ ਸਾਰੀ ਪੈਦਾਵਾਰ ਦਾ ਦਸਵੰਧ ਦਿਓ, ਜਿਹੜੀ ਖੇਤ ਵਿੱਚੋਂ ਸਾਲ ਦੇ ਸਾਲ ਨਿੱਕਲਦੀ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਉਹ ਆਪਣਾ ਨਾਮ ਵਸਾਉਣ ਲਈ ਚੁਣੇਗਾ ਆਪਣੇ ਅੰਨ, ਆਪਣੀ ਨਵੀਂ ਮਧ ਅਤੇ ਆਪਣੇ ਤੇਲ ਦੇ ਦਸਵੰਧ ਨੂੰ ਅਤੇ ਆਪਣੇ ਇੱਜੜ ਤੇ ਆਪਣੇ ਚੌਣੇ ਦੇ ਪਹਿਲੌਠਿਆਂ ਨੂੰ ਖਾਇਓ, ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਸਦਾ ਤੱਕ ਮੰਨਣਾ ਸਿੱਖੋ।

“ਹਰੇਕ ਸੱਤਾਂ ਸਾਲਾਂ ਦੇ ਅੰਤ ਵਿੱਚ ਤੁਸੀਂ ਛੁਟਕਾਰਾ ਦਿਆ ਕਰੋ। ਛੁਟਕਾਰੇ ਦਾ ਤਰੀਕਾ ਇਹ ਹੈ, ਹਰ ਲੈਣਦਾਰ ਆਪਣਾ ਉਹ ਕਰਜ਼ ਜਿਹੜਾ ਉਸ ਨੇ ਆਪਣੇ ਗੁਆਂਢੀ ਨੂੰ ਉਧਾਰ ਦਿੱਤਾ ਸੀ, ਛੱਡ ਦੇਵੇ। ਉਹ ਆਪਣੇ ਗੁਆਂਢੀ ਅਤੇ ਆਪਣੇ ਭਰਾ ਤੋਂ ਵਸੂਲੀ ਨਾ ਕਰੇ ਕਿਉਂ ਜੋ ਯਹੋਵਾਹ ਦੇ ਨਾਮ ਤੋਂ ਛੁਟਕਾਰੇ ਦੀ ਘੋਸ਼ਣਾ ਕੀਤੀ ਗਈ ਹੈ। ਪਰਦੇਸੀ ਤੋਂ ਤੁਸੀਂ ਵਸੂਲੀ ਕਰ ਸਕਦੇ ਹੋ ਪਰ ਤੁਹਾਡਾ ਜੋ ਕੁਝ ਤੁਹਾਡੇ ਭਰਾ ਕੋਲ ਹੋਵੇ, ਉਹ ਤੁਸੀਂ ਆਪਣੇ ਆਪ ਛੱਡ ਦਿਓ।

ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣੇ ਬਚਨ ਅਨੁਸਾਰ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਹਾਨੂੰ ਕਿਸੇ ਤੋਂ ਕਰਜ਼ ਲੈਣਾ ਨਾ ਪਵੇਗਾ। ਤੁਸੀਂ ਬਹੁਤੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਉਹ ਤੁਹਾਡੇ ਉੱਤੇ ਰਾਜ ਨਾ ਕਰਨਗੀਆਂ।

“ਜੋ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਉਸ ਦੇ ਕਿਸੇ ਵੀ ਫਾਟਕ ਦੇ ਅੰਦਰ ਜੇਕਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਕੋਲ ਕੋਈ ਕੰਗਾਲ ਹੋਵੇ ਤਾਂ ਤੁਸੀਂ ਆਪਣੇ ਕੰਗਾਲ ਭਰਾ ਲਈ ਆਪਣਾ ਮਨ ਕਠੋਰ ਨਾ ਕਰਿਓ ਅਤੇ ਨਾ ਹੀ ਆਪਣਾ ਹੱਥ ਰੋਕਿਓ, ਪਰ ਤੁਸੀਂ ਆਪਣੇ ਹੱਥ ਉਸ ਦੇ ਲਈ ਜ਼ਰੂਰ ਹੀ ਖੁੱਲ੍ਹੇ ਰੱਖਿਓ ਅਤੇ ਉਸ ਨੂੰ ਉਸ ਦੀ ਲੋੜ ਅਨੁਸਾਰ ਜ਼ਰੂਰ ਹੀ ਉਧਾਰ ਦਿਓ।

ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਵਿੱਚ ਕੋਈ ਨਿਕੰਮਾ ਵਿਚਾਰ ਆ ਜਾਵੇ ਕਿ ਸੱਤਵਾਂ ਸਾਲ ਅਰਥਾਤ ਛੁਟਕਾਰੇ ਦਾ ਸਾਲ ਨੇੜੇ ਹੈ, ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਭਰਾ ਵੱਲ ਮੰਦੀ ਹੋ ਜਾਵੇ ਕਿ ਤੁਸੀਂ ਉਸ ਨੂੰ ਕੁਝ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਯਹੋਵਾਹ ਦੇ ਅੱਗੇ ਫ਼ਰਿਆਦ ਕਰੇ ਅਤੇ ਇਹ ਤੁਹਾਡੇ ਲਈ ਪਾਪ ਠਹਿਰੇ। ਤੁਸੀਂ ਜ਼ਰੂਰ ਹੀ ਉਸ ਨੂੰ ਦਿਓ ਅਤੇ ਉਸ ਨੂੰ ਦਿੰਦੇ ਹੋਏ ਤੁਹਾਡੇ ਮਨ ਨੂੰ ਬੁਰਾ ਨਾ ਲੱਗੇ ਕਿਉਂ ਜੋ ਇਸੇ ਗੱਲ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤੁਹਾਡੇ ਹੱਥ ਦੇ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ। ਕੰਗਾਲ ਤਾਂ ਦੇਸ਼ ਵਿੱਚ ਹਮੇਸ਼ਾ ਹੀ ਰਹਿਣਗੇ, ਇਸ ਕਾਰਨ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਦੇਸ਼ ਵਿੱਚ ਆਪਣੇ ਲੋੜਵੰਦ ਅਤੇ ਕੰਗਾਲ ਭਰਾਵਾਂ ਲਈ ਆਪਣਾ ਹੱਥ ਜ਼ਰੂਰ ਹੀ ਖੁੱਲ੍ਹਾ ਰੱਖਿਓ।

ਤਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਦੇ ਅਨੁਸਾਰ ਉਸ ਦੇ ਲਈ ਆਪਣੀ ਖੁਸ਼ੀ ਦੀ ਭੇਟ ਦੇ ਨਜ਼ਰਾਨੇ ਦੇ ਕੇ ਹਫ਼ਤਿਆਂ ਦਾ ਪਰਬ ਮਨਾਇਓ।

ਹਰੇਕ ਪੁਰਖ ਆਪਣੇ-ਆਪਣੇ ਵਿੱਤ ਅਨੁਸਾਰ ਅਤੇ ਉਸ ਬਰਕਤ ਦੇ ਅਨੁਸਾਰ ਦੇਵੇ, ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ।

ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦਾ ਮਨ ਫਿਰ ਜਾਵੇ, ਨਾ ਉਹ ਆਪਣੇ ਲਈ ਚਾਂਦੀ-ਸੋਨਾ ਬਹੁਤ ਵਧਾਵੇ।

ਉਨ੍ਹਾਂ ਦਾ ਆਪਣੇ ਭਰਾਵਾਂ ਦੇ ਵਿਚਕਾਰ ਕੋਈ ਭਾਗ ਨਾ ਹੋਵੇਗਾ। ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸ ਨੇ ਉਨ੍ਹਾਂ ਨੂੰ ਬਚਨ ਦਿੱਤਾ ਹੈ।

ਜੋ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦੇਣ ਵਾਲਾ ਹੈ, ਉਸ ਦਾ ਜਿਹੜਾ ਹਿੱਸਾ ਤੁਹਾਨੂੰ ਮਿਲੇਗਾ, ਉਸ ਵਿੱਚ ਤੁਸੀਂ ਆਪਣੇ ਗੁਆਂਢੀ ਦੀਆਂ ਹੱਦਾਂ ਨਾ ਸਰਕਾਇਓ, ਜਿਹੜੀਆਂ ਪਹਿਲੇ ਲੋਕਾਂ ਨੇ ਠਹਿਰਾਈਆਂ ਹੋਈਆਂ ਹਨ।

ਤੂੰ ਆਪਣੇ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦੇਵੀਂ, ਭਾਵੇਂ ਚਾਂਦੀ, ਭਾਵੇਂ ਅੰਨ, ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਬਿਆਜ ਉੱਤੇ ਦਿੱਤੀ ਜਾਂਦੀ ਹੈ, ਉਹ ਬਿਆਜ ਉੱਤੇ ਨਾ ਦੇਵੀਂ। ਤੂੰ ਪਰਦੇਸੀ ਨੂੰ ਬਿਆਜ ਉੱਤੇ ਕਰਜ਼ਾ ਦੇ ਸਕਦਾ ਹੈਂ, ਪਰ ਆਪਣੇ ਭਰਾ ਨਾਲ ਅਜਿਹਾ ਨਾ ਕਰੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੂੰ ਜਾਂਦਾ ਹੈਂ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੈਨੂੰ ਬਰਕਤ ਦੇਵੇ।

ਜੇ ਕੋਈ ਮਨੁੱਖ ਆਪਣੇ ਇਸਰਾਏਲੀ ਭਰਾਵਾਂ ਵਿੱਚੋਂ ਕਿਸੇ ਨੂੰ ਚੁਰਾਉਂਦਾ ਪਾਇਆ ਜਾਵੇ ਤਾਂ ਜੋ ਉਹ ਉਸ ਨੂੰ ਗੁਲਾਮ ਬਣਾਏ ਜਾਂ ਉਸ ਨੂੰ ਵੇਚੇ, ਤਾਂ ਉਹ ਚੋਰ ਮਾਰਿਆ ਜਾਵੇ। ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।

ਜਦ ਤੂੰ ਆਪਣੇ ਅੰਗੂਰੀ ਬਾਗ਼ ਦੇ ਅੰਗੂਰ ਇਕੱਠੇ ਕਰੇਂ ਤਾਂ ਤੂੰ ਉਸ ਦੇ ਸਾਰੇ ਗੁੱਛੇ ਨਾ ਤੋੜੀਂ ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।

ਅਤੇ ਸਾਨੂੰ ਇਸ ਸਥਾਨ ਵਿੱਚ ਪਹੁੰਚਾਇਆ ਅਤੇ ਸਾਨੂੰ ਇਹ ਦੇਸ਼ ਦਿੱਤਾ ਹੈ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। ਹੁਣ ਵੇਖ, ਮੈਂ ਉਸ ਧਰਤੀ ਦਾ ਪਹਿਲਾ ਫਲ ਲਿਆਇਆ ਹਾਂ ਜਿਹੜੀ ਹੇ ਯਹੋਵਾਹ, ਤੂੰ ਮੈਨੂੰ ਦਿੱਤੀ ਹੈ।” ਤਦ ਤੂੰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਰੱਖੀਂ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕੀਂ। ਇਸ ਤਰ੍ਹਾਂ ਤੂੰ ਉਸ ਸਾਰੀ ਭਲਿਆਈ ਲਈ ਜਿਹੜੀ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਅਤੇ ਤੇਰੇ ਘਰਾਣੇ ਨੂੰ ਦਿੱਤੀ ਹੈ, ਲੇਵੀਆਂ ਅਤੇ ਆਪਣੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਸਮੇਤ ਅਨੰਦ ਕਰੀਂ।

ਤੀਜੇ ਸਾਲ ਵਿੱਚ, ਜੋ ਦਸਵੰਧ ਦਾ ਸਾਲ ਹੈ, ਜਦ ਤੂੰ ਆਪਣੇ ਸਾਰੇ ਵਾਧੇ ਦਾ ਦਸਵੰਧ ਕੱਢ ਲਵੇਂ ਤਾਂ ਤੂੰ ਉਸ ਨੂੰ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦੇਵੀਂ ਤਾਂ ਜੋ ਉਹ ਤੇਰੇ ਫਾਟਕਾਂ ਦੇ ਅੰਦਰ ਖਾ ਕੇ ਰੱਜ ਜਾਣ, ਫੇਰ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਖੀਂ, “ਮੈਂ ਤੇਰੇ ਦਿੱਤੇ ਹੋਏ ਸਾਰੇ ਹੁਕਮਾਂ ਅਨੁਸਾਰ ਆਪਣੇ ਘਰ ਤੋਂ ਪਵਿੱਤਰ ਚੀਜ਼ਾਂ ਲੈ ਕੇ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦਿੱਤੀਆਂ ਹਨ। ਮੈਂ ਤੇਰੇ ਕਿਸੇ ਵੀ ਹੁਕਮ ਦਾ ਉਲੰਘਣ ਨਹੀਂ ਕੀਤਾ, ਨਾ ਹੀ ਮੈਂ ਉਨ੍ਹਾਂ ਨੂੰ ਭੁੱਲਿਆ ਹਾਂ।

ਅਤੇ ਜਿਸ ਦੇਸ਼ ਨੂੰ ਤੁਹਾਨੂੰ ਦੇਣ ਦੀ ਸਹੁੰ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ, ਉਸ ਵਿੱਚ ਯਹੋਵਾਹ ਤੁਹਾਡੇ ਪਦਾਰਥਾਂ ਨੂੰ ਅਰਥਾਤ ਤੁਹਾਡੇ ਸਰੀਰਾਂ ਦੇ ਫਲ, ਤੁਹਾਡੇ ਚੌਣੇ ਦੇ ਫਲ, ਅਤੇ ਤੁਹਾਡੀ ਜ਼ਮੀਨ ਦੇ ਫਲ ਨੂੰ ਵਧਾਵੇਗਾ। ਯਹੋਵਾਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲ੍ਹੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਵਰ੍ਹਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ। ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਹਾਨੂੰ ਆਪ ਕਿਸੇ ਤੋਂ ਕਰਜ਼ ਲੈਣਾ ਨਾ ਪਵੇਗਾ।

ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਸਾਰੇ ਭਾਂਡੇ ਯਹੋਵਾਹ ਲਈ ਪਵਿੱਤਰ ਹਨ ਇਸ ਲਈ ਉਹ ਯਹੋਵਾਹ ਦੇ ਖਜ਼ਾਨੇ ਵਿੱਚ ਪਾਏ ਜਾਣਗੇ।

ਪਰ ਲੇਵੀ ਦੇ ਗੋਤ ਨੂੰ ਮੂਸਾ ਨੇ ਕੋਈ ਭਾਗ ਨਹੀਂ ਦਿੱਤਾ। ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਹੀ ਉਹਨਾਂ ਦਾ ਭਾਗ ਹੈ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ।

ਯਹੋਵਾਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ, ਉਹੀ ਨੀਵਾਂ ਕਰਦਾ ਹੈ ਅਤੇ ਉੱਚਾ ਕਰਦਾ ਹੈ। ਗਰੀਬ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜ੍ਹੀ ਵਿੱਚੋਂ ਕੱਢਦਾ ਹੈ, ਤਾਂ ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ, ਅਤੇ ਮਹਿਮਾ ਦੀ ਗੱਦੀ ਦਾ ਅਧਿਕਾਰੀ ਬਣਾਵੇ। ਧਰਤੀ ਦੇ ਥੰਮ੍ਹ ਤਾਂ ਯਹੋਵਾਹ ਦੇ ਹੀ ਹਨ, ਅਤੇ ਉਸ ਨੇ ਸੰਸਾਰ ਦੀ ਨੀਂਹ ਉਨ੍ਹਾਂ ਉੱਤੇ ਰੱਖੀ ਹੈ।

ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ। ਉਸ ਨੇ ਉਹ ਦੇ ਕੋਲ ਆ ਕੇ ਉਹ ਨੂੰ ਆਖਿਆ, ਇੱਕ ਸ਼ਹਿਰ ਵਿੱਚ ਦੋ ਮਨੁੱਖ ਸਨ, ਇੱਕ ਧਨਵਾਨ ਅਤੇ ਦੂਜਾ ਕੰਗਾਲ। ਉਸ ਧਨਵਾਨ ਕੋਲ ਢੇਰ ਸਾਰੀਆਂ ਭੇਡਾਂ-ਬੱਕਰੀਆਂ ਅਤੇ ਮਾਲ ਡੰਗਰ ਸਨ। ਪਰ ਉਸ ਕੰਗਾਲ ਕੋਲ ਭੇਡਾਂ ਦੀ ਇੱਕ ਲੇਲੀ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਉਸ ਨੂੰ ਉਹ ਨੇ ਮੁੱਲ ਲਿਆ ਅਤੇ ਪਾਲਿਆ ਸੀ ਅਤੇ ਉਸਦਾ ਪਾਲਣ ਪੋਸ਼ਣ ਉਸ ਦੇ ਬੱਚਿਆਂ ਨਾਲ ਹੀ ਹੋਇਆ ਸੀ। ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ, ਉਸ ਦੇ ਕਟੋਰੇ ਵਿੱਚੋਂ ਪੀਂਦੀ, ਉਸੇ ਦੀ ਗੋਦ ਵਿੱਚ ਸੋਂਦੀ ਅਤੇ ਉਸ ਦੀ ਧੀ ਦੇ ਵਰਗੀ ਸੀ। ਇੱਕ ਯਾਤਰੀ ਉਸ ਧਨਵਾਨ ਕੋਲ ਆਇਆ ਸੋ ਉਸ ਨੇ ਆਪਣੇ ਇੱਜੜ ਅਤੇ ਆਪਣੇ ਮਾਲ ਡੰਗਰਾਂ ਨੂੰ ਬਚਾ ਰੱਖਿਆ ਅਤੇ ਉਸ ਯਾਤਰੀ ਦੇ ਲਈ ਜੋ ਉਸ ਕੋਲ ਆਇਆ ਸੀ ਉਸ ਨੇ ਤਿਆਰੀ ਨਾ ਕੀਤੀ ਸਗੋਂ ਉਸ ਕੰਗਾਲ ਦੀ ਲੇਲੀ ਨੂੰ ਲੈ ਲਿਆ ਅਤੇ ਉਸ ਪਰਾਹੁਣੇ ਦੇ ਲਈ ਭੋਜਨ ਤਿਆਰ ਕੀਤਾ ਤਦ ਉਸ ਮਨੁੱਖ ਉੱਤੇ ਦਾਊਦ ਦਾ ਕ੍ਰੋਧ ਭੜਕਿਆ ਅਤੇ ਉਸ ਨੇ ਨਾਥਾਨ ਨੂੰ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜਿਸ ਮਨੁੱਖ ਨੇ ਇਹ ਕੰਮ ਕੀਤਾ ਹੈ ਉਹ ਵੱਢਣ ਜੋਗਾ ਹੈ! ਇਸ ਲਈ ਉਹ ਮਨੁੱਖ ਉਸ ਲੇਲੀ ਦੀ ਕੀਮਤ ਦਾ ਚਾਰ ਗੁਣਾ ਉਹ ਨੂੰ ਵਾਪਿਸ ਕਰੇ ਕਿਉਂ ਜੋ ਉਸ ਨੇ ਅਜਿਹਾ ਕੰਮ ਕੀਤਾ ਅਤੇ ਕੁਝ ਦਯਾ ਨਾ ਕੀਤੀ।

ਰਾਜਾ ਨੇ ਅਰਵਨਾਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਭੇਟ ਨਾ ਚੜ੍ਹਾਵਾਂਗਾ ਜਿਸ ਵਿੱਚ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ! ਸੋ ਦਾਊਦ ਨੇ ਉਹ ਪਿੜ ਅਤੇ ਉਹ ਬਲ਼ਦ ਚਾਂਦੀ ਦੇ ਪੰਜਾਹ ਸ਼ਕੇਲ ਰੁਪਏ ਦੇ ਕੇ ਮੁੱਲ ਲੈ ਲਿਆ। ਤਦ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਸੋ ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ, ਤਦ ਇਸਰਾਏਲ ਵਿੱਚੋਂ ਮਰੀ ਹਟ ਗਈ।

ਸੁਲੇਮਾਨ ਨੇ ਭਵਨ ਉੱਤੇ ਅੰਦਰ ਵਾਰ ਕੁੰਦਨ ਸੋਨਾ ਚੜ੍ਹਾਇਆ ਅਤੇ ਵਿੱਚਲੀ ਕੋਠੜੀ ਦੇ ਬਾਹਰਲੇ ਪਾਸੇ ਸੋਨੇ ਦੇ ਸੰਗਲ ਤਾਣ ਦਿੱਤੇ ਅਤੇ ਉਸ ਉੱਤੇ ਵੀ ਸੋਨਾ ਚੜ੍ਹਾਇਆ। ਉਸ ਨੇ ਸਾਰਾ ਭਵਨ ਸੋਨੇ ਨਾਲ ਮੜ੍ਹਿਆ ਇੱਥੋਂ ਤੱਕ ਕਿ ਸਾਰਾ ਭਵਨ ਸੰਪੂਰਨ ਹੋ ਗਿਆ ਅਤੇ ਸਾਰੀ ਜਗਵੇਦੀ ਉੱਤੇ ਜਿਹੜੀ ਵਿੱਚਲੀ ਕੋਠੜੀ ਦੀ ਸੀ ਉਸ ਨੇ ਸੋਨਾ ਚੜ੍ਹਾਇਆ।

ਭਵਨ ਦੇ ਥੱਲੇ ਉੱਤੇ ਅੰਦਰ-ਬਾਹਰ ਉਸ ਨੇ ਸੋਨਾ ਚੜ੍ਹਾਇਆ।

ਸੁਲੇਮਾਨ ਨੇ ਇਹ ਸਾਰੇ ਭਾਂਡੇ ਬਣਾਏ ਜਿਹੜੇ ਯਹੋਵਾਹ ਦੇ ਭਵਨ ਲਈ ਸਨ ਅਰਥਾਤ ਸੋਨੇ ਦੀ ਜਗਵੇਦੀ ਅਤੇ ਸੋਨੇ ਦੀ ਮੇਜ਼ ਜਿਹ ਦੇ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ। ਕੁੰਦਨ ਸੋਨੇ ਦੇ ਸ਼ਮਾਦਾਨ ਪੰਜ ਸੱਜੇ ਪਾਸੇ ਵੱਲ ਅਤੇ ਪੰਜ ਖੱਬੇ ਪਾਸੇ ਵੱਲ ਵਿੱਚਲੀ ਕੋਠੜੀ ਦੇ ਅੱਗੇ ਅਤੇ ਸੋਨੇ ਦੇ ਫੁੱਲ, ਦੀਵੇ ਅਤੇ ਚਿਮਟੇ। ਕੁੰਦਨ ਸੋਨੇ ਦੇ ਭਾਂਡੇ, ਬਾਟੇ, ਗੁਲਤਰਾਸ਼, ਕੌਲੀਆਂ ਅਤੇ ਅੰਗੀਠੀਆਂ ਨਾਲੇ ਸੋਨੇ ਦੇ ਕਬਜ਼ੇ ਜਿਹੜੇ ਅੰਦਰਲੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਅੱਤ ਪਵਿੱਤਰ ਸਥਾਨ ਲਈ ਅਤੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਹੈਕਲ ਲਈ।

ਉਸ ਸੋਨੇ ਦਾ ਭਾਰ ਜਿਹੜਾ ਹਰ ਸਾਲ ਸੁਲੇਮਾਨ ਦੇ ਕੋਲ ਆਉਂਦਾ ਸੀ ਛੇ ਸੌ ਛਿਆਹਠ ਤੋੜੇ ਸੋਨਾ ਸੀ।

ਸੁਲੇਮਾਨ ਪਾਤਸ਼ਾਹ ਦੇ ਪੀਣ ਦੇ ਸਾਰੇ ਭਾਂਡੇ ਸੋਨੇ ਦੇ ਸਨ ਅਤੇ ਲਬਾਨੋਨੀ ਬਣ ਦੇ ਮਹਿਲ ਦੇ ਸਾਰੇ ਭਾਂਡੇ ਵੀ ਖਾਲ਼ਸ ਸੋਨੇ ਦੇ ਸਨ। ਚਾਂਦੀ ਦਾ ਇੱਕ ਵੀ ਨਹੀਂ ਸੀ ਸੁਲੇਮਾਨ ਦੇ ਦਿਨਾਂ ਵਿੱਚ ਚਾਂਦੀ ਨੂੰ ਕੋਈ ਪੁੱਛਦਾ ਵੀ ਨਹੀਂ ਸੀ। ਕਿਉਂ ਜੋ ਪਾਤਸ਼ਾਹ ਦਾ ਸਮੁੰਦਰ ਦੇ ਉੱਤੇ ਇੱਕ ਤਰਸ਼ੀਸ਼ੀ ਬੇੜਾ ਹੀਰਾਮ ਦੇ ਬੇੜੇ ਦੇ ਨਾਲ ਸੀ। ਤਿੰਨ ਸਾਲ ਵਿੱਚ ਇੱਕ ਵਾਰ ਇਹ ਤਰਸ਼ੀਸ਼ੀ ਬੇੜਾ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ। ਇਸ ਤਰ੍ਹਾਂ ਸੁਲੇਮਾਨ ਪਾਤਸ਼ਾਹ ਧਰਤੀ ਦੇ ਸਾਰਿਆਂ ਰਾਜਿਆਂ ਨਾਲੋਂ ਧਨ ਅਤੇ ਬੁੱਧ ਵਿੱਚ ਬਹੁਤ ਵੱਡਾ ਸੀ।

ਜਦ ਉਹ ਲਿਆਉਣ ਲਈ ਚੱਲੀ ਤਾਂ ਉਸ ਨੇ ਉਹ ਉੱਚੀ ਦਿੱਤੀ ਆਖਿਆ, ਜ਼ਰਾ ਇੱਕ ਚੱਪਾ ਟੁੱਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆਵੀਂ। ਅੱਗੋਂ ਉਸ ਆਖਿਆ, ਜਿਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਸਹੁੰ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਤੌਲੇ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਜੀ ਵਿੱਚ ਹੈ ਅਤੇ ਵੇਖ ਮੈਂ ਇਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਹ ਨੂੰ ਖਾਈਏ ਅਤੇ ਮਰੀਏ। ਤਾਂ ਏਲੀਯਾਹ ਨੇ ਉਸ ਨੂੰ ਆਖਿਆ ਨਾ ਡਰ। ਜਾ ਅਤੇ ਆਪਣੀ ਗੱਲ ਦੇ ਅਨੁਸਾਰ ਕਰ ਪਰ ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੱਨੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਲਈ ਪਕਾਈਂ। ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਨਾ ਤੌਲੇ ਦਾ ਆਟਾ ਮੁੱਕੇਗਾ ਨਾ ਕੁੱਜੀ ਦਾ ਤੇਲ ਘਟੇਗਾ ਜਿੰਨਾਂ ਚਿਰ ਯਹੋਵਾਹ ਜ਼ਮੀਨ ਉੱਤੇ ਮੀਂਹ ਨਾ ਪਾਵੇ। ਤਾਂ ਉਹ ਗਈ ਅਤੇ ਏਲੀਯਾਹ ਦੇ ਆਖਣ ਅਨੁਸਾਰ ਕੀਤਾ। ਫੇਰ ਇਹ ਅਤੇ ਉਹ ਅਤੇ ਉਹ ਦਾ ਘਰਾਣਾ ਕਈ ਦਿਨਾਂ ਤੱਕ ਖਾਂਦੇ ਰਹੇ। ਅਤੇ ਨਾ ਤੌਲੇ ਵਿੱਚੋਂ ਆਟਾ ਮੁੱਕਿਆ ਨਾ ਕੁੱਜੀ ਦਾ ਤੇਲ ਘਟਿਆ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।

ਅਲੀਸ਼ਾ ਨੇ ਉਸ ਨੂੰ ਆਖਿਆ, “ਮੈਂ ਤੇਰੇ ਲਈ ਕੀ ਕਰਾਂ? ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ?” ਉਹ ਬੋਲੀ, “ਤੇਰੀ ਦਾਸੀ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨ੍ਹਾਂ ਕੁਝ ਵੀ ਨਹੀਂ।” ਤਾਂ ਉਹ ਬੋਲਿਆ, “ਤੂੰ ਜਾ ਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲੈ ਅਤੇ ਉਹ ਥੋੜੇ ਨਾ ਹੋਣ। ਜਦੋਂ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤਰਾਂ ਲਈ ਬੂਹਾ ਬੰਦ ਕਰ ਲਵੀਂ ਅਤੇ ਉਨ੍ਹਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਈ ਜਾਵੀਂ। ਜਿਹੜਾ ਭਰ ਜਾਏ ਉਹ ਨੂੰ ਅਲੱਗ ਰੱਖ ਦੇਵੀਂ।” ਉਹ ਉਸ ਦੇ ਅੱਗਿਓਂ ਚੱਲੀ ਗਈ ਤੇ ਆਪਣੇ ਅਤੇ ਆਪਣੇ ਪੁੱਤਰਾਂ ਲਈ ਬੂਹਾ ਬੰਦ ਕਰ ਲਿਆ। ਉਹ ਉਸ ਦੇ ਕੋਲ ਲਿਆਉਂਦੇ ਗਏ ਤੇ ਉਹ ਪਾਈ ਗਈ। ਜਦੋਂ ਭਾਂਡੇ ਭਰ ਗਏ ਤਾਂ ਉਸ ਨੇ ਆਪਣੇ ਪੁੱਤਰ ਨੂੰ ਆਖਿਆ, “ਮੇਰੇ ਕੋਲ ਇੱਕ ਹੋਰ ਭਾਂਡਾ ਲਿਆ।” ਉਹ ਨੇ ਉਸ ਨੂੰ ਆਖਿਆ ਕਿ ਹੋਰ ਤਾਂ ਕੋਈ ਭਾਂਡਾ ਨਹੀਂ ਹੈ ਤਾਂ ਤੇਲ ਬੰਦ ਹੋ ਗਿਆ। ਤਦ ਉਹ ਪਰਮੇਸ਼ੁਰ ਦੇ ਜਨ ਕੋਲ ਆਈ ਤੇ ਉਹ ਨੂੰ ਦੱਸਿਆ ਅਤੇ ਉਹ ਬੋਲਿਆ, “ਜਾ ਕੇ ਤੇਲ ਵੇਚ ਤੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚੇ ਉਹ ਦੇ ਨਾਲ ਤੂੰ ਤੇਰੇ ਪੁੱਤਰ ਗੁਜ਼ਾਰਾ ਕਰਿਓ।”

ਅਤੇ ਹਿਜ਼ਕੀਯਾਹ ਨੇ ਸਾਰੀ ਚਾਂਦੀ ਜੋ ਯਹੋਵਾਹ ਦੇ ਭਵਨ ਵਿੱਚ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲੀ ਉਹ ਨੂੰ ਦੇ ਦਿੱਤੀ। ਉਸ ਵੇਲੇ ਹਿਜ਼ਕੀਯਾਹ ਨੇ ਯਹੋਵਾਹ ਦੀ ਹੈਕਲ ਦੇ ਬੂਹਿਆਂ ਦਾ ਅਤੇ ਥਮ੍ਹਾਂ ਦਾ ਸੋਨਾ ਜੋ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਮੜ੍ਹਵਾਇਆ ਸੀ, ਲਹਾ ਲਿਆ ਅਤੇ ਅੱਸ਼ੂਰ ਦੇ ਰਾਜਾ ਨੂੰ ਦੇ ਦਿੱਤਾ।

ਤਾਂ ਉਹ ਯਹੋਵਾਹ ਦੇ ਭਵਨ ਦਾ ਸਾਰਾ ਖਜ਼ਾਨਾ ਉੱਥੋਂ ਲੈ ਗਿਆ ਅਤੇ ਸੋਨੇ ਦੇ ਸੱਭੋ ਭਾਂਡੇ ਜੋ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਹੈਕਲ ਵਿੱਚ ਬਣਾਏ ਸਨ ਉਸ ਨੇ ਕੱਟ ਕੇ ਯਹੋਵਾਹ ਦੇ ਕਹੇ ਅਨੁਸਾਰ ਟੁੱਕੜੇ-ਟੁੱਕੜੇ ਕਰ ਦਿੱਤੇ। ਅਤੇ ਉਹ ਸਾਰੇ ਯਰੂਸ਼ਲਮ ਨੂੰ, ਸਾਰਿਆਂ ਸਰਦਾਰਾਂ, ਸਾਰਿਆਂ ਬਲਵੰਤ ਯੋਧਿਆਂ ਨੂੰ ਅਰਥਾਤ ਦਸ ਹਜ਼ਾਰ ਬੰਦੀ ਨਾਲੇ ਸਾਰੇ ਕਾਰੀਗਰਾਂ ਅਤੇ ਲੁਹਾਰਾਂ ਨੂੰ ਗ਼ੁਲਾਮ ਕਰ ਕੇ ਲੈ ਗਿਆ ਅਤੇ ਦੇਸ ਦੇ ਅਤੀ ਕੰਗਾਲਾਂ ਤੋਂ ਬਿਨ੍ਹਾਂ ਹੋਰ ਕੋਈ ਬਾਕੀ ਨਾ ਰਿਹਾ।

ਯਾਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰ ਕੇ ਆਖਿਆ, “ਕਾਸ਼ ਕਿ ਤੂੰ ਮੈਨੂੰ ਸੱਚ-ਮੁੱਚ ਬਰਕਤ ਦਿੰਦਾ, ਮੇਰੀਆਂ ਹੱਦਾਂ ਨੂੰ ਵਧਾਉਂਦਾ, ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਨੂੰ ਦੁੱਖ ਨਾ ਦੇਵੇ!” ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।

ਇਸ ਤੋਂ ਇਲਾਵਾ ਉਹ ਜੋ ਉਨ੍ਹਾਂ ਦੇ ਨੇੜੇ ਸਨ ਅਤੇ ਉਹ ਜਿਹੜੇ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਤੱਕ ਵੀ ਵੱਸਦੇ ਸਨ, ਉਹ ਵੀ ਗਧਿਆਂ ਉੱਤੇ, ਊਠਾਂ ਉੱਤੇ, ਖੱਚਰਾਂ ਉੱਤੇ ਅਤੇ ਬਲ਼ਦਾਂ ਉੱਤੇ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੀਆਂ ਪਿੰਨੀਆਂ, ਕਿਸ਼ਮਿਸ਼ ਦੇ ਗੁੱਛੇ, ਦਾਖ਼ਰਸ, ਤੇਲ, ਬਲ਼ਦ ਅਤੇ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ।

ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਹੱਦੋਂ ਵੱਧ ਪਿੱਤਲ ਅਤੇ ਲੋਹਾ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਅਤੇ ਪੱਥਰ ਨੂੰ ਵੀ ਤਿਆਰ ਕੀਤਾ, ਤਾਂ ਤੂੰ ਉਨ੍ਹਾਂ ਨੂੰ ਹੋਰ ਵਾਧਾ ਕਰ ਸਕੇਂ।

ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ੁਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੋਨੇ ਦੀਆਂ ਵਸਤਾਂ ਦੇ ਲਈ ਸੋਨਾ, ਚਾਂਦੀ ਦੀਆਂ ਵਸਤਾਂ ਦੇ ਲਈ ਚਾਂਦੀ, ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਲੋਹੇ ਵਾਲੀਆਂ ਵਸਤਾਂ ਲਈ ਲੋਹਾ, ਲੱਕੜ ਗੜ੍ਹਾਂ ਦੇ ਲਈ ਲੱਕੜ, ਬਲੌਰੀ ਪੱਥਰ, ਜੜਨ ਘੜਨ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਹਰੇਕ ਪਰਕਾਰ ਦੇ ਅਨਮੋਲ ਪੱਥਰ ਅਤੇ ਬੇਅੰਤ ਚਿੱਟੇ ਪੱਥਰ ਤਿਆਰ ਕੀਤੇ। ਕਿਉਂ ਜੋ ਮੈਂ ਆਪਣਾ ਮਨ ਆਪਣੇ ਪਰਮੇਸ਼ੁਰ ਦੇ ਭਵਨ ਉੱਤੇ ਲਾਇਆ ਹੈ, ਇਸ ਲਈ ਮੈਂ ਇਸ ਤੋਂ ਇਲਾਵਾ ਜੋ ਮੈਂ ਪਵਿੱਤਰ ਸਥਾਨ ਦੇ ਲਈ ਤਿਆਰ ਕਰ ਛੱਡਿਆ, ਮੈਂ ਆਪਣੇ ਨਿੱਜ ਧਨ ਵਿੱਚੋਂ ਆਪਣੇ ਪਰਮੇਸ਼ੁਰ ਦੇ ਘਰ ਲਈ ਸੋਨਾ ਅਤੇ ਚਾਂਦੀ ਦਿੰਦਾ ਹਾਂ

ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੀ ਟਹਿਲ ਸੇਵਾ ਲਈ ਇੱਕ ਸੌ ਅਠਾਸੀ ਟਨ ਸੋਨਾ ਅਤੇ ਦਸ ਹਜ਼ਾਰ ਮੋਹਰਾਂ ਅਤੇ ਲੱਗਭੱਗ ਤਿੰਨ ਸੌ ਪੰਝੱਤਰ ਟਨ ਚਾਂਦੀ ਅਤੇ ਛੇ ਸੌ ਪੰਝੱਤਰ ਟਨ ਪਿੱਤਲ ਅਤੇ ਤਿੰਨ ਹਜ਼ਾਰ ਸੱਤ ਸੌ ਟਨ ਲੋਹਾ ਦਿੱਤਾ ਅਤੇ ਜਿਨ੍ਹਾਂ ਦੇ ਕੋਲ ਅਣਮੋਲਕ ਪੱਥਰ ਸਨ, ਉਹਨਾਂ ਨੇ ਉਨ੍ਹਾਂ ਨੂੰ ਯਹੀਏਲ ਗੇਰਸ਼ੋਨੀ ਦੇ ਹੱਥੀਂ ਯਹੋਵਾਹ ਦੇ ਭਵਨ ਦੇ ਖਜ਼ਾਨੇ ਵਿੱਚ ਦੇ ਦਿੱਤਾ ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਊਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ।

ਧਨ, ਮਾਯਾ ਅਤੇ ਪਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੂੰ ਸਾਰਿਆਂ ਦੇ ਸਿਰ ਉੱਤੇ ਰਾਜ ਕਰਦਾ ਹੈਂ, ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ, ਅਤੇ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਾਰਿਆਂ ਨੂੰ ਬਖ਼ਸ਼ੇਂ

ਪਰ ਮੈਂ ਕੌਣ ਅਤੇ ਮੇਰੀ ਪਰਜਾ ਕੌਣ, ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ!

ਹੇ ਯਹੋਵਾਹ ਸਾਡੇ ਪਰਮੇਸ਼ੁਰ, ਇਹ ਸਭ ਭੰਡਾਰ ਜਿਹੜਾ ਅਸੀਂ ਇਕੱਠਾ ਕੀਤਾ ਹੈ, ਕਿ ਤੇਰੇ ਪਵਿੱਤਰ ਨਾਮ ਦੇ ਲਈ ਇੱਕ ਭਵਨ ਬਣਾਈਏ ਤੇਰੇ ਹੀ ਹੱਥੋਂ ਆਇਆ ਹੈ ਅਤੇ ਸਭ ਤੇਰਾ ਹੀ ਹੈ।

ਤਦ ਪਰਮੇਸ਼ੁਰ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਜੋ ਤੇਰੇ ਮਨ ਵਿੱਚ ਇਹ ਗੱਲ ਸੀ ਅਤੇ ਤੂੰ ਨਾ ਤਾਂ ਧਨ ਦੌਲਤ, ਨਾ ਪਤ, ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਤੇ ਨਾ ਹੀ ਵੱਡੀ ਉਮਰ ਮੰਗੀ ਸਗੋਂ ਤੂੰ ਆਪਣੇ ਲਈ ਬੁੱਧ ਤੇ ਗਿਆਨ ਮੰਗਿਆ ਤਾਂ ਜੋ ਮੇਰੀ ਇਸ ਪਰਜਾ ਦਾ ਨਿਆਂ ਕਰੇਂ ਜਿਨ੍ਹਾਂ ਦਾ ਮੈਂ ਤੈਨੂੰ ਪਾਤਸ਼ਾਹ ਬਣਾਇਆ ਹੈ। ਬੁੱਧ ਤੇ ਗਿਆਨ ਤੈਨੂੰ ਦਿੱਤਾ ਜਾਂਦਾ ਹੈ ਤੇ ਨਾਲੇ ਤੈਨੂੰ ਬਹੁਤ ਧਨ ਦੌਲਤ ਤੇ ਸਭ ਕੁਝ ਦਿਆਂਗਾ ਜੋ ਨਾ ਤਾਂ ਤੇਰੇ ਤੋਂ ਪਹਿਲਾਂ ਦੇ ਪਾਤਸ਼ਾਹ ਦੇ ਕੋਲ ਸੀ ਤੇ ਨਾ ਹੀ ਤੇਰੇ ਮਗਰੋਂ ਆਉਣ ਵਾਲਿਆਂ ਦੇ ਕੋਲ ਹੋਵੇਗਾ।

ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਤੇ ਸੋਨੇ ਨੂੰ ਪੱਥਰਾਂ ਵਾਂਗੂੰ ਅਤੇ ਦਿਆਰ ਦੇ ਦਰਖ਼ਤਾਂ ਨੂੰ ਗੁੱਲਰ ਦੇ ਉਨ੍ਹਾਂ ਦਰਖ਼ਤਾਂ ਵਾਂਗੂੰ ਕਰ ਦਿੱਤਾ ਜੋ ਬੇਟ ਵਿੱਚ ਬਹੁਤ ਹੁੰਦੇ ਹਨ ਅਤੇ ਪਾਤਸ਼ਾਹ ਦੇ ਕੋਲ ਜੋ ਘੋੜੇ ਸਨ ਉਹ ਮਿਸਰ ਤੋਂ ਆਉਂਦੇ ਸਨ ਅਤੇ ਪਾਤਸ਼ਾਹ ਦੇ ਵਪਾਰੀ ਹੇੜਾਂ ਦਾ ਮੁੱਲ ਕਰਕੇ ਲਿਆਉਂਦੇ ਹੁੰਦੇ ਸਨ।

ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਜੋ ਯਰੂਸ਼ਲਮ ਵਿੱਚ ਰਹਿੰਦੇ ਸਨ ਹੁਕਮ ਦਿੱਤਾ ਕਿ ਜਾਜਕਾਂ ਅਤੇ ਲੇਵੀਆਂ ਦਾ ਹਿੱਸਾ ਦੇਣ ਤਾਂ ਜੋ ਉਹ ਯਹੋਵਾਹ ਦੀ ਬਿਵਸਥਾ ਵਿੱਚ ਤਕੜੇ ਰਹਿਣ ਜਦ ਇਹ ਗੱਲ ਖਿੱਲਰ ਗਈ ਤਾਂ ਇਸਰਾਏਲੀਆਂ ਨੇ ਪਹਿਲਾ ਅੰਨ, ਨਵੀਂ ਮੈ, ਤਾਜ਼ਾ ਤੇਲ, ਸ਼ਹਿਦ ਅਤੇ ਖੇਤ ਦੀ ਪਹਿਲੀ ਪੈਦਾਵਾਰ ਬਹੁਤ ਸਾਰੀ ਦਿੱਤੀ ਅਤੇ ਪੂਰਾ ਦਸਵੰਧ ਵੀ ਬਹੁਤ ਸਾਰਾ ਲਿਆਉਣ ਲੱਗੇ

ਤਦ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਵੱਲੋਂ ਉਨ੍ਹਾਂ ਦੇ ਯਹੂਦੀ ਭਰਾਵਾਂ ਦੇ ਵਿਰੁੱਧ ਇੱਕ ਵੱਡੀ ਦੁਹਾਈ ਮੱਚ ਗਈ। ਕੁਝ ਤਾਂ ਕਹਿੰਦੇ ਸਨ, “ਅਸੀਂ ਆਪਣੇ ਪੁੱਤਰ ਅਤੇ ਧੀਆਂ ਸਮੇਤ ਬਹੁਤ ਸਾਰੇ ਹਾਂ। ਸਾਨੂੰ ਅੰਨ ਦਿੱਤਾ ਜਾਵੇ, ਜੋ ਅਸੀਂ ਖਾ ਕੇ ਜੀਉਂਦੇ ਰਹੀਏ।” ਅਤੇ ਕੁਝ ਹੋਰ ਸਨ ਜਿਹੜੇ ਕਹਿੰਦੇ ਸਨ, “ਅਸੀਂ ਆਪਣੇ ਖੇਤ, ਆਪਣੇ ਅੰਗੂਰੀ ਬਾਗ਼ ਅਤੇ ਆਪਣੇ ਘਰ ਗਿਰਵੀ ਰੱਖ ਦਿੱਤੇ ਹਨ ਤਾਂ ਜੋ ਅਸੀਂ ਕਾਲ ਦੇ ਸਮੇਂ ਅੰਨ ਲੈ ਸਕੀਏ।” ਪਰ ਕੁਝ ਹੋਰ ਕਹਿੰਦੇ ਸਨ, “ਅਸੀਂ ਆਪਣੇ ਖੇਤਾਂ ਅਤੇ ਆਪਣੇ ਅੰਗੂਰੀ ਬਾਗ਼ਾਂ ਨੂੰ ਗਿਰਵੀ ਰੱਖ ਕੇ ਰਾਜਾ ਦਾ ਲਗਾਨ ਚੁਕਾਉਣ ਲਈ ਚਾਂਦੀ ਉਧਾਰ ਲਈ ਹੈ। ਹੁਣ ਸਾਡਾ ਸਰੀਰ, ਸਾਡੇ ਭਰਾਵਾਂ ਦੇ ਸਰੀਰ ਵਰਗਾ ਅਤੇ ਸਾਡੇ ਬੱਚੇ ਉਨ੍ਹਾਂ ਦੇ ਬੱਚਿਆਂ ਵਰਗੇ ਹਨ, ਤਾਂ ਵੀ ਅਸੀਂ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਦਿੰਦੇ ਹਾਂ ਸਗੋਂ ਸਾਡੀਆਂ ਧੀਆਂ ਵਿੱਚੋਂ ਕੁਝ ਦਾਸੀਆਂ ਵੀ ਬਣ ਚੁੱਕੀਆਂ ਹਨ ਅਤੇ ਸਾਡਾ ਕੁਝ ਵੱਸ ਨਹੀਂ ਚਲਦਾ ਕਿਉਂ ਜੋ ਸਾਡੇ ਖੇਤ ਅਤੇ ਅੰਗੂਰੀ ਬਾਗ਼ ਦੂਜਿਆਂ ਦੇ ਹੱਥ ਵਿੱਚ ਹਨ।” ਜਦੋਂ ਮੈਂ ਉਨ੍ਹਾਂ ਦੀ ਦੁਹਾਈ ਨੂੰ ਅਤੇ ਇਨ੍ਹਾਂ ਗੱਲਾਂ ਨੂੰ ਸੁਣਿਆ ਤਾਂ ਮੈਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਅਤੇ ਸਾਮੰਤਾਂ ਅਤੇ ਹਾਕਮਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਤੋਂ ਬਿਆਜ ਲੈਂਦਾ ਹੈ।” ਤਦ ਮੈਂ ਉਨ੍ਹਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ ਅਤੇ ਉਨ੍ਹਾਂ ਨੂੰ ਕਿਹਾ, “ਅਸੀਂ ਆਪਣੀ ਸਮਰੱਥਾ ਦੇ ਅਨੁਸਾਰ ਆਪਣੇ ਯਹੂਦੀ ਭਰਾਵਾਂ ਨੂੰ ਜਿਹੜੇ ਗੈਰ ਕੌਮਾਂ ਦੇ ਹੱਥ ਵੇਚੇ ਗਏ ਸਨ ਛੁਡਾਇਆ ਹੈ, ਹੁਣ ਕੀ ਤੁਸੀਂ ਆਪਣੇ ਭਰਾਵਾਂ ਨੂੰ ਵੇਚੋਗੇ? ਕੀ ਉਹ ਫਿਰ ਸਾਡੇ ਹੱਥਾਂ ਤੋਂ ਵੇਚੇ ਜਾਣਗੇ?” ਤਦ ਉਹ ਚੁੱਪ ਹੋ ਗਏ ਅਤੇ ਕੁਝ ਨਾ ਬੋਲੇ ਮੈਂ ਫਿਰ ਕਿਹਾ, “ਇਹ ਕੰਮ ਜੋ ਤੁਸੀਂ ਕਰਦੇ ਹੋ ਉਹ ਚੰਗਾ ਨਹੀਂ ਹੈ, ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ੁਰ ਦੇ ਭੈਅ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ? ਮੈਂ ਅਤੇ ਮੇਰੇ ਭਰਾ ਅਤੇ ਮੇਰੇ ਜੁਆਨ ਵੀ ਉਨ੍ਹਾਂ ਨੂੰ ਰੁਪਿਆ ਅਤੇ ਅੰਨ ਉਧਾਰ ਦਿੰਦੇ ਹਾਂ। ਪਰ ਬਿਆਜ ਲੈਣਾ ਬੰਦ ਕੀਤਾ ਜਾਵੇ! ਕਿਰਪਾ ਕਰ ਕੇ ਅੱਜ ਹੀ ਉਨ੍ਹਾਂ ਦੇ ਖੇਤ, ਅੰਗੂਰੀ ਬਾਗ਼, ਜ਼ੈਤੂਨ ਦੇ ਬਾਗ਼ ਅਤੇ ਨਾਲ ਹੀ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮੋੜ ਦਿਉ, ਅਤੇ ਜੋ ਰੁਪਿਆ, ਅੰਨ, ਨਵੀਂ ਮਧ ਅਤੇ ਤੇਲ ਜੋ ਤੁਸੀਂ ਜ਼ਬਰਦਸਤੀ ਉਨ੍ਹਾਂ ਤੋਂ ਲਿਆ ਹੈ, ਉਸ ਦਾ ਸੌਵਾਂ ਹਿੱਸਾ ਉਨ੍ਹਾਂ ਨੂੰ ਮੋੜ ਦਿਉ।” ਤਦ ਉਨ੍ਹਾਂ ਨੇ ਕਿਹਾ, “ਅਸੀਂ ਮੋੜ ਦਿਆਂਗੇ ਅਤੇ ਉਨ੍ਹਾਂ ਤੋਂ ਕੁਝ ਵੀ ਨਹੀਂ ਲਵਾਂਗੇ, ਜਿਵੇਂ ਤੁਸੀਂ ਕਿਹਾ ਹੈ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ।” ਤਦ ਮੈਂ ਜਾਜਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਸਹੁੰ ਖੁਆਈ ਕਿ ਉਹ ਇਸੇ ਵਾਇਦੇ ਦੇ ਅਨੁਸਾਰ ਕਰਨ। ਫਿਰ ਮੈਂ ਆਪਣਾ ਪੱਲਾ ਝਾੜਿਆ ਅਤੇ ਕਿਹਾ, “ਹਰ ਮਨੁੱਖ ਜਿਹੜਾ ਇਸ ਵਾਇਦੇ ਅਨੁਸਾਰ ਨਾ ਕਰੇ, ਉਸ ਨੂੰ ਪਰਮੇਸ਼ੁਰ ਇਸੇ ਤਰ੍ਹਾਂ ਹੀ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ, ਉਹ ਇਸੇ ਤਰ੍ਹਾਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ!” ਤਦ ਸਾਰੀ ਸਭਾ ਨੇ ਕਿਹਾ, “ਆਮੀਨ!” ਅਤੇ ਯਹੋਵਾਹ ਦੀ ਉਸਤਤ ਕੀਤੀ। ਤਦ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ।

ਫਿਰ ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਨੇ ਇਸ ਗੱਲ ਲਈ ਪਰਚੀਆਂ ਪਾਈਆਂ ਕਿ ਅਸੀਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਹਰ ਸਾਲ ਠਹਿਰਾਏ ਹੋਏ ਸਮੇਂ ਤੇ ਲੱਕੜੀ ਦੀ ਭੇਟ ਬਿਵਸਥਾ ਵਿੱਚ ਲਿਖੇ ਹੋਏ ਅਨੁਸਾਰ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਜਲਾਉਣ ਲਈ, ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਲਿਆਇਆ ਕਰਾਂਗੇ। ਅਸੀਂ ਆਪਣੀ ਭੂਮੀ ਦਾ ਪਹਿਲਾ ਫਲ ਅਤੇ ਸਾਰੇ ਰੁੱਖਾਂ ਦੇ ਪਹਿਲੇ ਫਲ ਹਰ ਸਾਲ ਯਹੋਵਾਹ ਦੇ ਭਵਨ ਵਿੱਚ ਲੈ ਆਵਾਂਗੇ, ਅਤੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੈ ਅਸੀਂ ਆਪਣੇ ਪਹਿਲੌਠੇ ਪੁੱਤਰਾਂ, ਅਤੇ ਪਸ਼ੂਆਂ ਦੇ ਪਹਿਲੌਠੇ ਅਤੇ ਆਪਣੇ ਚੌਣੇ ਅਤੇ ਇੱਜੜ ਦੇ ਪਹਿਲੌਠੇ ਪਰਮੇਸ਼ੁਰ ਦੇ ਭਵਨ ਵਿੱਚ ਉਨ੍ਹਾਂ ਜਾਜਕਾਂ ਕੋਲ ਲਿਆਇਆ ਕਰਾਂਗੇ ਜਿਹੜੇ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਟਹਿਲ ਸੇਵਾ ਕਰਦੇ ਹਨ। ਅਸੀਂ ਆਪਣਾ ਪਹਿਲਾ ਗੁੰਨ੍ਹਿਆ ਹੋਇਆ ਆਟਾ ਅਤੇ ਚੁੱਕਣ ਦੀਆਂ ਭੇਟਾਂ ਅਤੇ ਹਰ ਪ੍ਰਕਾਰ ਦੇ ਰੁੱਖਾਂ ਦਾ ਫਲ ਅਤੇ ਨਵੀਂ ਮਧ ਅਤੇ ਤੇਲ ਆਪਣੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਦੇ ਲਈ ਅਤੇ ਆਪਣੀ ਭੂਮੀ ਦੀ ਉਪਜ ਦਾ ਦਸਵੰਧ ਲੇਵੀਆਂ ਦੇ ਲਈ ਲਿਆਇਆ ਕਰਾਂਗੇ ਕਿਉਂਕਿ ਲੇਵੀ ਸਾਡੀ ਖੇਤੀ ਦੇ ਸਾਰੇ ਸ਼ਹਿਰਾਂ ਵਿੱਚੋਂ ਦਸਵੰਧ ਲੈਂਦੇ ਹਨ। ਜਦ ਵੀ ਲੇਵੀ ਦਸਵੰਧ ਲੈਣ ਤਾਂ ਹਾਰੂਨ ਦੇ ਵੰਸ਼ ਦਾ ਕੋਈ ਜਾਜਕ ਲੇਵੀਆਂ ਦੇ ਨਾਲ ਹੋਵੇ ਅਤੇ ਲੇਵੀ ਦਸਵੰਧ ਦਾ ਦਸਵੰਧ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਭੰਡਾਰ ਦੀਆਂ ਕੋਠੜੀਆਂ ਵਿੱਚ ਪਹੁੰਚਾਇਆ ਕਰਨ, ਕਿਉਂਕਿ ਹਰੇਕ ਇਸਰਾਏਲੀ ਅਤੇ ਲੇਵੀ ਅੰਨ, ਨਵੀਂ ਮਧ, ਅਤੇ ਤੇਲ ਦੀ ਚੁੱਕਣ ਦੀਆਂ ਭੇਟਾਂ ਉਨ੍ਹਾਂ ਕੋਠੜੀਆਂ ਵਿੱਚ ਪਹੁੰਚਾਉਣ ਜਿੱਥੇ ਪਵਿੱਤਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਸਨ ਅਤੇ ਦਰਬਾਨ ਅਤੇ ਰਾਗੀ ਰਹਿੰਦੇ ਸਨ। “ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਾਂਗੇ।”

ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ।

ਤਦ ਸਾਰੇ ਯਹੂਦੀ ਅੰਨ ਅਤੇ ਨਵੀਂ ਮਧ ਅਤੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਉਣ ਲੱਗੇ।

ਉਹ ਦੇ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਜੋੜੀ ਬਲ਼ਦ ਅਤੇ ਪੰਜ ਸੌ ਗਧੀਆਂ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ ਅਤੇ ਉਹ ਪੂਰਬ ਦੇਸ ਦੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ। ਉਹ ਦੇ ਪੁੱਤਰ ਵਾਰੋ-ਵਾਰੀ ਆਪਣੇ-ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ, ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ-ਪੀਣ ਲਈ ਆਪਣੇ ਕੋਲ ਸੱਦਾ ਭੇਜਦੇ ਸਨ।

ਅਤੇ ਆਖਿਆ, “ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ।”

ਉਹ ਦੌਲਤ ਨੂੰ ਨਿਗਲ ਤਾਂ ਗਿਆ ਹੈ ਪਰ ਉਹ ਨੂੰ ਫਿਰ ਉਗਲੇਗਾ, ਪਰਮੇਸ਼ੁਰ ਉਹ ਨੂੰ ਉਸ ਦੇ ਢਿੱਡ ਵਿੱਚੋਂ ਕੱਢ ਲਵੇਗਾ।

ਕਿਉਂ ਜੋ ਉਸ ਨੇ ਗਰੀਬਾਂ ਨੂੰ ਦਬਾਇਆ ਅਤੇ ਤਿਆਗ ਦਿੱਤਾ, ਉਸ ਨੇ ਘਰਾਂ ਨੂੰ ਖੋਹ ਲਿਆ ਜਿਹੜੇ ਉਸ ਨੇ ਨਹੀਂ ਉਸਾਰੇ।

ਉਹ ਆਪਣੇ ਦਿਨ ਸੁੱਖ ਨਾਲ ਕੱਟਦੇ ਹਨ, ਪਰ ਇੱਕ ਪਲ ਵਿੱਚ ਹੀ ਸ਼ਾਂਤੀ ਨਾਲ ਅਧੋਲੋਕ ਨੂੰ ਉਤਰ ਜਾਂਦੇ ਹਨ!

ਕਿਉਂਕਿ ਤੂੰ ਆਪਣੇ ਭਰਾਵਾਂ ਦੀਆਂ ਵਸਤਾਂ ਬੇਵਜ੍ਹਾ ਗਹਿਣੇ ਰੱਖ ਲਈਆਂ ਹਨ, ਅਤੇ ਨੰਗਿਆਂ ਦੇ ਵੀ ਕੱਪੜੇ ਲਾਹ ਲਏ ਹਨ। ਤੂੰ ਥੱਕੇ ਨੂੰ ਪਾਣੀ ਨਹੀਂ ਪਿਲਾਇਆ, ਅਤੇ ਭੁੱਖੇ ਨੂੰ ਰੋਟੀ ਦੇਣ ਤੋਂ ਇਨਕਾਰ ਕੀਤਾ।

ਤਾਂ ਸਰਬ ਸ਼ਕਤੀਮਾਨ ਆਪ ਤੇਰਾ ਸੋਨਾ, ਅਤੇ ਤੇਰੀ ਅਣਮੁੱਲ ਚਾਂਦੀ ਹੋਵੇਗਾ।

ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਉਹ ਇੱਜੜ ਨੂੰ ਖੋਹ ਲੈਂਦੇ ਹਨ ਅਤੇ ਉਹਨਾਂ ਨੂੰ ਚਾਰਦੇ ਹਨ। ਉਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਉਹ ਵਿਧਵਾ ਦਾ ਬਲ਼ਦ ਗਹਿਣੇ ਰੱਖ ਲੈਂਦੇ ਹਨ। ਉਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਅਤੇ ਦੇਸ ਦੇ ਮਸਕੀਨ ਇਕੱਠੇ ਲੁੱਕ ਜਾਂਦੇ ਹਨ। ਵੇਖੋ, ਉਹ ਉਜਾੜ ਦੇ ਜੰਗਲੀ ਗਧਿਆਂ ਵਾਂਗੂੰ ਆਪਣੇ ਕੰਮ ਅਤੇ ਭੋਜਣ ਪਦਾਰਥ ਭਾਲਣ ਲਈ ਨਿੱਕਲਦੇ ਹਨ। ਮੈਦਾਨ ਉਹਨਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ। ਉਹ ਖੇਤਾਂ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗ਼ਾਂ ਦੀ ਰਹਿੰਦ-ਖੁਹੰਦ ਚੁਗਦੇ ਹਨ। ਉਹ ਬਿਨ੍ਹਾਂ ਕੱਪੜੇ ਦੇ ਨੰਗੇ ਹੀ ਰਾਤ ਕੱਟਦੇ ਹਨ, ਅਤੇ ਉਹਨਾਂ ਕੋਲ ਠੰਡ ਵਿੱਚ ਉੱਤੇ ਲੈਣ ਨੂੰ ਕੁਝ ਨਹੀਂ। ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਓਟ ਨਾ ਹੋਣ ਦੇ ਕਾਰਨ ਚੱਟਾਨ ਨਾਲ ਚਿੰਬੜ ਜਾਂਦੇ ਹਨ। ਉਹ ਯਤੀਮ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ, ਸੋ ਉਹ ਬਿਨ੍ਹਾਂ ਬਸਤਰ ਨੰਗੇ ਫਿਰਦੇ ਹਨ, ਅਤੇ ਭੁੱਖ ਦੇ ਮਾਰੇ ਭਰੀਆਂ ਚੁੱਗਦੇ ਹਨ।

ਕਿਉਂ ਜੋ ਪਰਮੇਸ਼ੁਰ ਵੱਲੋਂ ਬਿਪਤਾ ਮੈਨੂੰ ਡਰਾਉਂਦੀ ਸੀ, ਅਤੇ ਉਹ ਦੇ ਪਰਤਾਪ ਦੇ ਕਾਰਨ ਮੈਂ ਕੁਝ ਨਹੀਂ ਕਰ ਸਕਦਾ ਸੀ। “ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਜਾਂ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, - ਜੇ ਮੈਂ ਖੁਸ਼ੀ ਮਨਾਈ ਹੁੰਦੀ ਕਿ ਮੇਰਾ ਧਨ ਬਹੁਤ ਹੈ, ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ! -

ਜਿਹੜਾ ਹਾਕਮਾਂ ਦਾ ਪੱਖਪਾਤ ਨਹੀਂ ਕਰਦਾ, ਨਾ ਧਨੀ ਨੂੰ ਗ਼ਰੀਬ ਨਾਲੋਂ ਵੱਧ ਮੰਨਦਾ ਹੈ, ਕਿਉਂ ਜੋ ਉਹ ਸਾਰੇ ਦੇ ਸਾਰੇ ਉਹ ਦੇ ਹੱਥਾਂ ਦਾ ਕੰਮ ਹਨ!

ਜਦ ਅੱਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ, ਤਦ ਯਹੋਵਾਹ ਨੇ ਅੱਯੂਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ ਅਤੇ ਜੋ ਕੁਝ ਅੱਯੂਬ ਦੇ ਕੋਲ ਸੀ, ਉਸ ਦਾ ਦੁੱਗਣਾ ਯਹੋਵਾਹ ਨੇ ਉਸ ਨੂੰ ਦੇ ਦਿੱਤਾ।

ਅਤੇ ਸਾਰੇ ਦੇਸ ਵਿੱਚ ਅਜਿਹੀਆਂ ਇਸਤਰੀਆਂ ਨਹੀਂ ਸਨ, ਜੋ ਅੱਯੂਬ ਦੀਆਂ ਧੀਆਂ ਨਾਲੋਂ ਰੂਪਵੰਤ ਹੋਣ, ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਹਿੱਸਾ ਦਿੱਤਾ।

ਮੈਥੋਂ ਮੰਗ ਅਤੇ ਮੈਂ ਕੌਮਾਂ ਨੂੰ ਤੇਰੀ ਮਿਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ਼ ਕਰ ਦਿਆਂਗਾ।

ਕੰਗਾਲ ਤਾਂ ਸਦਾ ਵਿਸਰੇ ਨਹੀਂ ਰਹਿਣਗੇ, ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ।

ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ-ਫੂੰ ਕਰਦਾ ਹੈ, ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।

ਉਹ ਜਿਹੜਾ ਵਿਆਜ ਦੇ ਲਈ ਆਪਣਾ ਪੈਸਾ ਨਹੀਂ ਦਿੰਦਾ, ਅਤੇ ਨਾ ਨਿਰਦੋਸ਼ ਦੇ ਵਿਰੁੱਧ ਰਿਸ਼ਵਤ ਲੈਂਦਾ ਹੈ, ਜਿਹੜਾ ਅਜਿਹਾ ਕਰਦਾ ਹੈ ਉਹ ਕਦੀ ਵੀ ਨਹੀਂ ਡੋਲੇਗਾ।

ਯਹੋਵਾਹ ਮੇਰੀ ਵਿਰਾਸਤ ਅਤੇ ਮੇਰੇ ਕਟੋਰੇ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰਖਵਾਲਾ ਹੈਂ। ਮਨਭਾਉਂਦੇ ਥਾਵਾਂ ਵਿੱਚ ਮੇਰੇ ਲਈ ਮਿਣਤੀ ਕੀਤੀ ਗਈ, ਮੈਨੂੰ ਮਨ ਭਾਉਂਦਾ ਹਿੱਸਾ ਮਿਲਿਆ ਹੈ।

ਦਾਊਦ ਦਾ ਭਜਨ। ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।

ਹੇ ਯਹੋਵਾਹ ਦੇ ਸੰਤੋ, ਉਸ ਤੋਂ ਡਰੋ, ਕਿਉਂ ਜੋ ਉਹ ਦੇ ਡਰਨ ਵਾਲਿਆਂ ਨੂੰ ਕੋਈ ਘਾਟ ਨਹੀਂ।

ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, ਹੇ ਯਹੋਵਾਹ, ਤੇਰੇ ਸਮਾਨ ਕੌਣ ਹੈ? ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛੁਡਾਉਂਦਾ ਹੈ, ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ।

ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ ਦੇਸ ਵਿੱਚ ਵੱਸ ਅਤੇ ਸਚਿਆਈ ਉੱਤੇ ਪਲ। ਤੂੰ ਯਹੋਵਾਹ ਵਿੱਚ ਨਿਹਾਲ ਰਹਿ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।

ਮੈਂ ਜੁਆਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਹ ਦੀ ਅੰਸ ਨੂੰ ਟੁੱਕੜੇ ਮੰਗਦਿਆਂ ਵੇਖਿਆ ਹੈ। ਉਹ ਸਾਰਾ ਦਿਨ ਦਯਾ ਕਰਦਾ ਅਤੇ ਉਧਾਰ ਦਿੰਦਾ ਹੈ, ਉਸ ਦੀ ਅੰਸ ਮੁਬਾਰਕ ਹੈ।

ਧਰਮੀ ਧਰਤੀ ਦੇ ਵਾਰਿਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।

ਮੈਂ ਤਾਂ ਮਸਕੀਨ ਅਤੇ ਕੰਗਾਲ ਹਾਂ, ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ। ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ, ਹੇ ਮੇਰੇ ਪਰਮੇਸ਼ੁਰ, ਢਿੱਲ ਨਾ ਲਾ!

ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। ਯਹੋਵਾਹ ਉਹ ਦੀ ਪਾਲਣਾ ਕਰੇਗਾ ਅਤੇ ਉਹ ਨੂੰ ਜਿਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ। ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ।

ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ, ਅਤੇ ਆਪਣੇ ਧਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ, ਉਨ੍ਹਾਂ ਵਿੱਚੋਂ ਕੋਈ ਆਪਣੇ ਆਪ ਦਾ ਛੁਟਕਾਰਾ ਕਰ ਨਹੀਂ ਸਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪ੍ਰਾਸਚਿਤ ਦੇ ਸਕਦਾ ਹੈ, ਕਿਉਂ ਜੋ ਉਨ੍ਹਾਂ ਦੀ ਜਾਨ ਦਾ ਛੁਟਕਾਰਾ ਮਹਿੰਗਾ ਹੈ, ਅਤੇ ਉਹ ਸਦਾ ਤੱਕ ਅਸਾਧ ਹੈ,

ਵੇਖੋ, ਇਹ ਓਹੋ ਮਨੁੱਖ ਹੈ ਜਿਸ ਨੇ ਪਰਮੇਸ਼ੁਰ ਨੂੰ ਆਪਣਾ ਗੜ੍ਹ ਨਹੀਂ ਮੰਨਿਆ ਸੀ, ਸਗੋਂ ਆਪਣੇ ਧਨ ਦੀ ਬਹੁਤਾਇਤ ਉੱਤੇ ਭਰੋਸਾ ਰੱਖਦਾ ਸੀ, ਅਤੇ ਆਪਣੇ ਲੋਭ ਵਿੱਚ ਪੱਕਾ ਸੀ!

ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, ਨਾ ਲੁੱਟ ਮਾਰ ਕਰ ਕੇ ਫੂੰ-ਫੂੰ ਕਰੋ, ਧਨ ਸੰਪਤੀ ਜੇ ਵਧ ਜਾਵੇ ਤਾਂ ਉਸ ਉੱਤੇ ਮਨ ਨਾ ਲਾਓ।

ਉਹ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਅਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।

ਨਿਤਾਣੇ ਅਤੇ ਯਤੀਮ ਦਾ ਨਿਆਂ ਕਰੋ, ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ। ਨਿਤਾਣੇ ਅਤੇ ਕੰਗਾਲ ਨੂੰ ਬਚਾਓ, ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ ਛੁਡਾਓ।

ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ਼ ਹੈ, ਯਹੋਵਾਹ ਦਯਾ ਅਤੇ ਤੇਜ ਦੇਵੇਗਾ, ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕੇਗਾ।

ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਣਿਆ।

ਧਨ ਦੌਲਤ ਉਹ ਦੇ ਘਰ ਵਿੱਚ ਹੈ ਅਤੇ ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ।

ਉਸ ਮਨੁੱਖ ਦਾ ਭਲਾ ਹੁੰਦਾ ਹੈ ਜਿਹੜਾ ਦਯਾਵਾਨ ਤੇ ਉਧਾਰ ਦੇਣ ਵਾਲਾ ਹੈ, ਉਹ ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾਏਗਾ।

ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ, ਕਿ ਉਹ ਨੂੰ ਪਤਵੰਤਾਂ ਵਿੱਚ, ਸਗੋਂ ਉਹ ਦੇ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ,

ਉਨ੍ਹਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ।

ਯਹੋਵਾਹ ਤੁਹਾਨੂੰ ਵਧਾਈ ਜਾਵੇ, ਤੁਹਾਨੂੰ ਤੇ ਤੁਹਾਡੇ ਬਾਲਕਾਂ ਨੂੰ ਵੀ! ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ, ਜਿਹੜਾ ਅਕਾਸ਼ ਤੇ ਧਰਤੀ ਦਾ ਸਿਰਜਣਹਾਰ ਹੈ।

ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ, ਮੈਂ ਉਹ ਨੂੰ ਕੀ ਮੋੜ ਕੇ ਦਿਆਂ?

ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ, ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਭੋਜਣ ਦਿੰਦਾ ਹੈਂ। ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਨੂੰ ਪੂਰੀ ਕਰਦਾ ਹੈਂ।

ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਲੈਂਦਾ ਹੈ।

ਜੇ ਤੂੰ ਚਾਂਦੀ ਵਾਂਗੂੰ ਉਹ ਦੀ ਭਾਲ ਕਰੇਂ ਅਤੇ ਗੁਪਤ ਧਨ ਵਾਂਗੂੰ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈਅ ਨੂੰ ਸਮਝੇਂਗਾ ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ,

ਆਪਣੇ ਸਾਰੇ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ, ਤਾਂ ਤੇਰੇ ਖੱਤੇ ਪੈਦਾਵਾਰ ਨਾਲ ਭਰੇ-ਪੂਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਹੌਦ ਨਵੇਂ ਰਸ ਨਾਲ ਛਲਕਣਗੇ।

ਧੰਨ ਹੈ ਉਹ ਮਨੁੱਖ ਜਿਸ ਨੂੰ ਬੁੱਧ ਲੱਭਦੀ ਹੈ ਅਤੇ ਉਹ ਪੁਰਸ਼ ਜਿਸ ਨੂੰ ਸਮਝ ਪ੍ਰਾਪਤ ਹੁੰਦੀ ਹੈ, ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ। ਉਹ ਤਾਂ ਹੀਰੇ-ਮੋਤੀਆਂ ਨਾਲੋਂ ਵੀ ਬੇਸ਼ਕੀਮਤੀ ਹਨ ਅਤੇ ਜਿੰਨ੍ਹੀਆਂ ਵਸਤਾਂ ਦੀ ਤੈਨੂੰ ਚਾਹਤ ਹੈ, ਉਹਨਾਂ ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ।

ਜੇ ਤੇਰੇ ਵੱਸ ਵਿੱਚ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ, ਉਨ੍ਹਾਂ ਦਾ ਭਲਾ ਕਰਨ ਤੋਂ ਨਾ ਰੁਕੀਂ। ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗੁਆਂਢੀ ਨੂੰ ਇਹ ਨਾ ਆਖੀਂ, ਕਿ ਤੂੰ ਜਾ, ਫੇਰ ਆਵੀਂ, ਮੈਂ ਕੱਲ ਤੈਨੂੰ ਦਿਆਂਗਾ।

ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਮਾਨਤੀ ਹੋਇਆ ਜਾਂ ਕਿਸੇ ਪਰਾਏ ਦੇ ਲਈ ਹੱਥ ਉੱਤੇ ਹੱਥ ਮਾਰ ਕੇ ਜ਼ਿੰਮੇਵਾਰੀ ਲਈ ਹੋਵੇ, ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜ੍ਹਿਆ ਗਿਆ। ਸੋ ਹੇ ਮੇਰੇ ਪੁੱਤਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਅਜਿਹਾ ਕਰ ਤਾਂ ਤੂੰ ਛੁਟੇਂਗਾ, ਜਾ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ। ਨਾ ਆਪਣੀਆਂ ਅੱਖਾਂ ਵਿੱਚ ਨੀਂਦ ਆਉਣ ਦੇ, ਨਾ ਆਪਣੀਆਂ ਪਲਕਾਂ ਨੂੰ ਝਪਕਣ ਦੇ। ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜ੍ਹੀਮਾਰ ਦੇ ਹੱਥੋਂ ਚਿੜ੍ਹੀ, ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ।

ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ, ਪਰ ਜੇ ਫੜ੍ਹਿਆ ਜਾਵੇ, ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ।

ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ। ਮੇਰਾ ਫਲ ਸੋਨੇ ਸਗੋਂ ਚੋਖੇ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ। ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਂ ਦੇ ਰਾਹਾਂ ਦੇ ਵਿਚਕਾਰ ਤੁਰਦੀ ਹਾਂ, ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਿਸ ਬਣਾਵਾਂ ਅਤੇ ਉਨ੍ਹਾਂ ਦੇ ਖ਼ਜ਼ਾਨੇ ਭਰ ਦੇਵਾਂ।

ਬਦੀ ਨਾਲ ਇਕੱਠੇ ਕੀਤੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ। ਧਰਮੀ ਮਨੁੱਖ ਨੂੰ ਯਹੋਵਾਹ ਭੁੱਖਾ ਰਹਿਣ ਨਹੀਂ ਦਿੰਦਾ, ਪਰ ਦੁਸ਼ਟ ਦੀ ਲੋਚ ਉਹ ਪੂਰਾ ਹੋਣ ਨਹੀਂ ਦਿੰਦਾ। ਆਲਸੀ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ। ਜਿਹੜਾ ਧੁੱਪ ਦੇ ਵੇਲੇ ਇਕੱਠਾ ਕਰਦਾ ਹੈ ਉਹ ਸਿਆਣਾ ਪੁੱਤਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੁੱਤਾ ਰਹਿੰਦਾ ਹੈ, ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ।

ਧਨੀ ਦਾ ਧਨ ਉਹ ਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦੀ ਕੰਗਾਲੀ ਉਹਨਾਂ ਦੇ ਵਿਨਾਸ਼ ਦਾ ਕਾਰਨ ਹੈ।

ਧਰਮੀ ਦੇ ਬੋਲ ਖਰੀ ਚਾਂਦੀ ਹਨ, ਪਰ ਦੁਸ਼ਟ ਦਾ ਮਨ ਤੁੱਛ ਹੈ। ਧਰਮੀ ਦੇ ਬੋਲ ਬਹੁਤਿਆਂ ਨੂੰ ਰਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ। ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਦੁੱਖ ਨਹੀਂ ਮਿਲਾਉਂਦਾ।

ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।

ਜਿਹੜਾ ਪਰਾਏ ਮਨੁੱਖ ਦਾ ਜ਼ਮਾਨਤੀ ਬਣੇ, ਉਹ ਵੱਡਾ ਦੁੱਖੀ ਹੁੰਦਾ ਹੈ, ਪਰ ਜਿਹੜਾ ਜ਼ਮਾਨਤ ਲੈਣ ਤੋਂ ਘਿਰਣਾ ਕਰਦਾ ਹੈ, ਉਹ ਸੁਖੀ ਰਹਿੰਦਾ ਹੈ। ਦਯਾਵਾਨ ਇਸਤਰੀ ਦਾ ਆਦਰ ਹੁੰਦਾ ਹੈ, ਪਰ ਨਿਰਦਈ ਪੁਰਸ਼ ਧਨ ਦੇ ਪਿੱਛੇ ਲੱਗਿਆ ਰਹਿੰਦਾ ਹੈ।

ਕੋਈ ਤਾਂ ਵੰਡਦਾ ਹੈ ਫਿਰ ਵੀ ਉਹ ਦਾ ਮਾਲ ਵੱਧਦਾ ਹੈ, ਅਤੇ ਕੋਈ ਜੋਗ ਖ਼ਰਚ ਤੋਂ ਸਰਫ਼ਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ। ਦਾਨੀ ਮਨੁੱਖ ਫਲਵੰਤ ਹੋ ਜਾਂਦਾ ਹੈ, ਅਤੇ ਜੋ ਦੂਜਿਆਂ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ। ਜਿਹੜਾ ਅਨਾਜ ਨੂੰ ਦੱਬ ਕੇ ਰੱਖਦਾ ਹੈ, ਉਹ ਨੂੰ ਤਾਂ ਲੋਕ ਫਿਟਕਾਰਦੇ ਹਨ, ਪਰ ਜਿਹੜਾ ਉਸ ਨੂੰ ਵੇਚਦਾ ਹੈ, ਉਹ ਨੂੰ ਅਸੀਸਾਂ ਦਿੰਦੇ ਹਨ। ਜਿਹੜਾ ਜਤਨ ਨਾਲ ਭਲਿਆਈ ਨੂੰ ਭਾਲਦਾ, ਉਹ ਕਿਰਪਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ ਹੈ, ਉਹ ਉਸੇ ਦੇ ਉੱਤੇ ਆ ਪਵੇਗੀ। ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਗੂੰ ਲਹਿਲਹਾਉਣਗੇ।

ਆਲਸੀ ਦਾ ਜੀ ਲੋਚਦਾ ਤਾਂ ਹੈ, ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਰਿਸ਼ਟ-ਪੁਸ਼ਟ ਹੋ ਜਾਵੇਗੀ।

ਕੋਈ ਤਾਂ ਧਨ ਨੂੰ ਇਕੱਠਾ ਕਰਦਾ ਫਿਰਦਾ ਪਰ ਉਸ ਦੇ ਕੋਲ ਕੁਝ ਵੀ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ। ਮਨੁੱਖ ਦੀ ਜਾਨ ਦਾ ਛੁਟਕਾਰਾ ਉਹ ਦਾ ਧਨ ਹੈ, ਪਰ ਗਰੀਬ ਅਜਿਹੀ ਧਮਕੀ ਨੂੰ ਸੁਣਦਾ ਹੀ ਨਹੀਂ।

ਵਿਅਰਥ ਦਾ ਧਨ ਘੱਟ ਜਾਵੇਗਾ, ਪਰ ਮਿਹਨਤ ਦਾ ਧਨ ਵਧ ਜਾਵੇਗਾ।

ਭਲਾ ਮਨੁੱਖ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧੰਨ ਧਰਮੀ ਲਈ ਜੁੜਦਾ ਹੈ।

ਕੰਗਾਲ ਦਾ ਗੁਆਂਢੀ ਵੀ ਉਸ ਤੋਂ ਘਿਰਣਾ ਕਰਦਾ ਹੈ, ਪਰ ਧਨਵਾਨ ਦੇ ਬਹੁਤ ਸਾਰੇ ਪ੍ਰੇਮੀ ਹੁੰਦੇ ਹਨ। ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਕੰਗਾਲਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ। ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਉਹ ਭੁੱਲ ਨਹੀਂ ਕਰਦੇ? ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਅਤੇ ਸਚਿਆਈ ਹੁੰਦੀ ਹੈ। ਮਿਹਨਤ ਨਾਲ ਸਦਾ ਲਾਭ ਹੁੰਦਾ ਹੈ, ਪਰ ਬੁੱਲ੍ਹਾਂ ਦੀ ਬਕਵਾਸ ਨਾਲ ਥੁੜ ਹੀ ਰਹਿੰਦੀ ਹੈ।

ਜਿਹੜਾ ਗਰੀਬ ਉੱਤੇ ਹਨੇਰ ਕਰਦਾ ਹੈ, ਉਹ ਆਪਣੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ।

ਧਰਮੀ ਦੇ ਘਰ ਵਿੱਚ ਵੱਡਾ ਧਨ ਹੈ, ਪਰ ਦੁਸ਼ਟ ਦੀ ਕਮਾਈ ਨਾਲ ਕਸ਼ਟ ਹੁੰਦਾ ਹੈ।

ਉਹ ਥੋੜਾ ਜਿਹਾ ਜੋ ਯਹੋਵਾਹ ਦੇ ਭੈਅ ਨਾਲ ਹੋਵੇ, ਉਸ ਵੱਡੇ ਖਜ਼ਾਨੇ ਨਾਲੋਂ ਚੰਗਾ ਹੈ ਜਿਹ ਦੇ ਨਾਲ ਘਬਰਾਹਟ ਹੋਵੇ। ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲ਼ਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।

ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁੱਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ।

ਧਰਮ ਨਾਲ ਥੋੜਾ ਜਿਹਾ ਲਾਭ ਬੇਇਮਾਨੀ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ।

ਬੁੱਧ ਦੀ ਪ੍ਰਾਪਤੀ ਚੋਖੇ ਸੋਨੇ ਨਾਲੋਂ ਕਿੰਨੀ ਉੱਤਮ ਹੈ, ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ।

ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ। ਸਿਆਣਾ ਸੇਵਕ ਸ਼ਰਮਿੰਦਾ ਕਰਨ ਵਾਲੇ ਪੁੱਤਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ। ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।

ਬੇਸਮਝ ਆਦਮੀ ਹੱਥ ਮਿਲਾਉਂਦਾ ਹੈ ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਮਾਨਤੀ ਬਣ ਜਾਂਦਾ ਹੈ।

ਕੰਗਾਲ ਤਾਂ ਤਰਲੇ ਕਰਕੇ ਬੋਲਦਾ ਹੈ, ਪਰ ਧਨਵਾਨ ਕਰੜਾਈ ਨਾਲ ਉੱਤਰ ਦਿੰਦਾ ਹੈ।

ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੇ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।

ਆਲਸੀ ਠੰਡ ਦੇ ਮਾਰੇ ਹਲ ਨਹੀਂ ਵਾਹੁੰਦਾ, ਉਹ ਵਾਢੀਆਂ ਦੇ ਦਿਨੀਂ ਭੀਖ ਮੰਗਿਆ ਕਰੇਗਾ ਪਰ ਲੱਭੇਗਾ ਕੁਝ ਨਹੀਂ।

ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਇਹਨਾਂ ਦੋਹਾਂ ਤੋਂ ਯਹੋਵਾਹ ਘਿਣ ਕਰਦਾ ਹੈ।

ਚੋਰੀ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਅੰਤ ਵਿੱਚ ਉਹ ਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।

ਛੇਤੀ ਨਾਲ ਮਿਲੀ ਹੋਈ ਮਿਰਾਸ, ਅੰਤ ਵਿੱਚ ਮੁਬਾਰਕ ਨਾ ਹੋਵੇਗੀ।

ਮਿਹਨਤੀ ਦੀਆਂ ਯੋਜਨਾਵਾਂ ਕੇਵਲ ਲਾਭ ਦੀਆਂ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ। ਝੂਠ ਦੁਆਰਾ ਪ੍ਰਾਪਤ ਕੀਤਾ ਧਨ ਹਵਾ ਨਾਲ ਉੱਡ ਜਾਣ ਵਾਲੀ ਧੂੜ ਵਰਗਾ ਹੈ, ਉਹ ਨੂੰ ਲੱਭਣ ਵਾਲੇ ਮੌਤ ਨੂੰ ਲੱਭਦੇ ਹਨ।

ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ।

ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ, ਜਿਹੜਾ ਮੈਅ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ। ਦੁਸ਼ਟ ਧਰਮੀ ਦੀ ਰਿਹਾਈ ਦੇ ਲਈ ਹੁੰਦਾ ਹੈ, ਅਤੇ ਧੋਖੇਬਾਜ਼ ਸਿੱਧੇ ਲੋਕਾਂ ਦੇ ਥਾਂ ਸਜ਼ਾ ਪਾਉਂਦੇ ਹਨ। ਝਗੜਾਲੂ ਅਤੇ ਚਿੜਨ ਪਤਨੀ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ। ਬੁੱਧਵਾਨ ਦੇ ਘਰ ਵਿੱਚ ਕੀਮਤੀ ਖ਼ਜ਼ਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹ ਨੂੰ ਉਡਾ ਦਿੰਦਾ ਹੈ।

ਆਲਸੀ ਦੀ ਇੱਛਿਆ ਉਹ ਨੂੰ ਮਾਰ ਸੁੱਟਦੀ ਹੈ, ਉਹ ਦੇ ਹੱਥ ਕੰਮ ਕਰਨ ਤੋਂ ਨਾਂਹ ਜੋ ਕਰਦੇ ਹਨ। ਕੋਈ ਹੈ ਜੋ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਅਤੇ ਰੁੱਕਦਾ ਨਹੀਂ।

ਵੱਡੇ ਧਨ ਨਾਲੋਂ ਨੇਕਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ। ਧਨੀ ਅਤੇ ਕੰਗਾਲ ਇੱਕ ਸਮਾਨਤਾ ਹੈ, ਕਿ ਉਨ੍ਹਾਂ ਸਭਨਾਂ ਦਾ ਸਿਰਜਣਹਾਰ ਯਹੋਵਾਹ ਹੈ।

ਧਨਵਾਨ ਕੰਗਾਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ। ਜਿਹੜਾ ਬੁਰਾਈ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ, ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ। ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ।

ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ, ਅਤੇ ਜੋ ਧਨਵਾਨ ਨੂੰ ਭੇਂਟ ਦਿੰਦਾ ਹੈ ਉਹਨਾਂ ਨੂੰ ਘਾਟਾ ਹੀ ਹੁੰਦਾ ਹੈ।

ਕੰਗਾਲ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ, ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ, ਅਤੇ ਉਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ।

ਜਿਹੜੇ ਹੱਥ ਤੇ ਹੱਥ ਮਾਰਦੇ ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ, ਤੂੰ ਉਹਨਾਂ ਦੇ ਵਿੱਚ ਨਾ ਹੋ। ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਉਹ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਖਿੱਚ ਲੈ ਜਾਵੇਗਾ।

ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇ। ਕੀ ਤੂੰ ਉਸ ਚੀਜ਼ ਉੱਤੇ ਆਪਣੀ ਨਿਗਾਹ ਲਾਵੇਂਗਾ ਜੋ ਹੈ ਹੀ ਨਹੀਂ? ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗੂੰ ਅਕਾਸ਼ ਵੱਲ ਉੱਡ ਜਾਂਦੀ ਹੈ।

ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।

ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਸਥਿਰ ਰਹਿੰਦਾ ਹੈ। ਗਿਆਨ ਦੇ ਦੁਆਰਾ ਉਹ ਦੀਆਂ ਕੋਠੜੀਆਂ ਸਭ ਪਰਕਾਰ ਦੇ ਅਣਮੁੱਲ ਅਤੇ ਮਨਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ।

ਰੱਤੀ ਕੁ ਨੀਂਦ, ਰੱਤੀ ਕੁ ਊਂਘ, ਰੱਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ, ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ।

ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।

ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਜੇ ਪਿਆਸਾ ਹੋਵੇ ਤਾਂ ਉਹ ਨੂੰ ਪਾਣੀ ਪਿਆ, ਕਿਉਂ ਜੋ ਅਜਿਹਾ ਕਰ ਕਿ ਤੂੰ ਉਸ ਨੂੰ ਸ਼ਰਮਿੰਦਗੀ ਦੇਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ।

ਕਿਉਂ ਜੋ ਧਨ ਸਦਾ ਨਹੀਂ ਠਹਿਰਦਾ, ਭਲਾ, ਮੁਕਟ ਪੀੜ੍ਹੀਓਂ ਪੀੜ੍ਹੀ ਬਣਿਆ ਰਹਿੰਦਾ ਹੈ?

ਕੰਗਾਲ ਜੋ ਖਰਿਆਈ ਨਾਲ ਚੱਲਦਾ ਹੈ, ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ ਭਾਵੇਂ ਉਹ ਧਨੀ ਵੀ ਹੋਵੇ। ਬਿਵਸਥਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਪੁੱਤਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਤਾ ਦਾ ਮੂੰਹ ਕਾਲਾ ਕਰਦਾ ਹੈ। ਜਿਹੜਾ ਬਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇਕੱਠਾ ਕਰਦਾ ਹੈ।

ਧਨਵਾਨ ਮਨੁੱਖ ਆਪਣੀ ਨਿਗਾਹ ਵਿੱਚ ਬੁੱਧਵਾਨ ਹੁੰਦਾ ਹੈ ਪਰ ਮੱਤ ਵਾਲਾ ਗਰੀਬ ਉਹ ਨੂੰ ਸਮਝ ਲੈਂਦਾ ਹੈ।

ਜਿਹੜਾ ਆਦਮੀ ਜ਼ਮੀਨ ਵਾਹੁੰਦਾ ਹੈ ਉਹ ਰੋਟੀ ਨਾਲ ਰੱਜੇਗਾ। ਪਰ ਜਿਹੜਾ ਨਿਕੰਮਿਆਂ ਦੀ ਸੰਗਤ ਕਰਦਾ ਹੈ ਉਹ ਗਰੀਬੀ ਨਾਲ ਰੱਜੇਗਾ, ਸੱਚੇ ਮਨੁੱਖ ਉੱਤੇ ਵਧੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ। ਪੱਖਪਾਤ ਕਰਨਾ ਚੰਗਾ ਨਹੀਂ, ਅਤੇ ਇਹ ਵੀ ਚੰਗਾ ਨਹੀਂ ਕਿ ਮਨੁੱਖ ਰੋਟੀ ਦੀ ਇੱਕ ਬੁਰਕੀ ਦੇ ਲਈ ਅਪਰਾਧ ਕਰੇ। ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ ਆਦਮੀ ਨੂੰ ਤਾੜਨਾ ਦੇਣ ਵਾਲਾ ਅੰਤ ਨੂੰ ਉਸ ਨਾਲੋਂ ਜੋ ਚਾਪਲੂਸੀ ਕਰਦਾ ਹੈ, ਬਾਹਲੀ ਕਿਰਪਾ ਪਾਵੇਗਾ ਜਿਹੜਾ ਆਪਣੇ ਪਿਉ ਜਾਂ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ ਭਈ ਇਹ ਕੋਈ ਅਪਰਾਧ ਨਹੀਂ ਹੈ, ਉਹ ਨਾਸ ਕਰਨ ਵਾਲਿਆਂ ਦਾ ਸਾਥੀ ਠਹਿਰਦਾ ਹੈ।

ਜਿਹੜਾ ਕੰਗਾਲ ਨੂੰ ਦਾਨ ਕਰਦਾ ਹੈ ਉਹ ਨੂੰ ਕੋਈ ਥੁੜ ਨਾ ਹੋਵੇਗੀ, ਪਰ ਜੋ ਉਹਨਾਂ ਵੱਲੋਂ ਅੱਖੀਆਂ ਮੋੜ ਲੈਂਦਾ ਹੈ ਉਹ ਦੇ ਉੱਤੇ ਬਾਹਲੇ ਸਰਾਪ ਪੈਣਗੇ।

ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਉੱਤੇ ਧਿਆਨ ਦਿੰਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ।

ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸਹੁੰ ਤਾਂ ਖਾਂਦਾ ਹੈ, ਪਰ ਦੱਸਦਾ ਕੁਝ ਨਹੀਂ।

ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਕਰ ਦੇ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇ, ਮੇਰੀ ਰੋਜ਼ ਦੀ ਰੋਟੀ ਮੈਨੂੰ ਖਿਲਾ, ਕਿਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਂਵਾਂ ਅਤੇ ਆਖਾਂ “ਯਹੋਵਾਹ ਕੌਣ ਹੈ?” ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਾਂਵਾਂ।

ਆਪਣਾ ਮੂੰਹ ਖੋਲ੍ਹ ਕੇ ਧਰਮ ਦਾ ਨਿਆਂ ਕਰ, ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ। ਨੇਕ ਇਸਤਰੀ ਕਿਸਨੂੰ ਮਿਲਦੀ ਹੈ? ਕਿਉਂ ਜੋ ਉਹ ਦੀ ਕਦਰ ਹੀਰੇ ਮੋਤੀਆਂ ਨਾਲੋਂ ਬਹੁਤ ਵਧੇਰੇ ਹੈ।

ਉਹ ਮਸਕੀਨਾਂ ਲਈ ਮੁੱਠ ਖੋਲ੍ਹਦੀ ਹੈ, ਅਤੇ ਕੰਗਾਲਾਂ ਦੀ ਮਦਦ ਲਈ ਆਪਣਾ ਹੱਥ ਵਧਾਉਂਦੀ ਹੈ

ਮੈਂ ਵੱਡੇ-ਵੱਡੇ ਕੰਮ ਕੀਤੇ, ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਗਾਈਆਂ, ਮੈਂ ਆਪਣੇ ਲਈ ਬਗੀਚੇ ਅਤੇ ਬਾਗ਼ ਬਣਾਏ ਅਤੇ ਉਹਨਾਂ ਵਿੱਚ ਭਾਂਤ-ਭਾਂਤ ਦੇ ਫਲਾਂ ਵਾਲੇ ਰੁੱਖ ਲਗਾਏ, ਮੈਂ ਆਪਣੇ ਹਰੇ ਰੁੱਖਾਂ ਦੇ ਬਣ ਨੂੰ ਸਿੰਜਣ ਦੇ ਲਈ ਤਲਾਬ ਬਣਾਏ, ਮੈਂ ਦਾਸ ਅਤੇ ਦਾਸੀਆਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਦਾਸ ਵੀ ਸਨ, ਸਗੋਂ ਮੇਰੇ ਕੋਲ ਉਹਨਾਂ ਸਾਰਿਆਂ ਨਾਲੋਂ ਵੱਧ ਵੱਗਾਂ ਅਤੇ ਇੱਜੜਾਂ ਦੀ ਜ਼ਾਇਦਾਦ ਸੀ, ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ। ਮੈਂ ਸੋਨਾ-ਚਾਂਦੀ ਅਤੇ ਰਾਜਿਆਂ ਅਤੇ ਸੂਬਿਆਂ ਦੇ ਖ਼ਜ਼ਾਨੇ ਆਪਣੇ ਲਈ ਇਕੱਠੇ ਕੀਤੇ। ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆਂ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਰਖ਼ੈਲਾਂ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ। ਮੈਂ ਮਹਾਨ ਹੋ ਗਿਆ ਅਤੇ ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਉਹਨਾਂ ਸਾਰਿਆਂ ਨਾਲੋਂ ਬਹੁਤ ਵਾਧਾ ਕੀਤਾ ਪਰ ਫੇਰ ਵੀ ਮੇਰੀ ਬੁੱਧ ਮੇਰੇ ਵਿੱਚ ਟਿਕੀ ਰਹੀ। ਉਹ ਸਭ ਕੁਝ ਜੋ ਮੇਰੀਆਂ ਅੱਖਾਂ ਮੰਗਦੀਆਂ ਸਨ, ਮੈਂ ਉਹਨਾਂ ਕੋਲੋਂ ਦੂਰ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਰੋਕਿਆ, ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ। ਤਦ ਮੈਂ ਉਨ੍ਹਾਂ ਸਾਰਿਆਂ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਅਤੇ ਵੇਖੋ, ਉਹਨਾਂ ਸਾਰਿਆਂ ਦਾ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।

ਉਹ ਜੋ ਚਾਂਦੀ ਨੂੰ ਲੋਚਦਾ ਹੈ, ਸੋ ਚਾਂਦੀ ਨਾਲ ਨਾ ਰੱਜੇਗਾ ਅਤੇ ਜਿਹੜਾ ਧਨ ਚਾਹੁੰਦਾ ਹੈ, ਉਹ ਉਸ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੀ ਹੈ।

ਜਿਵੇਂ ਉਹ ਆਪਣੀ ਮਾਂ ਦੇ ਢਿੱਡ ਵਿੱਚੋਂ ਨੰਗਾ ਨਿੱਕਲਿਆ, ਉਸੇ ਤਰ੍ਹਾਂ ਹੀ ਮੁੜ ਜਾਵੇਗਾ ਅਤੇ ਆਪਣੀ ਕਮਾਈ ਵਿੱਚੋਂ ਨਾਲ ਕੁਝ ਨਾ ਰੱਖੇਗਾ, ਜੋ ਆਪਣੇ ਹੱਥ ਵਿੱਚ ਲੈ ਜਾਵੇ।

ਹਰੇਕ ਮਨੁੱਖ ਲਈ ਜਿਸ ਨੂੰ ਪਰਮੇਸ਼ੁਰ ਨੇ ਧਨ ਦਿੱਤਾ ਹੈ ਅਤੇ ਸਮਰੱਥਾ ਦਿੱਤੀ ਹੈ, ਤਾਂ ਜੋ ਉਹ ਉਨ੍ਹਾਂ ਤੋਂ ਮੌਜ ਕਰੇ ਅਤੇ ਆਪਣਾ ਭਾਗ ਭੋਗੇ ਅਤੇ ਆਪਣੇ ਧੰਦੇ ਤੋਂ ਅਨੰਦ ਹੋਵੇ - ਇਹ ਵੀ ਪਰਮੇਸ਼ੁਰ ਦੀ ਦਾਤ ਹੈ।

ਕੋਈ ਅਜਿਹਾ ਹੈ ਜਿਸ ਨੂੰ ਪਰਮੇਸ਼ੁਰ ਨੇ ਧਨ, ਮਾਲ ਅਤੇ ਸਨਮਾਨ ਦਿੱਤਾ ਹੈ, ਐਥੋਂ ਤੱਕ ਕਿ ਉਸ ਨੂੰ ਕਿਸੇ ਚੀਜ਼ ਦੀ, ਜਿਸ ਨੂੰ ਉਹ ਦਾ ਜੀ ਲੋਚਦਾ ਹੈ, ਕੋਈ ਥੁੜ ਨਹੀਂ, ਤਾਂ ਵੀ ਪਰਮੇਸ਼ੁਰ ਉਸ ਨੂੰ ਉਹ ਸਭ ਵਰਤਣ ਦੀ ਸਮਰੱਥਾ ਨਹੀਂ ਦਿੰਦਾ, ਸਗੋਂ ਪਰਾਇਆ ਮਨੁੱਖ ਉਸ ਨੂੰ ਵਰਤਦਾ ਹੈ। ਇਹ ਵੀ ਵਿਅਰਥ ਅਤੇ ਇੱਕ ਭੈੜਾ ਰੋਗ ਹੈ।

ਦਾਵਤ ਖੁਸ਼ੀ ਦੇ ਲਈ ਕੀਤੀ ਜਾਂਦੀ ਹੈ ਅਤੇ ਮਧ ਮਨ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਚੀਜ਼ਾਂ ਦਾ ਉੱਤਰ ਹੈ।

ਸਵੇਰ ਨੂੰ ਆਪਣਾ ਬੀ ਬੀਜ, ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਇਹਨਾਂ ਵਿੱਚੋਂ ਕਿਹੜਾ ਫਲੇਗਾ, ਇਹ ਜਾਂ ਉਹ, ਜਾਂ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।

ਉਹਨਾਂ ਦਾ ਦੇਸ ਚਾਂਦੀ-ਸੋਨੇ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਖਜ਼ਾਨਿਆਂ ਦਾ ਅੰਤ ਨਹੀਂ ਹੈ, ਉਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ। ਉਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ, ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ!

ਤਾਂ ਜੋ ਉਹ ਗਰੀਬਾਂ ਨੂੰ ਇਨਸਾਫ਼ ਤੋਂ ਮੋੜ ਦੇਣ, ਅਤੇ ਮੇਰੀ ਪਰਜਾ ਦੇ ਮਸਕੀਨਾਂ ਦਾ ਹੱਕ ਖੋਹ ਲੈਣ, ਭਈ ਵਿਧਵਾਂ ਉਹਨਾਂ ਦੀ ਲੁੱਟ ਹੋਣ, ਅਤੇ ਉਹ ਯਤੀਮਾਂ ਨੂੰ ਸ਼ਿਕਾਰ ਬਣਾਉਣ!

ਪਰ ਪਤਵੰਤ ਭਲੀ ਯੋਜਨਾ ਬਣਾਉਂਦਾ ਹੈ, ਭਲੇ ਕੰਮਾਂ ਨਾਲ ਹੀ ਉਹ ਕਾਇਮ ਹੈ।

ਆਓ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਸ ਦੇ ਕੋਲ ਚਾਂਦੀ ਨਹੀਂ, ਤੁਸੀਂ ਵੀ ਆਓ, ਲੈ ਲਓ ਅਤੇ ਖਾਓ, ਆਓ, ਬਿਨ੍ਹਾਂ ਚਾਂਦੀ, ਬਿਨ੍ਹਾਂ ਮੁੱਲ ਮਧ ਤੇ ਦੁੱਧ ਲੈ ਲਓ! ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਚਿਕਨਾਈ ਨਾਲ ਤ੍ਰਿਪਤ ਹੋ ਜਾਵੇ।

ਕੀ ਇਹ ਨਹੀਂ ਕਿ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ-ਘਰੇ ਭਟਕਣ ਵਾਲਿਆਂ ਨੂੰ ਆਪਣੇ ਘਰ ਲਿਆਓ? ਜਦ ਤੁਸੀਂ ਕਿਸੇ ਨੂੰ ਨੰਗੇ ਵੇਖੋ ਤਾਂ ਉਹ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?

ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇਂ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇਂ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ।

ਤਦ ਤੂੰ ਇਸ ਨੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ-ਥਰ ਕੰਬੇਗਾ ਅਤੇ ਅਨੰਦ ਨਾਲ ਭਰ ਜਾਵੇਗਾ, ਕਿਉਂ ਜੋ ਸਮੁੰਦਰ ਦੀ ਬਹੁਤਾਇਤ ਤੇਰੇ ਵੱਲ ਫਿਰੇਗੀ, ਅਤੇ ਕੌਮਾਂ ਦਾ ਮਾਲ-ਧਨ ਤੇਰੇ ਵੱਲ ਆਵੇਗਾ। ਊਠਾਂ ਦੇ ਝੁੰਡ ਤੇਰੇ ਦੇਸ ਨੂੰ ਭਰ ਦੇਣਗੇ, ਮਿਦਯਾਨ ਅਤੇ ਏਫਾਹ ਦੇਸ ਦੇ ਜੁਆਨ ਊਠ, ਸ਼ਬਾ ਦੇਸ ਤੋਂ ਸਾਰੇ ਲੋਕ ਆਉਣਗੇ, ਅਤੇ ਸੋਨਾ ਅਤੇ ਲੁਬਾਨ ਲਿਆਉਣਗੇ ਅਤੇ ਯਹੋਵਾਹ ਦੀ ਉਸਤਤ ਦਾ ਪਰਚਾਰ ਕਰਨਗੇ।

ਪਿੱਤਲ ਦੀ ਥਾਂ ਮੈਂ ਸੋਨਾ ਅਤੇ ਲੋਹੇ ਦੀ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ ਲਿਆਵਾਂਗਾ, ਮੈਂ ਸ਼ਾਂਤੀ ਨੂੰ ਤੇਰਾ ਹਾਕਮ ਅਤੇ ਸੁੱਖ ਨੂੰ ਤੇਰਾ ਧਰਮ ਬਣਾਵਾਂਗਾ।

ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈਂ? ਭਾਵੇਂ ਤੂੰ ਲਾਲ ਜੋੜਾ ਪਾਵੇਂ, ਭਾਵੇਂ ਤੂੰ ਆਪ ਨੂੰ ਸੋਨੇ ਦੇ ਗਹਿਣਿਆਂ ਦੇ ਨਾਲ ਸਜਾਵੇਂ, ਭਾਵੇਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ, ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ, ਤੇਰੇ ਪ੍ਰੇਮੀ ਤੈਥੋਂ ਘਿਣ ਕਰਦੇ ਹਨ, ਉਹ ਤੇਰੀ ਜਾਨ ਨੂੰ ਭਾਲਦੇ ਹਨ।

ਮੈਂ ਤੇਰੇ ਮਾਲ ਅਤੇ ਤੇਰੇ ਖ਼ਜ਼ਾਨਿਆਂ ਨੂੰ ਲੁੱਟ ਲਈ ਦਿਆਂਗਾ, ਮੁੱਲ ਲਈ ਨਹੀਂ, ਸਗੋਂ ਤੇਰੇ ਸਾਰੇ ਪਾਪਾਂ ਦੇ ਕਾਰਨ ਤੇਰੀਆਂ ਹੱਦਾਂ ਦੇ ਵਿੱਚ ਇਹ ਹੋਵੇਗਾ

ਬਹੁਤਿਆਂ ਖ਼ਜ਼ਾਨਿਆਂ ਵਾਲੀਏ, ਤੂੰ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਵੱਸਦੀ ਹੈਂ, ਤੇਰਾ ਅੰਤ ਆ ਗਿਆ, ਤੇਰੀ ਮਾਰ-ਧਾੜ ਦਾ ਹਾੜਾ ਭਰ ਗਿਆ।

ਉਹ ਦੇ ਸਾਰੇ ਲੋਕ ਹਾਉਕੇ ਭਰਦੇ ਹਨ, ਉਹ ਰੋਟੀ ਭਾਲਦੇ ਹਨ, ਉਹਨਾਂ ਨੇ ਆਪਣੀਆਂ ਮਨਭਾਉਣੀਆਂ ਵਸਤਾਂ ਵੇਚ ਕੇ ਭੋਜਨ ਮੁੱਲ ਲਿਆ ਹੈ, ਤਾਂ ਜੋ ਉਹਨਾਂ ਦੀ ਜਾਨ ਵਿੱਚ ਜਾਨ ਆਵੇ। ਹੇ ਯਹੋਵਾਹ, ਵੇਖ ਅਤੇ ਧਿਆਨ ਦੇ, ਕਿਉਂ ਜੋ ਮੈਂ ਤੁੱਛ ਹੋ ਗਈ ਹਾਂ!

ਉਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਹਨਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਰਗਾ ਹੋਵੇਗਾ। ਯਹੋਵਾਹ ਦੇ ਕਹਿਰ ਦੇ ਦਿਨ ਉਹਨਾਂ ਦੀ ਚਾਂਦੀ ਅਤੇ ਉਹਨਾਂ ਦਾ ਸੋਨਾ ਉਹਨਾਂ ਨੂੰ ਨਹੀਂ ਬਚਾ ਸਕੇਗਾ। ਉਸ ਨਾਲ ਉਹਨਾਂ ਦੀਆਂ ਜਾਨਾਂ ਸੁਖੀ ਨਹੀਂ ਹੋਣਗੀਆਂ, ਨਾ ਉਹਨਾਂ ਦੇ ਢਿੱਡ ਭਰਨਗੇ, ਕਿਉਂ ਜੋ ਉਹ ਉਹਨਾਂ ਦੇ ਠੋਕਰ ਖਾਣ ਅਤੇ ਪਾਪ ਦਾ ਕਾਰਨ ਸੀ।

ਵੇਖ, ਤੇਰੀ ਭੈਣ ਸਦੂਮ ਦਾ ਅਪਰਾਧ ਇਹ ਸੀ ਕਿ ਉਹ ਆਪਣੀਆਂ ਧੀਆਂ ਸਮੇਤ ਘਮੰਡ ਕਰਦੀ, ਬੇਪਰਵਾਹ ਸੀ ਅਤੇ ਬਿਨਾਂ ਚਿੰਤਾ ਤੋਂ ਰਹਿੰਦੀ ਸੀ, ਪਰ ਉਹਨਾਂ ਨੇ ਗ਼ਰੀਬ ਤੇ ਲੋੜਵੰਦ ਨੂੰ ਸਹਾਰਾ ਨਾ ਦਿੱਤਾ। ਉਹ ਹੰਕਾਰਨਾਂ ਸਨ ਅਤੇ ਉਹਨਾਂ ਨੇ ਮੇਰੇ ਸਾਹਮਣੇ ਘਿਣਾਉਣੇ ਕੰਮ ਕੀਤੇ, ਇਸ ਲਈ ਜਦੋਂ ਮੈਂ ਵੇਖਿਆ ਤਾਂ ਉਹਨਾਂ ਨੂੰ ਦੂਰ ਕਰ ਦਿੱਤਾ।

ਨਾ ਕਿਸੇ ਨੂੰ ਦੁੱਖੀ ਕੀਤਾ, ਕਰਜ਼ਾਈ ਦੀ ਗਿਰਵੀ ਰੱਖੀ ਹੋਈ ਚੀਜ਼ ਮੋੜ ਦਿੱਤੀ ਅਤੇ ਜਬਰ ਕਰ ਕੇ ਕੁਝ ਖੋਹ ਨਹੀਂ ਲਿਆ ਪਰ ਭੁੱਖਿਆਂ ਨੂੰ ਆਪਣੀ ਰੋਟੀ ਖੁਆਈ ਅਤੇ ਨੰਗਿਆਂ ਨੂੰ ਕੱਪੜੇ ਪਵਾਏ। ਵਿਆਜ ਉੱਤੇ ਲੈਣ-ਦੇਣ ਨਹੀਂ ਕੀਤਾ, ਨਾ ਵਿਆਜ ਲਿਆ ਅਤੇ ਆਪਣਾ ਹੱਥ ਬਦੀ ਵੱਲ ਮੋੜਿਆ ਅਤੇ ਮਨੁੱਖਾਂ ਵਿੱਚ ਸੱਚਾ ਨਿਆਂ ਕੀਤਾ। ਮੇਰੀਆਂ ਬਿਧੀਆਂ ਉੱਤੇ ਤੁਰਿਆ ਅਤੇ ਮੇਰੇ ਹੁਕਮਾਂ ਦੀ ਪਾਲਣਾ ਕੀਤੀ, ਤਾਂ ਜੋ ਸੱਚਾਈ ਨਾਲ ਕੰਮ ਚਲਾਵੇ, ਉਹ ਧਰਮੀ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਹ ਜ਼ਰੂਰ ਜੀਉਂਦਾ ਰਹੇਗਾ।

ਦੀਨ ਅਤੇ ਕੰਗਾਲ ਉੱਤੇ ਜ਼ੁਲਮ ਕਰੇ, ਜ਼ੁਲਮ ਕਰ ਕੇ ਲੁੱਟ-ਖੋਹ ਕਰੇ, ਗਿਰਵੀ ਰੱਖੀ ਹੋਈ ਚੀਜ਼ ਮੋੜ ਕੇ ਨਾ ਦੇਵੇ, ਮੂਰਤੀਆਂ ਵੱਲ ਆਪਣੀਆਂ ਅੱਖਾਂ ਚੁੱਕੇ ਅਤੇ ਘਿਣਾਉਣਾ ਕੰਮ ਕਰੇ, ਵਿਆਜ ਉੱਤੇ ਲੈਣ-ਦੇਣ ਕਰੇ ਅਤੇ ਵਿਆਜ ਲਵੇ, ਤਾਂ ਕੀ ਉਹ ਜੀਉਂਦਾ ਰਹੇਗਾ? ਉਹ ਕਦੀ ਜੀਉਂਦਾ ਨਹੀਂ ਰਹੇਗਾ, ਉਸ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ, ਉਹ ਜ਼ਰੂਰ ਮਰੇਗਾ, ਉਸ ਦਾ ਖੂਨ ਉਹ ਦੇ ਉੱਤੇ ਹੋਵੇਗਾ।

ਤੇਰੇ ਵਿੱਚ ਉਹਨਾਂ ਨੇ ਰਿਸ਼ਵਤ ਲੈ ਕੇ ਖੂਨ ਕੀਤੇ, ਤੁਸੀਂ ਵਿਆਜ ਤੇ ਵਾਧਾ ਲਿਆ ਅਤੇ ਅੱਤਿਆਚਾਰ ਕਰ ਕੇ ਆਪਣੇ ਗੁਆਂਢੀ ਨੂੰ ਲੁੱਟਿਆ ਅਤੇ ਮੈਨੂੰ ਭੁਲਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ।

ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟ-ਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ। ਮੈਂ ਉਹਨਾਂ ਵਿੱਚ ਭਾਲ ਕੀਤੀ ਹੈ ਕਿ ਕੋਈ ਅਜਿਹਾ ਮਨੁੱਖ ਲੱਭੇ ਜੋ ਕੰਧ ਬਣਾਵੇ ਅਤੇ ਉਸ ਧਰਤੀ ਦੇ ਲਈ ਉਸ ਦੇ ਝਰਨੇ ਵਿੱਚ ਮੇਰੇ ਅੱਗੇ ਖਲੋਵੇ, ਤਾਂ ਜੋ ਮੈਂ ਉਹ ਨੂੰ ਨਾ ਉਜਾੜਾਂ, ਪਰ ਕੋਈ ਨਾ ਲੱਭਿਆ।

ਤੂੰ ਆਪਣੀ ਸਿਆਣਪ ਅਤੇ ਅਕਲ ਨਾਲ ਧਨ ਪ੍ਰਾਪਤ ਕੀਤਾ ਅਤੇ ਸੋਨੇ, ਚਾਂਦੀ ਨੂੰ ਆਪਣਿਆਂ ਖ਼ਜ਼ਾਨਿਆਂ ਵਿੱਚ ਇਕੱਠਾ ਕੀਤਾ। ਤੂੰ ਆਪਣੀ ਵੱਡੀ ਸਿਆਣਪ ਨਾਲ ਅਤੇ ਆਪਣੇ ਵਪਾਰ ਨਾਲ, ਆਪਣਾ ਧਨ ਬਹੁਤ ਵਧਾ ਲਿਆ ਹੈ ਅਤੇ ਤੇਰਾ ਦਿਲ ਤੇਰੇ ਧਨ ਦੇ ਕਾਰਨ ਹੰਕਾਰੀ ਹੋ ਗਿਆ ਹੈ। ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣਾ ਦਿਲ ਪਰਮੇਸ਼ੁਰ ਦੇ ਦਿਲ ਵਰਗਾ ਬਣਾਇਆ ਹੈ। ਇਸ ਲਈ ਵੇਖ, ਮੈਂ ਤੇਰੇ ਉੱਤੇ ਵਿਦੇਸ਼ੀਆਂ ਨੂੰ, ਜੋ ਵੱਡੀ ਭਿਆਨਕ ਕੌਮ ਦੇ ਹਨ, ਚੜ੍ਹਾ ਲਿਆਵਾਂਗਾ। ਉਹ ਤੇਰੀ ਬੁੱਧੀ ਦੀ ਸੁੰਦਰਤਾ ਦੇ ਵਿਰੁੱਧ ਤਲਵਾਰ ਖਿੱਚਣਗੇ, ਅਤੇ ਤੇਰੀ ਸ਼ਾਨ ਨੂੰ ਭਰਿਸ਼ਟ ਕਰਨਗੇ।

ਤੂੰ ਆਖੇਂਗਾ, ਮੈਂ ਬਿਨ੍ਹਾਂ ਸ਼ਹਿਰ ਪਨਾਹ ਵਾਲੇ ਪਿੰਡਾਂ ਦੇ ਦੇਸ ਉੱਤੇ ਹਮਲਾ ਕਰਾਂਗਾ। ਮੈਂ ਉਹਨਾਂ ਉੱਤੇ ਹਮਲਾ ਕਰਾਂਗਾ, ਜਿਹੜੇ ਅਰਾਮ ਤੇ ਬੇਫ਼ਿਕਰੀ ਨਾਲ ਵੱਸਦੇ ਹਨ, ਉਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵਾਜ਼ੇ ਹਨ। ਤਦ ਜੋ ਤੂੰ ਲੁੱਟੇ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਹਨਾਂ ਉੱਜੜੀਆਂ ਥਾਵਾਂ ਤੇ ਜਿਹੜੀਆਂ ਹੁਣ ਆਬਾਦ ਹਨ ਅਤੇ ਉਹਨਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਹਨਾਂ ਪਸ਼ੂਆਂ ਤੇ ਮਾਲ ਨੂੰ ਪ੍ਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ। ਸ਼ਬਾ, ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਹਨਾਂ ਦੇ ਸਾਰੇ ਜੁਆਨ ਸ਼ੇਰ ਤੈਨੂੰ ਆਖਣਗੇ, ਕੀ ਤੂੰ ਲੁੱਟਣ ਲਈ ਆਇਆ ਹੈਂ? ਕੀ ਤੂੰ ਆਪਣੀ ਸਭਾ ਦੇਸ ਲਈ ਇਕੱਠੀ ਕੀਤੀ ਹੈ ਕਿ ਮਾਲ ਖੋਹ ਲਵੇਂ? ਚਾਂਦੀ ਸੋਨਾ ਲੁੱਟੇਂ, ਡੰਗਰ ਪਸ਼ੂ ਲੈ ਜਾਵੇਂ ਅਤੇ ਲੁੱਟ ਦਾ ਬਹੁਤਾ ਮਾਲ ਪਰਾਪਤ ਕਰੇ?।

ਬੇਲਸ਼ੱਸਰ ਨੇ ਨਸ਼ਾ ਚੱਖਦੇ ਹੋਏ ਆਗਿਆ ਦਿੱਤੀ ਕਿ ਸੋਨੇ ਤੇ ਚਾਂਦੀ ਦੇ ਭਾਂਡੇ ਜਿਹੜੇ ਨਬੂਕਦਨੱਸਰ ਉਹ ਦੇ ਪਿਤਾ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢੇ ਸਨ, ਲਿਆਂਦੇ ਜਾਣ ਤਾਂ ਜੋ ਰਾਜਾ, ਉਹ ਦੇ ਪਰਧਾਨ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖ਼ੈਲਾਂ ਉਹਨਾਂ ਵਿੱਚੋਂ ਨਸ਼ਾ ਪੀਣ। ਤਦ ਉਹ ਸੋਨੇ ਦੇ ਭਾਂਡਿਆਂ ਨੂੰ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਹੈਕਲ ਵਿੱਚੋਂ ਕੱਢੇ ਗਏ ਸਨ ਲਿਆਏ ਗਏ ਅਤੇ ਰਾਜਾ ਤੇ ਉਹ ਦੇ ਪਰਧਾਨਾਂ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖ਼ੈਲਾਂ ਨੇ ਉਹਨਾਂ ਵਿੱਚੋਂ ਪੀਤੀ। ਉਹਨਾਂ ਨੇ ਸ਼ਰਾਬ ਪੀਤੀ ਅਤੇ ਸੋਨੇ, ਚਾਂਦੀ, ਪਿੱਤਲ, ਲੋਹੇ, ਕਾਠ ਤੇ ਪੱਥਰ ਦੇ ਦੇਵਤਿਆਂ ਦੀ ਵਡਿਆਈ ਕੀਤੀ।

ਜਿਵੇਂ-ਜਿਵੇਂ ਉਹ ਵਧੇ ਤਿਵੇਂ-ਤਿਵੇਂ ਉਹਨਾਂ ਨੇ ਮੇਰਾ ਪਾਪ ਕੀਤਾ, ਮੈਂ ਉਹਨਾਂ ਦੇ ਪਰਤਾਪ ਨੂੰ ਸ਼ਰਮਿੰਦਗੀ ਵਿੱਚ ਬਲਦ ਦਿਆਂਗਾ।

ਉਹ ਵਪਾਰੀ ਹੈ, ਉਹ ਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ, ਉਹ ਧੱਕੇਖੋਰੀ ਨੂੰ ਪਿਆਰ ਕਰਦਾ ਹੈ। ਇਫ਼ਰਾਈਮ ਕਹਿੰਦਾ ਹੈ, ਮੈਂ ਸੱਚ-ਮੁੱਚ ਧਨੀ ਹੋ ਗਿਆ ਹਾਂ, ਮੈਂ ਆਪਣੇ ਲਈ ਧਨ ਜੋੜਿਆ ਹੈ, ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ ਜਿਹੜੀ ਪਾਪ ਹੈ, ਨਾ ਪਾਉਣਗੇ।

ਜਿੰਨੇ ਸਾਲਾਂ ਦੀ ਫ਼ਸਲ ਨੂੰ ਛੋਟੀ ਟਿੱਡੀਆਂ, ਵੱਡੀ ਟਿੱਡੀਆਂ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ। ਤੁਸੀਂ ਢਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ਼ ਕੰਮ ਕੀਤੇ ਹਨ, ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ।

ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਸ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ, ਇਸ ਲਈ ਜਿਹੜੇ ਘਰ ਤੁਸੀਂ ਘੜ੍ਹੇ ਹੋਏ ਪੱਥਰਾਂ ਨਾਲ ਬਣਾਏ ਹਨ, ਉਨ੍ਹਾਂ ਵਿੱਚ ਵੱਸ ਨਾ ਸਕੋਗੇ! ਅਤੇ ਜੋ ਸੁਹਾਵਣੇ ਅੰਗੂਰੀ ਬਾਗ਼ ਤੁਸੀਂ ਲਾਏ ਹਨ, ਉਨ੍ਹਾਂ ਦੀ ਮਧ ਨਾ ਪੀ ਸਕੋਗੇ! ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ, ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ, ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ!

“ਤੁਸੀਂ ਜੋ ਕੰਗਾਲਾਂ ਨੂੰ ਨਿਗਲਣਾ ਚਾਹੁੰਦੇ ਹੋ ਅਤੇ ਦੇਸ਼ ਦੇ ਨਿਮਰ ਲੋਕਾਂ ਨੂੰ ਨਾਸ ਕਰਨਾ ਚਾਹੁੰਦੇ ਹੋ,” ਸੁਣੋ! ਤੁਸੀਂ ਕਹਿੰਦੇ ਹੋ, “ਅਮੱਸਿਆ ਕਦੋਂ ਬੀਤੇਗੀ, ਤਾਂ ਜੋ ਅਸੀਂ ਅੰਨ ਵੇਚੀਏ? ਅਤੇ ਸਬਤ ਕਦੋਂ ਖ਼ਤਮ ਹੋਵੇਗਾ ਤਾਂ ਜੋ ਅਸੀਂ ਕਣਕ ਦੇ ਖੱਤੇ ਖੋਲ੍ਹੀਏ ਕਿ ਅਸੀਂ ਏਫਾਹ ਨੂੰ ਛੋਟਾ ਅਤੇ ਸ਼ਕੇਲ ਨੂੰ ਵੱਡਾ ਬਣਾਈਏ ਅਤੇ ਛਲ ਨਾਲ ਡੰਡੀ ਮਾਰੀਏ, ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ ਅਤੇ ਕਣਕ ਦਾ ਕੂੜਾ ਵੇਚੀਏ!”

ਉਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਉਹਨਾਂ ਨੂੰ ਖੋਹ ਲੈਂਦੇ ਹਨ, ਨਾਲੇ ਘਰਾਂ ਦਾ ਲੋਭ ਕਰਕੇ ਉਹਨਾਂ ਨੂੰ ਵੀ ਲੈ ਲੈਂਦੇ ਹਨ। ਉਹ ਪੁਰਖ ਅਤੇ ਉਸ ਦੇ ਘਰਾਣੇ ਨੂੰ ਸਤਾਉਂਦੇ ਹਨ, ਸਗੋਂ ਪੁਰਖ ਅਤੇ ਉਸ ਦੀ ਵਿਰਾਸਤ ਉੱਤੇ ਅਨ੍ਹੇਰ ਕਰਦੇ ਹਨ।

ਕੀ ਇਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ ਅਤੇ ਉਹ ਦੇ ਵਿਰੁੱਧ ਇੱਕ ਮਿਹਣਾ ਨਹੀਂ ਦੇਣਗੇ? ਉਹ ਆਖਣਗੇ, “ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ! ਜੋ ਪਰਾਏ ਮਾਲ ਦਾ ਭਾਰ ਆਪਣੇ ਉੱਤੇ ਲੱਦਦਾ ਹੈ! ਪਰ ਕਦ ਤੱਕ?” ਕੀ ਤੇਰੇ ਦੇਣਦਾਰ ਅਚਾਨਕ ਨਾ ਉੱਠਣਗੇ ਅਤੇ ਉਹ ਜੋ ਤੈਨੂੰ ਮੁਸੀਬਤ ਵਿੱਚ ਪਾਉਣਗੇ, ਉਹ ਨਾ ਜਾਗਣਗੇ? ਕੀ ਤੂੰ ਉਹਨਾਂ ਲਈ ਲੁੱਟ ਦਾ ਮਾਲ ਨਾ ਹੋਵੇਂਗਾ?

ਉਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਉਹਨਾਂ ਦੇ ਘਰ ਵਿਰਾਨ ਹੋ ਜਾਣਗੇ। ਉਹ ਘਰ ਤਾਂ ਉਸਾਰਨਗੇ ਪਰ ਉਨ੍ਹਾਂ ਵਿੱਚ ਵੱਸਣਗੇ ਨਹੀਂ, ਉਹ ਅੰਗੂਰੀ ਬਾਗ਼ ਲਾਉਣਗੇ ਪਰ ਉਨ੍ਹਾਂ ਦਾ ਦਾਖਰਸ ਨਾ ਪੀਣਗੇ।

ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ, ਨਾ ਉਹਨਾਂ ਦੀ ਚਾਂਦੀ, ਉਹਨਾਂ ਨੂੰ ਛੁਡਾਵੇਗੀ, ਪਰ ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ ਕਰੇਗਾ, ਹਾਂ ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ!

ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ।

ਤਦ ਮੈਂ ਉਹਨਾਂ ਨੂੰ ਕਿਹਾ, ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ, ਨਾ ਸਹੀ। ਉਹਨਾਂ ਨੇ ਤੋਲ ਕੇ ਤੀਹ ਦਿਨਾਂ ਦੀ ਮਜ਼ਦੂਰੀ ਮੈਨੂੰ ਦਿੱਤੀ। ਯਹੋਵਾਹ ਨੇ ਮੈਨੂੰ ਕਿਹਾ ਕਿ ਇਨ੍ਹਾਂ ਨੂੰ ਘੁਮਿਆਰ ਦੇ ਅੱਗੇ ਸੁੱਟ ਦੇ, ਉਸ ਵੱਡੇ ਮੁੱਲ ਨੂੰ ਜਿਹੜਾ ਉਹਨਾਂ ਨੇ ਮੇਰਾ ਪਾਇਆ ਸੀ। ਮੈਂ ਉਹ ਤੀਹ ਸ਼ਕੇਲ ਅਰਥਾਤ ਤੀਹ ਦਿਨਾਂ ਦੀ ਮਜ਼ਦੂਰੀ ਲੈ ਕੇ ਯਹੋਵਾਹ ਦੇ ਭਵਨ ਵਿੱਚ ਘੁਮਿਆਰ ਦੇ ਅੱਗੇ ਸੁੱਟ ਦਿੱਤੇ।

ਕੀ ਕੋਈ ਆਦਮੀ ਪਰਮੇਸ਼ੁਰ ਨੂੰ ਠੱਗੇਗਾ? ਪਰ ਤੁਸੀਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ, ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ? ਦਸਵੰਧਾਂ ਅਤੇ ਭੇਟਾਂ ਵਿੱਚ! ਤੁਸੀਂ ਸਰਾਪੀਆਂ ਦੇ ਸਰਾਪੀ ਹੋਏ! ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ। ਸਾਰੇ ਦਸਵੰਧ ਮੇਰੇ ਮੋਦੀ ਖ਼ਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਖੋ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!

ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ, ਅਤੇ ਪੈਰੀਂ ਪੈ ਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ, ਲੁਬਾਣ ਅਤੇ ਗੰਧਰਸ ਦੀ ਭੇਟ ਚੜਾਈ।

ਉਹ ਧੰਨ ਹਨ ਜਿਹੜੇ ਦਿਲ ਦੇ ਗ਼ਰੀਬ ਹਨ, ਕਿਉਂ ਜੋ ਸਵਰਗ ਰਾਜ ਉਨ੍ਹਾਂ ਦਾ ਹੈ।

ਉਹ ਧੰਨ ਹਨ ਜਿਹੜੇ ਧਾਰਮਿਕਤਾ ਦੇ ਭੁੱਖੇ ਤੇ ਪਿਆਸੇ ਹਨ, ਕਿਉਂ ਜੋ ਉਹ ਰਜਾਏ ਜਾਣਗੇ।

ਅਤੇ ਜੇ ਕੋਈ ਤੇਰੇ ਉੱਤੇ ਮੁਕੱਦਮਾ ਕਰ ਕੇ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਹ ਨੂੰ ਚੋਗਾ ਵੀ ਦੇ ਦਿਓ। ਅਤੇ ਜੋ ਕੋਈ ਤੈਨੂੰ ਬੇਗ਼ਾਰੀ ਵਿੱਚ ਇੱਕ ਮੀਲ ਲੈ ਜਾਵੇ ਤਾਂ ਉਹ ਦੇ ਨਾਲ ਦੋ ਮੀਲ ਚੱਲਿਆ ਜਾ। ਜਿਹੜਾ ਤੇਰੇ ਕੋਲੋਂ ਮੰਗੇ ਉਹ ਨੂੰ ਦੇ ਅਤੇ ਜੋ ਤੇਰੇ ਕੋਲੋਂ ਉਧਾਰ ਮੰਗੇ ਤਾਂ ਉਸ ਤੋਂ ਮੂੰਹ ਨਾ ਮੋੜ।

ਸਾਵਧਾਨ, ਤੁਸੀਂ ਆਪਣੇ ਧਾਰਮਿਕਤਾ ਦੇ ਕੰਮ ਮਨੁੱਖਾਂ ਦੇ ਸਾਹਮਣੇ ਦਿਖਾਵੇ ਲਈ ਨਾ ਕਰੋ, ਨਹੀਂ ਤਾਂ ਤੁਸੀਂ ਆਪਣੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ, ਕੁਝ ਵੀ ਫਲ ਪ੍ਰਾਪਤ ਨਾ ਕਰੋਗੇ। ਇਸ ਲਈ ਜਦ ਤੁਸੀਂ ਦਾਨ ਕਰੋਂ, ਜਿਸ ਤਰ੍ਹਾਂ ਕਪਟੀ ਪ੍ਰਾਰਥਨਾ ਘਰਾਂ ਅਤੇ ਰਸਤਿਆਂ ਵਿੱਚ ਆਪਣੇ ਅੱਗੇ ਚਰਚਾ ਕਰਵਾਉਂਦੇ ਹਨ ਕਿ ਲੋਕ ਉਨ੍ਹਾਂ ਦੀ ਵਡਿਆਈ ਕਰਨ, ਤੁਸੀਂ ਅਜਿਹਾ ਨਾ ਕਰੋ। ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁੱਕੇ। ਪਰ ਜਦੋਂ ਤੂੰ ਦਾਨ ਦੇਵੇਂ ਤਾਂ ਜੋ ਕੁਝ ਤੂੰ ਸੱਜੇ ਹੱਥ ਨਾਲ ਦਿੰਦਾ ਤੇਰਾ ਖੱਬਾ ਹੱਥ ਨਾ ਜਾਣੇ, ਤੇਰਾ ਦਾਨ ਗੁਪਤ ਵਿੱਚ ਹੋਵੇ, ਤਾਂ ਜੋ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ, ਤੈਨੂੰ ਫਲ ਦੇਵੇ।

ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਅਤੇ ਸਾਡੇ ਗੁਨਾਹ ਸਾਨੂੰ ਮਾਫ਼ ਕਰ, ਜਿਵੇਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕੀਤਾ ਹੈ,

ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਚੋਰ ਸੰਨ੍ਹ ਮਾਰ ਕੇ ਇਸ ਨੂੰ ਚੁਰਾਉਂਦੇ ਹਨ। ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੋਈ ਕੀੜਾ ਨਾ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰ ਕੇ ਚੁਰਾਉਂਦੇ ਹਨ। ਕਿਉਂਕਿ ਜਿੱਥੇ ਤੁਹਾਡਾ ਧਨ ਹੋਵੇਗਾ, ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ।

ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਇੱਕ ਨਾਲ ਵੈਰ ਅਤੇ ਦੂਜੇ ਨਾਲ ਪਿਆਰ ਰੱਖੇਗਾ ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।

ਇਸ ਕਰ ਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੇ ਲਈ ਚਿੰਤਾ ਨਾ ਕਰੋ, ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਕਿ ਅਸੀਂ ਕੀ ਪਹਿਨਾਂਗੇ? ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ! ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠਿਆਂ ਕਰਦੇ ਹਨ! ਪਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ? ਅਤੇ ਪਹਿਰਾਵੇ ਲਈ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਨੂੰ ਵੇਖੋ ਕਿ ਉਹ ਕਿਵੇਂ ਵੱਧਦੇ ਹਨ। ਉਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ। ਪਰਮੇਸ਼ੁਰ ਜੰਗਲੀ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ੍ਹ ਅੱਗ ਵਿੱਚ ਝੋਕਿਆ ਜਾਂਦਾ ਹੈ, ਅਜਿਹਾ ਪਹਿਰਾਵਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ? ਇਸ ਲਈ ਤੁਸੀਂ ਚਿੰਤਾ ਕਰ ਕੇ ਇਹ ਨਾ ਆਖੋ ਕਿ ਅਸੀਂ ਕੀ ਖਾਵਾਂਗੇ? ਜਾਂ ਕੀ ਪੀਵਾਂਗੇ? ਜਾਂ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਦੀ ਭਾਲ ਵਿੱਚ ਲੱਗੇ ਰਹਿੰਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ। ਇਸ ਲਈ ਤੁਸੀਂ ਕੱਲ ਦੀ ਚਿੰਤਾ ਨਾ ਕਰੋ ਕਿਉਂ ਜੋ ਕੱਲ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ।

ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਲੱਭੋ ਤਾਂ ਤੁਹਾਨੂੰ ਲੱਭ ਜਾਵੇਗਾ। ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ, ਲੱਭਣ ਵਾਲੇ ਨੂੰ ਲੱਭ ਜਾਂਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।

ਜਦੋਂ ਤੁਸੀਂ ਬੁਰੇ ਹੋ ਕੇ, ਆਪਣਿਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਕਿੰਨੀਆਂ ਵਧੇਰੇ ਚੰਗੀਆਂ ਵਸਤੂਆਂ ਕਿਉਂ ਨਾ ਦੇਵੇਗਾ?

ਅਤੇ ਯਿਸੂ ਨੇ ਉਹ ਨੂੰ ਆਖਿਆ ਕਿ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਲਈ ਥਾਂ ਨਹੀਂ ਹੈ।

ਸੋਨਾ, ਚਾਂਦੀ ਅਤੇ ਤਾਂਬਾ ਆਪਣੇ ਕਮਰ ਕੱਸੇ ਵਿੱਚ ਨਾ ਲਓ। ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ।

ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਚੇਲੇ ਨੂੰ ਸਿਰਫ਼ ਇੱਕ ਗਿਲਾਸ ਠੰਡਾ ਪਾਣੀ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਹੀਂ ਗੁਆਵੇਗਾ।

ਅਤੇ ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਫਲ ਲਿਆਇਆ, ਕੁਝ ਸੌ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ।

ਅਤੇ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ, ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫਲ ਨਹੀਂ ਦਿੰਦਾ। ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲ ਦਿੰਦਾ ਹੈ।

ਸਵਰਗ ਰਾਜ ਖੇਤ ਵਿੱਚ ਲੁਕੇ ਹੋਏ ਧਨ ਵਰਗਾ ਹੈ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ। ਫੇਰ ਸਵਰਗ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ। ਜਦੋਂ ਉਸ ਨੂੰ ਇੱਕ ਮੋਤੀ ਬਹੁਤ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲਿਆ।

ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੀ ਦੁਨੀਆਂ ਨੂੰ ਜਿੱਤ ਲਵੇ, ਪਰ ਆਪਣੀ ਜਾਨ ਨੂੰ ਗੁਆ ਲਵੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?

ਜਦੋਂ ਉਹ ਕਫ਼ਰਨਾਹੂਮ ਵਿੱਚ ਆਏ ਤਾਂ ਹੈਕਲ ਦੀ ਚੁੰਗੀ ਉਗਰਾਹੁਣ ਵਾਲਿਆਂ ਨੇ ਪਤਰਸ ਦੇ ਕੋਲ ਆ ਕੇ ਕਿਹਾ, ਕੀ ਤੁਹਾਡਾ ਗੁਰੂ ਚੁੰਗੀ ਨਹੀਂ ਦਿੰਦਾ ਹੈ? ਉਹ ਨੇ ਕਿਹਾ, ਹਾਂ ਦਿੰਦਾ ਹੈ। ਜਦ ਉਹ ਘਰ ਵਿੱਚ ਆਇਆ ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਸ ਤੋਂ ਕਰ ਜਾਂ ਮਸੂਲ ਲੈਂਦੇ ਹਨ, ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ? ਤਦ ਉਹ ਬੋਲਿਆ, ਪਰਾਇਆਂ ਤੋਂ, ਤਦ ਯਿਸੂ ਨੇ ਉਹ ਨੂੰ ਆਖਿਆ, ਫੇਰ ਪੁੱਤਰ ਤਾਂ ਮਾਫ਼ ਹੋਏ। ਪਰ ਇਸ ਲਈ ਜੋ ਅਸੀਂ ਉਨ੍ਹਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇੱਕ ਸਿੱਕਾ ਪਾਏਂਗਾ, ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਵੀਂ।

ਇਸ ਲਈ ਸਵਰਗ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਨੌਕਰਾਂ ਤੋਂ ਲੇਖਾ ਲੈਣਾ ਚਾਹਿਆ। ਅਤੇ ਜਦ ਉਹ ਹਿਸਾਬ ਲੈਣ ਲੱਗਾ ਤਾਂ ਇੱਕ ਮਨੁੱਖ ਨੂੰ ਉਸ ਕੋਲ ਲਿਆਏ ਜਿਸ ਨੇ ਦਸ ਹਜ਼ਾਰ ਤੋੜੇ ਦਾ ਕਰਜ਼ਾ ਦੇਣਾ ਸੀ। ਪਰ ਉਹ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਉਹ ਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹ ਦੀ ਪਤਨੀ, ਬਾਲ ਬੱਚੇ ਅਤੇ ਸਭ ਕੁਝ ਜੋ ਉਹ ਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ। ਤਦ ਉਸ ਨੌਕਰ ਨੇ ਪੈਰਾਂ ਤੇ ਡਿੱਗ ਕੇ ਕਿਹਾ, ਸੁਆਮੀ ਜੀ, ਮੇਰੇ ਉੱਤੇ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਮੋੜ ਦਿਆਂਗਾ। ਤਦ ਉਸ ਨੌਕਰ ਦੇ ਮਾਲਕ ਨੇ, ਤਰਸ ਖਾ ਕੇ ਉਹ ਨੂੰ ਛੱਡ ਦਿੱਤਾ ਅਤੇ ਸਾਰਾ ਕਰਜ਼ ਉਹ ਨੂੰ ਮਾਫ਼ ਕਰ ਦਿੱਤਾ। ਜਦੋਂ ਉਹ ਨੌਕਰ ਬਾਹਰ ਨਿੱਕਲਿਆ, ਤਦ ਉਹ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਮਿਲਿਆ ਜਿਸ ਤੋਂ ਉਹ ਨੇ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਲੈਣੇ ਸਨ, ਉਸ ਨੇ ਉਹ ਨੂੰ ਗਲੇ ਤੋਂ ਫੜ੍ਹ ਕੇ ਆਖਿਆ, ਜੋ ਮੇਰਾ ਤੂੰ ਦੇਣਾ ਹੈ ਸੋ ਦੇ! ਤਦ ਉਹ ਦੇ ਨਾਲ ਦਾ ਨੌਕਰ ਉਹ ਦੇ ਪੈਰੀਂ ਪਿਆ ਅਤੇ ਮਿੰਨਤ ਕਰ ਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ਼ ਮੋੜ ਦਿਆਂਗਾ। ਪਰ ਉਹ ਨੇ ਉਸ ਦੀ ਨਾ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ। ਪਰ ਜਦੋਂ ਉਹ ਦੇ ਨਾਲ ਦੇ ਨੌਕਰਾਂ ਨੇ ਇਹ ਸਭ ਦੇਖਿਆ ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ। ਤਦ ਉਹ ਦੇ ਮਾਲਕ ਨੇ ਉਹ ਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ! ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ। ਫੇਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਕਰਨੀ ਚਾਹੀਦੀ ਸੀ? ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹ ਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕੀਤਾ, ਜਿੰਨਾਂ ਚਿਰ ਉਹ ਸਾਰਾ ਕਰਜ਼ ਭਰ ਨਾ ਦੇਵੇ? ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।

ਯਿਸੂ ਨੇ ਉਹ ਨੂੰ ਕਿਹਾ, ਜੇ ਤੂੰ ਸਿੱਧ ਹੋਣਾ ਚਾਹੁੰਦਾ ਹੈਂ ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਕੰਗਾਲਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ। ਪਰ ਉਸ ਜਵਾਨ ਨੇ ਜਦ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚੱਲਿਆ ਗਿਆ, ਕਿਉਂ ਜੋ ਉਹ ਵੱਡਾ ਧਨਵਾਨ ਸੀ।

ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧਨਵਾਨ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ। ਫੇਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਿਸੇ ਧਨਵਾਨ ਦੇ ਸਵਰਗ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੁਖਾਲਾ ਹੈ। ਅਤੇ ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਬੋਲੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? ਤਦ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ, ਪਰ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ।

ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਵੇਖ ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ, ਫੇਰ ਸਾਨੂੰ ਕੀ ਮਿਲੇਗਾ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਮੇਰੇ ਨਾਲ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ। ਅਤੇ ਹਰ ਕੋਈ ਜਿਸ ਨੇ ਆਪਣੇ ਘਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਫਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਿਸ ਹੋਵੇਗਾ।

ਸਵਰਗ ਰਾਜ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਸਵੇਰੇ ਘਰੋਂ ਨਿੱਕਲਿਆ ਤਾਂ ਕਿ ਆਪਣੇ ਅੰਗੂਰੀ ਬਾਗ਼ ਵਿੱਚ ਮਜ਼ਦੂਰ ਲਾਵੇ। ਅਤੇ ਜਦ ਉਹ ਨੇ ਮਜ਼ਦੂਰਾਂ ਨਾਲ ਇੱਕ ਦੀਨਾਰ ਦਿਹਾੜੀ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦਾ ਵਾਅਦਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਬਾਗ਼ ਵਿੱਚ ਭੇਜ ਦਿੱਤਾ। ਅਤੇ ਪਹਿਰ ਕੁ ਦਿਨ ਚੜੇ ਬਾਹਰ ਜਾ ਕੇ ਉਹ ਨੇ ਹੋਰ ਲੋਕਾਂ ਨੂੰ ਬਜਾਰ ਵਿੱਚ ਵਿਹਲੇ ਖੜ੍ਹੇ ਵੇਖਿਆ। ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਵੀ ਬਾਗ਼ ਵਿੱਚ ਜਾਓ ਅਤੇ ਜੋ ਹੱਕ ਹੋਵੇਗਾ ਉਹ ਮੈਂ ਤੁਹਾਨੂੰ ਦਿਆਂਗਾ, ਅਤੇ ਉਹ ਗਏ। ਅਤੇ ਦਿਨ ਦੇ ਤੀਜੇ ਪਹਿਰ ਦੇ ਬਾਹਰ ਜਾ ਕੇ ਉਹ ਨੇ ਉਸੇ ਤਰ੍ਹਾਂ ਕੀਤਾ। ਅਤੇ ਘੰਟਾ ਕੁ ਦਿਨ ਰਹਿੰਦੇ ਬਾਹਰ ਜਾ ਕੇ ਉਹ ਨੇ ਹੋਰਨਾਂ ਨੂੰ ਖੜ੍ਹੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਰਹੇ? ਉਨ੍ਹਾਂ ਨੇ ਉਸ ਨੂੰ ਕਿਹਾ, ਕਿਉਂਕਿ ਕਿਸੇ ਸਾਨੂੰ ਦਿਹਾੜੀ ਨਹੀਂ ਲਾਇਆ। ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਵੀ ਬਾਗ਼ ਵਿੱਚ ਜਾਓ। ਅਤੇ ਜਦੋਂ ਸ਼ਾਮ ਹੋਈ ਬਾਗ਼ ਦੇ ਮਾਲਕ ਨੇ ਆਪਣੇ ਭੰਡਾਰੀ ਨੂੰ ਆਖਿਆ ਕਿ ਮਜ਼ਦੂਰਾਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੱਕ ਉਨ੍ਹਾਂ ਨੂੰ ਮਜ਼ਦੂਰੀ ਦੇ। ਅਤੇ ਜਦੋਂ ਉਹ ਆਏ ਜਿਹੜੇ ਘੰਟਾ ਦਿਨ ਰਹਿੰਦੇ ਕੰਮ ਲੱਗੇ ਸਨ ਤਾਂ ਉਨ੍ਹਾਂ ਨੂੰ ਵੀ ਇੱਕ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਮਿਲਿਆ। ਅਤੇ ਜੋ ਪਹਿਲੇ ਆਏ ਉਨ੍ਹਾਂ ਇਹ ਸਮਝਿਆ ਕਿ ਸਾਨੂੰ ਕੁਝ ਵੱਧ ਮਿਲੇਗਾ ਅਤੇ ਉਨ੍ਹਾਂ ਨੂੰ ਵੀ ਇੱਕ ਦੀਨਾਰ ਹੀ ਮਿਲਿਆ। ਪਰ ਉਹ ਇੱਕ ਦੀਨਾਰ ਲੈ ਕੇ ਘਰ ਦੇ ਮਾਲਕ ਦੇ ਉੱਤੇ ਕੁੜ੍ਹਨ ਲੱਗੇ। ਅਤੇ ਬੋਲੇ ਜੋ ਅੰਤ ਵਿੱਚ ਆਏ ਉਹਨਾਂ ਨੇ ਇੱਕੋ ਘੜੀ ਕੰਮ ਕੀਤਾ ਅਤੇ ਤੂੰ ਇਨ੍ਹਾਂ ਨੂੰ ਵੀ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਧੁੱਪ ਸਹੀ। ਤਦ ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ ਕਿ ਮੈਂ ਤੇਰੇ ਨਾਲ ਕੁਝ ਬੇਇਨਸਾਫ਼ੀ ਨਹੀਂ ਕਰਦਾ। ਕੀ, ਤੂੰ ਮੇਰੇ ਨਾਲ ਇੱਕ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀ ਗੱਲ ਪੱਕੀ ਨਹੀਂ ਕੀਤੀ ਸੀ? ਤੂੰ ਆਪਣਾ ਹਿਸਾਬ ਲੈ ਕੇ ਚੱਲਿਆ ਜਾ ਪਰ ਮੇਰੀ ਮਰਜ਼ੀ ਹੈ ਕਿ ਜਿੰਨਾਂ ਤੈਨੂੰ ਦਿੱਤਾ ਉੱਨਾ ਹੀ ਇਸ ਪਿੱਛਲੇ ਨੂੰ ਵੀ ਦਿਆਂ। ਭਲਾ, ਮੈਨੂੰ ਅਧਿਕਾਰ ਨਹੀਂ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ? ਕੀ ਤੂੰ ਇਸੇ ਲਈ ਬੁਰੀ ਨਜ਼ਰ ਵੇਖਦਾ ਹੈਂ ਜੋ ਮੈਂ ਭਲਾ ਹਾਂ? ਇਸੇ ਤਰ੍ਹਾਂ ਜੋ ਪਹਿਲਾਂ ਵਾਲੇ ਪਿਛਲੇ ਅਤੇ ਪਿਛਲੇ ਵਾਲੇ ਪਹਿਲਾਂ ਹੋਣਗੇ।

ਫੇਰ ਯਿਸੂ ਪਰਮੇਸ਼ੁਰ ਦੀ ਹੈਕਲ ਵਿੱਚ ਗਿਆ ਅਤੇ ਉਨ੍ਹਾਂ ਸਭਨਾਂ ਨੂੰ ਬਾਹਰ ਕੱਢ ਦਿੱਤਾ ਜਿਹੜੇ ਹੈਕਲ ਵਿੱਚ ਵੇਚਦੇ ਤੇ ਖਰੀਦਦੇ ਸਨ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸੁੱਟੀਆਂ। ਅਤੇ ਉਨ੍ਹਾਂ ਨੂੰ ਕਿਹਾ ਕਿ ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ ਪਰ ਤੁਸੀਂ ਉਹ ਨੂੰ ਡਾਕੂਆਂ ਦਾ ਅੱਡਾ ਬਣਾਉਂਦੇ ਹੋ।

ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਕਰ ਦੇਣਾ ਯੋਗ ਹੈ ਜਾਂ ਨਹੀਂ? ਪਰ ਯਿਸੂ ਨੇ ਉਨ੍ਹਾਂ ਦੀ ਚਲਾਕੀ ਸਮਝ ਕੇ ਆਖਿਆ, ਹੇ ਕਪਟੀਓ ਕਿਉਂ ਮੈਨੂੰ ਪਰਖਦੇ ਹੋ? ਕਰ ਦਾ ਸਿੱਕਾ ਮੈਨੂੰ ਵਿਖਾਓ। ਤਦ ਉਹ ਇੱਕ ਅੱਠਿਆਨੀ ਉਸ ਕੋਲ ਲਿਆਏ। ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ? ਉਨ੍ਹਾਂ ਉਸ ਨੂੰ ਕਿਹਾ, ਕੈਸਰ ਦੀ। ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਓ।

ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਪੂਦੀਨੇ, ਸੌਂਫ਼ ਅਤੇ ਜੀਰੇ ਦਾ ਦਸਵੰਧ ਦਿੰਦੇ ਹੋ, ਪਰ ਮੂਸਾ ਦੀ ਬਿਵਸਥਾ ਵੱਡੇ ਹੁਕਮਾਂ ਨੂੰ ਅਰਥਾਤ ਨਿਆਂ, ਦਯਾ ਅਤੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।

ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਸ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਨੌਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ। ਅਤੇ ਇੱਕ ਨੂੰ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ, ਹਰੇਕ ਨੂੰ ਉਹ ਦੀ ਯੋਗਤਾ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ। ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਝੱਟ ਜਾ ਕੇ ਉਨ੍ਹਾਂ ਨਾਲ ਬਣਜ ਵਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ। ਇਸੇ ਤਰ੍ਹਾਂ ਜਿਸ ਨੇ ਦੋ ਲਏ ਸਨ ਉਹ ਨੇ ਵੀ ਹੋਰ ਦੋ ਕਮਾ ਲਏ। ਪਰ ਜਿਸ ਨੇ ਇੱਕੋ ਲਿਆ ਸੀ ਉਹ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਤੋੜੇ ਨੂੰ ਲੁਕਾ ਦਿੱਤਾ। ਬਹੁਤ ਸਮੇਂ ਬਾਅਦ, ਉਨ੍ਹਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ। ਸੋ ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਵੀ ਕਮਾਏ। ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਤਾਂ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ। ਅਤੇ ਜਿਸ ਨੇ ਦੋ ਤੋੜੇ ਲਏ ਸਨ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਤੁਸੀਂ ਮੈਨੂੰ ਦੋ ਤੋੜੇ ਸੌਂਪੇ ਸਨ। ਵੇਖੋ ਮੈਂ ਦੋ ਤੋੜੇ ਹੋਰ ਵੀ ਕਮਾਏ। ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ। ਫੇਰ ਜਿਸ ਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਮੈਂ ਤੁਹਾਨੂੰ ਜਾਣਦਾ ਹਾਂ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ। ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਇਹ ਆਪਣਾ ਤੋੜਾ ਵਾਪਸ ਲੈ ਲਵੋ। ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਨੌਕਰ! ਕੀ ਤੂੰ ਜਾਣਦਾ ਹੈਂ ਕਿ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ? ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸ਼ਾਹੂਕਾਰਾਂ ਨੂੰ ਦਿੰਦਾ ਤਾਂ ਮੈਂ ਆ ਕੇ ਆਪਣਾ ਮਾਲ ਵਿਆਜ ਸਮੇਤ ਲੈਂਦਾ। ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਤੋੜੇ ਹਨ ਉਹ ਨੂੰ ਦਿਓ। ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ ਪਰ ਜਿਸ ਦੇ ਕੋਲ ਨਹੀਂ ਉਸ ਕੋਲੋਂ ਜੋ ਉਹ ਦਾ ਹੈ ਉਹ ਵੀ ਲੈ ਲਿਆ ਜਾਵੇਗਾ। ਇਸ ਨਿਕੰਮੇ ਨੌਕਰ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।

ਤਦ ਰਾਜਾ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹ ਦੇ ਵਾਰਿਸ ਹੋਵੋ। ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ, ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ। ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਤੇ ਤੈਨੂੰ ਖੁਆਇਆ ਜਾਂ ਤਿਹਾਇਆ ਦੇਖਿਆ ਤੇ ਤੈਨੂੰ ਪਿਲਾਇਆ? ਕਦੋਂ ਅਸੀਂ ਤੈਨੂੰ ਪਰਦੇਸੀ ਵੇਖਿਆ ਤੇ ਤੈਨੂੰ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ? ਕਦੋਂ ਅਸੀਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਤੇ ਤੇਰੇ ਕੋਲ ਆਏ? ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਨ੍ਹਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।

ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। ਕਿਉਂ ਜੋ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸੀ ਤੇ ਤੁਸੀਂ ਮੈਨੂੰ ਨਾ ਪਿਆਇਆ। ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸੀ ਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ, ਰੋਗੀ ਅਤੇ ਕੈਦੀ ਸੀ ਤੇ ਤੁਸੀਂ ਮੇਰੀ ਖ਼ਬਰ ਨਾ ਲਈ। ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕਦੋਂ ਅਸੀਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਸੇਵਾ ਨਾ ਕੀਤੀ? ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ।

ਤਾਂ ਇੱਕ ਔਰਤ ਮਹਿੰਗੇ ਮੁੱਲ ਦਾ ਅਤਰ ਸ਼ੀਸ਼ੀ ਵਿੱਚ ਉਹ ਦੇ ਕੋਲ ਲਿਆਈ ਅਤੇ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹ ਦੇ ਸਿਰ ਉੱਤੇ ਡੋਲ੍ਹ ਦਿੱਤਾ। ਪਰ ਚੇਲੇ ਇਹ ਵੇਖ ਕੇ ਖਿਝ ਗਏ ਅਤੇ ਬੋਲੇ, ਇਹ ਨੁਕਸਾਨ ਕਿਉਂ ਹੋਇਆ? ਕਿਉਂਕਿ ਹੋ ਸਕਦਾ ਸੀ ਜੋ ਇਹ ਵੱਡੇ ਮੁੱਲ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ। ਪਰ ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਕਿਉਂ ਜੋ ਉਹ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।

ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਦ ਉਨ੍ਹਾਂ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ। ਅਤੇ ਉਹ ਉਸੇ ਸਮੇਂ ਤੋਂ ਉਸ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।

ਤਦ ਯਹੂਦਾ ਜਿਸ ਨੇ ਉਸ ਨੂੰ ਫੜ੍ਹਵਾਇਆ ਸੀ, ਜਦੋਂ ਉਹ ਨੇ ਇਹ ਵੇਖਿਆ ਕਿ ਉਸ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਮੋੜ ਲਿਆਇਆ ਅਤੇ ਬੋਲਿਆ, ਮੈਂ ਪਾਪ ਕੀਤਾ, ਜੋ ਨਿਰਦੋਸ਼ ਜਾਨ ਨੂੰ ਫੜ੍ਹਵਾ ਦਿੱਤਾ। ਪਰ ਉਹ ਬੋਲੇ, ਸਾਨੂੰ ਕੀ? ਤੂੰ ਹੀ ਜਾਣ। ਅਤੇ ਉਹ ਉਨ੍ਹਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਅਤੇ ਜਾ ਕੇ ਫਾਹਾ ਲੈ ਲਿਆ। ਅਤੇ ਮੁੱਖ ਜਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾਂ ਯੋਗ ਨਹੀਂ ਕਿਉਂਕਿ ਇਹ ਲਹੂ ਦਾ ਮੁੱਲ ਹੈ। ਤਾਂ ਉਨ੍ਹਾਂ ਨੇ ਯੋਜਨਾਂ ਬਣਾ ਕੇ ਉਨ੍ਹਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਮੁੱਲ ਲਿਆ। ਇਸ ਕਾਰਨ ਉਹ ਖੇਤ ਅੱਜ ਤੱਕ ਲਹੂ ਦਾ ਖੇਤ ਅਖਵਾਉਂਦਾ ਹੈ। ਤਦ ਜਿਹੜਾ ਬਚਨ ਯਿਰਮਿਯਾਹ ਨਬੀ ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ, ਕਿ ਉਨ੍ਹਾਂ ਨੇ ਤੀਹ ਸ਼ਕੇਲ ਲਏ ਅਰਥਾਤ ਉਸ ਦਾ ਮੁੱਲ ਜਿਸ ਦਾ ਇਸਰਾਏਲ ਦੇ ਵੰਸ਼ ਵਿੱਚੋਂ ਕਈਆਂ ਨੇ ਮੁੱਲ ਠਹਿਰਾਇਆ। ਅਤੇ ਉਨ੍ਹਾਂ ਨੂੰ ਘੁਮਿਆਰ ਦੇ ਖੇਤ ਦੇ ਬਦਲੇ ਦਿੱਤਾ ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਕੀਤੀ।

ਪਰ ਜਿਹੜਾ ਚੰਗੀ ਜ਼ਮੀਨ ਵਿੱਚ ਡਿੱਗਿਆ ਉਹ ਉੱਗਦਿਆਂ ਸਾਰ ਵਧਿਆ ਅਤੇ ਫਲਿਆ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ, ਕੁਝ ਸੌ ਗੁਣਾ ਫੱਲ ਦਿੱਤਾ।

ਅਤੇ ਹੋਰ ਉਹ ਹਨ ਜਿਹੜੇ ਝਾੜੀਆਂ ਵਿੱਚ ਬੀਜੇ ਜਾਂਦੇ। ਇਹ ਉਹ ਹਨ ਜਿਨ੍ਹਾਂ ਨੇ ਬਚਨ ਨੂੰ ਸੁਣਿਆ ਅਤੇ ਸੰਸਾਰ ਦੀ ਚਿੰਤਾ ਤੇ ਧਨ ਦਾ ਧੋਖਾ ਅਤੇ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਬੇਫੱਲ ਰਹਿ ਜਾਂਦਾ ਹੈ। ਅਤੇ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ ਸੋ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁਝ ਤੀਹ ਗੁਣਾ ਕੁਝ ਸੱਠ ਗੁਣਾ ਕੁਝ ਸੌ ਗੁਣਾ।

ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ ਪਰ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਅਸੀਂ ਜਾ ਕੇ ਸੌ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਮੁੱਲ ਲੈ ਕੇ ਇਨ੍ਹਾਂ ਨੂੰ ਖੁਆਈਏ? ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਵੇਖੋ। ਤਾਂ ਉਨ੍ਹਾਂ ਨੇ ਪਤਾ ਕਰ ਕੇ ਕਿਹਾ ਕਿ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ। ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਸਭਨਾਂ ਨੂੰ ਹਰੇ ਘਾਹ ਉੱਤੇ ਇੱਕ ਸਾਰ ਬਿਠਾ ਦਿਉ। ਅਤੇ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਕਰ ਕੇ ਬੈਠ ਗਏ। ਤਾਂ ਪ੍ਰਭੂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਕਾਸ਼ ਵੱਲ ਵੇਖਿਆ ਅਤੇ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦੇ ਗਏ ਕਿ ਉਹ ਲੋਕਾਂ ਨੂੰ ਪਰੋਸਣ ਅਤੇ ਦੋਵੇਂ ਮੱਛੀਆਂ ਵੀ ਉਨ੍ਹਾਂ ਨੇ ਸਭਨਾਂ ਵਿੱਚ ਵੰਡੀਆਂ। ਤਾਂ ਉਹ ਸਾਰੇ ਖਾ ਕੇ ਰੱਜ ਗਏ। ਅਤੇ ਉਨ੍ਹਾਂ ਦੇ ਟੁੱਕੜਿਆਂ ਦੀਆਂ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਉੱਠਾਈਆਂ ਅਤੇ ਕੁਝ ਮੱਛੀਆਂ ਵਿੱਚੋਂ ਵੀ ਉੱਠਾਈਆਂ। ਅਤੇ ਰੋਟੀਆਂ ਦੇ ਖਾਣ ਵਾਲੇ ਪੰਜ ਹਜ਼ਾਰ ਮਰਦ ਸਨ।

ਚੋਰੀਆਂ, ਖੂਨ, ਵਿਭਚਾਰ, ਲੋਭ, ਬਦੀਆਂ, ਛਲ, ਬਦਮਸਤੀ, ਬੁਰੀ ਨਜ਼ਰ, ਨਿੰਦਿਆ, ਹੰਕਾਰ, ਮੂਰਖਤਾਈ ਨਿੱਕਲਦੀ ਹੈ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ।

ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਅਤੇ ਖੁਸ਼ਖਬਰੀ ਦੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ। ਭਾਵੇਂ ਮਨੁੱਖ ਸਾਰੇ ਸੰਸਾਰ ਨੂੰ ਕਮਾ ਲਵੇ, ਅਤੇ ਆਪਣੀ ਹੀ ਜਾਨ ਨੂੰ ਗੁਆ ਲਵੇ ਤਾਂ ਉਸ ਨੂੰ ਕੀ ਲਾਭ ਹੋਵੇਗਾ? ਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ?

ਯਿਸੂ ਨੇ ਉਹ ਦੀ ਵੱਲ ਵੇਖ ਕੇ ਉਹ ਨੂੰ ਪਿਆਰ ਕੀਤਾ ਅਤੇ ਉਹ ਨੂੰ ਕਿਹਾ, ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜਾ ਅਤੇ ਜੋ ਕੁਝ ਤੇਰਾ ਹੈ, ਸੋ ਵੇਚ ਅਤੇ ਕੰਗਾਲਾਂ ਨੂੰ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ। ਪਰ ਇਸ ਗੱਲ ਤੋਂ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ ਅਤੇ ਉਹ ਉਦਾਸ ਹੋ ਕੇ ਚੱਲਿਆ ਗਿਆ ਕਿਉਂ ਜੋ ਉਹ ਵੱਡਾ ਧਨਵਾਨ ਸੀ।

ਤਦ ਯਿਸੂ ਨੇ ਚੁਫ਼ੇਰੇ ਨਿਗਾਹ ਕਰ ਕੇ ਆਪਣੇ ਚੇਲਿਆਂ ਨੂੰ ਕਿਹਾ, ਅਮੀਰਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੋਵੇਗਾ! ਚੇਲੇ ਉਹ ਦੀਆਂ ਗੱਲਾਂ ਤੋਂ ਹੈਰਾਨ ਹੋਏ, ਪਰ ਯਿਸੂ ਨੇ ਉਨ੍ਹਾਂ ਨੂੰ ਫੇਰ ਕਿਹਾ, ਹੇ ਬਾਲਕੋ, ਜਿਹੜੇ ਧਨ ਉੱਤੇ ਭਰੋਸਾ ਰੱਖਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੈ! ਪਰਮੇਸ਼ੁਰ ਦੇ ਰਾਜ ਵਿੱਚ ਧਨਵਾਨ ਦੇ ਵੜਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ। ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਆਖਿਆ, ਮਨੁੱਖਾਂ ਤੋਂ ਇਹ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਨਹੀਂ ਕਿਉਂਕਿ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ।

ਤਦ ਪਤਰਸ ਨੇ ਪ੍ਰਭੂ ਯਿਸੂ ਨੂੰ ਆਖਿਆ, ਵੇਖੋ ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ। ਯਿਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਅਜਿਹਾ ਕੋਈ ਨਹੀਂ ਜਿਸ ਨੇ ਘਰ, ਭਾਈਆਂ, ਭੈਣਾਂ, ਮਾਤਾ, ਪਿਤਾ, ਬਾਲ ਬੱਚਿਆਂ ਜਾਂ ਜ਼ਮੀਨਾਂ ਨੂੰ ਮੇਰੇ ਅਤੇ ਮੇਰੀ ਖੁਸ਼ਖਬਰੀ ਦੇ ਲਈ ਛੱਡਿਆ ਹੋਵੇ। ਅਤੇ ਹੁਣ ਇਸ ਸਮੇਂ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜ਼ਮੀਨਾਂ ਨੂੰ ਪਰ ਦੁੱਖਾਂ ਨਾਲ ਅਤੇ ਅਗਲੇ ਯੁੱਗ ਵਿੱਚ ਸਦੀਪਕ ਜੀਵਨ।

ਉਹ ਯਰੂਸ਼ਲਮ ਵਿੱਚ ਆਏ ਅਤੇ ਉਹ ਹੈਕਲ ਵਿੱਚ ਜਾ ਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਤੇ ਮੁੱਲ ਲੈਂਦੇ ਸਨ ਉਨ੍ਹਾ ਨੂੰ ਬਾਹਰ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ। ਅਤੇ ਕਿਸੇ ਨੂੰ ਹੈਕਲ ਵਿੱਚੋਂ ਦੀ ਬਰਤਨ ਲੈ ਕੇ ਲੰਘਣ ਨਾ ਦਿੱਤਾ। ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ, ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ? ਪਰ ਤੁਸੀਂ ਉਹ ਨੂੰ ਡਾਕੂਆਂ ਦਾ ਅੱਡਾ ਬਣਾ ਛੱਡਿਆ ਹੈ!

ਸੋ ਉਨ੍ਹਾਂ ਨੇ ਆਣ ਕੇ ਉਸ ਨੂੰ ਕਿਹਾ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ! ਕੈਸਰ ਨੂੰ “ਕਰ” ਦੇਣਾ ਯੋਗ ਹੈ ਕਿ ਨਹੀਂ? ਅਸੀਂ ਦੇਈਏ ਕਿ ਨਾ ਦੇਈਏ? ਪਰ ਉਸ ਨੇ ਉਨ੍ਹਾਂ ਦਾ ਕਪਟ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਪਰਤਾਉਂਦੇ ਹੋ? ਇੱਕ ਸਿੱਕਾ ਮੇਰੇ ਕੋਲ ਲਿਆਓ ਤਾਂ ਵੇਖਾਂ। ਸੋ ਓਹ ਲਿਆਏ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ? ਉਨ੍ਹਾਂ ਉਸ ਨੂੰ ਆਖਿਆ, ਕੈਸਰ ਦੀ। ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ, ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ, ਉਹ ਪਰਮੇਸ਼ੁਰ ਨੂੰ ਦਿਓ ਤਾਂ ਉਹ ਉਸ ਤੋਂ ਬਹੁਤ ਹੈਰਾਨ ਹੋਏ।

ਉਹ ਦਾਨ ਪਾਤਰ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਜੋ ਲੋਕ ਦਾਨ ਪਾਤਰ ਵਿੱਚ ਕਿਸ ਤਰ੍ਹਾਂ ਦਾਨ ਪਾਉਂਦੇ ਹਨ ਅਤੇ ਬਥੇਰੇ ਧਨਵਾਨਾਂ ਨੇ ਬਹੁਤ ਕੁਝ ਪਾਇਆ। ਅਤੇ ਇੱਕ ਕੰਗਾਲ ਵਿਧਵਾ ਨੇ ਆ ਕੇ ਦੋ ਦਮੜੀਆਂ ਪਾਈਆਂ। ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜੇ ਦਾਨ ਪਾਤਰ ਵਿੱਚ ਪਾਉਂਦੇ ਹਨ ਉਨ੍ਹਾਂ ਸਭ ਨਾਲੋਂ ਇਸ ਕੰਗਾਲ ਵਿਧਵਾ ਨੇ ਜਿਆਦਾ ਪਾਇਆ। ਕਿਉਂ ਜੋ ਸਭਨਾਂ ਨੇ ਆਪਣੇ ਬਹੁਤੇ ਮਾਲ ਵਿੱਚੋਂ ਕੁਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।

ਜਦੋਂ ਉਹ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ, ਤਦ ਇੱਕ ਔਰਤ ਬਹਮੁੱਲਾ ਜਟਾਮਾਂਸੀ ਦਾ ਖਰਾ ਅਤਰ ਸ਼ੀਸ਼ੀ ਵਿੱਚ ਲਿਆਈ ਅਤੇ ਸ਼ੀਸ਼ੀ ਨੂੰ ਤੋੜ ਕੇ ਉਸ ਦੇ ਸਿਰ ਉੱਤੇ ਡੋਹਲ ਦਿੱਤਾ। ਤਦ ਕਈਆਂ ਨੇ ਆਪਣੇ ਮਨ ਵਿੱਚ ਖਿਝ ਕੇ ਆਖਿਆ ਜੋ ਇਸ ਅਤਰ ਦਾ ਇਹ ਨੁਕਸਾਨ ਕਿਉਂ ਕੀਤਾ ਗਿਆ? ਕਿਉਂਕਿ ਇਹ ਅਤਰ ਤਿੰਨ ਸੋ ਦਿਨ ਦੀ ਮਜ਼ਦੂਰੀ ਦੀ ਕੀਮਤ ਤੋਂ (ਤਿੰਨ ਸੋ ਦੀਨਾਰ) ਵੀ ਵੱਧ ਨੂੰ ਵੇਚ ਕੇ ਕੰਗਾਲਾਂ ਨੂੰ ਵੰਡਿਆ ਜਾ ਸਕਦਾ ਸੀ, ਸੋ ਉਹ ਉਸ ਔਰਤ ਨੂੰ ਝਿੜਕਣ ਲੱਗੇ। ਪਰ ਯਿਸੂ ਨੇ ਆਖਿਆ, ਇਸ ਨੂੰ ਛੱਡ ਦਿਓ, ਕਿਉਂ ਇਸ ਨੂੰ ਸਤਾਉਂਦੇ ਹੋ? ਉਸ ਨੇ ਤਾਂ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਕਿਉਂ ਜੋ ਕੰਗਾਲ ਤਾਂ ਸਦਾ ਤੁਹਾਡੇ ਨਾਲ ਰਹਿੰਦੇ ਹਨ, ਅਤੇ ਤੁਸੀਂ ਜਦੋਂ ਚਾਹੋ ਉਦੋਂ ਉਨ੍ਹਾਂ ਦਾ ਭਲਾ ਕਰ ਸਕਦੇ ਹੋ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।

ਅਤੇ ਉਹ ਇਹ ਸੁਣ ਕੇ ਅਨੰਦ ਹੋਏ ਅਤੇ ਉਸ ਨੂੰ ਰੁਪਏ ਦੇਣ ਦਾ ਕਰਾਰ ਕੀਤਾ। ਤਦ ਉਹ ਇਸ ਗੱਲ ਦੇ ਪਿੱਛੇ ਲੱਗਾ ਜੋ ਕਿਸ ਤਰ੍ਹਾਂ ਮੌਕਾ ਪਾ ਕੇ ਉਹ ਨੂੰ ਫੜਵਾ ਦੇਵੇ।

ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਸ ਦੇ ਕੋਲ ਦੋ ਕੁੜਤੇ ਹੋਣ, ਉਹ ਉਸ ਨੂੰ ਦੇ ਦੇਵੇ ਜਿਸ ਦੇ ਕੋਲ ਨਹੀਂ ਹੈ ਅਤੇ ਜਿਸ ਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰ੍ਹਾਂ ਕਰੇ।

ਤਦ ਚੂੰਗੀ ਲੈਣ ਵਾਲੇ ਵੀ ਉਸ ਕੋਲ ਬਪਤਿਸਮਾ ਲੈਣ ਲਈ ਆਏ ਅਤੇ ਉਸ ਨੂੰ ਕਿਹਾ, ਗੁਰੂ ਜੀ ਅਸੀਂ ਕੀ ਕਰੀਏ? ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲੋਂ ਵੱਧ ਵਸੂਲ ਨਾ ਕਰੋ। ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਕਿ “ਅਸੀਂ ਕੀ ਕਰੀਏ”? ਉਸ ਨੇ ਉਨ੍ਹਾਂ ਨੂੰ ਆਖਿਆ, ਕਿਸੇ ਉੱਤੇ ਜ਼ੁਲਮ ਨਾ ਕਰੋ, ਨਾ ਕਿਸੇ ਉੱਤੇ ਝੂਠਾ ਦੋਸ਼ ਲਾਓ ਪਰ ਆਪਣੀ ਤਨਖਾਹ ਉੱਤੇ ਸੰਤੋਖ ਕਰੋ।

ਤਦ ਉਸ ਨੇ ਆਪਣਿਆਂ ਚੇਲਿਆਂ ਉੱਤੇ ਨਿਗਾਹ ਕਰ ਕੇ ਆਖਿਆ, ਧੰਨ ਹੋ ਤੁਸੀਂ ਜਿਹੜੇ ਗਰੀਬ ਹੋ ਕਿਉਂ ਜੋ ਸਵਰਗ ਰਾਜ ਤੁਹਾਡਾ ਹੈ। ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ ਤੁਸੀਂ ਰਜਾਏ ਜਾਓਗੇ। ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ ਹੱਸੋਗੇ।

ਪਰ ਹਾਏ ਤੁਹਾਡੇ ਉੱਤੇ ਜਿਹੜੇ ਧਨਵਾਨ ਹੋ ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ। ਹਾਏ ਤੁਹਾਡੇ ਉੱਤੇ ਜਿਹੜੇ ਹੁਣ ਰੱਜੇ ਹੋਏ ਹੋ ਕਿਉਂ ਜੋ ਤੁਸੀਂ ਭੁੱਖੇ ਹੋਵੋਗੇ। ਹਾਏ ਤੁਹਾਡੇ ਉੱਤੇ ਜਿਹੜੇ ਹੁਣ ਹੱਸਦੇ ਹੋ ਕਿਉਂ ਜੋ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ।

ਜੋ ਤੇਰੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਤੂੰ ਦੂਜੀ ਵੀ ਉਸ ਦੇ ਵੱਲ ਕਰ ਦੇ ਅਤੇ ਜੋ ਤੇਰੀ ਚਾਦਰ ਖੋਹ ਲਵੇ ਤਾਂ ਉਸ ਨੂੰ ਕੁੜਤਾ ਲੈਣ ਤੋਂ ਵੀ ਮਨ੍ਹਾ ਨਾ ਕਰ। ਜੋ ਕੋਈ ਤੇਰੇ ਕੋਲੋਂ ਮੰਗੇ ਉਸ ਨੂੰ ਦਿਹ ਅਤੇ ਜੋ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਮੁੜ ਨਾ ਮੰਗ।

ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡੀ ਕੀ ਵਡਿਆਈ, ਕਿਉਂ ਜੋ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ? ਅਤੇ ਜੇਕਰ ਤੁਸੀਂ ਸਿਰਫ਼ ਉਹਨਾਂ ਦਾ ਹੀ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ ਤਾਂ ਤੁਹਾਡੀ ਕੀ ਵਡਿਆਈ ਹੈ ਕਿਉਂ ਜੋ ਪਾਪੀ ਲੋਕ ਵੀ ਇਸੇ ਤਰ੍ਹਾਂ ਕਰਦੇ ਹਨ?

ਜੇ ਤੁਸੀਂ ਉਨ੍ਹਾਂ ਹੀ ਨੂੰ ਉਧਾਰ ਦਿੰਦੇ ਹੋ ਜਿਨ੍ਹਾਂ ਕੋਲੋਂ ਲੈਣ ਦੀ ਆਸ ਹੋਵੇ ਤਾਂ ਤੁਹਾਡੀ ਕੀ ਭਲਿਆਈ ਹੈ? ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਕਿ ਮੁੜ ਕੇ ਉਨ੍ਹਾਂ ਤੋਂ ਉਹਨਾਂ ਹੀ ਵਾਪਸ ਲੈ ਲੈਣ। ਪਰ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ। ਨਿਰਾਸ਼ ਨਾ ਹੋ ਕੇ ਉਧਾਰ ਦੇਵੋ ਤਾਂ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ ਹੋਵੋਗੇ ਕਿ ਉਹ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ।

ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮਾਪ ਦੱਬ-ਦੱਬ ਕੇ ਹਿਲਾ-ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ।

ਯਿਸੂ ਨੇ ਉੱਤਰ ਦਿੱਤਾ ਕਿ ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰਿਆ ਅਤੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਤੇ ਅਧਮੋਇਆ ਛੱਡ ਕੇ ਚੱਲੇ ਗਏ।

ਫੇਰ ਸਵੇਰ ਨੂੰ ਦੋ ਦੀਨਾਰ ਕੱਢ ਕੇ ਦੇਖਭਾਲ ਕਰਨ ਵਾਲੇ ਨੂੰ ਦਿੱਤੇ ਅਤੇ ਆਖਿਆ ਜੋ ਇਸ ਦੀ ਮਹਰਮ ਪੱਟੀ ਕਰਦਾ ਰਹੀਂ, ਅਤੇ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਦ ਮੁੜ ਆਵਾਂ, ਤੇਰਾ ਭਰ ਦਿਆਂਗਾ।

ਸਾਡੀ ਰੋਜ਼ ਦੀ ਰੋਟੀ ਸਾਨੂੰ ਦਿਓ।

ਜਦੋਂ ਕਿ ਤੁਸੀਂ ਬੁਰੇ ਹੋ ਕੇ ਵੀ ਆਪਣਿਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਉਹ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਵੇਗਾ!।

ਅੰਦਰਲੀਆਂ ਚੀਜ਼ਾਂ ਨੂੰ ਸ਼ੁੱਧ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੋ ਜਾਵੇਗਾ। ਪਰ ਹੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਪੂਦੀਨੇ ਅਤੇ ਹਰਮਲ ਅਤੇ ਹਰੇਕ ਸਾਗ ਪਾਤ ਦਾ ਦਸਵਾਂ ਹਿੱਸਾ ਪਰਮੇਸ਼ੁਰ ਨੂੰ ਦਿੰਦੇ ਹੋ ਪਰ ਪਰਮੇਸ਼ੁਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਕਰਦੇ ਹੋ ਪਰ ਚੰਗਾ ਹੁੰਦਾ ਕਿ ਇਨ੍ਹਾਂ ਗੱਲਾਂ ਨੂੰ ਵੀ ਮੰਨਦੇ।

ਭੀੜ ਵਿੱਚੋਂ ਕਿਸੇ ਨੇ ਉਸ ਨੂੰ ਆਖਿਆ, ਗੁਰੂ ਜੀ ਮੇਰੇ ਭਰਾ ਨੂੰ ਆਖੋ ਜੋ ਉਹ ਜਾਇਦਾਦ ਮੇਰੇ ਨਾਲ ਵੰਡ ਲਵੇ। ਪਰ ਯਿਸੂ ਨੇ ਉਸ ਨੂੰ ਕਿਹਾ, ਮਨੁੱਖਾ, ਕਿਸ ਨੇ ਮੈਨੂੰ ਤੁਹਾਡੇ ਉੱਪਰ ਨਿਆਈਂ ਜਾਂ ਵੰਡਣ ਵਾਲਾ ਠਹਿਰਾਇਆ ਹੈ? ਉਸ ਨੇ ਉਨ੍ਹਾਂ ਨੂੰ ਆਖਿਆ ਸੁਚੇਤ ਰਹੋ ਅਤੇ ਸਾਰੇ ਲੋਭ ਤੋਂ ਬਚੇ ਰਹੋ, ਕਿਉਂ ਜੋ ਕਿਸੇ ਦਾ ਜੀਵਨ ਉਸ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।

ਤਾਂ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕਿ ਕਿਹਾ ਕਿ ਕਿਸੇ ਧਨਵਾਨ ਦੇ ਖੇਤ ਵਿੱਚ ਬਹੁਤ ਫਸਲ ਹੋਈ। ਅਤੇ ਉਸ ਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਕਿ ਮੈਂ ਕੀ ਕਰਾਂ ਕਿਉਂ ਜੋ ਮੇਰੇ ਕੋਲ ਕੋਈ ਥਾਂ ਨਹੀਂ ਜਿੱਥੇ ਆਪਣੀ ਫਸਲ ਨੂੰ ਜਮ੍ਹਾ ਰੱਖਾਂ? ਤਾਂ ਉਹ ਨੇ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਤੇ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾਂ ਕਰਾਂਗਾ। ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਤੇਰੇ ਕੋਲ ਬਹੁਤ ਸਾਲਾਂ ਦੇ ਲਈ ਧਨ ਜਮਾਂ ਪਿਆ ਹੈ। ਸੁੱਖ ਮਨਾ, ਖਾ ਪੀ ਅਤੇ ਮੌਜ ਕਰ। ਤਦ ਪਰਮੇਸ਼ੁਰ ਨੇ ਉਸ ਨੂੰ ਆਖਿਆ, ਹੇ ਮੂਰਖ, ਜੇਕਰ ਅੱਜ ਰਾਤ ਤੇਰੀ ਜਾਨ ਨਿੱਕਲ ਜਾਵੇ, ਫੇਰ ਜਿਹੜੀਆਂ ਚੀਜ਼ਾਂ ਜੋ ਤੂੰ ਤਿਆਰ ਕੀਤੀਆਂ ਹਨ ਉਹ ਕਿਸ ਦੀਆਂ ਹੋਣਗੀਆਂ? ਇਸੇ ਤਰ੍ਹਾਂ ਉਹ ਮਨੁੱਖ ਵੀ ਹੈ ਜੋ ਆਪਣੇ ਲਈ ਧਨ ਜੋੜਦਾ ਹੈ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।

ਫੇਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਮੈਂ ਇਸ ਲਈ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਲਈ ਕਿ ਅਸੀਂ ਕੀ ਪਹਿਨਾਂਗੇ। ਕਿਉਂਕਿ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਮਹੱਤਵਪੂਰਣ ਹੈ। ਪੰਛੀਆਂ ਵੱਲ ਧਿਆਨ ਕਰੋ, ਉਹ ਨਾ ਤਾਂ ਬੀਜਦੇ ਹਨ ਅਤੇ ਨਾ ਵੱਢਦੇ ਹਨ। ਉਹਨਾਂ ਕੋਲ ਨਾ ਤਾਂ ਭੰਡਾਰ ਹਨ ਅਤੇ ਨਾ ਹੀ ਖੇਤ ਹਨ। ਅਤੇ ਫੇਰ ਵੀ ਪਰਮੇਸ਼ੁਰ ਉਹਨਾਂ ਨੂੰ ਖਿਲਾਉਂਦਾ ਹੈ। ਤੁਸੀਂ ਪੰਛੀਆਂ ਨਾਲੋਂ ਵੱਧ ਕੇ ਉੱਤਮ ਹੋ! ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ? ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਹੋਰਾਂ ਗੱਲਾਂ ਲਈ ਕਿਉਂ ਚਿੰਤਾ ਕਰਦੇ ਹੋ? ਸੋਸਨ ਦੇ ਫੁੱਲਾਂ ਵੱਲ ਧਿਆਨ ਦਿਓ ਕਿ ਉਹ ਕਿਸ ਤਰ੍ਹਾਂ ਵਧਦੇ ਹਨ। ਉਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ। ਜਦ ਪਰਮੇਸ਼ੁਰ ਜੰਗਲੀ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ ਭੱਠੀ ਵਿੱਚ ਝੋਕੀ ਜਾਂਦੀ ਹੈ ਨੂੰ ਇਹੋ ਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਉਹ ਕਿੰਨਾਂ ਵੱਧ ਕੇ ਤੁਹਾਨੂੰ ਪਹਿਨਾਵੇਗਾ! ਤੁਸੀਂ ਇਸ ਗੱਲ ਦੀ ਭਾਲ ਨਾ ਕਰੋ ਜੋ ਕੀ ਖਾਵਾਂਗੇ, ਕੀ ਪੀਵਾਂਗੇ? ਅਤੇ ਚਿੰਤਾ ਨਾ ਕਰੋ। ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਵੀ ਇਨ੍ਹਾਂ ਸਭ ਵਸਤੂਆਂ ਨੂੰ ਲੱਭਦੇ ਹਨ ਅਤੇ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਵਸਤੂਆਂ ਦੀ ਲੋੜ ਹੈ। ਪਰ ਤੁਸੀਂ ਉਸ ਦੇ ਰਾਜ ਦੀ ਖੋਜ ਕਰੋ ਤਾਂ ਤੁਹਾਨੂੰ ਇਹ ਵਸਤੂਆਂ ਵੀ ਦਿੱਤੀਆਂ ਜਾਣਗੀਆਂ।

ਆਪਣਾ ਮਾਲ ਵੇਚ ਕੇ ਦਾਨ ਕਰੋ ਅਤੇ ਆਪਣੇ ਲਈ ਇਹੋ ਜਿਹੇ ਬਟੂਏ ਬਣਾਓ ਜੋ ਪੁਰਾਣੇ ਨਹੀਂ ਹੁੰਦੇ ਅਤੇ ਸਵਰਗ ਵਿੱਚ ਧਨ ਜਮਾਂ ਕਰੋ, ਜੋ ਘੱਟਦਾ ਨਹੀਂ ਅਤੇ ਜਿੱਥੇ ਨਾ ਚੋਰ ਨੇੜੇ ਆਉਂਦਾ, ਨਾ ਕੀੜਾ ਨਾਸ ਕਰਦਾ ਹੈ।

ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ।

ਜਿਸ ਨੇ ਉਸ ਨੂੰ ਬੁਲਾਇਆ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਜਾਂ ਰਾਤ ਦੀ ਦਾਵਤ ਕਰੇਂ ਤਾਂ ਆਪਣਿਆਂ ਮਿੱਤਰਾਂ, ਆਪਣਿਆਂ ਭਾਈਆਂ, ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਉਹ ਫੇਰ ਤੈਨੂੰ ਵੀ ਬੁਲਾਉਣ ਅਤੇ ਤੇਰਾ ਬਦਲਾ ਹੋ ਜਾਵੇ। ਪਰ ਜਦ ਤੂੰ ਦਾਵਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਗੜਿਆਂ, ਅੰਨ੍ਹਿਆਂ ਨੂੰ ਬੁਲਾ। ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਚੁਕਾਉਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਇਸ ਦਾ ਬਦਲਾ ਤੈਨੂੰ ਧਰਮੀਆਂ ਦੇ ਜੀ ਉੱਠਣ ਵਾਲੇ ਦਿਨ ਵਿੱਚ ਦਿੱਤਾ ਜਾਵੇਗਾ।

ਸੋ ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ? ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ।

ਜਾਂ ਕਿਹੜੀ ਔਰਤ ਹੈ ਜਿਹ ਦੇ ਕੋਲ ਦੱਸ ਸਿੱਕੇ ਹੋਣ ਅਤੇ ਜੇ ਇੱਕ ਸਿੱਕਾ ਗੁਆਚ ਜਾਵੇ ਤਾਂ ਉਹ ਦੀਵਾ ਜਗ੍ਹਾ ਕੇ ਅਤੇ ਘਰ ਦੀ ਸਾਫ਼ ਸਫ਼ਾਈ ਕਰ ਕੇ ਉਹ ਨੂੰ ਯਤਨ ਨਾਲ ਲੱਭਦੀ ਹੈ, ਜਦ ਤੱਕ ਉਸ ਨੂੰ ਨਾ ਲੱਭੇ? ਅਤੇ ਜਦ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢਣਾ ਨੂੰ ਬੁਲਾ ਕੇ ਆਖਦੀ ਹੈ, ਮੇਰੇ ਨਾਲ ਖੁਸ਼ੀ ਮਨਾਓ ਕਿਉਂ ਜੋ ਮੈਂ ਆਪਣਾ ਗੁਆਚਿਆ ਹੋਇਆ ਸਿੱਕਾ ਲੱਭ ਲਿਆ ਹੈ। ਮੈਂ ਤੁਹਾਨੂੰ ਆਖਦਾ ਹਾਂ ਜੋ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਇਸੇ ਤਰ੍ਹਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਖੁਸ਼ੀ ਹੁੰਦੀ ਹੈ।

ਫਿਰ ਯਿਸੂ ਨੇ ਕਿਹਾ ਕਿ ਇੱਕ ਆਦਮੀ ਦੇ ਦੋ ਪੁੱਤਰ ਸਨ। ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਆਖਿਆ, ਪਿਤਾ ਜੀ ਜਾਇਦਾਦ ਦਾ ਜੋ ਮੇਰਾ ਹਿੱਸਾ ਬਣਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸ ਨੇ ਉਨ੍ਹਾਂ ਨੂੰ ਜਾਇਦਾਦ ਵੰਡ ਦਿੱਤੀ। ਕੁਝ ਦਿਨਾਂ ਬਾਅਦ ਛੋਟਾ ਪੁੱਤਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਤੇ ਉੱਥੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਉਡਾ ਦਿੱਤਾ। ਜਦ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਦ ਉਹ ਉਸ ਦੇਸ ਦੇ ਕਿਸੇ ਵਸਨੀਕ ਦੇ ਕੋਲ ਚਲਾ ਗਿਆ ਅਤੇ ਉਸ ਨੇ ਉਹ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। ਅਤੇ ਉਹ ਉਨ੍ਹਾਂ ਛਿੱਲਕਿਆਂ ਨਾਲ ਜੋ ਸੂਰ ਖਾਂਦੇ ਸਨ, ਆਪਣਾ ਪੇਟ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ। ਤਦ ਉਸ ਨੇ ਆਪਣੀ ਹੋਸ਼ ਵਿੱਚ ਆ ਕੇ ਕਿਹਾ ਜੋ ਮੇਰੇ ਪਿਤਾ ਦੇ ਕਿੰਨੇ ਹੀ ਨੌਕਰਾਂ ਲਈ ਵਾਧੂ ਭੋਜਨ ਹੈ, ਪਰ ਮੈਂ ਐਥੇ ਭੁੱਖਾ ਮਰਦਾ ਹਾਂ। ਮੈਂ ਆਪਣੇ ਪਿਤਾ ਕੋਲ ਜਾਂਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ। ਹੁਣ ਮੈਂ ਇਸ ਲਾਇਕ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ। ਮੈਨੂੰ ਆਪਣੇ ਨੌਕਰਾਂ ਵਿੱਚੋਂ ਇੱਕ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਤਾ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਚੁੰਮਿਆ। ਅਤੇ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ। ਹੁਣ ਮੈਂ ਇਸ ਲਾਇਕ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਛੇਤੀ ਨਾਲ ਸਭ ਤੋਂ ਚੰਗੇ ਬਸਤਰ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰੀਂ ਜੁੱਤੀ ਪਾਓ। ਅਤੇ ਪਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ। ਕਿਉਂ ਜੋ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫਿਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫਿਰ ਲੱਭ ਪਿਆ ਹੈ। ਸੋ ਉਹ ਖੁਸ਼ੀ ਕਰਨ ਲੱਗੇ।

ਯਿਸੂ ਨੇ ਚੇਲਿਆਂ ਨੂੰ ਆਖਿਆ ਕਿ ਇੱਕ ਧਨਵਾਨ ਆਦਮੀ ਸੀ ਜਿਸ ਦਾ ਇੱਕ ਭੰਡਾਰੀ ਸੀ ਅਤੇ ਉਸ ਦੀ ਸ਼ਿਕਾਇਤ ਧਨਵਾਨ ਕੋਲ ਕੀਤੀ ਗਈ ਕਿ ਉਹ ਤੇਰਾ ਮਾਲ ਉਡਾਉਂਦਾ ਹੈ। ਤਦ ਉਸ ਧਨਵਾਨ ਨੇ ਉਸ ਨੂੰ ਬੁਲਾ ਕੇ ਆਖਿਆ, ਇਹ ਕੀ ਹੈ ਜੋ ਮੈਂ ਤੇਰੇ ਬਾਰੇ ਸੁਣਦਾ ਹਾਂ? ਆਪਣੇ ਭੰਡਾਰ ਦਾ ਹਿਸਾਬ ਦੇ ਕਿਉਂ ਜੋ ਤੂੰ ਅੱਗੇ ਨੂੰ ਭੰਡਾਰੀ ਨਹੀਂ ਰਹਿ ਸਕਦਾ। ਉਸ ਭੰਡਾਰੀ ਨੇ ਆਪਣੇ ਮਨ ਵਿੱਚ ਕਿਹਾ, ਮੈਂ ਕੀ ਕਰਾਂ ਕਿਉਂ ਜੋ ਮੇਰਾ ਮਾਲਕ ਭੰਡਾਰ ਦੀ ਜ਼ਿੰਮੇਵਾਰੀ ਮੇਰੇ ਤੋਂ ਖ਼ੋਹਣ ਲੱਗਾ ਹੈ? ਕੀ ਮੈਂ ਚਲਾ ਨਹੀਂ ਸਕਦਾ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। ਮੈਂ ਸਮਝ ਗਿਆ ਜੋ ਮੈਂ ਕੀ ਕਰਾਂਗਾ ਤਾਂ ਜਿਸ ਵੇਲੇ ਮੈਂ ਭੰਡਾਰੀ ਦੀ ਜ਼ਿੰਮੇਵਾਰੀ ਤੋਂ ਹਟਾਇਆ ਜਾਂਵਾਂ ਤਾਂ ਲੋਕ ਮੈਨੂੰ ਆਪਣਿਆਂ ਘਰਾਂ ਵਿੱਚ ਕਬੂਲ ਕਰਨ। ਤਦ ਉਸ ਨੇ ਆਪਣੇ ਮਾਲਕ ਦੇ ਕਰਜ਼ਾਈਆਂ ਨੂੰ ਇੱਕ-ਇੱਕ ਕਰਕੇ ਕੋਲ ਬੁਲਾਇਆ ਅਤੇ ਪਹਿਲੇ ਨੂੰ ਕਿਹਾ, ਤੂੰ ਮੇਰੇ ਮਾਲਕ ਦਾ ਕਿੰਨ੍ਹਾਂ ਕਰਜ਼ਾਈ ਹੈ? ਉਸ ਨੇ ਉੱਤਰ ਦਿੱਤਾ ਸੌ ਮਣ ਤੇਲ, ਫਿਰ ਉਸ ਨੇ ਆਖਿਆ ਜੋ ਆਪਣਾ ਖਾਤਾ ਲੈ ਅਤੇ ਬੈਠ ਕੇ ਛੇਤੀ ਪੰਜਾਹ ਮਣ ਲਿਖ। ਫਿਰ ਦੂਜੇ ਨੂੰ ਪੁੱਛਿਆ, ਤੂੰ ਕਿੰਨ੍ਹਾਂ ਦੇਣਾ ਹੈ? ਉਸ ਨੇ ਆਖਿਆ, ਸੌ ਮਣ ਕਣਕ। ਉਸ ਨੇ ਉਸ ਨੂੰ ਆਖਿਆ ਜੋ ਆਪਣਾ ਖਾਤਾ ਲੈ ਅਤੇ ਅੱਸੀ ਮਣ ਲਿਖ। ਤਦ ਮਾਲਕ ਨੇ ਉਸ ਬੇਈਮਾਨ ਭੰਡਾਰੀ ਦੀ ਵਡਿਆਈ ਕੀਤੀ ਇਸ ਲਈ ਜੋ ਉਸ ਨੇ ਚਲਾਕੀ ਕੀਤੀ ਸੀ, ਕਿਉਂ ਜੋ ਇਸ ਜੁੱਗ ਦੇ ਪੁੱਤਰ ਆਪਣੀ ਪੀੜ੍ਹੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਚਲਾਕ ਹਨ। ਮੈਂ ਤੁਹਾਨੂੰ ਆਖਦਾ ਹਾਂ ਜੋ ਕੁਧਰਮ ਦੇ ਧਨ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਉਹ ਜਾਂਦਾ ਰਹੇ ਤਾਂ ਉਹ ਤੁਹਾਨੂੰ ਸਦੀਪਕ ਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ।

ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਇਮਾਨਦਾਰ ਹੈ ਸੋ ਬਹੁਤ ਵਿੱਚ ਵੀ ਇਮਾਨਦਾਰ ਹੈ, ਅਤੇ ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ। ਸੋ ਜੇ ਤੁਸੀਂ ਕੁਧਰਮ ਦੇ ਧਨ ਵਿੱਚ ਇਮਾਨਦਾਰ ਨਾ ਹੋਏ ਤਾਂ ਸੱਚਾ ਧਨ ਤੁਹਾਨੂੰ ਕੌਣ ਸੌਂਪੇਗਾ?। ਅਤੇ ਜੇ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ?

ਕੋਈ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਇੱਕ ਨਾਲ ਵੈਰ ਅਤੇ ਦੂਜੇ ਨਾਲ ਪਿਆਰ ਰੱਖੇਗਾ, ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਫ਼ਰੀਸੀ ਜੋ ਲਾਲਚੀ ਸਨ ਇਹ ਗੱਲਾਂ ਸੁਣ ਕੇ ਉਸ ਨੂੰ ਮਖ਼ੌਲ ਕਰਨ ਲੱਗੇ।

ਇੱਕ ਧਨਵਾਨ ਆਦਮੀ ਸੀ ਜੋ ਬੈਂਗਣੀ ਅਤੇ ਮਲਮਲ ਕੱਪੜਾ ਪਹਿਨਦਾ ਅਤੇ ਸਦਾ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ। ਅਤੇ ਲਾਜ਼ਰ ਨਾਮ ਦਾ ਇੱਕ ਗਰੀਬ, ਫੋੜਿਆਂ ਨਾਲ ਭਰਿਆ ਹੋਇਆ ਉਸ ਦੇ ਦਰਵਾਜ਼ੇ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। ਅਤੇ ਜੋ ਟੁੱਕੜੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ। ਅਤੇ ਕੁਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। ਅਤੇ ਪਤਾਲ ਵਿੱਚ ਦੁੱਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ। ਤਦ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਭੇਜ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ ਕਿਉਂ ਜੋ ਮੈਂ ਇਸ ਅੱਗ ਵਿੱਚ ਤੜਫ਼ਦਾ ਹਾਂ! ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ। ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ। ਤਾਂ ਉਸ ਨੇ ਆਖਿਆ, ਹੇ ਪਿਤਾ ਤਦ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ। ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਨ੍ਹਾਂ ਦੇ ਅੱਗੇ ਗਵਾਹੀ ਦੇਵੇ ਤਾਂ ਕਿ ਉਹ ਵੀ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ। ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ। ਉਸ ਨੇ ਆਖਿਆ, ਨਾ ਜੀ, ਹੇ ਪਿਤਾ ਅਬਰਾਹਾਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। ਤਦ ਅਬਰਾਹਾਮ ਨੇ ਉਸ ਨੂੰ ਕਿਹਾ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ।

ਜੋ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਸ ਨੂੰ ਜਿਉਂਦਿਆਂ ਰੱਖੇਗਾ।

ਮੈਂ ਹਫ਼ਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।

ਯਿਸੂ ਨੇ ਸੁਣ ਕੇ ਉਸ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ ਕੇ ਮੇਰੇ ਪਿੱਛੇ ਹੋ ਤੁਰ। ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਆਦਮੀ ਸੀ।

ਯਿਸੂ ਨੇ ਉਸ ਨੂੰ ਵੇਖ ਕੇ ਆਖਿਆ ਜੋ ਧਨਵਾਨ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਬਹੁਤ ਔਖਾ ਹੋਵੇਗਾ! ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ, ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਸੌਖਾ ਹੈ। ਤਾਂ ਸੁਣਨ ਵਾਲਿਆਂ ਨੇ ਕਿਹਾ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? ਤਾਂ ਉਸ ਨੇ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਨਹੀਂ ਹੋ ਸਕਦੀਆਂ ਹਨ ਉਹ ਪਰਮੇਸ਼ੁਰ ਤੋਂ ਹੋ ਸਕਦੀਆਂ ਹਨ।

ਤਦ ਪਤਰਸ ਨੇ ਕਿਹਾ, ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ। ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਕੋਈ ਨਹੀਂ ਕਿ ਜਿਸ ਨੇ ਘਰ, ਪਤਨੀ, ਭਰਾਵਾਂ, ਮਾਤਾ-ਪਿਤਾ ਬਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਲਈ ਛੱਡਿਆ ਹੈ, ਜੋ ਇਸ ਸਮੇਂ ਬਹੁਤ ਗੁਣਾ ਅਤੇ ਆਉਣ ਵਾਲੇ ਜੁੱਗ ਵਿੱਚ ਸਦੀਪਕ ਜੀਵਨ ਨਾ ਪਾਵੇ l

ਤਦ ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਮੈਂ ਆਪਣੀ ਅੱਧੀ ਜਾਇਦਾਦ ਗਰੀਬਾਂ ਨੂੰ ਵੰਡ ਦਿੰਦਾ ਹਾਂ ਅਤੇ ਜੇ ਮੈਂ ਕਿਸੇ ਕੋਲੋਂ ਧੋਖੇ ਨਾਲ ਲਿਆ ਹੈ, ਤਾਂ ਚਾਰ ਗੁਣਾ ਮੋੜ ਦਿਆਂਗਾ।

ਉਸ ਨੇ ਆਖਿਆ ਕਿ ਇੱਕ ਅਮੀਰ ਦੂਰ ਦੇਸ ਨੂੰ ਗਿਆ, ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ। ਅਤੇ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਦਸ ਅਸ਼ਰਫ਼ੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ, ਜਦ ਤੱਕ ਮੈਂ ਨਾ ਆਵਾਂ ਤੁਸੀਂ ਇਨ੍ਹਾਂ ਰੁਪਿਆਂ ਨਾਲ ਵਪਾਰ ਕਰੋ। ਪਰ ਉਸ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਸ ਦੇ ਪਿੱਛੇ ਦਾਸਾਂ ਦੁਆਰਾ ਸੁਨੇਹਾ ਭੇਜਿਆ ਕਿ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ। ਇਹ ਹੋਇਆ ਕਿ ਜਦ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਬੁਲਾਵਾ ਭੇਜਿਆ ਤਾਂ ਜੋ ਪਤਾ ਕਰੇ ਜੋ ਉਨ੍ਹਾਂ ਨੇ ਵਪਾਰ ਵਿੱਚ ਕੀ ਕਮਾਇਆ ਹੈ। ਤਦ ਪਹਿਲੇ ਨੇ ਆਣ ਕੇ ਕਿਹਾ, ਸੁਆਮੀ ਜੀ, ਮੈਂ ਤੁਹਾਡੀ ਅਸ਼ਰਫ਼ੀ ਦੇ ਨਾਲ ਦਸ ਅਸ਼ਰਫ਼ੀਆਂ ਹੋਰ ਕਮਾਈਆਂ ਹਨ। ਤਾਂ ਉਸ ਨੇ ਦਾਸ ਨੂੰ ਆਖਿਆ, ਹੇ ਚੰਗੇ ਨੌਕਰ ਸ਼ਾਬਾਸ਼! ਇਸ ਲਈ ਜੋ ਤੂੰ ਬਹੁਤ ਥੋੜ੍ਹੇ ਵਿੱਚ ਇਮਾਨਦਾਰ ਨਿੱਕਲਿਆ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰ ਰੱਖ। ਅਤੇ ਦੂਜੇ ਨੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨਾਲ ਮੈਂ ਪੰਜ ਅਸ਼ਰਫ਼ੀਆਂ ਹੋਰ ਕਮਾਈਆਂ ਹਨ। ਤਾਂ ਉਸ ਨੇ ਦੂਜੇ ਦਾਸ ਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਅਧਿਕਾਰ ਰੱਖ। ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਇਹ ਤੁਹਾਡੀ ਅਸ਼ਰਫ਼ੀ ਹੈ ਜਿਸ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ। ਇਸ ਲਈ ਜੋ ਮੈਂ ਤੁਹਾਡੇ ਕੋਲੋਂ ਡਰਿਆ ਕਿਉਂ ਜੋ ਤੁਸੀਂ ਸਖ਼ਤ ਸੁਭਾਅ ਵਾਲੇ ਆਦਮੀ ਹੋ। ਜੋ ਤੁਸੀਂ ਨਹੀਂ ਰੱਖਿਆ ਉੱਥੋਂ ਚੁੱਕਦੇ ਹੋ ਅਤੇ ਜਿੱਥੇ ਨਹੀਂ ਬੀਜਿਆ ਉੱਥੋਂ ਵੱਢਦੇ ਹੋ। ਉਸ ਨੇ ਆਪਣੇ ਦਾਸ ਨੂੰ ਆਖਿਆ, ਹੇ ਦੁਸ਼ਟ ਨੌਕਰ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਤੂੰ ਮੈਨੂੰ ਜਾਣਿਆ ਜੋ ਮੈਂ ਸਖ਼ਤ ਸੁਭਾਅ ਵਾਲਾ ਆਦਮੀ ਹਾਂ ਅਤੇ ਜਿੱਥੇ ਮੈਂ ਨਹੀਂ ਰੱਖਿਆ ਉੱਥੋਂ ਮੈਂ ਚੁੱਕਦਾ ਹਾਂ ਅਤੇ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਮੈਂ ਵੱਢਦਾ ਹਾਂ। ਫੇਰ ਤੂੰ ਮੇਰੇ ਰੁਪਏ ਸ਼ਾਹੂਕਾਰ ਦੇ ਕੋਲ ਕਿਉਂ ਨਾ ਰੱਖੇ, ਜੋ ਮੈਂ ਆਣ ਕੇ ਉਨ੍ਹਾਂ ਨੂੰ ਵਿਆਜ ਸਮੇਤ ਵਸੂਲ ਕਰ ਲੈਂਦਾ? ਅਤੇ ਉਸ ਨੇ ਉਨ੍ਹਾਂ ਨੌਕਰਾਂ ਨੂੰ ਜਿਹੜੇ ਕੋਲ ਖੜ੍ਹੇ ਸਨ ਆਖਿਆ, ਅਸ਼ਰਫ਼ੀ ਉਸ ਦੁਸ਼ਟ ਦਾਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਅਸ਼ਰਫ਼ੀਆਂ ਹਨ, ਉਸ ਨੂੰ ਦਿਉ। ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਸੁਆਮੀ ਜੀ ਉਸ ਦੇ ਕੋਲ ਦਸ ਅਸ਼ਰਫ਼ੀਆਂ ਹਨ। ਮੈਂ ਤੁਹਾਨੂੰ ਆਖਦਾ ਹਾਂ ਕਿ ਜਿਸ ਕਿਸੇ ਕੋਲ ਕੁਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਨਹੀਂ ਹੈ ਉਸ ਕੋਲੋਂ ਜੋ ਹੈ ਉਹ ਵੀ ਲੈ ਲਿਆ ਜਾਵੇਗਾ।

ਫਿਰ ਉਹ ਹੈਕਲ ਵਿੱਚ ਜਾ ਕੇ ਉਨ੍ਹਾਂ ਨੂੰ ਜਿਹੜੇ ਵੇਚਦੇ ਸਨ ਬਾਹਰ ਕੱਢਣ ਲੱਗਾ। ਉਨ੍ਹਾਂ ਨੂੰ ਆਖਿਆ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਪਰ ਤੁਸੀਂ ਉਸ ਨੂੰ ਡਾਕੂਆਂ ਦਾ ਅੱਡਾ ਬਣਾ ਦਿੱਤਾ ਹੈ।

ਕੀ ਕੈਸਰ ਨੂੰ ਕਰ ਦੇਣਾ ਸਾਨੂੰ ਯੋਗ ਹੈ ਕਿ ਨਹੀਂ? ਪਰ ਉਸ ਨੇ ਉਨ੍ਹਾਂ ਦੀ ਚਤਰਾਈ ਜਾਣ ਕੇ ਉਨ੍ਹਾਂ ਨੂੰ ਆਖਿਆ ਮੈਨੂੰ ਇੱਕ ਸਿੱਕਾ ਵਿਖਾਉ। ਇਸ ਉੱਤੇ ਕਿਸ ਦੀ ਮੂਰਤ ਅਤੇ ਲਿਖਤ ਹੈ? ਉਨ੍ਹਾਂ ਆਖਿਆ, ਕੈਸਰ ਦੀ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਤਾਂ ਜੋ ਕੈਸਰ ਦਾ ਹੈ ਕੈਸਰ ਨੂੰ ਅਤੇ ਜੋ ਪਰਮੇਸ਼ੁਰ ਦਾ ਹੈ, ਪਰਮੇਸ਼ੁਰ ਨੂੰ ਦਿਉ।

ਯਿਸੂ ਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਦਾਨ ਪਾਤਰ ਵਿੱਚ ਪਾਉਂਦਿਆਂ ਵੇਖਿਆ। ਅਤੇ ਉਸ ਨੇ ਇੱਕ ਕੰਗਾਲ ਵਿਧਵਾ ਨੂੰ ਵੀ ਵੇਖਿਆ ਜਿਸ ਨੇ ਕੇਵਲ ਦੋ ਦਮੜੀਆਂ ਪਾਈਆਂ। ਤਾਂ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭ ਨਾਲੋਂ ਜ਼ਿਆਦਾ ਪਾਇਆ ਹੈ। ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਬਹੁਤੇ ਮਾਲ ਵਿੱਚੋਂ ਕੁਝ ਦਾਨ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਪਾ ਦਿੱਤੀ।

ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਕਬੂਤਰ ਵੇਚਦੇ ਪਾਇਆ। ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ। ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ। ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਹੈਕਲ ਚੋਂ ਬਾਹਰ ਕੱਢ ਦਿੱਤਾ। ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ। ਫ਼ਿਰ ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, “ਇਹ ਸਭ ਕੁਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਵਪਾਰ ਮੰਡੀ ਨਾ ਬਣਾਓ।” ਜਦੋਂ ਇਹ ਸਭ ਕੁਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ: “ਤੇਰੇ ਘਰ ਲਈ ਮੇਰੀ ਅਣਖ ਮੈਨੂੰ ਅੰਦਰੋਂ ਸਾੜ ਰਹੀ ਹੈ।”

ਨਾਸ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾਂ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।”

ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ।

ਚੋਰ, ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ। ਮੈਂ ਚੰਗਾ ਅਯਾਲੀ ਹਾਂ। ਇੱਕ ਚੰਗਾ ਅਯਾਲੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ।

ਯਹੂਦਾ ਇਸਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ। (ਇਹ ਉਹ ਸੀ ਜਿਸ ਨੇ ਯਿਸੂ ਨੂੰ ਫੜਵਾਉਣਾ ਸੀ) ਯਹੂਦਾ ਨੇ ਆਖਿਆ “ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ। ਇਸ ਨੂੰ ਯਿਸੂ ਤੇ ਮਲਣ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚ ਕੇ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ।” ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਾ ਕਰਦਾ ਸੀ, ਪਰ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲੀ ਥੈਲੀ ਉਸ ਕੋਲ ਹੁੰਦੀ ਸੀ, ਜਿਸ ਵਿੱਚੋਂ ਜਦੋਂ ਉਹ ਚਾਹੇ ਚੋਰੀ ਕਰ ਲੈਂਦਾ ਸੀ। ਯਿਸੂ ਨੇ ਆਖਿਆ, “ਉਸ ਨੂੰ ਨਾ ਰੋਕੋ, ਉਸ ਨੂੰ ਇਹ ਮੇਰੇ ਦਫ਼ਨਾਉਣ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ। ਕੰਗਾਲ ਲੋਕ ਸਦਾ ਤੁਹਾਡੇ ਨਾਲ ਹੋਣਗੇ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹੋਵਾਂਗਾ।”

ਅਤੇ ਉਸ ਦਿਨ ਤੁਸੀਂ ਮੈਨੂੰ ਕੋਈ ਸਵਾਲ ਨਹੀਂ ਕਰੋਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਮ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ। ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ, ਮੰਗੋ ਤਾਂ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ।

ਅਤੇ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ ਉਹ ਸਭ ਇਕੱਠੇ ਰਹਿੰਦੇ ਸਨ ਅਤੇ ਸਾਰੀਆਂ ਵਸਤਾਂ ਵਿੱਚ ਸਾਂਝੇ ਭਾਈਵਾਲ ਸਨ। ਅਤੇ ਆਪਣੀ ਜਾਇਦਾਦ ਅਤੇ ਸਮਾਨ ਵੇਚ ਕੇ, ਜਿਸ ਤਰ੍ਹਾਂ ਕਿਸੇ ਨੂੰ ਲੋੜ ਹੁੰਦੀ ਸੀ, ਉਹਨਾਂ ਨੂੰ ਵੰਡ ਦਿੰਦੇ ਸਨ। ਅਤੇ ਹਰੇਕ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਇਕੱਠੇ ਹੁੰਦੇ ਅਤੇ ਘਰ-ਘਰ ਰੋਟੀ ਤੋੜਦੇ, ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ।

ਪਰ ਪਤਰਸ ਨੇ ਆਖਿਆ, ਸੋਨਾ ਤੇ ਚਾਂਦੀ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਮੈਂ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ!

ਵਿਸ਼ਵਾਸ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਤੇ ਕਿਸੇ ਨੇ ਆਪਣੀ ਜਾਇਦਾਦ ਵਿੱਚੋਂ ਕਿਸੇ ਚੀਜ਼ ਨੂੰ ਆਪਣੀ ਨਹੀਂ ਆਖਿਆ ਪਰ ਉਹ ਸਾਰੀਆਂ ਵਸਤਾਂ ਵਿੱਚ ਸਾਂਝੀਦਾਰ ਸਨ। ਅਤੇ ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਉਨ੍ਹਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ। ਉਨ੍ਹਾਂ ਵਿੱਚੋਂ ਕੋਈ ਵੀ ਗਰੀਬ ਨਹੀਂ ਸੀ ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ ਉਹ ਉਨ੍ਹਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ। ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਸਨ ਅਤੇ ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।

ਯੂਸੁਫ਼ ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਸ਼ਾਂਤੀ ਦਾ ਪੁੱਤਰ ਨਾਮ ਰੱਖਿਆ ਸੀ ਜਿਹੜਾ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ। ਉਹ ਦੇ ਕੋਲ ਆਪਣੀ ਜ਼ਮੀਨ ਸੀ ਉਸ ਨੇ ਉਹ ਨੂੰ ਵੇਚ ਕੇ ਮੁੱਲ ਦਾ ਰੁਪਿਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ।

ਹਨਾਨਿਯਾ ਨਾਮ ਦੇ ਇੱਕ ਮਨੁੱਖ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਜ਼ਮੀਨ ਨੂੰ ਵੇਚਿਆ। ਅਤੇ ਉਹ ਦੇ ਮੁੱਲ ਵਿੱਚੋਂ ਕੁਝ ਆਪਣੇ ਕੋਲ ਰੱਖ ਲਿਆ, ਉਹ ਦੀ ਪਤਨੀ ਵੀ ਇਹ ਜਾਣਦੀ ਸੀ ਅਤੇ ਉਸ ਵਿੱਚੋਂ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਤਦ ਪਤਰਸ ਨੇ ਆਖਿਆ, ਹਨਾਨਿਯਾ, ਸ਼ੈਤਾਨ ਨੇ ਤੇਰੇ ਮਨ ਵਿੱਚ ਕਿਉਂ ਪਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇਂ? ਜਦ ਤੱਕ ਉਹ ਜਾਇਦਾਦ ਵੇਚੀ ਨਾ ਗਈ ਸੀ, ਕੀ ਤੇਰੇ ਵੱਸ ਵਿੱਚ ਨਹੀਂ ਸੀ? ਤੂੰ ਇਹ ਗੱਲ ਆਪਣੇ ਮਨ ਵਿੱਚ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।

ਸ਼ਮਊਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਰੁਪਏ ਲਿਆਇਆ। ਅਤੇ ਬੋਲਿਆ ਕਿ ਮੈਨੂੰ ਵੀ ਇਹ ਸਮਰੱਥਾ ਦਿਉ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਉਹ ਵੀ ਪਵਿੱਤਰ ਆਤਮਾ ਨਾਲ ਭਰ ਜਾਵੇ। ਪਰ ਪਤਰਸ ਨੇ ਉਹ ਨੂੰ ਕਿਹਾ, ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੂੰ ਪਰਮੇਸ਼ੁਰ ਦੇ ਵਰਦਾਨ ਨੂੰ ਮੁੱਲ ਲੈਣ ਲਈ ਸੋਚਿਆ!

ਅਤੇ ਚੇਲਿਆਂ ਵਿੱਚੋਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਦੀ ਮਦਦ ਲਈ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ ਕੁਝ ਭੇਜਣ ਦਾ ਹੌਂਸਲਾ ਕੀਤਾ।

ਮੈਂ ਕਿਸੇ ਦੀ ਚਾਂਦੀ ਜਾਂ ਸੋਨੇ ਜਾਂ ਬਸਤਰ ਦਾ ਲਾਲਚ ਨਹੀਂ ਕੀਤਾ। ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਮੈਂ ਤੁਹਾਨੂੰ ਸਾਰੀਆਂ ਗੱਲਾਂ ਵਿੱਚ ਜਿਵੇਂ ਕਰ ਵਿਖਾਲਿਆ ਕਿ ਤੁਹਾਨੂੰ ਚਾਹੀਦਾ ਹੈ ਕਿ ਉਸੇ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਦੀ ਸਹਾਇਤਾ ਕਰੋ ਅਤੇ ਪ੍ਰਭੂ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਕਿਹਾ ਸੀ ਕਿ ਲੈਣ ਨਾਲੋਂ ਦੇਣਾ ਹੀ ਧੰਨ ਹੈ।

ਤਾਂ ਫੇਰ ਤੂੰ ਜੋ ਦੂਜੇ ਨੂੰ ਸਿਖਾਉਂਦਾ ਹੈਂ, ਕੀ ਉਹ ਆਪਣੇ ਆਪ ਨੂੰ ਨਹੀਂ ਸਿਖਾਉਂਦਾ? ਤੂੰ ਜੋ ਉਪਦੇਸ਼ ਕਰਦਾ ਹੈਂ ਕਿ ਚੋਰੀ ਨਾ ਕਰ, ਫਿਰ ਤੂੰ ਆਪ ਕਿਉਂ ਚੋਰੀ ਕਰਦਾ ਹੈਂ?

ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਪਿਆਸਾ ਹੋਵੇ ਤਾਂ ਉਹ ਨੂੰ ਪਾਣੀ ਪਿਆ ਕਿਉਂ ਜੋ ਇਹ ਕਰਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ।

ਇਸ ਲਈ ਉਨ੍ਹਾਂ ਨੂੰ ਕਰ ਵੀ ਦਿਉ ਕਿਉਂਕਿ ਉਹ ਇਸੇ ਕੰਮ ਵਿੱਚ ਸਦਾ ਲੱਗੇ ਰਹਿੰਦੇ ਹਨ, ਅਤੇ ਪਰਮੇਸ਼ੁਰ ਦੇ ਸੇਵਾਦਾਰ ਹਨ। ਇਸ ਲਈ ਹਰ ਇੱਕ ਦਾ ਹੱਕ ਅਦਾ ਕਰੋ। ਜਿਹ ਨੂੰ ਕਰ ਦੇਣਾ ਚਾਹੀਦਾ ਹੈ ਉਸ ਨੂੰ ਕਰ ਦਿਉ, ਜਿਹ ਨੂੰ ਮਸੂਲ ਦੇਣਾ ਚਾਹੀਦਾ ਹੈ ਉਸ ਨੂੰ ਮਸੂਲ ਦਿਉ, ਜਿਸ ਦੇ ਕੋਲੋਂ ਡਰਨਾ ਚਾਹੀਦਾ ਹੈ ਉਸ ਦੇ ਕੋਲੋਂ ਡਰੋ, ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸਦਾ ਆਦਰ ਕਰੋ। ਇੱਕ ਦੂਜੇ ਨਾਲ ਪਿਆਰ ਕਰਨ ਤੋਂ ਬਿਨ੍ਹਾਂ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ ਕਿਉਂਕਿ ਜੋ ਦੂਸਰੇ ਨਾਲ ਪਿਆਰ ਕਰਦਾ ਹੈ ਉਹ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ। ਕਿਉਂਕਿ ਇਹ, ਜੋ ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲਾਲਚ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ ਤਾਂ ਸਭ ਗੱਲਾਂ ਦਾ ਨਿਚੋੜ ਇਸ ਗੱਲ ਵਿੱਚ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।

ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼। ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਗੇ।

ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪਿਆਰ ਨਾ ਰੱਖਾਂ, ਤਾਂ ਕੁਝ ਵੀ ਲਾਭ ਨਹੀਂ।

ਹੁਣ ਉਸ ਭੇਟ ਦੇ ਵਿਖੇ ਜਿਹੜੀ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂਵਾ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ। ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਯੋਗਤਾ ਅਨੁਸਾਰ ਵੱਖ ਕਰ ਕੇ ਆਪਣੇ ਕੋਲ ਰੱਖ ਛੱਡੇ ਕਿ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ।

ਪਰ ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦੀ ਅੱਤ ਵੱਡੀ ਮਹਾਨਤਾ ਪਰਮੇਸ਼ੁਰ ਦੀ ਵੱਲੋਂ ਮਲੂਮ ਹੋਵੇ, ਨਾ ਕਿ ਸਾਡੀ ਵੱਲੋਂ,।

ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਥੋੜ੍ਹੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।

ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਹੈ ਡਿੱਗ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਅਤੇ ਸਵਰਗ ਵਿੱਚ ਬਣਿਆ ਹੈ।

ਕਿਉਂ ਜੋ ਮੈਂ ਇਹ ਗਵਾਹੀ ਦਿੰਦਾ ਹਾਂ ਜੋ ਉਨ੍ਹਾਂ ਨੇ ਆਪਣੇ ਸਮਰੱਥ ਦੇ ਅਨੁਸਾਰ ਸਗੋਂ ਆਪਣੀ ਸਮਰੱਥਾ ਤੋਂ ਵੱਧ ਕੇ ਦਾਨ ਦਿੱਤਾ। ਅਤੇ ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਜੋ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਹੈ ਭਾਗੀਦਾਰੀ ਹੋਵੇ। ਅਤੇ ਜਿਸ ਤਰ੍ਹਾਂ ਸਾਨੂੰ ਆਸ ਸੀ ਉਸ ਤਰ੍ਹਾਂ ਹੀ ਨਹੀਂ ਸਗੋਂ ਪਹਿਲਾਂ ਪਰਮੇਸ਼ੁਰ ਦੀ ਇੱਛਾ ਨਾਲ ਉਨ੍ਹਾਂ ਆਪਣੇ ਆਪ ਨੂੰ ਪ੍ਰਭੂ ਦੇ ਅਤੇ ਨਾਲ ਸਾਡੇ ਲਈ ਵੀ ਅਰਪਣ ਕੀਤਾ।

ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਧਨੀ ਸੀ ਪਰ ਤੁਹਾਡੇ ਲਈ ਗਰੀਬ ਬਣਿਆ ਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਹੋ ਜਾਓ।

ਜੇ ਮਨ ਦੀ ਤਿਆਰੀ ਪਹਿਲਾਂ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ, ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ। ਕਿਉਂ ਜੋ ਮੈਂ ਇਹ ਇਸ ਲਈ ਨਹੀਂ ਆਖਦਾ ਜੋ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ। ਸਗੋਂ ਬਰਾਬਰੀ ਹੋਵੇ ਜੋ ਇਸ ਵਾਰ ਤੁਹਾਡਾ ਵਾਧਾ ਉਨ੍ਹਾਂ ਦੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਉਨ੍ਹਾਂ ਦਾ ਵਾਧਾ ਵੀ ਤੁਹਾਡੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਬਰਾਬਰੀ ਰਹੇ। ਜਿਸ ਪ੍ਰਕਾਰ ਲਿਖਿਆ ਹੋਇਆ ਹੈ - ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲਿਆ।

ਇਸ ਕਾਰਨ ਮੈਂ ਭਰਾਵਾਂ ਦੇ ਅੱਗੇ ਇਹ ਬੇਨਤੀ ਕਰਨੀ ਜ਼ਰੂਰੀ ਸਮਝੀ, ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ ਦਾਨ ਨੂੰ ਜਿਸ ਦਾ ਤੁਸੀਂ ਪਹਿਲਾਂ ਹੀ ਬਚਨ ਦਿੱਤਾ ਹੋਇਆ ਹੈ ਪਹਿਲਾਂ ਹੀ ਤਿਆਰ ਕਰ ਰੱਖਣਾ ਤਾਂ ਜੋ ਉਹ ਖੁੱਲ੍ਹੇ ਦਿਲ ਦੇ ਦਾਨ ਵਰਗਾ ਹੋਵੇ ਨਾ ਕਿ ਬੰਦਿਸ਼ ਦੇ ਦਾਨ ਵਰਗਾ।

ਪਰ ਗੱਲ ਇਹ ਹੈ ਕਿ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ। ਹਰੇਕ ਜਿਸ ਤਰ੍ਹਾਂ ਉਹ ਨੇ ਦਿਲ ਵਿੱਚ ਧਾਰਿਆ ਹੈ ਉਸੇ ਤਰ੍ਹਾਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਜੋ ਹਰ ਪਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਵੀ ਹੋਵੇ। ਜਿਵੇਂ ਲਿਖਿਆ ਹੋਇਆ ਹੈ - ਉਸ ਨੇ ਖਿਲਾਰਿਆ ਅਤੇ ਕੰਗਾਲਾਂ ਨੂੰ ਦਿੱਤਾ ਅਤੇ ਉਸ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ l

ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਲਈ ਰੋਟੀ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫਲ ਵਿੱਚ ਵਾਧਾ ਕਰੇਗਾ। ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀਂ ਪਰਮੇਸ਼ੁਰ ਦੇ ਧੰਨਵਾਦ ਲਈ ਗੁਣਕਾਰੀ ਹੈ। ਕਿਉਂ ਜੋ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਸੰਤਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਸਗੋਂ ਪਰਮੇਸ਼ੁਰ ਦਾ ਧੰਨਵਾਦ ਕਰਨ ਰਾਹੀਂ ਵੱਧਦਾ ਵੀ ਜਾਂਦਾ ਹੈ। ਕਿਉਂ ਜੋ ਤੁਹਾਡੀ ਇਸ ਸੇਵਕਾਈ ਦਾ ਪਰਮਾਣ ਪਾ ਕੇ ਉਹ ਇਸ ਲਈ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ, ਜੋ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਵਾਇਦੇ ਵਿੱਚ ਅਧੀਨ ਹੋ ਅਤੇ ਉਨ੍ਹਾਂ ਲਈ ਸਗੋਂ ਸਭਨਾਂ ਲਈ ਦਾਨ ਉਦਾਰਤਾ ਨਾਲ ਦਿੰਦੇ ਹੋ।

ਅਤੇ ਇਹ ਆਖਿਆ ਕੇਵਲ ਅਸੀਂ ਗ਼ਰੀਬਾਂ ਨੂੰ ਚੇਤੇ ਰੱਖੀਏ ਜਿਸ ਕੰਮ ਲਈ ਮੈਂ ਵੀ ਯਤਨ ਕੀਤਾ ਸੀ।

ਕਿਉਂ ਜੋ ਸਾਰੀ ਬਿਵਸਥਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਕਿ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।

ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਉਹ ਹੀ ਵੱਢੇਗਾ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਦੇ ਰਾਹੀਂ ਬਿਨਾਸ ਦੀ ਵਾਢੀ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਦੀ ਵਾਢੀ ਵੱਢੇਗਾ। ਅਤੇ ਭਲਿਆਈ ਕਰਦਿਆਂ ਅਸੀਂ ਹੌਂਸਲਾ ਨਾ ਹਾਰੀਏ ਕਿਉਂਕਿ ਜੇ ਅਸੀਂ ਢਿੱਲੇ ਨਾ ਪਈਏ ਤਾਂ ਵੇਲੇ ਸਿਰ ਵਾਢੀ ਵੱਢਾਂਗੇ। ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਖ਼ਾਸ ਕਰਕੇ ਵਿਸ਼ਵਾਸੀਆਂ ਦੇ ਨਾਲ।

ਮੇਰੇ ਉੱਤੇ, ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ, ਇਹ ਕਿਰਪਾ ਹੋਈ ਕਿ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ਖਬਰੀ ਸੁਣਾਵਾਂ!

ਚੋਰੀ ਕਰਨ ਵਾਲਾ ਅੱਗੇ ਤੋਂ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ ਕਿ ਜਿਸ ਨੂੰ ਲੋੜ ਹੈ ਉਹ ਨੂੰ ਦੇਣ ਲਈ ਉਹ ਦੇ ਕੋਲ ਕੁਝ ਹੋਵੇ!

ਤੁਹਾਡੇ ਵਿੱਚੋਂ ਹਰੇਕ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।

ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ। ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ।

ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ। ਮੈਂ ਘਟਣਾ ਜਾਣਦਾ ਹਾਂ, ਨਾਲੇ ਵੱਧਣਾ ਵੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵੱਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ। ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ। ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਬਿਪਤਾ ਵਿੱਚ ਮੇਰੇ ਸਾਂਝੀ ਹੋਏ। ਹੇ ਫਿਲਿੱਪੀਓ, ਤੁਸੀਂ ਆਪ ਵੀ ਜਾਣਦੇ ਹੋ ਭਈ ਜਾਂ ਮੈਂ ਖੁਸ਼ਖਬਰੀ ਪਹਿਲਾਂ ਸੁਣਾਉਣ ਲੱਗਾ ਜਦ ਮੈਂ ਮਕਦੂਨਿਯਾ ਤੋਂ ਨਿੱਕਲ ਆਇਆ ਤਾਂ ਕਿਸੇ ਕਲੀਸਿਯਾ ਨੇ ਲੈਣ-ਦੇਣ ਦੀ ਗੱਲ ਵਿੱਚ ਮੇਰਾ ਸਾਥ ਨਾ ਦਿੱਤਾ ਪਰ ਕੇਵਲ ਤੁਸੀਂ ਕਿਉਂ ਜੋ ਥਸਲੁਨੀਕੇ ਵਿੱਚ ਵੀ ਤੁਸੀਂ ਮੇਰੀ ਲੋੜ ਪੂਰੀ ਕਰਨ ਲਈ ਇੱਕ ਵਾਰ ਨਹੀਂ ਸਗੋਂ ਕਈ ਵਾਰ ਕੁਝ ਭੇਜਿਆ। ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਧਦਾ ਜਾਂਦਾ ਹੈ। ਅਤੇ ਮੈਨੂੰ ਸੱਭੋ ਕੁਝ ਮਿਲ ਗਿਆ ਹੈ, ਸਗੋਂ ਵਾਧੂ ਹੈ। ਮੈਂ ਭਰਪੂਰ ਹਾਂ ਕਿਉਂ ਜੇ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ ਜੋ ਸੁੱਖਦਾਇਕ ਸੁਗੰਧ ਅਤੇ ਇਹੋ ਜਿਹਾ ਪਰਵਾਨ ਬਲੀਦਾਨ ਹੈ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ। ਅਤੇ ਮੇਰਾ ਪਰਮੇਸ਼ੁਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ।

ਉਤਾਹਾਂ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਤੇ ਹਨ।

ਸਦਾ ਅਨੰਦ ਰਹੋ। ਹਰ ਰੋਜ਼ ਪ੍ਰਾਰਥਨਾ ਕਰੋ। ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਮਰਜ਼ੀ ਹੈ।

ਜਦੋਂ ਅਸੀਂ ਤੁਹਾਡੇ ਕੋਲ ਸੀ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ, “ਜੇ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਾ ਕਰੇ।”

ਇਸੇ ਤਰ੍ਹਾਂ ਚਾਹੁੰਦਾ ਹਾਂ ਕਿ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਮੁੱਲ ਦੇ ਬਸਤ੍ਰਾਂ ਨਾਲ।

ਪਰ ਜੇ ਕੋਈ ਆਪਣਿਆਂ ਲਈ ਅਤੇ ਖ਼ਾਸ ਕਰਕੇ ਆਪਣੇ ਘਰਾਣੇ ਲਈ ਚਿੰਤਾ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋਇਆ ਅਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਬਣ ਗਿਆ ਹੈ।

ਪਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ। ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ। ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫ਼ਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਪੈਸੇ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਰਾਹੋਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।

ਜਿਹੜੇ ਇਸ ਸੰਸਾਰ ਵਿੱਚ ਧਨਵਾਨ ਹਨ ਉਹਨਾਂ ਨੂੰ ਉਪਦੇਸ਼ ਦੇ ਕਿ ਹੰਕਾਰ ਨਾ ਕਰਨ ਅਤੇ ਬੇ ਠਿਕਾਣੇ ਧਨ ਉੱਤੇ ਨਹੀਂ, ਪਰ ਪਰਮੇਸ਼ੁਰ ਉੱਤੇ ਆਸ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਭਰਪੂਰੀ ਨਾਲ ਦਿੰਦਾ ਹੈ।

ਕਿਉਂ ਜੋ ਮਨੁੱਖ ਸੁਆਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣ-ਆਗਿਆਕਾਰ, ਨਾਸ਼ੁਕਰੇ, ਅਪਵਿੱਤਰ।

ਕਿਉਂਕਿ ਚਾਹੀਦਾ ਹੈ ਜੋ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਭੰਡਾਰੀ ਹੋਣ ਦੇ ਕਰਕੇ, ਨਿਰਦੋਸ਼ ਹੋਵੇ, ਨਾ ਮਨ ਮਰਜ਼ੀ ਕਰਨ ਵਾਲਾ, ਨਾ ਕ੍ਰੋਧੀ, ਨਾ ਸ਼ਰਾਬੀ, ਨਾ ਝਗੜਾਲੂ, ਨਾ ਝੂਠੇ ਲਾਭ ਦਾ ਲਾਲਚੀ ਹੋਵੇ।

ਅਤੇ ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹ ਨੂੰ ਅਸੀਸ ਦਿੱਤੀ। ਜਿਸ ਨੂੰ ਅਬਰਾਹਾਮ ਨੇ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ ਉਹ ਪਹਿਲਾਂ ਆਪਣੇ ਨਾਮ ਦੇ ਅਨੁਸਾਰ ਧਰਮ ਦਾ ਰਾਜਾ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸ਼ਾਂਤੀ ਦਾ ਰਾਜਾ। ਜਿਸ ਦਾ ਨਾ ਪਿਤਾ ਨਾ ਮਾਤਾ ਨਾ ਕੁੱਲਪੱਤ੍ਰੀ ਹੈ, ਜਿਸ ਦੇ ਨਾ ਦਿਨਾਂ ਦਾ ਆਦ ਅਤੇ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ। ਹੁਣ ਧਿਆਨ ਕਰੋ ਕਿ ਇਹ ਕਿੰਨ੍ਹਾਂ ਮਹਾਨ ਸੀ ਜਿਸ ਨੂੰ ਘਰਾਣੇ ਦੇ ਹਾਕਮ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸਵੰਧ ਦਿੱਤਾ। ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ, ਉਨ੍ਹਾਂ ਨੂੰ ਉਸ ਪਰਜਾ ਤੋਂ ਅਰਥਾਤ ਆਪਣਿਆਂ ਭਰਾਵਾਂ ਤੋਂ ਭਾਵੇਂ ਉਹ ਅਬਰਾਹਾਮ ਦੀ ਅੰਸ ਵਿੱਚੋਂ ਹਨ ਬਿਵਸਥਾ ਦੇ ਅਨੁਸਾਰ ਦਸਵੰਧ ਲੈਣ ਦਾ ਹੁਕਮ ਹੈ। ਪਰ ਜਿਸ ਦੀ ਕੁੱਲਪੱਤ੍ਰੀ ਉਨ੍ਹਾਂ ਨਾਲ ਰਲਦੀ ਨਹੀਂ ਸੀ ਉਹ ਨੇ ਅਬਰਾਹਾਮ ਤੋਂ ਦਸਵੰਧ ਲਿਆ ਅਤੇ ਉਹ ਨੂੰ ਬਰਕਤ ਦਿੱਤੀ ਜਿਸ ਨੂੰ ਵਾਇਦੇ ਦਿੱਤੇ ਹੋਏ ਸਨ। ਪਰ ਕੋਈ ਸ਼ੱਕ ਨਹੀਂ ਭਈ ਛੋਟੇ ਨੂੰ ਵੱਡੇ ਤੋਂ ਬਰਕਤ ਮਿਲਦੀ ਹੈ। ਅਤੇ ਇੱਥੇ ਮਰਨ ਵਾਲੇ ਮਨੁੱਖ ਦਸਵੰਧ ਲੈਂਦੇ ਹਨ ਪਰ ਉੱਥੇ ਉਹ ਲੈਂਦਾ ਹੈ ਜਿਸ ਦੇ ਵਿਖੇ ਇਹ ਗਵਾਹੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ। ਸੋ ਇਹ ਆਖ ਸਕਦੇ ਹਾਂ ਜੋ ਲੇਵੀ ਨੇ ਵੀ ਜਿਹੜਾ ਦਸਵੰਧ ਲੈਂਦਾ ਹੈ ਅਬਰਾਹਾਮ ਦੇ ਰਾਹੀਂ ਦਸਵੰਧ ਦਿੱਤਾ। ਕਿਉਂ ਜੋ ਉਹ ਅਜੇ ਆਪਣੇ ਪਿਤਾ ਦੇ ਸਰੀਰ ਵਿੱਚ ਸੀ ਜਿਸ ਵੇਲੇ ਮਲਕਿਸਿਦਕ ਉਹ ਨੂੰ ਆ ਮਿਲਿਆ।

ਵਿਸ਼ਵਾਸ ਨਾਲ ਮੂਸਾ ਨੇ ਜਦੋਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ। ਕਿਉਂ ਜੋ ਉਹ ਨੇ ਪਾਪ ਦੇ ਭੋਗ-ਬਿਲਾਸ ਨਾਲੋਂ ਜੋ ਥੋੜ੍ਹੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜ਼ਬਰਦਸਤੀ ਝੱਲਣ ਨੂੰ ਵਧੇਰੇ ਪਸੰਦ ਕੀਤਾ। ਅਤੇ ਉਹ ਨੇ ਵਿਚਾਰ ਕੀਤਾ ਕਿ ਮਸੀਹ ਦੇ ਲਈ ਨਿੰਦਾ ਨੂੰ ਸਹਿ ਲੈਣਾ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਸਵਰਗੀ ਇਨਾਮ ਵੱਲ ਉਹ ਦਾ ਧਿਆਨ ਸੀ।

ਤੁਹਾਡਾ ਜੀਵਨ ਮਾਇਆ ਦੇ ਲੋਭ ਤੋਂ ਦੂਰ ਰਹੇ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸਬਰ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।

ਪਰ ਭਲਾ ਕਰਨਾ ਅਤੇ ਪਰਉਪਕਾਰ ਕਰਨਾ ਨਾ ਭੁੱਲਿਓ, ਕਿਉਂਕਿ ਅਜਿਹੇ ਬਲੀਦਾਨਾਂ ਤੋਂ ਪਰਮੇਸ਼ੁਰ ਖੁਸ਼ ਹੁੰਦਾ ਹੈ।

ਪਰ ਉਹ ਭਰਾ ਜਿਹੜਾ ਦੀਨ ਹੈ, ਆਪਣੀ ਉੱਚੀ ਪਦਵੀ ਉੱਤੇ ਅਭਮਾਨ ਕਰੇ, ਇਸ ਲਈ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ ਅਭਮਾਨ ਕਰੇ ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਗੂੰ ਜਾਂਦਾ ਰਹੇਗਾ। ਕਿਉਂ ਜੋ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਘਾਹ ਨੂੰ ਸੁਕਾ ਦਿੰਦੀ ਹੈ ਅਤੇ ਉਹ ਦਾ ਫੁੱਲ ਵੀ ਝੜ ਜਾਂਦਾ ਹੈ ਅਤੇ ਉਹ ਦੇ ਰੂਪ ਦੀ ਸੁੰਦਰਤਾ ਨਸ਼ਟ ਹੋ ਜਾਂਦੀ। ਇਸੇ ਤਰ੍ਹਾਂ ਧਨਵਾਨ ਵੀ ਆਪਣੀਆਂ ਚਾਲਾਂ ਵਿੱਚ ਕੁਮਲਾ ਜਾਵੇਗਾ।

ਕਿਉਂਕਿ ਹਰ ਇੱਕ ਚੰਗਾ ਦਾਨ ਅਤੇ ਹਰ ਇੱਕ ਸੰਪੂਰਨ ਵਰਦਾਨ ਉਤਾਹਾਂ ਤੋਂ ਹੀ ਹੈ ਅਤੇ ਜੋਤਾਂ ਦੇ ਪਿਤਾ ਵੱਲੋਂ ਮਿਲਦਾ ਹੈ, ਜਿਹ ਦੇ ਵਿੱਚ ਨਾ ਤਾਂ ਕੋਈ ਬਦਲਾਵ ਹੋ ਸਕਦਾ ਹੈ, ਅਤੇ ਨਾ ਅਦਲ-ਬਦਲ ਦੇ ਕਾਰਨ ਪਰਛਾਵਾਂ ਪੈਂਦਾ ਹੈ।

ਕਿਉਂਕਿ ਜੇ ਕੋਈ ਮਨੁੱਖ ਸੋਨੇ ਦੀ ਅੰਗੂਠੀ ਅਤੇ ਸੁੰਦਰ ਬਸਤਰ ਪਾ ਕੇ ਤੁਹਾਡੀ ਸਭਾ ਵਿੱਚ ਆਵੇ ਅਤੇ ਇੱਕ ਗਰੀਬ ਵੀ ਮੈਲ਼ੇ ਬਸਤਰ ਪਾ ਕੇ ਆਵੇ,। ਅਤੇ ਤੁਸੀਂ ਉਸ ਸੁੰਦਰ ਬਸਤਰਾਂ ਵਾਲੇ ਦਾ ਲਿਹਾਜ਼ ਕਰੋ ਅਤੇ ਉਸ ਨੂੰ ਕਹੋ, ਇੱਥੇ ਚੰਗੀ ਥਾਂ ਆ ਕੇ ਬੈਠ ਅਤੇ ਉਸ ਗਰੀਬ ਨੂੰ ਕਹੋ ਕਿ ਤੂੰ ਇੱਥੇ ਖੜ੍ਹਾ ਰਹਿ, ਜਾ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ। ਤਾਂ ਕੀ ਤੁਸੀਂ ਆਪਣਿਆਂ ਮਨਾਂ ਵਿੱਚ ਭੇਦਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈਂ ਨਹੀਂ ਬਣੇ? ਹੇ ਮੇਰੇ ਪਿਆਰੇ ਭਰਾਵੋ, ਸੁਣੋ ਕੀ ਪਰਮੇਸ਼ੁਰ ਨੇ ਉਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਤਾਂ ਜੋ ਉਹ ਵਿਸ਼ਵਾਸ ਵਿੱਚ ਧਨੀ, ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਸ ਦਾ ਵਾਇਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ? ਪਰ ਤੁਸੀਂ ਉਸ ਗਰੀਬ ਦਾ ਅਪਮਾਨ ਕੀਤਾ! ਭਲਾ, ਧਨਵਾਨ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਕੇ ਨਹੀਂ ਲੈ ਜਾਂਦੇ? ਭਲਾ, ਧਨਵਾਨ ਉਸ ਉੱਤਮ ਨਾਮ ਦੀ ਨਿੰਦਿਆ ਨਹੀਂ ਕਰਦੇ ਜਿਸ ਤੋਂ ਤੁਸੀਂ ਜਾਣੇ ਜਾਂਦੇ ਹੋ?

ਪਰ ਜੇ ਤੁਸੀਂ ਉਸ ਸ਼ਾਹੀ ਹੁਕਮ ਨੂੰ ਪੂਰਾ ਕਰਦੇ ਹੋ ਜਿਵੇਂ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ, ਤਾਂ ਤੁਸੀਂ ਭਲਾ ਕਰਦੇ ਹੋ।

ਹੇ ਮੇਰੇ ਭਰਾਵੋ, ਜੇ ਕੋਈ ਆਖੇ ਕਿ ਮੈਨੂੰ ਵਿਸ਼ਵਾਸ ਹੈ, ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਲਾ, ਇਹ ਵਿਸ਼ਵਾਸ ਉਸ ਨੂੰ ਬਚਾ ਸਕਦਾ ਹੈ? ਜੇ ਕੋਈ ਭਾਈ ਜਾਂ ਭੈਣ ਭੋਜਨ ਬਸਤਰ ਅਤੇ ਰੱਜਵੀਂ ਰੋਟੀ ਤੋਂ ਥੁੜਿਆ ਹੋਵੇ। ਅਤੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਕਿ ਸ਼ਾਂਤੀ ਨਾਲ ਜਾਓ। ਨਿੱਘੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਜ਼ਰੂਰੀ ਹਨ ਉਹ ਤੁਸੀਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ? ਇਸੇ ਪ੍ਰਕਾਰ ਵਿਸ਼ਵਾਸ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਵਿੱਚ ਮਰਿਆ ਹੋਇਆ ਹੈ।

ਤੁਸੀਂ ਮੰਗਦੇ ਹੋ ਪਰ ਮਿਲਦਾ ਨਹੀਂ ਕਿਉਂ ਜੋ ਬੁਰੀ ਨੀਤ ਨਾਲ ਮੰਗਦੇ ਹੋ ਤਾਂ ਜੋ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ।

ਤੁਸੀਂ ਜੋ ਇਹ ਕਹਿੰਦੇ ਹੋ ਕਿ ਅਸੀਂ ਅੱਜ ਜਾਂ ਕੱਲ ਅਸੀਂ ਕਿਸੇ ਹੋਰ ਨਗਰ ਨੂੰ ਜਾਂਵਾਂਗੇ ਅਤੇ ਉੱਥੇ ਇੱਕ ਸਾਲ ਬਿਤਾਵਾਂਗੇ ਅਤੇ ਵਪਾਰ ਕਰਕੇ ਕੁਝ ਲਾਭ ਕਮਾਵਾਂਗੇ। ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਕੱਲ ਕੀ ਹੋਵੇਗਾ! ਤੁਹਾਡਾ ਜੀਵਨ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੀ ਹੋ ਜਿਹੜੀ ਥੋੜ੍ਹਾ ਜਿਹਾ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ। ਸਗੋਂ ਤੁਹਾਨੂੰ ਇਹ ਆਖਣਾ ਚਾਹੀਦਾ ਸੀ ਪ੍ਰਭੂ ਚਾਹੇ ਤਾਂ ਅਸੀਂ ਜਿਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।

ਹੇ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ-ਮਾਰ ਕੇ ਰੋਵੋ! ਤੁਹਾਡਾ ਧਨ ਗਲ਼ ਗਿਆ ਅਤੇ ਤੁਹਾਡੇ ਬਸਤਰਾਂ ਨੂੰ ਕੀੜੇ ਖਾ ਗਏ। ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂੰ ਤੁਹਾਡਾ ਮਾਸ ਖਾ ਜਾਵੇਗਾ। ਤੁਸੀਂ ਅੰਤ ਦੇ ਦਿਨਾਂ ਵਿੱਚ ਧਨ ਜੋੜਿਆ ਹੈ।

ਵੇਖੋ, ਜਿਨ੍ਹਾਂ ਮਜ਼ਦੂਰਾਂ ਨੇ ਤੁਹਾਡੇ ਖੇਤ ਵੱਢੇ ਉਹਨਾਂ ਦੀ ਮਜ਼ਦੂਰੀ ਜਿਹੜੀ ਤੁਸੀਂ ਧੋਖੇ ਨਾਲ ਦੱਬ ਰੱਖੀ ਹੈ ਫ਼ਰਿਆਦ ਕਰਦੀ ਹੈ ਅਤੇ ਵਾਢਿਆਂ ਦੀਆਂ ਦੁਹਾਈਆਂ ਸੈਨਾਂ ਦੇ ਪ੍ਰਭੂ ਦੇ ਕੰਨੀਂ ਪਹੁੰਚ ਗਈਆਂ ਹਨ! ਤੁਸੀਂ ਧਰਤੀ ਉੱਤੇ ਮੌਜਾਂ ਮਾਣੀਆਂ ਅਤੇ ਬੜਾ ਹੀ ਸੁੱਖ ਭੋਗਿਆ। ਤੁਸੀਂ ਨਾਸ ਦੇ ਦਿਨ ਲਈ ਆਪਣੇ ਹਿਰਦਿਆਂ ਨੂੰ ਪਾਲਿਆ ਹੈ!

ਤਾਂ ਜੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਅੱਤ ਭਾਰੇ ਮੁੱਲ ਦਾ ਹੈ ਅਤੇ ਪਰਖਿਆ ਹੋਇਆ ਵਿਸ਼ਵਾਸ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ।

ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਸੀਂ ਜੋ ਆਪਣੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਪਾਇਆ ਜਿਹੜਾ ਤੁਹਾਡੇ ਵੱਡਿਆਂ ਤੋਂ ਚੱਲਿਆ ਆਉਂਦਾ ਸੀ, ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ-ਸੋਨੇ ਨਾਲ ਨਹੀਂ।

ਅਤੇ ਤੁਹਾਡਾ ਸ਼ਿੰਗਾਰ ਸਿਰ ਦੇ ਵਾਲ਼ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਤੇ ਬਸਤਰ ਪਹਿਨਣ ਦੇ ਨਾਲ ਦਿਖਾਵਟੀ ਨਾ ਹੋਵੇ ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਵਿਨਾਸ਼ੀ ਸ਼ਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੀ ਨਜ਼ਰ ਵਿੱਚ ਵੱਡੇ ਮੁੱਲ ਦੀ ਹੈ

ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪਿਆਰ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਘਮੰਡ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਅਤੇ ਸੰਸਾਰ ਅਤੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ।

ਪਰ ਜਿਸ ਕਿਸੇ ਕੋਲ ਸੰਸਾਰ ਦੀਆਂ ਵਸਤੂਆਂ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਉਸ ਉੱਤੇ ਤਰਸ ਨਾ ਖਾਵੇ, ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪਿਆਰ ਕਿਵੇਂ ਰਹਿੰਦਾ ਹੈ? ਹੇ ਬੱਚਿਓ, ਅਸੀਂ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਕੰਮਾਂ ਅਤੇ ਸਚਿਆਈ ਨਾਲ ਪਿਆਰ ਕਰੀਏ।

ਸੋ ਤੂੰ ਸੀਲ ਗਰਮ ਜੋ ਹੈਂ, ਨਾ ਗਰਮ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। ਤੂੰ ਜੋ ਆਖਦਾ ਹੈਂ ਜੋ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪਰ ਤੂੰ ਨਹੀਂ ਜਾਣਦਾ ਹੈਂ ਕਿ ਤੂੰ ਦੁੱਖੀ, ਮੰਦਭਾਗਾ, ਕੰਗਾਲ, ਅੰਨ੍ਹਾ ਅਤੇ ਨੰਗਾ ਹੈਂ। ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ, ਤਾਂ ਜੋ ਤੂੰ ਧਨਵਾਨ ਜੋ ਜਾਵੇਂ ਅਤੇ ਚਿੱਟੇ ਬਸਤਰ ਲੈ ਤਾਂ ਜੋ ਤੂੰ ਪਹਿਨ ਲਵੇਂ ਅਤੇ ਤੇਰੇ ਨੰਗੇਜ਼ ਦੀ ਸ਼ਰਮ ਪਰਗਟ ਨਾ ਹੋਵੇ ਅਤੇ ਆਪਣੀਆਂ ਅੱਖਾਂ ਵਿੱਚ ਪਾਉਣ ਨੂੰ ਸੁਰਮਾ ਲੈ, ਜੋ ਤੂੰ ਸੁਜਾਖਾ ਹੋ ਜਾਵੇਂ।

ਅਤੇ ਮੈਂ ਉਹਨਾਂ ਚਾਰ ਪ੍ਰਾਣੀਆਂ ਦੇ ਵਿੱਚ ਇੱਕ ਅਵਾਜ਼ ਇਹ ਆਖਦੇ ਸੁਣੀ ਕਿ ਕਣਕ ਦੀਨਾਰ ਦੀ ਸੇਰ ਭਰ ਅਤੇ ਜੌਂ ਦੀਨਾਰ ਦੇ ਤਿੰਨ ਸੇਰ ਅਤੇ ਤੇਲ ਅਤੇ ਦਾਖ਼ਰਸ ਦਾ ਵਿਗਾੜ ਨਾ ਕਰੀਂ!

ਅਤੇ ਧਰਤੀ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਨੇ ਆਪਣੇ ਆਪ ਨੂੰ ਗੁਫ਼ਾਂਵਾਂ ਵਿੱਚ ਅਤੇ ਪਹਾੜਾਂ ਦੀਆਂ ਚੱਟਾਨਾਂ ਵਿੱਚ ਲੁਕੋ ਲਿਆ। ਅਤੇ ਉਹ ਪਹਾੜਾਂ ਅਤੇ ਚੱਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਓ! ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ!

ਅਤੇ ਉਹ ਸਭਨਾਂ ਛੋਟਿਆਂ, ਵੱਡਿਆਂ, ਧਨਵਾਨਾਂ, ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਲਗਵਾ ਦਿੰਦਾ ਹੈ। ਅਤੇ ਕਿਸੇ ਨੂੰ ਲੈਣ-ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਮ ਜਾਂ ਉਹ ਦੇ ਨਾਮ ਦਾ ਅੰਕ ਲੱਗਾ ਹੋਵੇ।

ਧਰਤੀ ਦੇ ਵਪਾਰੀ ਉਹ ਨੂੰ ਰੋਂਦੇ ਅਤੇ ਕੁਰਲਾਉਂਦੇ ਹਨ, ਕਿਉਂ ਜੋ ਹੁਣ ਉਨ੍ਹਾਂ ਦਾ ਮਾਲ ਕੋਈ ਨਹੀਂ ਲੈਂਦਾ। ਅਰਥਾਤ ਮਾਲ ਸੋਨੇ ਦਾ ਅਤੇ ਚਾਂਦੀ, ਜਵਾਹਰ, ਮੋਤੀਆਂ, ਅਤੇ ਕਤਾਨ ਦਾ ਅਤੇ ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ ਦਾ ਅਤੇ ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ ਅਤੇ ਹਾਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ ਅਤੇ ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਮੈਅ, ਤੇਲ, ਮੈਦਾ, ਕਣਕ, ਡੰਗਰ, ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ। ਤੇਰੇ ਮਨਭਾਉਂਦੇ ਫਲ ਤੇਰੇ ਕੋਲੋਂ ਦੂਰ ਹੋ ਗਏ, ਸਾਰੀਆਂ ਕੀਮਤੀ ਅਤੇ ਭੜਕੀਲੀਆਂ ਵਸਤਾਂ ਤੇਰੇ ਕੋਲੋਂ ਜਾਂਦੀਆਂ ਰਹੀਆਂ, ਅਤੇ ਹੁਣ ਕਦੇ ਨਾ ਲੱਭਣਗੀਆਂ!

ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਹ ਦੇ ਰਾਹੀਂ ਧਨਵਾਨ ਹੋਏ ਸਨ, ਉਹ ਦੇ ਦੁੱਖ ਤੋਂ ਡਰ ਦੇ ਮਾਰੇ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ, ਹਾਏ ਹਾਏ, ਇਸ ਵੱਡੀ ਨਗਰੀ ਨੂੰ! ਜਿਹੜੀ ਕਤਾਨ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸੀ, ਅਤੇ ਸੋਨੇ, ਜਵਾਹਰਾਂ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ, ਕਿਉਂ ਜੋ ਐਨਾ ਸਾਰਾ ਧਨ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ ਹੈ!। ਹਰੇਕ ਮਲਾਹਾਂ ਦਾ ਸਿਰਕਰਦਾ ਅਤੇ ਹਰ ਕੋਈ ਜਿਹੜਾ ਜਹਾਜ਼ਾਂ ਵਿੱਚ ਕਿਧਰੇ ਫਿਰਦਾ ਹੈ ਅਤੇ ਮਲਾਹ ਅਤੇ ਸਮੁੰਦਰ ਉੱਤੇ ਜਿੰਨੇ ਰੋਜ਼ੀ ਰੋਟੀ ਕਮਾਉਂਦੇ ਹਨ, ਸੱਭੇ ਦੂਰ ਖੜ੍ਹੇ ਹੋਏ।

ਅਤੇ ਉਸ ਨੇ ਮੈਨੂੰ ਆਖਿਆ, ਹੋ ਗਿਆ ਹੈ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ, ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ।

ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਆਖੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਉਹ ਅੰਮ੍ਰਿਤ ਜਲ ਮੁਫ਼ਤ ਲਵੇ।

Punjabi - ਪੰਜਾਬੀ - PA

PAIRV'19 - Panjabi Indian Revised Version - 2019

This Bible text is from Panjabi Eastern Indian Revised Version IRV 2019
https://open.bible/bibles/panjabi_eastern-bridge-text-bible/
provided by: Bridge Connectivity Solutions Pvt Ltd, available by Creative Commons CC-BY-SA-4.0,
and this new compilation is shared as www.creativecommons.org/licenses/by-sa/4.0.
Languages are made available to you by www.ipedge.net