27 – ਦੁੱਖ

ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਦੁੱਖ.

ਚੋਟੀ ਦੀਆਂ 3 ਸਭ ਤੋਂ ਮਹੱਤਵਪੂਰਨ ਆਇਤਾਂ

ਉਸ ਦੀ ਪਤਨੀ ਨੇ ਉਸ ਨੂੰ ਆਖਿਆ, “ਕੀ ਤੂੰ ਅਜੇ ਵੀ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ? ਪਰਮੇਸ਼ੁਰ ਦੀ ਨਿੰਦਿਆ ਕਰ ਅਤੇ ਮਰ ਜਾ!” ਪਰ ਉਸ ਨੇ ਉਹ ਨੂੰ ਆਖਿਆ, “ਤੂੰ ਇੱਕ ਮੂਰਖ ਇਸਤਰੀ ਦੀ ਤਰ੍ਹਾਂ ਗੱਲ ਕਰਦੀ ਹੈਂ! ਕੀ ਅਸੀਂ ਚੰਗਾ-ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਤੇ ਬੁਰਾ ਨਾ ਲਈਏ?” ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੂਬ ਨੇ ਆਪਣੇ ਮੂੰਹ ਨਾਲ ਕੋਈ ਪਾਪ ਨਾ ਕੀਤਾ।

ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਉਲਝਣ ਵਿੱਚ ਹਾਂ ਪਰ ਹੱਦੋਂ ਵੱਧ ਨਹੀਂ। ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ। ਅਸੀਂ ਯਿਸੂ ਦੀ ਮੌਤ ਨੂੰ ਆਪਣੇ ਸਰੀਰ ਵਿੱਚ ਹਮੇਸ਼ਾਂ ਲਈ ਫਿਰਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪ੍ਰਗਟ ਹੋਵੇ। ਕਿਉਂਕਿ ਅਸੀਂ ਜੋ ਜਿਉਂਦੇ ਹਾਂ ਸੋ ਹਮੇਸ਼ਾਂ ਯਿਸੂ ਦੇ ਨਮਿੱਤ ਮੌਤ ਦੇ ਹੱਥ ਫੜਵਾਏ ਜਾਂਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿੱਚ ਪਰਗਟ ਹੋਵੇ। ਸੋ ਮੌਤ ਤਾਂ ਸਾਡੇ ਵਿੱਚ ਪਰ ਜੀਵਨ ਤੁਹਾਡੇ ਵਿੱਚ ਪ੍ਰਭਾਵ ਪਾਉਂਦਾ ਹੈ।

ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲਾਂ ਦਾ ਹੀ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਥੋੜ੍ਹੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।

ਹਰ ਸ਼ਲੋਕ ਨੂੰ ਕਨੂੰਨੀ ਕ੍ਰਮ ਵਿੱਚ - 544 ਹਵਾਲੇ

ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ।

ਉਸ ਨੇ ਇਸਤਰੀ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਂਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ। ਫੇਰ ਉਸ ਨੇ ਆਦਮ ਨੂੰ ਆਖਿਆ ਕਿਉਂਕਿ ਤੂੰ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਤੋਂ ਨਾ ਖਾਵੀਂ ਇਸ ਲਈ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਇਸ ਦੀ ਉਪਜ ਆਪਣੀ ਸਾਰੀ ਜ਼ਿੰਦਗੀ ਦੁੱਖ ਨਾਲ ਖਾਇਆ ਕਰੇਂਗਾ। ਉਹ ਤੇਰੇ ਲਈ ਕੰਡੇ, ਕੰਡਿਆਲੇ ਉਪਜਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ। ਤੂੰ ਮੱਥੇ ਦੇ ਪਸੀਨੇ ਨਾਲ ਰੋਟੀ ਖਾਇਆ ਕਰੇਂਗਾ ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮਿਲ ਜਾਵੇਂ ਕਿਉਂ ਜੋ ਤੂੰ ਉਸ ਵਿੱਚੋਂ ਹੀ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਹੀ ਮੁੜ ਜਾਵੇਂਗਾ।

ਯਹੋਵਾਹ ਨੇ ਆਖਿਆ ਕਿ ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ, ਸੱਚ-ਮੁੱਚ ਵੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਦੇ ਕਾਰਨ ਹੈ, ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਮੈਂ ਉਤਰਿਆ ਹਾਂ, ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਚੰਗੀ ਅਤੇ ਉਪਜਾਊ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ। ਸੋ ਹੁਣ ਵੇਖ, ਇਸਰਾਏਲੀਆਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਅਤੇ ਮੈਂ ਉਸ ਅਨ੍ਹੇਰ ਨੂੰ ਵੀ ਜੋ ਮਿਸਰੀ ਉਨ੍ਹਾਂ ਉੱਤੇ ਕਰਦੇ ਹਨ, ਵੇਖਿਆ ਹੈ।

ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ।

ਅਤੇ ਉਸ ਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਤੇ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਅਤੇ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ ਅਤੇ ਉਸ ਦੀਆਂ ਸਾਰੀਆਂ ਬਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ।

ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਉਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜ਼ਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ

ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ।

ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ।

ਮੈਂ ਉਸ ਦੇਸ਼ ਵਿੱਚ ਸੁੱਖ ਬਖ਼ਸ਼ਾਂਗਾ ਅਤੇ ਤੁਸੀਂ ਲੰਮੇ ਪਓਗੇ ਪਰ ਤੁਹਾਨੂੰ ਕੋਈ ਨਾ ਡਰਾਵੇਗਾ ਅਤੇ ਮੈਂ ਖ਼ਤਰਨਾਕ ਜਾਨਵਰਾਂ ਨੂੰ ਦੇਸ਼ ਵਿੱਚੋਂ ਕੱਢ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚ ਨਾ ਚੱਲੇਗੀ।

ਅਤੇ ਜੇਕਰ ਤੁਸੀਂ ਮੇਰੀਆਂ ਬਿਧੀਆਂ ਨੂੰ ਤਿਆਗ ਦਿਓ ਅਤੇ ਮੇਰੇ ਨਿਆਂ ਤੁਹਾਡੇ ਜੀਅ ਨੂੰ ਮਾੜੇ ਲੱਗਣ ਕਿ ਤੁਸੀਂ ਮੇਰੇ ਹੁਕਮਾਂ ਨੂੰ ਨਾ ਮੰਨੋ ਸਗੋਂ ਮੇਰੇ ਨੇਮ ਨੂੰ ਤੋੜ ਦਿਓ, ਤਾਂ ਮੈਂ ਤੁਹਾਡੇ ਨਾਲ ਇਹ ਕਰਾਂਗਾ ਅਰਥਾਤ ਮੈਂ ਤੁਹਾਡੇ ਉੱਤੇ ਡਰ, ਲਾ-ਇਲਾਜ਼ ਰੋਗ ਅਤੇ ਤਾਪ ਪਾਵਾਂਗਾ ਜੋ ਤੁਹਾਡੀਆਂ ਅੱਖਾਂ ਦਾ ਨਾਸ ਕਰਨਗੇ ਅਤੇ ਤੁਹਾਡੇ ਮਨਾਂ ਨੂੰ ਉਦਾਸ ਕਰਨਗੇ ਅਤੇ ਤੁਸੀਂ ਵਿਅਰਥ ਹੀ ਆਪਣੇ ਬੀਜ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾ ਜਾਣਗੇ। ਮੈਂ ਵੀ ਤੁਹਾਡੇ ਵਿਰੁੱਧ ਹੋਵਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ, ਉਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡਾ ਪਿੱਛਾ ਨਾ ਕਰੇ ਤਾਂ ਵੀ ਤੁਸੀਂ ਭੱਜੋਗੇ।

ਜਦ ਤੁਸੀਂ ਸੰਕਟ ਵਿੱਚ ਪਓ ਅਤੇ ਇਹ ਸਾਰੀਆਂ ਬਿਪਤਾਵਾਂ ਤੁਹਾਡੇ ਉੱਤੇ ਆ ਪੈਣ ਤਾਂ ਆਖਰੀ ਦਿਨਾਂ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਹ ਦੀ ਅਵਾਜ਼ ਸੁਣੋਗੇ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਇੱਕ ਦਿਆਲੂ ਪਰਮੇਸ਼ੁਰ ਹੈ, ਉਹ ਨਾ ਤਾਂ ਤੁਹਾਨੂੰ ਤਿਆਗੇਗਾ, ਨਾ ਤੁਹਾਡਾ ਨਾਸ ਕਰੇਗਾ ਅਤੇ ਨਾ ਹੀ ਉਸ ਨੇਮ ਨੂੰ ਭੁੱਲੇਗਾ ਜਿਸ ਦੇ ਵਿਖੇ ਉਸ ਨੇ ਤੁਹਾਡੇ ਪੁਰਖਿਆਂ ਦੇ ਨਾਲ ਸਹੁੰ ਖਾਧੀ ਸੀ।

ਯਹੋਵਾਹ ਤੁਹਾਡੀਆਂ ਸਾਰੀਆਂ ਬਿਮਾਰੀਆਂ ਤੁਹਾਡੇ ਤੋਂ ਦੂਰ ਕਰ ਦੇਵੇਗਾ ਅਤੇ ਮਿਸਰ ਦੇ ਸਾਰੇ ਬੁਰੇ ਰੋਗ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਤੁਹਾਨੂੰ ਨਾ ਲਾਵੇਗਾ ਪਰ ਉਹ ਉਨ੍ਹਾਂ ਨੂੰ ਉਹਨਾਂ ਦੇ ਉੱਤੇ ਪਾਵੇਗਾ ਜਿਹੜੇ ਤੁਹਾਡੇ ਤੋਂ ਵੈਰ ਰੱਖਦੇ ਹਨ।

ਇਨ੍ਹਾਂ ਚਾਲ੍ਹੀ ਸਾਲਾਂ ਵਿੱਚ ਨਾ ਤੁਹਾਡੇ ਬਸਤਰ ਪੁਰਾਣੇ ਹੋਏ ਅਤੇ ਨਾ ਹੀ ਤੁਹਾਡੇ ਪੈਰ ਸੁੱਜੇ। ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਨਾ ਦਿੰਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤਾੜਨਾ ਦਿੰਦਾ ਰਿਹਾ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ,

ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਸ ਨੂੰ ਰੋਟੀ ਅਤੇ ਕੱਪੜਾ ਦੇਵੇ।

ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ: ਬਰਕਤ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਸਰਾਪ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ, ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਜਾਓ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ।

ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਘੋੜੇ, ਰਥ ਅਤੇ ਆਪਣੇ ਤੋਂ ਵੱਧ ਸੈਨਾਂ ਨੂੰ ਵੇਖੋ, ਤਦ ਉਨ੍ਹਾਂ ਤੋਂ ਨਾ ਡਰਿਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ।

ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ।

ਮੈਂ ਅੱਜ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹ ਬਣਾਉਂਦਾ ਹਾਂ ਕਿ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਇਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡਾ ਵੰਸ਼ ਜੀਉਂਦਾ ਰਹੇ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਸੁਣੋ ਅਤੇ ਉਸ ਦੇ ਨਾਲ-ਨਾਲ ਲੱਗੇ ਰਹੋ ਕਿਉਂ ਜੋ ਉਹ ਹੀ ਤੁਹਾਡਾ ਜੀਵਨ ਅਤੇ ਤੁਹਾਡੀ ਲੰਮੀ ਉਮਰ ਦਿੰਦਾ ਹੈ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਵੱਸੇ ਰਹੋ ਜਿਸ ਨੂੰ ਦੇਣ ਦੀ ਯਹੋਵਾਹ ਨੇ ਤੁਹਾਡੇ ਪੁਰਖਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ।

ਤਕੜੇ ਹੋਵੋ, ਹੌਂਸਲਾ ਰੱਖੋ, ਉਹਨਾਂ ਤੋਂ ਨਾ ਡਰੋ ਅਤੇ ਨਾ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ-ਨਾਲ ਜਾਂਦਾ ਹੈ! ਉਹ ਨਾ ਤਾਂ ਤੁਹਾਨੂੰ ਛੱਡੇਗਾ ਅਤੇ ਨਾ ਤੁਹਾਨੂੰ ਤਿਆਗੇਗਾ।”

ਯਹੋਵਾਹ ਆਪ ਤੇਰੇ ਅੱਗੇ-ਅੱਗੇ ਜਾਵੇਗਾ। ਉਹ ਤੇਰੇ ਨਾਲ ਹੋਵੇਗਾ, ਉਹ ਨਾ ਤਾਂ ਤੈਨੂੰ ਛੱਡੇਗਾ ਅਤੇ ਨਾ ਤਿਆਗੇਗਾ। ਇਸ ਲਈ ਨਾ ਡਰ ਅਤੇ ਨਾ ਘਬਰਾ!”

ਹੁਣ ਵੇਖੋ ਕਿ ਮੈਂ ਹੀ ਉਹ ਹਾਂ, ਅਤੇ ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ, ਮੈਂ ਹੀ ਮਾਰਦਾ ਹਾਂ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ, ਮੈਂ ਹੀ ਜ਼ਖਮੀ ਕਰਦਾ ਹਾਂ ਅਤੇ ਮੈਂ ਹੀ ਚੰਗਾ ਕਰਦਾ ਹਾਂ, ਅਤੇ ਕੋਈ ਨਹੀਂ ਹੈ ਜਿਹੜਾ ਮੇਰੇ ਹੱਥੋਂ ਛੁਡਾ ਸਕੇ,

ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਅਤੇ ਹੌਂਸਲਾ ਰੱਖ, ਨਾ ਕੰਬ ਅਤੇ ਨਾ ਘਬਰਾ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਅੰਗ-ਸੰਗ ਹੈ।

ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਨਾ ਡਰੋ ਅਤੇ ਨਾ ਘਬਰਾਓ। ਤਕੜੇ ਹੋਵੋ ਅਤੇ ਹੌਂਸਲਾ ਰੱਖੋ ਕਿਉਂ ਜੋ ਯਹੋਵਾਹ ਤੁਹਾਡੇ ਸਾਰੇ ਵੈਰੀਆਂ ਨਾਲ ਜਿਨ੍ਹਾਂ ਦੇ ਵਿਰੁੱਧ ਤੁਸੀਂ ਲੜਦੇ ਹੋ ਅਜਿਹਾ ਹੀ ਕਰੇਗਾ।

ਯਹੋਵਾਹ ਮਾਰਦਾ ਹੈ ਅਤੇ ਜਿਵਾਉਂਦਾ ਹੈ, ਉਹੋ ਪਤਾਲ ਵਿੱਚ ਉਤਾਰਦਾ ਹੈ ਅਤੇ ਉਹੋ ਹੀ ਉੱਪਰ ਚੁੱਕਦਾ ਹੈ। ਯਹੋਵਾਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ, ਉਹੀ ਨੀਵਾਂ ਕਰਦਾ ਹੈ ਅਤੇ ਉੱਚਾ ਕਰਦਾ ਹੈ। ਗਰੀਬ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜ੍ਹੀ ਵਿੱਚੋਂ ਕੱਢਦਾ ਹੈ, ਤਾਂ ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ, ਅਤੇ ਮਹਿਮਾ ਦੀ ਗੱਦੀ ਦਾ ਅਧਿਕਾਰੀ ਬਣਾਵੇ। ਧਰਤੀ ਦੇ ਥੰਮ੍ਹ ਤਾਂ ਯਹੋਵਾਹ ਦੇ ਹੀ ਹਨ, ਅਤੇ ਉਸ ਨੇ ਸੰਸਾਰ ਦੀ ਨੀਂਹ ਉਨ੍ਹਾਂ ਉੱਤੇ ਰੱਖੀ ਹੈ।

ਤਦ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਸੋ ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ, ਤਦ ਇਸਰਾਏਲ ਵਿੱਚੋਂ ਮਰੀ ਹਟ ਗਈ।

ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ ਕਿ ਯਹੋਵਾਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਬਚੇਂਗਾ ਨਹੀਂ। ਤਦ ਉਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਕੋਲੋਂ ਇਹ ਪ੍ਰਾਰਥਨਾ ਕੀਤੀ। ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਯਾਦ ਕਰੀਂ ਕਿ ਮੈਂ ਕਿਵੇਂ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ, ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ। ਤਾਂ ਇਸ ਤਰ੍ਹਾਂ ਕਿ ਯਸਾਯਾਹ ਨਿੱਕਲ ਕੇ ਵਿਹੜੇ ਦੇ ਵਿੱਚਕਾਰ ਵੀ ਨਹੀਂ ਗਿਆ ਸੀ, ਕਿ ਯਹੋਵਾਹ ਦਾ ਬਚਨ ਉਸ ਨੂੰ ਮਿਲਿਆ। ਕਿ ਮੁੜ ਜਾ ਅਤੇ ਤੂੰ ਮੇਰੀ ਪਰਜਾ ਦੇ ਪ੍ਰਧਾਨ ਹਿਜ਼ਕੀਯਾਹ ਨੂੰ ਆਖ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ। ਮੈਂ ਤੇਰੇ ਅੱਥਰੂ ਵੇਖ ਲਏ ਹਨ। ਵੇਖ, ਮੈਂ ਤੈਨੂੰ ਚੰਗਾ ਕਰਨ ਵਾਲਾ ਹਾਂ ਤੀਜੇ ਦਿਹਾੜੇ ਤੂੰ ਯਹੋਵਾਹ ਦੇ ਭਵਨ ਵਿੱਚ ਜਾਏਂਗਾ। ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾਵਾਂਗਾ ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ ਅਤੇ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਦੀ ਰੱਖਿਆ ਕਰਾਂਗਾ।

ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ। ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਸਦਾ ਉਹ ਦੇ ਦਰਸ਼ਣ ਨੂੰ ਲੋਚੋ। ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ।

ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਕਹਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਨ੍ਹਾਂ ਦੇ ਦੇਸ ਨੂੰ ਬਹਾਲ ਕਰ ਦਿਆਂਗਾ ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਕੀਤੀ ਜਾਵੇਗੀ ਉਸ ਉੱਤੇ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਮੇਰੇ ਕੰਨ ਲੱਗੇ ਰਹਿਣਗੇ

ਉਹ ਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ

ਤਦ ਇੱਕ ਦੂਤ ਅੱਯੂਬ ਕੋਲ ਆਇਆ ਅਤੇ ਆਖਿਆ, “ਬਲ਼ਦ ਹਲੀਂ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਕੋਲ ਚਰ ਰਹੀਆਂ ਸਨ। ਸ਼ਬਾ ਨਗਰ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਕੇ ਨਿੱਕਲਿਆ ਹਾਂ, ਜੋ ਤੈਨੂੰ ਦੱਸਾਂ।” ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, “ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ। ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।” ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, “ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ।” ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ, “ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ, ਤਦ ਵੇਖੋ, ਇੱਕ ਵੱਡੀ ਹਵਾ ਜੰਗਲ ਵੱਲੋਂ ਆਈ ਅਤੇ ਘਰ ਦੇ ਚੌਂਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਘਰ ਉਨ੍ਹਾਂ ਜੁਆਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।” ਤਦ ਅੱਯੂਬ ਉੱਠਿਆ, ਉਸ ਨੇ ਦੁਖੀ ਹੋ ਕੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਯਹੋਵਾਹ ਨੂੰ ਮੱਥਾ ਟੇਕਿਆ।

ਅਤੇ ਆਖਿਆ, “ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ।”

ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਖੱਲ ਦੇ ਬਦਲੇ ਖੱਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੀ ਜਾਨ ਦੇ ਬਦਲੇ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੂਹ ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ।” ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਵੇਖ, ਉਹ ਤੇਰੇ ਹੱਥ ਵਿੱਚ ਹੈ ਪਰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀਂ।” ਤਦ ਸ਼ੈਤਾਨ ਯਹੋਵਾਹ ਦੇ ਅੱਗੋਂ ਚਲਿਆ ਗਿਆ ਅਤੇ ਅੱਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਬੁਰੇ ਫੋੜਿਆਂ ਨਾਲ ਮਾਰਿਆ। ਤਦ ਅੱਯੂਬ ਨੇ ਇੱਕ ਠੀਕਰਾ ਲਿਆ ਕਿ ਆਪਣੇ ਆਪ ਨੂੰ ਉਹ ਦੇ ਨਾਲ ਖੁਰਕੇ ਅਤੇ ਸੁਆਹ ਦੇ ਵਿੱਚ ਬੈਠ ਗਿਆ।

ਉਸ ਦੀ ਪਤਨੀ ਨੇ ਉਸ ਨੂੰ ਆਖਿਆ, “ਕੀ ਤੂੰ ਅਜੇ ਵੀ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ? ਪਰਮੇਸ਼ੁਰ ਦੀ ਨਿੰਦਿਆ ਕਰ ਅਤੇ ਮਰ ਜਾ!” ਪਰ ਉਸ ਨੇ ਉਹ ਨੂੰ ਆਖਿਆ, “ਤੂੰ ਇੱਕ ਮੂਰਖ ਇਸਤਰੀ ਦੀ ਤਰ੍ਹਾਂ ਗੱਲ ਕਰਦੀ ਹੈਂ! ਕੀ ਅਸੀਂ ਚੰਗਾ-ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਤੇ ਬੁਰਾ ਨਾ ਲਈਏ?” ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੂਬ ਨੇ ਆਪਣੇ ਮੂੰਹ ਨਾਲ ਕੋਈ ਪਾਪ ਨਾ ਕੀਤਾ।

ਜਦ ਅੱਯੂਬ ਦੇ ਤਿੰਨਾਂ ਮਿੱਤਰਾਂ ਨੇ ਅਰਥਾਤ ਅਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਨੇ ਇਹ ਸਾਰੀ ਬਿਪਤਾ ਦੀ ਖ਼ਬਰ ਸੁਣੀ, ਜਿਹੜੀ ਉਹ ਦੇ ਉੱਤੇ ਆ ਪਈ ਸੀ, ਤਦ ਉਹ ਆਪਸ ਵਿੱਚ ਸਲਾਹ ਕਰਕੇ ਆਪੋ ਆਪਣੇ ਥਾਂ ਤੋਂ ਚੱਲੇ ਅਤੇ ਇਕੱਠੇ ਹੋਏ ਕਿ ਉਹ ਦਾ ਦੁੱਖ ਵੰਡਾਉਣ ਅਤੇ ਉਹ ਨੂੰ ਦਿਲਾਸਾ ਦੇਣ। ਜਦ ਉਨ੍ਹਾਂ ਨੇ ਦੂਰ ਤੋਂ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਅਤੇ ਉਸ ਨੂੰ ਨਾ ਪਛਾਣ ਸਕੇ, ਤਦ ਉਹ ਉੱਚੀ-ਉੱਚੀ ਰੋਣ ਲੱਗ ਪਏ ਅਤੇ ਦੁਖੀ ਹੋ ਕੇ ਆਪਣੇ-ਆਪਣੇ ਕੱਪੜੇ ਪਾੜ ਲਏ ਅਤੇ ਅਕਾਸ਼ ਵੱਲ ਉਡਾ ਕੇ ਆਪਣੇ ਸਿਰਾਂ ਉੱਤੇ ਸੁਆਹ ਪਾਈ। ਉਹ ਸੱਤ ਦਿਨ ਅਤੇ ਸੱਤ ਰਾਤ ਜ਼ਮੀਨ ਉੱਤੇ ਉਸ ਦੇ ਨਾਲ ਬੈਠੇ ਰਹੇ, ਪਰ ਕਿਸੇ ਨੇ ਉਹ ਦੇ ਨਾਲ ਗੱਲ ਨਾ ਕੀਤੀ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਉਹ ਦੀ ਪੀੜ ਡਾਢੀ ਸੀ।

“ਵੇਖ, ਧੰਨ ਉਹ ਮਨੁੱਖ ਹੈ ਜਿਸ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਇਸ ਲਈ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ। ਕਿਉਂਕਿ ਉਹ ਹੀ ਘਾਇਲ ਕਰਦਾ, ਅਤੇ ਫੇਰ ਪੱਟੀ ਬੰਨ੍ਹਦਾ ਹੈ, ਉਹ ਹੀ ਸੱਟ ਮਾਰਦਾ ਹੈ ਅਤੇ ਫੇਰ ਉਹ ਦੇ ਹੱਥ ਚੰਗਾ ਵੀ ਕਰਦੇ ਹਨ।

ਤਦ ਵੀ ਇਹ ਮੇਰੀ ਤਸੱਲੀ ਦਾ ਕਾਰਨ ਹੁੰਦੀ ਅਤੇ ਮੈਂ ਵੱਡੀ ਤੜਫ਼ਣ ਵਿੱਚ ਵੀ ਖੁਸ਼ੀ ਨਾਲ ਉੱਛਲ ਪੈਂਦਾ, ਕਿਉਂਕਿ ਮੈਂ ਪਵਿੱਤਰ ਪੁਰਖ ਦੇ ਬਚਨਾਂ ਦਾ ਕਦੀ ਇਨਕਾਰ ਨਹੀਂ ਕੀਤਾ। “ਮੇਰੇ ਵਿੱਚ ਕਿਹੜਾ ਬਲ ਜੋ ਮੈਂ ਆਸ ਰੱਖਾਂ, ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾਂ?

“ਜੋ ਮਿੱਤਰ ਉੱਤੇ ਦਯਾ ਨਹੀਂ ਕਰਦਾ ਹੈ, ਉਹ ਸਰਬ ਸ਼ਕਤੀਮਾਨ ਦਾ ਡਰ ਮੰਨਣਾ ਵੀ ਛੱਡ ਦਿੰਦਾ ਹੈ।

ਮੇਰਾ ਸਰੀਰ ਕੀੜਿਆਂ ਅਤੇ ਮਿੱਟੀ ਦੇ ਢੇਲਿਆਂ ਨਾਲ ਢੱਕਿਆ ਹੋਇਆ ਹੈ, ਮੇਰੀ ਚਮੜੀ ਆਕੜ ਜਾਂਦੀ, ਫਿਰ ਪੀਕ ਵਗ ਪੈਂਦੀ ਹੈ।

ਉਹ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰਿਆਂ ਨਾਲ ਭਰੇਗਾ।

“ਮੈਂ ਜੀਵਨ ਤੋਂ ਅੱਕ ਚੁੱਕਿਆ ਹਾਂ, ਮੈਂ ਆਪਣੀ ਸ਼ਿਕਾਇਤ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਕੁੜੱਤਣ ਦੇ ਕਾਰਨ ਬੋਲਾਂਗਾ!

ਤੂੰ ਤਾਂ ਆਪਣਾ ਕਸ਼ਟ ਭੁੱਲ ਜਾਵੇਂਗਾ, ਅਤੇ ਉਸ ਨੂੰ ਲੰਘ ਗਏ ਪਾਣੀ ਵਾਂਗੂੰ ਯਾਦ ਕਰੇਂਗਾ, ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਵੇਗਾ, ਹਨ੍ਹੇਰਾ ਸਵੇਰ ਦੇ ਚਾਨਣ ਵਾਂਗੂੰ ਹੋਵੇਗਾ। ਤੂੰ ਸੁਰੱਖਿਅਤ ਹੋਵੇਗਾ ਕਿਉਂਕਿ ਤੈਨੂੰ ਆਸ ਹੋਵੇਗੀ ਅਤੇ ਤੂੰ ਆਪਣੇ ਚੁਫ਼ੇਰੇ ਵੇਖ ਕੇ ਸ਼ਾਂਤੀ ਨਾਲ ਲੇਟੇਂਗਾ। ਜਦ ਤੂੰ ਲੰਮਾ ਪਵੇਂਗਾ ਤਾਂ ਕੋਈ ਤੈਨੂੰ ਨਹੀਂ ਡਰਾਵੇਗਾ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ।

ਪਰ ਤੁਸੀਂ ਝੂਠੀਆਂ ਗੱਲਾਂ ਦੇ ਘੜਣ ਵਾਲੇ ਹੋ, ਤੁਸੀਂ ਸਾਰੇ ਦੇ ਸਾਰੇ ਨਿਕੰਮੇ ਵੈਦ ਹੋ!

ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਕੋਈ ਆਸ ਨਹੀਂ, ਤਾਂ ਵੀ ਮੈਂ ਆਪਣੇ ਚਾਲ-ਚਲਣ ਲਈ ਉਹ ਦੇ ਨਾਲ ਵਾਦ-ਵਿਵਾਦ ਕਰਾਂਗਾ।

ਮੈਂ ਤਾਂ ਸੜੀ ਹੋਈ ਚੀਜ਼ ਵਰਗਾ ਹਾਂ ਜੋ ਹੰਢਾਈ ਹੋਈ ਹੈ, ਜਾਂ ਉਸ ਕੱਪੜੇ ਵਰਗਾ ਜਿਸ ਨੂੰ ਕੀੜੇ ਨੇ ਖਾ ਲਿਆ ਹੋਵੇ!

ਉਸ ਨੂੰ ਸਿਰਫ਼ ਆਪਣੇ ਸਰੀਰ ਦਾ ਹੀ ਦੁੱਖ ਮਹਿਸੂਸ ਹੁੰਦਾ ਹੈ ਅਤੇ ਆਪਣੇ ਲਈ ਹੀ ਉਸ ਦੀ ਜਾਨ ਅੰਦਰ ਹੀ ਅੰਦਰ ਸੋਗ ਕਰਦੀ ਹੈ।”

ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ, ਅਤੇ ਮੈਂ ਮੌਤ ਤੋਂ ਵਾਲ-ਵਾਲ ਬਚਿਆ ਹਾਂ!

ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ, ਅਤੇ ਆਪਣੀ ਇਸ ਚਮੜੀ ਦੇ ਨਾਸ ਹੋਣ ਦੇ ਬਾਅਦ ਵੀ ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ੁਰ ਦਾ ਦਰਸ਼ਣ ਪਾਵਾਂਗਾ।

ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲ੍ਹਦੀ ਹੈ, ਦੁੱਖ ਦੇ ਦਿਨ ਮੈਨੂੰ ਫੜ੍ਹਦੇ ਹਨ। ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ।

ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਆਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਾਏ ਹਨ! ਮੇਰਾ ਸਰੀਰ ਕਾਲਾ ਪੈ ਗਿਆ ਪਰ ਧੁੱਪ ਦੇ ਕਾਰਨ ਨਹੀਂ, ਮੈਂ ਸਭਾ ਵਿੱਚ ਉੱਠ ਕੇ ਸਹਾਇਤਾ ਲਈ ਦੁਹਾਈ ਦਿੰਦਾ ਹਾਂ! ਮੈਂ ਗਿੱਦੜਾਂ ਦਾ ਭਰਾ, ਅਤੇ ਸ਼ੁਤਰਮੁਰਗ ਦਾ ਸਾਥੀ ਹੋ ਗਿਆ ਹਾਂ, ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ!

“ਜਦ ਕਿਸੇ ਦੀ ਤਾੜਨਾ ਹੋਵੇ ਤਾਂ ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੁੱਲਦਾ ਹੈ, ਅਤੇ ਆਪਣੀਆਂ ਹੱਡੀਆਂ ਵਿੱਚ ਰੋਜ਼ ਦੀ ਅਣ-ਬਣ ਨਾਲ ਵੀ। ਉਹ ਦਾ ਪ੍ਰਾਣ ਰੋਟੀ ਤੋਂ ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ ਘਿਣ ਕਰਨ ਲੱਗਦੀ ਹੈ। ਉਸ ਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆਂ ਜਿਹੜੀਆਂ ਪਹਿਲਾਂ ਵਿਖਾਈ ਨਹੀਂ ਸਨ ਦਿੰਦੀਆਂ ਨਿੱਕਲ ਆਉਂਦੀਆਂ ਹਨ! ਉਸ ਦੀ ਜਾਨ ਕਬਰ ਦੇ ਨੇੜੇ ਪਹੁੰਚਦੀ ਹੈ ਅਤੇ ਉਸ ਦਾ ਪ੍ਰਾਣ ਮੌਤ ਲਿਆਉਣ ਵਾਲਿਆਂ ਦੇ ਵੱਸ ਹੋ ਜਾਂਦਾ ਹੈ।

“ਭਲਾ, ਕਦੀ ਕਿਸੇ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਦੰਡ ਝੱਲ ਲਿਆ ਹੈ, ਮੈਂ ਫੇਰ ਬਦੀ ਨਾ ਕਰਾਂਗਾ? ਜੋ ਮੈਂ ਸਮਝ ਨਹੀਂ ਸਕਦਾ ਤੂੰ ਉਹ ਮੈਨੂੰ ਸਿਖਾ, ਜੇ ਮੈਂ ਬੁਰਿਆਈ ਕੀਤੀ ਹੋਵੇ ਤਾਂ ਮੈਂ ਫਿਰ ਨਹੀਂ ਕਰਾਂਗਾ?

ਜਦ ਅੱਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ, ਤਦ ਯਹੋਵਾਹ ਨੇ ਅੱਯੂਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ ਅਤੇ ਜੋ ਕੁਝ ਅੱਯੂਬ ਦੇ ਕੋਲ ਸੀ, ਉਸ ਦਾ ਦੁੱਗਣਾ ਯਹੋਵਾਹ ਨੇ ਉਸ ਨੂੰ ਦੇ ਦਿੱਤਾ। ਤਦ ਉਸ ਦੇ ਸਾਰੇ ਭਰਾ, ਸਾਰੀਆਂ ਭੈਣਾਂ ਅਤੇ ਉਹ ਦੇ ਸਾਰੇ ਜਾਣ-ਪਹਿਚਾਣ ਵਾਲੇ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਉਸ ਦੇ ਨਾਲ ਉਸ ਦੇ ਘਰ ਵਿੱਚ ਭੋਜਨ ਕੀਤਾ ਅਤੇ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਉਸ ਦੇ ਉੱਤੇ ਆਉਣ ਦਿੱਤੀ ਸੀ, ਅਫ਼ਸੋਸ ਕੀਤਾ ਅਤੇ ਉਸ ਨੂੰ ਤਸੱਲੀ ਦਿੱਤੀ ਅਤੇ ਹਰੇਕ ਨੇ ਉਹ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਅੰਗੂਠੀ ਦਿੱਤੀ।

ਯਹੋਵਾਹ ਅਤੇ ਉਸ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਆਪਸ ਵਿੱਚ ਮਤਾ ਪਕਾਉਂਦੇ ਹਨ, ਕਿ ਆਓ, ਅਸੀਂ ਉਨ੍ਹਾਂ ਦੇ ਬੰਧਨਾਂ ਨੂੰ ਤੋੜ ਦੇਈਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉੱਤੋਂ ਲਾਹ ਸੁੱਟੀਏ। ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੂ ਉਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ।

ਪਰ ਹੇ ਯਹੋਵਾਹ ਤੂੰ ਮੇਰੇ ਦੁਆਲੇ ਢਾਲ਼ ਹੈਂ, ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈਂ। ਮੈਂ ਆਪਣੀ ਆਵਾਜ਼ ਨਾਲ ਯਹੋਵਾਹ ਨੂੰ ਪੁਕਾਰਦਾ ਹਾਂ, ਉਹ ਆਪਣੇ ਪਵਿੱਤਰ ਪਰਬਤ ਤੋਂ ਮੈਨੂੰ ਉੱਤਰ ਦਿੰਦਾ ਹੈ। ਸਲਹ। ਮੈਂ ਲੰਮਾ ਪੈ ਗਿਆ ਅਤੇ ਸੌਂ ਗਿਆ, ਮੈਂ ਜਾਗ ਉੱਠਿਆ, ਕਿਉਂਕਿ ਯਹੋਵਾਹ ਮੈਨੂੰ ਸੰਭਾਲਦਾ ਹੈ। ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਨੇ ਆਲੇ-ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ।

ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਂਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਸ਼ਾਂਤੀ ਵਿੱਚ ਵਸਾਉਂਦਾ ਹੈਂ।

ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈ ਕੁਮਲਾ ਰਿਹਾ ਹਾਂ, ਹੇ ਯਹੋਵਾਹ, ਮੈਨੂੰ ਚੰਗਾ ਕਰ ਕਿਉਂ ਜੋ ਮੇਰੀਆਂ ਹੱਡੀਆਂ ਬੇਚੈਨ ਹਨ। ਮੇਰੀ ਜਾਨ ਵੀ ਅੱਤ ਘਬਰਾਈ ਹੋਈ ਹੈ, ਅਤੇ ਤੂੰ ਯਹੋਵਾਹ, ਕਦੋਂ ਤੱਕ? ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, ਆਪਣੀ ਦਯਾ ਦੇ ਕਾਰਨ ਮੈਨੂੰ ਬਚਾ,

ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, ਹਾਂ, ਬਿਪਤਾ ਦੇ ਸਮੇਂ ਲਈ ਇੱਕ ਉੱਚਾ ਗੜ੍ਹ ਹੋਵੇਗਾ। ਤੇਰੇ ਨਾਮ ਦੇ ਜਾਨਣ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾਹ, ਤੂੰ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।

ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਠਾ ਲੈਂਦਾ ਹੈ, ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਜ਼ਰ ਕਰ,

ਤੂੰ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਤੇ ਡਾਹ ਉੱਤੇ ਨਿਗਾਹ ਰੱਖਦਾ ਹੈ, ਕਿ ਆਪਣੇ ਹੀ ਹੱਥ ਵਿੱਚ ਲੈ ਲਵੇ, ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈ।

ਮੈਂ ਕਦੋਂ ਤੱਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂ? ਮੇਰਾ ਵੈਰੀ ਕਦੋਂ ਤੱਕ ਮੇਰੇ ਸਿਰ ਹੁੰਦਾ ਰਹੇ? ਹੇ ਯਹੋਵਾਹ, ਮੇਰੇ ਪਰਮੇਸ਼ੁਰ, ਧਿਆਨ ਦੇ ਕੇ ਮੈਨੂੰ ਉੱਤਰ ਦੇ, ਮੇਰੀਆਂ ਅੱਖਾਂ ਨੂੰ ਚਾਨਣਾ ਦੇ ਕਿਤੇ ਅਜਿਹਾ ਨਾ ਹੋਵੇ ਮੌਤ ਦੀ ਨੀਂਦ ਮੈਨੂੰ ਆ ਪਵੇ,

ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ। ਇਸ ਕਾਰਨ ਮੇਰਾ ਦਿਲ ਅਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ, ਮੇਰਾ ਸਰੀਰ ਵੀ ਚੈਨ ਵਿੱਚ ਵੱਸੇਗਾ, ਕਿਉਂ ਜੋ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਕਬਰ ਵੇਖਣ ਦੇਵੇਗਾ। ਤੂੰ ਮੈਨੂੰ ਜੀਵਨ ਦਾ ਮਾਰਗ ਵਿਖਾਵੇਂਗਾ, ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ।

ਅੱਖ ਦੀ ਕਾਕੀ ਦੀ ਨਿਆਈਂ ਮੇਰੀ ਰਾਖੀ ਕਰ, ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲੁਕਾ ਲੈ, ਉਨ੍ਹਾਂ ਦੁਸ਼ਟਾਂ ਤੋਂ ਜਿਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੈ, ਮੇਰੇ ਜਾਨੀ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰ ਲੈਂਦੇ ਹਨ।

ਪ੍ਰਧਾਨ ਵਜਾਉਣ ਵਾਲੇ ਦੇ ਲਈ। ਯਹੋਵਾਹ ਦੇ ਦਾਸ ਦਾਊਦ ਦਾ ਗੀਤ, ਜਿਸ ਦੇ ਬਚਨ ਉਸ ਨੇ ਯਹੋਵਾਹ ਦੇ ਲਈ ਉਸ ਸਮੇਂ ਗਾਏ ਜਦੋਂ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਵੈਰੀਆਂ ਅਰਥਾਤ ਸ਼ਾਊਲ ਦੇ ਹੱਥੋਂ ਬਚਾਇਆ ਸੀ। ਉਸ ਨੇ ਕਿਹਾ: ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ। ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰੀ ਚੱਟਾਨ, ਜਿਸ ਦੀ ਸ਼ਰਨ ਵਿੱਚ ਮੈਂ ਆਇਆ ਹਾਂ, ਮੇਰੀ ਢਾਲ਼, ਮੇਰੇ ਬਚਾਓ ਦਾ ਸਿੰਗ ਅਤੇ ਮੇਰਾ ਉੱਚਾ ਗੜ੍ਹ ਹੈ। ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ, ਪੁਕਾਰਾਂਗਾ ਅਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ। ਮੌਤ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਅਤੇ ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ। ਅਧੋਲੋਕ ਦੀਆਂ ਰੱਸੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਚੁਫ਼ੇਰੇ ਸਨ। ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ। ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਸ ਦੇ ਅੱਗੇ, ਸਗੋਂ ਉਸ ਦੇ ਕੰਨਾਂ ਤੱਕ ਪਹੁੰਚੀ।

ਕਿਉਂ ਜੋ ਉਹ ਨੇ ਦੁਖੀਏ ਦੇ ਦੁੱਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਅਤੇ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ।

ਦਾਊਦ ਦਾ ਭਜਨ। ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ। ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ ਮੇਰੀ ਅਗਵਾਈ ਕਰਦਾ ਹੈ। ਭਾਵੇ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈ। ਤੇਰੀ ਸੋਟੀ ਤੇ ਤੇਰੀ ਲਾਠੀ, ਇਹ ਮੈਨੂੰ ਤਸੱਲੀ ਦਿੰਦੀਆਂ ਹਨ। ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ, ਤੂੰ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ, ਮੇਰਾ ਕਟੋਰਾ ਬਰਕਤਾਂ ਨਾਲ ਭਰਿਆ ਹੋਇਆ ਹੈ। ਸੱਚ-ਮੁੱਚ ਭਲਿਆਈ ਅਤੇ ਦਯਾ ਜਿਉਣ ਭਰ ਮੇਰਾ ਪਿੱਛਾ ਕਰਨਗੀਆਂ, ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵਸਾਂਗਾ!

ਮੇਰੀ ਵੱਲ ਮੂੰਹ ਕਰ ਕੇ ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਇਕੱਲਾ ਅਤੇ ਦੁੱਖੀ ਹਾਂ। ਮੇਰੇ ਮਨ ਦੇ ਸੰਕਟ ਵਧ ਗਏ ਹਨ, ਮੇਰੀਆਂ ਮੁਸ਼ਕਿਲਾਂ ਤੋਂ ਮੈਨੂੰ ਬਾਹਰ ਕੱਢ। ਮੇਰੇ ਦੁੱਖ ਅਤੇ ਮੇਰੇ ਕਸ਼ਟ ਨੂੰ ਵੇਖ, ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ।

ਦਾਊਦ ਦਾ ਭਜਨ। ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ? ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਮੈਂ ਕਿਸ ਦਾ ਭੈਅ ਖਾਵਾਂ? ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਅਤੇ ਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ, ਤਾਂ ਓਹ ਠੇਡਾ ਖਾ ਕੇ ਡਿੱਗ ਪਏ। ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ, ਤਾਂ ਵੀ ਮੇਰਾ ਦਿਲ ਨਾ ਡਰੇਗਾ। ਭਾਵੇਂ ਮੇਰੇ ਵਿਰੁੱਧ ਯੁੱਧ ਉੱਠੇ, ਇਸ ਵਿੱਚ ਵੀ ਮੈਂ ਆਸਵੰਤ ਹਾਂ। ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ। ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ, ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ, ਉਹ ਮੈਨੂੰ ਚੱਟਾਨ ਤੇ ਉੱਚਾ ਕਰੇਗਾ।

ਜਦ ਮੇਰੇ ਮਾਤਾ-ਪਿਤਾ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸੰਭਾਲੇਗਾ।

ਯਹੋਵਾਹ ਮੇਰਾ ਬਲ ਅਤੇ ਮੇਰੀ ਢਾਲ਼ ਹੈ, ਮੇਰੇ ਮਨ ਨੇ ਉਸ ਉੱਤੇ ਭਰੋਸਾ ਰੱਖਿਆ, ਅਤੇ ਮੇਰੀ ਸਹਾਇਤਾ ਹੋਈ ਹੈ, ਇਸ ਲਈ ਮੇਰਾ ਮਨ ਮੌਜ ਮਾਣਦਾ ਹੈ, ਅਤੇ ਮੈਂ ਆਪਣੇ ਗੀਤ ਨਾਲ ਉਸ ਦਾ ਧੰਨਵਾਦ ਕਰਾਂਗਾ।

ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੂੰ ਮੈਨੂੰ ਚੰਗਿਆ ਕੀਤਾ। ਹੇ ਯਹੋਵਾਹ, ਤੂੰ ਮੇਰੀ ਜਾਨ ਨੂੰ ਅਧੋਲੋਕ ਤੋਂ ਉਠਾ ਲਿਆ ਹੈ, ਤੂੰ ਮੈਨੂੰ ਜੀਉਂਦਿਆ ਰੱਖਿਆ ਹੈ ਕਿ ਮੈਂ ਕਬਰ ਵਿੱਚ ਨਾ ਉਤਰ ਜਾਂਵਾਂ। ਹੇ ਯਹੋਵਾਹ ਦੇ ਸੰਤੋ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ! ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ। ਭਾਵੇਂ ਰਾਤ ਨੂੰ ਰੋਣਾ ਪਵੇ, ਪਰ ਸਵੇਰ ਨੂੰ ਜੈ-ਜੈਕਾਰ ਹੋਵੇਗੀ।

ਕਿ ਮੇਰੇ ਲਹੂ ਦਾ ਕੀ ਲਾਭ ਹੈ, ਜਦੋਂ ਮੈਂ ਕਬਰ ਵਿੱਚ ਉਤਰ ਜਾਂਵਾਂ? ਭਲਾ, ਮਿੱਟੀ ਤੇਰਾ ਧੰਨਵਾਦ ਕਰੇਗੀ? ਭਲਾ, ਉਹ ਤੇਰੀ ਸਚਿਆਈ ਦੱਸੇਗੀ? ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ, ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ! ਤੂੰ ਮੇਰੇ ਵਿਰਲਾਪ ਨੂੰ ਨੱਚਣ ਨਾਲ ਬਦਲ ਦਿੱਤਾ, ਤੂੰ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰਬੰਦ ਬੰਨਿਆ l ਤਾਂ ਜੋ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਸਦਾ ਤੇਰਾ ਧੰਨਵਾਦ ਕਰਾਂਗਾ।

ਆਪਣਾ ਕੰਨ ਮੇਰੀ ਲਾ ਅਤੇ ਮੈਨੂੰ ਛੇਤੀ ਛੁਡਾ! ਤੂੰ ਮੇਰੇ ਲਈ ਇੱਕ ਮਜ਼ਬੂਤ ਚੱਟਾਨ, ਅਤੇ ਮੇਰੇ ਬਚਾਓ ਲਈ ਗੜ੍ਹ ਹੋ। ਤੂੰ ਹੀ ਤਾਂ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ, ਇਸ ਕਾਰਨ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲਈ ਚੱਲ, ਅਤੇ ਮੇਰੀ ਅਗਵਾਈ ਕਰ।

ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਸਮੱਸਿਆ ਵਿੱਚ ਹਾਂ। ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ਼ ਗਈਆਂ, ਮੇਰੀ ਜਾਨ ਅਤੇ ਮੇਰਾ ਸਰੀਰ ਵੀ। ਮੇਰਾ ਜੀਵਨ ਸੋਗ ਵਿੱਚ ਅਤੇ ਮੇਰੇ ਸਾਲ ਹੌਂਕੇ ਭਰਨ ਵਿੱਚ ਲੰਘ ਗਏ ਹਨ, ਮੇਰੀ ਬਦੀ ਦੇ ਕੰਮਾਂ ਕਾਰਨ ਮੇਰਾ ਬਲ ਘੱਟ ਗਿਆ ਹੈ, ਅਤੇ ਮੇਰੀਆਂ ਹੱਡੀਆਂ ਗਲ਼ ਗਈਆਂ ਹਨ। ਆਪਣੇ ਸਭ ਵਿਰੋਧੀਆਂ ਦੇ ਕਾਰਨ ਮੈਂ ਉਲਾਹਮਾ ਬਣਿਆ, ਖ਼ਾਸ ਕਰਕੇ ਆਪਣੇ ਗੁਆਂਢੀਆਂ ਵਿੱਚ, ਅਤੇ ਆਪਣੇ ਜਾਣ-ਪਛਾਣ ਵਾਲਿਆਂ ਲਈ ਡਰ ਦਾ ਕਾਰਨ, ਜਿਨ੍ਹਾਂ ਮੈਨੂੰ ਬਾਹਰ ਵੇਖਿਆ ਓਹ ਮੈਥੋਂ ਭੱਜ ਗਏ। ਮੈਂ ਮਰੇ ਹੋਏ ਵਾਂਗੂੰ ਮਨੋਂ ਭੁਲਾ ਦਿੱਤਾ ਗਿਆ ਹਾਂ, ਅਤੇ ਟੁੱਟੇ ਹੋਏ ਭਾਂਡੇ ਵਰਗਾ ਹਾਂ।

ਮੇਰੇ ਸਮੇਂ ਤੇਰੇ ਹੱਥ ਵਿੱਚ ਹਨ, ਤੂੰ ਮੈਨੂੰ ਮੇਰੇ ਵੈਰੀਆਂ ਅਤੇ ਸਤਾਉਣ ਵਾਲਿਆਂ ਦੇ ਹੱਥੋਂ ਛੁਡਾ।

ਜਦੋਂ ਮੈਂ ਚੁੱਪ ਰਿਹਾ ਮੇਰੀਆਂ ਹੱਡੀਆਂ ਸਾਰਾ ਦਿਨ ਹੂੰਗਣ ਨਾਲ ਗਲ਼ ਗਈਆਂ, ਕਿਉਂ ਜੋ ਤੇਰਾ ਹੱਥ ਦਿਨ ਰਾਤ ਮੇਰੇ ਉੱਤੇ ਭਾਰਾ ਸੀ, ਮੇਰੀ ਤਰੀ ਗਰਮੀ ਦੀ ਔੜ ਵਿੱਚ ਬਦਲ ਗਈ। ਸਲਹ।

ਵੇਖੋ, ਯਹੋਵਾਹ ਦੀ ਨਜ਼ਰ ਆਪਣੇ ਭੈਅ ਮੰਨਣ ਵਾਲਿਆਂ ਦੇ ਉੱਤੇ ਹੈ, ਉਨ੍ਹਾਂ ਉੱਤੇ ਜਿਹੜੇ ਉਸ ਦੀ ਦਯਾ ਨੂੰ ਉਡੀਕਦੇ ਹਨ, ਕਿ ਉਨ੍ਹਾਂ ਦੀ ਜਾਨ ਮੌਤ ਤੋਂ ਛੁਡਾਵੇ, ਅਤੇ ਕਾਲ ਵਿੱਚ ਉਹਨਾਂ ਨੂੰ ਜੀਉਂਦਿਆ ਰੱਖੇ।

ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।

ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਲੱਗੇ ਰਹਿੰਦੇ ਹਨ। ਯਹੋਵਾਹ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ, ਜੋ ਤੂੰ ਉਹਨਾਂ ਦੀ ਯਾਦ ਧਰਤੀ ਤੋਂ ਮਿਟਾ ਸੁੱਟੇ। ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾਹ ਸੁਣਦਾ ਹੈ, ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਉਂਦਾ ਹੈ। ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਵਾਂ ਵਾਲਿਆਂ ਨੂੰ ਬਚਾਉਂਦਾ ਹੈ। ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਹਨਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ। ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖ਼ਾ ਹੈ, ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ।

ਜਦੋਂ ਓਹ ਬਿਮਾਰ ਸਨ, ਮੇਰਾ ਲਿਬਾਸ ਤੱਪੜ ਦਾ ਸੀ, ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ, ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਮੈਨੂੰ ਨਹੀਂ ਮਿਲਿਆ l ਮੈਂ ਉਨ੍ਹਾਂ ਨਾਲ ਮਿੱਤਰ ਜਾਂ ਭਰਾ ਵਾਂਗੂੰ ਵਰਤਿਆ, ਜਿਵੇਂ ਕੋਈ ਆਪਣੀ ਮਾਤਾ ਲਈ ਵਿਰਲਾਪ ਕਰੇ ਤਿਵੇਂ ਮੈਂ ਸੋਗ ਨਾਲ ਝੁੱਕ ਗਿਆ।

ਹੇ ਪਰਮੇਸ਼ੁਰ, ਤੇਰੀ ਦਯਾ ਕਿੰਨੀ ਬਹੁਮੁੱਲੀ ਹੈ! ਅਤੇ ਆਦਮੀ ਦੇ ਪੁੱਤਰ ਤੇਰੇ ਖੰਭਾਂ ਦੀ ਛਾਇਆ ਵਿੱਚ ਪਨਾਹ ਲੈਂਦੇ ਹਨ। ਉਹ ਤੇਰੇ ਘਰ ਦੀ ਚਿਕਨਾਈ ਨਾਲ ਰੱਜ ਜਾਣਗੇ, ਅਤੇ ਤੂੰ ਆਪਣੀ ਸੁੱਖ ਦੀ ਨਦੀ ਤੋਂ ਉਹਨਾਂ ਨੂੰ ਪਿਲਾਏਂਗਾ, ਕਿਉਂ ਜੋ ਜੀਵਨ ਦਾ ਚਸ਼ਮਾ ਤੇਰੇ ਕੋਲ ਹੈ, ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ।

ਪ੍ਰਭੂ ਦੁਸ਼ਟ ਦੇ ਉੱਤੇ ਹੱਸੇਗਾ, ਕਿਉਂ ਜੋ ਵੇਖਦਾ ਹੈ ਕਿ ਨਿਆਂ ਦਾ ਦਿਨ ਆਉਂਦਾ ਪਿਆ ਹੈ। ਦੁਸ਼ਟਾਂ ਨੇ ਤਲਵਾਰ ਧੂਹੀ ਅਤੇ ਆਪਣਾ ਧਣੁੱਖ ਖਿੱਚਿਆ ਹੈ ਤਾਂ ਜੋ ਮਸਕੀਨ ਤੇ ਕੰਗਾਲ ਨੂੰ ਡੇਗ ਦੇਣ, ਅਤੇ ਸਿੱਧੇ ਚਾਲ-ਚੱਲਣ ਵਾਲਿਆਂ ਨੂੰ ਜਾਨੋਂ ਮਾਰ ਸੁੱਟਣ। ਉਨ੍ਹਾਂ ਦੀ ਤਲਵਾਰ ਉਨ੍ਹਾਂ ਹੀ ਦੇ ਦਿਲਾਂ ਵਿੱਚ ਧੱਸੇਗੀ, ਅਤੇ ਉਨ੍ਹਾਂ ਦੇ ਧਣੁੱਖ ਭੰਨੇ ਜਾਣਗੇ।

ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ।

ਤੇਰੇ ਗੁੱਸੇ ਦੇ ਕਾਰਨ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ, ਅਤੇ ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁੱਖ ਹੈ, ਕਿਉਂ ਜੋ ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਗੂੰ ਉਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ। ਮੇਰੇ ਮੂਰਖਪੁਣੇ ਦੇ ਕਾਰਨ ਮੇਰੇ ਜਖ਼ਮ ਤੋਂ, ਸੜਿਆਂਧ ਆਉਂਦੀ ਹੈ ਅਤੇ ਪਾਕ ਵਗਦੀ ਹੈ। ਮੈਂ ਦੁੱਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ, ਕਿਉਂ ਜੋ ਮੇਰਾ ਲੱਕ ਗਰਮੀ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ। ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ। ਹੇ ਪ੍ਰਭੂ, ਮੇਰੀ ਸਾਰੀ ਇੱਛਿਆ ਤੇਰੇ ਸਾਹਮਣੇ ਹੈ, ਅਤੇ ਮੇਰਾ ਕਰਾਹਣਾ ਤੇਰੇ ਕੋਲੋਂ ਛਿਪਿਆ ਹੋਇਆ ਨਹੀਂ ਹੈ। ਮੇਰਾ ਦਿਲ ਧੜਕਦਾ ਹੈ, ਮੇਰਾ ਬਲ ਘੱਟ ਗਿਆ, ਮੇਰੀਆਂ ਅੱਖੀਆਂ ਦੀ ਰੋਸ਼ਨੀ ਵੀ ਜਾਂਦੀ ਰਹੀ।

ਆਪਣੀ ਸੱਟ ਨੂੰ ਮੈਥੋਂ ਹਟਾ ਦੇ, ਤੇਰੇ ਹੱਥ ਦੀ ਮਾਰ ਨਾਲ ਮੈਂ ਭਸਮ ਹੋਇਆ ਹਾਂ। ਜਦੋਂ ਤੂੰ ਬਦੀ ਦੇ ਕਾਰਨ ਗੁੱਸੇ ਵਿੱਚ ਮਨੁੱਖ ਨੂੰ ਤਾੜਦਾ ਹੈਂ, ਤਦ ਤੂੰ ਉਹ ਦੇ ਸਹੁੱਪਣ ਨੂੰ ਪਤੰਗੇ ਵਾਂਗੂੰ ਅਲੋਪ ਕਰਦਾ ਹੈ, ਸੱਚ-ਮੁੱਚ ਹਰ ਇਨਸਾਨ ਸੁਆਸ ਹੀ ਹੈ! ਸਲਹ। ਹੇ ਯਹੋਵਾਹ ਮੇਰੀ ਪ੍ਰਾਰਥਨਾਂ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਲਾ, ਮੇਰਿਆਂ ਹੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ, ਕਿਉਂ ਜੋ ਮੈਂ ਪਰਦੇਸੀ ਹਾਂ, ਅਤੇ ਆਪਣਿਆਂ ਸਾਰੇ ਪੁਰਖਿਆਂ ਵਰਗਾ ਮੁਸਾਫ਼ਰ ਹਾਂ।

ਉਸ ਨੇ ਮੈਨੂੰ ਭਿਆਨਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ, ਅਤੇ ਮੇਰੇ ਪੈਰਾਂ ਨੂੰ ਚੱਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ੍ਹ ਕੀਤਾ। ਉਸ ਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ, ਅਰਥਾਤ ਸਾਡੇ ਪਰਮੇਸ਼ੁਰ ਦੀ ਉਸਤਤ ਦਾ। ਬਹੁਤੇ ਵੇਖਣਗੇ ਅਤੇ ਡਰ ਜਾਣਗੇ, ਅਤੇ ਯਹੋਵਾਹ ਉੱਤੇ ਭਰੋਸਾ ਰੱਖਣਗੇ।

ਹੇ ਯਹੋਵਾਹ, ਤੂੰ ਆਪਣਾ ਰਹਮ ਮੇਰੇ ਤੋਂ ਨਾ ਰੋਕ, ਤੇਰੀ ਦਯਾ ਅਤੇ ਤੇਰਾ ਸੱਚ ਹਰ ਵੇਲੇ ਮੇਰੀ ਰੱਖਿਆ ਕਰਨ,

ਯਹੋਵਾਹ ਉਹ ਦੀ ਬਿਮਾਰੀ ਦੇ ਬਿਸਤਰ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ। ਮੈ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆਂ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ।

ਹੇ ਮੇਰੇ ਮਨ, ਤੂੰ ਕਿਉਂ ਝੁਕਿਆ ਹੋਇਆ ਹੈਂ? ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ? ਪਰਮੇਸ਼ੁਰ ਉੱਤੇ ਆਸ ਰੱਖ ਮੈਂ ਤਾਂ ਉਸ ਦੇ ਦਰਸ਼ਣ ਨਾਲ ਮੁਕਤੀ ਪਾ ਕੇ ਫੇਰ ਉਸ ਦਾ ਧੰਨਵਾਦ ਕਰਾਂਗਾ। ਹੇ ਮੇਰੇ ਪਰਮੇਸ਼ੁਰ, ਮੇਰਾ ਜੀਅ ਮੇਰੇ ਅੰਦਰ ਝੁਕਿਆ ਹੋਇਆ ਹੈ, ਇਸ ਕਾਰਨ ਮੈਂ ਯਰਦਨ ਅਤੇ ਹਰਮੋਨ ਦੀ ਧਰਤੀ ਤੋਂ ਅਤੇ ਮਿਸਾਰ ਦੇ ਪਰਬਤ ਤੋਂ ਤੇਰਾ ਸਿਮਰਨ ਕਰਾਂਗਾ।

ਤਦ ਮੈਂ ਪਰਮੇਸ਼ੁਰ ਦੀ ਜਗਵੇਦੀ ਕੋਲ ਜਾਂਵਾਂਗਾ, ਉਸ ਪਰਮੇਸ਼ੁਰ ਕੋਲ ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਹੈਂ, ਅਤੇ ਬਰਬਤ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਹੇ ਪਰਮੇਸ਼ੁਰ ਮੇਰੇ ਪਰਮੇਸ਼ੁਰ! ਹੇ ਮੇਰੇ ਜੀਅ, ਤੂੰ ਕਿਉਂ ਝੁਕਿਆ ਹੋਇਆ ਹੈਂ? ਅਤੇ ਅੰਦਰ ਹੀ ਅੰਦਰ ਕਿਉਂ ਪਰੇਸ਼ਾਨ ਹੈਂ? ਪਰਮੇਸ਼ੁਰ ਉੱਤੇ ਆਸ ਰੱਖ! ਮੈਂ ਤਾਂ ਫੇਰ ਉਸ ਦਾ ਧੰਨਵਾਦ ਕਰਾਂਗਾ, ਜਿਹੜਾ ਮੇਰੇ ਮੁੱਖੜੇ ਦਾ ਬਚਾਓ ਅਤੇ ਮੇਰਾ ਪਰਮੇਸ਼ੁਰ ਹੈਂ।

ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਅਲਾਮੋਥ ਦੀ ਰਾਗ ਉੱਤੇ ਇੱਕ ਗੀਤ। ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ l ਇਸ ਕਰਕੇ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ, ਅਤੇ ਪਰਬਤ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ,

ਸਾਡਾ ਪਰਮੇਸ਼ੁਰ ਆਖਦਾ ਹੈ, ਨਾ ਲੜੋ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ, ਮੈਂ ਕੌਮਾਂ ਵਿੱਚ ਵਡਿਆਇਆ ਜਾਂਵਾਂਗਾ, ਮੈਂ ਧਰਤੀ ਉੱਤੇ ਵਡਿਆਇਆ ਜਾਂਵਾਂਗਾ! ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ। ਸਲਹ।

ਇਹੋ ਪਰਮੇਸ਼ੁਰ ਤਾਂ ਜੁੱਗੋ-ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੱਕ ਵੀ ਓਹੋ ਸਾਡਾ ਆਗੂ ਰਹੇਗਾ!

ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ, ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ।

ਮੈਨੂੰ ਖੁਸ਼ੀ ਅਤੇ ਅਨੰਦ ਸੁਣਾ, ਤਾਂ ਜੋ ਓਹ ਹੱਡੀਆਂ ਜਿਨ੍ਹਾਂ ਨੂੰ ਤੂੰ ਤੋੜ ਦਿੱਤਾ ਅਨੰਦ ਹੋਣ।

ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ ਤੂੰ ਤੁੱਛ ਨਾ ਜਾਣੇਗਾ।

ਧਰਮੀ ਵੀ ਵੇਖਣਗੇ ਅਤੇ ਡਰਨਗੇ, ਅਤੇ ਉਸ ਉੱਤੇ ਹੱਸਣਗੇ, ਵੇਖੋ, ਇਹ ਓਹੋ ਮਨੁੱਖ ਹੈ ਜਿਸ ਨੇ ਪਰਮੇਸ਼ੁਰ ਨੂੰ ਆਪਣਾ ਗੜ੍ਹ ਨਹੀਂ ਮੰਨਿਆ ਸੀ, ਸਗੋਂ ਆਪਣੇ ਧਨ ਦੀ ਬਹੁਤਾਇਤ ਉੱਤੇ ਭਰੋਸਾ ਰੱਖਦਾ ਸੀ, ਅਤੇ ਆਪਣੇ ਲੋਭ ਵਿੱਚ ਪੱਕਾ ਸੀ!

ਉਹ ਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਅਸਾਨੀ ਨਾਲ ਛੁਡਾ ਲਿਆ, ਕਿਉਂ ਜੋ ਮੇਰੇ ਵਿਰੋਧੀ ਬਹੁਤ ਸਨ।

ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ।

ਜਿਸ ਵੇਲੇ ਮੈਨੂੰ ਡਰ ਹੋਵੇਗਾ, ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ। ਪਰਮੇਸ਼ੁਰ ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ, ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰ ਸਕਦਾ ਹੈ? ਓਹ ਸਾਰਾ ਦਿਨ ਮੇਰੀਆਂ ਗੱਲਾਂ ਨੂੰ ਪਲਟਾਉਂਦੇ ਰਹਿੰਦੇ ਹਨ, ਉਨ੍ਹਾਂ ਦੀਆਂ ਸਾਰੀਆਂ ਸੋਚਾਂ ਮੇਰਾ ਬੁਰਾ ਕਰਨ ਦੀਆਂ ਹਨ। ਓਹ ਸਾਰੇ ਇਕੱਠੇ ਹੋ ਕੇ ਲੁੱਕ ਜਾਂਦੇ ਹਨ, ਓਹ ਮੇਰੇ ਕਦਮਾਂ ਦੀ ਖੋਜ ਕਰਦੇ ਹਨ, ਜਿਵੇਂ ਓਹ ਮੇਰੀ ਜਾਨ ਲਈ ਆਕੜਦੇ ਸਨ।

ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ, ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਭਲਾ, ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?।

ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਆਦਮੀ ਮੇਰਾ ਕੀ ਕਰ ਸਕਦਾ ਹੈ? ਹੇ ਪਰਮੇਸ਼ੁਰ, ਤੇਰੀਆਂ ਸੁੱਖਣਾ ਮੇਰੇ ਉੱਤੇ ਹਨ, ਮੈਂ ਧੰਨਵਾਦ ਦੀਆਂ ਭੇਟਾਂ ਤੈਨੂੰ ਦਿਆਂਗਾ, ਕਿਉਂ ਜੋ ਤੂੰ ਮੇਰੀ ਜਾਨ ਮੌਤ ਤੋਂ ਛੁਡਾਈ ਹੈ, - ਭਲਾ, ਤੂੰ ਮੇਰਿਆਂ ਪੈਰਾਂ ਨੂੰ ਠੇਡੇ ਖਾਣ ਤੋਂ ਨਾ ਬਚਾਵੇਂਗਾ, ਕਿ ਮੈਂ ਪਰਮੇਸ਼ੁਰ ਦੇ ਸਨਮੁਖ ਜਿਉਂਦਿਆਂ ਦੇ ਚਾਨਣ ਵਿੱਚ ਚੱਲਾਂ ਫਿਰਾਂ?

ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਰਾਗ ਵਿੱਚ ਦਾਊਦ ਦਾ ਮਿਕਤਾਮ; ਜਦੋਂ ਉਹ ਸ਼ਾਊਲ ਤੋਂ ਭੱਜ ਕੇ ਗੁਫ਼ਾ ਵਿੱਚ ਲੁੱਕ ਗਿਆ ਸੀ। ਮੇਰੇ ਉੱਤੇ ਦਯਾ ਕਰ, ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ! ਕਿਉਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ, ਅਤੇ ਮੈ ਤੇਰੇ ਖੰਭਾਂ ਦੀ ਛਾਇਆ ਹੇਠ ਸ਼ਰਨ ਲਵਾਂਗਾ, ਜਿਨ੍ਹਾਂ ਚਿਰ ਇਹ ਆਫ਼ਤਾਂ ਨਾ ਲੰਘ ਜਾਣ।

ਪਰ ਹੇ ਯਹੋਵਾਹ, ਤੂੰ ਉਨ੍ਹਾਂ ਉੱਤੇ ਹੱਸੇਂਗਾ, ਤੂੰ ਸਾਰੀਆਂ ਕੌਮਾਂ ਨੂੰ ਠੱਠੇ ਵਿੱਚ ਉਡਾਵੇਂਗਾ!। ਹੇ ਮੇਰੇ ਬਲ, ਮੈਂ ਤੇਰੀ ਵੱਲ ਗੌਰ ਕਰਾਂਗਾ, ਪਰਮੇਸ਼ੁਰ ਮੇਰਾ ਉੱਚਾ ਗੜ੍ਹ ਜੋ ਹੈ।

ਪਰ ਮੈਂ ਤੇਰੀ ਸਮਰੱਥਾ ਨੂੰ ਗਾਵਾਂਗਾ, ਅਤੇ ਸਵੇਰ ਨੂੰ ਤੇਰੀ ਦਯਾ ਦਾ ਜੈ ਜੈ ਕਾਰ ਕਰਾਂਗਾ। ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰੀ ਬਿਪਤਾ ਦੇ ਦਿਨ ਮੇਰੀ ਪਨਾਹਗਾਰ ਰਿਹਾ ਹੈਂ। ਹੇ ਮੇਰੇ ਬਲ, ਮੈਂ ਤੇਰਾ ਭਜਨ ਕੀਰਤਨ ਕਰਾਂਗਾ, ਕਿਉਂ ਜੋ ਪਰਮੇਸ਼ੁਰ ਮੇਰਾ ਉੱਚਾ ਗੜ੍ਹ ਅਤੇ ਮੇਰਾ ਦਿਆਲੂ ਪਰਮੇਸ਼ੁਰ ਹੈ।

ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਭਜਨ। ਹੇ ਪਰਮੇਸ਼ੁਰ, ਮੇਰੀ ਪੁਕਾਰ ਸੁਣ, ਮੇਰੀ ਪ੍ਰਾਰਥਨਾ ਵੱਲ ਧਿਆਨ ਦੇ! ਮੈਂ ਆਪਣੇ ਮਨ ਦੇ ਨਢਾਲ ਹੋਣ ਤੇ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ, ਤੂੰ ਉਸ ਚੱਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ, ਤੂੰ ਮੇਰੀ ਪਨਾਹ ਜੋ ਹੈਂ, ਤੂੰ ਵੈਰੀ ਦੇ ਸਨਮੁਖ ਇੱਕ ਤਕੜਾ ਬੁਰਜ ਹੈਂ। ਮੈਂ ਤੇਰੇ ਤੰਬੂ ਵਿੱਚ ਸਦਾ ਰਹਾਂਗਾ, ਮੈਂ ਤੇਰੇ ਖੰਭਾਂ ਦੇ ਮੁੱਢ ਪਨਾਹ ਲਵਾਂਗਾ। ਸਲਹ।

ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ। ਯਦੂਥੂਨ ਦੀ ਰਾਗ ਉੱਤੇ। ਮੇਰੀ ਜਾਨ ਪਰਮੇਸ਼ੁਰ ਦੇ ਹੀ ਅੱਗੇ ਚੁੱਪ-ਚਾਪ ਹੈ, ਮੇਰਾ ਬਚਾਓ ਉਸੇ ਵੱਲੋਂ ਹੈ। ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ।

ਹੇ ਮੇਰੀ ਜਾਨ, ਤੂੰ ਪਰਮੇਸ਼ੁਰ ਹੀ ਦੇ ਅੱਗੇ ਚੁੱਪ-ਚਾਪ ਰਹਿ, ਕਿਉਂ ਜੋ ਮੇਰੀ ਤਾਂਘ ਉਸੇ ਵੱਲੋਂ ਹੈ। ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹੋ ਮੇਰਾ ਉੱਚਾ ਗੜ੍ਹ ਹੈ, ਮੈਂ ਨਾ ਡੋਲਾਂਗਾ। ਮੇਰਾ ਬਚਾਓ ਅਤੇ ਮੇਰਾ ਪਰਤਾਪ ਪਰਮੇਸ਼ੁਰ ਉੱਤੇ ਕਾਇਮ ਹੈ, ਮੇਰੇ ਬਲ ਦੀ ਚੱਟਾਨ ਅਤੇ ਮੇਰੀ ਪਨਾਹ ਪਰਮੇਸ਼ੁਰ ਵਿੱਚ ਹੈ। ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ। ਸਲਹ।

ਦਾਊਦ ਦਾ ਭਜਨ, ਜਦੋਂ ਉਹ ਯਹੂਦਾਹ ਦੇ ਜੰਗਲ ਵਿੱਚ ਸੀ। ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ। ਤਾਂ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਣ ਪਾਇਆ, ਕਿ ਮੈਂ ਤੇਰਾ ਬਲ ਅਤੇ ਤੇਰੀ ਮਹਿਮਾ ਵੇਖਾਂ। ਇਸ ਲਈ ਕਿ ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ। ਸੋ ਮੈਂ ਆਪਣੇ ਜੀਵਨ ਵਿੱਚ ਤੈਨੂੰ ਮੁਬਾਰਕ ਆਖਾਂਗਾ, ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ। ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀਅ ਤ੍ਰਿਪਤ ਹੋਵੇਗਾ, ਅਤੇ ਜੈਕਾਰਿਆਂ ਦੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਉਸਤਤ ਕਰੇਗਾ, ਜਿਸ ਵੇਲੇ ਮੈਂ ਆਪਣੇ ਵਿਛਾਉਣੇ ਉੱਤੇ ਤੈਨੂੰ ਯਾਦ ਕਰਦਾ ਹਾਂ, ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ। ਤੂੰ ਮੇਰਾ ਸਹਾਇਕ ਹੋਇਆ ਹੈਂ, ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰੇ ਗਜਾਵਾਂਗਾ। ਮੇਰਾ ਜੀਅ ਤੇਰੇ ਪਿੱਛੇ-ਪਿੱਛੇ ਲੱਗਿਆ ਹੋਇਆ ਹੈ, ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।

ਯਤੀਮਾਂ ਦਾ ਪਿਤਾ ਅਤੇ ਵਿਧਵਾ ਦੀ ਰੱਖਿਆ ਕਰਨ ਵਾਲਾ ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ। ਪਰਮੇਸ਼ੁਰ ਇਕੱਲੇ ਨੂੰ ਘਰਾਣੇ ਵਿੱਚ ਵਸਾਉਂਦਾ ਹੈ, ਉਹ ਗ਼ੁਲਾਮਾਂ ਨੂੰ ਭਾਗਵਾਨੀ ਵਿੱਚ ਕੱਢਦਾ ਹੈ, ਪਰ ਆਕੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ।

ਸੋ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੱਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ। ਅਤੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ, ਤੂੰ ਵੱਡੇ-ਵੱਡੇ ਕੰਮ ਕੀਤੇ ਹਨ! ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈ? ਤੂੰ ਜਿਸ ਨੇ ਮੈਨੂੰ ਬਹੁਤ ਅਤੇ ਬੁਰੀਆਂ ਬਿਪਤਾਵਾਂ ਵਿਖਾਈਆਂ ਹਨ, ਮੁੜ ਕੇ ਮੈਨੂੰ ਜਿਵਾਏਂਗਾ, ਅਤੇ ਧਰਤੀ ਦੀਆਂ ਡੁੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ। ਤੂੰ ਮੇਰੇ ਆਦਰ ਨੂੰ ਵਧਾ, ਅਤੇ ਮੁੜ ਕੇ ਮੈਨੂੰ ਦਿਲਾਸਾ ਦੇ। ਹੇ ਮੇਰੇ ਪਰਮੇਸ਼ੁਰ, ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਿਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ। ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ, ਅਤੇ ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।

ਫੇਰ ਮੈਂ ਸਦਾ ਤੇਰੇ ਸੰਗ ਹਾਂ, ਤੂੰ ਮੇਰੇ ਸੱਜੇ ਹੱਥ ਨੂੰ ਫੜਿਆ ਹੈ। ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ। ਸਵਰਗ ਵਿੱਚ ਮੇਰਾ ਹੋਰ ਕੌਣ ਹੈ? ਅਤੇ ਧਰਤੀ ਉੱਤੇ ਤੈਥੋਂ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ। ਮੇਰਾ ਤਨ ਤੇ ਮੇਰਾ ਮਨ ਢੱਲ਼ ਜਾਂਦੇ ਹਨ, ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦਾ ਬਲ ਅਤੇ ਮੇਰਾ ਭਾਗ ਹੈ।

ਨਿਤਾਣੇ ਅਤੇ ਯਤੀਮ ਦਾ ਨਿਆਂ ਕਰੋ, ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ।

ਮੇਰਾ ਜੀਅ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ, ਮੇਰਾ ਤਨ-ਮਨ ਜਿਉਂਦੇ ਪਰਮੇਸ਼ੁਰ ਲਈ ਜੈਕਾਰਾ ਗਜਾਉਂਦਾ ਹੈ! ਹੇ ਸੈਨਾਂ ਦੇ ਯਹੋਵਾਹ, ਮੇਰੇ ਪਾਤਸ਼ਾਹ ਅਤੇ ਮੇਰੇ ਪਰਮੇਸ਼ੁਰ, ਤੇਰੀਆਂ ਜਗਵੇਦੀਆਂ ਵਿੱਚ ਚਿੜ੍ਹੀ ਨੇ ਆਪਣੇ ਲਈ ਘਰ ਅਤੇ ਬਾਲਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ ਆਲ੍ਹਣਾ ਪਾਇਆ ਹੈ। ਧੰਨ ਓਹ ਹਨ ਜਿਹੜੇ ਭਵਨ ਵਿੱਚ ਵੱਸਦੇ ਹਨ, ਓਹ ਨਿੱਤ ਤੇਰੀ ਉਸਤਤ ਕਰਨਗੇ! ਸਲਹ।

ਮੈਂ ਬਿਪਤਾ ਦੇ ਦਿਨ ਤੈਨੂੰ ਪੁਕਾਰਾਂਗਾ, ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ।

ਤੇਰੀ ਦਯਾ ਤਾਂ ਮੇਰੇ ਉੱਤੇ ਵੱਡੀ ਹੈ, ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ ਹੈ।

ਚੇਤੇ ਕਰ ਕਿ ਮੇਰਾ ਵੇਲਾ ਕਿੰਨ੍ਹਾਂ ਘੱਟ ਹੈ, ਤੂੰ ਕਿਹੜੇ ਵਿਅਰਥ ਲਈ ਸਾਰੇ ਆਦਮ ਵੰਸ਼ ਨੂੰ ਉਤਪਤ ਕੀਤਾ! ਕਿਹੜਾ ਮਨੁੱਖ ਜਿਉਂਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ, ਅਤੇ ਆਪਣੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਡਾਵੇਗਾ? ਸਲਹ।

ਪਰਮੇਸ਼ੁਰ ਦੇ ਜਨ ਮੂਸਾ ਦੀ ਪ੍ਰਾਰਥਨਾ ਹੇ ਪ੍ਰਭੂ, ਪੀੜ੍ਹੀਓਂ ਪੀੜ੍ਹੀ, ਤੂੰ ਹੀ ਸਾਡੀ ਵੱਸੋਂ ਰਿਹਾ ਹੈਂ।

ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ, ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ। ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ। ਉਹ ਤਾਂ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ। ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ, ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ, ਉਹ ਦੀ ਸਚਿਆਈ ਇੱਕ ਢਾਲ਼ ਅਤੇ ਫਰੀ ਹੈ। ਤੂੰ ਰਾਤ ਦੇ ਭੈਜਲ ਤੋਂ ਨਾ ਡਰੇਂਗਾ, ਨਾ ਦਿਨ ਦੇ ਉੱਡਦੇ ਤੀਰ ਤੋਂ, ਨਾ ਉਸ ਮਰੀ ਤੋਂ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜ ਦੀ ਹੈ। ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ।

ਹੇ ਯਹੋਵਾਹ, ਤੂੰ ਤਾਂ ਮੇਰੀ ਪਨਾਹਗਾਰ ਹੈਂ, ਤੂੰ ਅੱਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ। ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਨਾ ਕੋਈ ਬਵਾ ਤੇਰੇ ਡੇਰੇ ਕੋਲ ਪਹੁੰਚੇਗੀ। ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਕਿ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਖਿਆ ਕਰਨ। ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ, ਤੂੰ ਜੁਆਨ ਸ਼ੇਰ ਅਤੇ ਨਾਗ ਨੂੰ ਲਤਾੜੇਂਗਾ। ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, ਸੋ ਮੈਂ ਉਹ ਨੂੰ ਛੁਡਾਵਾਂਗਾ, ਮੈਂ ਉਹ ਨੂੰ ਉੱਚਾ ਕਰਾਂਗਾ, ਉਹ ਨੇ ਮੇਰਾ ਨਾਮ ਜੋ ਜਾਣਿਆ ਹੈ। ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁੱਖ ਵਿੱਚ ਮੈਂ ਉਹ ਦੇ ਅੰਗ-ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ, ਆਰਜਾ ਦੇ ਵਾਧੇ ਨਾਲ ਮੈਂ ਉਹ ਦੀ ਨਿਸ਼ਾ ਕਰਾਂਗਾ, ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ।

ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀਅ ਨੂੰ ਖੁਸ਼ ਕਰਦੀਆਂ ਹਨ।

ਪਰ ਯਹੋਵਾਹ ਮੇਰਾ ਉੱਚਾ ਗੜ੍ਹ ਹੈ, ਅਤੇ ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚੱਟਾਨ,

ਧੰਨਵਾਦ ਦਾ ਭਜਨ ਹੇ ਸਾਰੀ ਧਰਤੀ ਦੇ ਵਾਸੀਓ, ਯਹੋਵਾਹ ਲਈ ਲਲਕਾਰੋ, ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ, ਜੈ-ਜੈਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿੱਚ ਆਓ। ਜਾਣ ਰੱਖੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ, ਉਸ ਨੇ ਸਾਨੂੰ ਸਾਜਿਆ ਅਤੇ ਅਸੀਂ ਉਹ ਦੀ ਜੂਹ ਦੀਆਂ ਭੇਡਾਂ ਹਾਂ। ਧੰਨਵਾਦ ਕਰਦੇ ਹੋਏ ਉਹ ਦੀ ਹੈਕਲ ਦੇ ਫਾਟਕਾਂ ਦੇ ਅੰਦਰ, ਅਤੇ ਉਸਤਤ ਕਰਦੇ ਹੋਏ ਉਹ ਦੇ ਦਰਬਾਰ ਵਿੱਚ ਆਓ, ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ। ਯਹੋਵਾਹ ਤਾਂ ਭਲਾ ਹੈ, ਉਹ ਦੀ ਦਯਾ ਸਦੀਪਕ ਹੈ, ਅਤੇ ਉਹ ਦੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਤੱਕ ਹੈ।

ਦੀਨ ਜਨ ਦੀ ਉਸ ਸਮੇਂ ਦੀ ਪ੍ਰਾਰਥਨਾ ਜਦੋਂ ਉਹ ਦੁੱਖ ਦਾ ਮਾਰਿਆ ਆਪਣੇ ਸੋਗ ਦੀਆਂ ਸਾਰੀਆਂ ਗੱਲਾਂ ਯਹੋਵਾਹ ਦੇ ਅੱਗੇ ਖੋਲ੍ਹ ਕੇ ਕਹਿੰਦਾ ਹੈ ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੀ ਦੁਹਾਈ ਤੇਰੇ ਤੱਕ ਪਹੁੰਚੇ! ਮੇਰੇ ਔਖ ਦੇ ਦਿਨ ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣਾ ਕੰਨ ਮੇਰੀ ਵੱਲ ਝੁਕਾ, ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇ! ਮੇਰੇ ਜਿਉਣ ਦੇ ਦਿਨ ਤਾਂ ਧੂੰਏਂ ਵਾਂਗੂੰ ਮੁੱਕ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬਾਲਣ ਵਾਂਗੂੰ ਬਲਦੀਆਂ ਹਨ। ਘਾਹ ਦੀ ਨਿਆਈਂ ਮੇਰਾ ਮਨ ਮਾਰਿਆ ਗਿਆ ਤੇ ਸੁੱਕ ਗਿਆ, ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ। ਮੇਰੇ ਕਰਾਹਣੇ ਦੀ ਅਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ।

ਮੇਰੇ ਦਿਨ ਢਲਦੇ ਸਾਯੇ ਵਾਂਗੂੰ ਹਨ, ਮੈਂ ਘਾਹ ਵਾਂਗੂੰ ਮੁੱਕ ਜਾਂਦਾ ਹਾਂ। ਪਰ ਤੂੰ ਹੇ ਯਹੋਵਾਹ, ਸਦਾ ਤੱਕ ਬਿਰਾਜਮਾਨ ਰਹੇਂਗਾ, ਅਤੇ ਤੇਰਾ ਸਿਮਰਨ ਪੀੜ੍ਹੀਓਂ ਪੀੜ੍ਹੀ ਤੱਕ!

ਦਾਊਦ ਦਾ ਭਜਨ ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਜੋ ਕੁਝ ਮੇਰੇ ਅੰਦਰ ਹੈ, ਉਸ ਦੇ ਪਵਿੱਤਰ ਨਾਮ ਨੂੰ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ! ਉਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ। ਉਹ ਤੇਰੀ ਜਿੰਦ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ।

ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਕਿ ਅਸੀਂ ਮਿੱਟੀ ਹੀ ਹਾਂ। ਇਨਸਾਨ ਦੀ ਉਮਰ ਘਾਹ ਜਿੰਨੀ ਹੈ, ਮੈਦਾਨ ਦੇ ਫੁੱਲ ਵਾਂਗੂੰ ਉਹ ਟਹਿਕਦਾ ਹੈ, ਜਦ ਵਾਯੂ ਉਹ ਦੇ ਉੱਤੇ ਵਗਦੀ ਹੈ ਤਦ ਉਹ ਹੈ ਹੀ ਨਹੀਂ ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ। ਪਰ ਯਹੋਵਾਹ ਦੀ ਦਯਾ ਆਦ ਤੋਂ ਅੰਤ ਤੱਕ ਆਪਣੇ ਡਰਨ ਵਾਲਿਆਂ ਦੇ ਉੱਤੇ ਹੈ, ਅਤੇ ਉਹ ਦਾ ਧਰਮ ਪੁੱਤਰਾਂ ਪੋਤ੍ਰਿਆਂ ਤੱਕ,

ਬਹੁਤ ਵਾਰ ਉਸ ਨੇ ਉਨ੍ਹਾਂ ਨੂੰ ਛੁਡਾਇਆ, ਪਰ ਓਹ ਆਪਣੀਆਂ ਸਲਾਹਾਂ ਵਿੱਚ ਉਸ ਤੋਂ ਆਕੀ ਰਹੇ, ਓਹ ਆਪਣੀ ਬਦੀ ਦੇ ਕਾਰਨ ਹੀਣੇ ਹੋ ਗਏ। ਜਾਂ ਉਹ ਨੇ ਉਨ੍ਹਾਂ ਦੀ ਫ਼ਰਿਆਦ ਸੁਣੀ, ਤਾਂ ਉਹ ਨੇ ਉਨ੍ਹਾਂ ਦੇ ਦੁੱਖ ਨੂੰ ਵੇਖਿਆ। ਉਹ ਨੇ ਉਨ੍ਹਾਂ ਲਈ ਆਪਣੇ ਨੇਮ ਨੂੰ ਚੇਤੇ ਕੀਤਾ, ਅਤੇ ਆਪਣੀ ਬੇਹੱਦ ਦਯਾ ਦੇ ਕਾਰਨ ਉਨ੍ਹਾਂ ਉੱਤੇ ਤਰਸ ਖਾਧਾ। ਉਨ੍ਹਾਂ ਨੂੰ ਬੰਦੀ ਬਣਾਉਣ ਵਾਲਿਆਂ ਦੇ ਅੱਗੇ ਉਹ ਨੇ ਉਨ੍ਹਾਂ ਨੂੰ ਰਹਮ ਦੁਵਾਇਆ।

ਓਹ ਭੁੱਖੇ ਤੇ ਤਿਹਾਏ ਸਨ ਉਨ੍ਹਾਂ ਦੇ ਪ੍ਰਾਣ ਉਨ੍ਹਾਂ ਦੇ ਵਿੱਚ ਨਢਾਲ ਸਨ। ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਅਤੇ ਉਹ ਨੇ ਉਨ੍ਹਾਂ ਦੇ ਕਸ਼ਟਾਂ ਤੋਂ ਉਨ੍ਹਾਂ ਨੂੰ ਛੁਡਾਇਆ।

ਉਹ ਤਾਂ ਤਰਸਦੀ ਜਾਨ ਨੂੰ ਰਜਾਉਂਦਾ ਹੈ, ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਭਰਦਾ ਹੈ। ਜਿਹੜੇ ਅਨ੍ਹੇਰੇ ਤੇ ਮੌਤ ਦੇ ਸਾਯੇ ਥੱਲੇ ਵੱਸਦੇ ਸਨ, ਅਤੇ ਦੁੱਖ ਤੇ ਲੋਹੇ ਨਾਲ ਜਕੜੇ ਹੋਏ ਸਨ, ਇਸ ਲਈ ਕਿ ਓਹ ਪਰਮੇਸ਼ੁਰ ਦੇ ਬਚਨਾਂ ਤੋਂ ਆਕੀ ਹੋ ਗਏ, ਅਤੇ ਅੱਤ ਮਹਾਨ ਦੇ ਸਲਾਹ ਨੂੰ ਤੁੱਛ ਜਾਣਿਆ, ਉਨ੍ਹਾਂ ਦੇ ਮਨ ਨੂੰ ਉਹ ਨੇ ਖੇਚਲ ਨਾਲ ਅਧੀਨ ਕੀਤਾ, ਓਹ ਡਿੱਗਣ ਨੂੰ ਸਨ ਪਰ ਕੋਈ ਸਹਾਇਕ ਨਹੀਂ ਸੀ, ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਉਹ ਨੇ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਇਆ। ਉਹ ਉਨ੍ਹਾਂ ਨੂੰ ਅਨ੍ਹੇਰੇ ਤੇ ਮੌਤ ਦੇ ਸਾਯੇ ਹੇਠੋਂ ਕੱਢ ਲਿਆਇਆ, ਅਤੇ ਉਨ੍ਹਾਂ ਦੇ ਬੰਦ ਤੋੜ ਸੁੱਟੇ।

ਮੂਰਖ ਆਪਣੇ ਕੁਚਲਣ ਤੇ ਕੁਕਰਮ ਦੇ ਕਾਰਨ ਦੁੱਖ ਭੋਗਦੇ ਹਨ, ਸਭ ਪਰਕਾਰ ਦੇ ਪਰਸ਼ਾਦਾਂ ਤੋਂ ਉਨ੍ਹਾਂ ਦਾ ਜੀਅ ਘਿਣ ਕਰਦਾ ਹੈ, ਅਤੇ ਓਹ ਮੌਤ ਦੇ ਫਾਟਕਾਂ ਦੇ ਨੇੜੇ ਪਹੁੰਚਦੇ ਹਨ। ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਉਂਦਾ ਹੈ। ਉਹ ਆਪਣਾ ਬਚਨ ਭੇਜ ਕੇ ਉਨ੍ਹਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।

ਹੇ ਮੇਰੀ ਜਾਨ, ਆਪਣੇ ਟਿਕਾਣੇ ਨੂੰ ਮੁੜ ਚੱਲ, ਯਹੋਵਾਹ ਨੇ ਤੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ, ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ, ਮੇਰੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ ਹੈ। ਮੈਂ ਯਹੋਵਾਹ ਦੇ ਅੱਗੇ-ਅੱਗੇ ਜਿਉਂਦਿਆਂ ਦੇ ਦੇਸ ਵਿੱਚ ਤੁਰਾਂਗਾ।

ਯਹੋਵਾਹ ਦੀ ਨਿਗਾਹ ਵਿੱਚ ਉਹ ਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ!

ਮੈਂ ਦੁੱਖ ਵਿੱਚ ਯਹੋਵਾਹ ਨੂੰ ਪੁਕਾਰਿਆ, ਯਹੋਵਾਹ ਨੇ ਉੱਤਰ ਦੇ ਕੇ ਮੈਨੂੰ ਖੁੱਲ੍ਹੇ ਥਾਂ ਵਿੱਚ ਰੱਖਿਆ। ਯਹੋਵਾਹ ਮੇਰੀ ਵੱਲ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰ ਸਕਦਾ ਹੈ?

ਆਦਮੀ ਉੱਤੇ ਭਰੋਸਾ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ। ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।

ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ, ਅਤੇ ਯਹੋਵਾਹ ਦੇ ਕੰਮਾਂ ਦਾ ਵਰਣਨ ਕਰਾਂਗਾ।

ਯਹੋਵਾਹ ਨੇ ਮੈਨੂੰ ਬਹੁਤ ਤਾੜਿਆ, ਪਰ ਮੈਨੂੰ ਮੌਤ ਦੇ ਹਵਾਲੇ ਨਾ ਕੀਤਾ।

ਮੇਰੀ ਜਾਨ ਖਾਕ ਵਿੱਚ ਰਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਜਿਵਾਲ!

ਮੇਰੀ ਜਾਨ ਉਦਾਸੀ ਦੇ ਕਾਰਨ ਢੱਲ਼ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਦ੍ਰਿੜ੍ਹ ਕਰ!

ਇਹ ਹੀ ਮੇਰੇ ਦੁੱਖ ਵਿੱਚ ਮੇਰੀ ਤਸੱਲੀ ਹੈ, ਕਿ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ।

ਮੇਰੇ ਦੁਖੀ ਹੋਣ ਤੋਂ ਪਹਿਲਾਂ ਮੈਂ ਭੁੱਲਿਆ ਫਿਰਦਾ ਸੀ, ਪਰ ਹੁਣ ਮੈਂ ਤੇਰੇ ਬਚਨ ਦੀ ਪਾਲਣਾ ਕਰਦਾ ਹਾਂ।

ਮੇਰੇ ਲਈ ਭਲਾ ਕਿ ਮੈਂ ਦੁਖੀ ਹੋਇਆ, ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ।

ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੇਰੇ ਨਿਆਂ ਧਰਮ ਦੇ ਹਨ, ਸੋ ਤੂੰ ਵਫ਼ਾਦਾਰੀ ਨਾਲ ਮੈਨੂੰ ਦੁੱਖ ਦਿੱਤਾ। ਤੇਰੀ ਦਯਾ ਮੈਨੂੰ ਸ਼ਾਂਤ ਦੇਵੇ, ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ। ਤੇਰੀਆਂ ਦਿਆਲ਼ਗੀਆਂ ਮੈਨੂੰ ਮਿਲ ਜਾਣ ਕਿ ਮੈਂ ਜੀਂਉਦਾ ਰਹਾਂ, ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ!

ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ, ਤਾਂ ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ। ਤੇਰੇ ਫ਼ਰਮਾਨ ਮੈਂ ਕਦੇ ਨਾ ਭੁੱਲਾਂਗਾ, ਕਿਉਂਕਿ ਉਨ੍ਹਾਂ ਨਾਲ ਤੂੰ ਮੈਨੂੰ ਜਿਉਂਦਿਆ ਰੱਖਿਆ ਹੈ।

ਹੇ ਯਹੋਵਾਹ, ਮੈਂ ਬਹੁਤ ਹੀ ਦੁਖੀ ਹੋਇਆ ਹਾਂ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਜਿਉਂਦਾ ਰੱਖ!

ਦੁੱਖ ਤੇ ਰੰਜ ਮੈਨੂੰ ਲੱਭਾ, ਪਰ ਤੇਰੇ ਹੁਕਮ ਮੇਰੀ ਖੁਸ਼ੀ ਹਨ।

ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।

ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰਾਖੀ ਕਰੇਗਾ। ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਰੱਖਿਆ ਕਰੇਗਾ!

ਜਿਹੜੇ ਹੰਝੂਆਂ ਨਾਲ ਬੀਜਦੇ ਹਨ, ਉਹ ਜੈਕਾਰਿਆਂ ਨਾਲ ਵੱਢਣਗੇ। ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਾ ਹੋਇਆ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ!

ਮੈਂ ਯਹੋਵਾਹ ਨੂੰ ਉਡੀਕਦਾ ਹਾਂ, ਮੇਰੀ ਜਾਨ ਵੀ ਉਡੀਕਦੀ ਹੈ, ਅਤੇ ਉਹ ਦੇ ਬਚਨ ਉੱਤੇ ਮੇਰੀ ਆਸ ਹੈ। ਜਿੰਨਾਂ ਪਹਿਰੇਦਾਰ ਸਵੇਰ ਨੂੰ, ਹਾਂ, ਜਿੰਨਾਂ ਪਹਿਰੇਦਾਰ ਸਵੇਰ ਨੂੰ ਉਡੀਕਦੇ ਹਨ, ਉਨ੍ਹਾਂ ਤੋਂ ਵੱਧ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਹੈ।

ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਹੇ ਯਹੋਵਾਹ, ਮੈਨੂੰ ਬੁਰੇ ਆਦਮੀ ਤੋਂ ਛੁਡਾ, ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ, ਜਿਹੜੇ ਆਪਣੇ ਦਿਲਾਂ ਵਿੱਚ ਬੁਰੇ ਉਪੱਦਰ ਸੋਚਦੇ ਹਨ, ਅਤੇ ਸਾਰਾ ਦਿਨ ਲੜਾਈਆਂ ਛੇੜਦੇ ਹਨ! ਉਨ੍ਹਾਂ ਨੇ ਨਾਗ ਵਾਂਗੂੰ ਆਪਣੀਆਂ ਜੀਭਾਂ ਨੂੰ ਤਿੱਖਿਆਂ ਕੀਤਾ, ਸੱਪਾਂ ਦੀ ਵਿੱਸ ਉਨ੍ਹਾਂ ਦੇ ਬੁੱਲ੍ਹਾਂ ਦੇ ਹੇਠ ਹੈ!।

ਮੈਂ ਜਾਣਦਾ ਹਾਂ ਕਿ ਯਹੋਵਾਹ ਮਸਕੀਨ ਦਾ ਹੱਕ, ਅਤੇ ਕੰਗਾਲ ਦਾ ਨਿਆਂ ਪੂਰਾ ਕਰੇਗਾ।

ਦਾਊਦ ਦਾ ਮਸ਼ਕੀਲ ਜਦੋਂ ਉਹ ਗੁਫ਼ਾ ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਦੁਹਾਈ ਦਿੰਦਾ ਹਾਂ, ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਬੇਨਤੀ ਕਰਦਾ ਹਾਂ, ਮੈਂ ਆਪਣੀ ਫ਼ਰਿਆਦ ਉਹ ਦੇ ਅੱਗੇ ਰੱਖਦਾ ਹਾਂ, ਮੈਂ ਆਪਣਾ ਦੁੱਖ ਉਹ ਦੇ ਅੱਗੇ ਖੋਲ੍ਹ ਕੇ ਦੱਸਦਾ ਹਾਂ। ਜਦ ਮੇਰਾ ਆਤਮਾ ਮੇਰੇ ਅੰਦਰ ਨਢਾਲ ਸੀ, ਤਾਂ ਤੂੰ ਮੇਰੀ ਚਾਲ ਜਾਣਦਾ ਸੀ। ਜਿਸ ਰਾਹ ਮੈਂ ਚੱਲਦਾ ਹਾਂ, ਉਨ੍ਹਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ। ਨਿਗਾਹ ਕਰ ਕੇ ਸੱਜੇ ਪਾਸੇ ਵੇਖ, ਕਿ ਮੇਰਾ ਸਿਆਣੂ ਕੋਈ ਨਹੀਂ ਹੈ, ਮੇਰੀ ਪਨਾਹ ਜਾਂਦੀ ਰਹੀ, ਮੇਰੀ ਜਾਨ ਦਾ ਪੁੱਛਣ-ਗਿੱਛਣ ਵਾਲਾ ਕੋਈ ਨਹੀਂ! ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੰਦਾ, ਮੈਂ ਆਖਿਆ ਕਿ ਤੂੰ ਮੇਰੀ ਪਨਾਹ ਹੈਂ, ਜੀਉਂਦਿਆਂ ਦੀ ਧਰਤੀ ਉੱਤੇ ਮੇਰਾ ਭਾਗ। ਮੇਰੇ ਚਿੱਲਾਉਣ ਉੱਤੇ ਧਿਆਨ ਦੇ, ਕਿਉਂ ਜੋ ਮੈਂ ਬਹੁਤ ਅਧੀਨ ਹੋ ਗਿਆ ਹਾਂ, ਮੇਰੇ ਪਿੱਛਾ ਕਰਨ ਵਾਲਿਆਂ ਤੋਂ ਮੈਨੂੰ ਛੁਡਾ, ਕਿਉਂ ਜੋ ਓਹ ਮੈਥੋਂ ਬਲਵਾਨ ਹਨ! ਮੇਰੀ ਜਾਨ ਨੂੰ ਕੈਦ ਵਿੱਚੋਂ ਬਾਹਰ ਕੱਢ, ਕਿ ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂ, ਧਰਮੀ ਮੈਨੂੰ ਆਣ ਘੇਰਨਗੇ, ਕਿਉਂ ਜੋ ਤੂੰ ਮੇਰੇ ਉੱਤੇ ਉਪਕਾਰ ਕਰੇਂਗਾ!।

ਮੈਂ ਆਪਣੇ ਹੱਥ ਤੇਰੀ ਵੱਲ ਅੱਡਦਾ ਹਾਂ, ਮੇਰੀ ਜਾਨ ਸੁੱਕੀ ਧਰਤੀ ਵਾਂਗੂੰ ਤੇਰੀ ਤਿਹਾਈ ਹੈ। ਸਲਹ। ਛੇਤੀ ਕਰ, ਹੇ ਯਹੋਵਾਹ, ਮੈਨੂੰ ਉੱਤਰ ਦੇ, ਮੇਰਾ ਆਤਮਾ ਬਸ ਹੋ ਚੱਲਿਆ, ਆਪਣਾ ਮੂੰਹ ਮੇਰੇ ਕੋਲੋਂ ਨਾ ਲੁਕਾ, ਕਿਤੇ ਮੈਂ ਕਬਰ ਵਿੱਚ ਉੱਤਰਨ ਵਾਲਿਆਂ ਵਰਗਾ ਨਾ ਹੋ ਜਾਂਵਾਂ!

ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। ਉਹ ਆਪਣਾ ਭੈਅ ਮੰਨ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ। ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਣਾ ਕਰਦਾ ਹੈ, ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ। ਮੇਰਾ ਮੂੰਹ ਯਹੋਵਾਹ ਦੀ ਉਸਤਤ ਕਰੇ, ਅਤੇ ਸਾਰੇ ਬਸ਼ਰ ਉਹ ਦੇ ਪਵਿੱਤਰ ਨਾਮ ਨੂੰ ਜੁੱਗੋ-ਜੁੱਗ ਮੁਬਾਰਕ ਆਖਣ!

ਉਹ ਦਬਾਏ ਹੋਇਆਂ ਦਾ ਨਿਆਂ ਕਰਦਾ ਹੈ, ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ, ਯਹੋਵਾਹ ਗ਼ੁਲਾਮਾਂ ਨੂੰ ਛੁਡਾ ਦਿੰਦਾ ਹੈ। ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਨੂੰ ਖੋਲ੍ਹ ਦਿੰਦਾ ਹੈ, ਯਹੋਵਾਹ ਝੁਕਿਆ ਹੋਇਆਂ ਨੂੰ ਸਿੱਧਾ ਕਰਦਾ ਹੈ, ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ। ਯਹੋਵਾਹ ਪਰਦੇਸੀਆਂ ਦੀ ਪਾਲਣਾ ਕਰਦਾ ਹੈ, ਯਤੀਮਾਂ ਤੇ ਵਿਧਵਾ ਨੂੰ ਸੰਭਾਲਦਾ ਹੈ, ਪਰ ਦੁਸ਼ਟਾਂ ਦਾ ਰਾਹ ਵਿੰਗਾ ਕਰ ਦਿੰਦਾ ਹੈ।

ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।

ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈਅ ਰੱਖ ਅਤੇ ਬੁਰਿਆਈ ਤੋਂ ਦੂਰ ਰਹਿ। ਇਸ ਤੋਂ ਤੇਰਾ ਸਰੀਰ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ।

ਮਨੁੱਖ ਦੇ ਦਿਲ ਦੀ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।

ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ਼ ਹੁੰਦਾ ਹੈ।

ਖੁਸ਼ ਦਿਲੀ ਚੰਗੀ ਦਵਾ ਹੈ, ਪਰ ਉਦਾਸ ਮਨ ਹੱਡੀਆਂ ਨੂੰ ਸੁਕਾਉਂਦਾ ਹੈ।

ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।

ਮਨੁੱਖ ਦਾ ਆਤਮਾ ਬਿਮਾਰੀ ਵਿੱਚ ਉਹ ਨੂੰ ਸੰਭਾਲਦਾ ਹੈ, ਪਰ ਜਦੋਂ ਆਤਮਾ ਹਾਰ ਜਾਂਦਾ ਹੈ ਤਾਂ ਉਸ ਨੂੰ ਕੌਣ ਸਹਿ ਸਕਦਾ ਹੈ?

ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸਦਾ ਫਲ ਖਾਣਗੇ।

ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ। ਜਿਹੜੇ ਮਾਰੇ ਜਾਣ ਲਈ ਲਿਜਾਏ ਜਾਂਦੇ ਹਨ ਉਨ੍ਹਾਂ ਨੂੰ ਛੁਡਾ, ਜਿਹੜੇ ਘਾਤ ਹੋਣ ਵਾਲੇ ਹਨ, ਉਨ੍ਹਾਂ ਨੂੰ ਫੜਵਾ।

ਸ਼ਰਾਬ ਉਸ ਨੂੰ ਪਿਲਾਓ ਜੋ ਨਾਸ ਹੋਣਾ ਵਾਲਾ ਹੈ, ਅਤੇ ਮਧ ਉਸ ਨੂੰ ਜਿਹ ਦਾ ਮਨ ਉਦਾਸ ਹੈ, ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ, ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ। ਗੂੰਗਿਆਂ ਦੇ ਲਈ ਆਪਣਾ ਮੂੰਹ ਖੋਲ੍ਹ, ਅਤੇ ਉਹਨਾਂ ਸਭਨਾਂ ਦੇ ਹੱਕ ਲਈ, ਜਿਹੜੇ ਅਨਾਥ ਹਨ।

ਹਰੇਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ, - ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ, ਇੱਕ ਲਾਉਣ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ, ਇੱਕ ਮਾਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਚੰਗੇ ਕਰਨ ਦਾ ਵੇਲਾ ਹੈ, ਇੱਕ ਢਾਉਣ ਦਾ ਵੇਲਾ ਹੈ ਅਤੇ ਇੱਕ ਉਸਾਰਨ ਦਾ ਵੇਲਾ ਹੈ, ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ, ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ,

ਨੇਕਨਾਮੀ ਮਹਿੰਗੇ ਅਤਰ ਨਾਲੋਂ ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ। ਸੋਗ ਵਾਲੇ ਘਰ ਵਿੱਚ ਜਾਣਾ ਦਾਵਤ ਵਾਲੇ ਘਰ ਵਿੱਚ ਜਾਣ ਨਾਲੋਂ ਚੰਗਾ ਹੈ, ਕਿਉਂ ਜੋ ਸਾਰੇ ਮਨੁੱਖਾਂ ਦਾ ਅੰਤ ਇਹੋ ਹੈ ਅਤੇ ਜੀਉਂਦੇ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ। ਹਾਸੇ ਨਾਲੋਂ ਦੁੱਖ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ। ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵੱਲ ਲੱਗਿਆ ਰਹਿੰਦਾ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਰਹਿੰਦਾ ਹੈ।

ਖੁਸ਼ਹਾਲੀ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਵਰਗਾ ਬਣਾਇਆ ਹੈ, ਤਾਂ ਕਿ ਮਨੁੱਖ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।

ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ, ਤੁਸੀਂ ਕਿਉਂ ਵਿਦਰੋਹ ਕਰਨ ਤੇ ਅੜੇ ਰਹਿੰਦੇ ਹੋ? ਤੁਹਾਡਾ ਸਾਰਾ ਸਿਰ ਜ਼ਖਮਾਂ ਨਾਲ ਅਤੇ ਤੁਹਾਡਾ ਸਾਰਾ ਦਿਲ ਪੀੜ੍ਹਿਤ ਹੈ। ਪੈਰ ਦੀ ਤਲੀ ਤੋਂ ਸਿਰ ਤੱਕ ਉਸ ਵਿੱਚ ਤੰਦਰੁਸਤੀ ਨਹੀਂ, ਸਿਰਫ਼ ਸੱਟ, ਚੋਟ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ।

ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।

ਅਤੇ ਯਹੋਵਾਹ ਮਿਸਰ ਦੇ ਲੋਕਾਂ ਨੂੰ ਮਾਰੇਗਾ, ਉਹੋ ਨਾਲੇ ਮਾਰੇਗਾ ਨਾਲੇ ਚੰਗਾ ਵੀ ਕਰੇਗਾ ਅਤੇ ਉਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਉਹਨਾਂ ਦੀ ਦੁਹਾਈ ਸੁਣੇਗਾ ਅਤੇ ਉਹਨਾਂ ਨੂੰ ਚੰਗਾ ਕਰੇਗਾ।

ਇਸ ਲਈ ਮੇਰਾ ਲੱਕ ਦਰਦ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾਂ ਵਾਂਗੂੰ ਪੀੜਾਂ ਨੇ ਮੈਨੂੰ ਫੜ੍ਹ ਲਿਆ ਹੈ, ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ।

ਧਰਤੀ ਸੋਗ ਕਰਦੀ ਅਤੇ ਕੁਮਲਾ ਜਾਂਦੀ ਹੈ, ਜਗਤ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ। ਧਰਤੀ ਆਪਣੇ ਵਾਸੀਆਂ ਹੇਠ ਭਰਿਸ਼ਟ ਹੋਈ ਹੈ, ਕਿਉਂ ਜੋ ਉਹਨਾਂ ਨੇ ਬਿਵਸਥਾ ਦਾ ਉਲੰਘਣ ਕੀਤਾ, ਉਹਨਾਂ ਨੇ ਬਿਧੀਆਂ ਨੂੰ ਤੋੜ ਸੁੱਟਿਆ, ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਦਿੱਤਾ। ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਗਿਆ ਹੈ, ਅਤੇ ਉਹ ਦੇ ਵਾਸੀ ਦੋਸ਼ੀ ਠਹਿਰੇ, ਇਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ।

ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਗੂੰ ਹੈ।

ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ, ਅਤੇ ਪ੍ਰਭੂ ਯਹੋਵਾਹ ਸਾਰੀਆਂ ਅੱਖਾਂ ਤੋਂ ਹੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾਹ ਦਾ ਵਾਕ ਹੈ।

ਜਿਹੜਾ ਤੇਰੇ ਵਿੱਚ ਲਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ। ਸਦਾ ਤੱਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਪ੍ਰਭੂ ਯਹੋਵਾਹ ਸਨਾਤਨ ਚੱਟਾਨ ਹੈ।

ਹੇ ਯਹੋਵਾਹ, ਤੂੰ ਸਾਡੇ ਲਈ ਸ਼ਾਂਤੀ ਠਹਿਰਾਵੇਂਗਾ, ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਪੂਰੇ ਕੀਤੇ।

ਇਸ ਲਈ ਯਹੋਵਾਹ ਉਡੀਕਦਾ ਹੈ ਕਿ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਤਾਂ ਜੋ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਉਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ! ਹਾਂ, ਹੇ ਲੋਕੋ, ਜਿਹੜੇ ਯਰੂਸ਼ਲਮ ਵਿੱਚ ਸੀਯੋਨ ਤੇ ਵੱਸਦੇ ਹੋ, ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ। ਭਾਵੇਂ ਪ੍ਰਭੂ ਤੁਹਾਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ, ਤਾਂ ਵੀ ਤੁਹਾਡਾ ਉਪਦੇਸ਼ਕ ਆਪਣੇ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਤੁਹਾਡੇ ਉਪਦੇਸ਼ਕਾਂ ਨੂੰ ਵੇਖਣਗੀਆਂ, ਅਤੇ ਜਦ ਕਦੀ ਤੁਸੀਂ ਸੱਜੇ ਨੂੰ ਮੁੜੋ ਜਾਂ ਖੱਬੇ ਨੂੰ ਤਾਂ ਤੁਹਾਡੇ ਕੰਨ ਤੁਹਾਡੇ ਪਿੱਛੋਂ ਇੱਕ ਅਵਾਜ਼ ਇਹ ਆਖਦੀ ਹੋਈ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਵਿੱਚ ਚੱਲੋ।

ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ! ਘਬਰਾਉਂਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ! ਨਾ ਡਰੋ! ਆਪਣੇ ਪਰਮੇਸ਼ੁਰ ਨੂੰ ਵੇਖੋ! ਉਹ ਬਦਲਾ ਲੈਣ ਲਈ, ਅਤੇ ਫਲ ਦੇਣ ਲਈ ਆ ਰਿਹਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ। ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲ਼ਿਆਂ ਦੇ ਕੰਨ ਖੁੱਲ੍ਹ ਜਾਣਗੇ। ਤਦ ਲੰਗੜਾ ਹਿਰਨ ਵਾਂਗੂੰ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।

ਉੱਥੇ ਇੱਕ ਸ਼ਾਹੀ ਮਾਰਗ ਹੋਵੇਗਾ, ਅਤੇ ਉਹ ਮਾਰਗ “ਪਵਿੱਤਰ ਮਾਰਗ” ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਮਾਰਗ ਛੁਡਾਏ ਹੋਇਆਂ ਦੇ ਲਈ ਹੋਵੇਗਾ। ਉਸ ਉੱਤੇ ਚੱਲਣ ਵਾਲੇ ਭਾਵੇਂ ਮੂਰਖ ਹੋਣ, ਤਾਂ ਵੀ ਕੁਰਾਹੇ ਨਾ ਪੈਣਗੇ। ਉੱਥੇ ਕੋਈ ਬੱਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਜਾਨਵਰ ਉਸ ਉੱਤੇ ਨਾ ਚੜ੍ਹੇਗਾ, ਉਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਹਮੇਸ਼ਾ ਚੱਲਣਗੇ। ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਉਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਉੱਥੋਂ ਨੱਠ ਜਾਣਗੇ।

ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ। ਯਰੂਸ਼ਲਮ ਨਾਲ ਸ਼ਾਂਤੀ ਦੀਆਂ ਗੱਲਾਂ ਕਰੋ ਅਤੇ ਉਸ ਨੂੰ ਪੁਕਾਰ ਕੇ ਆਖੋ, ਤੇਰੀ ਔਖੀ ਸੇਵਾ ਪੂਰੀ ਹੋਈ ਹੈ, ਤੇਰੀ ਬਦੀ ਦੀ ਸਜ਼ਾ ਭਰ ਦਿੱਤੀ ਗਈ ਹੈ, ਯਹੋਵਾਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ ਦੁੱਗਣੀ ਸਜ਼ਾ ਪਾ ਚੁੱਕੀਂ ਹੈਂ।

ਉਹ ਅਯਾਲੀ ਵਾਂਗੂੰ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਉਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ-ਹੌਲੀ ਤੋਰੇਗਾ।

ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ ਜੋ ਧਰਤੀ ਦਿਆਂ ਬੰਨਿਆਂ ਦਾ ਕਰਤਾ ਹੈ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ? ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ।

ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।

ਮਸਕੀਨ ਅਤੇ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਖੁਸ਼ਕ ਹਨ, ਮੈਂ ਯਹੋਵਾਹ ਉਹਨਾਂ ਨੂੰ ਉੱਤਰ ਦੇਵਾਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ।

ਹੇ ਯਾਕੂਬ, ਤੇਰਾ ਕਰਤਾਰ, ਅਤੇ ਹੇ ਇਸਰਾਏਲ, ਤੇਰਾ ਸਿਰਜਣਹਾਰ ਯਹੋਵਾਹ ਹੁਣ ਇਹ ਆਖਦਾ ਹੈ, ਨਾ ਡਰ, ਕਿਉਂ ਜੋ ਮੈਂ ਤੈਨੂੰ ਛੁਡਾ ਲਿਆ ਹੈ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਤੂੰ ਮੇਰਾ ਹੀ ਹੈਂ। ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਉਹ ਤੈਨੂੰ ਨਾ ਡੋਬਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ।

ਮੈਂ ਚਾਨਣ ਦਾ ਸਿਰਜਣਹਾਰ ਅਤੇ ਹਨੇਰੇ ਦਾ ਕਰਤਾਰ ਹਾਂ, ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਬਿਪਤਾ ਦਾ ਕਰਤਾ ਹਾਂ, ਮੈਂ ਯਹੋਵਾਹ ਇਹ ਸਾਰੇ ਕੰਮ ਕਰਦਾ ਹਾਂ।

ਤੁਹਾਡੇ ਬੁਢਾਪੇ ਤੱਕ ਅਤੇ ਧੌਲਿਆਂ ਤੱਕ ਉਹ ਹੀ ਹਾਂ, ਮੈਂ ਤੈਨੂੰ ਬਣਾਇਆ ਹੈ, ਮੈਂ ਹੀ ਤੈਨੂੰ ਚੁੱਕਾਂਗਾ, ਮੈਂ ਉਠਾਵਾਂਗਾ ਅਤੇ ਮੈਂ ਛੁਡਾਵਾਂਗਾ।

ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ, ਮੈਂ ਤੈਨੂੰ ਦੁੱਖ ਦੀ ਕੁਠਾਲੀ ਵਿੱਚ ਪਰਤਾਇਆ ਹੈ।

ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ ਹੋਣਗੇ, ਨਾ ਲੂ, ਨਾ ਧੁੱਪ ਉਹਨਾਂ ਨੂੰ ਮਾਰੇਗੀ, ਕਿਉਂ ਜੋ ਉਹਨਾਂ ਉੱਤੇ ਦਯਾ ਕਰਨ ਵਾਲਾ ਉਹਨਾਂ ਦੀ ਅਗਵਾਈ ਕਰੇਗਾ, ਅਤੇ ਪਾਣੀ ਦੇ ਸੋਤਿਆਂ ਕੋਲ ਉਹਨਾਂ ਨੂੰ ਲੈ ਜਾਵੇਗਾ।

ਹੇ ਅਕਾਸ਼ੋ, ਜੈਕਾਰਾ ਗਜਾਓ! ਹੇ ਧਰਤੀ, ਬਾਗ-ਬਾਗ ਹੋ! ਹੇ ਪਰਬਤੋ, ਜੈ ਜੈ ਕਾਰ ਦੇ ਨਾਰੇ ਮਾਰੋ! ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ।

ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।

ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਗੂੰ, ਅਤੇ ਉਸ ਦੀ ਸੁੱਕੀ ਭੂਮੀ ਯਹੋਵਾਹ ਦੇ ਬਾਗ ਵਾਂਗੂੰ ਬਣਾ ਦੇਵੇਗਾ। ਖੁਸ਼ੀ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਦੀ ਅਵਾਜ਼ ਵੀ।

ਯਹੋਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁੜ ਆਉਣਗੇ, ਅਤੇ ਜੈਕਾਰਿਆਂ ਨਾਲ ਸੀਯੋਨ ਵਿੱਚ ਆਉਣਗੇ, ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ, ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ। ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ਼ ਤੋਂ, ਜਿਹੜਾ ਘਾਹ ਵਾਂਗੂੰ ਹੋ ਜਾਵੇਗਾ?

ਸਾਡੇ ਸੰਦੇਸ਼ ਦੀ ਕਿਸ ਨੇ ਪਰਤੀਤ ਕੀਤੀ? ਅਤੇ ਯਹੋਵਾਹ ਦੀ ਭੁਜਾ ਕਿਸ ਦੇ ਉੱਤੇ ਪਰਗਟ ਹੋਈ? ਉਹ ਤਾਂ ਉਸ ਦੇ ਸਾਹਮਣੇ ਕੂੰਬਲ ਵਾਂਗੂੰ, ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਗੂੰ ਫੁੱਟ ਨਿੱਕਲਿਆ, ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਕਿ ਅਸੀਂ ਉਸ ਨੂੰ ਵੇਖਦੇ, ਅਤੇ ਨਾ ਕੋਈ ਸੁਹੱਪਣ ਸੀ ਕਿ ਅਸੀਂ ਉਸ ਨੂੰ ਪਸੰਦ ਕਰਦੇ। ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਗੂੰ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਣਿਆ ਗਿਆ ਅਤੇ ਅਸੀਂ ਉਸ ਦੀ ਕਦਰ ਨਾ ਕੀਤੀ। ਸੱਚ-ਮੁੱਚ ਉਸ ਨੇ ਸਾਡੇ ਰੋਗ ਚੁੱਕ ਲਏ, ਅਤੇ ਸਾਡੇ ਦੁੱਖ ਉਠਾਏ, ਪਰ ਅਸੀਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਅਤੇ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂ। ਅਸੀਂ ਸਾਰੇ ਦੇ ਸਾਰੇ ਭੇਡਾਂ ਵਾਂਗੂੰ ਭੁੱਲੇ ਫਿਰਦੇ ਸੀ, ਅਸੀਂ ਆਪਣੇ-ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਉਹ ਸਤਾਇਆ ਗਿਆ ਅਤੇ ਦੁਖੀ ਹੋਇਆ, ਪਰ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ, ਉਸ ਲੇਲੇ ਵਾਂਗੂੰ ਜਿਹੜਾ ਵੱਢੇ ਜਾਣ ਲਈ ਲੈ ਜਾਇਆ ਜਾਂਦਾ ਹੈ, ਅਤੇ ਭੇਡ ਵਾਂਗੂੰ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੂੰਗੀ ਹੈ, ਉਸੇ ਤਰ੍ਹਾਂ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ। ਜ਼ੁਲਮ ਕਰਕੇ ਅਤੇ ਦੋਸ਼ ਲਾ ਕੇ ਉਹ ਨੂੰ ਫੜ੍ਹਿਆ ਗਿਆ, ਉਸ ਦੀ ਪੀੜ੍ਹੀ ਵਿੱਚੋਂ ਕਿਸ ਨੇ ਧਿਆਨ ਦਿੱਤਾ ਕਿ ਉਹ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ? ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ, ਉਸ ਦੀ ਕਬਰ ਦੁਸ਼ਟਾਂ ਦੇ ਨਾਲ ਠਹਿਰਾਈ ਗਈ ਅਤੇ ਮੌਤ ਦੇ ਵੇਲੇ ਉਹ ਧਨਵਾਨ ਦਾ ਸੰਗੀ ਹੋਇਆ, ਭਾਵੇਂ ਉਸ ਨੇ ਕਦੀ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਕੋਈ ਛਲ ਸੀ। ਪਰ ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ, ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ, ਅਤੇ ਯਹੋਵਾਹ ਦੀ ਇੱਛਾ ਉਸ ਦੇ ਹੱਥ ਵਿੱਚ ਸਫ਼ਲ ਹੋਵੇਗੀ। ਆਪਣੀ ਜਾਨ ਦਾ ਦੁੱਖ ਝੱਲਣ ਤੋਂ ਬਾਅਦ ਉਹ ਵੇਖੇਗਾ ਅਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ। ਇਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ, ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ, ਕਿਉਂ ਜੋ ਉਸ ਨੇ ਆਪਣੀ ਜਾਨ ਮੌਤ ਲਈ ਡੋਲ੍ਹ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ, ਉਸ ਨੇ ਬਹੁਤਿਆਂ ਦੇ ਪਾਪ ਚੁੱਕੇ, ਅਤੇ ਅਪਰਾਧੀਆਂ ਲਈ ਸਿਫ਼ਾਰਿਸ਼ ਕੀਤੀ।

ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ, ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ, ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ, ਅਤੇ ਆਪਣੇ ਰੰਡੇਪੇ ਦੇ ਉਲਾਂਭੇ ਨੂੰ ਫੇਰ ਯਾਦ ਨਾ ਕਰੇਂਗੀ।

ਤੂੰ ਧਰਮ ਨਾਲ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਇਸ ਲਈ ਤੂੰ ਨਾ ਡਰੇਂਗੀ, ਅਤੇ ਖੌਫ਼ ਨਾ ਖਾਵੇਂਗੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ।

ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ, ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ - ਇਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਹ ਮੇਰੇ ਕਾਰਨ ਧਰਮੀ ਠਹਿਰਣਗੇ, ਯਹੋਵਾਹ ਦਾ ਵਾਕ ਹੈ।

ਕਿਉਂਕਿ ਤੁਸੀਂ ਖੁਸ਼ੀ ਨਾਲ ਨਿੱਕਲੋਗੇ ਅਤੇ ਸ਼ਾਂਤੀ ਨਾਲ ਤੋਰੇ ਜਾਓਗੇ, ਪਰਬਤ ਅਤੇ ਟਿੱਬੇ ਤੁਹਾਡੇ ਅੱਗੇ ਖੁੱਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ।

ਉਹ ਸ਼ਾਂਤੀ ਨਾਲ ਜਾਂਦੇ, ਉਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ ਹਨ, ਜਿਹੜੇ ਸਿੱਧੀ ਚਾਲ ਚੱਲਦੇ ਹਨ।

ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਹ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਵੱਸਦਾ ਹਾਂ, ਅਤੇ ਉਹ ਦੇ ਨਾਲ ਵੀ ਜਿਸ ਦਾ ਆਤਮਾ ਕੁਚਲਿਆ ਅਤੇ ਦੀਨ ਹੈ, ਤਾਂ ਜੋ ਮੈਂ ਦੀਨ ਲੋਕਾਂ ਦੇ ਆਤਮਾ ਨੂੰ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜੀਉਂਦਾ ਕਰਾਂ।

ਮੈਂ ਉਸ ਦੇ ਰਾਹ ਵੇਖੇ ਹਨ, ਪਰ ਮੈਂ ਉਸ ਨੂੰ ਚੰਗਾ ਕਰਾਂਗਾ, ਮੈਂ ਉਸ ਦੀ ਅਗਵਾਈ ਕਰਾਂਗਾ, ਅਤੇ ਉਸ ਨੂੰ ਅਤੇ ਉਸ ਦੇ ਨਾਲ ਸੋਗ ਕਰਨ ਵਾਲਿਆਂ ਨੂੰ ਤਸੱਲੀਆਂ ਬਖ਼ਸ਼ਾਂਗਾ। ਮੈਂ ਉਨ੍ਹਾਂ ਦੇ ਬੁੱਲ੍ਹਾਂ ਤੇ ਉਸਤਤ ਦਾ ਫਲ ਉਤਪੰਨ ਕਰਦਾ ਹਾਂ। ਦੂਰ ਵਾਲੇ ਲਈ ਅਤੇ ਨਜ਼ਦੀਕ ਵਾਲੇ ਲਈ ਸ਼ਾਂਤੀ, ਸ਼ਾਂਤੀ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ।

ਭਲਾ, ਇਹ ਇਹੋ ਜਿਹਾ ਵਰਤ ਹੈ ਜਿਸ ਨੂੰ ਮੈਂ ਚੁਣਿਆ, ਅਰਥਾਤ ਇੱਕ ਦਿਨ ਜਿਸ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਦੀਨ ਕਰੇ? ਭਲਾ, ਸਿਰ ਨੂੰ ਕਾਨੇ ਵਾਂਗੂੰ ਝੁਕਾਉਣਾ, ਅਤੇ ਆਪਣੇ ਥੱਲੇ ਤੱਪੜ ਅਤੇ ਸੁਆਹ ਵਿਛਾਉਣਾ, ਭਲਾ, ਇਸ ਨੂੰ ਤੁਸੀਂ ਵਰਤ ਆਖੋਗੇ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ? ਜਿਹੜਾ ਵਰਤ ਮੈਂ ਚੁਣਿਆ ਕੀ ਉਹ ਇਹ ਨਹੀਂ ਹੈ ਕਿ ਤੁਸੀਂ ਅਨਿਆਂ ਦੇ ਬੰਧਨਾਂ ਨੂੰ ਖੋਲ੍ਹੋ, ਅਤੇ ਅਨ੍ਹੇਰ ਦੇ ਜੂਲੇ ਦੇ ਬੰਧਨਾਂ ਨੂੰ ਤੋੜੋ? ਕੁਚਲੇ ਹੋਇਆਂ ਨੂੰ ਛੁਡਾਓ ਅਤੇ ਹਰੇਕ ਜੂਲੇ ਨੂੰ ਭੰਨ ਸੁੱਟੋ? ਕੀ ਇਹ ਨਹੀਂ ਕਿ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ-ਘਰੇ ਭਟਕਣ ਵਾਲਿਆਂ ਨੂੰ ਆਪਣੇ ਘਰ ਲਿਆਓ? ਜਦ ਤੁਸੀਂ ਕਿਸੇ ਨੂੰ ਨੰਗੇ ਵੇਖੋ ਤਾਂ ਉਹ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?

ਫੇਰ ਤੇਰਾ ਚਾਨਣ ਸਵੇਰ ਵਾਂਗੂੰ ਫੁੱਟ ਨਿੱਕਲੇਗਾ, ਅਤੇ ਤੇਰੀ ਤੰਦਰੁਸਤੀ ਛੇਤੀ ਪਰਗਟ ਹੋਵੇਗੀ। ਤੇਰਾ ਧਰਮ ਤੇਰੇ ਅੱਗੇ-ਅੱਗੇ ਚੱਲੇਗਾ, ਯਹੋਵਾਹ ਦਾ ਪਰਤਾਪ ਤੇਰੇ ਪਿੱਛੇ ਰਾਖ਼ਾ ਹੋਵੇਗਾ। ਜਦ ਤੂੰ ਪੁਕਾਰੇਂਗਾ ਤਦ ਯਹੋਵਾਹ ਉੱਤਰ ਦੇਵੇਗਾ, ਜਦ ਤੂੰ ਦੁਹਾਈ ਦੇਵੇਂਗਾ ਤਾਂ ਉਹ ਆਖੇਗਾ, ਮੈਂ ਇੱਥੇ ਹਾਂ। ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇਂ, ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇਂ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇਂ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ। ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ, ਤੂੰ ਸਿੰਜੇ ਹੋਏ ਬਾਗ਼ ਜਿਹਾ ਹੋਵੇਂਗਾ, ਅਤੇ ਉਸ ਸੁੰਬ ਜਿਹਾ ਜਿਹ ਦਾ ਪਾਣੀ ਮੁੱਕਦਾ ਨਹੀਂ।

ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ ਹੈ ਤਾਂ ਜੋ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਉਸ ਨੇ ਮੈਨੂੰ ਇਸ ਲਈ ਭੇਜਿਆ ਹੈ, ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁੱਟਣ ਦਾ ਪਰਚਾਰ ਕਰਾਂ, ਤਾਂ ਜੋ ਮੈਂ ਯਹੋਵਾਹ ਦੇ ਮਨਭਾਉਂਦੇ ਸਾਲ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ, ਅਤੇ ਸੀਯੋਨ ਦੇ ਸੋਗੀਆਂ ਲਈ ਇਹ ਕਰਾਂ, - ਉਹਨਾਂ ਦੇ ਸਿਰ ਤੋਂ ਸੁਆਹ ਦੂਰ ਕਰਕੇ ਸੋਹਣਾ ਤਾਜ ਰੱਖਣ, ਸੋਗ ਦੇ ਥਾਂ ਖੁਸ਼ੀ ਦਾ ਤੇਲ ਲਾਵਾਂ, ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ, ਤਦ ਉਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ।

ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੇ ਹਜ਼ੂਰ ਰਹਿਣ ਵਾਲੇ ਦੂਤ ਨੇ ਉਹਨਾਂ ਨੂੰ ਬਚਾਇਆ, ਉਸ ਨੇ ਆਪਣੇ ਪ੍ਰੇਮ ਅਤੇ ਆਪਣੇ ਤਰਸ ਵਿੱਚ ਉਹਨਾਂ ਨੂੰ ਛੁਡਾਇਆ, ਉਹ ਉਹਨਾਂ ਨੂੰ ਸਾਰੇ ਪ੍ਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ।

ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਯਾਦ ਨਾ ਰਹਿਣਗੀਆਂ, ਸਗੋਂ ਸੋਚ-ਵਿਚਾਰਾਂ ਵਿੱਚ ਵੀ ਨਾ ਚੜ੍ਹਨਗੀਆਂ। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ-ਜੁੱਗ ਖੁਸ਼ੀ ਮਨਾਓ ਅਤੇ ਬਾਗ-ਬਾਗ ਹੋਵੋ, ਵੇਖੋ, ਮੈਂ ਯਰੂਸ਼ਲਮ ਲਈ ਅਨੰਦ ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ। ਮੈਂ ਯਰੂਸ਼ਲਮ ਤੋਂ ਅਨੰਦ ਹੋਵਾਂਗਾ, ਅਤੇ ਆਪਣੀ ਪਰਜਾ ਤੋਂ ਖੁਸ਼ ਹੋਵਾਂਗਾ, ਉਸ ਵਿੱਚ ਫੇਰ ਰੋਣ ਦੀ ਅਵਾਜ਼ ਜਾਂ ਦੁਹਾਈ ਦੀ ਅਵਾਜ਼ ਸੁਣਾਈ ਨਾ ਦੇਵੇਗੀ,

ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਦੇ ਵਿਖੇ ਦਿਲਾਸਾ ਪਾਓਗੇ।

ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ! ਉਹ ਉਸ ਰੁੱਖ ਵਾਂਗੂੰ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ। ਜਦ ਗਰਮੀ ਆਵੇ ਤਾਂ ਉਸ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਸਾਲ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ।

ਹੇ ਯਹੋਵਾਹ, ਮੈਨੂੰ ਵੱਲ ਕਰ ਤਾਂ ਮੈਂ ਵਲ ਹੋਵਾਂਗਾ! ਮੈਨੂੰ ਬਚਾ ਤਾਂ ਮੈਂ ਬਚਾਂਗਾ! ਕਿਉਂ ਜੋ ਤੂੰ ਮੇਰੀ ਉਸਤਤ ਹੈਂ।

ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਬਾਰੇ ਸੋਚਦਾ ਹਾਂ, ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ

ਕਿਉਂ ਜੋ ਮੈਂ ਤੈਨੂੰ ਨਰੋਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਉਹਨਾਂ ਨੇ ਤੈਨੂੰ ਜੋ “ਅਛੂਤ” ਆਖਿਆ ਹੈ, “ਇਹ ਸੀਯੋਨ ਹੈ ਜਿਹ ਦੀ ਕੋਈ ਪਰਵਾਹ ਨਹੀਂ ਕਰਦਾ!”

ਕਿਉਂ ਜੋ ਮੈਂ ਥੱਕੇ ਹੋਏ ਦੀ ਜਾਨ ਨੂੰ ਤ੍ਰਿਪਤ ਕਰਾਂਗਾ ਅਤੇ ਹਰੇਕ ਉਦਾਸ ਜਾਨ ਨੂੰ ਰਜਾ ਦਿਆਂਗਾ ਇਸ ਉੱਤੇ ਮੈਂ ਜਾਗ ਉੱਠਿਆ ਅਤੇ ਵੇਖਿਆ ਅਤੇ ਮੇਰੀ ਨੀਂਦ ਮੇਰੇ ਲਈ ਮਿੱਠੀ ਸੀ।

ਵੇਖੋ, ਮੈਂ ਇਹ ਦੇ ਲਈ ਸਿਹਤ ਅਤੇ ਤੰਦਰੁਸਤੀ ਲਿਆਵਾਂਗਾ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਇਹਨਾਂ ਲਈ ਸ਼ਾਂਤੀ ਅਤੇ ਸਚਿਆਈ ਵਾਫ਼ਰ ਪਰਗਟ ਕਰਾਂਗਾ

ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ, ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ! ਮੇਰਾ ਪ੍ਰਾਣ ਇਹ ਯਾਦ ਕਰਦਿਆਂ-ਕਰਦਿਆਂ, ਮੇਰੇ ਅੰਦਰ ਕਮਜ਼ੋਰ ਪੈ ਗਿਆ ਹੈ।

ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ, ਕਿਉਂ ਜੋ ਉਸ ਦੀ ਦਯਾ ਅਟੁੱਟ ਹੈ! ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ, ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ। ਮੇਰੀ ਜਾਨ ਕਹਿੰਦੀ ਹੈ, ਯਹੋਵਾਹ ਮੇਰਾ ਹਿੱਸਾ ਹੈ, ਇਸ ਲਈ ਮੈਨੂੰ ਉਹ ਦੇ ਉੱਤੇ ਆਸ ਹੈ। ਜੋ ਯਹੋਵਾਹ ਨੂੰ ਉਡੀਕਦਾ ਹੈ, ਅਤੇ ਜਿਸ ਦੀ ਜਾਨ ਉਸ ਨੂੰ ਭਾਲਦੀ ਹੈ, ਉਸ ਦੇ ਲਈ ਯਹੋਵਾਹ ਭਲਾ ਹੈ। ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਓ ਲਈ ਆਸ ਰੱਖੇ।

ਭਾਵੇਂ ਉਹ ਦੁੱਖ ਵੀ ਦੇਵੇ, ਤਾਂ ਵੀ ਉਹ ਆਪਣੀ ਵੱਡੀ ਦਯਾ ਅਨੁਸਾਰ ਰਹਿਮ ਵੀ ਕਰੇਗਾ। ਕਿਉਂ ਜੋ ਉਹ ਆਪਣੇ ਦਿਲੋਂ ਕਸ਼ਟ ਨਹੀਂ ਦਿੰਦਾ, ਨਾ ਹੀ ਮਨੁੱਖ ਦੇ ਪੁੱਤਰਾਂ ਨੂੰ ਦੁੱਖ ਦਿੰਦਾ ਹੈ।

ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ! ਹੇ ਮੇਰੇ ਪ੍ਰਭੂ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ, ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ।

ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ, ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ।

ਮੈਂ ਉਹਨਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ ਅਤੇ ਉਹਨਾਂ ਦੇ ਵਾੜੇ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਣਗੇ, ਉੱਥੇ ਉਹ ਚੰਗੇ ਵਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ। ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਅਤੇ ਮੈਂ ਹੀ ਉਹਨਾਂ ਨੂੰ ਲੇਟਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ। ਮੈਂ ਗਵਾਚੀਆਂ ਹੋਈਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਕੱਢੀਆਂ ਹੋਈਆਂ ਨੂੰ ਮੋੜ ਲਿਆਵਾਂਗਾ। ਟੁੱਟੀਆਂ ਨੂੰ ਬੰਨ੍ਹਾਂਗਾ ਅਤੇ ਲਿੱਸੀਆਂ ਨੂੰ ਤਕੜਾ ਕਰਾਂਗਾ, ਪਰ ਮੋਟੀਆਂ ਅਤੇ ਜ਼ੋਰਾਵਰਾਂ ਨੂੰ ਮਾਰਾਂਗਾ, ਮੈਂ ਉਹਨਾਂ ਨੂੰ ਨਿਆਂ ਨਾਲ ਚਾਰਾਂਗਾ।

ਨਬੂਕਦਨੱਸਰ ਨੇ ਪੁਕਾਰ ਕੇ ਆਖਿਆ ਕਿ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਿਹਨਾਂ ਨੇ ਉਹ ਦੇ ਉੱਤੇ ਨਿਹਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਭੇਂਟ ਕੀਤਾ ਕਿ ਆਪਣੇ ਪਰਮੇਸ਼ੁਰ ਦੇ ਬਿਨ੍ਹਾਂ ਹੋਰ ਕਿਸੇ ਦੇਵਤੇ ਦੀ ਸੇਵਾ ਜਾਂ ਬੰਦਗੀ ਨਾ ਕਰਨ।

ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹ ਨੂੰ ਬੰਦ ਰੱਖਿਆ ਹੈ ਐਥੋਂ ਤੱਕ ਕਿ ਉਹਨਾਂ ਨੇ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਾ, ਮੈਂ ਦੋਸ਼ ਨਹੀਂ ਕੀਤਾ। ਤਦ ਰਾਜਾ ਆਪਣੇ ਆਪ ਵਿੱਚ ਉਹ ਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਘੁਰੇ ਤੋਂ ਕੱਢੋ, ਸੋ ਦਾਨੀਏਲ ਉਸ ਘੁਰੇ ਤੋਂ ਕੱਢਿਆ ਗਿਆ ਅਤੇ ਸ਼ੇਰਾਂ ਨੇ ਉਸਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਕਰਕੇ ਜੋ ਉਸ ਨੇ ਆਪਣੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ।

ਉਹੋ ਹੀ ਛੁਡਾਉਂਦਾ ਅਤੇ ਬਚਾਉਂਦਾ ਹੈ, ਅਕਾਸ਼ ਅਤੇ ਧਰਤੀ ਵਿੱਚ ਉਹੋ ਹੀ ਨਿਸ਼ਾਨ ਅਤੇ ਅਚੰਭੇ ਕਰਦਾ ਹੈ, ਜਿਸ ਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ!

ਆਓ, ਅਸੀਂ ਯਹੋਵਾਹ ਵੱਲ ਮੁੜੀਏ, ਉਹ ਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ, ਉਹ ਨੇ ਮਾਰਿਆ, ਉਹ ਪੱਟੀ ਬੰਨ੍ਹੇਗਾ। ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਿਵਾਵੇਗਾ, ਤੀਜੇ ਦਿਨ ਉਹ ਸਾਨੂੰ ਉਠਾਵੇਗਾ, ਅਤੇ ਅਸੀਂ ਉਹ ਦੇ ਹਜ਼ੂਰ ਜੀਵਾਂਗੇ!

ਕੀ ਮੈਂ ਪਤਾਲ ਦੇ ਕਾਬੂ ਤੋਂ ਉਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ? ਕੀ ਮੈਂ ਮੌਤ ਤੋਂ ਉਹਨਾਂ ਦਾ ਛੁਟਕਾਰਾ ਦਿਆਂਗਾ? ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ? ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ? ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਰਹੇਗਾ!

ਜਿੰਨੇ ਸਾਲਾਂ ਦੀ ਫ਼ਸਲ ਨੂੰ ਛੋਟੀ ਟਿੱਡੀਆਂ, ਵੱਡੀ ਟਿੱਡੀਆਂ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ। ਤੁਸੀਂ ਢਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ਼ ਕੰਮ ਕੀਤੇ ਹਨ, ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ।

“ਮੈਂ ਆਪਣੇ ਔਖੇ ਸਮੇਂ ਵਿੱਚ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੂੰ ਮੇਰੀ ਅਵਾਜ਼ ਸੁਣੀ।”

ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿਚਕਾਰ ਹੈ, ਉਹ ਬਚਾਉਣ ਵਿੱਚ ਸਮਰੱਥੀ ਹੈ, ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ ਹੋਵੇਗਾ, ਉਹ ਆਪਣੇ ਪ੍ਰੇਮ ਨੂੰ ਤਾਜ਼ਾ ਕਰੇਗਾ, ਉਹ ਉੱਚੀ ਅਵਾਜ਼ ਨਾਲ ਗਾਉਂਦਾ ਹੋਇਆ ਤੇਰੇ ਕਾਰਨ ਮਗਨ ਹੋਵੇਗਾ।

ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈਅ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗੂੰ ਬਾਹਰ ਨਿੱਕਲੋਗੇ ਅਤੇ ਕੁੱਦੋਗੇ।

ਜਦ ਹੇਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ, ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਹਮ ਅਤੇ ਉਹ ਦੇ ਆਲੇ-ਦੁਆਲੇ ਦੇ ਸਭਨਾਂ ਬਾਲਕਾਂ ਨੂੰ ਮਰਵਾ ਦਿੱਤਾ, ਜਿਹੜੇ ਦੋ ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ, ਉਸ ਸਮੇਂ ਦੇ ਅਨੁਸਾਰ ਜਿਹੜਾ ਵਿਦਵਾਨ ਖੋਜੀਆਂ ਤੋਂ ਠੀਕ ਪਤਾ ਪ੍ਰਾਪਤ ਕੀਤਾ ਸੀ। ਤਦ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ ਕਿ ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ। ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ।

ਯਿਸੂ ਸਾਰੇ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ। ਅਤੇ ਸਾਰੇ ਸੀਰੀਯਾ ਦੇਸ ਵਿੱਚ ਉਹ ਦੀ ਚਰਚਾ ਹੋਣ ਲੱਗ ਪਈ ਅਤੇ ਉਨ੍ਹਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪਰਕਾਰ ਦੇ ਰੋਗਾਂ ਅਤੇ ਦੁੱਖਾਂ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਮਿਰਗੀ ਵਾਲਿਆਂ ਅਤੇ ਅਧਰੰਗੀਆਂ ਨੂੰ ਉਹ ਦੇ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਨੂੰ ਨਰੋਇਆ ਕੀਤਾ।

ਉਹ ਧੰਨ ਹਨ ਜਿਹੜੇ ਦਿਲ ਦੇ ਗ਼ਰੀਬ ਹਨ, ਕਿਉਂ ਜੋ ਸਵਰਗ ਰਾਜ ਉਨ੍ਹਾਂ ਦਾ ਹੈ। ਉਹ ਧੰਨ ਹਨ ਜਿਹੜੇ ਸੋਗ ਕਰਦੇ ਹਨ, ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ।

ਉਹ ਧੰਨ ਹਨ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ, ਕਿਉਂ ਜੋ ਸਵਰਗ ਰਾਜ ਉਨ੍ਹਾਂ ਦਾ ਹੈ। ਧੰਨ ਹੋ ਤੁਸੀਂ, ਜਦੋਂ ਲੋਕ ਮੇਰੇ ਕਾਰਨ ਤੁਹਾਨੂੰ ਬੇਇੱਜ਼ਤ ਕਰਨ, ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਬੋਲਣ ਅਤੇ ਝੂਠੇ ਦੋਸ਼ ਲਾਉਣ। ਖੁਸ਼ ਹੋਵੋ ਅਤੇ ਅਨੰਦ ਮਨਾਓ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।

ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ। ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।

ਇਸ ਕਰ ਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੇ ਲਈ ਚਿੰਤਾ ਨਾ ਕਰੋ, ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਕਿ ਅਸੀਂ ਕੀ ਪਹਿਨਾਂਗੇ? ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ! ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠਿਆਂ ਕਰਦੇ ਹਨ! ਪਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ? ਅਤੇ ਪਹਿਰਾਵੇ ਲਈ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਨੂੰ ਵੇਖੋ ਕਿ ਉਹ ਕਿਵੇਂ ਵੱਧਦੇ ਹਨ। ਉਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ। ਪਰਮੇਸ਼ੁਰ ਜੰਗਲੀ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ੍ਹ ਅੱਗ ਵਿੱਚ ਝੋਕਿਆ ਜਾਂਦਾ ਹੈ, ਅਜਿਹਾ ਪਹਿਰਾਵਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ? ਇਸ ਲਈ ਤੁਸੀਂ ਚਿੰਤਾ ਕਰ ਕੇ ਇਹ ਨਾ ਆਖੋ ਕਿ ਅਸੀਂ ਕੀ ਖਾਵਾਂਗੇ? ਜਾਂ ਕੀ ਪੀਵਾਂਗੇ? ਜਾਂ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਦੀ ਭਾਲ ਵਿੱਚ ਲੱਗੇ ਰਹਿੰਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ। ਇਸ ਲਈ ਤੁਸੀਂ ਕੱਲ ਦੀ ਚਿੰਤਾ ਨਾ ਕਰੋ ਕਿਉਂ ਜੋ ਕੱਲ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ।

ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਲੱਭੋ ਤਾਂ ਤੁਹਾਨੂੰ ਲੱਭ ਜਾਵੇਗਾ। ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ, ਲੱਭਣ ਵਾਲੇ ਨੂੰ ਲੱਭ ਜਾਂਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।

ਅਤੇ ਵੇਖੋ ਇੱਕ ਕੋੜ੍ਹੀ ਨੇ ਯਿਸੂ ਕੋਲ ਆ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, ਪ੍ਰਭੂ ਜੀ ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ। ਫਿਰ ਉਸ ਨੇ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਹ ਕੋੜ੍ਹੀ ਸ਼ੁੱਧ ਹੋ ਗਿਆ।

ਜਦੋਂ ਉਹ ਕਫ਼ਰਨਾਹੂਮ ਵਿੱਚ ਗਿਆ, ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਸ ਅੱਗੇ ਬੇਨਤੀ ਕੀਤੀ, ਕਿ ਪ੍ਰਭੂ ਜੀ, ਮੇਰਾ ਨੌਕਰ ਅਧਰੰਗ ਦਾ ਮਾਰਿਆ, ਘਰ ਵਿੱਚ ਪਿਆ ਦਰਦ ਨਾਲ ਤੜਫ਼ ਰਿਹਾ ਹੈ। ਪ੍ਰਭੂ ਨੇ ਉਸ ਨੂੰ ਆਖਿਆ, ਮੈਂ ਆ ਕੇ ਉਹ ਨੂੰ ਚੰਗਾ ਕਰ ਦਿਆਂਗਾ। ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੂ ਜੀ ਮੈਂ ਇਸ ਯੋਗ ਨਹੀਂ ਜੋ ਤੁਸੀਂ ਮੇਰੀ ਛੱਤ ਦੇ ਹੇਠ ਆਓ, ਪਰ ਸਿਰਫ਼ ਬਚਨ ਹੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ। ਕਿਉਂ ਜੋ ਮੈਂ ਵੀ ਦੂਜਿਆਂ ਦੇ ਅਧੀਨ ਇੱਕ ਮਨੁੱਖ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਅਧੀਨ ਰੱਖਦਾ ਹਾਂ ਅਤੇ ਜੇ ਕਿਸੇ ਨੂੰ ਆਖਦਾ ਹਾਂ, ਜਾ! ਤਾਂ ਉਹ ਜਾਂਦਾ ਹੈ ਅਤੇ ਜੇ ਕਿਸੇ ਨੂੰ ਆਖਦਾ ਹਾਂ, ਆ! ਤਾਂ ਉਹ ਆਉਂਦਾ ਹੈ ਅਤੇ ਜੇ ਆਪਣੇ ਨੌਕਰ ਨੂੰ ਆਖਦਾ ਹਾਂ, ਇਹ ਕਰ! ਤਾਂ ਉਹ ਕਰਦਾ ਹੈ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ ਕਿ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਸਰਾਏਲ ਵਿੱਚ ਵੀ ਨਹੀਂ ਵੇਖਿਆ! ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਬਹੁਤ ਸਾਰੇ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਣਗੇ। ਪਰ ਰਾਜ ਦੇ ਪੁੱਤਰ ਬਾਹਰ ਦੇ ਅੰਧਕਾਰ ਵਿੱਚ ਸੁੱਟੇ ਜਾਣਗੇ, ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ। ਫਿਰ ਯਿਸੂ ਨੇ ਸੂਬੇਦਾਰ ਨੂੰ ਕਿਹਾ, ਜਾ ਜਿਸ ਤਰ੍ਹਾਂ ਤੂੰ ਵਿਸ਼ਵਾਸ ਕੀਤਾ ਤੇਰੇ ਲਈ ਉਸੇ ਤਰ੍ਹਾਂ ਹੋਵੇ ਅਤੇ ਉਹ ਨੌਕਰ ਉਸੇ ਵੇਲੇ ਚੰਗਾ ਹੋ ਗਿਆ।”

ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਸ ਦੀ ਸੱਸ ਨੂੰ ਬੁਖ਼ਾਰ ਨਾਲ ਬਿਮਾਰ ਪਈ ਵੇਖਿਆ। ਅਤੇ ਉਸ ਨੇ ਉਹ ਦਾ ਹੱਥ ਛੂਹਿਆ ਅਤੇ ਉਹ ਦਾ ਬੁਖ਼ਾਰ ਉਤਰ ਗਿਆ ਅਤੇ ਉਹ ਨੇ ਉੱਠ ਕੇ ਉਸ ਦੀ ਸੇਵਾ ਕੀਤੀ।

ਅਤੇ ਜਦੋਂ ਸ਼ਾਮ ਹੋਈ, ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ; ਅਤੇ ਉਸ ਨੇ ਬਚਨ ਨਾਲ ਭੂਤਾਂ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ। ਤਾਂ ਜੋ ਯਸਾਯਾਹ ਨਬੀ ਦਾ ਉਹ ਬਚਨ ਪੂਰਾ ਹੋਵੇ ਕਿ ਉਹ ਨੇ ਆਪ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਸਾਡੇ ਰੋਗ ਚੁੱਕ ਲਏ।

ਅਤੇ ਵੇਖੋ ਝੀਲ ਵਿੱਚ ਵੱਡਾ ਤੂਫ਼ਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਡੁੱਬਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ। ਅਤੇ ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ, ਅਤੇ ਕਿਹਾ, ਪ੍ਰਭੂ ਜੀ ਬਚਾਓ! ਅਸੀਂ ਤਾਂ ਮਰ ਚੱਲੇ ਹਾਂ! ਉਹ ਨੇ ਉਨ੍ਹਾਂ ਨੂੰ ਆਖਿਆ, ਹੇ ਥੋੜ੍ਹੇ ਵਿਸ਼ਵਾਸ ਵਾਲਿਓ ਤੁਸੀਂ ਕਿਉਂ ਡਰਦੇ ਹੋ? ਫਿਰ ਉਸ ਨੇ ਉੱਠ ਕੇ ਤੂਫ਼ਾਨ ਅਤੇ ਝੀਲ ਨੂੰ ਝਿੜਕਿਆ ਅਤੇ ਵੱਡੀ ਸ਼ਾਂਤੀ ਹੋ ਗਈ।

ਜਦੋਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਸ ਕੋਲ ਆਏ ਅਤੇ ਉਹ ਇੰਨ੍ਹੇ ਖ਼ਤਰਨਾਕ ਸਨ ਜੋ ਉਸ ਰਸਤੇ ਤੋਂ ਕੋਈ ਲੰਘ ਨਹੀਂ ਸਕਦਾ ਸੀ। ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਮੇਂ ਤੋਂ ਪਹਿਲਾਂ ਸਾਨੂੰ ਦੁੱਖ ਦੇਣ ਆਇਆ ਹੈਂ? ਉਨ੍ਹਾਂ ਤੋਂ ਕੁਝ ਦੂਰ ਸੂਰਾਂ ਦਾ ਇੱਜੜ ਚੁਗਦਾ ਸੀ। ਅਤੇ ਭੂਤਾਂ ਨੇ ਉਹ ਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਭੇਜ ਦੇ। ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ! ਤਾਂ ਉਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।

ਅਤੇ ਵੇਖੋ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤਰ ਹੌਂਸਲਾ ਰੱਖ! ਤੇਰੇ ਪਾਪ ਮਾਫ਼ ਹੋਏ। ਅਤੇ ਵੇਖੋ ਕਈ ਧਰਮ ਦੇ ਉਪਦੇਸ਼ਕਾਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ। ਤਾਂ ਯਿਸੂ ਨੇ ਉਨ੍ਹਾਂ ਦੇ ਮਨਾਂ ਦੇ ਵਿਚਾਰ ਜਾਣ ਕੇ ਆਖਿਆ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ? ਭਲਾ, ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਉਸ ਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ। ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ।

ਪਰ ਯਿਸੂ ਨੇ ਇਹ ਸੁਣ ਕੇ ਕਿਹਾ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ।

ਅਤੇ ਵੇਖੋ, ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ, ਪਿੱਛੋਂ ਆ ਕੇ ਉਹ ਦੇ ਕੱਪੜੇ ਦਾ ਪੱਲਾ ਛੂਹਿਆ। ਕਿਉਂ ਜੋ ਉਹ ਆਪਣੇ ਮਨ ਵਿੱਚ ਆਖਦੀ ਸੀ, ਜੇ ਮੈਂ ਕੇਵਲ ਉਹ ਦੇ ਕੱਪੜੇ ਨੂੰ ਛੂਹ ਲਵਾਂ ਤਾਂ ਚੰਗੀ ਹੋ ਜਾਂਵਾਂਗੀ। ਤਦ ਯਿਸੂ ਨੇ ਪਿੱਛੇ ਮੁੜ ਕੇ ਉਹ ਨੂੰ ਵੇਖਿਆ ਅਤੇ ਆਖਿਆ, ਬੇਟੀ ਹੌਂਸਲਾ ਰੱਖ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਉਹ ਔਰਤ ਉਸੇ ਵੇਲੇ ਚੰਗੀ ਹੋ ਗਈ।

ਫਿਰ ਯਿਸੂ ਹਾਕਮ ਦੇ ਘਰ ਵਿੱਚ ਗਿਆ ਅਤੇ ਬੰਸਰੀ ਵਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆਂ ਵੇਖ ਕੇ ਆਖਿਆ, ਪਰੇ ਹੋ ਜਾਵੋ ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ, ਪਰ ਉਹ ਉਸ ਉੱਤੇ ਹੱਸੇ। ਜਦੋਂ ਭੀੜ ਬਾਹਰ ਕੱਢੀ ਗਈ, ਤਾਂ ਉਸ ਨੇ ਅੰਦਰ ਜਾ ਕੇ ਉਹ ਦਾ ਹੱਥ ਫੜਿਆ ਅਤੇ ਕੁੜੀ ਉੱਠ ਖੜੀ ਹੋਈ।

ਜਦੋਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨ੍ਹੇ ਉਹ ਦੇ ਮਗਰ ਅਵਾਜ਼ਾਂ ਮਾਰਦੇ ਆਏ ਅਤੇ ਬੋਲੇ, ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ! ਅਤੇ ਜਦੋਂ ਉਹ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਵਿਸ਼ਵਾਸ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ? ਉਨ੍ਹਾਂ ਉਸ ਨੂੰ ਆਖਿਆ, ਹਾਂ, ਪ੍ਰਭੂ ਜੀ। ਤਦ ਉਹ ਉਨ੍ਹਾਂ ਦੀਆਂ ਅੱਖਾਂ ਨੂੰ ਛੂਹ ਕੇ ਬੋਲਿਆ, ਜਿਸ ਤਰ੍ਹਾਂ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਲਈ ਓਸੇ ਤਰ੍ਹਾਂ ਹੋਵੇ। ਅਤੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਤਾਂ ਯਿਸੂ ਨੇ ਤਗੀਦ ਨਾਲ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਕੋਈ ਨਾ ਜਾਣੇ!

ਫਿਰ ਉਨ੍ਹਾਂ ਦੇ ਬਾਹਰ ਨਿੱਕਲਦਿਆਂ ਹੀ, ਲੋਕ ਇੱਕ ਗੂੰਗੇ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਯਿਸੂ ਦੇ ਕੋਲ ਲਿਆਏ। ਅਤੇ ਜਦੋਂ ਭੂਤ ਕੱਢਿਆ ਗਿਆ ਤਦ ਗੂੰਗਾ ਬੋਲਣ ਲੱਗ ਪਿਆ ਅਤੇ ਭੀੜ ਅਚਰਜ਼ ਮੰਨ ਕੇ ਆਖਣ ਲੱਗੀ ਕਿ ਇਸਰਾਏਲ ਵਿੱਚ ਇਸ ਤਰ੍ਹਾਂ ਕਦੀ ਨਹੀਂ ਵੇਖਿਆ।

ਯਿਸੂ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਾਰੇ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ।

ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ।

ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸੀਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।

ਅਤੇ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ ਜਿਹੜਾ ਸਰੀਰ ਅਤੇ ਆਤਮਾ ਦੋਵਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ। ਕੀ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ। ਇਸ ਲਈ ਨਾ ਡਰੋ। ਤੁਸੀਂ ਚਿੜੀਆਂ ਨਾਲੋਂ ਉੱਤਮ ਹੋ।

ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ, ਉਹ ਉਸ ਨੂੰ ਗੁਆਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗੁਆਈ ਹੈ, ਉਹ ਉਸ ਨੂੰ ਲੱਭ ਲਵੇਗਾ।

ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਚਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ।

ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਕੋਲੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਅਰਾਮ ਪਾਓਗੇ। ਕਿਉਂਕਿ ਮੇਰਾ ਜੂਲਾ ਸੁਖਾਲਾ ਅਤੇ ਮੇਰਾ ਭਾਰ ਹਲਕਾ ਹੈ।

ਅਤੇ ਵੇਖੋ ਉੱਥੇ ਸੁੱਕੇ ਹੱਥ ਵਾਲਾ ਇੱਕ ਮਨੁੱਖ ਸੀ ਅਤੇ ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣ ਲਈ ਇਹ ਕਹਿ ਕੇ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ? ਉਹ ਨੇ ਉਨ੍ਹਾਂ ਨੂੰ ਕਿਹਾ, ਕਿ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ੍ਹ ਕੇ ਨਾ ਕੱਢੇ? ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾਂ ਹੀ ਉੱਤਮ ਹੈ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ। ਤਦ ਉਹ ਨੇ ਉਸ ਮਨੁੱਖ ਨੂੰ ਆਖਿਆ, ਆਪਣਾ ਹੱਥ ਵਧਾ ਅਤੇ ਉਸ ਨੇ ਲੰਮਾ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਫੇਰ ਚੰਗਾ ਹੋ ਗਿਆ।

ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ।

ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਕਿ ਉਹ ਬੋਲਣ ਤੇ ਵੇਖਣ ਲੱਗਾ।

ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ। ਪਰ ਆਪਣੇ ਵਿੱਚ ਡੂੰਘੀ ਜੜ੍ਹ ਨਹੀਂ ਰੱਖਦਾ, ਪਰ ਥੋੜ੍ਹਾ ਸਮਾਂ ਰਹਿੰਦਾ ਹੈ ਪਰ ਜਦੋਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ।

ਜਦੋਂ ਉਹ ਬੇੜੀ ਵਿੱਚੋਂ ਉਤਰਿਆ ਤਾਂ ਉਸ ਨੇ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ।

ਅਤੇ ਜਦੋਂ ਉੱਥੋਂ ਦੇ ਲੋਕਾਂ ਨੇ ਉਹ ਨੂੰ ਪਛਾਣਿਆ, ਤਾਂ ਉਸ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਦੇ ਕੋਲ ਲਿਆਏ। ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਸਿਰਫ਼ ਆਪਣੇ ਕੱਪੜੇ ਦਾ ਪੱਲਾ ਛੂਹਣ ਦੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ।

ਅਤੇ ਵੇਖੋ ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਆਈ ਅਤੇ ਉੱਚੀ-ਉੱਚੀ ਕਹਿਣ ਲੱਗੀ, ਕਿ ਹੇ ਪ੍ਰਭੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਯਾ ਕਰੋ! ਮੇਰੀ ਧੀ ਦਾ ਬੁਰੀ ਆਤਮਾ ਨੇ ਬਹੁਤ ਬੁਰਾ ਹਾਲ ਕੀਤਾ ਹੈ। ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ! ਤਦ ਉਹ ਦੇ ਚੇਲਿਆਂ ਨੇ ਕੋਲ ਆ ਕੇ ਉਹ ਦੇ ਅੱਗੇ ਬੇਨਤੀ ਕੀਤੀ ਕਿ, ਉਸ ਨੂੰ ਵਿਦਾ ਕਰ ਕਿਉਂ ਜੋ ਉਹ ਸਾਡੇ ਮਗਰ ਰੌਲ਼ਾ ਪਾਉਂਦੀ ਆਉਂਦੀ ਹੈ। ਉਹ ਨੇ ਉੱਤਰ ਦਿੱਤਾ, ਮੈਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਬਿਨ੍ਹਾਂ, ਮੈਂ ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ। ਪਰ ਉਹ ਔਰਤ ਆਈ ਅਤੇ ਉਹ ਦੇ ਅੱਗੇ ਮੱਥਾ ਟੇਕ ਕੇ ਬੋਲੀ, ਪ੍ਰਭੂ ਜੀ ਮੇਰੀ ਸਹਾਇਤਾ ਕਰੋ। ਤਾਂ ਉਹ ਨੇ ਉੱਤਰ ਦਿੱਤਾ ਕਿ ਬੱਚਿਆਂ ਦੀ ਰੋਟੀ ਕਤੂਰਿਆਂ ਨੂੰ ਪਾਉਣੀ ਚੰਗੀ ਨਹੀਂ ਹੈ। ਉਹ ਬੋਲੀ ਠੀਕ ਪ੍ਰਭੂ ਜੀ ਪਰ ਕਤੂਰੇ ਵੀ ਉਹ ਚੂਰੇ-ਭੂਰੇ ਖਾਂਦੇ ਹਨ ਜਿਹੜੇ ਉਨ੍ਹਾਂ ਦੇ ਮਾਲਕਾਂ ਦੇ ਮੇਜ਼ ਉੱਤੋਂ ਡਿੱਗਦੇ ਹਨ। ਤਦ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੇ ਬੀਬੀ ਤੇਰਾ ਵਿਸ਼ਵਾਸ ਵੱਡਾ ਹੈ। ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਓਵੇਂ ਹੀ ਹੋਵੇ ਅਤੇ ਉਸ ਦੀ ਧੀ ਉਸੇ ਸਮੇਂ ਚੰਗੀ ਹੋ ਗਈ।

ਬਹੁਤ ਵੱਡੀ ਭੀੜ ਉਹ ਦੇ ਕੋਲ ਆਈ ਅਤੇ ਆਪਣੇ ਨਾਲ ਲੰਗੜਿਆਂ, ਅੰਨ੍ਹਿਆਂ, ਗੂੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਉਹ ਦੇ ਕੋਲ ਲਿਆਏ ਅਤੇ ਉਨ੍ਹਾਂ ਨੂੰ ਉਹ ਦੇ ਚਰਨਾਂ ਉੱਤੇ ਪਾਇਆ ਅਤੇ ਯਿਸੂ ਨੇ ਉਨ੍ਹਾਂ ਨੂੰ ਚੰਗਾ ਕੀਤਾ। ਜਦੋਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਦੇ, ਟੁੰਡੇ ਚੰਗੇ ਹੁੰਦੇ, ਲੰਗੜੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕੀਤੀ।

ਜਦ ਉਹ ਭੀੜ ਦੇ ਕੋਲ ਪਹੁੰਚੇ, ਤਦ ਇੱਕ ਮਨੁੱਖ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਗੋਡੇ ਨਿਵਾ ਕੇ ਬੋਲਿਆ, ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਯਾ ਕਰੋ! ਕਿਉਂ ਜੋ ਉਹ ਮਿਰਗੀ ਦੀ ਬਿਮਾਰੀ ਕਾਰਨ ਬਹੁਤ ਦੁੱਖੀ ਹੈ, ਉਹ ਤਾਂ ਬਹੁਤ ਵਾਰੀ ਅੱਗ ਅਤੇ ਪਾਣੀ ਵਿੱਚ ਡਿੱਗ ਪੈਂਦਾ ਹੈ। ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ। ਤਦ ਯਿਸੂ ਨੇ ਉੱਤਰ ਦਿੱਤਾ, ਹੇ ਅਵਿਸ਼ਵਾਸੀ ਅਤੇ ਬੁਰੀ ਪੀੜ੍ਹੀ ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਕਦੋਂ ਤੱਕ ਤੁਹਾਡੀ ਸਹਾਂਗਾ? ਉਹ ਨੂੰ ਇੱਥੇ ਮੇਰੇ ਕੋਲ ਲਿਆਓ। ਯਿਸੂ ਨੇ ਉਹ ਨੂੰ ਝਿੜਕਿਆ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਅਤੇ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ।

ਉਸ ਨੇ ਉਨ੍ਹਾਂ ਨੂੰ ਕਿਹਾ, ਆਪਣੀ ਥੋੜ੍ਹੇ ਵਿਸ਼ਵਾਸ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ, ਜੋ ਇੱਥੋਂ ਹੱਟ ਕੇ ਉਸ ਥਾਂ ਚੱਲਿਆ ਜਾ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਮੁਸ਼ਕਿਲ ਨਾ ਹੋਵੇਗਾ।

ਪਰ ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖੁਆਵੇ, ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਟੁੰਡਾ ਜਾਂ ਲੰਗੜਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ। ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਸੁੱਟ ਦੇ। ਕਾਣਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ।

ਇਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ, ਇਹ ਮਰਜ਼ੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ ਹੋ ਜਾਵੇ।

ਅਤੇ ਵੇਖੋ ਕਿ ਦੋ ਅੰਨ੍ਹੇ ਜਿਹੜੇ ਸੜਕ ਦੇ ਕੰਢੇ ਬੈਠੇ ਸਨ, ਜਦ ਇਹ ਸੁਣਿਆ ਜੋ ਯਿਸੂ ਲੰਘਿਆ ਜਾਂਦਾ ਹੈ ਉੱਚੀ ਅਵਾਜ਼ ਵਿੱਚ ਬੋਲੇ, ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ! ਅਤੇ ਭੀੜ ਨੇ ਉਨ੍ਹਾਂ ਨੂੰ ਝਿੜਕਿਆ ਕਿ ਚੁੱਪ ਕਰ ਜਾਣ ਪਰ ਉਹ ਹੋਰ ਵੀ ਉੱਚੀ ਦੇ ਕੇ ਬੋਲੇ, ਹੇ ਪ੍ਰਭੂ ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ! ਤਦ ਯਿਸੂ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸੱਦਿਆ ਅਤੇ ਕਿਹਾ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ? ਉਨ੍ਹਾਂ ਉਸ ਨੂੰ ਆਖਿਆ, ਪ੍ਰਭੂ ਜੀ, ਸਾਡੀਆਂ ਅੱਖਾਂ ਖੁੱਲ੍ਹ ਜਾਣ! ਅਤੇ ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਉਹ ਓਸੇ ਵੇਲੇ ਸੁਜਾਖੇ ਹੋ ਗਏ ਅਤੇ ਉਹ ਦੇ ਮਗਰ ਤੁਰ ਪਏ।

ਅਤੇ ਹੈਕਲ ਵਿੱਚ ਅੰਨ੍ਹੇ ਅਤੇ ਲੰਗੜੇ ਉਹ ਦੇ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।

ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਨੂੰ ਵਿਸ਼ਵਾਸ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਕੇਵਲ ਇਹੋ ਨਹੀਂ ਕਰੋਗੇ ਜੋ ਹੰਜ਼ੀਰ ਦੇ ਦਰਖ਼ਤ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ ਨੂੰ ਆਖੋ ਜੋ ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ, ਤਾਂ ਅਜਿਹਾ ਹੋ ਜਾਵੇਗਾ। ਅਤੇ ਸਭ ਕੁਝ ਜੋ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰ ਕੇ ਮੰਗੋ ਸੋ ਪਾਓਗੇ।

ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਅਤੇ ਉਸ ਸਮੇਂ ਬਹੁਤ ਲੋਕ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜ੍ਹਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ। ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ।

ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ। ਅਤੇ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਮਨੁੱਖ ਨਾ ਬਚਦਾ ਪਰ ਉਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ।

ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ।

ਪਤਰਸ ਨੇ ਉਹ ਨੂੰ ਕਿਹਾ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।

ਅਤੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਬਹੁਤ ਦੁੱਖੀ ਹੋਣ ਲੱਗਾ। ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਮਨ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੱਕ। ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। ਅਤੇ ਥੋੜ੍ਹਾ ਅੱਗੇ ਵਧ ਕੇ ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਕੋਲੋਂ ਟਲ ਜਾਵੇ, ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।

ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੇ ਲਈ ਛੱਡ ਦਿੱਤਾ, ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ।

ਤਦ ਉਨ੍ਹਾਂ ਨੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾ ਕੇ ਉਹ ਦੇ ਕੱਪੜੇ ਵੰਡ ਲਏ।

ਅਤੇ ਤੀਜੇ ਪਹਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਕਿ “ਏਲੀ ਏਲੀ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?

ਅਤੇ ਉਸ ਵੇਲੇ ਉਨ੍ਹਾਂ ਦੇ ਪ੍ਰਾਰਥਨਾ ਘਰ ਵਿੱਚ ਇੱਕ ਮਨੁੱਖ ਸੀ ਜਿਸ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ, ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ, ਹੇ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤਰ ਜਨ ਹੈਂ! ਤਾਂ ਯਿਸੂ ਨੇ ਉਹ ਨੂੰ ਝਿੜਕ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾ! ਸੋ ਉਹ ਅਸ਼ੁੱਧ ਆਤਮਾ ਉਸ ਨੂੰ ਮਰੋੜ ਕੇ ਵੱਡੀ ਅਵਾਜ਼ ਨਾਲ ਚੀਕਾਂ ਮਾਰਦਾ ਹੋਇਆ ਉਸ ਵਿੱਚੋਂ ਨਿੱਕਲ ਗਿਆ।

ਅਤੇ ਸ਼ਮਊਨ ਦੀ ਸੱਸ ਬੁਖ਼ਾਰ ਨਾਲ ਦੁਖੀ ਪਈ ਸੀ ਤਦ ਉਨ੍ਹਾਂ ਨੇ ਉਸੇ ਵੇਲੇ ਯਿਸੂ ਨੂੰ ਖ਼ਬਰ ਦਿੱਤੀ। ਤਦ ਉਹ ਉਸ ਕੋਲ ਆਇਆ ਅਤੇ ਉਸ ਦਾ ਹੱਥ ਫੜ੍ਹ ਕੇ ਉੱਠਾਇਆ ਤਾਂ ਉਹ ਦਾ ਬੁਖ਼ਾਰ ਉਤਰ ਗਿਆ ਅਤੇ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ।

ਅਤੇ ਸ਼ਾਮ ਨੂੰ ਜਦੋਂ ਸੂਰਜ ਡੁੱਬ ਗਿਆ ਤਾਂ ਲੋਕ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਉਸ ਕੋਲ ਲਿਆਏ। ਅਤੇ ਸਾਰਾ ਨਗਰ ਦਰਵਾਜ਼ੇ ਉੱਤੇ ਇਕੱਠਾ ਹੋਇਆ। ਅਤੇ ਉਸ ਨੇ ਬਹੁਤਿਆਂ ਨੂੰ ਜਿਹੜੇ ਭਾਂਤ-ਭਾਂਤ ਦੇ ਰੋਗੀ ਸਨ, ਚੰਗਾ ਕੀਤਾ ਅਤੇ ਬਹੁਤ ਸਾਰੇ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ ਕਿਉਂ ਜੋ ਉਹ ਉਸ ਨੂੰ ਪਛਾਣਦੀਆਂ ਸਨ।

ਉਹ ਸਾਰੇ ਗਲੀਲ ਵਿੱਚ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਜਾ ਕੇ ਪਰਚਾਰ ਕਰਦਾ ਅਤੇ ਭੂਤਾਂ ਨੂੰ ਕੱਢਦਾ ਰਿਹਾ। ਅਤੇ ਇੱਕ ਕੋੜ੍ਹੀ ਨੇ ਪ੍ਰਭੂ ਯਿਸੂ ਦੇ ਕੋਲ ਆ ਕੇ ਉਸ ਦੀ ਮਿੰਨਤ ਕੀਤੀ, ਅਤੇ ਉਸ ਦੇ ਅੱਗੇ ਗੋਡੇ ਟੇਕ ਕੇ ਉਸ ਨੂੰ ਕਿਹਾ, ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ। ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਵਧਾਇਆ ਅਤੇ ਉਹ ਨੂੰ ਛੂਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ। ਤਾਂ ਉਸੇ ਵੇਲੇ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ!

ਅਤੇ ਲੋਕ ਇੱਕ ਅਧਰੰਗੀ ਨੂੰ ਚਾਰ ਮਨੁੱਖਾਂ ਕੋਲੋਂ ਚੁਕਵਾ ਕੇ ਉਸ ਦੇ ਕੋਲ ਲਿਆਏ। ਅਤੇ ਜਦੋਂ ਉਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸਕੇ ਤਾਂ ਉਨ੍ਹਾਂ ਨੇ ਉਸ ਛੱਤ ਨੂੰ ਜਿੱਥੇ ਉਹ ਸੀ ਉਧੇੜਿਆ ਅਤੇ ਉਸ ਮੰਜੀ ਨੂੰ ਜਿਸ ਦੇ ਉੱਤੇ ਉਹ ਅਧਰੰਗੀ ਪਿਆ ਸੀ, ਹੇਠਾਂ ਉਸ ਦੇ ਕੋਲ ਉਤਾਰ ਦਿੱਤਾ। ਅਤੇ ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ ਤੇਰੇ ਪਾਪ ਮਾਫ਼ ਹੋਏ। ਪਰ ਕਈ ਉਪਦੇਸ਼ਕ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ ਜੋ ਇਹ ਮਨੁੱਖ ਕਿਉਂ ਇਸ ਤਰ੍ਹਾਂ ਬੋਲਦਾ ਹੈ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ। ਇੱਕ ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ? ਅਤੇ ਯਿਸੂ ਨੇ ਆਪਣੇ ਆਤਮਾ ਨਾਲ ਇਹ ਜਾਣ ਕੇ ਜੋ ਉਹ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਰਦੇ ਹੋ? ਕਿਹੜੀ ਗੱਲ ਸੌਖੀ ਹੈ, ਇਸ ਅਧਰੰਗੀ ਨੂੰ ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਫਿਰ। ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ; ਫਿਰ ਉਸ ਨੇ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ। ਤਾਂ ਉਹ ਉੱਠਿਆ ਅਤੇ ਉਸੇ ਸਮੇਂ ਆਪਣੀ ਮੰਜੀ ਚੁੱਕ ਕੇ ਉਨ੍ਹਾਂ ਸਭਨਾਂ ਦੇ ਸਾਹਮਣੇ ਨਿੱਕਲ ਗਿਆ! ਤਦ ਉਹ ਸੱਭੇ ਹੈਰਾਨ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਵੇਖੀ!

ਯਿਸੂ ਨੇ ਇਹ ਸੁਣ ਕੇ ਉਨ੍ਹਾਂ ਨੂੰ ਆਖਿਆ, ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੁੰਦੀ ਹੈ। ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਲਈ ਆਇਆ ਹਾਂ।

ਯਿਸੂ ਫੇਰ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਗਿਆ ਅਤੇ ਉੱਥੇ ਇੱਕ ਮਨੁੱਖ ਸੀ, ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਅਤੇ ਉਹ ਉਸ ਦੀ ਤੱਕ ਵਿੱਚ ਲੱਗੇ ਹੋਏ ਸਨ, ਕਿ ਵੇਖੀਏ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰਦਾ ਹੈ ਕਿ ਨਹੀਂ ਤਾਂ ਕਿ ਉਹ ਦੇ ਜੁੰਮੇ ਦੋਸ਼ ਲਾਉਣ। ਉਹ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ, ਵਿਚਕਾਰ ਖੜ੍ਹਾ ਹੋ। ਫੇਰ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ? ਜਾਨ ਬਚਾਉਣੀ ਜਾਂ ਜਾਨ ਨੂੰ ਮਾਰਨਾ? ਪਰ ਉਹ ਚੁੱਪ ਹੀ ਰਹੇ। ਤਦ ਉਹ ਨੇ ਉਨ੍ਹਾਂ ਦੀ ਸਖ਼ਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਨ੍ਹਾਂ ਵੱਲ ਗੁੱਸੇ ਨਾਲ ਚਾਰੇ-ਪਾਸੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਵਧਾ। ਤਾਂ ਉਸ ਨੇ ਵਧਾਇਆ ਅਤੇ ਉਸ ਦਾ ਹੱਥ ਫੇਰ ਚੰਗਾ ਹੋ ਗਿਆ।

ਕਿਉਂਕਿ ਉਹ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ ਐਥੋਂ ਤੱਕ ਕਿ ਜਿੰਨੇ ਰੋਗੀ ਸਨ, ਉਹ ਉਸ ਨੂੰ ਛੋਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ। ਅਤੇ ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ ਜਦੋਂ ਉਹ ਨੂੰ ਵੇਖਿਆ ਤਾਂ ਉਹ ਦੇ ਅੱਗੇ ਡਿੱਗ ਪਏ ਅਤੇ ਚੀਕਾਂ ਮਾਰ ਕੇ ਬੋਲੇ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ!

ਅਤੇ ਉਹ ਨੇ ਬਾਰਾਂ ਪੁਰਸ਼ ਠਹਿਰਾਏ (ਉਹਨਾਂ ਨੂੰ ਉਸਨੇ ਰਸੂਲ ਆਖਿਆ) ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ, ਜੋ ਪਰਚਾਰ ਕਰਨ। ਉਨ੍ਹਾਂ ਨੂੰ ਬਿਮਾਰਾਂ ਨੂੰ ਚੰਗੇ ਕਰਨ ਅਤੇ ਭੂਤਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ।

ਅਤੇ ਇਸੇ ਤਰ੍ਹਾਂ ਜਿਹੜੇ ਪਥਰੀਲੀ ਜ਼ਮੀਨ ਵਿੱਚ ਬੀਜੇ ਜਾਂਦੇ ਹਨ ਸੋ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹ ਨੂੰ ਮੰਨ ਲੈਂਦੇ ਹਨ। ਅਤੇ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ ਪਰ ਥੋੜ੍ਹਾ ਸਮਾਂ ਰਹਿੰਦੇ ਹਨ ਅਤੇ ਜਦੋਂ ਬਚਨ ਦੇ ਕਾਰਨ ਦੁੱਖ ਵਿੱਚ ਪੈਂਦੇ ਜਾਂ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ।

ਤਦ ਇੱਕ ਵੱਡਾ ਤੂਫ਼ਾਨ ਆਇਆ, ਅਨ੍ਹੇਰੀ ਵਗੀ ਅਤੇ ਲਹਿਰਾਂ ਬੇੜੀ ਉੱਤੇ ਐਥੋਂ ਤੱਕ ਪਹੁੰਚ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ। ਅਤੇ ਯਿਸੂ ਆਪ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਾਹਣਾ ਰੱਖ ਕੇ ਸੁੱਤੇ ਪਏ ਸਨ। ਤਦ ਉਨ੍ਹਾਂ ਨੇ ਉਹ ਨੂੰ ਜਗਾਇਆ ਅਤੇ ਉਹ ਨੂੰ ਆਖਿਆ, ਗੁਰੂ ਜੀ ਤੁਹਾਨੂੰ ਸਾਡਾ ਕੋਈ ਫ਼ਿਕਰ ਨਹੀਂ ਜੋ ਅਸੀਂ ਡੁੱਬ ਚੱਲੇ ਹਾਂ? ਤਦ ਉਸ ਨੇ ਉੱਠ ਕੇ ਤੂਫ਼ਾਨ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ, ਚੁੱਪ ਕਰ ਥੰਮ੍ਹ ਜਾ! ਅਤੇ ਤੂਫ਼ਾਨ ਥੰਮ੍ਹ ਗਿਆ ਅਤੇ ਵੱਡਾ ਚੈਨ ਹੋ ਗਿਆ। ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਆਇਆ?

ਅਤੇ ਜਦੋਂ ਉਹ ਬੇੜੀ ਤੋਂ ਉਤਰਿਆ ਤਾਂ ਉਸੇ ਵੇਲੇ ਇੱਕ ਮਨੁੱਖ ਜਿਸ ਵਿੱਚ ਅਸ਼ੁੱਧ ਆਤਮਾ ਸੀ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਆ ਮਿਲਿਆ। ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਕੋਈ ਉਹ ਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸਕਦਾ। ਉਹ ਤਾਂ ਕਈ ਵਾਰੀ ਬੇੜੀਆਂ ਅਤੇ ਸੰਗਲਾਂ ਨਾਲ ਜਕੜਿਆ ਗਿਆ ਸੀ ਪਰ ਉਹ ਨੇ ਸੰਗਲ ਤੋੜ ਸੁੱਟੇ ਅਤੇ ਬੇੜੀਆਂ ਦੇ ਟੋਟੇ-ਟੋਟੇ ਕਰ ਦਿੱਤੇ ਸਨ ਅਤੇ ਕੋਈ ਵੀ ਉਹ ਨੂੰ ਕਾਬੂ ਨਹੀਂ ਕਰ ਸਕਦਾ ਸੀ। ਉਹ ਰਾਤ-ਦਿਨ ਨਿੱਤ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਹੁੰਦਾ ਸੀ। ਜਦੋਂ ਉਸ ਨੇ ਯਿਸੂ ਨੂੰ ਦੂਰੋਂ ਵੇਖਿਆ ਤਾਂ ਦੌੜ ਕੇ ਆਇਆ ਅਤੇ ਉਹ ਨੂੰ ਮੱਥਾ ਟੇਕਿਆ। ਅਤੇ ਉੱਚੀ ਅਵਾਜ਼ ਨਾਲ ਪੁਕਾਰ ਕੇ ਬੋਲਿਆ, ਹੇ ਯਿਸੂ ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ, ਮੈਨੂੰ ਦੁੱਖ ਨਾ ਦੇ! ਕਿਉਂ ਜੋ ਉਸ ਨੇ ਉਹ ਨੂੰ ਕਿਹਾ ਸੀ ਕਿ ਹੇ ਅਸ਼ੁੱਧ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾ! ਫਿਰ ਯਿਸੂ ਨੇ ਉਹ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਨੇ ਉਸ ਨੂੰ ਕਿਹਾ, ਮੇਰਾ ਨਾਮ ਲਸ਼ਕਰ ਅਰਥਾਤ ਸੈਨਾਂ ਹੈ ਕਿਉਂ ਜੋ ਅਸੀਂ ਬਹੁਤ ਸਾਰੇ ਹਾਂ। ਅਤੇ ਉਹ ਨੇ ਉਸ ਦੀ ਬਹੁਤ ਮਿੰਨਤ ਕੀਤੀ ਕਿ ਸਾਨੂੰ ਇਸ ਦੇਸ ਵਿੱਚੋਂ ਨਾ ਕੱਢ! ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚੁੱਗਦਾ ਸੀ। ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ। ਅਤੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ। ਤਦ ਅਸ਼ੁੱਧ ਆਤਮਾਵਾਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ। ਉਹ ਗਿਣਤੀ ਵਿੱਚ ਲੱਗਭੱਗ ਦੋ ਹਜ਼ਾਰ ਸਨ ਅਤੇ ਉਹ ਝੀਲ ਵਿੱਚ ਡੁੱਬ ਕੇ ਮਰ ਗਏ।

ਤਦ ਇੱਕ ਔਰਤ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ ਅਤੇ ਜਿਹਨੇ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁਝ ਖ਼ਰਚ ਕਰ ਦਿੱਤਾ ਸੀ ਪਰ ਕੁਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ, ਉਹ ਯਿਸੂ ਦੀ ਖ਼ਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਅਤੇ ਉਹ ਦੇ ਕੱਪੜੇ ਦਾ ਪੱਲਾ ਛੂਹ ਲਿਆ। ਕਿਉਂ ਜੋ ਉਹ ਆਪਣੇ ਮਨ ਵਿੱਚ ਆਖਦੀ ਸੀ, ਜੇ ਮੈਂ ਕੇਵਲ ਉਹ ਦੇ ਕੱਪੜੇ ਨੂੰ ਹੀ ਛੂਹ ਲਵਾਂ ਤਾਂ ਚੰਗੀ ਹੋ ਜਾਂਵਾਂਗੀ। ਅਤੇ ਤੁਰੰਤ ਉਸ ਦੇ ਲਹੂ ਦਾ ਵਹਿਣਾ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਬਿਮਾਰੀ ਤੋਂ ਚੰਗੀ ਹੋ ਗਈ।

ਉਹ ਇਹ ਗੱਲ ਕਰ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਕਿਉਂ ਖੇਚਲ ਪਾਉਂਦਾ ਹੈਂ? ਪਰ ਯਿਸੂ ਨੇ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰ ਕੇ ਪ੍ਰਾਰਥਨਾ ਘਰ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਵਿਸ਼ਵਾਸ ਕਰ। ਤਾਂ ਉਸ ਨੇ ਪਤਰਸ ਅਤੇ ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਦੇ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ। ਅਤੇ ਜਦ ਉਹ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲ਼ਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਹੋਏ ਵੇਖਿਆ। ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਰੌਲ਼ਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ। ਤਾਂ ਉਹ ਉਸ ਉੱਤੇ ਹੱਸੇ। ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ। ਅਤੇ ਉਸ ਨੇ ਕੁੜੀ ਦਾ ਹੱਥ ਫੜ੍ਹ ਕੇ ਉਹ ਨੂੰ ਕਿਹਾ “ਤਲੀਥਾ ਕੂਮੀ” ਜਿਹ ਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ! ਉਹ ਕੁੜੀ ਉਸੇ ਵੇਲੇ ਉੱਠ ਖੜੀ ਹੋਈ ਅਤੇ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਸਾਲਾਂ ਦੀ ਸੀ ਅਤੇ ਇਸ ਗੱਲ ਤੋਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ।

ਅਤੇ ਉਹ ਉੱਥੇ ਕੋਈ ਚਮਤਕਾਰ ਨਾ ਵਿਖਾ ਸਕਿਆ ਪਰ ਥੋੜ੍ਹੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ।

ਅਤੇ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰੇ ਰੋਗੀਆਂ ਉੱਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ।

ਤਾਂ ਉਹ ਸਾਰੇ ਲੋਕ ਆਲੇ-ਦੁਆਲੇ ਦੇ ਨਗਰਾਂ ਵਿੱਚ ਦੌੜੇ ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਪ੍ਰਭੂ ਯਿਸੂ ਉੱਥੇ ਹੈ, ਰੋਗੀਆਂ ਨੂੰ ਉਸ ਦੇ ਕੋਲ ਮੰਜੀਆਂ ਤੇ ਪਾ ਕੇ ਲੈ ਜਾਣ ਲੱਗੇ। ਅਤੇ ਪ੍ਰਭੂ ਯਿਸੂ ਜਿੱਥੇ ਕਿਤੇ ਪਿੰਡਾਂ, ਨਗਰਾਂ ਜਾਂ ਬਸਤੀਆਂ ਵਿੱਚ ਜਾਂਦੇ ਸਨ, ਅਤੇ ਲੋਕ ਉੱਥੇ ਹੀ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਲਿਆ ਕੇ ਰੱਖ ਦਿੰਦੇ ਸਨ ਅਤੇ ਉਹ ਦੀ ਮਿੰਨਤ ਕਰਦੇ ਸਨ ਕਿ ਉਹ ਆਪਣੇ ਕੱਪੜੇ ਦਾ ਪੱਲਾ ਹੀ ਉਨ੍ਹਾ ਨੂੰ ਛੂਹਣ ਦੇਵੇ ਅਤੇ ਜਿੰਨਿਆਂ ਨੇ ਉਸ ਨੂੰ ਛੂਹਿਆ ਸੋ ਚੰਗੇ ਹੋ ਗਏ।

ਕਿਉਂ ਜੋ ਉਸੇ ਵੇਲੇ ਇੱਕ ਔਰਤ ਜਿਹ ਦੀ ਛੋਟੀ ਬੇਟੀ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ ਉਹ ਦੀ ਖ਼ਬਰ ਸੁਣ ਕੇ ਆਈ ਅਤੇ ਉਸ ਦੇ ਪੈਰੀਂ ਪਈ। ਉਹ ਔਰਤ ਯੂਨਾਨੀ ਅਤੇ ਜਨਮ ਦੀ ਸੂਰੁਫੈਨੀ ਸੀ। ਉਸ ਨੇ ਉਹ ਦੇ ਅੱਗੇ ਅਰਜ਼ ਕੀਤੀ ਜੋ ਤੁਸੀਂ ਮੇਰੀ ਬੇਟੀ ਵਿੱਚੋਂ ਭੂਤ ਕੱਢ ਦਿਓ। ਪਰ ਉਹ ਨੇ ਉਸ ਨੂੰ ਕਿਹਾ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦੇ ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਨਹੀਂ ਹੈ। ਉਸ ਨੇ ਉਹ ਨੂੰ ਉੱਤਰ ਦਿੱਤਾ, ਠੀਕ ਹੈ ਪ੍ਰਭੂ ਜੀ, ਕਤੂਰੇ ਵੀ ਤਾਂ ਮੇਜ਼ ਦੇ ਹੇਠ ਬਾਲਕਾਂ ਦੇ ਚੂਰੇ-ਭੂਰੇ ਖਾਂਦੇ ਹਨ। ਤਦ ਉਹ ਨੇ ਉਸ ਨੂੰ ਆਖਿਆ, ਇਸ ਗੱਲ ਦੇ ਕਾਰਨ ਚੱਲੀ ਜਾ। ਭੂਤ ਤੇਰੀ ਬੇਟੀ ਵਿੱਚੋਂ ਨਿੱਕਲ ਗਿਆ ਹੈ। ਅਤੇ ਉਸ ਨੇ ਆਪਣੇ ਘਰ ਜਾ ਕੇ ਵੇਖਿਆ ਜੋ ਲੜਕੀ ਮੰਜੇ ਉੱਤੇ ਲੰਮੀ ਪਈ ਹੋਈ ਹੈ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਹੈ।

ਅਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਥਥਲਾ ਵੀ ਸੀ ਉਸ ਦੇ ਕੋਲ ਲਿਆ ਕੇ ਉਸ ਦੀ ਮਿੰਨਤ ਕੀਤੀ ਜੋ ਉਸ ਉੱਤੇ ਆਪਣਾ ਹੱਥ ਰੱਖੇ। ਉਹ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ ਅਤੇ ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੂਹੀ। ਅਤੇ ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਤੇ ਉਹ ਨੂੰ ਆਖਿਆ “ਇੱਫਤਾ” ਅਰਥਾਤ “ਖੁੱਲ੍ਹ ਜਾ”। ਅਤੇ ਉਹ ਦੇ ਕੰਨ ਖੁੱਲ੍ਹ ਗਏ ਅਤੇ ਉਹ ਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਬੋਲਣ ਲੱਗ ਪਿਆ। ਤਦ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਆਖਿਆ ਜੋ ਕਿਸੇ ਕੋਲ ਨਾ ਆਖਣਾ! ਪਰ ਜਿੰਨੀ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਉਹ ਉਨ੍ਹਾਂ ਹੀ ਉਸ ਗੱਲ ਨੂੰ ਹੋਰ ਵੀ ਬਹੁਤ ਉਜਾਗਰ ਕਰਦੇ ਰਹੇ। ਅਤੇ ਲੋਕ ਬਹੁਤ ਹੈਰਾਨ ਹੋ ਕੇ ਬੋਲੇ ਕਿ ਉਹ ਨੇ ਸੱਭੋ ਕੁਝ ਚੰਗਾ ਕੀਤਾ ਹੈ! ਉਹ ਬੋਲ਼ਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!

ਫੇਰ ਉਹ ਬੈਤਸੈਦਾ ਵਿੱਚ ਆਏ, ਅਤੇ ਲੋਕ ਇੱਕ ਅੰਨ੍ਹੇ ਨੂੰ ਉਹ ਦੇ ਕੋਲ ਲਿਆਏ ਅਤੇ ਉਹ ਦੀ ਮਿੰਨਤ ਕੀਤੀ ਜੋ ਉਹ ਉਸ ਨੂੰ ਛੂਹੇ। ਉਹ ਉਸ ਅੰਨ੍ਹੇ ਦਾ ਹੱਥ ਫੜ੍ਹ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ, ਤੈਨੂੰ ਕੁਝ ਦਿਸਦਾ ਹੈ? ਉਸ ਨੇ ਨਜ਼ਰਾਂ ਚੁੱਕ ਕੇ ਵੇਖਿਆ ਅਤੇ ਕਿਹਾ, ਮੈਂ ਮਨੁੱਖਾਂ ਨੂੰ ਵੇਖਦਾ ਹਾਂ ਪਰ ਉਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਗੂੰ ਦਿਸਦੇ ਹਨ। ਤਦ ਉਹ ਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਅਤੇ ਉਸ ਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋ ਕੇ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ।

ਤਾਂ ਭੀੜ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ ਮੈਂ ਆਪਣਾ ਪੁੱਤਰ ਜਿਹ ਨੂੰ ਗੂੰਗੀ ਆਤਮਾ ਚਿੰਬੜੀ ਹੋਈ ਹੈ, ਤੇਰੇ ਕੋਲ ਲਿਆਇਆ ਹਾਂ। ਅਤੇ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਹਦਾ ਅਤੇ ਕਮਜ਼ੋਰ ਹੁੰਦਾ ਜਾਂਦਾ ਹੈ, ਅਤੇ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਨੂੰ ਕੱਢ ਦੇਣ ਪਰ ਉਹ ਨਾ ਕੱਢ ਸਕੇ। ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਹੇ ਅਵਿਸ਼ਵਾਸੀ ਲੋਕੋ, ਮੈਂ ਕਦ ਤੱਕ ਤੁਹਾਡੇ ਨਾਲ ਰਹਾਂਗਾ? ਅਤੇ ਕਦ ਤੱਕ ਤੁਹਾਡੀ ਸਹਾਂਗਾ? ਉਹ ਨੂੰ ਮੇਰੇ ਕੋਲ ਲਿਆਓ! ਉਹ ਉਸ ਨੂੰ ਪ੍ਰਭੂ ਯਿਸੂ ਦੇ ਕੋਲ ਲਿਆਏ ਅਤੇ ਜਦੋਂ ਉਸ ਨੇ ਉਹ ਨੂੰ ਵੇਖਿਆ ਤਾਂ ਦੁਸ਼ਟ ਆਤਮਾ ਨੇ ਉਸੇ ਸਮੇਂ ਉਹ ਨੂੰ ਬਹੁਤ ਮਰੋੜਿਆ ਅਤੇ ਉਹ ਉਸੇ ਸਮੇਂ ਡਿੱਗ ਪਿਆ ਅਤੇ ਝੱਗ ਛੱਡਦਾ ਹੋਇਆ ਲੇਟਣ ਲੱਗਾ। ਉਸ ਨੇ ਉਹ ਦੇ ਪਿਤਾ ਨੂੰ ਪੁੱਛਿਆ, ਇਸ ਦਾ ਇਹ ਹਾਲ ਕਦੋਂ ਤੋਂ ਹੈ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ। ਅਤੇ ਕਈ ਵਾਰੀ ਉਸ ਨੇ ਇਹ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ, ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ! ਵਿਸ਼ਵਾਸ ਕਰਨ ਵਾਲਿਆ ਦੇ ਲਈ ਸੱਭੋ ਕੁਝ ਹੋ ਸਕਦਾ ਹੈ। ਉਸੇ ਵੇਲੇ ਉਸ ਬਾਲਕ ਦਾ ਪਿਤਾ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੇ ਅਵਿਸ਼ਵਾਸ ਦਾ ਹੱਲ ਕਰੋ! ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਆਤਮਾ ਮੈਂ ਮੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ! ਤਾਂ ਉਹ ਚੀਕ ਮਾਰ ਕੇ ਅਤੇ ਉਹ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਐਥੋਂ ਤੱਕ ਜੋ ਬਹੁਤਿਆਂ ਨੇ ਕਿਹਾ, ਉਹ ਮਰ ਗਿਆ! ਪਰ ਯਿਸੂ ਨੇ ਉਹ ਦਾ ਹੱਥ ਫੜ੍ਹ ਕੇ ਉਹ ਨੂੰ ਉੱਠਾ ਲਿਆ ਅਤੇ ਉਹ ਉੱਠ ਖੜ੍ਹਾ ਹੋਇਆ।

ਅਤੇ ਜੇ ਤੇਰਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ। ਟੁੰਡਾ ਹੋ ਕੇ ਜੀਉਣ ਵਿੱਚ ਵੜਨਾ, ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ, ਜਿਹੜੀ ਬੁਝਣ ਵਾਲੀ ਨਹੀਂ। ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ। ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਲੰਗੜਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ। ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ। ਇੱਕ ਅੱਖ ਨਾਲ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

ਉਹ ਯਰੀਹੋ ਵਿੱਚ ਆਏ ਅਤੇ ਜਦ ਉਹ ਅਤੇ ਉਹ ਦੇ ਚੇਲੇ ਅਤੇ ਬਹੁਤ ਲੋਕ ਯਰੀਹੋ ਤੋਂ ਨਿੱਕਲ ਰਹੇ ਸਨ, ਤਾਂ ਤਿਮਈ ਦਾ ਪੁੱਤਰ ਬਰਤਿਮਈ ਇੱਕ ਅੰਨ੍ਹਾ ਭਿਖਾਰੀ ਸੜਕ ਦੇ ਕਿਨਾਰੇ ਬੈਠਾ ਸੀ। ਜਦ ਉਸ ਨੇ ਇਹ ਸੁਣਿਆ ਕੇ ਯਿਸੂ ਨਾਸਰੀ ਹੈ, ਤਾਂ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਹੇ ਦਾਊਦ ਦੇ ਪੁੱਤਰ, ਹੇ ਯਿਸੂ ਨਾਸਰੀ ਮੇਰੇ ਉੱਤੇ ਦਯਾ ਕਰ! ਬਹੁਤਿਆਂ ਨੇ ਉਹ ਨੂੰ ਝਿੜਕਿਆ ਕਿ ਚੁੱਪ ਰਹਿ ਪਰ ਉਹ ਹੋਰ ਵੀ ਉੱਚੀ ਅਵਾਜ਼ ਨਾਲ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰ! ਤਦ ਯਿਸੂ ਨੇ ਖਲੋ ਕੇ ਕਿਹਾ, ਉਹ ਨੂੰ ਬੁਲਾ ਲਿਆਓ। ਸੋ ਉਨ੍ਹਾਂ ਨੇ ਉਸ ਅੰਨ੍ਹੇ ਨੂੰ ਇਹ ਕਹਿ ਕੇ ਬੁਲਾਇਆ ਕਿ ਹੌਂਸਲਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਹੈ। ਤਾਂ ਉਹ ਆਪਣਾ ਕੱਪੜਾ ਸੁੱਟ ਕੇ ਉੱਠ ਖੜ੍ਹਾ ਹੋਇਆ ਅਤੇ ਯਿਸੂ ਕੋਲ ਆਇਆ। ਪ੍ਰਭੂ ਯਿਸੂ ਨੇ ਉਹ ਨੂੰ ਆਖਿਆ, ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ? ਅੰਨ੍ਹੇ ਨੇ ਉਹ ਨੂੰ ਕਿਹਾ, ਪ੍ਰਭੂ ਜੀ ਮੈਂ ਸੁਜਾਖਾ ਹੋ ਜਾਂਵਾਂ! ਪ੍ਰਭੂ ਯਿਸੂ ਨੇ ਉਹ ਨੂੰ ਕਿਹਾ, ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ, ਅਤੇ ਉਸੇ ਵੇਲੇ ਉਹ ਵੇਖਣ ਲੱਗਾ, ਅਤੇ ਉਸ ਰਾਹ ਵਿੱਚ ਉਹ ਦੇ ਮਗਰ ਤੁਰ ਪਿਆ।

ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖੋ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਅਤੇ ਸਮੁੰਦਰ ਵਿੱਚ ਜਾ ਪਉ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਵਿਸ਼ਵਾਸ ਕਰੇ, ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ, ਤਾਂ ਉਹ ਦੇ ਲਈ ਹੋ ਜਾਵੇਗਾ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਸਭ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਵਿਸ਼ਵਾਸ ਕਰੋ ਜੋ ਸਾਨੂੰ ਮਿਲ ਗਿਆ, ਤਾਂ ਤੁਹਾਨੂੰ ਮਿਲੇਗਾ।

ਪਰ ਤੁਸੀਂ ਚੌਕਸ ਰਹੋ ਕਿਉਂ ਜੋ ਲੋਕ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਤੁਸੀਂ ਪ੍ਰਾਰਥਨਾ ਘਰਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਗਵਾਹੀ ਹੋਵੇ। ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਏ। ਪਰ ਜਦੋਂ ਤੁਹਾਨੂੰ ਲੈ ਜਾ ਕੇ ਉਨ੍ਹਾ ਦੇ ਹਵਾਲੇ ਕਰਨ, ਤਾਂ ਪਹਿਲਾਂ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਆਖਾਂਗੇ, ਪਰ ਜੋ ਕੁਝ ਉਸ ਘੜੀ ਤੁਹਾਨੂੰ ਬਖ਼ਸ਼ਿਆ ਜਾਵੇ ਸੋਈ ਆਖਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ, ਪਰ ਪਵਿੱਤਰ ਆਤਮਾ ਹੈ। ਅਤੇ ਭਾਈ-ਭਾਈ ਨੂੰ ਅਤੇ ਪਿਤਾ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋ ਕੇ ਉਨ੍ਹਾਂ ਨੂੰ ਮਰਵਾ ਸੁੱਟਣਗੇ। ਅਤੇ ਮੇਰੇ ਨਾਮ ਦੇ ਕਾਰਣ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ।

ਪਰ ਉਹ ਨੇ ਜੋਰ ਦੇ ਕੇ ਕਿਹਾ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸੱਭੇ ਇਸੇ ਤਰ੍ਹਾਂ ਬੋਲੇ।

ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਲਿਆ ਅਤੇ ਪਰੇਸ਼ਾਨ ਅਤੇ ਬਹੁਤ ਦੁੱਖੀ ਹੋਣ ਲੱਗਾ। ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੱਕ। ਤੁਸੀਂ ਐਥੇ ਠਹਿਰੋ ਅਤੇ ਜਾਗਦੇ ਰਹੋ। ਅਤੇ ਉਹ ਥੋੜ੍ਹਾ ਅੱਗੇ ਵੱਧ ਕੇ ਜ਼ਮੀਨ ਭੁੰਜੇ ਡਿੱਗ ਪਿਆ ਅਤੇ ਪ੍ਰਾਰਥਨਾ ਕੀਤੀ ਕਿ ਜੇ ਹੋ ਸਕੇ ਤਾਂ ਇਹ ਘੜੀ ਮੇਰੇ ਤੋਂ ਟਲ ਜਾਏ। ਅਤੇ ਉਸ ਨੇ ਆਖਿਆ, ਅੱਬਾ, ਹੇ ਪਿਤਾ, ਤੇਰੇ ਕੋਲੋਂ ਸੱਭੋ ਕੁਝ ਹੋ ਸਕਦਾ ਹੈ। ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈਂ।

ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ।

ਤਾਂ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾ ਕੇ ਉਹ ਦੇ ਕੱਪੜੇ ਵੰਡਣ ਲਈ ਗੁਣੇ ਪਾਏ ਜੋ ਕਿਹੜਾ ਕਿਹ ਦੇ ਹਿੱਸੇ ਆਵੇ। ਪਹਿਰ ਦਿਨ ਚੜ੍ਹਿਆ ਸੀ ਜਦ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾਇਆ।

ਅਤੇ ਤੀਜੇ ਪਹਿਰ ਯਿਸੂ ਉੱਚੀ ਅਵਾਜ਼ ਨਾਲ ਬੋਲਿਆ “ਏਲੋਈ ਏਲੋਈ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ?

ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਂਆਂ-ਨਵੀਂਆਂ ਭਾਸ਼ਾ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ।

ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਉਸ ਨੇ ਮੈਨੂੰ ਮਸਹ ਕੀਤਾ ਤਾਂ ਜੋ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਨੇ ਮੈਨੂੰ ਇਸ ਲਈ ਭੇਜਿਆ ਹੈ ਕਿ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ ਅਤੇ ਦੱਬੇ-ਕੁਚਲੇ ਹੋਇਆਂ ਨੂੰ ਛੁਡਾਵਾਂ।

ਪ੍ਰਾਰਥਨਾ ਘਰ ਵਿੱਚ ਇੱਕ ਮਨੁੱਖ ਸੀ ਜਿਸ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ, ਹੇ ਯਿਸੂ ਨਾਸਰੀ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰਖ ਹੈਂ। ਤਦ ਯਿਸੂ ਨੇ ਉਸ ਨੂੰ ਝਿੱੜਕ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾ! ਤਦ ਭੂਤ ਉਸ ਨੂੰ ਵਿਚਕਾਰ ਪਟਕ ਕੇ ਬਿਨ੍ਹਾਂ ਸੱਟ ਲਾਏ ਉਸ ਵਿੱਚੋਂ ਨਿੱਕਲ ਗਿਆ। ਉਹ ਹੈਰਾਨ ਹੋ ਕੇ ਇੱਕ ਦੂਜੇ ਨੂੰ ਆਖਣ ਲੱਗੇ ਜੋ ਇਹ ਕੀ ਗੱਲ ਹੈ? ਕਿਉਂਕਿ ਉਹ ਅਧਿਕਾਰ ਅਤੇ ਸਮਰੱਥਾ ਨਾਲ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿੱਕਲ ਜਾਂਦੇ ਹਨ।

ਫੇਰ ਉਹ ਪ੍ਰਾਰਥਨਾ ਘਰ ਤੋਂ ਉੱਠ ਕੇ ਸ਼ਮਊਨ ਦੇ ਘਰ ਗਿਆ। ਸ਼ਮਊਨ ਦੀ ਸੱਸ ਨੂੰ ਜ਼ੋਰ ਦਾ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਨ੍ਹਾਂ ਯਿਸੂ ਦੇ ਅੱਗੇ ਉਸ ਦੇ ਲਈ ਬੇਨਤੀ ਕੀਤੀ। ਤਦ ਯਿਸੂ ਨੇ ਬੁਖ਼ਾਰ ਨੂੰ ਝਿੱੜਕਿਆ ਅਤੇ ਬੁਖ਼ਾਰ ਉਤਰ ਗਿਆ ਤਦ ਉਸ ਨੇ ਉੱਠ ਕੇ ਉਨ੍ਹਾਂ ਦੀ ਸੇਵਾ ਕੀਤੀ।

ਫਿਰ ਸ਼ਾਮ ਦੇ ਸਮੇਂ ਲੋਕ ਬਿਮਾਰਾਂ ਨੂੰ ਉਸ ਦੇ ਕੋਲ ਲਿਆਏ। ਉਸ ਨੇ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ।

ਜਦੋਂ ਯਿਸੂ ਇੱਕ ਨਗਰ ਵਿੱਚ ਸੀ ਤਾਂ ਵੇਖੋ ਇੱਕ ਮਨੁੱਖ ਕੋੜ੍ਹ ਦਾ ਭਰਿਆ ਹੋਇਆ ਉਸ ਦੇ ਕੋਲ ਆਇਆ ਅਤੇ ਉਹ ਯਿਸੂ ਨੂੰ ਵੇਖ ਕੇ ਮੂੰਹ ਦੇ ਭਾਰ ਡਿੱਗਿਆ ਅਤੇ ਉਸ ਦੇ ਅੱਗੇ ਬੇਨਤੀ ਕਰ ਕੇ ਕਿਹਾ, ਪ੍ਰਭੂ ਜੀ ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ। ਤਾਂ ਉਸ ਨੇ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਸ ਦਾ ਕੋੜ੍ਹ ਚੰਗਾ ਹੋ ਗਿਆ।

ਪਰ ਉਸ ਦੀ ਚਰਚਾ ਬਹੁਤ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਬਿਮਾਰੀਆਂ ਤੋਂ ਚੰਗੇ ਹੋਣ ਲਈ ਇਕੱਠੀ ਹੋਈ।

ਇੱਕ ਦਿਨ ਇਹ ਹੋਇਆ ਕਿ ਜਿਸ ਸਮੇਂ ਉਹ ਉਪਦੇਸ਼ ਦਿੰਦਾ ਸੀ ਤਾਂ ਕਈ ਫ਼ਰੀਸੀ ਅਤੇ ਬਿਵਸਥਾ ਦੇ ਪੜ੍ਹਾਉਣ ਵਾਲੇ ਉੱਥੇ ਬੈਠੇ ਸਨ, ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ। ਉਸ ਸਮੇਂ ਕਈ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਲਿਆਏ ਅਤੇ ਚਾਹਿਆ ਜੋ ਉਸ ਨੂੰ ਅੰਦਰ ਲੈ ਜਾ ਕੇ ਯਿਸੂ ਦੇ ਅੱਗੇ ਰੱਖਣ। ਅਤੇ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਜਾਣ ਦਾ ਕੋਈ ਤਰੀਕਾ ਨਾ ਲੱਭਿਆ ਤਾਂ ਛੱਤ ਉੱਤੇ ਚੜ੍ਹ ਗਏ ਅਤੇ ਟਾਇਲਾਂ ਦੇ ਵਿੱਚੋਂ ਦੀ ਉਸ ਨੂੰ ਮੰਜੀ ਸਣੇ ਯਿਸੂ ਦੇ ਅੱਗੇ ਉਤਾਰ ਦਿੱਤਾ। ਅਤੇ ਉਸ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਮਾਫ਼ ਹੋਏ। ਤਦ ਉਪਦੇਸ਼ਕ ਅਤੇ ਫ਼ਰੀਸੀ ਵਿਵਾਦ ਕਰਨ ਲੱਗੇ ਕਿ ਇਹ ਕੌਣ ਹੈ ਜੋ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ? ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਨੂੰ ਮਾਫ਼ ਕਰ ਸਕਦਾ ਹੈ? ਤਦ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹੋ? ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਯਿਸੂ ਨੇ ਉਸ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ। ਤਾਂ ਉਹ ਝੱਟ ਉਨ੍ਹਾਂ ਦੇ ਸਾਹਮਣੇ ਉੱਠਿਆ ਅਤੇ ਮੰਜੀ ਚੁੱਕ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ ਆਪਣੇ ਘਰ ਚੱਲਿਆ ਗਿਆ।

ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ।

ਇੱਕ ਹੋਰ ਸਬਤ ਦੇ ਦਿਨ ਅਜਿਹਾ ਹੋਇਆ ਕਿ ਉਹ ਪ੍ਰਾਰਥਨਾ ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ, ਉੱਥੇ ਇੱਕ ਮਨੁੱਖ ਸੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ। ਉਪਦੇਸ਼ਕ ਅਤੇ ਫ਼ਰੀਸੀ ਉਸ ਦੀ ਤਾੜ ਵਿੱਚ ਲੱਗੇ ਹੋਏ ਸਨ ਕਿ ਭਲਾ ਵੇਖੀਏ ਉਹ ਸਬਤ ਦੇ ਦਿਨ ਚੰਗਾ ਕਰੇਗਾ ਕਿ ਨਹੀਂ? ਇਸ ਲਈ ਜੋ ਉਹਨਾਂ ਨੂੰ ਯਿਸੂ ਉੱਤੇ ਦੋਸ਼ ਲਾਉਣ ਦਾ ਮੌਕਾ ਮਿਲੇ। ਤਦ ਉਸ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਉੱਠ ਅਤੇ ਸਾਹਮਣੇ ਆ ਕੇ ਖੜ੍ਹਾ ਹੋ ਜਾ ਅਤੇ ਉਹ ਉੱਠ ਖੜ੍ਹਾ ਹੋਇਆ। ਫੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ? ਜਾਨ ਬਚਾਉਣੀ ਜਾਂ ਨਾਸ ਕਰਨੀ?। ਤਦ ਯਿਸੂ ਨੇ ਉਨ੍ਹਾਂ ਸਭਨਾਂ ਵੱਲ ਚਾਰੋਂ ਪਾਸੇ ਵੇਖ ਕੇ ਆਖਿਆ, “ਆਪਣਾ ਹੱਥ ਵਧਾ”। ਤਦ ਉਸ ਨੇ ਆਪਣਾ ਹੱਥ ਵਧਾਇਆ ਅਤੇ ਉਸ ਦਾ ਹੱਥ ਚੰਗਾ ਹੋ ਗਿਆ।

ਅਤੇ ਉਹ ਉਨ੍ਹਾਂ ਨਾਲ ਉਤਰ ਕੇ ਪੱਧਰੇ ਥਾਂ ਖੜ੍ਹਾ ਹੋਇਆ, ਉਸ ਦੇ ਨਾਲ ਚੇਲਿਆਂ ਦੀ ਵੱਡੀ ਮੰਡਲੀ ਅਤੇ ਲੋਕਾਂ ਦੀ ਵੱਡੀ ਭੀੜ ਜਿਹੜੇ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਦੇ ਕੰਢਿਓਂ ਉਸ ਦੀ ਸੁਣਨ ਲਈ ਅਤੇ ਆਪਣਿਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ। ਅਤੇ ਜਿਹੜੇ ਅਸ਼ੁੱਧ ਆਤਮਾਵਾਂ ਤੋਂ ਦੁੱਖੀ ਸਨ ਉਹ ਚੰਗੇ ਕੀਤੇ ਗਏ। ਅਤੇ ਸਾਰੇ ਲੋਕ ਉਸ ਨੂੰ ਛੂਹਣਾ ਚਾਹੁੰਦੇ ਸਨ ਇਸ ਲਈ ਜੋ ਸਮਰੱਥਾ ਉਸ ਤੋਂ ਨਿੱਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ।

ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ ਤੁਸੀਂ ਰਜਾਏ ਜਾਓਗੇ। ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ ਹੱਸੋਗੇ। ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਤੁਹਾਨੂੰ ਛੱਡ ਦੇਣਗੇ, ਮੰਦਾ ਆਖਣਗੇ ਅਤੇ ਤੁਹਾਡਾ ਨਾਮ ਬੁਰਾ ਜਾਣ ਕੇ ਕੱਢ ਸੁੱਟਣਗੇ। ਉਸ ਦਿਨ ਅਨੰਦ ਮਨਾਉਣਾ ਤੇ ਖੁਸ਼ੀ ਨਾਲ ਉੱਛਲਣਾ ਕਿਉਂ ਜੋ ਵੇਖੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਵੀ ਇਸੇ ਤਰ੍ਹਾਂ ਕੀਤਾ ਸੀ।

ਅਤੇ ਕਿਸੇ ਸੂਬੇਦਾਰ ਦਾ ਨੌਕਰ ਜਿਹੜਾ ਉਸ ਦਾ ਬਹੁਤ ਪਿਆਰਾ ਸੀ ਰੋਗ ਨਾਲ ਮਰਨ ਵਾਲਾ ਸੀ। ਉਸ ਨੇ ਯਿਸੂ ਦੀ ਖ਼ਬਰ ਸੁਣ ਕੇ ਯਹੂਦੀਆਂ ਦੇ ਕਈਆਂ ਬਜ਼ੁਰਗਾਂ ਨੂੰ ਉਸ ਦੇ ਕੋਲ ਭੇਜਿਆ ਅਤੇ ਉਸ ਅੱਗੇ ਬੇਨਤੀ ਕੀਤੀ ਜੋ ਆ ਕੇ ਮੇਰੇ ਨੌਕਰ ਨੂੰ ਚੰਗਾ ਕਰੇ। ਉਹ ਯਿਸੂ ਦੇ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਸ ਨੂੰ ਬੇਨਤੀ ਕਰ ਕੇ ਆਖਿਆ ਕਿ ਉਹ ਇਸ ਲਾਇਕ ਹੈ ਜੋ ਤੂੰ ਉਸ ਦੇ ਲਈ ਇਹ ਕੰਮ ਕਰੇਂ। ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਸ ਨੇ ਆਪ ਸਾਡੇ ਲਈ ਪ੍ਰਾਰਥਨਾ ਘਰ ਬਣਵਾਇਆ ਹੈ। ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਤੇ ਜਦ ਉਹ ਘਰ ਦੇ ਨੇੜੇ ਆਇਆ ਤਾਂ ਸੂਬੇਦਾਰ ਨੇ ਮਿੱਤਰਾਂ ਦੇ ਰਾਹੀਂ ਉਸ ਨੂੰ ਸੁਨੇਹਾ ਭੇਜਿਆ ਕਿ ਪ੍ਰਭੂ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੇ ਘਰ ਆਓ। ਇਸੇ ਕਾਰਨ ਮੈਂ ਆਪਣੇ ਆਪ ਨੂੰ ਤੇਰੇ ਕੋਲ ਆਉਣ ਦੇ ਵੀ ਯੋਗ ਨਾ ਸਮਝਿਆ ਜੇਕਰ ਤੂੰ ਇੱਕ ਸ਼ਬਦ ਹੀ ਕਹਿ ਦੇਵੇਂਗਾ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ। ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ। ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, “ਜਾ” ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ ਬੁਲਾਵਾਂ “ਆ” ਤਾਂ ਉਹ ਆਉਂਦਾ ਹੈ ਅਤੇ ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾਂ ਹਾਂ “ਇਹ ਕਰ”, ਤਾਂ ਉਹ ਕਰਦਾ ਹੈ। ਯਿਸੂ ਇਹ ਗੱਲਾਂ ਸੁਣ ਕੇ ਹੈਰਾਨ ਹੋਇਆ ਅਤੇ ਉਸ ਭੀੜ ਦੀ ਵੱਲ ਜੋ ਉਸ ਦੇ ਮਗਰ ਚੱਲੀ ਆਉਂਦੀ ਸੀ ਮੁੜ ਕੇ ਕਿਹਾ, ਮੈਂ ਤੁਹਾਨੂੰ ਆਖਦਾ ਹਾਂ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਸਰਾਏਲ ਵਿੱਚ ਵੀ ਨਹੀਂ ਵੇਖਿਆ! ਜੋ ਭੇਜੇ ਗਏ ਸਨ ਉਨ੍ਹਾਂ ਘਰ ਮੁੜ ਕੇ ਉਸ ਨੌਕਰ ਨੂੰ ਚੰਗਾ ਹੋਇਆ ਵੇਖਿਆ।

ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਪੁੱਜਿਆ ਤਾਂ ਵੇਖੋ ਲੋਕ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਵਿਧਵਾ ਸੀ, ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ। ਪ੍ਰਭੂ ਨੇ ਵੇਖ ਕੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ। ਅਤੇ ਨੇੜੇ ਆ ਕੇ ਅਰਥੀ ਨੂੰ ਛੂਹਿਆ ਅਤੇ ਚੁੱਕਣ ਵਾਲੇ ਰੁੱਕ ਗਏ। ਤਦ ਉਸ ਨੇ ਕਿਹਾ, ਹੇ ਜਵਾਨ ਮੈਂ ਤੈਨੂੰ ਕਹਿੰਦਾ ਹਾਂ, ਉੱਠ! ਤਦ ਉਹ ਮੁਰਦਾ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ ਅਤੇ ਯਿਸੂ ਨੇ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ।

ਉਸ ਨੇ ਉਸ ਸਮੇਂ ਬਹੁਤਿਆਂ ਨੂੰ ਰੋਗਾਂ ਅਤੇ ਕਮਜ਼ੋਰੀਆਂ ਅਤੇ ਦੁਸ਼ਟ ਆਤਮਾਵਾਂ ਤੋਂ ਚੰਗਾ ਕੀਤਾ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ। ਤਦ ਯਿਸੂ ਨੇ ਉੱਤਰ ਦਿੱਤਾ ਕਿ ਜੋ ਕੁਝ ਤੁਸੀਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਕੇ ਦੱਸੋ ਕਿ ਅੰਨ੍ਹੇ ਵੇਖਦੇ, ਲੰਗੜੇ ਤੁਰਦੇ, ਕੋੜ੍ਹੀ ਸ਼ੁੱਧ ਹੁੰਦੇ, ਬੋਲੇ ਸੁਣਦੇ ਅਤੇ ਮੁਰਦੇ ਜਿਵਾਲੇ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ।

ਅਤੇ ਕਈ ਔਰਤਾਂ ਵੀ ਜਿਹੜੀਆਂ ਦੁਸ਼ਟ ਆਤਮਾਵਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜਿਸ ਨੂੰ ਮਗਦਲੀਨੀ ਆਖਦੇ ਸਨ। ਜਿਸ ਦੇ ਵਿੱਚੋਂ ਸੱਤ ਭੂਤਾਂ ਨਿੱਕਲੀਆਂ ਸਨ।

ਪਰ ਜਦ ਉਹ ਬੇੜੀ ਵਿੱਚ ਜਾ ਰਹੇ ਸਨ ਤਾਂ ਯਿਸੂ ਸੌਂ ਗਿਆ ਅਤੇ ਝੀਲ ਵਿੱਚ ਤੂਫ਼ਾਨ ਆਇਆ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ। ਇਸ ਲਈ ਉਹ ਖ਼ਤਰੇ ਵਿੱਚ ਸਨ। ਤਦ ਚੇਲਿਆਂ ਨੇ ਆ ਕੇ ਯਿਸੂ ਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ! ਅਸੀਂ ਤਾਂ ਮਰ ਚੱਲੇ ਹਾਂ! ਤਦ ਉਸ ਨੇ ਉੱਠ ਕੇ ਤੂਫ਼ਾਨ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਸ਼ਾਂਤ ਹੋ ਗਈਆਂ। ਫੇਰ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡਾ ਵਿਸ਼ਵਾਸ ਕਿੱਥੇ ਹੈ? ਅਤੇ ਉਹ ਡਰ ਗਏ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਗੱਲ ਮੰਨਦੇ ਹਨ?।

ਉਹ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ। ਅਤੇ ਜਦ ਉਹ ਕੰਢੇ ਤੇ ਉੱਤਰਿਆ ਤਾਂ ਉਸ ਨਗਰ ਵਿੱਚੋਂ ਇੱਕ ਆਦਮੀ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ ਅਤੇ ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ। ਅਤੇ ਉਹ ਯਿਸੂ ਨੂੰ ਵੇਖਦਿਆਂ ਹੀ ਚੀਕ ਉੱਠਿਆ ਅਤੇ ਉਸ ਦੇ ਅੱਗੇ ਡਿੱਗ ਪਿਆ ਅਤੇ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦਿਓ! ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ। ਬਹੁਤ ਬਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ। ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ। ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ। ਅਤੇ ਉਨ੍ਹਾਂ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ! ਨੇੜੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਓ ਜੋ ਅਸੀਂ ਉਨ੍ਹਾਂ ਸੂਰਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ। ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਸਾਰਾ ਇੱਜੜ ਪਹਾੜ ਦੀ ਢਲਾਣ ਤੋਂ ਤੇਜ ਭੱਜ ਕੇ ਝੀਲ ਵਿੱਚ ਡੁੱਬ ਕੇ ਮਰ ਗਿਆ।

ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ। ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੂਹਿਆ ਅਤੇ ਉਸੇ ਸਮੇਂ ਉਸ ਦੇ ਲਹੂ ਵਹਿਣਾ ਬੰਦ ਹੋ ਗਿਆ।

ਉਹ ਬੋਲ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਕਿਸੇ ਨੇ ਆ ਕੇ ਕਿਹਾ ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਖੇਚਲ ਨਾ ਦੇ। ਪਰ ਯਿਸੂ ਨੇ ਸੁਣ ਕੇ ਜੈਰੁਸ ਨੂੰ ਆਖਿਆ, ਨਾ ਡਰ, ਕੇਵਲ ਵਿਸ਼ਵਾਸ ਕਰ ਤਾਂ ਉਹ ਬਚ ਜਾਵੇਗੀ। ਉਸ ਨੇ ਘਰ ਪਹੁੰਚ ਕੇ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਪਿਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ। ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ। ਤਾਂ ਉਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਕਿ ਉਹ ਮਰੀ ਹੋਈ ਹੈ। ਪਰ ਯਿਸੂ ਨੇ ਉਸ ਦਾ ਹੱਥ ਫੜ੍ਹ ਕੇ ਉੱਚੀ ਅਵਾਜ਼ ਨਾਲ ਕਿਹਾ, ਬੇਟੀ, ਉੱਠ! ਅਤੇ ਉਸ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜ੍ਹੀ ਹੋਈ, ਅਤੇ ਉਸ ਨੇ ਹੁਕਮ ਦਿੱਤਾ ਜੋ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।

ਤਦ ਉਸ ਨੇ ਬਾਰਾਂ ਚੇਲਿਆਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਸਾਰੀਆਂ ਭੂਤਾਂ ਉੱਤੇ ਅਤੇ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਦਾ ਅਧਿਕਾਰ ਦਿੱਤਾ। ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਭੇਜਿਆ।

ਤਦ ਉਹ ਬਾਹਰ ਨਿੱਕਲ ਕੇ ਪਿੰਡ-ਪਿੰਡ ਜਾ ਕੇ ਖੁਸ਼ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ।

ਪਰ ਲੋਕ ਇਹ ਜਾਣ ਕੇ ਉਸ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ ਅਤੇ ਜੋ ਬਿਮਾਰ ਸਨ ਉਨ੍ਹਾਂ ਨੂੰ ਚੰਗੇ ਕੀਤਾ।

ਅਤੇ ਵੇਖੋ ਭੀੜ ਵਿੱਚੋਂ ਇੱਕ ਆਦਮੀ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਗੁਰੂ ਜੀ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੇ ਪੁੱਤਰ ਉੱਤੇ ਕਿਰਪਾ ਕਰੋ ਕਿਉਂਕਿ ਉਹ ਮੇਰਾ ਇੱਕਲੌਤਾ ਹੈ। ਅਤੇ ਵੇਖੋ ਕਿ ਇੱਕ ਦੁਸ਼ਟ ਆਤਮਾ ਉਸ ਨੂੰ ਫੜ੍ਹਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਜਾਂਦਾ ਹੈ, ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਸ ਦੇ ਮੂੰਹ ਵਿੱਚੋਂ ਝੱਗ ਆ ਜਾਂਦੀ ਅਤੇ ਉਸ ਨੂੰ ਤੋੜ ਮਰੋੜ ਕੇ ਮੁਸ਼ਕਿਲ ਨਾਲ ਛੱਡਦੀ ਹੈ। ਮੈਂ ਤੇਰੇ ਚੇਲਿਆਂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ ਪਰ ਉਹ ਕੱਢ ਨਾ ਸਕੇ। ਤਦ ਯਿਸੂ ਨੇ ਉੱਤਰ ਦਿੱਤਾ, ਹੇ ਅਵਿਸ਼ਵਾਸੀ ਅਤੇ ਬੁਰੀ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਡੀ ਸਹਾਂਗਾ? ਆਪਣੇ ਪੁੱਤਰ ਨੂੰ ਮੇਰੇ ਕੋਲ ਲਿਆ। ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਸ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਤੇ ਉਸ ਨੂੰ ਉਹ ਦੇ ਪਿਤਾ ਨੂੰ ਸੌਂਪ ਦਿੱਤਾ।

ਅਤੇ ਉਸ ਨਗਰ ਦੇ ਰੋਗੀਆਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।

ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਬਿਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ।

ਯਿਸੂ ਨੇ ਉੱਤਰ ਦਿੱਤਾ ਕਿ ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰਿਆ ਅਤੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਤੇ ਅਧਮੋਇਆ ਛੱਡ ਕੇ ਚੱਲੇ ਗਏ। ਸੰਜੋਗ ਨਾਲ ਇੱਕ ਜਾਜਕ ਉਸ ਰਸਤੇ ਤੋਂ ਲੰਘਿਆ ਜਾਂਦਾ ਸੀ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ। ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਪਹੁੰਚਿਆ। ਅਤੇ ਜਦੋਂ ਉਸ ਨੂੰ ਵੇਖਿਆ ਤਾਂ ਤਰਸ ਖਾ ਕੇ ਉਸ ਦੇ ਕੋਲ ਗਿਆ ਅਤੇ ਤੇਲ ਅਤੇ ਮੈਅ ਲਾ ਕੇ ਉਸ ਦੇ ਜ਼ਖਮਾਂ ਨੂੰ ਬੰਨ੍ਹਿਆ ਅਤੇ ਆਪਣੀ ਸਵਾਰੀ ਤੇ ਉਸ ਨੂੰ ਬਿਠਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਸ ਦੀ ਮਰਹਮ ਪੱਟੀ ਕੀਤੀ।

ਫਿਰ ਯਿਸੂ ਨੇ ਇੱਕ ਗੁੰਗੇ ਭੂਤ ਨੂੰ ਕੱਢਿਆ ਅਤੇ ਇਹ ਹੋਇਆ ਕਿ ਜਦ ਉਹ ਭੂਤ ਨਿੱਕਲ ਗਿਆ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਤੇ ਲੋਕ ਹੈਰਾਨ ਹੋਏ।

ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਤੋਂ ਭੁੱਲੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ। ਇਸ ਲਈ ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।

ਫੇਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਮੈਂ ਇਸ ਲਈ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਲਈ ਕਿ ਅਸੀਂ ਕੀ ਪਹਿਨਾਂਗੇ। ਕਿਉਂਕਿ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਮਹੱਤਵਪੂਰਣ ਹੈ। ਪੰਛੀਆਂ ਵੱਲ ਧਿਆਨ ਕਰੋ, ਉਹ ਨਾ ਤਾਂ ਬੀਜਦੇ ਹਨ ਅਤੇ ਨਾ ਵੱਢਦੇ ਹਨ। ਉਹਨਾਂ ਕੋਲ ਨਾ ਤਾਂ ਭੰਡਾਰ ਹਨ ਅਤੇ ਨਾ ਹੀ ਖੇਤ ਹਨ। ਅਤੇ ਫੇਰ ਵੀ ਪਰਮੇਸ਼ੁਰ ਉਹਨਾਂ ਨੂੰ ਖਿਲਾਉਂਦਾ ਹੈ। ਤੁਸੀਂ ਪੰਛੀਆਂ ਨਾਲੋਂ ਵੱਧ ਕੇ ਉੱਤਮ ਹੋ! ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ? ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਹੋਰਾਂ ਗੱਲਾਂ ਲਈ ਕਿਉਂ ਚਿੰਤਾ ਕਰਦੇ ਹੋ? ਸੋਸਨ ਦੇ ਫੁੱਲਾਂ ਵੱਲ ਧਿਆਨ ਦਿਓ ਕਿ ਉਹ ਕਿਸ ਤਰ੍ਹਾਂ ਵਧਦੇ ਹਨ। ਉਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ। ਜਦ ਪਰਮੇਸ਼ੁਰ ਜੰਗਲੀ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ ਭੱਠੀ ਵਿੱਚ ਝੋਕੀ ਜਾਂਦੀ ਹੈ ਨੂੰ ਇਹੋ ਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਉਹ ਕਿੰਨਾਂ ਵੱਧ ਕੇ ਤੁਹਾਨੂੰ ਪਹਿਨਾਵੇਗਾ! ਤੁਸੀਂ ਇਸ ਗੱਲ ਦੀ ਭਾਲ ਨਾ ਕਰੋ ਜੋ ਕੀ ਖਾਵਾਂਗੇ, ਕੀ ਪੀਵਾਂਗੇ? ਅਤੇ ਚਿੰਤਾ ਨਾ ਕਰੋ। ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਵੀ ਇਨ੍ਹਾਂ ਸਭ ਵਸਤੂਆਂ ਨੂੰ ਲੱਭਦੇ ਹਨ ਅਤੇ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਵਸਤੂਆਂ ਦੀ ਲੋੜ ਹੈ। ਪਰ ਤੁਸੀਂ ਉਸ ਦੇ ਰਾਜ ਦੀ ਖੋਜ ਕਰੋ ਤਾਂ ਤੁਹਾਨੂੰ ਇਹ ਵਸਤੂਆਂ ਵੀ ਦਿੱਤੀਆਂ ਜਾਣਗੀਆਂ। ਹੇ ਛੋਟੇ ਝੁੰਡ, ਨਾ ਡਰ ਕਿਉਂ ਜੋ ਤੁਹਾਡੇ ਪਿਤਾ ਨੂੰ ਪਸੰਦ ਆਇਆ ਹੈ ਕਿ ਰਾਜ ਤੁਹਾਨੂੰ ਦੇਵੇ।

ਆਪਣਾ ਮਾਲ ਵੇਚ ਕੇ ਦਾਨ ਕਰੋ ਅਤੇ ਆਪਣੇ ਲਈ ਇਹੋ ਜਿਹੇ ਬਟੂਏ ਬਣਾਓ ਜੋ ਪੁਰਾਣੇ ਨਹੀਂ ਹੁੰਦੇ ਅਤੇ ਸਵਰਗ ਵਿੱਚ ਧਨ ਜਮਾਂ ਕਰੋ, ਜੋ ਘੱਟਦਾ ਨਹੀਂ ਅਤੇ ਜਿੱਥੇ ਨਾ ਚੋਰ ਨੇੜੇ ਆਉਂਦਾ, ਨਾ ਕੀੜਾ ਨਾਸ ਕਰਦਾ ਹੈ। ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ।

ਅਤੇ ਉੱਥੇ ਇੱਕ ਔਰਤ ਸੀ ਜਿਸ ਨੂੰ ਅਠਾਰਾਂ ਸਾਲਾਂ ਤੋਂ ਕਮਜ਼ੋਰੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਸੀ ਅਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ। ਯਿਸੂ ਨੇ ਉਸ ਨੂੰ ਵੇਖ ਕੇ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ, ਹੇ ਔਰਤ ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ ਹੈਂ। ਯਿਸੂ ਨੇ ਉਸ ਉੱਤੇ ਹੱਥ ਰੱਖੇ ਤਾਂ ਉਸੇ ਸਮੇਂ ਉਹ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੀ।

ਫੇਰ ਭਲਾ, ਇਹ ਔਰਤ ਜੋ ਅਬਰਾਹਾਮ ਦੀ ਸੰਤਾਨ ਵਿੱਚੋਂ ਹੈ, ਜਿਸ ਨੂੰ ਸ਼ੈਤਾਨ ਨੇ ਵੇਖੋ ਅਠਾਰਾਂ ਸਾਲਾਂ ਤੋਂ ਬੰਨ੍ਹ ਰੱਖਿਆ ਸੀ, ਇਸ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਯੋਗ ਨਹੀਂ ਸੀ?

ਯਿਸੂ ਨੇ ਉਨ੍ਹਾਂ ਨੂੰ ਆਖਿਆ ਤੁਸੀਂ ਜਾ ਕੇ ਉਸ ਲੂੰਬੜੀ ਨੂੰ ਕਹੋ ਜੋ ਵੇਖ ਮੈਂ ਅੱਜ ਅਤੇ ਕੱਲ ਭੂਤਾਂ ਨੂੰ ਕੱਢਦਾ ਅਤੇ ਰੋਗੀਆਂ ਨੂੰ ਚੰਗਾ ਕਰਦਾ ਹਾਂ ਅਤੇ ਤੀਜੇ ਦਿਨ ਪੂਰਾ ਹੋ ਜਾਂਵਾਂਗਾ।

ਅਤੇ ਵੇਖੋ ਇੱਕ ਮਨੁੱਖ ਸੀ ਜਿਸ ਨੂੰ ਜਲੋਧਰੀ ਦੀ ਬਿਮਾਰੀ ਸੀ। ਯਿਸੂ ਨੇ ਬਿਵਸਥਾ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਕਿ ਨਹੀਂ? ਪਰ ਉਹਨਾਂ ਕੁਝ ਉੱਤਰ ਨਾ ਦਿੱਤਾ। ਤਾਂ ਯਿਸੂ ਨੇ ਉਸ ਨੂੰ ਛੂਹ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ।

ਪਰ ਜਦ ਤੂੰ ਦਾਵਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਗੜਿਆਂ, ਅੰਨ੍ਹਿਆਂ ਨੂੰ ਬੁਲਾ।

ਇੱਕ ਧਨਵਾਨ ਆਦਮੀ ਸੀ ਜੋ ਬੈਂਗਣੀ ਅਤੇ ਮਲਮਲ ਕੱਪੜਾ ਪਹਿਨਦਾ ਅਤੇ ਸਦਾ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ। ਅਤੇ ਲਾਜ਼ਰ ਨਾਮ ਦਾ ਇੱਕ ਗਰੀਬ, ਫੋੜਿਆਂ ਨਾਲ ਭਰਿਆ ਹੋਇਆ ਉਸ ਦੇ ਦਰਵਾਜ਼ੇ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। ਅਤੇ ਜੋ ਟੁੱਕੜੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ। ਅਤੇ ਕੁਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। ਅਤੇ ਪਤਾਲ ਵਿੱਚ ਦੁੱਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ। ਤਦ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਭੇਜ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ ਕਿਉਂ ਜੋ ਮੈਂ ਇਸ ਅੱਗ ਵਿੱਚ ਤੜਫ਼ਦਾ ਹਾਂ! ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ। ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ। ਤਾਂ ਉਸ ਨੇ ਆਖਿਆ, ਹੇ ਪਿਤਾ ਤਦ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ। ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਨ੍ਹਾਂ ਦੇ ਅੱਗੇ ਗਵਾਹੀ ਦੇਵੇ ਤਾਂ ਕਿ ਉਹ ਵੀ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ। ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ। ਉਸ ਨੇ ਆਖਿਆ, ਨਾ ਜੀ, ਹੇ ਪਿਤਾ ਅਬਰਾਹਾਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। ਤਦ ਅਬਰਾਹਾਮ ਨੇ ਉਸ ਨੂੰ ਕਿਹਾ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ।

ਅਤੇ ਕਿਸੇ ਪਿੰਡ ਵਿੱਚ ਵੜਦਿਆਂ ਸਮੇਂ ਉਸ ਨੂੰ ਦਸ ਕੋੜ੍ਹੀ ਮਿਲੇ ਜਿਹੜੇ ਉਸ ਤੋਂ ਦੂਰ ਖੜੇ ਰਹੇ। ਅਤੇ ਉਨ੍ਹਾਂ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ! ਤਦ ਯਿਸੂ ਨੇ ਵੇਖ ਕੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਆਪਣੇ ਆਪ ਨੂੰ ਜਾਜਕਾਂ ਨੂੰ ਵਿਖਾਓ, ਅਤੇ ਇਹ ਹੋਇਆ ਕਿ ਉਹ ਜਾਂਦੇ-ਜਾਂਦੇ ਹੀ ਸ਼ੁੱਧ ਹੋ ਗਏ। ਤਦ ਉਨ੍ਹਾਂ ਕੋੜ੍ਹੀਆਂ ਵਿੱਚੋਂ ਇੱਕ ਕੋੜ੍ਹੀ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਹਾਂ, ਵੱਡੀ ਅਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ।

ਜੋ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਸ ਨੂੰ ਜਿਉਂਦਿਆਂ ਰੱਖੇਗਾ।

ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਯਰੀਹੋ ਦੇ ਨੇੜੇ ਪਹੁੰਚਿਆ ਤਾਂ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਭੀਖ ਮੰਗਦਾ ਸੀ। ਅਤੇ ਉਸ ਨੇ ਭੀੜ ਲੰਘਦੀ ਸੁਣ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ? ਲੋਕਾਂ ਨੇ ਉਸ ਨੂੰ ਦੱਸਿਆ ਜੋ ਯਿਸੂ ਨਾਸਰੀ ਇੱਥੋਂ ਲੰਘ ਰਿਹਾ ਹੈ। ਤਦ ਉਸ ਨੇ ਪੁਕਾਰ ਕੇ ਕਿਹਾ, ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ। ਜਿਹੜੇ ਅੱਗੇ ਜਾਂਦੇ ਸਨ, ਉਨ੍ਹਾਂ ਨੇ ਉਸ ਨੂੰ ਝਿੜਕਿਆ ਕਿ ਚੁੱਪ ਕਰ, ਪਰ ਉਹ ਸਗੋਂ ਹੋਰ ਵੀ ਉੱਚੀ ਅਵਾਜ਼ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ! ਤਦ ਯਿਸੂ ਨੇ ਰੁੱਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ ਅਤੇ ਜਦ ਉਹ ਉਸ ਕੋਲ ਆਇਆ ਤਾਂ ਉਸ ਨੂੰ ਪੁੱਛਿਆ, ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ? ਉਸ ਨੇ ਕਿਹਾ, ਪ੍ਰਭੂ ਜੀ ਮੈਂ ਵੇਖਣ ਲੱਗ ਜਾਵਾਂ! ਤਦ ਯਿਸੂ ਨੇ ਉਸ ਨੂੰ ਕਿਹਾ, ਸੁਜਾਖਾ ਹੋ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਅਤੇ ਉਸੇ ਸਮੇਂ ਉਹ ਵੇਖਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ ਅਤੇ ਸਭ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ।

ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਲੱਭਣ ਅਤੇ ਬਚਾਉਣ ਆਇਆ ਹੈ।

ਕਿਉਂ ਜੋ ਉਹ ਦੁਬਾਰਾ ਮਰ ਵੀ ਨਹੀਂ ਸਕਦੇ ਇਸ ਲਈ ਜੋ ਦੂਤਾਂ ਦੇ ਸਮਾਨ ਹਨ ਅਤੇ ਜੀ ਉੱਠਣ ਦੇ ਪੁੱਤਰ ਹੋ ਕੇ ਪਰਮੇਸ਼ੁਰ ਦੇ ਪੁੱਤਰ ਹਨ।

ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਤੇ ਪ੍ਰਾਰਥਨਾ ਘਰਾਂ ਅਤੇ ਕੈਦਖ਼ਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ। ਇਹ ਤੁਹਾਡੇ ਲਈ ਗਵਾਹੀ ਦੇਣ ਦਾ ਮੌਕਾ ਹੋਵੇਗਾ। ਇਸ ਲਈ ਆਪਣੇ ਮਨ ਵਿੱਚ ਠਾਣ ਲਵੋ ਜੋ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ। ਕਿਉਂ ਜੋ ਮੈਂ ਤੁਹਾਨੂੰ ਇਹੋ ਜਿਹੇ ਬੋਲ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਜਾ ਵਿਰੋਧ ਨਾ ਕਰ ਸਕਣਗੇ। ਅਤੇ ਤੁਹਾਡੇ ਮਾਂ ਪਿਉ ਅਤੇ ਭਾਈ ਅਤੇ ਰਿਸ਼ਤੇਦਾਰ ਅਤੇ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ। ਅਤੇ ਮੇਰੇ ਨਾਮ ਕਾਰਨ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ। ਪਰ ਤੁਹਾਡੇ ਸਿਰ ਦਾ ਇੱਕ ਵੀ ਵਾਲ਼ ਵਿੰਗਾ ਨਾ ਹੋਵੇਗਾ

ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ।

ਹੇ ਸ਼ਮਊਨ, ਸ਼ਮਊਨ! ਵੇਖ, ਸ਼ੈਤਾਨ ਨੇ ਤੈਨੂੰ ਮੰਗਿਆ ਹੈ, ਜੋ ਕਣਕ ਦੀ ਤਰ੍ਹਾਂ ਤੈਨੂੰ ਛੱਟੇ। ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦ ਤੂੰ ਵਾਪਸ ਆਵੇਂ ਤਾਂ ਆਪਣਿਆਂ ਭਰਾਵਾਂ ਨੂੰ ਤਕੜੇ ਕਰੀਂ। ਤਦ ਉਸ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ।

ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਤਨ-ਮਨ ਨਾਲ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗੂੰ ਹੇਠਾਂ ਡਿੱਗਦਾ ਸੀ।

ਅਤੇ ਜਦ ਉਹ ਉਸ ਸਥਾਨ ਤੇ ਪਹੁੰਚੇ ਜੋ ਕਲਵਰੀ ਅਖਵਾਉਂਦਾ ਹੈ, ਤਾਂ ਉਸ ਨੂੰ ਉੱਥੇ ਸਲੀਬ ਤੇ ਚੜ੍ਹਾਇਆ ਅਤੇ ਉਨ੍ਹਾਂ ਦੋਵਾਂ ਅਪਰਾਧੀਆਂ ਨੂੰ ਵੀ ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ। ਤਦ ਯਿਸੂ ਨੇ ਆਖਿਆ, ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਉਹ ਨਹੀਂ ਜਾਣਦੇ ਜੋ ਇਹ ਕੀ ਕਰਦੇ ਹਨ ਅਤੇ ਉਨ੍ਹਾਂ ਉਸ ਦੇ ਕੱਪੜੇ ਗੁਣੇ ਪਾ ਕੇ ਵੰਡ ਲਏ।

ਯਿਸੂ ਨੇ ਉਸ ਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ।

ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ,” ਅਤੇ ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ।

ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।

ਇੱਕ ਵਾਰ ਫੇਰ ਯਿਸੂ ਗਲੀਲ ਵਿੱਚ ਕਾਨਾ ਨੂੰ ਗਿਆ। ਕਾਨਾ ਉਹ ਥਾਂ ਹੈ ਜਿੱਥੇ ਯਿਸੂ ਨੇ ਪਾਣੀ ਨੂੰ ਅੰਗੂਰਾਂ ਦੇ ਰਸ ਵਿੱਚ ਤਬਦੀਲ ਕੀਤਾ, ਇੱਕ ਅਧਿਕਾਰੀ ਕਫ਼ਰਨਾਹੂਮ ਵਿੱਚ ਰਹਿੰਦਾ ਸੀ, ਉਸਦਾ ਪੁੱਤਰ ਬਿਮਾਰ ਸੀ। ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਆਇਆ ਹੈ ਅਤੇ ਹੁਣ ਗਲੀਲ ਵਿੱਚ ਸੀ ਤਾਂ ਉਹ ਆਦਮੀ ਕਾਨਾ ਵਿੱਚ ਯਿਸੂ ਕੋਲ ਗਿਆ ਅਤੇ ਉਸ ਨੇ ਯਿਸੂ ਨੂੰ ਕਫ਼ਰਨਾਹੂਮ ਵਿੱਚ ਦਰਸ਼ਣ ਦੇਣ ਅਤੇ ਉਸ ਦੇ ਨੌਕਰ ਨੂੰ ਤੰਦਰੁਸਤ ਕਰਨ ਦੀ ਬੇਨਤੀ ਕੀਤੀ। ਉਸਦਾ ਨੌਕਰ ਮਰਨ ਵਾਲਾ ਸੀ। ਯਿਸੂ ਨੇ ਉਸ ਨੂੰ ਆਖਿਆ, “ਜਦੋਂ ਤੱਕ ਤੁਸੀਂ ਅਚਰਜ਼ ਅਤੇ ਨਿਸ਼ਾਨ ਨਹੀਂ ਵੇਖੋਂਗੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰੋਂਗੇ।” ਬਾਦਸ਼ਾਹ ਦੇ ਅਧਿਕਾਰੀ ਨੇ ਆਖਿਆ, “ਸ਼੍ਰੀ ਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚੱਲੋ।” ਯਿਸੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜਿਉਂਦਾ ਹੈ।” ਉਸ ਆਦਮੀ ਨੇ ਯਿਸੂ ਦੇ ਸ਼ਬਦਾਂ ਵਿੱਚ ਵਿਸ਼ਵਾਸ ਕੀਤਾ ਅਤੇ ਘਰ ਚਲਾ ਗਿਆ। ਜਦੋਂ ਉਹ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦੇ ਨੌਕਰ ਉਸ ਨੂੰ ਮਿਲੇ। ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, “ਤੇਰਾ ਪੁੱਤਰ ਚੰਗਾ ਹੋ ਗਿਆ ਹੈ।” ਉਸ ਆਦਮੀ ਨੇ ਪੁੱਛਿਆ, “ਮੇਰਾ ਪੁੱਤਰ ਕਿਸ ਵਕਤ ਠੀਕ ਹੋਣਾ ਸ਼ੁਰੂ ਹੋਇਆ ਸੀ?” ਨੌਕਰ ਨੇ ਜ਼ਵਾਬ ਦਿੱਤਾ, “ਇਹ ਕੱਲ ਇੱਕ ਵਜੇ ਦੇ ਆਸ-ਪਾਸ ਦਾ ਸਮਾਂ ਸੀ, ਜਦੋਂ ਉਸਦਾ ਬੁਖਾਰ ਉਤਰ ਗਿਆ।” ਉਸ ਆਦਮੀ ਨੂੰ ਪਤਾ ਸੀ ਕਿ ਪੂਰਾ ਇੱਕ ਵਜੇ ਦਾ ਹੀ ਸਮਾਂ ਸੀ ਜਦੋਂ ਯਿਸੂ ਨੇ ਆਖਿਆ ਸੀ, “ਤੇਰਾ ਪੁੱਤਰ ਜਿਉਂਦਾ ਹੈ।” ਇਉਂ ਉਹ ਅਤੇ ਉਸ ਦੇ ਘਰ ਵਿੱਚ ਰਹਿੰਦੇ ਸਭ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ।

ਬਹੁਤ ਸਾਰੇ ਬਿਮਾਰ ਲੋਕ ਤਾਲ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ। ਕੁਝ ਲੋਕ ਅੰਨ੍ਹੇ, ਲੰਗੜੇ ਤੇ ਕੁਝ ਅਧਰੰਗੀ ਸਨ। ਇੱਕ ਠਹਿਰਾਏ ਹੋਏ ਸਮੇਂ ਤੇ ਇੱਕ ਦੂਤ ਆ ਕੇ ਤਲਾਬ ਦੇ ਪਾਣੀ ਨੂੰ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਵਿੱਚ ਵੜਦਾ ਸੀ, ਉਸ ਹਰ ਪ੍ਰਕਾਰ ਦੀ ਬਿਮਾਰੀ ਤੋਂ ਚੰਗਾ ਹੋ ਜਾਂਦਾ ਸੀ l ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ, ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ। ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਵੇਖਿਆ। ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ। ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?” ਉਸ ਬਿਮਾਰ ਆਦਮੀ ਨੇ ਆਖਿਆ, “ਪ੍ਰਭੂ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾਬ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ। ਮੈਂ ਤਾਲ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ।” ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ।” ਉਹ ਤੁਰੰਤ ਹੀ ਚੰਗਾ ਹੋ ਗਿਆ। ਉਸ ਨੇ ਆਪਣੀ ਮੰਜੀ ਚੁੱਕ ਕੇ ਚੱਲਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਭ ਕੁਝ ਵਾਪਰਿਆ, ਇਹ ਸਬਤ ਦਾ ਦਿਨ ਸੀ।

ਬਾਅਦ ਵਿੱਚ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸਕਦੀ ਹੈ।”

ਬਹੁਤ ਸਾਰੇ ਲੋਕ ਉਸ ਦੇ ਨਾਲ ਗਏ, ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਚਮਤਕਾਰ ਵੇਖੇ ਸਨ।

ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਵਿਸ਼ਵਾਸ ਨਹੀਂ ਕਰਦੇ। ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਭੇਜਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈਂ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ।

ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”

ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਮਨੁੱਖ ਵੇਖਿਆ। ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਸੀ। ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੇ ਕਾਰਨ ਉਹ ਅੰਨ੍ਹਾ ਪੈਦਾ ਹੋਇਆ ਹੈ? ਉਸ ਦੇ ਆਪਣੇ ਪਾਪਾਂ ਕਾਰਨ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਨ?” ਯਿਸੂ ਨੇ ਉੱਤਰ ਦਿੱਤਾ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦੇ ਕਾਰਨ ਨਹੀਂ ਹੈ। ਪਰ ਇਹ ਚੰਗਾ ਹੋ ਕੇ ਲੋਕਾਂ ਨੂੰ ਪਰਮੇਸ਼ੁਰ ਦੀ ਮਹਿਮਾ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ। ਸਾਨੂੰ ਉਸ ਪਰਮੇਸ਼ੁਰ ਦਾ ਕੰਮ, ਦਿਨ ਰਹਿੰਦੇ ਕਰਨਾ ਚਾਹੀਦਾ ਹੈ, ਜਿਸ ਨੇ ਮੈਨੂੰ ਭੇਜਿਆ ਹੈ। ਕਿਉਂਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸਕਦਾ। ਜਦ ਤੱਕ ਮੈਂ ਸੰਸਾਰ ਵਿੱਚ ਹਾਂ ਮੈਂ ਸੰਸਾਰ ਦੇ ਲਈ ਚਾਨਣ ਹਾਂ।” ਇਹ ਗੱਲਾਂ ਕਹਿਣ ਤੋਂ ਬਾਅਦ, ਯਿਸੂ ਨੇ ਧਰਤੀ ਤੇ ਥੁੱਕਿਆ ਅਤੇ ਉਸ ਨਾਲ ਥੋੜੀ ਮਿੱਟੀ ਗਿੱਲੀ ਕੀਤੀ ਅਤੇ ਉਹ ਮਿੱਟੀ ਅੰਨ੍ਹੇ ਮਨੁੱਖ ਦੀਆਂ ਅੱਖਾਂ ਤੇ ਲਾਈ। ਯਿਸੂ ਨੇ ਉਸ ਨੂੰ ਆਖਿਆ, “ਜਾ ਅਤੇ ਸਿਲੋਆਮ ਦੇ ਕੁੰਡ ਵਿੱਚ ਆਪਣੀਆਂ ਅੱਖਾਂ ਧੋ,” ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ।” ਇਸ ਲਈ ਉਹ ਕੁੰਡ ਤੇ ਗਿਆ ਅਤੇ ਆਪਣੀਆਂ ਅੱਖਾਂ ਧੋਣ ਤੋਂ ਬਾਅਦ ਵਾਪਸ ਆਇਆ। ਹੁਣ ਉਸ ਨੂੰ ਸਭ ਦਿਸਦਾ ਸੀ।

ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਅੰਨ੍ਹੇ ਜਨਮੇ ਮਨੁੱਖ ਦੀਆਂ ਅੱਖਾਂ ਠੀਕ ਕੀਤੀਆਂ ਹਨ।

ਚੋਰ, ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ। ਮੈਂ ਚੰਗਾ ਅਯਾਲੀ ਹਾਂ। ਇੱਕ ਚੰਗਾ ਅਯਾਲੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ।

ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸਕਦਾ ਹੈ। ਮੇਰੇ ਪਿਤਾ ਨੇ ਭੇਡਾਂ ਮੈਨੂੰ ਦਿੱਤੀਆਂ ਹਨ, ਉਹ ਸਭ ਤੋਂ ਮਹਾਨ ਹੈ।

ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ। ਹਰ ਮਨੁੱਖ, ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ। ਮਾਰਥਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈਂ?”

ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ। ਜਦੋਂ ਮਰਿਯਮ ਨੇ ਯਿਸੂ ਨੂੰ ਵੇਖਿਆ ਉਹ ਉਸ ਦੇ ਚਰਨਾਂ ਤੇ ਡਿੱਗ ਪਈ ਅਤੇ ਆਖਿਆ, “ਪ੍ਰਭੂ, ਜੇਕਰ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ।” ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ। ਉਸ ਨੇ ਪੁੱਛਿਆ, “ਲਾਜ਼ਰ ਨੂੰ ਤੁਸੀਂ ਕਿੱਥੇ ਰੱਖਿਆ ਹੈ।” ਉਨ੍ਹਾਂ ਆਖਿਆ, “ਪ੍ਰਭੂ ਜੀ ਆਓ ਅਤੇ ਵੇਖੋ।” ਯਿਸੂ ਰੋਇਆ, ਫਿਰ ਯਹੂਦੀਆਂ ਨੇ ਆਖਿਆ, “ਵੇਖੋ, ਉਹ ਉਸ ਨਾਲ ਕਿੰਨ੍ਹਾਂ ਪਿਆਰ ਕਰਦਾ ਸੀ।”

ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ।” ਯਿਸੂ ਨੇ ਮਾਰਥਾ ਨੂੰ ਆਖਿਆ, “ਯਾਦ ਕਰ, ਮੈਂ ਤੈਨੂੰ ਕੀ ਕਿਹਾ ਸੀ? ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਵੇਖੇਂਗੀ।” ਫ਼ੇਰ ਉਨ੍ਹਾਂ ਨੇ ਕਬਰ ਤੋਂ ਪੱਥਰ ਹਟਾਇਆ। ਯਿਸੂ ਨੇ ਉੱਪਰ ਵੇਖਿਆ ਅਤੇ ਆਖਿਆ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਹੈ। ਮੈਂ ਜਾਣਦਾ ਹਾਂ ਕਿ ਤੂੰ ਮੇਰੀ ਸਦਾ ਸੁਣਦਾ ਹੈਂ, ਪਰ ਇਹ ਗੱਲ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਮੇਰੇ ਕੋਲ ਇਕੱਠੇ ਹੋਏ ਹਨ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।” ਇਸ ਪ੍ਰਾਰਥਨਾ ਤੋਂ ਬਾਅਦ ਉਹ ਉੱਚੀ ਅਵਾਜ਼ ਨਾਲ ਬੁਲਾਇਆ, “ਲਾਜ਼ਰ, ਬਾਹਰ ਨਿੱਕਲ ਆ।” ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ। ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਅਤੇ ਉਸਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹੋ ਅਤੇ ਇਸ ਨੂੰ ਜਾਣ ਦਿਓ।”

ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ੁਰ ਉੱਤੇ ਭਰੋਸਾ ਕਰੋ ਅਤੇ ਮੇਰੇ ਉੱਤੇ ਵੀ ਭਰੋਸਾ ਕਰੋ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ। ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਹਿੰਦਾ। ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ।

ਜੇਕਰ ਤੁਸੀਂ ਮੇਰੇ ਨਾਮ ਤੇ ਕੁਝ ਮੰਗੋਗੇ, ਤਾਂ ਮੈਂ ਦੇਵਾਂਗਾ। ਫਿਰ ਪੁੱਤਰ ਰਾਹੀਂ ਪਿਤਾ ਦੀ ਵਡਿਆਈ ਹੋਵੇਗੀ। ਜੇਕਰ ਤੁਸੀਂ ਮੇਰੇ ਨਾਮ ਉੱਤੇ ਕੁਝ ਮੰਗੋਗੇ ਮੈਂ ਉਹ ਦੇਵਾਂਗਾ।”

“ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ। ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ।”

“ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦੇ ਦਿੱਤਾ ਜਾਵੇਗਾ।” ਇਸ ਰਾਹੀਂ ਮੇਰੇ ਪਿਤਾ ਦੀ ਵਡਿਆਈ ਹੋਵੇਗੀ, ਜੋ ਤੁਸੀਂ ਬਹੁਤਾ ਫ਼ਲ ਲੈ ਕੇ ਆਓ, ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਗੇ।

“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਪੂਰੀ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਸਕੇ।”

ਹੁਣ ਤੁਸੀਂ ਉਦਾਸ ਹੋ ਪਰ ਜਦੋਂ ਮੈਂ ਤੁਹਾਨੂੰ ਫ਼ੇਰ ਵੇਖਾਂਗਾ ਤੁਸੀਂ ਖੁਸ਼ ਹੋਵੋਂਗੇ ਅਤੇ ਉਹ ਖੁਸ਼ੀ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕਦਾ। ਅਤੇ ਉਸ ਦਿਨ ਤੁਸੀਂ ਮੈਨੂੰ ਕੋਈ ਸਵਾਲ ਨਹੀਂ ਕਰੋਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਮ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ। ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ, ਮੰਗੋ ਤਾਂ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ।

“ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋ, ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ। ਪਰ ਹੌਂਸਲਾ ਰੱਖੋ ਮੈਂ ਸੰਸਾਰ ਨੂੰ ਜਿੱਤ ਲਿਆ ਹੈ।”

ਤਦ ਫੇਰ ਪਿਲਾਤੁਸ ਨੇ ਯਿਸੂ ਨੂੰ ਕੋਰੜੇ ਮਾਰਨ ਦਾ ਹੁਕਮ ਦਿੱਤਾ l

ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਸਿਪਾਹੀ ਯਿਸੂ ਨੂੰ ਲੈ ਗਏ। ਉਸ ਨੇ ਆਪਣੀ ਸਲੀਬ ਚੁੱਕੀ ਅਤੇ ਖੋਪੜੀ ਨਾਮ ਦੀ ਥਾਂ ਉੱਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗਥਾ” ਕਹਿੰਦੇ ਹਨ। ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ। ਉੱਥੇ ਦੋ ਮਨੁੱਖ ਹੋਰ ਸਨ, ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਇੱਕ ਮਨੁੱਖ ਉਸ ਦੇ ਇੱਕ ਪਾਸੇ ਅਤੇ ਦੂਸਰਾ ਇੱਕ ਪਾਸੇ ਅਤੇ ਯਿਸੂ ਵਿਚਾਲੇ।

ਜਦ ਯਿਸੂ ਨੇ ਸਿਰਕੇ ਦਾ ਸਵਾਦ ਲਿਆ, ਉਸ ਨੇ ਆਖਿਆ, “ਪੂਰਾ ਹੋਇਆ ਹੈ।” ਤਦ ਯਿਸੂ ਨੇ ਆਪਣਾ ਸਿਰ ਝੁਕਾਇਆ ਅਤੇ ਜਾਨ ਦੇ ਦਿੱਤੀ।

ਅਤੇ ਦੂਜੀ ਲਿਖਤ ਆਖਦੀ ਹੈ, “ਲੋਕ ਉਸ ਵਿਅਕਤੀ ਨੂੰ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਸੀ।”

ਅਤੇ ਅਜਿਹਾ ਹੋਵੇਗਾ ਕਿ ਹਰੇਕ ਜੋ ਪ੍ਰਭੂ ਦਾ ਨਾਮ ਪੁਕਾਰੇਗਾ ਉਹ ਬਚਾਇਆ ਜਾਵੇਗਾ।

ਇਸ ਕਾਰਨ ਮੇਰਾ ਦਿਲ ਅਨੰਦ ਹੋਇਆ, ਅਤੇ ਮੇਰੀ ਜੀਭ ਖੁਸ਼ ਹੋਈ, ਹਾਂ, ਮੇਰਾ ਸਰੀਰ ਵੀ ਆਸ ਵਿੱਚ ਵੱਸੇਗਾ, ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਜੀਵਨ ਦਾ ਰਾਹ ਦੱਸਿਆ ਹੈ, ਤੂੰ ਮੈਨੂੰ ਆਪਣੇ ਦਰਸ਼ਣ ਤੋਂ ਅਨੰਦ ਨਾਲ ਭਰ ਦੇਵੇਂਗਾ।

ਪਰ ਪਤਰਸ ਨੇ ਆਖਿਆ, ਸੋਨਾ ਤੇ ਚਾਂਦੀ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਮੈਂ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ! ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ੍ਹ ਕੇ ਉਹ ਨੂੰ ਉੱਠਾਇਆ। ਓਸੇ ਵੇਲੇ ਉਹ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ। ਅਤੇ ਉਹ ਉੱਠ ਖੜ੍ਹਾ ਹੋਇਆ ਅਤੇ ਤੁਰਨ ਲੱਗਾ, ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ, ਉਨ੍ਹਾਂ ਨਾਲ ਹੈਕਲ ਵਿੱਚ ਗਿਆ। ਸਭਨਾਂ ਲੋਕਾਂ ਨੇ ਉਹ ਨੂੰ ਤੁਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਵੇਖਿਆ।

ਐਥੋਂ ਤੱਕ ਜੋ ਲੋਕ ਰੋਗੀਆਂ ਨੂੰ ਬਾਹਰ ਚੌਕਾਂ ਅਤੇ ਸੜਕਾਂ ਵਿੱਚ ਲਿਆਉਂਦੇ ਅਤੇ ਉਨ੍ਹਾਂ ਨੂੰ ਮੰਜੀਆਂ ਉੱਤੇ ਪਾ ਦਿੰਦੇ ਸਨ, ਇਸ ਲਈ ਕਿ ਜਦੋਂ ਪਤਰਸ ਆਵੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ। ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚੋਂ ਵੀ ਬਹੁਤ ਸਾਰੇ ਰੋਗੀਆਂ ਨੂੰ ਅਤੇ ਜਿਹੜੇ ਅਸ਼ੁੱਧ ਆਤਮਾਵਾਂ ਦੇ ਸਤਾਏ ਹੋਏ ਸਨ ਇਕੱਠੇ ਹੁੰਦੇ ਅਤੇ ਉਹ ਸਾਰੇ ਚੰਗੇ ਕੀਤੇ ਜਾਂਦੇ ਸਨ।

ਤਦ ਪ੍ਰਧਾਨ ਜਾਜਕ ਅਤੇ ਉਹ ਦੇ ਸਾਥੀ ਵੀ ਸਭ ਜੋ ਸਦੂਕੀ ਪੰਥ ਦੇ ਸਨ ਉੱਠੇ ਅਤੇ ਉਹ ਸਭ ਵਿਰੋਧ ਨਾਲ ਭਰ ਗਏ। ਅਤੇ ਉਹਨਾਂ ਨੇ ਰਸੂਲਾਂ ਨੂੰ ਫੜ੍ਹ ਕੇ ਉਹਨਾਂ ਨੂੰ ਹਵਾਲਾਤ ਵਿੱਚ ਪਾ ਦਿੱਤਾ। ਪਰ ਰਾਤ ਨੂੰ ਪ੍ਰਭੂ ਦੇ ਇੱਕ ਦੂਤ ਨੇ ਉਸ ਹਵਾਲਾਤ ਦੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ ਅਤੇ ਉਹਨਾਂ ਨੂੰ ਬਾਹਰ ਕੱਢ ਕੇ ਆਖਿਆ, ਜਾਓ ਹੈਕਲ ਵਿੱਚ ਖੜ੍ਹੇ ਹੋ ਕੇ ਇਸ ਜੀਵਨ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ।

ਉਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਯੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚਲੇ ਗਏ।

ਪਰ ਸੌਲੁਸ ਕਲੀਸਿਯਾ ਦੀ ਤਬਾਹੀ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਕੇ ਮਰਦਾਂ ਅਤੇ ਔਰਤਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ। ਜਿਹੜੇ ਖਿੱਲਰ ਗਏ ਸਨ, ਘੁੰਮਦੇ ਫਿਰਦੇ ਬਚਨ ਦੀ ਖੁਸ਼ਖਬਰੀ ਦਾ ਪਰਚਾਰ ਕਰਨ ਲੱਗੇ।

ਅਤੇ ਜਦੋਂ ਲੋਕਾਂ ਨੇ ਉਹ ਨਿਸ਼ਾਨ ਜੋ ਉਹ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਫ਼ਿਲਿਪੁੱਸ ਦੀਆਂ ਗੱਲਾਂ ਉੱਤੇ ਮਨ ਲਾਇਆ। ਕਿਉਂਕਿ ਅਸ਼ੁੱਧ ਆਤਮਾਵਾਂ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੀਆਂ ਹੋਈਆਂ ਸਨ, ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਨਿੱਕਲ ਗਈਆਂ ਅਤੇ ਅਧਰੰਗੀ ਅਤੇ ਲੰਗੜੇ ਬਥੇਰੇ ਚੰਗੇ ਕੀਤੇ ਗਏ। ਅਤੇ ਉਸ ਨਗਰ ਵਿੱਚ ਵੱਡਾ ਆਨੰਦ ਹੋਇਆ।

ਤੁਸੀਂ ਯਿਸੂ ਮਸੀਹ ਨਾਸਰੀ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ੁਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਜਕੜੇ ਹੋਏ ਸਨ, ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ।

ਇਸ ਲਈ ਉਹ ਨੂੰ ਫੜ੍ਹ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਚਾਰ-ਚਾਰ ਸਿਪਾਹੀਆਂ ਦੀਆਂ ਚਾਰ ਟੋਲੀਆਂ ਦੇ ਹਵਾਲੇ ਕੀਤਾ ਕਿ ਉਹ ਦੀ ਚੌਕਸੀ ਕਰਨ, ਅਤੇ ਉਹ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਦੇ ਅੱਗੇ ਕੱਢ ਲਿਆਉਣ ਦੀ ਯੋਜਨਾ ਬਣਾਈ। ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ, ਪਰ ਕਲੀਸਿਯਾ ਉਹ ਦੇ ਲਈ ਪਰਮੇਸ਼ੁਰ ਅੱਗੇ ਲਗਾਤਾਰ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ। ਜਦੋਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ਦੋ ਸੰਗਲਾਂ ਨਾਲ ਜਕੜਿਆ ਹੋਇਆ ਦੋ ਸਿਪਾਹੀਆਂ ਦੇ ਵਿੱਚਕਾਰ ਸੁੱਤਾ ਪਿਆ ਸੀ, ਅਤੇ ਪਹਿਰੇ ਵਾਲੇ ਕੈਦਖ਼ਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ। ਵੇਖੋ, ਪ੍ਰਭੂ ਦਾ ਇੱਕ ਦੂਤ ਆਇਆ ਤਾਂ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ ਅਤੇ ਆਖਿਆ ਕਿ ਛੇਤੀ ਉੱਠ, ਤਦ ਉਹ ਦੇ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ। ਅਤੇ ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ, ਤਦ ਉਹ ਨੇ ਇਸੇ ਤਰ੍ਹਾਂ ਕੀਤਾ। ਫੇਰ ਉਸ ਨੇ ਉਹ ਨੂੰ ਆਖਿਆ, ਆਪਣੇ ਕੱਪੜੇ ਪਹਿਨ ਕੇ ਮੇਰੇ ਮਗਰ ਆ ਜਾ। ਅਤੇ ਉਹ ਨਿੱਕਲ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ ਅਤੇ ਉਸ ਨੂੰ ਇਹ ਪਤਾ ਨਾ ਲੱਗਿਆ ਕਿ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ, ਪਰ ਉਸ ਨੇ ਸੋਚਿਆ ਕਿ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ। ਤਦ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਇੱਕ ਲੋਹੇ ਦੇ ਫਾਟਕ ਤੱਕ ਆਏ, ਜਿਹੜਾ ਸ਼ਹਿਰ ਵਿੱਚ ਪੁਹੰਚਾਉਂਦਾ ਹੈ ਅਤੇ ਉਹ ਫਾਟਕ ਆਪਣੇ ਆਪ ਉਨ੍ਹਾਂ ਲਈ ਖੁੱਲ੍ਹ ਗਿਆ ਅਤੇ ਉਹ ਨਿੱਕਲ ਕੇ ਇੱਕ ਗਲੀ ਦੇ ਵਿੱਚ ਤੁਰ ਪਏ ਤਾਂ ਉਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ।

ਅਤੇ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਅਤੇ ਇਹ ਉਪਦੇਸ਼ ਦਿੰਦੇ ਸਨ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਕਿਹਾ ਕਿ ਅਸੀਂ ਬਹੁਤ ਮੁਸ਼ਕਲਾਂ ਨੂੰ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ।

ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਬਹੁਤੇ ਬੈਂਤ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਵੱਡੀ ਚੌਕਸੀ ਨਾਲ ਰੱਖਿਆ ਜਾਵੇ!

ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ। ਪਰ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦਾ ਭਜਨ ਗਾਉਂਦੇ ਸਨ ਅਤੇ ਕੈਦੀ ਵੀ ਉਨ੍ਹਾਂ ਦੀ ਸੁਣ ਰਹੇ ਸਨ। ਤਾਂ ਅਚਾਨਕ ਇੱਕ ਭੂਚਾਲ ਆਇਆ ਅਤੇ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਸਾਰੇ ਬੂਹੇ ਖੁੱਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਵੀ ਖੁੱਲ੍ਹ ਗਈਆਂ। ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਦੋਂ ਕੈਦਖ਼ਾਨੇ ਦੇ ਬੂਹੇ ਖੁੱਲ੍ਹੇ ਵੇਖੇ, ਤਾਂ ਇਹ ਸਮਝ ਕੇ, ਕਿ ਕੈਦੀ ਭੱਜ ਗਏ ਹੋਣਗੇ, ਤਲਵਾਰ ਨਾਲ ਆਪਣੇ ਆਪ ਨੂੰ ਮਾਰਨ ਲੱਗਾ। ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, ਆਪਣੇ ਆਪ ਨੂੰ ਕੁਝ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਹਾਂ! ਉਹ ਦੀਵਾ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ-ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ। ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾਂ ਪੁਰਖੋ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ?

ਪਰਮੇਸ਼ੁਰ ਪੌਲੁਸ ਦੇ ਹੱਥੋਂ ਅਚਰਜ਼ ਕੰਮ ਵਿਖਾਲਦਾ ਸੀ। ਐਥੋਂ ਤੱਕ ਜੋ ਰੁਮਾਲ ਅਤੇ ਪਟਕੇ ਉਹ ਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਨ੍ਹਾਂ ਦੇ ਰੋਗ ਦੂਰ ਹੋ ਜਾਂਦੇ ਅਤੇ ਉਹਨਾਂ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ।

ਕਿ ਮੈਂ ਬਹੁਤ ਅਧੀਨਗੀ ਨਾਲ ਹੰਝੂ ਵਹਾ ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਜੋ ਯਹੂਦੀਆਂ ਦੀਆਂ ਸਾਜਿਸ਼ਾਂ ਦੇ ਕਾਰਨ ਮੇਰੇ ਉੱਤੇ ਆਣ ਪਏ ਪ੍ਰਭੂ ਦੀ ਸੇਵਾ ਕਰਦਾ ਰਿਹਾ।

ਹੁਣ ਵੇਖੋ, ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਨਾਲ ਕੀ ਹੋਵੇਗਾ। ਪਰ ਐਨਾ ਜਾਣਦਾ ਹਾਂ ਕਿ ਪਵਿੱਤਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਗਵਾਹੀ ਦਿੰਦਾ ਹੈ, ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ। ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਵੀ ਪਿਆਰੀ ਨਹੀਂ ਸਮਝਦਾ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਸੇਵਾ ਨੂੰ ਪੂਰੀ ਕਰਾਂ, ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ਖਬਰੀ ਉੱਤੇ ਗਵਾਹੀ ਦੇਣ ਲਈ ਪ੍ਰਭੂ ਯਿਸੂ ਤੋਂ ਪਾਈ ਸੀ।

ਮੈਂ ਤੁਹਾਨੂੰ ਸਾਰੀਆਂ ਗੱਲਾਂ ਵਿੱਚ ਜਿਵੇਂ ਕਰ ਵਿਖਾਲਿਆ ਕਿ ਤੁਹਾਨੂੰ ਚਾਹੀਦਾ ਹੈ ਕਿ ਉਸੇ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਦੀ ਸਹਾਇਤਾ ਕਰੋ ਅਤੇ ਪ੍ਰਭੂ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਕਿਹਾ ਸੀ ਕਿ ਲੈਣ ਨਾਲੋਂ ਦੇਣਾ ਹੀ ਧੰਨ ਹੈ।

ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਲਈ ਯਰੂਸ਼ਲਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ। ਜਦੋਂ ਉਹ ਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਰਹੇ ਕਿ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।

ਤਾਂ ਇਸ ਤਰ੍ਹਾਂ ਹੋਇਆ ਜੋ ਪੁਬਲਿਯੁਸ ਦਾ ਪਿਤਾ ਬੁਖ਼ਾਰ ਅਤੇ ਮਰੋੜਾਂ ਨਾਲ ਬਿਮਾਰ ਪਿਆ ਸੀ, ਸੋ ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ! ਇਸ ਘਟਨਾ ਤੋਂ ਬਾਅਦ ਬਾਕੀ ਦੇ ਲੋਕ ਵੀ ਜਿਹੜੇ ਉਸ ਟਾਪੂ ਵਿੱਚ ਰੋਗੀ ਸਨ ਆਏ ਅਤੇ ਚੰਗੇ ਕੀਤੇ ਗਏ!

ਕੇਵਲ ਇਹੋ ਨਹੀਂ ਸਗੋਂ ਬਿਪਤਾ ਵਿੱਚ ਵੀ ਘਮੰਡ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਕਿ ਬਿਪਤਾ ਧੀਰਜ ਪੈਦਾ ਕਰਦੀ ਹੈ। ਅਤੇ ਧੀਰਜ ਤੋਂ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ। ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪਿਆਰ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ।

ਪ੍ਰੰਤੂ ਪਰਮੇਸ਼ੁਰ ਆਪਣਾ ਪਿਆਰ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ, ਕਿ ਜਦੋਂ ਅਸੀਂ ਪਾਪੀ ਹੀ ਸੀ, ਤਾਂ ਮਸੀਹ ਸਾਡੇ ਲਈ ਮਰਿਆ। ਸੋ ਜਦੋਂ ਅਸੀਂ ਹੁਣ ਉਹ ਦੇ ਲਹੂ ਦੇ ਵਸੀਲੇ ਨਾਲ ਧਰਮੀ ਠਹਿਰਾਏ ਗਏ, ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੋਧ ਤੋਂ ਬਚਾਏ ਜਾਂਵਾਂਗੇ। ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹ ਦੇ ਜੀਵਨ ਦੇ ਦੁਆਰਾ ਬਚ ਜਾਂਵਾਂਗੇ। ਅਤੇ ਕੇਵਲ ਇਹੋ ਨਹੀਂ ਸਗੋਂ ਅਸੀਂ ਪਰਮੇਸ਼ੁਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਅਭਮਾਨ ਕਰਦੇ ਹਾਂ।

ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂ ਜੋ ਸਭਨਾਂ ਨੇ ਪਾਪ ਕੀਤਾ।

ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ, ਉਸ ਦੀ ਮੌਤ ਵਿੱਚ ਬਪਤਿਸਮਾ ਲਿਆ? ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਤਾਂ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ। ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਤਾਂ ਜੋ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਹੁਣ ਅਸੀਂ ਅੱਗੇ ਤੋਂ ਪਾਪ ਦੀ ਗੁਲਾਮੀ ਨਾ ਕਰੀਏ। ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ।

ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮਰੇ ਤਾਂ ਸਾਨੂੰ ਵਿਸ਼ਵਾਸ ਹੈ ਜੋ ਅਸੀਂ ਉਹ ਦੇ ਨਾਲ ਜੀਵਾਂਗੇ ਵੀ। ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰੇਗਾ, ਹੁਣ ਅੱਗੇ ਤੋਂ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ। ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੋ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ੁਰ ਦੇ ਕਾਰਨ ਜਿਉਂਦਾ ਹੈ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮਰੇ ਹੋਏ ਪਰ ਮਸੀਹ ਯਿਸੂ ਵਿੱਚ ਪਰਮੇਸ਼ੁਰ ਲਈ ਜਿਉਂਦੇ ਸਮਝੋ। ਹੁਣ ਫੇਰ ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ, ਜੋ ਤੁਸੀਂ ਉਸ ਦੀਆਂ ਬੁਰੀਆਂ ਕਾਮਨਾਵਾਂ ਦੇ ਅਧੀਨ ਹੋਵੋ। ਅਤੇ ਨਾ ਆਪਣੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਸਮਝ ਕੇ ਪਰਮੇਸ਼ੁਰ ਨੂੰ ਸੌਂਪ ਦਿਓ ਅਤੇ ਆਪਣੇ ਅੰਗਾਂ ਨੂੰ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ੁਰ ਨੂੰ ਸੌਂਪ ਦਿਓ।

ਸੋ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ ਜਿਨ੍ਹਾਂ ਕਰਕੇ ਹੁਣ ਤੁਹਾਨੂੰ ਸ਼ਰਮ ਆਉਂਦੀ ਹੈ ਕਿਉਂ ਜੋ ਉਹਨਾਂ ਦਾ ਅੰਤ ਤਾਂ ਮੌਤ ਹੈ? ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ੁਰ ਦੇ ਦਾਸ ਬਣ ਕੇ ਪਵਿੱਤਰਤਾਈ ਦੇ ਲਈ ਆਪਣਾ ਫਲ ਅਤੇ ਅੰਤ ਵਿੱਚ ਸਦੀਪਕ ਜੀਵਨ ਪਾਉਂਦੇ ਹੋ।

ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ੁਰ ਦਾ ਵਰਦਾਨ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਸਦੀਪਕ ਜੀਵਨ ਹੈ।

ਮੈਂ ਕਿੰਨਾਂ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?

ਸੋ ਹੁਣ ਜੋ ਮਸੀਹ ਯਿਸੂ ਵਿੱਚ ਹਨ, ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ। ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਬਿਵਸਥਾ ਤੋਂ ਛੁਡਾ ਦਿੱਤਾ। ਜੋ ਬਿਵਸਥਾ ਤੋਂ ਨਾ ਹੋ ਸਕਿਆ ਇਸ ਕਰਕੇ ਜੋ ਉਹ ਸਰੀਰ ਦੇ ਕਾਰਨ ਕਮਜ਼ੋਰ ਸੀ, ਪਰਮੇਸ਼ੁਰ ਨੇ ਆਪਣਾ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਭੇਜ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ। ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਬਿਵਸਥਾ ਦੀ ਬਿਧੀ ਪੂਰੀ ਹੋਵੇ। ਜੋ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਤਾਂ ਮੌਤ ਹੈ ਪਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ। ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਪਰਮੇਸ਼ੁਰ ਨਾਲ ਵੈਰ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ, ਅਤੇ ਨਾ ਹੀ ਹੋ ਸਕਦਾ ਹੈ। ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ ਹਨ।

ਪਰ ਤੁਸੀਂ ਸਰੀਰਕ ਨਹੀਂ, ਸਗੋਂ ਆਤਮਿਕ ਹੋ ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ, ਪ੍ਰੰਤੂ ਜਿਹ ਦੇ ਵਿੱਚ ਮਸੀਹ ਦਾ ਆਤਮਾ ਨਹੀਂ, ਸੋ ਉਸਦਾ ਨਹੀਂ ਹੈ। ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਸਰੀਰ ਪਾਪ ਦੇ ਕਾਰਨ ਮਰ ਗਿਆ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ। ਅਤੇ ਜੇ ਉਹ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵੱਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜੋ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ।

ਸੋ ਹੇ ਭਰਾਵੋ, ਅਸੀਂ ਕਰਜ਼ਦਾਰ ਹਾਂ, ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ। ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਸਰੀਰ ਦੇ ਕੰਮਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ। ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਪੁੱਤਰ ਹਨ। ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ, ਹੇ ਪਿਤਾ, ਕਹਿ ਕੇ ਪੁਕਾਰਦੇ ਹਾਂ। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ, ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ। ਅਤੇ ਜੇ ਸੰਤਾਨ ਹਾਂ ਤਾਂ ਵਾਰਿਸ ਵੀ ਹਾਂ, ਪਰਮੇਸ਼ੁਰ ਦੇ ਵਾਰਿਸ ਅਤੇ ਮਸੀਹ ਦੇ ਨਾਲ ਸਾਂਝੇ ਵਾਰਿਸ ਪਰ ਤਾਂ ਜੇ ਅਸੀਂ ਉਹ ਦੇ ਨਾਲ ਦੁੱਖ ਝੱਲੀਏ, ਕਿ ਅਸੀਂ ਉਹ ਦੇ ਨਾਲ ਵਡਿਆਏ ਜਾਈਏ।

ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਜੋ ਸਾਡੇ ਵੱਲ ਪਰਕਾਸ਼ ਹੋਣ ਵਾਲੀ ਹੈ, ਕੁਝ ਵੀ ਨਹੀਂ। ਸ੍ਰਿਸ਼ਟੀ ਵੀ ਵੱਡੀ ਆਸ ਨਾਲ ਪਰਮੇਸ਼ੁਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ। ਕਿਉਂ ਜੋ ਸ੍ਰਿਸ਼ਟੀ ਆਪਣੀ ਇੱਛਾ ਨਾਲ ਨਹੀਂ, ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਵਿਅਰਥ ਦੇ ਅਧੀਨ ਹੋਈ, ਪਰ ਆਸ ਨਾਲ। ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੀ ਸੰਤਾਨ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ। ਅਸੀਂ ਜਾਣਦੇ ਤਾਂ ਹਾਂ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਹੁਣ ਤੱਕ ਹਾਉਂਕੇ ਭਰਦੀ ਹੈ ਅਤੇ ਉਹ ਨੂੰ ਪੀੜ੍ਹਾਂ ਲੱਗੀਆਂ ਹੋਈਆਂ ਹਨ। ਅਤੇ ਕੇਵਲ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਉਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਵਿੱਚ ਬੈਠੇ ਹਾਂ। ਆਸ ਨਾਲ ਅਸੀਂ ਬਚਾਏ ਗਏ ਹਾਂ, ਪਰ ਆਸ ਜੋ ਵੇਖੀ ਗਈ ਤਾਂ ਉਹ ਆਸ ਨਾ ਰਹੀ ਕਿਉਂਕਿ ਜਿਹੜੀ ਵਸਤੁ ਕੋਈ ਵੇਖਦਾ ਹੈ ਉਹ ਦੀ ਉਮੀਦ ਕਿਉਂ ਕਰੇ? ਪਰ ਜਿਹੜੀ ਵਸਤੁ ਅਸੀਂ ਨਹੀਂ ਵੇਖਦੇ ਜੇ ਉਹ ਦੀ ਆਸ ਰੱਖੀਏ ਤਾਂ ਧੀਰਜ ਨਾਲ ਉਸ ਦੀ ਉਡੀਕ ਵਿੱਚ ਰਹਿੰਦੇ ਹਾਂ।

ਇਸ ਤਰ੍ਹਾਂ ਆਤਮਾ ਵੀ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਗੱਲ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਹੱਦੋਂ ਬਾਹਰ ਹਾਉਂਕੇ ਭਰ ਕੇ ਸਾਡੇ ਲਈ ਸਿਫ਼ਾਰਸ਼ ਕਰਦਾ ਹੈ। ਅਤੇ ਹਿਰਦਿਆਂ ਦਾ ਜਾਚਣ ਵਾਲਾ ਜਾਣਦਾ ਹੈ, ਜੋ ਆਤਮਾ ਦੀ ਕੀ ਇੱਛਾ ਹੈ, ਕਿਉਂ ਜੋ ਉਹ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫ਼ਾਰਸ਼ ਕਰਦਾ ਹੈ।

ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰਿਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ। ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ, ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਤਾਂ ਜੋ ਉਹ ਦੇ ਪੁੱਤਰ ਦੇ ਸਰੂਪ ਉੱਤੇ ਬਣਨ ਕਿ ਉਹ ਬਹੁਤੇ ਭਰਾਵਾਂ ਵਿੱਚੋਂ ਪਹਿਲੌਠਾ ਹੋਵੇ। ਅਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਠਹਿਰਾਇਆ ਉਸ ਨੇ ਉਹਨਾਂ ਨੂੰ ਸੱਦਿਆ ਵੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ।

ਸੋ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ, ਜਦੋਂ ਪਰਮੇਸ਼ੁਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ। ਜਿਸ ਨੇ ਆਪਣੇ ਹੀ ਪੁੱਤਰ ਦਾ ਵੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿਉਂ ਨਾ ਦੇਵੇਗਾ? ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਉੱਤੇ ਕੌਣ ਦੋਸ਼ ਲਗਾ ਸਕਦਾ ਹੈ? ਪਰਮੇਸ਼ੁਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ। ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ। ਹਾਂ, ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਜਿਹੜਾ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫ਼ਾਰਸ਼ ਵੀ ਕਰਦਾ ਹੈ।

ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? ਕੀ ਬਿਪਤਾ ਜਾਂ ਕਸ਼ਟ, ਜਾਂ ਅਨ੍ਹੇਰਾ ਜਾਂ ਕਾਲ ਜਾਂ ਨੰਗ ਜਾਂ ਸੰਕਟ ਜਾਂ ਤਲਵਾਰ? ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ।

ਸਗੋਂ ਇਹਨਾਂ ਸਾਰੀਆਂ ਗੱਲਾਂ ਵਿੱਚ ਉਹ ਦੇ ਦੁਆਰਾ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਸੀ, ਅਸੀਂ ਹੱਦੋਂ ਵੱਧ ਜਿੱਤ ਪਾਉਂਦੇ ਹਾਂ। ਕਿਉਂ ਜੋ ਮੈਨੂੰ ਵਿਸ਼ਵਾਸ ਹੈ, ਕਿ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ। ਅਤੇ ਨਾ ਉਚਿਆਈ, ਨਾ ਡੂੰਘਿਆਈ, ਅਤੇ ਨਾ ਕੋਈ ਹੋਰ ਸ੍ਰਿਸ਼ਟੀ ਮੈਨੂੰ ਪਰਮੇਸ਼ੁਰ ਦੇ ਉਸ ਪਿਆਰ ਤੋਂ ਜੋ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਹੈ, ਸਾਨੂੰ ਅਲੱਗ ਕਰ ਸਕੇਗੀ।

ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ। ਕਿ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁੱਖੀ ਰਹਿੰਦਾ ਹੈ। ਮੈਂ ਚਾਹੁੰਦਾ ਸੀ ਕਿ ਆਪਣੇ ਭੈਣ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸਕੇ-ਸਬੰਧੀ ਹਨ, ਮੈਂ ਆਪ ਮਸੀਹ ਵੱਲੋਂ ਸਰਾਪੀ ਹੁੰਦਾ।

ਜਿਵੇਂ ਲਿਖਿਆ ਹੋਇਆ ਹੈ, ਵੇਖੋ, ਮੈਂ ਸੀਯੋਨ ਵਿੱਚ ਠੇਡਾ ਲੱਗਣ ਦਾ ਪੱਥਰ, ਅਤੇ ਠੋਕਰ ਖਾਣ ਦੀ ਚੱਟਾਨ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਸ਼ਰਮਿੰਦਾ ਨਾ ਹੋਵੇਗਾ।

ਪਵਿੱਤਰ ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ, ਉਹ ਸ਼ਰਮਿੰਦਾ ਨਾ ਹੋਵੇਗਾ। ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਫ਼ਰਕ ਨਹੀਂ ਹੈ, ਇਸ ਲਈ ਜੋ ਉਹੀ ਪ੍ਰਭੂ ਸਭ ਦਾ ਪ੍ਰਭੂ ਹੈ ਅਤੇ ਉਨ੍ਹਾਂ ਸਾਰਿਆਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾ ਹੈ। ਕਿਉਂ ਜੋ ਹਰੇਕ ਜੋ ਪ੍ਰਭੂ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ।

ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।

ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ। ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ। ਆਪਣੇ ਸਤਾਉਣ ਵਾਲਿਆ ਨੂੰ ਬਰਕਤ ਦਿਉ, ਅਸੀਸ ਦਿਉ, ਸਰਾਪ ਨਾ ਦਿਉ! ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਦੇ ਨਾਲ ਰੋਵੋ।

ਇਸ ਲਈ ਜੇ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਸੋ ਗੱਲ ਕਾਹਦੀ, ਭਾਵੇਂ ਅਸੀਂ ਜੀਵੀਏ ਜਾਂ ਮਰੀਏ ਪਰ ਹਾਂ ਅਸੀਂ ਪ੍ਰਭੂ ਦੇ ਹੀ। ਕਿਉਂ ਜੋ ਇਸੇ ਕਾਰਨ ਮਸੀਹ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਜੋ ਮੁਰਦਿਆਂ, ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ।

ਹੁਣ ਆਸ ਦਾ ਪਰਮੇਸ਼ੁਰ ਤੁਹਾਨੂੰ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸ ਵਿੱਚ ਵਧਦੇ ਜਾਵੋ।

ਮੈਂ ਕਮਜ਼ੋਰਾਂ ਲਈ ਕਮਜ਼ੋਰ ਬਣਿਆ ਤਾਂ ਜੋ ਕਮਜ਼ੋਰਾਂ ਨੂੰ ਖਿੱਚ ਲਿਆਵਾਂ। ਮੈਂ ਸਭਨਾਂ ਲਈ ਸਭ ਕੁਝ ਬਣਿਆ ਹਾਂ ਤਾਂ ਜੋ ਮੈਂ ਹਰ ਤਰ੍ਹਾਂ ਨਾਲ ਕਈਆਂ ਨੂੰ ਬਚਾਵਾਂ।

ਪਰ ਜਦ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ।

ਤਾਂ ਜੋ ਸਰੀਰ ਵਿੱਚ ਫੁੱਟ ਨਾ ਪਵੇ ਸਗੋਂ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ। ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਉਹ ਦੇ ਨਾਲ ਅਨੰਦ ਹੁੰਦੇ ਹਨ।

ਕਿਉਂ ਜੋ ਪਰਮੇਸ਼ੁਰ ਗੜਬੜੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ। ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਯਾਂਵਾ ਵਿੱਚ ਹੈ।

ਜਿਸ ਤਰ੍ਹਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸੱਭੇ ਜਿਉਂਦੇ ਹੋ ਜਾਣਗੇ।

ਆਖਰੀ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।

ਕਿਉਂ ਜੋ ਜ਼ਰੂਰ ਹੈ ਕਿ ਨਾਸਵਾਨ ਅਵਿਨਾਸ਼ ਨੂੰ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ। ਪਰ ਜਾਂ ਇਹ ਨਾਸਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, ਮੌਤ ਫਤਹ ਦੀ ਬੁਰਕੀ ਹੋ ਗਈ। ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?।

ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਯਾ ਦਾ ਪਿਤਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ੁਰ ਹੈ। ਜੋ ਸਾਡੀਆਂ ਸਾਰੀਆਂ ਬਿਪਤਾ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਜੋ ਅਸੀਂ ਉਸੇ ਦਿਲਾਸੇ ਤੋਂ ਜਿਸ ਨੂੰ ਅਸੀਂ ਪਰਮੇਸ਼ੁਰ ਵੱਲੋਂ ਪਾਇਆ ਹੈ ਉਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਯੋਗ ਹੋਈਏ। ਕਿਉਂਕਿ ਜਿਵੇਂ ਮਸੀਹ ਦੇ ਦੁੱਖ ਸਾਡੇ ਲਈ ਬਹੁਤ ਹਨ ਉਸੇ ਤਰ੍ਹਾਂ ਸਾਡਾ ਦਿਲਾਸਾ ਵੀ ਮਸੀਹ ਦੇ ਰਾਹੀਂ ਬਹੁਤ ਹੈ। ਪਰੰਤੂ ਅਸੀਂ ਭਾਵੇਂ ਬਿਪਤਾ ਭੋਗਦੇ ਹਾਂ ਪਰ ਇਹ ਤਾਂ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ ਅਤੇ ਭਾਵੇਂ ਦਿਲਾਸਾ ਪਾਉਂਦੇ ਹਾਂ ਤਾਂ ਇਹ ਤੁਹਾਡੇ ਉਸ ਦਿਲਾਸੇ ਲਈ ਹੈ ਜਿਹੜਾ ਉਨ੍ਹਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜੋ ਦੁੱਖ ਅਸੀਂ ਵੀ ਝੱਲਦੇ ਹਾਂ। ਅਤੇ ਤੁਹਾਡੇ ਲਈ ਸਾਡੀ ਇਹ ਆਸ ਯਕੀਨਨ ਹੈ ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜਿਵੇਂ ਤੁਸੀਂ ਦੁੱਖਾਂ ਵਿੱਚ ਸਾਡੇ ਸਾਂਝੀ ਹੋ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ ਹੋ।

ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਅਸਿਯਾ ਵਿੱਚ ਸਾਡੇ ਉੱਤੇ ਆਣ ਪਈ, ਜੋ ਅਸੀਂ ਆਪਣੀ ਸਹਿਨਸ਼ੀਲਤਾ ਤੋਂ ਬਾਹਰ ਦਬਾਏ ਗਏ ਐਥੋਂ ਤੱਕ ਜੋ ਅਸੀਂ ਜੀਉਣ ਦੀ ਆਸ ਛੱਡ ਬੈਠੇ। ਸਗੋਂ ਅਸੀਂ ਆਪਣੇ ਆਪ ਵਿੱਚ ਮੌਤ ਦਾ ਹੁਕਮ ਪਾ ਚੁੱਕੇ ਹਾਂ, ਜੋ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ੁਰ ਦਾ ਜਿਹੜਾ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ ਆਸਰਾ ਰੱਖੀਏ। ਜਿਸ ਨੇ ਸਾਨੂੰ ਇਹੋ ਜਿਹੀ ਭਿਆਨਕ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ, ਜਿਸ ਦੇ ਉੱਤੇ ਅਸੀਂ ਆਸ ਰੱਖੀ ਹੈ ਜੋ ਉਹ ਫੇਰ ਵੀ ਸਾਨੂੰ ਛੁਡਾਵੇਗਾ।

ਪਰ ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦੀ ਅੱਤ ਵੱਡੀ ਮਹਾਨਤਾ ਪਰਮੇਸ਼ੁਰ ਦੀ ਵੱਲੋਂ ਮਲੂਮ ਹੋਵੇ, ਨਾ ਕਿ ਸਾਡੀ ਵੱਲੋਂ,। ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਉਲਝਣ ਵਿੱਚ ਹਾਂ ਪਰ ਹੱਦੋਂ ਵੱਧ ਨਹੀਂ। ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ। ਅਸੀਂ ਯਿਸੂ ਦੀ ਮੌਤ ਨੂੰ ਆਪਣੇ ਸਰੀਰ ਵਿੱਚ ਹਮੇਸ਼ਾਂ ਲਈ ਫਿਰਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪ੍ਰਗਟ ਹੋਵੇ। ਕਿਉਂਕਿ ਅਸੀਂ ਜੋ ਜਿਉਂਦੇ ਹਾਂ ਸੋ ਹਮੇਸ਼ਾਂ ਯਿਸੂ ਦੇ ਨਮਿੱਤ ਮੌਤ ਦੇ ਹੱਥ ਫੜਵਾਏ ਜਾਂਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿੱਚ ਪਰਗਟ ਹੋਵੇ। ਸੋ ਮੌਤ ਤਾਂ ਸਾਡੇ ਵਿੱਚ ਪਰ ਜੀਵਨ ਤੁਹਾਡੇ ਵਿੱਚ ਪ੍ਰਭਾਵ ਪਾਉਂਦਾ ਹੈ।

ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲਾਂ ਦਾ ਹੀ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਥੋੜ੍ਹੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।

ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਹੈ ਡਿੱਗ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਅਤੇ ਸਵਰਗ ਵਿੱਚ ਬਣਿਆ ਹੈ। ਕਿਉਂ ਜੋ ਇਸ ਵਿੱਚ ਅਸੀਂ ਤਾਂ ਹਾਉਂਕੇ ਭਰਦੇ ਅਤੇ ਤਰਸਦੇ ਹਾਂ ਕਿ ਆਪਣੇ ਬਸੇਰੇ ਨੂੰ ਜਿਹੜਾ ਸਵਰਗੋਂ ਹੈ ਪਹਿਨ ਲਈਏ।

ਸੋ ਅਸੀਂ ਸਦਾ ਹੌਂਸਲਾ ਰੱਖਦੇ ਅਤੇ ਜਾਣਦੇ ਹਾਂ ਕਿ ਜਿੰਨੀ ਦੇਰ ਅਸੀਂ ਸਰੀਰ ਦੇ ਘਰ ਵਿੱਚ ਹਾਂ ਉਨ੍ਹੀਂ ਦੇਰ ਪ੍ਰਭੂ ਤੋਂ ਵਿਛੜੇ ਹੋਏ ਹਾਂ। ਕਿਉਂ ਜੋ ਅਸੀਂ ਵੇਖਣ ਨਾਲ ਨਹੀਂ ਪ੍ਰੰਤੂ ਵਿਸ਼ਵਾਸ ਨਾਲ ਚੱਲਦੇ ਹਾਂ। ਅਸੀਂ ਹੌਂਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਜੋ ਇਸ ਸਰੀਰ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਵੱਸੀਏ।

ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇੱਕ ਨੇ ਸਭ ਦੇ ਲਈ ਆਪਣੀ ਜਾਨ ਦਿੱਤੀ ਇਸੇ ਕਰਕੇ ਸਾਰੇ ਮੋਏ। ਅਤੇ ਉਹ ਸਭਨਾਂ ਦੇ ਲਈ ਮਰਿਆ ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ, ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਫੇਰ ਜੀ ਉੱਠਿਆ। ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਪਛਾਣਦੇ ਹਾਂ ਭਾਵੇਂ ਅਸੀਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਹ ਨੂੰ ਫੇਰ ਨਹੀਂ ਜਾਣਦੇ।

ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ।

ਪਰ ਜਿਸ ਪ੍ਰਕਾਰ ਪਰਮੇਸ਼ੁਰ ਦੇ ਸੇਵਕਾਂ ਨੂੰ ਯੋਗ ਹੈ ਤਿਵੇਂ ਅਸੀਂ ਹਰ ਇੱਕ ਗੱਲ ਤੋਂ ਆਪਣੇ ਲਈ ਪ੍ਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਜ਼ਰੂਰਤਾਂ ਤੋਂ, ਤੰਗੀਆਂ ਤੋਂ, ਕੋਰੜੇ ਖਾਣ ਤੋਂ, ਕੈਦ ਤੋਂ, ਹੰਗਾਮਿਆਂ ਤੋਂ, ਮਿਹਨਤਾਂ ਤੋਂ, ਉਣੀਂਦਿਆਂ ਤੋਂ, ਵਰਤ ਰੱਖਣ ਤੋਂ, ਖਰਿਆਈ ਤੋਂ, ਗਿਆਨ ਤੋਂ, ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟ ਪਿਆਰ ਤੋਂ,

ਅਣਜਾਣਿਆਂ ਵਰਗੇ ਪਰ ਉਜਾਗਰ ਹਾਂ, ਮਰਿਆਂ ਵਰਗੇ ਪਰ ਵੇਖੋ ਜਿਉਂਦੇ ਹਾਂ, ਤਾੜੇ ਜਾਂਦਿਆਂ ਵਰਗੇ ਪਰ ਜਾਨੋਂ ਨਹੀਂ ਮਾਰੇ ਜਾਂਦੇ, ਉਦਾਸਾਂ ਵਰਗੇ ਪਰ ਸਦਾ ਅਨੰਦ ਕਰਦੇ ਹਾਂ, ਗਰੀਬਾਂ ਵਰਗੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਕੰਗਾਲਾਂ ਵਰਗੇ ਪਰ ਸੱਭੋ ਕੁਝ ਦੇ ਮਾਲਕ ਹਾਂ।

ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ ਹਾਂ ਕਿਉਂ ਜੋ ਮੈਂ ਅੱਗੇ ਹੀ ਕਿਹਾ ਹੈ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਣਾ ਇਕੱਠਾ ਹੋਵੇ। ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ, ਤੁਹਾਡੇ ਵਿਖੇ ਮੇਰਾ ਬਹੁਤ ਮਾਣ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ। ਮੈਂ ਆਪਣੇ ਅਤੇ ਤੁਹਾਡੇ ਹਰ ਕਸ਼ਟ ਵਿੱਚ ਅਨੰਦ ਨਾਲ ਫੁੱਲਿਆ ਨਹੀਂ ਸਮਾਉਦਾ।

ਜਦ ਅਸੀਂ ਮਕਦੂਨਿਯਾ ਵਿੱਚ ਆਏ ਤਦ ਵੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸੀ, ਬਾਹਰੋਂ ਝਗੜੇ ਅੰਦਰੋਂ ਭਿਆਨਕ ਗੱਲਾਂ। ਤਾਂ ਵੀ ਉਸ ਨੇ ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ ਅਰਥਾਤ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਨਾਲ ਸਾਨੂੰ ਦਿਲਾਸਾ ਦਿੱਤਾ।

ਕਿਉਂ ਜੋ ਪਰਮੇਸ਼ੁਰ ਯੋਗ ਉਦਾਸੀ ਮੁਕਤੀ ਲਈ ਅਜਿਹੀ ਤੋਬਾ ਪੈਦਾ ਕਰਦੀ ਹੈ ਜਿਸ ਤੋਂ ਕੋਈ ਪਛਤਾਉਂਦਾ ਨਹੀਂ ਪਰ ਸੰਸਾਰ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ। ਵੇਖੋ, ਤੁਹਾਡੀ ਉਸ ਪਰਮੇਸ਼ੁਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾਂ ਹੀ ਜੋਸ਼, ਕਿੰਨਾਂ ਹੀ ਉੱਤਰ ਦੇਣਾ, ਕਿੰਨਾਂ ਹੀ ਕ੍ਰੋਧ, ਕਿੰਨਾਂ ਹੀ ਡਰ, ਕਿੰਨੀ ਹੀ ਚਾਹਤ, ਕਿੰਨੀ ਹੀ ਅਣਖ, ਕਿੰਨੀ ਹੀ ਲਗਨ ਪੈਦਾ ਕੀਤੀ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਸ ਗੱਲ ਵਿੱਚ ਸਾਫ਼ ਹਾਂ।

ਜੋ ਕਿਸ ਤਰ੍ਹਾਂ ਨਾਲ ਉਸ ਕਲੇਸ਼ ਦੇ ਵੱਡੇ ਪਰਤਾਵੇ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਭਾਰੀ ਗਰੀਬੀ ਨੇ ਉਨ੍ਹਾਂ ਦੀ ਅੱਤ ਵੱਡੀ ਖੁੱਲ੍ਹ ਦਿਲੀ ਨੂੰ ਵਧਾ ਦਿੱਤਾ।

ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਜੋ ਹਰ ਪਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਵੀ ਹੋਵੇ। ਜਿਵੇਂ ਲਿਖਿਆ ਹੋਇਆ ਹੈ - ਉਸ ਨੇ ਖਿਲਾਰਿਆ ਅਤੇ ਕੰਗਾਲਾਂ ਨੂੰ ਦਿੱਤਾ ਅਤੇ ਉਸ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ l ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਲਈ ਰੋਟੀ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫਲ ਵਿੱਚ ਵਾਧਾ ਕਰੇਗਾ। ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀਂ ਪਰਮੇਸ਼ੁਰ ਦੇ ਧੰਨਵਾਦ ਲਈ ਗੁਣਕਾਰੀ ਹੈ।

ਕੀ ਉਹ ਮਸੀਹ ਦੇ ਦਾਸ ਹਨ? ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ, ਮੈਂ ਉਹਨਾਂ ਨਾਲੋਂ ਵਧੀਕ ਹਾਂ, ਅਰਥਾਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ। ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਉਨ੍ਹਤਾਲੀ-ਉਨ੍ਹਤਾਲੀ ਕੋਰੜੇ ਖਾਧੇ। ਮੈਂ ਤਿੰਨ ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਪਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਰਾਤ-ਦਿਨ ਸਮੁੰਦਰ ਵਿੱਚ ਕੱਟਿਆ। ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਜੋਖਮਾਂ ਵਿੱਚ, ਡਾਕੂਆਂ ਦੇ ਜੋਖਮਾਂ ਵਿੱਚ, ਆਪਣੀ ਕੌਮ ਵੱਲੋਂ ਜੋਖਮਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਜੋਖਮਾਂ ਵਿੱਚ, ਨਗਰ ਦੇ ਜੋਖਮਾਂ ਵਿੱਚ, ਉਜਾੜ ਦੇ ਜੋਖਮਾਂ ਵਿੱਚ, ਸਮੁੰਦਰ ਦੇ ਜੋਖਮਾਂ ਵਿੱਚ, ਖੋਟੇ ਭਰਾਵਾਂ ਦੇ ਜੋਖਮਾਂ ਵਿੱਚ, ਮੈਂ ਮਿਹਨਤ ਅਤੇ ਕਸ਼ਟ ਵਿੱਚ, ਕਈ ਵਾਰੀ ਪਹਿਰੇਦਾਰੀ ਵਿੱਚ, ਭੁੱਖ ਅਤੇ ਪਿਆਸ ਵਿੱਚ, ਕਈ ਵਾਰੀ ਵਰਤ ਵਿੱਚ, ਸਰਦੀ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ। ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਯਾਵਾਂ ਦੀ ਚਿੰਤਾ ਮੈਨੂੰ ਰੋਜ਼ ਸਤਾਉਂਦੀ ਹੈ। ਕਿਸ ਦੀ ਨਿਰਬਲਤਾ ਨਾਲ ਮੈਂ ਨਿਰਬਲ ਨਹੀਂ ਹੁੰਦਾ? ਕਿਸ ਦੇ ਠੋਕਰ ਖਾਣ ਨਾਲ ਮੇਰਾ ਜੀ ਨਹੀਂ ਜਲਦਾ? ਜੇ ਮਾਣ ਕਰਨਾ ਹੀ ਪਵੇ ਤਾਂ ਮੈਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ।

ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਉੱਤੇ ਮਾਣ ਨਹੀਂ ਕਰਾਂਗਾ।

ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ ਇਸ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਂਵਾਂ। ਇਸ ਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ। ਅਤੇ ਉਸ ਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਅਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ। ਇਸ ਕਾਰਨ ਮੈਂ ਮਸੀਹ ਦੇ ਲਈ ਕਮਜ਼ੋਰੀਆਂ ਵਿੱਚ, ਮਿਹਣਿਆਂ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਸੰਕਟਾਂ ਵਿੱਚ ਪ੍ਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ।

ਹੁਣ ਨਾ ਕੋਈ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਕਿਉਂ ਜੋ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕੋ ਹੀ ਹੋ। ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਵਾਇਦੇ ਦੇ ਅਨੁਸਾਰ ਵਾਰਿਸ ਵੀ ਹੋ।

ਪਰ ਆਤਮਾ ਦਾ ਫਲ ਇਹ ਹੈ - ਪਿਆਰ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ,

ਤੁਸੀਂ ਇੱਕ ਦੂਜੇ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋ।

ਅਤੇ ਪਰਮੇਸ਼ੁਰ ਨੇ ਸਾਨੂੰ ਉਸ ਦੇ ਨਾਲ ਉੱਠਾਇਆ ਅਤੇ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸ ਦੇ ਨਾਲ ਬਿਠਾਇਆ!

ਇਸ ਕਾਰਨ ਮੈਂ ਪੌਲੁਸ, ਜੋ ਤੁਸੀਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ।

ਉਪਰੰਤ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਬੁਲਾਹਟ ਨਾਲ ਸੱਦੇ ਹੋਏ ਹੋ ਉਹ ਦੇ ਯੋਗ ਚੱਲੋ! ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪਿਆਰ ਨਾਲ ਇੱਕ ਦੂਜੇ ਦੇ ਵਿਖੇ ਸਹਿਣਸ਼ੀਲਤਾ ਰੱਖੋ!

ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਸੰਸਾਰ ਦੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ, ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸੱਭੋ ਕੁਝ ਪੂਰਾ ਕਰਕੇ ਸਥਿਰ ਰਹਿ ਸਕੋ।

ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਮਿੱਤ ਜਾਗਦੇ ਹੋਏ ਸਾਰਿਆਂ ਸੰਤਾਂ ਲਈ ਬਹੁਤ ਦਲੇਰੀ ਨਾਲ ਬੇਨਤੀ ਕਰਿਆ ਕਰੋ। ਅਤੇ ਮੇਰੇ ਲਈ ਵੀ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਪਰਗਟ ਕਰਾਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ। ਅਤੇ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਉਸ ਵਿੱਚ ਦਲੇਰੀ ਨਾਲ ਬੋਲਾਂ।

ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ। ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਸਨੂੰ ਚੁਣਾਂ। ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ।

ਕਿਉਂ ਜੋ ਮਸੀਹ ਦੇ ਕਾਰਨ ਤੁਹਾਡੇ ਉੱਤੇ ਇਹ ਕਿਰਪਾ ਹੋਈ ਜੋ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ ਸਗੋਂ ਉਹ ਦੇ ਲਈ ਦੁੱਖ ਵੀ ਝੱਲੋ।

ਅਤੇ ਉਹ ਤਾਂ ਸੱਚੀ ਮੁੱਚੀ ਬਿਮਾਰ ਸੀ ਸਗੋਂ ਮਰਨ ਵਾਲਾ ਹੋ ਗਿਆ ਸੀ ਪਰੰਤੂ ਪਰਮੇਸ਼ੁਰ ਨੇ ਉਸ ਉੱਤੇ ਦਯਾ ਕੀਤੀ ਅਤੇ ਸਿਰਫ਼ ਉਸੇ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸੋਗ ਤੋਂ ਸੋਗ ਨਾ ਹੋਵੇ।

ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ।

ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਹ ਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਂਵਾਂ।

ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ। ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ।

ਪ੍ਰਭੂ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ। ਤੁਹਾਡਾ ਕੋਮਲਤਾ ਦਾ ਸੁਭਾਅ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ। ਪ੍ਰਭੂ ਨੇੜੇ ਹੈ। ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।

ਮੈਂ ਘਟਣਾ ਜਾਣਦਾ ਹਾਂ, ਨਾਲੇ ਵੱਧਣਾ ਵੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵੱਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ। ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ। ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਬਿਪਤਾ ਵਿੱਚ ਮੇਰੇ ਸਾਂਝੀ ਹੋਏ।

ਅਤੇ ਮੇਰਾ ਪਰਮੇਸ਼ੁਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ।

ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰੱਥੀ ਹੋ ਜਾਵੋ ਤਾਂ ਜੋ ਤੁਸੀਂ ਖੁਸ਼ੀ ਨਾਲ ਅਤੇ ਧੀਰਜ ਕਰੋ। ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਸਾਨੂੰ ਇਸ ਯੋਗ ਬਣਾਇਆ ਕਿ ਚਾਨਣ ਵਿੱਚ ਪਵਿੱਤਰ ਲੋਕਾਂ ਦੇ ਵਿਰਸੇ ਦੇ ਹਿੱਸੇਦਾਰ ਹੋਈਏ। ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ।

ਹੁਣ ਮੈਂ ਆਪਣਿਆਂ ਉਨ੍ਹਾਂ ਦੁੱਖਾਂ ਵਿੱਚ ਜੋ ਤੁਹਾਡੇ ਲਈ ਝੱਲਦਾ ਹਾਂ ਤੇ ਅਨੰਦ ਹਾਂ ਅਤੇ ਮਸੀਹ ਦਿਆਂ ਦੁੱਖ ਦਾ ਘਾਟਾ ਮੈਂ ਉਹ ਦੀ ਦੇਹੀ ਅਰਥਾਤ ਕਲੀਸਿਯਾ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ

ਸੋ ਜੇ ਤੁਸੀਂ ਮਸੀਹ ਦੇ ਨਾਲ ਜਿਉਂਦੇ ਕੀਤੇ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ। ਉਤਾਹਾਂ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਤੇ ਹਨ। ਕਿਉਂ ਜੋ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ੁਰ ਵਿੱਚ ਗੁਪਤ ਹੋਇਆ ਹੈ। ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪਰਗਟ ਕੀਤਾ ਜਾਵੇਗਾ ਉਸ ਵੇਲੇ ਤੁਸੀਂ ਵੀ ਉਹ ਦੇ ਨਾਲ ਮਹਿਮਾ ਵਿੱਚ ਪਰਗਟ ਕੀਤੇ ਜਾਓਗੇ।

ਅਤੇ ਮਸੀਹ ਦੀ ਸ਼ਾਂਤੀ ਜਿਸ ਦੇ ਲਈ ਤੁਸੀਂ ਇੱਕੋ ਦੇਹ ਹੋ ਕੇ ਸੱਦੇ ਵੀ ਗਏ ਹੋ, ਤੁਹਾਡਿਆਂ ਮਨਾਂ ਵਿੱਚ ਰਾਜ ਕਰੇ ਅਤੇ ਤੁਸੀਂ ਧੰਨਵਾਦ ਕਰਿਆ ਕਰੋ।

ਪਰ ਤੁਸੀਂ ਜਾਣਦੇ ਹੋ ਕਿ ਸ਼ੁਰੂਆਤ ਵਿੱਚ ਫ਼ਿਲਿੱਪੈ ਵਿੱਚ ਦੁੱਖ ਝੱਲਣ ਦੇ ਬਾਵਜੂਦ ਵੀ ਸਾਡੇ ਪਰਮੇਸ਼ੁਰ ਨੇ ਸਾਨੂੰ ਅਜਿਹੀ ਦਲੇਰੀ ਦਿੱਤੀ ਕਿ ਅਸੀਂ ਬਹੁਤ ਵਿਰੋਧ ਵਿੱਚ ਵੀ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾ ਸਕੇ।

ਤਾਂ ਜੋ ਇਨ੍ਹਾਂ ਬਿਪਤਾਂਵਾਂ ਦੇ ਕਾਰਨ ਕੋਈ ਡੋਲ ਨਾ ਜਾਵੇ, ਕਿਉਂ ਜੋ ਤੁਸੀਂ ਆਪ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਹੋਏ ਹਾਂ। ਸਗੋਂ ਜਦੋਂ ਅਸੀਂ ਤੁਹਾਡੇ ਕੋਲ ਸੀ ਤਾਂ ਤੁਹਾਨੂੰ ਪਹਿਲਾਂ ਹੀ ਆਖਦੇ ਹੁੰਦੇ ਸੀ ਕਿ ਅਸੀਂ ਦੁੱਖ ਝੱਲਣੇ ਹਨ ਅਤੇ ਉਹੀ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ। ਇਸ ਕਾਰਨ, ਮੈਂ ਵੀ ਜਦੋਂ ਹੋਰ ਝੱਲ ਨਾ ਸਕਿਆ ਤਾਂ ਤੁਹਾਡੀ ਵਿਸ਼ਵਾਸ ਦੇਖਣ ਲਈ ਭੇਜਿਆ ਕਿ ਕਿਤੇ ਇਹ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਵਿਅਰਥ ਹੋ ਗਈ ਹੋਵੇ।

ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਬਾਰੇ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ, ਤੁਸੀਂ ਪਰਾਈਆਂ ਕੌਮਾਂ ਦੀ ਤਰ੍ਹਾਂ ਸੋਗ ਕਰੋ, ਜਿਨ੍ਹਾਂ ਨੂੰ ਕੋਈ ਆਸ ਨਹੀਂ। ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫੇਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਹ ਦੇ ਨਾਲ ਜਿਵਾਲੇਗਾ। ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਕਿ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਜਿਉਂਦੇ ਰਹਿੰਦੇ ਹਾਂ, ਉਹਨਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਸੌਂ ਗਏ ਹਨ।

ਸਦਾ ਅਨੰਦ ਰਹੋ। ਹਰ ਰੋਜ਼ ਪ੍ਰਾਰਥਨਾ ਕਰੋ। ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਮਰਜ਼ੀ ਹੈ।

ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ। ਤੁਹਾਡਾ ਸੱਦਣ ਵਾਲਾ ਵਫ਼ਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ।

ਐਥੋਂ ਤੱਕ ਜੋ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ੁਰ ਦੀਆਂ ਸਾਰੀਆਂ ਕਲੀਸਿਯਾਂਵਾਂ ਵਿੱਚ ਤੁਹਾਡੇ ਉੱਤੇ ਮਾਣ ਕਰਦੇ ਹਾਂ। ਇਹ ਪਰਮੇਸ਼ੁਰ ਦੇ ਸੱਚੇ ਨਿਆਂ ਦਾ ਪਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਜਾਓ, ਜਿਸ ਦੇ ਲਈ ਤੁਸੀਂ ਦੁੱਖ ਵੀ ਭੋਗਦੇ ਹੋ। ਕਿਉਂ ਜੋ ਪਰਮੇਸ਼ੁਰ ਦੇ ਵੱਲੋਂ ਇਹ ਨਿਆਂ ਦੀ ਗੱਲ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਉਹ ਉਹਨਾਂ ਨੂੰ ਦੁੱਖ ਦੇਵੇ। ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ, ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਦੋਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਦੇ ਨਾਲ ਭੜਕਦੀ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ।

ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਉੱਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਚੰਗੀ ਆਸ ਦਿੱਤੀ। ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਹਰੇਕ ਭਲੇ ਕੰਮ ਅਤੇ ਬਚਨ ਵਿੱਚ ਮਜ਼ਬੂਤ ਕਰੇ।

ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾਂ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਅੰਗ-ਸੰਗ ਰਹੇ।

ਅਗਾਹਾਂ ਨੂੰ ਨਿਰਾ ਪਾਣੀ ਨਾ ਪੀਆ ਕਰ ਪਰ ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈਅ ਵਰਤ ਲਿਆ ਕਰ।

ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।

ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ।

ਇਸ ਲਈ ਤੂੰ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਵੀਂ, ਨਾ ਮੇਰੇ ਤੋਂ, ਜੋ ਉਹ ਦਾ ਬੰਧੂਆ ਹਾਂ, ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ। ਜਿਸ ਨੇ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ, ਸਾਡਿਆਂ ਕੰਮਾਂ ਦੇ ਅਨੁਸਾਰ ਨਹੀਂ ਸਗੋਂ ਆਪਣੀ ਮਰਜ਼ੀ ਅਤੇ ਉਸ ਕਿਰਪਾ ਦੇ ਅਨੁਸਾਰ ਜਿਹੜੀ ਮਸੀਹ ਯਿਸੂ ਵਿੱਚ ਸਦੀਪਕ ਸਮਿਆਂ ਤੋਂ ਸਾਡੇ ਉੱਤੇ ਕੀਤੀ ਗਈ। ਪਰ ਹੁਣ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ, ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਖੁਸ਼ਖਬਰੀ ਦੇ ਰਾਹੀਂ ਜੀਵਨ ਅਤੇ ਅਮਰਤਾ ਉੱਤੇ ਪਰਕਾਸ਼ ਕੀਤਾ। ਜਿਸ ਦੇ ਲਈ ਮੈਂ ਪਰਚਾਰਕ, ਰਸੂਲ ਅਤੇ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ। ਅਤੇ ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ, ਪਰ ਮੈਂ ਸ਼ਰਮਾਉਦਾ ਨਹੀਂ, ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ।

ਜਿਸ ਦੇ ਲਈ ਮੈਂ ਅਪਰਾਧੀ ਵਾਂਗੂੰ ਬੰਧਨਾਂ ਤੱਕ ਦਾ ਦੁੱਖ ਭੋਗਦਾ ਹਾਂ, ਪਰੰਤੂ ਪਰਮੇਸ਼ੁਰ ਦਾ ਬਚਨ ਬੰਧਨਾਂ ਵਿੱਚ ਨਹੀਂ ਹੈ। ਇਸ ਕਾਰਨ ਮੈਂ ਚੁਣਿਆਂ ਹੋਇਆਂ ਲਈ ਸੱਭੋ ਕੁਝ ਸਹਿੰਦਾ ਹਾਂ ਕਿ ਉਹ ਵੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ, ਸਦੀਪਕ ਮਹਿਮਾ ਨਾਲ ਪ੍ਰਾਪਤ ਕਰਨ। ਇਹ ਬਚਨ ਭਰੋਸੇਵੰਦ ਹੈ ਕਿਉਂਕਿ ਜੇ ਅਸੀਂ ਉਹ ਦੇ ਨਾਲ ਮਰੇ ਤਾਂ ਉਹ ਦੇ ਨਾਲ ਜੀਵਾਂਗੇ ਵੀ। ਜੇ ਸਹਿ ਲਈਏ, ਉਹ ਦੇ ਨਾਲ ਰਾਜ ਵੀ ਕਰਾਂਗੇ। ਜੇ ਉਹ ਦਾ ਇਨਕਾਰ ਕਰੀਏ, ਤਾਂ ਉਹ ਵੀ ਸਾਡਾ ਇਨਕਾਰ ਕਰੇਗਾ।

ਪਰ ਤੂੰ ਮੇਰੀ ਸਿੱਖਿਆ, ਚਾਲ-ਚਲਣ, ਮਰਜ਼ੀ, ਵਿਸ਼ਵਾਸ, ਧੀਰਜ, ਪਿਆਰ, ਸਬਰ, ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰ੍ਹਾਂ ਜਾਣਿਆ, ਅਰਥਾਤ ਜੋ ਕੁਝ ਅੰਤਾਕਿਯਾ ਅਤੇ ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਮੇਰੇ ਨਾਲ ਵਾਪਰਿਆ ਸੀ ਅਤੇ ਮੈਂ ਕਿਸ ਤਰ੍ਹਾਂ ਸਤਾਇਆ ਗਿਆ ਅਤੇ ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ। ਹਾਂ, ਸੱਭੇ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।

ਪਰ ਤੂੰ ਸਭ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਝੱਲੀ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਾ ਕਰੀਂ।

ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਘ ਦੇਣ ਨੂੰ ਹਾਂ ਅਤੇ ਮੇਰਾ ਆਖਰੀ ਸਮਾਂ ਆ ਚੁੱਕਿਆ ਹੈ। ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਸੰਭਾਲ ਕੀਤੀ ਹੈ। ਆਖਿਰਕਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ।

ਮੇਰੀ ਪਹਿਲੀ ਪੇਸ਼ੀ ਉੱਤੇ ਕਿਸੇ ਨੇ ਮੇਰੀ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ। ਕਿਤੇ ਇਹ ਦਾ ਲੇਖਾ ਉਨ੍ਹਾਂ ਨੂੰ ਦੇਣਾ ਨਾ ਪਵੇ। ਪਰ ਪ੍ਰਭੂ ਮੇਰੇ ਅੰਗ-ਸੰਗ ਰਿਹਾ ਅਤੇ ਮੈਨੂੰ ਤਕੜਿਆਂ ਕੀਤਾ ਕਿ ਮੇਰੇ ਰਾਹੀਂ ਪਰਚਾਰ ਪੂਰਾ ਕੀਤਾ ਜਾਵੇ ਅਤੇ ਪਰਾਈਆਂ ਕੌਮਾਂ ਸੱਭੇ ਸੁਣਨ, ਅਤੇ ਮੈਂ ਬੱਬਰ ਸ਼ੇਰ ਦੇ ਮੂੰਹੋਂ ਛੁਡਾਇਆ ਗਿਆ। ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸਵਰਗ ਰਾਜ ਲਈ ਮੁਕਤੀ ਦੇ ਕੇ ਸੰਭਾਲ ਰੱਖੇਗਾ। ਉਹ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ।

ਉਸ ਸਦੀਪਕ ਜੀਵਨ ਦੀ ਆਸ ਉੱਤੇ ਜਿਸ ਦਾ ਪਰਮੇਸ਼ੁਰ ਨੇ ਪੁਰਾਣੇ ਸਮਿਆਂ ਤੋਂ ਵਾਇਦਾ ਕੀਤਾ ਸੀ, ਉਹ ਕਦੇ ਝੂਠ ਨਹੀਂ ਬੋਲ ਸਕਦਾ।

ਪੌਲੁਸ ਵੱਲੋਂ, ਜਿਹੜਾ ਮਸੀਹ ਯਿਸੂ ਦਾ ਕੈਦੀ ਹਾਂ ਅਤੇ ਭਰਾ ਤਿਮੋਥਿਉਸ ਵੱਲੋਂ। ਅੱਗੇ ਯੋਗ ਸਾਡੇ ਪਿਆਰੇ ਅਤੇ ਸਹਿਕਰਮੀ ਫਿਲੇਮੋਨ l

ਪਰ ਪਿਆਰ ਦਾ ਵਾਸਤਾ ਪਾ ਕੇ ਮੈਂ ਪੌਲੁਸ ਬੁੱਢਾ ਅਤੇ ਮਸੀਹ ਯਿਸੂ ਦਾ ਕੈਦੀ ਵੀ ਹੋ ਕੇ ਬੇਨਤੀ ਕਰਦਾ ਹਾਂ।

ਸੋ ਜਿਵੇਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ, ਤਾਂ ਉਨ੍ਹਾਂ ਵਾਂਗੂੰ ਉਹ ਆਪ ਵੀ ਇਨ੍ਹਾਂ ਹੀ ਵਿੱਚ ਸਾਂਝੀ ਬਣਿਆ ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਸ ਦੇ ਵੱਸ ਵਿੱਚ ਮੌਤ ਹੈ, ਅਰਥਾਤ ਸ਼ੈਤਾਨ ਨੂੰ ਨਾਸ ਕਰੇ। ਅਤੇ ਉਨ੍ਹਾਂ ਨੂੰ ਛੁਡਾਵੇ ਜਿਹੜੇ ਮੌਤ ਦੇ ਡਰ ਕਾਰਨ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ।

ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁੱਖ ਝੱਲਿਆ ਤਾਂ ਉਹ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ, ਸਹਾਇਤਾ ਕਰ ਸਕਦਾ ਹੈ।

ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਕਿ ਇਹ ਨਾ ਹੋਵੇ ਜੋ ਉਹ ਦੇ ਅਰਾਮ ਵਿੱਚ ਵੜਨ ਦਾ ਵਾਇਦਾ ਹੁੰਦਿਆਂ ਹੋਇਆਂ ਵੀ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਹਿ ਜਾਵੇ। ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਜਿਵੇਂ ਉਨ੍ਹਾਂ ਨੂੰ ਵੀ, ਪਰ ਸੁਣਿਆ ਹੋਇਆ ਬਚਨ ਉਨ੍ਹਾਂ ਲਈ ਲਾਭਵੰਤ ਨਾ ਹੋਇਆ ਕਿਉਂਕਿ ਸੁਣਨ ਵਾਲਿਆਂ ਨੇ ਉਸ ਨੂੰ ਵਿਸ਼ਵਾਸ ਦੇ ਨਾਲ ਨਾ ਮੰਨਿਆ। ਕਿਉਂ ਜੋ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਸ ਅਰਾਮ ਵਿੱਚ ਵੜਦੇ ਹਾਂ, ਜਿਸ ਤਰ੍ਹਾਂ ਉਸ ਨੇ ਆਖਿਆ, “ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!” ਭਾਵੇਂ ਉਹ ਦੀਆਂ ਕਾਰਾਗਰੀਆਂ ਜਗਤ ਦੇ ਮੁੱਢੋਂ ਹੀ ਬਣ ਚੁੱਕੀਆਂ ਸਨ। ਉਹ ਨੇ ਤਾਂ ਸੱਤਵੇਂ ਦਿਨ ਦੇ ਬਾਰੇ ਇਸ ਤਰ੍ਹਾਂ ਆਖਿਆ ਹੈ ਕਿ ਪਰਮੇਸ਼ੁਰ ਨੇ ਆਪਣਿਆਂ ਸਾਰਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਸੱਤਵੇਂ ਦਿਨ ਅਰਾਮ ਕੀਤਾ। ਅਤੇ ਇਸ ਥਾਂ ਵਿੱਚ ਫੇਰ ਕਹਿੰਦਾ ਹੈ ਕਿ ਉਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!। ਸੋ ਜਦੋਂ ਕਈਆਂ ਦਾ ਉਸ ਵਿੱਚ ਵੜਨਾ ਅਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ, ਉਹ ਅਣ-ਆਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜੇ। ਤਾਂ ਉਹ ਫਿਰ ਐਨੇ ਸਮੇਂ ਬਾਅਦ ਦਾਊਦ ਦੇ ਦੁਆਰਾ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਹ ਨੂੰ ਅੱਜ ਦਾ ਦਿਨ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ, “ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।” ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਦਿੱਤਾ ਹੁੰਦਾ ਤਾਂ ਪਰਮੇਸ਼ੁਰ ਉਹ ਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ। ਸੋ ਗੱਲ ਇਹ ਹੈ, ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ।

ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂੰ ਪਰਖਿਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ। ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਚੱਲੀਏ ਕਿ ਅਸੀਂ ਦਯਾ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਸਮੇਂ ਸਿਰ ਸਾਡੀ ਸਹਾਇਤਾ ਕਰੇ।

ਉਹ ਨੇ ਉਨ੍ਹੀਂ ਦਿਨੀਂ ਜਦੋਂ ਉਹ ਸਰੀਰ ਵਿੱਚ ਸੀ, ਬਹੁਤ ਧਾਂਹਾਂ ਮਾਰ-ਮਾਰ ਕੇ ਅਤੇ ਹੰਝੂਆਂ ਨਾਲ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ, ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਪਰਮੇਸ਼ੁਰ ਦੇ ਡਰ ਵਿੱਚ ਬਣੇ ਰਹਿਣ ਦੇ ਕਾਰਨ ਉਹ ਦੀ ਸੁਣੀ ਗਈ। ਅਤੇ ਉਹ ਭਾਵੇਂ ਪੁੱਤਰ ਸੀ ਪਰ ਜਿਹੜੇ ਉਹ ਨੇ ਦੁੱਖ ਭੋਗੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।

ਪਰ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਬਾਅਦ ਤੁਸੀਂ ਦੁੱਖਾਂ ਦੇ ਵੱਡੇ ਸੰਘਰਸ਼ ਨੂੰ ਸਹਿ ਲਿਆ। ਕਦੀ ਤਾਂ ਤੁਸੀਂ ਨਿੰਦਿਆ ਅਤੇ ਬਿਪਤਾ ਦੇ ਕਾਰਨ ਤਮਾਸ਼ਾ ਬਣੇ, ਅਤੇ ਕਦੀ ਉਹਨਾਂ ਦੇ ਸਾਂਝੀ ਹੋਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੁਰਦਸ਼ਾ ਹੁੰਦੀ ਸੀ। ਕਿਉਂ ਜੋ ਤੁਸੀਂ ਕੈਦੀਆਂ ਦੇ ਦਰਦੀ ਹੋਏ, ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟੱਲ ਹੈ। ਸੋ ਤੁਸੀਂ ਆਪਣੀ ਦਲੇਰੀ ਨੂੰ ਗੁਆ ਨਾ ਬੈਠਣਾ ਕਿਉਂ ਜੋ ਉਸਦਾ ਫਲ ਵੱਡਾ ਹੈ। ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਕੇ ਵਾਇਦੇ ਨੂੰ ਪ੍ਰਾਪਤ ਕਰੋ। ਇਹ ਲਿਖਿਆ ਹੈ, ਹੁਣ ਥੋੜ੍ਹਾ ਜਿਹਾ ਸਮਾਂ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਸਮਾਂ ਨਾ ਲਾਵੇਗਾ। ਪਰ ਮੇਰਾ ਧਰਮੀ ਬੰਦਾ ਆਪਣੇ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ, ਅਤੇ ਜੇ ਉਹ ਪਿੱਛੇ ਹੱਟ ਜਾਵੇ, ਮੇਰਾ ਮਨ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ।

ਉਪਰੰਤ ਇੱਕ ਮਨੁੱਖ ਤੋਂ ਜੋ ਮੁਰਦੇ ਜਿਹਾ ਸੀ ਐਨੇ ਉਤਪਤ ਹੋਏ, ਜਿੰਨੇ ਅਕਾਸ਼ ਦੇ ਤਾਰੇ ਅਤੇ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਹਨ, ਜੋ ਅਣਗਿਣਤ ਹਨ।

ਇਹ ਸਭ ਵਿਸ਼ਵਾਸ ਵਿੱਚ ਮਰ ਗਏ ਅਤੇ ਉਨ੍ਹਾਂ ਨੇ ਵਾਇਦਾ ਕੀਤੀਆਂ ਹੋਈਆਂ ਵਸਤਾਂ ਨੂੰ ਪ੍ਰਾਪਤ ਨਾ ਕੀਤਾ ਪਰ ਉਹਨਾਂ ਨੇ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆ ਨੂੰ ਆਖਿਆ ਅਤੇ ਮੰਨ ਲਿਆ ਕਿ ਅਸੀਂ ਧਰਤੀ ਉੱਤੇ ਪਰਾਏ ਅਤੇ ਪਰਦੇਸੀ ਹਾਂ।

ਵਿਸ਼ਵਾਸ ਨਾਲ ਮੂਸਾ ਨੇ ਜਦੋਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ। ਕਿਉਂ ਜੋ ਉਹ ਨੇ ਪਾਪ ਦੇ ਭੋਗ-ਬਿਲਾਸ ਨਾਲੋਂ ਜੋ ਥੋੜ੍ਹੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜ਼ਬਰਦਸਤੀ ਝੱਲਣ ਨੂੰ ਵਧੇਰੇ ਪਸੰਦ ਕੀਤਾ। ਅਤੇ ਉਹ ਨੇ ਵਿਚਾਰ ਕੀਤਾ ਕਿ ਮਸੀਹ ਦੇ ਲਈ ਨਿੰਦਾ ਨੂੰ ਸਹਿ ਲੈਣਾ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਸਵਰਗੀ ਇਨਾਮ ਵੱਲ ਉਹ ਦਾ ਧਿਆਨ ਸੀ। ਵਿਸ਼ਵਾਸ ਨਾਲ ਉਹ ਨੇ ਪਾਤਸ਼ਾਹ ਦੇ ਕ੍ਰੋਧ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਕਿਉਂ ਜੋ ਉਹ ਅਣ-ਦੇਖੇ ਪਰਮੇਸ਼ੁਰ ਨੂੰ ਜਾਣਦੇ ਹੋਏ ਵਿਸ਼ਵਾਸ ਵਿੱਚ ਦ੍ਰਿੜ੍ਹ ਬਣਿਆ ਰਿਹਾ।

ਹੁਣ ਮੈਂ ਹੋਰ ਕੀ ਆਖਾਂ? ਕਿਉਂ ਜੋ ਸਮਾਂ ਨਹੀਂ ਹੈ ਕਿ ਗਿਦੌਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਦੇ ਬਾਰੇ ਗੱਲ ਕਰਾਂ। ਜਿਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਪਾਤਸ਼ਾਹੀਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ, ਧਰਮ ਦੇ ਕੰਮ ਕੀਤੇ, ਵਾਇਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਸੇਕ ਨੂੰ ਠੰਡਿਆਂ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਉਹ ਕਮਜ਼ੋਰੀ ਵਿੱਚ ਤਕੜੇ ਹੋਏ, ਯੁੱਧ ਵਿੱਚ ਸੂਰਮੇ ਬਣੇ ਅਤੇ ਓਪਰਿਆਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ। ਇਸਤਰੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ। ਕਈ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਚਾਹਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ। ਅਤੇ ਕਈ ਠੱਠਿਆਂ ਵਿੱਚ ਉਡਾਏ ਜਾਣ, ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਦੁਆਰਾ ਪਰਖੇ ਗਏ। ਉਹਨਾਂ ਤੇ ਪਥਰਾਉ ਕੀਤੇ ਗਿਆ, ਆਰਿਆਂ ਨਾਲ ਚੀਰੇ ਗਏ, ਪਰਖੇ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਹੋਏ, ਦੁੱਖੀ ਹੋਏ ਅਤੇ ਜ਼ਬਰਦਸਤੀ ਸਹਿੰਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖੱਲਾਂ ਪਹਿਨੇ ਮਾਰੇ-ਮਾਰੇ ਫਿਰਦੇ ਰਹੇ, - ਸੰਸਾਰ ਉਹਨਾਂ ਦੇ ਯੋਗ ਨਹੀਂ ਸੀ - ਉਹ ਉਜਾੜਾਂ, ਪਹਾੜਾਂ, ਗੁਫ਼ਾਂਵਾਂ ਅਤੇ ਧਰਤੀ ਦੀਆਂ ਖੁੱਡਾਂ ਵਿੱਚ ਲੁੱਕਦੇ ਫਿਰੇ। ਅਤੇ ਇਹ ਸਾਰੇ ਭਾਵੇਂ ਉਹਨਾਂ ਲਈ ਉਹਨਾਂ ਦੇ ਵਿਸ਼ਵਾਸ ਦੇ ਕਾਰਨ ਗਵਾਹੀ ਦਿੱਤੀ ਗਈ, ਤਾਂ ਵੀ ਵਾਇਦੇ ਨੂੰ ਪ੍ਰਾਪਤ ਨਾ ਹੋਏ। ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਕਿ ਉਹ ਸਾਡੇ ਤੋਂ ਬਿਨ੍ਹਾਂ ਸਿੱਧ ਨਾ ਹੋਣ।

ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਅਤੇ ਯਿਸੂ ਦੀ ਵੱਲ ਵੇਖਦੇ ਰਹੀਏ ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਸ ਨੇ ਉਸ ਅਨੰਦ ਲਈ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਸ਼ਰਮ ਨੂੰ ਤੁਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਤੁਸੀਂ ਉਸ ਵੱਲ ਧਿਆਨ ਕਰੋ ਜਿਸ ਨੇ ਆਪਣੇ ਉੱਤੇ ਪਾਪੀਆਂ ਦਾ ਐਨਾ ਵਿਦਰੋਹ ਸਹਿ ਲਿਆ ਕਿ ਇਹ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਮਨ ਵਿੱਚ ਢਿੱਲੇ ਪੈ ਜਾਓ।

ਤੁਸੀਂ ਪਾਪ ਨਾਲ ਲੜਦੇ ਹੋਏ ਅਜੇ ਲਹੂ ਦੇ ਵਹਾਏ ਜਾਣ ਤੱਕ ਸਾਹਮਣਾ ਨਹੀਂ ਕੀਤਾ। ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਨੂੰ ਪੁੱਤਰਾਂ ਵਾਂਗੂੰ ਸਮਝਿਆ ਜਾਂਦਾ ਹੈ, - ਹੇ ਮੇਰੇ ਪੁੱਤਰ ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਦ ਉਹ ਤੈਨੂੰ ਝਿੜਕੇ ਤਾਂ ਤੂੰ ਸਾਹਸ ਨਾ ਛੱਡ, ਕਿਉਂ ਜੋ ਪ੍ਰਭੂ ਜਿਸ ਦੇ ਨਾਲ ਪਿਆਰ ਕਰਦਾ ਹੈ, ਉਸੇ ਨੂੰ ਤਾੜਦਾ ਹੈ, ਅਤੇ ਹਰੇਕ ਪੁੱਤਰ ਨੂੰ ਜਿਸ ਨੂੰ ਉਹ ਕਬੂਲ ਕਰਦਾ ਹੈ, ਉਹ ਕੋਰੜੇ ਮਾਰਦਾ ਹੈ। ਤੁਸੀਂ ਦੁੱਖ ਨੂੰ ਤਾੜਨਾ ਦੀ ਤਰ੍ਹਾਂ ਸਹਿ ਲਵੋ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਕਿਉਂ ਜੋ ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ? ਪਰ ਜੇ ਤੁਹਾਡੀ ਤਾੜਨਾ ਨਹੀਂ ਹੋਈ ਜੋ ਸਭਨਾਂ ਦੀ ਹੁੰਦੀ ਹੈ ਤਾਂ ਤੁਸੀਂ ਹਰਾਮ ਦੀ ਸੰਤਾਨ ਹੋ! ਫੇਰ ਸਾਡੇ ਸਰੀਰਕ ਪਿਉ ਜਿਹੜੇ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਫਿਰ ਵੀ ਉਹਨਾਂ ਦਾ ਆਦਰ ਕੀਤਾ। ਤਾਂ ਭਲਾ, ਅਸੀਂ ਆਤਮਿਆਂ ਦੇ ਪਿਤਾ ਦੇ ਵਧੇਰੇ ਅਧੀਨ ਨਾ ਹੋਈਏ ਅਤੇ ਜੀਵੀਏ? ਉਹ ਤਾਂ ਥੋੜ੍ਹੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਸਨ ਪਰ ਇਹ ਲਾਭ ਦੇ ਲਈ ਕਰਦਾ ਹੈ ਭਈ ਅਸੀਂ ਉਹ ਦੀ ਪਵਿੱਤਰਤਾਈ ਵਿੱਚ ਸਾਂਝੀ ਹੋਈਏ। ਸਾਰੀ ਤਾੜਨਾ ਤਾਂ ਉਸ ਵੇਲੇ ਅਨੰਦ ਦੀ ਨਹੀਂ ਸਗੋਂ ਦੁੱਖ ਦੀ ਗੱਲ ਜਾਪਦੀ ਹੈ ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਖਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।

ਇਸ ਲਈ ਢਿੱਲਿਆਂ ਹੱਥਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ। ਅਤੇ ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ ਭਈ ਜਿਹੜਾ ਲੰਗੜਾ ਹੋਵੇ ਉਹ ਜੋੜੋਂ ਨਾ ਉੱਖੜੇ ਸਗੋਂ ਚੰਗਾ ਹੋ ਜਾਵੇ!।

ਬੰਧੂਆਂ ਨੂੰ ਇਸ ਤਰ੍ਹਾਂ ਚੇਤੇ ਰੱਖੋ ਜਿਵੇਂ ਤੁਸੀਂ ਆਪ ਵੀ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ ਅਤੇ ਉਹਨਾਂ ਨੂੰ ਜਿਹੜੇ ਜ਼ਬਰਦਸਤੀ ਝੱਲਦੇ ਹਨ ਚੇਤੇ ਰੱਖੋ ਇਹ ਜਾਣ ਕੇ ਭਈ ਤੁਸੀਂ ਆਪ ਵੀ ਸਰੀਰ ਵਾਲੇ ਹੋ।

ਤੁਹਾਡਾ ਜੀਵਨ ਮਾਇਆ ਦੇ ਲੋਭ ਤੋਂ ਦੂਰ ਰਹੇ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸਬਰ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ। ਇਸ ਕਰਕੇ ਅਸੀਂ ਹੌਂਸਲੇ ਨਾਲ ਆਖਦੇ ਹਾਂ, - ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰ ਸਕਦਾ ਹੈ?

ਇਸ ਲਈ ਯਿਸੂ ਨੇ ਵੀ ਫਾਟਕੋਂ ਬਾਹਰ ਦੁੱਖ ਝੱਲਿਆ ਕਿ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ। ਸੋ ਆਓ, ਅਸੀਂ ਉਹ ਦੇ ਨਮਿੱਤ ਨਿੰਦਿਆ ਸਹਿੰਦੇ ਹੋਏ ਤੰਬੂ ਤੋਂ ਬਾਹਰ ਉਹ ਦੇ ਕੋਲ ਚੱਲੀਏ। ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ।

ਸੋ ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ। ਪਰ ਭਲਾ ਕਰਨਾ ਅਤੇ ਪਰਉਪਕਾਰ ਕਰਨਾ ਨਾ ਭੁੱਲਿਓ, ਕਿਉਂਕਿ ਅਜਿਹੇ ਬਲੀਦਾਨਾਂ ਤੋਂ ਪਰਮੇਸ਼ੁਰ ਖੁਸ਼ ਹੁੰਦਾ ਹੈ।

ਹੇ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰੇ ਅਨੰਦ ਦੀ ਗੱਲ ਸਮਝੋ। ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਨੂੰ ਪੈਦਾ ਕਰਦੀ ਹੈ। ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।

ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜੇ ਉਹ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਸ ਦਾ ਪ੍ਰਭੂ ਨੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਇਦਾ ਕੀਤਾ ਹੈ।

ਹੇ ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਹਨ ਉਨ੍ਹਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਸਮਝ ਲਵੋ। ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ। ਤੁਸੀਂ ਅਯੂਬ ਦਾ ਸਬਰ ਤਾਂ ਸੁਣਿਆ ਹੀ ਹੈ ਅਤੇ ਪ੍ਰਭੂ ਦੇ ਵਲੋਂ ਉਸਦਾ ਫ਼ਲ ਵੀ ਜਾਣਦੇ ਹੋ ਕਿ ਪ੍ਰਭੂ ਵੱਡਾ ਦਰਦੀ ਅਤੇ ਦਿਆਲੂ ਹੈ।

ਜੇ ਤੁਹਾਡੇ ਵਿੱਚ ਕੋਈ ਦੁੱਖੀ ਹੈ? ਤਾਂ ਉਹ ਪ੍ਰਾਰਥਨਾ ਕਰੇ। ਜੇ ਕੋਈ ਅਨੰਦ ਹੈ? ਤਾਂ ਉਹ ਭਜ਼ਨ ਗਾਵੇ। ਜੇਕਰ ਤੁਹਾਡੇ ਵਿੱਚ ਕੋਈ ਰੋਗੀ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਸ ਉੱਤੇ ਤੇਲ ਮਲਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ ਅਤੇ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ ਅਤੇ ਪ੍ਰਭੂ ਉਸ ਨੂੰ ਉੱਠਾ ਕੇ ਖੜ੍ਹਾ ਕਰੇਗਾ, ਅਤੇ ਜੇ ਉਹ ਨੇ ਪਾਪ ਵੀ ਕੀਤੇ ਹੋਣ ਤਾਂ ਉਸ ਨੂੰ ਮਾਫ਼ ਕੀਤੇ ਜਾਣਗੇ। ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ। ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ।

ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ, ਭਾਵੇਂ ਹੁਣ ਕੁਝ ਸਮੇਂ ਲਈ ਭਾਂਤ-ਭਾਂਤ ਦੇ ਪਰਤਾਵੇ ਨਾਲ ਦੁੱਖੀ ਹੋਏ ਹੋ। ਤਾਂ ਜੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਅੱਤ ਭਾਰੇ ਮੁੱਲ ਦਾ ਹੈ ਅਤੇ ਪਰਖਿਆ ਹੋਇਆ ਵਿਸ਼ਵਾਸ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ।

ਕਿਉਂਕਿ ਜੇ ਕੋਈ ਪਰਮੇਸ਼ੁਰ ਦੇ ਲਈ ਬੇਇਨਸਾਫ਼ੀ ਝੱਲ ਕੇ ਦੁੱਖ ਸਹਿ ਲਵੇ, ਤਾਂ ਇਹ ਪ੍ਰਵਾਨ ਹੈ l ਪਰ ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ? ਪਰ ਜੇ ਤੁਸੀਂ ਸ਼ੁਭ ਕੰਮਾਂ ਦੇ ਕਾਰਨ ਦੁੱਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪ੍ਰਵਾਨ ਹੈ l ਕਿਉਂਕਿ ਤੁਸੀਂ ਇਸੇ ਕਾਰਨ ਸੱਦੇ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ ਇੱਕ ਨਮੂਨਾ ਛੱਡ ਗਿਆ ਕਿ ਤੁਸੀਂ ਉਸ ਦੇ ਕਦਮਾਂ ਉੱਤੇ ਚੱਲੋ l ਉਸ ਨੇ ਕੋਈ ਪਾਪ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ l ਉਹ ਗਾਲਾਂ ਸੁਣ ਕੇ ਗਾਲ ਨਹੀਂ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਹੀਂ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਠੀਕ ਨਿਆਂ ਕਰਦਾ ਹੈ l ਉਸ ਨੇ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ (ਸਲੀਬ) ਉੱਤੇ ਚੁੱਕ ਲਿਆ ਕਿ ਅਸੀਂ ਪਾਪ ਦੀ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜਿਉਂਦੇ ਰਹੀਏ l

ਪਰ ਜੇ ਤੁਹਾਨੂੰ ਧਰਮ ਦੇ ਕਾਰਨ ਦੁੱਖ ਮਿਲੇ ਤਾਂ ਵੀ ਤੁਸੀਂ ਧੰਨ ਹੋ, ਉਹਨਾਂ ਦੇ ਡਰਾਉਣ ਤੋਂ ਨਾ ਡਰੋ ਅਤੇ ਨਾ ਘਬਰਾਓ

ਕਿਉਂਕਿ ਜੇ ਪਰਮੇਸ਼ੁਰ ਦੀ ਮਰਜ਼ੀ ਇਸ ਤਰ੍ਹਾਂ ਹੋਵੇ ਤਾਂ ਚੰਗੇ ਕੰਮਾਂ ਕਰਕੇ ਦੁੱਖ ਸਹਿਣਾ ਇਸ ਨਾਲੋਂ ਚੰਗਾ ਹੈ ਜੋ ਤੁਸੀਂ ਬੁਰੇ ਕੰਮ ਕਰਕੇ ਦੁੱਖ ਝੱਲੋ ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਕਾਰਨ ਦੁੱਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਦੇ ਲਈ ਤਾਂ ਕਿ ਉਹ ਸਾਨੂੰ ਪਰਮੇਸ਼ੁਰ ਦੇ ਕੋਲ ਲੈ ਜਾਵੇ ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਉਂਦਾ ਕੀਤਾ ਗਿਆ

ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬੰਨੋ, ਕਿਉਂਕਿ ਜਿਸ ਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ

ਹੁਣ ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ, ਉਹ ਨੂੰ ਅਚਰਜ਼ ਨਾ ਮੰਨੋ ਕਿ ਜਿਵੇਂ ਤੁਹਾਡੇ ਨਾਲ ਕੋਈ ਅਨੋਖੀ ਗੱਲ ਬੀਤਦੀ ਹੈ ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਓਨਾ ਕੁ ਆਨੰਦ ਕਰੋ ਤਾਂ ਕਿ ਉਹ ਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਬਹੁਤ ਆਨੰਦ ਨਾਲ ਨਿਹਾਲ ਹੋਵੋ ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ, ਕਿਉਂਕਿ ਤੇਜ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ ਪਰ ਇਸ ਤਰ੍ਹਾਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਜਾਂ ਚੋਰ ਜਾਂ ਬੁਰਾ ਜਾਂ ਹੋਰਨਾਂ ਦੇ ਕੰਮਾਂ ਵਿੱਚ ਲੱਤ ਫਸਾਉਣ ਵਾਲਾ ਹੋ ਕੇ ਦੁੱਖ ਪਾਵੇ ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੋ

ਇਸ ਲਈ ਜਿਹੜੇ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਦੁੱਖ ਭੋਗਦੇ ਹਨ, ਉਹ ਸ਼ੁਭ ਕੰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਉਸ ਵਿਸ਼ਵਾਸਯੋਗ ਸਿਰਜਣਹਾਰ ਦੇ ਹੱਥਾਂ ਵਿੱਚ ਸੌਪ ਦੇਣ l

ਜਿਹੜੇ ਬਜ਼ੁਰਗ ਤੁਹਾਡੇ ਵਿੱਚ ਹਨ, ਮੈਂ ਜੋ ਉਹਨਾਂ ਦੇ ਨਾਲ ਦਾ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਅਤੇ ਉਸ ਤੇਜ ਵਿੱਚ ਜੋ ਪ੍ਰਕਾਸ਼ ਹੋਣ ਵਾਲਾ ਹੈ ਸਾਂਝੀ ਹਾਂ, ਉਹਨਾਂ ਅੱਗੇ ਇਹ ਬੇਨਤੀ ਕਰਦਾ ਹਾਂ,

ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਉੱਚਿਆਂ ਕਰੇ ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ ਸੁਚੇਤ ਹੋਵੋ, ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵਾਂ ਤੁਸੀਂ ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਜਿਹੜੇ ਤੁਹਾਡੇ ਭੈਣ-ਭਾਈ ਸੰਸਾਰ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ ਅਤੇ ਪਰਮ ਕਿਰਪਾਲੂ ਪਰਮੇਸ਼ੁਰ ਜਿਸ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ, ਜਦ ਤੁਸੀਂ ਥੋੜ੍ਹਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਮਜ਼ਬੂਤ ਕਰੇਗਾ

ਉਸ ਦੀ ਰੂਹਾਨੀ ਸਮਰੱਥਾ ਨੇ ਉਹ ਸਭ ਕੁਝ ਜੋ ਜੀਵਨ ਅਤੇ ਭਗਤੀ ਲਈ ਚਾਹੀਦਾ ਹੈ, ਸਾਨੂੰ ਪਰਮੇਸ਼ੁਰ ਦੇ ਗਿਆਨ ਦੇ ਦੁਆਰਾ ਦਿੱਤਾ ਹੈ, ਜਿਸ ਨੇ ਆਪਣੀ ਮਹਿਮਾ ਅਤੇ ਗੁਣ ਨਾਲ ਸਾਨੂੰ ਸੱਦਿਆ ਹੈ l

ਤਾਂ ਪ੍ਰਭੂ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ!

ਹੇ ਪਿਆਰਿਓ, ਇੱਕ ਇਹ ਗੱਲ ਤੁਹਾਡੇ ਤੋਂ ਗੁੱਝੀ ਨਾ ਰਹੇ ਜੋ ਪ੍ਰਭੂ ਦੇ ਅੱਗੇ ਇੱਕ ਦਿਨ ਹਜ਼ਾਰ ਸਾਲ ਜਿਹਾ ਹੈ ਅਤੇ ਹਜ਼ਾਰ ਸਾਲ ਇੱਕ ਦਿਨ ਜਿਹਾ ਹੈ। ਪ੍ਰਭੂ ਆਪਣੇ ਵਾਅਦੇ ਪੂਰੇ ਕਰਨ ਵਿੱਚ ਢਿੱਲਾ ਨਹੀਂ ਹੈ ਜਿਵੇਂ ਬਹੁਤ ਉਸ ਦੇ ਢਿੱਲੇ ਹੋਣ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਜੋ ਕਿਸੇ ਦਾ ਨਾਸ ਹੋਵੇ ਸਗੋਂ ਸਾਰੇ ਤੋਬਾ ਕਰਨ।

ਹੇ ਬੱਚਿਓ, ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ।

ਅਤੇ ਅਸੀਂ ਪਰਮੇਸ਼ੁਰ ਦੇ ਉਸ ਪਿਆਰ ਨੂੰ ਜੋ ਉਸ ਨੇ ਕੀਤਾ ਹੈ, ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਕੀਤਾ ਹੈ। ਪਰਮੇਸ਼ੁਰ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ। ਪਿਆਰ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ। ਪਿਆਰ ਵਿੱਚ ਡਰ ਨਹੀਂ ਸਗੋਂ ਸਿੱਧ ਪਿਆਰ ਡਰ ਨੂੰ ਹਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਸਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਪਿਆਰ ਵਿੱਚ ਸੰਪੂਰਨ ਨਹੀਂ ਹੋਇਆ ਹੈ।

ਕਿਉਂ ਜੋ ਹਰੇਕ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਉਹ ਸੰਸਾਰ ਉੱਤੇ ਜਿੱਤ ਪਾਉਂਦਾ ਹੈ ਅਤੇ ਜਿੱਤ ਇਹ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ। ਅਤੇ ਕੌਣ ਹੈ ਉਹ ਜਿਹੜਾ ਸੰਸਾਰ ਉੱਤੇ ਜਿੱਤ ਪਾਉਂਦਾ ਹੈ, ਪਰ ਉਹ ਜਿਸ ਨੂੰ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ?

ਅਤੇ ਉਹ ਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਕਿ ਜੇ ਅਸੀਂ ਉਹ ਦੀ ਮਰਜ਼ੀ ਦੇ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। ਅਤੇ ਜੇ ਅਸੀਂ ਜਾਣਦੇ ਹਾਂ ਕਿ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ, ਤਾਂ ਇਹ ਵੀ ਜਾਣਦੇ ਹਾਂ ਕਿ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸੀਂ ਉਸ ਤੋਂ ਮੰਗੀਆਂ ਹਨ, ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ।

ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਿਵੇਂ ਤੇਰੀ ਜਾਨ ਸੁੱਖ-ਸਾਂਦ ਨਾਲ ਹੈ, ਤਿਵੇਂ ਤੂੰ ਸਭਨੀਂ ਗੱਲੀਂ ਸੁੱਖ-ਸਾਂਦ ਨਾਲ ਅਤੇ ਤੰਦਰੁਸਤ ਰਹੇਂ।

ਅਤੇ ਜਿਉਂਦਾ ਹਾਂ। ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ।

ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਖਾਣ ਲਈ ਦਿਆਂਗਾ, ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ।

ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹੜਾ ਪਹਿਲਾ ਅਤੇ ਆਖਰੀ ਹੈ, ਜਿਹੜਾ ਮਰਿਆ ਅਤੇ ਫੇਰ ਜਿਉਂਦਾ ਹੋ ਗਿਆ, ਉਹ ਇਹ ਆਖਦਾ ਹੈ ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਨੂੰ ਧਨਵਾਨ ਹੈਂ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਯਹੂਦੀ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ। ਜਿਹੜੇ ਦੁੱਖ ਤੂੰ ਸਹਿਣ ਕਰਨੇ ਹਨ, ਤੂੰ ਉਹਨਾਂ ਤੋਂ ਨਾ ਡਰੀਂ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੂੰ ਕੈਦ ਵਿੱਚ ਪਾ ਦੇਵੇਗਾ ਅਤੇ ਤੁਹਾਨੂੰ ਦਸ ਦਿਨ ਤੱਕ ਤਸੀਹੇ ਦਿੱਤੇ ਜਾਣਗੇ। ਤੂੰ ਮੌਤ ਤੱਕ ਵਫ਼ਾਦਾਰ ਰਹਿ, ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।

ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਦੂਜੀ ਮੌਤ ਉਸ ਦਾ ਕੁਝ ਵੀ ਵਿਗਾੜ ਨਹੀਂ ਸਕੇਗੀ।

ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਗੁਪਤ ਮੰਨੇ ਵਿੱਚੋਂ ਦਿਆਂਗਾ ਅਤੇ ਮੈਂ ਉਹ ਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਮ ਲਿਖਿਆ ਹੋਇਆ ਹੈ, ਜਿਸ ਨੂੰ ਉਹ ਦੇ ਪ੍ਰਾਪਤ ਕਰਨ ਵਾਲੇ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ ਹੈ।

ਜਿਹੜਾ ਜਿੱਤਣ ਵਾਲਾ ਹੈ ਅਤੇ ਅੰਤ ਤੱਕ ਮੇਰੇ ਕੰਮਾਂ ਨੂੰ ਕਰਦਾ ਰਹਿੰਦਾ ਹੈ, ਉਹ ਨੂੰ ਮੈਂ ਕੌਮਾਂ ਉੱਤੇ ਅਧਿਕਾਰ ਦੇਵਾਂਗਾ। ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਕਨਾ-ਚੂਰ ਕਰ ਦਿੰਦਾ ਹੈ। ਜਿਸ ਤਰ੍ਹਾਂ ਮੈਂ ਵੀ ਆਪਣੇ ਪਿਤਾ ਕੋਲੋਂ ਅਧਿਕਾਰ ਪਾਇਆ ਹੈ। ਅਤੇ ਮੈਂ ਉਹ ਨੂੰ ਸਵੇਰ ਦਾ ਤਾਰਾ ਦੇਵਾਂਗਾ। ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।

ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਇਸੇ ਪ੍ਰਕਾਰ ਚਿੱਟੇ ਬਸਤਰ ਪਹਿਨਾਏ ਜਾਣਗੇ ਅਤੇ ਮੈਂ ਉਹ ਦਾ ਨਾਮ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮਿਟਾਵਾਂਗਾ ਸਗੋਂ ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਅੱਗੇ ਉਹ ਦੇ ਨਾਮ ਦਾ ਇਕਰਾਰ ਕਰਾਂਗਾ। ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।

ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ, ਆਪਣੇ ਪਰਮੇਸ਼ੁਰ ਦੀ ਨਗਰੀ ਨਵਾਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ। ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।

ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ ਉੱਤੇ ਬੈਠਾ। ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।

ਫੇਰ ਮੈਂ ਉਹ ਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਤਾਂ ਉਸ ਨੇ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ। ਇਸ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ-ਦਿਨ ਉਹ ਦੀ ਬੰਦਗੀ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ। ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ, ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਉਹਨਾਂ ਦਾ ਅਯਾਲੀ ਹੋਵੇਗਾ, ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝੇਗਾ।

ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਸਮਝਿਆ।

ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ। ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੈ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ।

ਨਾਲੇ ਨਬੀਆਂ, ਸੰਤਾਂ ਅਤੇ ਉਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਮਾਰੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ!

ਮੈਂ ਸਿੰਘਾਸਣ ਵੇਖੇ ਅਤੇ ਉਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੀ ਆਤਮਾਵਾਂ ਨੂੰ ਵੇਖਿਆ, ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਵੱਢੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲੁਆਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਦੇ ਨਾਲ ਰਾਜ ਕਰਦੇ ਰਹੇ।

ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ, ਅਤੇ ਉਸ ਨੇ ਆਖਿਆ, ਲਿਖ, ਕਿਉਂ ਜੋ ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ। ਅਤੇ ਉਸ ਨੇ ਮੈਨੂੰ ਆਖਿਆ, ਹੋ ਗਿਆ ਹੈ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ, ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ।

Punjabi - ਪੰਜਾਬੀ - PA

PAIRV'19 - Panjabi Indian Revised Version - 2019

This Bible text is from Panjabi Eastern Indian Revised Version IRV 2019
https://open.bible/bibles/panjabi_eastern-bridge-text-bible/
provided by: Bridge Connectivity Solutions Pvt Ltd, available by Creative Commons CC-BY-SA-4.0,
and this new compilation is shared as www.creativecommons.org/licenses/by-sa/4.0.
Languages are made available to you by www.ipedge.net