30 – ਰੈਪਚਰ
ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਰੈਪਚਰ.
ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਰੈਪਚਰ.
ਉਨ੍ਹਾਂ ਦਿਨਾਂ ਦੇ ਕਸ਼ਟ ਤੋਂ ਬਾਅਦ ਸੂਰਜ ਝੱਟ ਹਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ। ਅਤੇ ਉਹ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਚਾਰੇ ਪਾਸਿਓਂ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੱਕ ਉਹ ਦੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰਨਗੇ।
”ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ, ਬੱਦਲਾਂ ਉੱਤੇ ਅਚਾਨਕ ਉੱਠਾਏ ਜਾਂਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ।
”ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਬਾਰੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ। ਜੋ ਤੁਸੀਂ ਕਿਸੇ ਆਤਮਾ, ਬਚਨ ਜਾਂ ਸਾਡੇ ਨਾਮ ਦੀ ਨਕਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਬਰਾਓ ਜੋ ਸਮਝੋ ਕਿ ਪ੍ਰਭੂ ਦਾ ਦਿਨ ਆਉਣ ਵਾਲਾ ਹੈ! ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਿੰਨਾਂ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪਰਗਟ ਨਾ ਹੋ ਜਾਵੇ। ਜੋ ਮਸੀਹ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੱਕ ਕਿ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਵਾਂਗੂੰ ਵਿਖਾਉਂਦਾ ਹੈ।
”ਮੈਂ ਤੇਰੇ ਅਤੇ ਇਸਤਰੀ ਵਿੱਚ, ਤੇਰੀ ਸੰਤਾਨ ਤੇ ਇਸਤਰੀ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਂਗਾ ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।
”ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ, ਅਤੇ ਆਪਣੀ ਇਸ ਚਮੜੀ ਦੇ ਨਾਸ ਹੋਣ ਦੇ ਬਾਅਦ ਵੀ ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ੁਰ ਦਾ ਦਰਸ਼ਣ ਪਾਵਾਂਗਾ। ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗਾ, ਮੈਂ ਆਪ - ਕੋਈ ਹੋਰ ਨਹੀਂ। ਮੇਰਾ ਦਿਲ ਮੇਰੇ ਅੰਦਰ ਕਿਵੇਂ ਇਸ ਗੱਲ ਨੂੰ ਲੋਚਦਾ ਹੈ!
”ਆਖਰੀ ਦਿਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਰਬਤਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਧਾਰ ਵਾਂਗੂੰ ਉਸ ਦੇ ਵੱਲ ਵਗਣਗੀਆਂ। ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਤਾਂ ਜੋ ਉਹ ਸਾਨੂੰ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਰਾਹਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ। ਉਹ ਕੌਮਾਂ ਵਿੱਚ ਨਿਆਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫ਼ਾਲ ਅਤੇ ਆਪਣੇ ਬਰਛਿਆਂ ਨੂੰ ਦਾਤੀਆਂ ਬਣਾਉਣਗੇ। ਕੌਮ-ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।
”ਯਹੋਵਾਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ! ਕਿਉਂਕਿ ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ, ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ। ਇਸ ਲਈ ਕਿ ਸੈਨਾਂ ਦੇ ਯਹੋਵਾਹ ਦਾ ਇੱਕ ਦਿਨ ਹੈ, ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ, ਅਤੇ ਹਰੇਕ ਹੰਕਾਰੀ ਦੇ ਵਿਰੁੱਧ ਹੈ, ਅਤੇ ਉਹ ਨੀਵੇਂ ਕੀਤੇ ਜਾਣਗੇ, ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ, ਸਾਰੇ ਉੱਚੇ ਪਹਾੜਾਂ ਦੇ ਵਿਰੁੱਧ, ਅਤੇ ਸਾਰੇ ਉੱਚੇ ਟਿੱਬਿਆਂ ਦੇ ਵਿਰੁੱਧ, ਹਰੇਕ ਉੱਚੇ ਬੁਰਜ ਦੇ ਵਿਰੁੱਧ, ਅਤੇ ਹਰੇਕ ਮਜ਼ਬੂਤ ਸ਼ਹਿਰਪਨਾਹ ਦੇ ਵਿਰੁੱਧ, ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ, ਅਤੇ ਸਾਰੇ ਮਨਭਾਉਂਦੇ ਜਹਾਜ਼ਾਂ ਦੇ ਵਿਰੁੱਧ ਉਹ ਦਿਨ ਆਉਂਦਾ ਹੈ। ਆਦਮੀ ਦਾ ਗਰੂਰ ਨਿਵਾਇਆ ਜਾਵੇਗਾ, ਮਨੁੱਖ ਦਾ ਹੰਕਾਰ ਨੀਵਾਂ ਕੀਤਾ ਜਾਵੇਗਾ, ਅਤੇ ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ, ਅਤੇ ਬੁੱਤ ਪੂਰੀ ਤਰ੍ਹਾਂ ਹੀ ਮਿਟ ਜਾਣਗੇ। ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ। ਉਸ ਦਿਨ ਲੋਕ ਆਪਣੇ ਚਾਂਦੀ ਅਤੇ ਸੋਨੇ ਦੇ ਬੁੱਤਾਂ ਨੂੰ, ਜਿਹੜੇ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਨੂੰ ਬਣਾਏ, ਚਕਚੂੰਧਰਾਂ ਅਤੇ ਚਮਗਾਦੜਾਂ ਦੇ ਅੱਗੇ ਸੁੱਟ ਦੇਣਗੇ। ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਉਹ ਚੱਟਾਨ ਦਿਆਂ ਛੇਕਾਂ ਵਿੱਚ, ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਜਾ ਵੜਨਗੇ।
”ਇਹ ਤਦ ਹੋਵੇਗਾ ਜਦ ਪ੍ਰਭੂ ਨਿਆਂ ਦੇ ਆਤਮਾ ਅਤੇ ਭਸਮ ਕਰਨ ਵਾਲੇ ਆਤਮਾ ਨਾਲ ਸੀਯੋਨ ਦੀਆਂ ਧੀਆਂ ਦਾ ਮੈਲ ਧੋ ਸੁੱਟੇਗਾ ਅਤੇ ਯਰੂਸ਼ਲਮ ਦਾ ਲਹੂ ਉਹ ਦੇ ਵਿੱਚੋਂ ਸਾਫ਼ ਕਰ ਚੁੱਕਿਆ ਹੋਵੇਗਾ। ਤਾਂ ਯਹੋਵਾਹ ਸੀਯੋਨ ਪਰਬਤ ਦੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਧੂੰਏਂ ਦਾ ਬੱਦਲ ਅਤੇ ਰਾਤ ਨੂੰ ਬਲਦੀ ਅੱਗ ਦਾ ਪ੍ਰਕਾਸ਼ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਵਾਂਗੂੰ ਹੋਵੇਗੀ।
”ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜਕੁਮਾਰ।” ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਊਦ ਦੀ ਰਾਜ ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ। ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।
”ਤੁਸੀਂ ਧਾਹਾਂ ਮਾਰੋ ਕਿਉਂ ਜੋ ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆਵੇਗਾ। ਇਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ, ਅਤੇ ਹਰ ਮਨੁੱਖ ਦਾ ਦਿਲ ਡਰ ਨਾਲ ਢੱਲ਼ ਜਾਵੇਗਾ। ਉਹ ਘਬਰਾ ਜਾਣਗੇ, ਪੀੜਾਂ ਅਤੇ ਕਸ਼ਟ ਉਨ੍ਹਾਂ ਨੂੰ ਫੜ੍ਹ ਲੈਣਗੇ, ਉਹ ਜਣਨ ਵਾਲੀ ਔਰਤ ਵਾਂਗੂੰ ਪੀੜ ਵਿੱਚ ਹੋਣਗੇ, ਉਹ ਹੱਕੇ-ਬੱਕੇ ਹੋ ਕੇ ਇੱਕ ਦੂਜੇ ਵੱਲ ਤੱਕਣਗੇ, ਉਨ੍ਹਾਂ ਦੇ ਮੂੰਹ ਭੱਖਦੇ ਹੋਣਗੇ। ਵੇਖੋ, ਯਹੋਵਾਹ ਦਾ ਦਿਨ, ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ ਆਉਂਦਾ ਹੈ, ਤਾਂ ਜੋ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ। ਅਕਾਸ਼ ਦੇ ਤਾਰੇ ਅਤੇ ਉਹ ਦੇ ਤਾਰਾਗਣ ਆਪਣਾ ਚਾਨਣ ਨਾ ਦੇਣਗੇ, ਸੂਰਜ ਚੜ੍ਹਦਿਆਂ ਸਾਰ ਹਨ੍ਹੇਰਾ ਹੋ ਜਾਵੇਗਾ, ਅਤੇ ਚੰਦਰਮਾ ਆਪਣਾ ਪ੍ਰਕਾਸ਼ ਨਾ ਦੇਵੇਗਾ। ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵਾਂਗਾ, ਅਤੇ ਬੇਰਹਿਮਾਂ ਦੇ ਘਮੰਡ ਨੂੰ ਤੋੜ ਦਿਆਂਗਾ। ਮੈਂ ਲੋਕਾਂ ਨੂੰ ਕੁੰਦਨ ਸੋਨੇ ਨਾਲੋਂ, ਅਤੇ ਮਨੁੱਖ ਨੂੰ ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ। ਇਸ ਲਈ ਮੈਂ ਅਕਾਸ਼ ਨੂੰ ਕਾਂਬਾ ਲਵਾਂਗਾ, ਅਤੇ ਧਰਤੀ ਆਪਣੇ ਥਾਂ ਤੋਂ ਹਿਲਾਈ ਜਾਵੇਗੀ, ਇਹ ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ, ਅਤੇ ਉਸ ਦੇ ਤੇਜ ਗੁੱਸੇ ਦੇ ਦਿਨ ਹੋਵੇਗਾ।
”ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ, ਅਤੇ ਪ੍ਰਭੂ ਯਹੋਵਾਹ ਸਾਰੀਆਂ ਅੱਖਾਂ ਤੋਂ ਹੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾਹ ਦਾ ਵਾਕ ਹੈ।
”ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਕ੍ਰੋਧਵਾਨ ਹੋਇਆ ਹੈ, ਉਹ ਦਾ ਕ੍ਰੋਧ ਉਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭੜਕਿਆ ਹੋਇਆ ਹੈ, ਉਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਸ ਹੋਣ ਲਈ ਅਤੇ ਵੱਢੇ ਜਾਣ ਲਈ ਦੇ ਦਿੱਤਾ ਹੈ। ਉਹਨਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ, ਉਹਨਾਂ ਦੀਆਂ ਲੋਥਾਂ ਤੋਂ ਸੜਿਆਂਧ ਉੱਠੇਗੀ, ਅਤੇ ਪਰਬਤ ਉਹਨਾਂ ਦੇ ਲਹੂ ਨਾਲ ਡੁੱਬ ਜਾਣਗੇ। ਅਕਾਸ਼ ਦੇ ਸਾਰੇ ਮੰਡਲ ਖ਼ਤਮ ਹੋ ਜਾਣਗੇ ਅਤੇ ਅਕਾਸ਼ ਪੱਤ੍ਰੀ ਵਾਂਗੂੰ ਲਪੇਟਿਆ ਜਾਵੇਗਾ, ਤਾਰਿਆਂ ਦੀ ਸਾਰੀ ਸੈਨਾਂ ਝੜ ਜਾਵੇਗੀ, ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜ਼ੀਰ ਤੋਂ ਝੜ ਜਾਂਦੇ ਹਨ। ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੇ ਅਤੇ ਮੇਰੀ ਬਰਬਾਦ ਕੀਤੀ ਹੋਈ ਕੌਮ ਉੱਤੇ ਨਿਆਂ ਲਈ ਜਾ ਪਵੇਗੀ। ਯਹੋਵਾਹ ਦੀ ਤਲਵਾਰ ਲਹੂ ਨਾਲ ਲਿੱਬੜੀ ਹੋਈ ਹੈ, ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ, ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ, ਕਿਉਂ ਜੋ ਯਹੋਵਾਹ ਲਈ ਬਾਸਰਾਹ ਵਿੱਚ ਬਲੀ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ। ਜੰਗਲੀ ਸਾਨ੍ਹ, ਵੱਛੇ ਅਤੇ ਬਲ਼ਦ ਮਾਰੇ ਜਾਣਗੇ, ਉਹਨਾਂ ਦਾ ਦੇਸ ਲਹੂ ਨਾਲ ਤਰ ਹੋ ਜਾਵੇਗਾ, ਅਤੇ ਉਹਨਾਂ ਦੀ ਧੂੜ ਚਰਬੀ ਨਾਲ ਚਿਕਣੀ ਹੋ ਜਾਵੇਗੀ। ਯਹੋਵਾਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ। ਉਹ ਦੀਆਂ ਨਦੀਆਂ ਰਾਲ ਬਣ ਜਾਣਗੀਆਂ, ਉਹ ਦੀ ਖ਼ਾਕ, ਗੰਧਕ, ਅਤੇ ਉਹ ਦੀ ਧਰਤੀ ਬਲਦੀ ਹੋਈ ਰਾਲ ਹੋ ਜਾਵੇਗੀ। ਦਿਨ ਰਾਤ ਉਹ ਬੁਝੇਗੀ ਨਹੀਂ, ਉਹ ਦਾ ਧੂੰਆਂ ਸਦਾ ਉੱਠਦਾ ਰਹੇਗਾ, ਪੀੜ੍ਹੀਓਂ ਪੀੜ੍ਹੀ ਉਹ ਵਿਰਾਨ ਰਹੇਗੀ, ਅਤੇ ਸਦਾ ਲਈ ਕਦੇ ਵੀ ਉਹ ਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ।
”ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ! ਕਿਉਂ ਜੋ ਮੈਂ ਹੀ ਪਰਮੇਸ਼ੁਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ। ਮੈਂ ਆਪਣੀ ਹੀ ਸਹੁੰ ਖਾਧੀ ਹੈ, ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ, ਅਤੇ ਉਹ ਮੁੜੇਗਾ ਨਹੀਂ, ਹਰੇਕ ਗੋਡਾ ਮੇਰੇ ਅੱਗੇ ਨਿਵੇਗਾ, ਹਰ ਇੱਕ ਜ਼ੁਬਾਨ ਮੇਰੀ ਸਹੁੰ ਖਾਵੇਗੀ।
”ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।
”ਤੇਰੇ ਰਾਖਿਆਂ ਦੀ ਅਵਾਜ਼ ਸੁਣ! ਉਹ ਅਵਾਜ਼ ਚੁੱਕਦੇ, ਇਕੱਠੇ ਉਹ ਜੈਕਾਰੇ ਗਜਾਉਂਦੇ ਹਨ, ਉਹ ਆਪਣੀਆਂ ਅੱਖਾਂ ਨਾਲ ਵੇਖਣਗੇ ਜਦ ਯਹੋਵਾਹ ਸੀਯੋਨ ਨੂੰ ਮੁੜੇਗਾ।
”ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਯਾਦ ਨਾ ਰਹਿਣਗੀਆਂ, ਸਗੋਂ ਸੋਚ-ਵਿਚਾਰਾਂ ਵਿੱਚ ਵੀ ਨਾ ਚੜ੍ਹਨਗੀਆਂ।
”ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਉਸੇ ਤਰ੍ਹਾਂ ਹੀ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹੇਗਾ, ਯਹੋਵਾਹ ਦਾ ਵਾਕ ਹੈ।
”ਹਾਏ! ਉਹ ਦਿਨ ਐਡਾ ਵੱਡਾ ਹੈ, ਕਿ ਉਹ ਦੇ ਜਿਹਾ ਹੋਰ ਹੈ ਨਹੀਂ! ਇਹ ਯਾਕੂਬ ਦੇ ਦੁੱਖ ਦਾ ਵੇਲਾ ਹੈ, ਤਾਂ ਵੀ ਉਹ ਇਸ ਵਿੱਚੋਂ ਬਚ ਜਾਵੇਗਾ।
”ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ। ਜਿਵੇਂ ਆਜੜੀ ਆਪਣੇ ਇੱਜੜ ਨੂੰ ਲੱਭਦਾ ਹੈ, ਜਿਸ ਦਿਨ ਕਿ ਉਹ ਆਪਣੇ ਇੱਜੜ ਦੇ ਵਿੱਚ ਹੋਵੇ ਅਤੇ ਉਹ ਦੀਆਂ ਭੇਡਾਂ ਖਿੱਲਰ ਗਈਆਂ ਹੋਣ। ਓਵੇਂ ਹੀ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਨੂੰ ਹਰ ਥਾਂ ਤੋਂ ਜਿੱਥੇ ਉਹ ਬੱਦਲ ਅਤੇ ਹਨੇਰੇ ਦੇ ਦਿਨ ਖਿੱਲਰ ਗਈਆਂ ਸਨ, ਛੁਡਾ ਲਿਆਵਾਂਗਾ। ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਮੋੜ ਲਿਆਵਾਂਗਾ ਅਤੇ ਸਾਰੇ ਦੇਸ ਵਿੱਚੋਂ ਇਕੱਠਾ ਕਰਾਂਗਾ। ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਹਾੜਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਸਥਾਨਾਂ ਵਿੱਚ ਚਾਰਾਂਗਾ।
”ਇਸ ਲਈ ਤੂੰ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮੇਰੇ ਲੋਕੋ, ਵੇਖੋ! ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਸਰਾਏਲ ਦੀ ਭੂਮੀ ਵਿੱਚ ਲਿਆਵਾਂਗਾ। ਹੇ ਮੇਰੇ ਲੋਕੋ, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
”ਪਰ ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਸ ਨੇ ਨਬੂਕਦਨੱਸਰ ਰਾਜੇ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ। ਤੁਹਾਡਾ ਸੁਫ਼ਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਪਲੰਘ ਉੱਤੇ ਵੇਖੇ ਇਹ ਹਨ।
”ਹੇ ਰਾਜਾ, ਜਦ ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ ਇੱਕ ਵੱਡੀ ਮੂਰਤੀ ਦਿਖਾਈ ਦਿੱਤੀ। ਉਹ ਮੂਰਤੀ ਜੋ ਤੁਹਾਡੇ ਸਾਹਮਣੇ ਖੜ੍ਹੀ ਸੀ ਉਹ ਬਲਵੰਤ ਸੀ ਜਿਹ ਦੀ ਚਮਕ ਅੱਤ ਉੱਤਮ ਸੀ ਅਤੇ ਉਹ ਦਾ ਰੂਪ ਭਿਆਨਕ ਸੀ। ਉਸ ਮੂਰਤੀ ਦਾ ਸਿਰ ਖ਼ਾਲਸ ਸੋਨੇ ਦਾ ਸੀ, ਉਹ ਦੀ ਛਾਤੀ ਤੇ ਉਹ ਦੀਆਂ ਬਾਂਹਾਂ ਚਾਂਦੀ ਦੀਆਂ, ਉਹ ਦਾ ਢਿੱਡ ਤੇ ਉਹ ਦੇ ਪੱਟ ਪਿੱਤਲ ਦੇ, ਉਹ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ। ਤੁਸੀਂ ਉਹ ਨੂੰ ਵੇਖਦੇ ਰਹੇ ਇਥੋਂ ਤੱਕ ਜੋ ਇੱਕ ਪੱਥਰ ਬਿਨ੍ਹਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ-ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਰਬਤ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।
”ਸੁਫ਼ਨਾ ਇਹੀ ਹੈ ਅਤੇ ਅਸੀਂ ਉਸ ਦਾ ਅਰਥ ਰਾਜੇ ਨੂੰ ਦੱਸਦੇ ਹਾਂ। ਹੇ ਰਾਜਾ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ ਜਿਹ ਨੂੰ ਅਕਾਸ਼ ਦੇ ਪਰਮੇਸ਼ੁਰ ਨੇ ਰਾਜ, ਸ਼ਕਤੀ, ਬਲ ਤੇ ਪਰਤਾਪ ਦਿੱਤਾ ਹੈ। ਜਿੱਥੇ ਕਿਤੇ ਮਨੁੱਖ ਦੀ ਵੰਸ਼ ਵੱਸਦੀ ਹੈ ਉਸ ਨੇ ਖੇਤ ਦੇ ਜਾਨਵਰ ਅਤੇ ਅਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰ ਕੇ ਤੁਹਾਨੂੰ ਉਨਾਂ ਸਭਨਾਂ ਦਾ ਅਧਿਕਾਰੀ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ। ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ ਅਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ
”ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਹਾਂ, ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ। ਤੁਸੀਂ ਜੋ ਮੂਰਤੀ ਦੇ ਪੈਰ ਤੇ ਉਂਗਲੀਆਂ ਨੂੰ ਦੇਖਿਆ ਜੋ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਕੁਝ ਲੋਹੇ ਦੀਆਂ ਸਨ, ਇਸ ਲਈ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਪਰ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਜਿਵੇਂ ਤੁਸੀਂ ਘੁਮਿਆਰ ਦੀ ਮਿੱਟੀ ਦੇ ਨਾਲ ਲੋਹਾ ਵੀ ਮਿਲਿਆ ਹੋਇਆ ਦੇਖਿਆ ਸੀ। ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ ਉਸੇ ਤਰ੍ਹਾਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ। ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ।
”ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਾ ਖ਼ਤਮ ਹੋਵੇਗਾ, ਅਤੇ ਉਸ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਸੱਤਿਆਨਾਸ ਕਰੇਗਾ ਪਰ ਆਪ ਸਦਾ ਤੱਕ ਕਾਇਮ ਰਹੇਗਾ। ਜਿਵੇਂ ਤੁਸੀਂ ਵੇਖਿਆ ਜੋ ਉਹ ਪੱਥਰ ਬਿਨ੍ਹਾਂ ਹੱਥ ਲਾਏ ਪਰਬਤ ਵਿੱਚੋਂ ਵੱਢ ਕੇ ਕੱਢਿਆ ਗਿਆ ਅਤੇ ਉਹ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ-ਚੂਰ ਕੀਤਾ, ਉਸੇ ਤਰ੍ਹਾਂ ਮਹਾਨ ਪਰਮੇਸ਼ੁਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਇਸ ਤੋਂ ਮਗਰੋਂ ਕੀ ਕੁਝ ਹੋਣ ਵਾਲਾ ਹੈ, ਇਹ ਸੁਫ਼ਨਾ ਪੱਕਾ ਹੈ ਤੇ ਉਹ ਦਾ ਅਰਥ ਵੀ ਯਕੀਨਨ ਹੈ।
”ਦਾਨੀਏਲ ਨੇ ਆਖਿਆ ਕਿ ਰਾਤ ਨੂੰ ਮੈਂ ਇੱਕ ਦਰਸ਼ਣ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਅਕਾਸ਼ ਦੀਆਂ ਚਾਰੇ ਪੌਣਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗੀਆਂ ਅਤੇ ਸਮੁੰਦਰ ਵਿੱਚੋਂ ਚਾਰ ਵੱਡੇ-ਵੱਡੇ ਦਰਿੰਦੇ ਨਿੱਕਲੇ, ਜੋ ਇੱਕ ਦੂਜੇ ਨਾਲੋਂ ਵੱਖੋ-ਵੱਖ ਸਨ l ਪਹਿਲਾ ਸ਼ੇਰ ਬੱਬਰ ਵਰਗਾ ਸੀ ਅਤੇ ਉਕਾਬ ਜਿਹੇ ਖੰਭਾਂ ਵਾਲਾ ਸੀ ਅਤੇ ਮੈਂ ਵੇਖਦਾ ਰਿਹਾ ਜਦੋਂ ਤੱਕ ਉਹ ਦੇ ਖੰਭ ਨਾ ਪੁੱਟੇ ਗਏ ਅਤੇ ਉਹ ਧਰਤੀ ਉੱਤੋਂ ਚੁੱਕਿਆ ਗਿਆ ਅਤੇ ਮਨੁੱਖ ਵਾਂਗੂੰ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ ਅਤੇ ਫਿਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ ਪਾਸੇ ਵੱਲ ਖੜਾ ਹੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦੇ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਅਤੇ ਢੇਰ ਸਾਰਾ ਮਾਸ ਖਾਹ! ਉਹ ਦੇ ਪਿਛੋਂ ਮੈਂ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਇੱਕ ਹੋਰ ਦਰਿੰਦਾ ਚੀਤੇ ਵਰਗਾ ਉੱਠਿਆ ਜਿਸ ਉੱਤੇ ਪੰਛੀ ਜਿਹੇ ਚਾਰ ਖੰਭ ਸਨ ਅਤੇ ਉਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਉਹ ਨੂੰ ਰਾਜ ਦਿੱਤਾ ਗਿਆ। ਇਹ ਦੇ ਪਿੱਛੋਂ ਮੈਂ ਰਾਤ ਨੂੰ ਦਰਸ਼ਣ ਵਿੱਚ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਚੌਥਾ ਦਰਿੰਦਾ ਭਿਆਨਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ ਅਤੇ ਉਹ ਦੇ ਦੰਦ ਲੋਹੇ ਦੇ ਸਨ ਅਤੇ ਵੱਡੇ-ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ-ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਹਨਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਦੇ ਪਹਿਲਾਂ ਸਨ ਵੱਖਰਾ ਸੀ, ਅਤੇ ਉਹ ਦੇ ਦਸ ਸਿੰਙ ਸਨ। ਮੈਂ ਉਹਨਾਂ ਸਿੰਗਾਂ ਨੂੰ ਧਿਆਨ ਲਾ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁੱਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਙ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ-ਵੱਡੀਆਂ ਗੱਲਾਂ ਬੋਲ ਰਿਹਾ ਸੀ।
”ਮੈਂ ਐਥੋਂ ਤੱਕ ਵੇਖਦਾ ਰਿਹਾ ਕਿ, ਸਿੰਘਾਸਣ ਰੱਖੇ ਗਏ, ਅਤੇ ਅੱਤ ਪ੍ਰਾਚੀਨ ਬੈਠ ਗਿਆ। ਉਹ ਦਾ ਬਸਤਰ ਬਰਫ਼ ਵਰਗਾ ਚਿੱਟਾ ਸੀ, ਅਤੇ ਉਹ ਦੇ ਸਿਰ ਦੇ ਵਾਲ਼ ਉੱਨ ਵਾਂਗਰ ਸੁਥਰੇ, ਉਹ ਦਾ ਸਿੰਘਾਸਣ ਅੱਗ ਦੀ ਲਾਟ ਵਰਗਾ ਸੀ, ਅਤੇ ਉਹ ਦੇ ਪਹੀਏ ਬਲਦੀ ਅੱਗ ਵਰਗੇ ਸਨ। ਇੱਕ ਅੱਗ ਵਾਲੀ ਨਦੀ ਨਿੱਕਲੀ, ਜੋ ਉਹ ਦੇ ਅੱਗੋਂ ਦੀ ਵਗਦੀ ਸੀ। ਹਜ਼ਾਰਾਂ ਹੀ ਹਜ਼ਾਰ ਉਹ ਦੀ ਸੇਵਾ ਕਰਦੇ ਸਨ, ਅਤੇ ਲੱਖਾਂ ਉਹ ਦੇ ਸਾਹਮਣੇ ਖੜੇ ਸਨ! ਨਿਆਂ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ।
”ਮੈਂ ਉਸ ਵੇਲੇ ਉਸ ਸਿੰਙ ਦੀ ਅਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ, ਹਾਂ, ਮੈਂ ਐਥੋਂ ਤੱਕ ਵੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਅਤੇ ਉਹ ਦਾ ਸਰੀਰ ਨਾਸ ਹੋ ਗਿਆ ਅਤੇ ਬਲਦੇ ਭਾਂਬੜ ਵਿੱਚ ਸੁੱਟਿਆ ਗਿਆ। ਬਾਕੀ ਦਰਿੰਦਿਆਂ ਦਾ ਰਾਜ ਵੀ ਉਹਨਾਂ ਤੋਂ ਲਿਆ ਗਿਆ ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋੜੀਂ ਉਹਨਾਂ ਨੂੰ ਜਿੰਦ ਦਿੱਤੀ ਗਈ।
”ਮੈਂ ਰਾਤ ਦੇ ਇਸ ਦਰਸ਼ਣ ਵਿੱਚ ਦੇਖਿਆ ਅਤੇ ਵੇਖੋ, ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਅਕਾਸ਼ ਦੇ ਬੱਦਲਾਂ ਸਣੇ ਆਇਆ, ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਸ ਨੂੰ ਉਹ ਦੇ ਅੱਗੇ ਲਿਆਏ। ਪਾਤਸ਼ਾਹੀ ਅਤੇ ਪਰਤਾਪ ਅਤੇ ਰਾਜ ਉਹ ਨੂੰ ਦਿੱਤਾ ਗਿਆ, ਜੋ ਸੱਭੇ ਕੌਮਾਂ ਅਤੇ ਲੋਕ ਅਤੇ ਬੋਲੀਆਂ ਉਹ ਦੀ ਸੇਵਾ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।
”ਇਹ ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਉੱਤੇ ਉੱਠਣਗੇ। ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੱਕ, ਹਾਂ, ਜੁੱਗੋ-ਜੁੱਗ ਤੱਕ ਉਸ ਰਾਜ ਦੇ ਮਾਲਕ ਹੋਣਗੇ।
”ਤਦ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ ਜਿਹੜਾ ਉਹਨਾਂ ਸਭਨਾਂ ਨਾਲੋਂ ਵੱਖਰਾ ਸੀ, ਜੋ ਡਾਢਾ ਡਰਾਉਣਾ ਸੀ ਜਿਹ ਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ-ਟੋਟੇ ਕਰਦਾ ਅਤੇ ਆਪਣੇ ਪੈਰਾਂ ਹੇਠ ਲਿਤਾੜਦਾ ਸੀ। ਅਤੇ ਦਸਾਂ ਸਿੰਗਾਂ ਦੀ, ਜੋ ਉਹ ਦੇ ਸਿਰ ਉੱਤੇ ਸਨ ਅਤੇ ਉਸ ਇੱਕ ਦੀ ਜੋ ਨਿੱਕਲਿਆ ਅਤੇ ਜਿਹ ਦੇ ਅੱਗੇ ਤਿੰਨ ਡਿੱਗ ਪਏ ਸਨ, ਹਾਂ, ਉਸ ਸਿੰਙ ਦੀ ਜਿਹ ਦੀਆਂ ਅੱਖਾਂ ਸਨ ਅਤੇ ਇੱਕ ਮੂੰਹ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਅਤੇ ਉਸ ਦੇ ਸਾਥੀਆਂ ਨਾਲੋਂ ਵੱਧ ਡਰਾਉਣਾ ਸੀ। ਮੈਂ ਦੇਖਿਆ ਕਿ ਉਹੋ ਸਿੰਙ ਸੰਤਾਂ ਨਾਲ ਲੜਦਾ ਸੀ ਅਤੇ ਉਹਨਾਂ ਉੱਤੇ ਜਿੱਤ ਪਾ ਲੈਂਦਾ ਸੀ। ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਸੰਤਾਂ ਦਾ ਨਿਆਂ ਨਾ ਦਿੱਤਾ ਗਿਆ ਅਤੇ ਵੇਲਾ ਨਾ ਆ ਪਹੁੰਚਿਆ ਕਿ ਸੰਤ ਰਾਜ ਵਾਲੇ ਹੋਣ।
”ਉਹ ਇਉਂ ਬੋਲਿਆ ਕਿ ਚੌਥਾ ਦਰਿੰਦਾ ਚੌਥਾ ਰਾਜਾ ਹੈ ਜੋ ਧਰਤੀ ਵਿੱਚ ਹੋਵੇਗਾ। ਉਹ ਸਭਨਾਂ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਪ੍ਰਿਥਵੀ ਨੂੰ ਨਿਗਲ ਜਾਵੇਗਾ ਅਤੇ ਉਹ ਨੂੰ ਲਤਾੜੇਗਾ ਅਤੇ ਉਹ ਨੂੰ ਟੋਟੇ-ਟੋਟੇ ਕਰੇਗਾ। ਉਹ ਦਸ ਸਿੰਙ ਜੋ ਹਨ ਸੋ ਦਸ ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ ਅਤੇ ਉਹਨਾਂ ਦੇ ਪਿੱਛੋਂ ਇੱਕ ਹੋਰ ਉੱਠੇਗਾ ਅਤੇ ਉਹ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ। ਉਹ ਤਿੰਨਾਂ ਰਾਜਿਆਂ ਉੱਤੇ ਜਿੱਤ ਪਾ ਲਵੇਗਾ। ਉਹ ਅੱਤ ਮਹਾਨ ਪਰਮੇਸ਼ੁਰ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁੱਖ ਦੇਵੇਗਾ ਅਤੇ ਚਾਹੇਗਾ ਕਿ ਨਿਯੁਕਤ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇਂ ਅਤੇ ਅੱਧਾ ਸਮਾਂ ਲੰਘ ਜਾਵੇਗਾ ਤਕਰੀਬਨ ਸਾਢੇ ਤਿੰਨ ਸਾਲ। ਫਿਰ ਨਿਆਂ ਸਭਾ ਬੈਠੇਗੀ ਅਤੇ ਉਸ ਦਾ ਰਾਜ ਉਸ ਤੋਂ ਲੈ ਲਵੇਗੀ ਇਸ ਲਈ ਜੋ ਅਖ਼ੀਰ ਤੱਕ ਉਸ ਦਾ ਨਾਸ ਕਰ ਸੁੱਟਣ। ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸਾਂ ਦੇ ਰਾਜਾਂ ਦਾ ਪਰਤਾਪ ਅਤੇ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਪਰਮੇਸ਼ੁਰ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਉਹ ਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ।
”ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ, ਪੂਰਬ ਅਤੇ ਮਨਭਾਉਂਦੇ ਦੇਸ ਵੱਲ ਬਹੁਤ ਹੀ ਵੱਧ ਗਿਆ। ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾਂ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ। ਸਗੋਂ ਉਸ ਨੇ ਸੈਨਾਂ ਦੇ ਪ੍ਰਧਾਨ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਸਥਾਨ ਢਾਇਆ ਗਿਆ। ਸੋ ਉਹ ਸੈਨਾਂ ਸਦਾ ਦੀ ਹੋਮ ਦੀ ਭੇਂਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਿਆਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਸਫ਼ਲ ਹੁੰਦਾ ਰਿਹਾ। ਫਿਰ ਮੈਂ ਇੱਕ ਪਵਿੱਤਰ ਜਨ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਪਵਿੱਤਰ ਜਨ ਨੇ ਉਸ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਣ ਸਦਾ ਦੇ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਸਥਾਨ ਅਤੇ ਸੈਨਾਂ ਦੋਵੇਂ ਦਿੱਤੇ ਗਏ ਉਹਨਾਂ ਦਾ ਕੁਚਲਿਆ ਜਾਣਾ ਕਦੋਂ ਤੱਕ ਰਹੇ? ਉਸ ਨੇ ਮੈਨੂੰ ਆਖਿਆ ਕਿ ਦੋ ਹਜ਼ਾਰ ਤਿੰਨ ਸੌ ਸ਼ਾਮ ਅਤੇ ਸਵੇਰ ਤੱਕ ਹੈ ਫਿਰ ਪਵਿੱਤਰ ਸਥਾਨ ਸ਼ੁੱਧ ਕੀਤਾ ਜਾਵੇਗਾ।
”ਜਦ ਮੈਂ ਦਾਨੀਏਲ ਨੇ ਇਹ ਦਰਸ਼ਣ ਦੇਖਿਆ ਅਤੇ ਉਹ ਦਾ ਅਰਥ ਲੱਭਦਾ ਸੀ ਤਾਂ ਵੇਖੋ, ਮੇਰੇ ਸਾਹਮਣੇ ਕੋਈ ਖੜ੍ਹਾ ਸੀ ਜਿਸ ਦਾ ਰੂਪ ਮਨੁੱਖ ਜਿਹਾ ਸੀ। ਮੈਂ ਇੱਕ ਮਨੁੱਖ ਦੀ ਅਵਾਜ਼ ਸੁਣੀ ਜਿਸ ਨੇ ਉਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ ਕਿ ਹੇ ਜ਼ਿਬਰਾਏਲ, ਇਸ ਮਨੁੱਖ ਨੂੰ ਇਸ ਦਰਸ਼ਣ ਦਾ ਅਰਥ ਦੱਸ! ਫਿਰ ਜਿੱਥੇ ਮੈਂ ਖੜ੍ਹਾ ਸੀ ਉੱਥੇ ਉਹ ਨੇੜੇ ਆਇਆ ਅਤੇ ਉਸ ਦੇ ਆਉਂਦੇ ਹੀ ਮੈਂ ਡਰ ਗਿਆ ਅਤੇ ਮੂੰਹ ਦੇ ਬਲ ਡਿੱਗ ਪਿਆ ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਣ ਅੰਤ ਦੇ ਸਮੇਂ ਵਿੱਚ ਪੂਰਾ ਹੋਵੇਗਾ। ਜਦ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਦੇ ਬਲ ਵੱਡੀ ਨੀਂਦ ਵਿੱਚ ਧਰਤੀ ਉੱਤੇ ਪਿਆ ਸੀ ਤਾਂ ਉਹ ਨੇ ਮੈਨੂੰ ਛੂਹਿਆ ਅਤੇ ਸਿੱਧਾ ਕਰ ਕੇ ਖੜਾ ਕੀਤਾ। ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੈਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ।
”ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ। ਉਸ ਦੀ ਸਮਰੱਥਾ ਵੱਡੀ ਹੋਵੇਗੀ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ਼ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ। ਉਸ ਦੀ ਚਤਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ ਕਰੇਗਾ। ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ। ਉਹ ਸ਼ਾਮ ਅਤੇ ਸਵੇਰ ਦਾ ਦਰਸ਼ਣ ਜੋ ਤੂੰ ਦੇਖਿਆ ਅਤੇ ਸੁਣਿਆ ਹੈ ਸੋ ਸੱਚ ਹੈ, ਪਰ ਤੂੰ ਉਸ ਦਰਸ਼ਣ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਪੂਰਾ ਹੋਣ ਵਿੱਚ ਬਹੁਤ ਸਮਾਂ ਬਾਕੀ ਹੈ।
”ਸੱਤਰ ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਦੇ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪ੍ਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਤੇ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤਰ ਸਥਾਨ ਨੂੰ ਮਸਹ ਕਰੇ। ਇਸ ਲਈ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰੀ ਉਸਾਰਨ ਦੀ ਆਗਿਆ ਨਿੱਕਲੇਗੀ ਚੁਣੇ ਹੋਏ ਦੇ ਰਾਜ ਤੱਕ ਸੱਤਰ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਸ਼ਹਿਰਪਨਾਹ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ ਅਤੇ ਬਾਹਠਾਂ ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਵੇਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹ ਦੇ ਲੋਕ ਸ਼ਹਿਰ ਅਤੇ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹ ਦਾ ਛੇਕੜ ਹੋਵੇਗਾ ਅਤੇ ਅੰਤ ਤੱਕ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ। ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਦੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਤੇ ਠਹਿਰਾਏ ਹੋਏ ਅੰਤ ਤੱਕ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਵੇਗਾ।
”ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ, ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਪੂਰਾ ਹੋਣ ਵਿੱਚ ਬਹੁਤ ਸਾਰੇ ਦਿਨ ਬਾਕੀ ਹਨ।
”ਉਹਨਾਂ ਦੋਹਾਂ ਰਾਜਿਆਂ ਦੇ ਦਿਲ ਬੁਰੇ ਕੰਮਾਂ ਵੱਲ ਹੋਣਗੇ ਅਤੇ ਉਹ ਇੱਕੋ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ, ਪਰ ਉਹ ਫਲੇਗਾ ਨਾ ਕਿਉਂ ਜੋ ਅੰਤ ਠਹਿਰਾਏ ਹੋਏ ਵੇਲੇ ਸਿਰ ਹੋਵੇਗਾ। ਤਦ ਉਹ ਵੱਡੇ ਧੰਨ ਨਾਲ ਆਪਣੇ ਦੇਸ ਵਿੱਚ ਮੁੜ ਜਾਵੇਗਾ, ਉਸ ਦਾ ਮਨ ਪਵਿੱਤਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰ ਕੇ ਆਪਣੇ ਦੇਸ ਵਿੱਚ ਮੁੜੇਗਾ।
”ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ ਅਤੇ ਦੱਖਣ ਵੱਲ ਆਵੇਗਾ ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜਿਹੋ ਜਿਹਾ ਪਹਿਲਾਂ ਸੀ। ਕਿਉਂ ਜੋ ਕਿੱਤੀਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ ਸੋ ਉਹ ਉਦਾਸ ਹੋਵੇਗਾ ਅਤੇ ਮੁੜੇਗਾ ਅਤੇ ਪਵਿੱਤਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ ਅਤੇ ਉਸੇ ਦੇ ਅਨੁਸਾਰ ਉਹ ਕੰਮ ਕਰੇਗਾ ਸਗੋਂ ਉਹ ਮੁੜੇਗਾ ਅਤੇ ਜਿਹਨਾਂ ਲੋਕਾਂ ਨੇ ਪਵਿੱਤਰ ਨੇਮ ਛੱਡ ਦਿੱਤਾ ਹੈ ਉਹਨਾਂ ਲੋਕਾਂ ਨਾਲ ਮੇਲ ਕਰੇਗਾ। ਜੱਥੇ ਉਸ ਦੀ ਵਲੋਂ ਉੱਠਣਗੇ ਅਤੇ ਉਹ ਪਵਿੱਤਰ ਥਾਂ ਅਰਥਾਤ ਕੋਟ ਨੂੰ ਭਰਿਸ਼ਟ ਕਰਨਗੇ ਅਤੇ ਉਹ ਸਦਾ ਦੀ ਹੋਮ ਦੀ ਬਲੀ ਨੂੰ ਹਟਾਉਣਗੇ ਅਤੇ ਵਿਗਾੜਨ ਵਾਲੀ ਘਿਣਾਉਣੀ ਵਸਤ ਨੂੰ ਉਸ ਦੇ ਵਿੱਚ ਰੱਖ ਦੇਣਗੇ। ਅਤੇ ਜਿਹੜੇ ਨੇਮ ਦੇ ਨਾਲ ਭੈੜੀ ਕਰਤੂਤ ਕਰਦੇ ਹਨ ਉਹਨਾਂ ਨੂੰ ਉਹ ਲੱਲੋ-ਪੱਤੋ ਕਰ ਕੇ ਵਿਗਾੜੇਗਾ ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਪਛਾਣਦੇ ਹਨ ਉਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ ਅਤੇ ਇਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ ਪਰ ਉਹ ਤਲਵਾਰ ਨਾਲ ਅਤੇ ਅੱਗ ਨਾਲ ਅਤੇ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੱਕ ਤਬਾਹ ਰਹਿਣਗੇ। ਜਦ ਉਹ ਤਬਾਹ ਹੋਣਗੇ ਤਦ ਉਹਨਾਂ ਦੀ ਥੋੜੀ ਜਿਹੀ ਸਹਾਇਤਾ ਹੋਵੇਗੀ ਪਰ ਬਹੁਤ ਸਾਰੇ ਲੱਲੋ-ਪੱਤੋ ਕਰਕੇ ਉਹਨਾਂ ਨਾਲ ਰਲ ਜਾਣਗੇ।
”ਕਈ ਬੁੱਧਵਾਨ ਵੀ ਡਿੱਗ ਪੈਣਗੇ ਇਸ ਕਰਕੇ ਜੋ ਉਹ ਪਰਤਾਏ ਜਾਣ ਅਤੇ ਉਹ ਸਫ਼ਾ ਅਤੇ ਚਿੱਟੇ ਹੋ ਜਾਣ ਐਥੋਂ ਤੱਕ ਜੋ ਆਖਰੀ ਸਮਾਂ ਆਵੇ ਕਿਉਂ ਜੋ ਇਹ ਵੇਲੇ ਸਿਰ ਉੱਤੇ ਠਹਿਰਾਈ ਹੋਈ ਹੈ।
”ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਤੇ ਆਪਣੇ ਆਪ ਨੂੰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ਼ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੱਕ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ। ਉਹ ਆਪਣੇ ਪੁਰਖਿਆਂ ਦੇ ਦੇਵਤਿਆਂ ਦੀ ਵੱਲ ਕੁਝ ਲੋੜ ਨਾ ਰੱਖੇਗਾ ਅਤੇ ਨਾ ਹੀ ਔਰਤਾਂ ਦੀ, ਨਾ ਹੀ ਕਿਸੇ ਦੇਵਤੇ ਨੂੰ ਮੰਨੇਗਾ ਸਗੋਂ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ। ਪਰ ਉਸ ਦੇ ਥਾਂ ਤੇ ਕੋਟਾਂ ਦੇ ਦਿਓਤੇ ਦਾ ਆਦਰ ਕਰੇਗਾ ਅਤੇ ਉਸ ਦੇਵਤੇ ਦਾ ਜਿਹ ਨੂੰ ਉਸ ਦੇ ਪਿਉ-ਦਾਦੇ ਨਹੀਂ ਜਾਂਦੇ ਸਨ ਸੋਨੇ, ਚਾਂਦੀ, ਬਹੁਮੁੱਲੇ ਪੱਥਰ ਅਤੇ ਸੁਆਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ। ਉਹ ਸਾਰਿਆਂ ਨਾਲੋਂ ਪੱਕੀਆਂ ਕੋਟਾਂ ਦੇ ਵਿਰੁੱਧ ਪਰਾਏ ਦੇਵਤੇ ਦੀ ਸਹਾਇਤਾ ਨਾਲ ਕੰਮ ਕਰੇਗਾ, ਉਸ ਦੇ ਮੰਨਣ ਵਾਲਿਆਂ ਨੂੰ ਉਹ ਵੱਡਾ ਆਦਰ ਕਰੇਗਾ ਅਤੇ ਉਹਨਾਂ ਨੂੰ ਕਈਆਂ ਦਾ ਸਰਦਾਰ ਬਣਾਵੇਗਾ ਅਤੇ ਮੁੱਲ ਲਈ ਧਰਤੀ ਨੂੰ ਵੰਡੇਗਾ।
”ਅਤੇ ਅਖ਼ੀਰ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧੱਕ ਦੇਵੇਗਾ ਅਤੇ ਉੱਤਰ ਦਾ ਰਾਜਾ ਰੱਥ ਅਤੇ ਘੋੜ ਚੜ੍ਹੇ ਅਤੇ ਬਹੁਤੇ ਜਹਾਜ਼ ਲੈ ਕੇ ਵਾਵਰੋਲੇ ਵਾਂਗੂੰ ਉਸ ਦੇ ਉੱਤੇ ਚੜ੍ਹਾਈ ਕਰੇਗਾ ਅਤੇ ਉਹਨਾਂ ਦੇਸਾਂ ਵਿੱਚ ਵੜੇਗਾ ਅਤੇ ਆਫ਼ਰੇਗਾ ਅਤੇ ਲੰਘੇਗਾ। ਪ੍ਰਤਾਪਵਾਨ ਦੇਸ ਵਿੱਚ ਵੀ ਵੜੇਗਾ ਅਤੇ ਬਹੁਤ ਢਾਹੇ ਜਾਣਗੇ ਪਰ ਅਦੋਮ ਅਤੇ ਮੋਆਬ ਅਤੇ ਅੰਮੋਨੀਆਂ ਦਾ ਵੱਡਾ ਹਿੱਸਾ ਵੀ ਉਸ ਦੇ ਹੱਥੋਂ ਬਚ ਜਾਣਗੇ। ਉਹ ਆਪਣਾ ਹੱਥ ਦੇਸਾਂ ਉੱਤੇ ਚਲਾਵੇਗਾ ਅਤੇ ਮਿਸਰ ਦੇਸ ਵੀ ਛੁਟਕਾਰਾ ਨਾ ਪਾਏਗਾ। ਪਰ ਉਹ ਸੋਨੇ, ਚਾਂਦੀ ਦੇ ਖਜ਼ਾਨਿਆਂ ਅਤੇ ਮਿਸਰ ਦੇਸ ਦਿਆਂ ਸਾਰਿਆਂ ਪਦਾਰਥਾਂ ਉੱਤੇ ਜ਼ੋਰ ਰੱਖੇਗਾ ਅਤੇ ਲੂਬੀ ਅਤੇ ਕੂਸ਼ੀ ਉਸ ਦੇ ਮਗਰ ਲੱਗਣਗੇ। ਪਰ ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖ਼ਬਰਾਂ ਉਸ ਨੂੰ ਘਬਰਾਉਣਗੀਆਂ, ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿੱਕਲੇਗਾ ਜੋ ਬਹੁਤਿਆਂ ਦਾ ਨਾਸ ਕਰੇ ਅਤੇ ਉਹਨਾਂ ਨੂੰ ਮੂਲੋਂ ਮਿਟਾ ਸੁੱਟੇ। ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪ੍ਰਤਾਪਵਾਨ ਪਵਿੱਤਰ ਪਰਬਤ ਦੇ ਵਿਚਕਾਰ ਲਵੇਗਾ ਪਰ ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ।
”ਉਸ ਵੇਲੇ ਮੀਕਾਏਲ ਉਹ ਵੱਡਾ ਪ੍ਰਧਾਨ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖੜ੍ਹਾ ਰਹਿੰਦਾ ਹੈ ਉਹ ਉੱਠੇਗਾ ਤਦ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਜਿਹੋ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੱਕ ਕਦੀ ਨਹੀਂ ਹੋਇਆ ਹੋਵੇਗਾ, ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ। ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੇ ਹੇਠਾਂ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ। ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗੂੰ ਚਮਕਣਗੇ ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ। ਪਰ ਤੂੰ ਹੇ ਦਾਨੀਏਲ, ਇਹਨਾਂ ਗੱਲਾਂ ਨੂੰ ਅਤੇ ਪੋਥੀ ਉੱਤੇ ਅੰਤ ਸਮੇਂ ਤੱਕ ਮੋਹਰ ਲਾ ਕੇ ਬੰਦ ਰੱਖ। ਬਥੇਰੇ ਇੱਧਰ-ਉੱਧਰ ਭੱਜਣਗੇ ਅਤੇ ਗਿਆਨ ਵਧੇਗਾ।
”ਤਦ ਮੈਂ ਦਾਨੀਏਲ ਨੇ ਦੇਖਿਆ ਅਤੇ ਕੀ ਵੇਖਦਾ ਹਾਂ, ਜੋ ਦੋ ਹੋਰ ਖੜੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ ਅਤੇ ਇੱਕ ਨੇ ਉਸ ਮਨੁੱਖ ਨੂੰ ਜੋ ਕਤਾਨੀ ਕੱਪੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਤੋਂ ਉਹਨਾਂ ਮਨੁੱਖਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਇਹ ਅਚਰਜ਼ ਗੱਲਾਂ ਦਾ ਅੰਤ ਕਦੋਂ ਤੱਕ ਹੋਵੇਗਾ? ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਕਤਾਨੀ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸਹੁੰ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਕਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ।
”ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ। ਤਦ ਮੈਂ ਆਖਿਆ, ਹੇ ਮੇਰੇ ਸੁਆਮੀ, ਇਹਨਾਂ ਗੱਲਾਂ ਦਾ ਅੰਤ ਨਤੀਜਾ ਕੀ ਹੋਵੇਗਾ? ਉਸ ਨੇ ਆਖਿਆ, ਹੇ ਦਾਨੀਏਲ, ਤੂੰ ਆਪਣੇ ਰਾਹ ਚੱਲੀ ਜਾ ਕਿਉਂ ਜੋ ਇਹ ਗੱਲਾਂ ਅੰਤ ਦੇ ਵੇਲੇ ਤੱਕ ਬੰਦ ਕੀਤੀਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ। ਬਥੇਰੇ ਆਪਣੇ ਆਪ ਨੂੰ ਪਵਿੱਤਰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਪਰਤਾਏ ਜਾਣਗੇ ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ, ਪਰ ਬੁੱਧਵਾਨ ਸਮਝਣਗੇ।
”ਜਿਸ ਵੇਲੇ ਤੋਂ ਸਦਾ ਦੀ ਹੋਮ ਦੀ ਬਲੀ ਹੈਕਲ ਵਿੱਚੋਂ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਿਣਾਉਣੀ ਵਸਤ ਖੜ੍ਹੀ ਕੀਤੀ ਜਾਏਗੀ ਇੱਕ ਹਜ਼ਾਰ ਦੋ ਸੌ ਨੱਬੇ ਦਿਨ ਹੋਣਗੇ। ਧੰਨ ਉਹ ਹੈ ਜੋ ਉਡੀਕਦਾ ਹੈ ਅਤੇ ਇੱਕ ਹਜ਼ਾਰ ਤਿੰਨ ਸੌ ਪੈਂਤੀਆਂ ਦਿਨਾਂ ਦੇ ਅੰਤ ਤੱਕ ਪਹੁੰਚਦਾ ਹੈ। ਪਰ ਤੂੰ ਆਪਣੇ ਰਾਹ ਤੁਰਿਆ ਜਾ ਜਦੋਂ ਤੱਕ ਅੰਤ ਦਾ ਸਮਾਂ ਨਾ ਆਵੇ ਕਿਉਂ ਜੋ ਤੂੰ ਸੁੱਖ ਪਾਵੇਂਗਾ ਅਤੇ ਆਪਣੀ ਮਿਰਾਸ ਉੱਤੇ ਅੰਤ ਦੇ ਦਿਨਾਂ ਵਿੱਚ ਉੱਠ ਖੜ੍ਹਾ ਹੋਵੇਂਗਾ।
”ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਤੂੰ ਮੈਨੂੰ “ਮੇਰਾ ਪਤੀ” ਆਖੇਗੀ, ਅਤੇ ਫੇਰ ਮੈਨੂੰ “ਮੇਰਾ ਬਆਲ” ਨਾ ਆਖੇਗੀ।
”ਸੀਯੋਨ ਵਿੱਚ ਤੁਰ੍ਹੀ ਫੂਕੋ! ਮੇਰੇ ਪਵਿੱਤਰ ਪਰਬਤ ਉੱਤੇ ਸਾਂਹ ਖਿੱਚ ਦੇ ਫੂਕੋ! ਦੇਸ਼ ਦੇ ਸਾਰੇ ਵਾਸੀ ਕੰਬਣ, ਕਿਉਂ ਜੋ ਯਹੋਵਾਹ ਦਾ ਦਿਨ ਆ ਰਿਹਾ ਹੈ, ਸਗੋਂ ਨੇੜੇ ਹੀ ਹੈ! ਉਹ ਹਨੇਰੇ ਅਤੇ ਅੰਧਕਾਰ ਦਾ ਦਿਨ, ਸਗੋਂ ਬੱਦਲ ਅਤੇ ਘੁੱਪ ਹਨੇਰੇ ਦਾ ਦਿਨ ਹੈ! ਜਿਵੇਂ ਸਵੇਰ ਦੀ ਰੋਸ਼ਨੀ ਫੈਲਦੀ ਹੈ, ਉਸੇ ਤਰ੍ਹਾਂ ਪਹਾੜਾਂ ਉੱਤੇ ਇੱਕ ਵੱਡੀ ਅਤੇ ਤਕੜੀ ਕੌਮ ਫੈਲੀ ਹੋਈ ਹੈ, ਉਹਨਾਂ ਵਰਗੇ ਸਨਾਤਨ ਕਾਲ ਤੋਂ ਨਹੀਂ ਹੋਏ, ਫੇਰ ਅੱਗੇ ਨੂੰ ਪੀੜ੍ਹੀਓਂ ਪੀੜ੍ਹੀ ਸਾਲਾਂ ਤੱਕ ਨਹੀਂ ਹੋਣਗੇ! ਉਹਨਾਂ ਦੇ ਅੱਗੇ-ਅੱਗੇ ਅੱਗ ਭਸਮ ਕਰਦੀ ਜਾਂਦੀ ਹੈ, ਉਹਨਾਂ ਦੇ ਪਿੱਛੇ ਲੰਬ ਸਾੜਦੀ ਜਾਂਦੀ ਹੈ। ਉਹਨਾਂ ਦੇ ਅੱਗੇ ਦਾ ਦੇਸ਼ ਅਦਨ ਦੇ ਬਾਗ਼ ਵਰਗਾ ਹੈ, ਪਰ ਉਹਨਾਂ ਦੇ ਪਿੱਛੇ ਵਿਰਾਨ ਉਜਾੜ ਹੈ! ਉਹਨਾਂ ਤੋਂ ਕੁਝ ਵੀ ਨਹੀਂ ਬਚਦਾ। ਉਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ, ਉਹ ਜੰਗੀ ਘੋੜਿਆਂ ਵਾਂਗੂੰ ਦੌੜਦੇ ਹਨ। ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਰਥਾਂ ਦੇ ਚੱਲਣ ਦੇ ਸ਼ੋਰ ਵਾਂਗੂੰ ਕੁੱਦਦੇ ਹਨ ਅਤੇ ਅੱਗ ਦੀ ਲੰਬ ਵਾਂਗੂੰ ਹਨ, ਜਿਹੜੀ ਪਰਾਲੀ ਨੂੰ ਭਸਮ ਕਰਦੀ ਹੈ, ਜਿਵੇਂ ਬਲਵੰਤ ਲੋਕ ਲੜਾਈ ਲਈ ਕਤਾਰਾਂ ਬੰਨ੍ਹਦੇ ਹਨ! ਉਹਨਾਂ ਦੇ ਅੱਗੇ ਲੋਕ ਤੜਫ਼ ਉੱਠਦੇ ਹਨ, ਸਾਰੇ ਮੂੰਹ ਪੀਲੇ ਪੈ ਜਾਂਦੇ ਹਨ। ਉਹ ਸੂਰਮਿਆਂ ਵਾਂਗੂੰ ਦੌੜਦੇ ਹਨ, ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ, ਉਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ। ਕੋਈ ਆਪਣੇ ਸਾਥੀ ਨੂੰ ਨਹੀਂ ਧੱਕਦਾ, ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ, ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ। ਉਹ ਸ਼ਹਿਰ ਉੱਤੇ ਟੁੱਟ ਪੈਂਦੇ ਹਨ, ਉਹ ਸ਼ਹਿਰਪਨਾਹ ਉੱਤੇ ਦੌੜਦੇ ਹਨ, ਉਹ ਚੋਰਾਂ ਵਾਂਗੂੰ ਖਿੜਕੀਆਂ ਰਾਹੀਂ ਘਰਾਂ ਵਿੱਚ ਵੜ ਜਾਂਦੇ ਹਨ! ਉਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ, ਅਕਾਸ਼ ਕੰਬਦਾ ਹੈ। ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ। ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਸਾਹਮਣੇ ਗਜਾਉਂਦਾ ਹੈ, ਕਿਉਂ ਜੋ ਉਹ ਦੀ ਛਾਉਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਹੁਕਮ ਮੰਨਦਾ ਹੈ ਉਹ ਬਲਵਾਨ ਹੈ, ਕਿਉਂ ਜੋ ਯਹੋਵਾਹ ਦਾ ਦਿਨ ਮਹਾਨ ਅਤੇ ਭਿਆਨਕ ਹੈ! ਕੌਣ ਉਸ ਨੂੰ ਸਹਿ ਸਕਦਾ ਹੈ?
”ਇਸ ਤੋਂ ਬਾਅਦ ਅਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ ਅਤੇ ਤੁਹਾਡੇ ਜੁਆਨ ਦਰਸ਼ਣ ਵੇਖਣਗੇ। ਸਗੋਂ ਮੈਂ ਤੁਹਾਡੇ ਦਾਸਾਂ ਅਤੇ ਦਾਸੀਆਂ ਉੱਤੇ ਵੀ, ਉਨ੍ਹਾਂ ਦਿਨਾਂ ਵਿੱਚ ਆਪਣਾ ਆਤਮਾ ਵਹਾਵਾਂਗਾ।
”ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ ਅਰਥਾਤ ਲਹੂ, ਅਤੇ ਅੱਗ ਅਤੇ ਧੂੰਏਂ ਦਾ ਥੰਮ੍ਹ। ਯਹੋਵਾਹ ਦੇ ਉਸ ਵੱਡੇ ਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨ੍ਹੇਰਾ ਅਤੇ ਚੰਨ ਲਹੂ ਵਰਗਾ ਹੋ ਜਾਵੇਗਾ! ਉਸ ਵੇਲੇ ਹਰੇਕ ਜੋ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ, ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਸੀਯੋਨ ਦੇ ਪਰਬਤ ਵਿੱਚ ਅਤੇ ਯਰੂਸ਼ਲਮ ਵਿੱਚ ਛੁਟਕਾਰਾ ਹੋਵੇਗਾ, ਅਤੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ ਉਹ ਬਚਾਏ ਜਾਣਗੇ।
”ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ। ਆਓ, ਦਾਖਾਂ ਨੂੰ ਮਿੱਧੋ ਕਿਉਂਕਿ ਹੌਦ ਭਰ ਗਈ ਹੈ, ਮਟਕੇ ਭਰ-ਭਰ ਉੱਛਲਦੇ ਹਨ, ਕਿਉਂ ਜੋ ਉਹਨਾਂ ਦੀ ਬੁਰਿਆਈ ਬਹੁਤ ਵੱਡੀ ਹੈ। ਨਬੇੜੇ ਦੀ ਘਾਟੀ ਵਿੱਚ ਭੀੜਾਂ ਦੀਆਂ ਭੀੜਾਂ! ਕਿਉਂ ਜੋ ਨਬੇੜੇ ਦੀ ਘਾਟੀ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ! ਸੂਰਜ ਅਤੇ ਚੰਦ ਕਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਨਹੀਂ ਦਿੰਦੇ! ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਵੱਡੀ ਅਵਾਜ਼ ਸੁਣਾਵੇਗਾ, ਅਕਾਸ਼ ਅਤੇ ਧਰਤੀ ਕੰਬਣਗੇ ਪਰ ਯਹੋਵਾਹ ਆਪਣੀ ਪਰਜਾ ਲਈ ਪਨਾਹ ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ।
”ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵੱਸਦਾ ਹਾਂ, ਯਰੂਸ਼ਲਮ ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ। ਉਸ ਦਿਨ ਅਜਿਹਾ ਹੋਵੇਗਾ ਕਿ ਪਰਬਤਾਂ ਤੋਂ ਮਿੱਠੀ ਮਧ ਚੋਵੇਗੀ ਅਤੇ ਟਿੱਲਿਆਂ ਤੋਂ ਦੁੱਧ ਵਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ। ਯਹੂਦਾਹ ਦੇ ਵੰਸ਼ ਉੱਤੇ ਜ਼ੁਲਮ ਕਰਨ ਦੇ ਕਾਰਨ, ਮਿਸਰ ਵਿਰਾਨ ਹੋ ਜਾਵੇਗਾ ਅਤੇ ਅਦੋਮ ਇੱਕ ਸੁੰਨਸਾਨ ਉਜਾੜ ਹੋ ਜਾਵੇਗਾ, ਕਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ਼ ਵਿੱਚ ਨਿਰਦੋਸ਼ ਲਹੂ ਵਹਾਇਆ। ਪਰ ਯਹੂਦਾਹ ਸਦਾ ਲਈ ਅਤੇ ਯਰੂਸ਼ਲਮ ਪੀੜ੍ਹੀਓਂ ਪੀੜ੍ਹੀ ਵੱਸਿਆ ਰਹੇਗਾ। ਮੈਂ ਉਹਨਾਂ ਨੂੰ ਖ਼ੂਨ ਦੇ ਦੋਸ਼ ਤੋਂ ਨਿਰਦੋਸ਼ ਠਹਿਰਾਵਾਂਗਾ, ਜਿਹੜਾ ਮੈਂ ਹੁਣ ਤੱਕ ਨਿਰਦੋਸ਼ ਨਹੀਂ ਠਹਿਰਾਇਆ ਸੀ, ਕਿਉਂ ਜੋ ਯਹੋਵਾਹ ਸੀਯੋਨ ਵਿੱਚ ਵੱਸਦਾ ਹੈ।
”ਆਖਰੀ ਦਿਨਾਂ ਵਿੱਚ ਅਜਿਹਾ ਹੋਵੇਗਾ, ਕਿ ਯਹੋਵਾਹ ਦੇ ਭਵਨ ਦਾ ਪਰਬਤ ਸਾਰਿਆਂ ਪਹਾੜਾਂ ਦੇ ਸਿਰਾਂ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਸਭ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੇ ਵੱਲ ਸੋਤੇ ਵਾਂਗੂੰ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ, ਅਤੇ ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਜਾਈਏ, ਤਾਂ ਜੋ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ,” ਕਿਉਂ ਜੋ ਬਿਵਸਥਾ ਸੀਯੋਨ ਤੋਂ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ ਨਿੱਕਲੇਗਾ। ਉਹ ਬਹੁਤੀਆਂ ਉੱਮਤਾਂ ਦਾ ਨਿਆਂ ਕਰੇਗਾ, ਅਤੇ ਦੂਰ-ਦੂਰ ਦੀਆਂ ਤਕੜੀਆਂ ਕੌਮਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛੀਆਂ ਨੂੰ ਦਾਤ। ਕੌਮ, ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ। ਪਰ ਉਹ ਆਪੋ ਆਪਣੀਆਂ ਅੰਗੂਰੀ ਵੇਲਾਂ ਅਤੇ ਹੰਜ਼ੀਰ ਦੇ ਰੁੱਖਾਂ ਹੇਠ ਬੈਠਣਗੇ, ਅਤੇ ਕੋਈ ਉਹਨਾਂ ਨੂੰ ਨਹੀਂ ਡਰਾਵੇਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦੇ ਮੂੰਹ ਦਾ ਵਾਕ ਹੈ।
”ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਨਾਲ ਆਉਂਦਾ ਹੈ, ਹਾਂ, ਯਹੋਵਾਹ ਦੇ ਦਿਨ ਦੀ ਅਵਾਜ਼ ਸੁਣਾਈ ਦਿੰਦੀ ਹੈ। ਉੱਥੇ ਸੂਰਮਾ ਕੁੜੱਤਣ ਨਾਲ ਚਿੱਲਾਵੇਗਾ! ਉਹ ਦਿਨ ਕਹਿਰ ਦਾ ਦਿਨ ਹੈ, ਦੁੱਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ! ਉਹ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉੱਚੇ ਬੁਰਜ਼ਾਂ ਦੇ ਵਿਰੁੱਧ ਤੁਰ੍ਹੀ ਫੂਕਣ ਅਤੇ ਲਲਕਾਰ ਦਾ ਦਿਨ ਹੋਵੇਗਾ। ਮੈਂ ਮਨੁੱਖਾਂ ਉੱਤੇ ਬਿਪਤਾ ਲਿਆਵਾਂਗਾ ਅਤੇ ਉਹ ਅੰਨ੍ਹਿਆਂ ਵਾਂਗੂੰ ਤੁਰਨਗੇ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦਾ ਲਹੂ ਧੂੜ ਵਾਗੂੰ ਅਤੇ ਉਨ੍ਹਾਂ ਦਾ ਮਾਸ ਬਿਸ਼ਟੇ ਵਾਂਗੂੰ ਸੁੱਟਿਆ ਜਾਵੇਗਾ। ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ, ਨਾ ਉਹਨਾਂ ਦੀ ਚਾਂਦੀ, ਉਹਨਾਂ ਨੂੰ ਛੁਡਾਵੇਗੀ, ਪਰ ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ ਕਰੇਗਾ, ਹਾਂ ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ!
”ਇਸ ਲਈ ਯਹੋਵਾਹ ਦਾ ਵਾਕ ਹੈ, “ਮੇਰੇ ਲਈ ਠਹਿਰੇ ਰਹੋ, ਉਸ ਦਿਨ ਤੱਕ ਜਦ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਰਾਜਾਂ ਨੂੰ ਜਮਾਂ ਕਰਾਂ, ਤਾਂ ਜੋ ਮੈਂ ਉਨ੍ਹਾਂ ਦੇ ਉੱਤੇ ਆਪਣਾ ਕਹਿਰ, ਅਤੇ ਆਪਣਾ ਸਾਰਾ ਭੜਕਿਆ ਹੋਇਆ ਕ੍ਰੋਧ ਡੋਲ੍ਹ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।”
”ਤਦ ਮੈਂ ਲੋਕਾਂ ਦੇ ਬੁੱਲ੍ਹਾਂ ਨੂੰ ਸ਼ੁੱਧ ਕਰਾਂਗਾ, ਤਾਂ ਜੋ ਉਹ ਸਾਰੇ ਦੇ ਸਾਰੇ ਯਹੋਵਾਹ ਦੇ ਨਾਮ ਨੂੰ ਪੁਕਾਰਨ, ਅਤੇ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।
”ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਫੇਰ ਅਕਾਸ਼, ਧਰਤੀ ਅਤੇ ਜਲ-ਥਲ ਨੂੰ ਹਿਲਾ ਦਿਆਂਗਾ। ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰਿਆਂ ਕੌਮਾਂ ਦੇ ਪਦਾਰਥ ਆਉਣਗੇ ਤਾਂ ਮੈਂ ਇਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ। ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ। ਇਸ ਭਵਨ ਦੀ ਪਿਛਲੀ ਸ਼ਾਨ ਪਹਿਲੀ ਨਾਲੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ। ਮੈਂ ਇਸ ਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
”ਵੇਖ, ਯਹੋਵਾਹ ਦਾ ਦਿਨ ਆਉਂਦਾ ਹੈ ਕਿ ਤੇਰੀ ਲੁੱਟ ਤੇਰੇ ਅੰਦਰ ਵੰਡੀ ਜਾਵੇਗੀ। ਮੈਂ ਸਾਰੀਆਂ ਕੌਮਾਂ ਨੂੰ ਇਕੱਠਾ ਕਰਾਂਗਾ ਕਿ ਯਰੂਸ਼ਲਮ ਨਾਲ ਲੜਾਈ ਕਰਨ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਇਸਤਰੀਆਂ ਦੀ ਬੇ-ਪਤੀ ਹੋਵੇਗੀ ਅਤੇ ਅੱਧਾ ਸ਼ਹਿਰ ਗੁਲਾਮੀ ਵਿੱਚ ਜਾਵੇਗਾ ਪਰ ਬਾਕੀ ਲੋਕ ਸ਼ਹਿਰ ਤੋਂ ਵੱਢੇ ਜਾਣਗੇ। ਤਾਂ ਯਹੋਵਾਹ ਨਿੱਕਲੇਗਾ ਅਤੇ ਉਹਨਾਂ ਕੌਮਾਂ ਨਾਲ ਯੁੱਧ ਕਰੇਗਾ, ਜਿਵੇਂ ਯੁੱਧ ਦੇ ਦਿਨ ਲੜਦਾ ਸੀ।
”ਉਸ ਦਿਨ ਉਸ ਦੇ ਪੈਰ ਜ਼ੈਤੂਨ ਦੇ ਪਰਬਤ ਉੱਤੇ ਖੜੇ ਹੋਣਗੇ, ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ ਅਤੇ ਜ਼ੈਤੂਨ ਦਾ ਪਰਬਤ ਪੂਰਬ ਤੋਂ ਪੱਛਮ ਤੱਕ ਵਿੱਚੋਂ ਪਾਟ ਜਾਵੇਗਾ ਅਤੇ ਇੱਕ ਬਹੁਤ ਵੱਡੀ ਘਾਟੀ ਹੋ ਜਾਵੇਗੀ, ਅੱਧਾ ਪਰਬਤ ਉੱਤਰ ਨੂੰ ਅਤੇ ਅੱਧਾ ਦੱਖਣ ਨੂੰ ਸਰਕ ਜਾਵੇਗਾ। ਤੁਸੀਂ ਯਹੋਵਾਹ ਦੇ ਪਰਬਤ ਦੇ ਵਿੱਚ ਦੀ ਭੱਜੋਗੇ ਕਿਉਂ ਜੋ ਪਰਬਤ ਦੀ ਦੂਣ ਆਸੇਲ ਤੱਕ ਹੋਵੇਗੀ, ਜਿਵੇਂ ਯਹੂਦਾਹ ਦੇ ਪਾਤਸ਼ਾਹ ਉੱਜ਼ੀਯਾਹ ਦੇ ਦਿਨਾਂ ਵਿੱਚ ਭੂਚਾਲ ਦੇ ਅੱਗੇ ਭੱਜੇ ਸੀ, ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਸਾਰੇ ਸੰਤ ਜਨ ਤੇਰੇ ਨਾਲ। ਇਸ ਤਰ੍ਹਾਂ ਹੋਵੇਗਾ ਕਿ ਉਸ ਦਿਨ ਚਾਨਣ ਨਾ ਹੋਵੇਗਾ, ਅਕਾਸ਼ ਦੇ ਤਾਰੇ ਮੱਧਮ ਪੈ ਜਾਣਗੇ। ਪਰ ਇੱਕ ਦਿਨ ਹੋਵੇਗਾ ਜਿਹ ਨੂੰ ਯਹੋਵਾਹ ਹੀ ਜਾਣਦਾ ਹੈ, ਨਾ ਦਿਨ ਹੋਵੇਗਾ ਨਾ ਰਾਤ ਪਰ ਸ਼ਾਮ ਦੇ ਵੇਲੇ ਚਾਨਣ ਹੋਵੇਗਾ। ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿੱਕਲੇਗਾ, ਜਿਸ ਦਾ ਅੱਧ ਪੂਰਬ ਵਾਲੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਪੱਛਮ ਵਾਲੇ ਪਾਸੇ ਦੇ ਸਮੁੰਦਰ ਵਿੱਚ ਹੈ। ਇਹ ਗਰਮੀ ਅਤੇ ਸਰਦੀ ਵਿੱਚ ਰਹੇਗਾ।
”ਸਾਰੀ ਧਰਤੀ ਉੱਤੇ ਯਹੋਵਾਹ ਹੀ ਪਾਤਸ਼ਾਹ ਹੋਵੇਗਾ, ਉਸ ਦਿਨ ਯਹੋਵਾਹ ਇੱਕੋ ਹੀ ਹੋਵੇਗਾ ਅਤੇ ਉਸ ਦਾ ਨਾਮ ਇੱਕ ਹੀ ਹੋਵੇਗਾ।
”ਗਬਾ ਤੋਂ ਰਿੰਮੋਨ ਤੱਕ ਸਾਰੀ ਧਰਤੀ ਯਰੂਸ਼ਲਮ ਦੇ ਦੱਖਣ ਵੱਲ ਅਰਾਬਾਹ ਵਾਂਗੂੰ ਹੋ ਜਾਵੇਗੀ ਪਰ ਉਹ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਸਥਾਨ ਉੱਤੇ ਵੱਸੇਗਾ। ਬਿਨਯਾਮੀਨ ਦੇ ਫਾਟਕ ਤੋਂ ਪਹਿਲੇ ਫਾਟਕ ਦੇ ਥਾਂ ਅਰਥਾਤ ਕੋਨੇ ਦੇ ਫਾਟਕ ਤੱਕ ਅਤੇ ਹਨਨੇਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੱਕ ਹੋਵੇਗਾ। ਉਸ ਵਿੱਚ ਉਹ ਵੱਸਣਗੇ ਅਤੇ ਫੇਰ ਸਰਾਪ ਨਾ ਹੋਵੇਗਾ, ਯਰੂਸ਼ਲਮ ਸੁੱਖ ਵਿੱਚ ਵੱਸੇਗਾ। ਉਹ ਮਹਾਂਮਾਰੀ ਹੋਵੇਗਾ ਜਿਹ ਦੇ ਨਾਲ ਯਹੋਵਾਹ ਉਹਨਾਂ ਸਾਰੀਆਂ ਕੌਮਾਂ ਨੂੰ ਮਾਰੇਗਾ, ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ। ਉਹਨਾਂ ਦਾ ਮਾਸ ਖੜੇ-ਖੜੇ ਗਲ਼ ਜਾਵੇਗਾ ਅਤੇ ਉਹਨਾਂ ਦੀਆਂ ਅੱਖਾਂ ਗਲ਼ ਜਾਣਗੀਆਂ ਅਤੇ ਉਹਨਾਂ ਦੀ ਜੀਭ ਉਹਨਾਂ ਦੇ ਮੂੰਹ ਵਿੱਚ ਗਲ਼ ਜਾਵੇਗੀ। ਅਤੇ ਇਸ ਤਰ੍ਹਾਂ ਹੋਵੇਗਾ ਕਿ ਉਸ ਦਿਨ ਯਹੋਵਾਹ ਦੀ ਵੱਲੋਂ ਉਹਨਾਂ ਵਿੱਚ ਵੱਡੀ ਹੱਲ ਚੱਲ ਹੋਵੇਗੀ, ਉਹ ਆਪੋ ਆਪਣੇ ਗੁਆਂਢੀ ਦਾ ਹੱਥ ਫੜ੍ਹਨਗੇ ਅਤੇ ਉਹਨਾਂ ਦੇ ਹੱਥ ਉਹਨਾਂ ਦੇ ਗੁਆਂਢੀਆਂ ਦੇ ਉੱਤੇ ਚੁੱਕੇ ਜਾਣਗੇ। ਯਹੂਦਾਹ ਵੀ ਯਰੂਸ਼ਲਮ ਨਾਲ ਲੜੇਗਾ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ ਅਰਥਾਤ ਸੋਨਾ ਚਾਂਦੀ ਅਤੇ ਬਸਤਰ ਢੇਰਾਂ ਦੇ ਢੇਰ। ਇਸ ਮਹਾਂਮਾਰੀ ਵਾਂਗੂੰ ਇੱਕ ਮਹਾਂਮਾਰੀ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਉੱਤੇ ਪਵੇਗੀ, ਜਿਹੜੇ ਡੇਰਿਆਂ ਵਿੱਚ ਹੋਣਗੇ।
”ਇਸ ਤਰ੍ਹਾਂ ਹੋਵੇਗਾ ਕਿ ਜੋ ਸਾਰੀਆਂ ਕੌਮਾਂ ਵਿੱਚੋਂ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਆਈਆਂ ਹਨ ਬਾਕੀ ਰਹਿ ਜਾਣਗੀਆਂ, ਉਹ ਹਰ ਸਾਲ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਅਤੇ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਂਹਾਂ ਨੂੰ ਜਾਣਗੀਆਂ। ਅਤੇ ਇਸ ਤਰ੍ਹਾਂ ਹੋਵੇਗਾ ਜਿਹੜਾ ਧਰਤੀ ਦੇ ਪਰਿਵਾਰਾਂ ਵਿੱਚੋਂ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਯਰੂਸ਼ਲਮ ਨੂੰ ਨਾ ਆਵੇਗਾ ਉਹ ਦੇ ਉੱਤੇ ਮੀਂਹ ਨਾ ਪਵੇਗਾ। ਜੇ ਮਿਸਰ ਦਾ ਪਰਿਵਾਰ ਨਾ ਚੜ੍ਹੇਗਾ ਅਤੇ ਨਾ ਆਵੇਗਾ ਤਾਂ ਉਹ ਦੇ ਉੱਤੇ ਮੀਂਹ ਨਾ ਪਵੇਗਾ ਸਗੋਂ ਉਹ ਮਹਾਂਮਾਰੀ ਪਵੇਗੀ, ਜਿਹ ਦੇ ਨਾਲ ਯਹੋਵਾਹ ਉਹਨਾਂ ਕੌਮਾਂ ਨੂੰ ਮਾਰੇਗਾ ਜਿਹੜੀਆਂ ਡੇਰਿਆਂ ਦੇ ਪਰਬ ਨੂੰ ਮਨਾਉਣ ਲਈ ਉਤਾਹਾਂ ਨਹੀਂ ਚੜ੍ਹਦੀਆਂ ਹਨ। ਇਹ ਮਿਸਰ ਦੀ ਸਜ਼ਾ ਹੋਵੇਗੀ ਅਤੇ ਉਹਨਾਂ ਸਾਰੀਆਂ ਕੌਮਾਂ ਦੀ ਸਜ਼ਾ ਜਿਹੜੀਆਂ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਹਾਂ ਨਾ ਜਾਣਗੀਆਂ।
”ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਲਿਖਿਆ ਹੋਵੇਗਾ, “ਯਹੋਵਾਹ ਲਈ ਪਵਿੱਤਰ” ਅਤੇ ਯਹੋਵਾਹ ਦੇ ਭਵਨ ਦੀਆਂ ਦੇਗਾਂ ਉਹਨਾਂ ਕਟੋਰਿਆਂ ਵਾਂਗੂੰ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ। ਸਗੋਂ ਯਰੂਸ਼ਲਮ ਵਿੱਚ ਅਤੇ ਯਹੂਦਾਹ ਵਿੱਚ ਹਰੇਕ ਦੇਗ ਸੈਨਾਂ ਦੇ ਯਹੋਵਾਹ ਲਈ ਪਵਿੱਤਰ ਹੋਵੇਗੀ। ਸਾਰੇ ਚੜ੍ਹਾਵਾ ਚੜਾਉਣ ਵਾਲੇ ਆਉਣਗੇ ਅਤੇ ਉਹਨਾਂ ਨੂੰ ਲੈ ਕੇ ਉਹਨਾਂ ਵਿੱਚ ਪਕਾਉਣਗੇ। ਉਸ ਦਿਨ ਕੋਈ ਕਨਾਨੀ ਫੇਰ ਸੈਨਾਂ ਦੇ ਯਹੋਵਾਹ ਦੇ ਭਵਨ ਵਿੱਚ ਨਾ ਹੋਵੇਗਾ।
”ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ ਹੈ ਅਤੇ ਜਦ ਉਹ ਪਰਗਟ ਹੋਵੇਗਾ ਤਦ ਕੌਣ ਖੜ੍ਹਾ ਰਹਿ ਸਕੇਗਾ? ਕਿਉਂ ਜੋ ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ। ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ, ਉਹ ਲੇਵੀਆਂ ਨੂੰ ਚਾਂਦੀ ਵਾਂਗੂੰ ਸਾਫ਼ ਕਰੇਗਾ, ਉਹਨਾਂ ਨੂੰ ਸੋਨੇ ਵਾਂਗੂੰ ਅਤੇ ਚਾਂਦੀ ਵਾਂਗੂੰ ਤਾਵੇਗਾ ਅਤੇ ਉਹ ਯਹੋਵਾਹ ਲਈ ਯੋਗ ਭੇਟ ਚੜ੍ਹਾਉਣਗੇ।
”ਖੇਤ ਸੰਸਾਰ ਹੈ, ਚੰਗਾ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ। ਅਤੇ ਉਹ ਜਿਸ ਵੈਰੀ ਨੇ ਉਸ ਨੂੰ ਬੀਜਿਆ, ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗ ਦੂਤ ਹਨ। ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ ਉਸੇ ਤਰ੍ਹਾਂ ਇਹ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਸਵਰਗ ਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਅਤੇ ਕੁਧਰਮੀਆਂ ਨੂੰ ਇਕੱਠਿਆਂ ਕਰਨਗੇ। ਅਤੇ ਉਨ੍ਹਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ।
”ਫੇਰ ਸਵਰਗ ਰਾਜ ਇੱਕ ਜਾਲ਼ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ। ਜਦੋਂ ਉਹ ਭਰ ਗਿਆ ਤਾਂ ਲੋਕ ਉਸ ਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਜਮਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ। ਸੋ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ। ਦੂਤ ਆ ਕੇ, ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ। ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।
”ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਜਦੋਂ ਸ਼ਾਮ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਜੋ ਭਲਕੇ ਮੌਸਮ ਸਾਫ਼ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ। ਅਤੇ ਸਵੇਰ ਨੂੰ ਆਖਦੇ ਹੋ, ਅੱਜ ਹਨੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਸਮਿਆਂ ਦੇ ਨਿਸ਼ਾਨ ਪਹਿਚਾਣ ਨਹੀਂ ਸਕਦੇ।
”ਕਿਉਂ ਜੋ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਆਪਣੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਹ ਦੀ ਕਰਨੀ ਦਾ ਫਲ ਦੇਵੇਗਾ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਮੌਤ ਦਾ ਸੁਆਦ ਨਾ ਚੱਖਣਗੇ ਜਦ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।
”ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਮੇਰੇ ਨਾਲ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ।
”ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਤਾਂ ਉਹ ਦੇ ਚੇਲੇ ਉਹ ਦੇ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਤੇ ਸੰਸਾਰ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਕਿ ਤੁਹਾਨੂੰ ਕੋਈ ਧੋਖਾ ਨਾ ਦੇਵੇ। ਕਿਉਂਕਿ ਬਹੁਤ ਲੋਕ ਮੇਰੇ ਨਾਮ ਤੇ ਤੁਹਾਡੇ ਕੋਲ ਆਉਣਗੇ ਅਤੇ ਕਹਿਣਗੇ ਕਿ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਸਾਵਧਾਨ! ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ। ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ। ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ।
”ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਅਤੇ ਉਸ ਸਮੇਂ ਬਹੁਤ ਲੋਕ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜ੍ਹਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ। ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ। ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ।
”ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜ੍ਹੀ ਵੇਖੋਗੇ (ਪੜ੍ਹਨ ਵਾਲਾ ਸਮਝ ਲਵੇ) ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ। ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ। ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ। ਅਤੇ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਮਨੁੱਖ ਨਾ ਬਚਦਾ ਪਰ ਉਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ।
”ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਇੱਥੇ ਜਾਂ ਉੱਥੇ ਹੈ ਤਾਂ ਸੱਚ ਨਾ ਮੰਨਣਾ। ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭਰਮਾ ਲੈਣ। ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ। ਇਸ ਲਈ ਜੇ ਉਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ। ਵੇਖੋ ਮਸੀਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸੱਚ ਨਾ ਮੰਨਣਾ। ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤੱਕ ਦਿਸਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। ਜਿੱਥੇ ਲੋਥ ਹੈ, ਉੱਥੇ ਗਿਰਝਾਂ ਇਕੱਠੀਆਂ ਹੋਣਗੀਆਂ।
”ਉਨ੍ਹਾਂ ਦਿਨਾਂ ਦੇ ਕਸ਼ਟ ਤੋਂ ਬਾਅਦ ਸੂਰਜ ਝੱਟ ਹਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ। ਅਤੇ ਉਹ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਚਾਰੇ ਪਾਸਿਓਂ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੱਕ ਉਹ ਦੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰਨਗੇ।
”ਫੇਰ ਹੰਜ਼ੀਰ ਦੇ ਦਰਖ਼ਤ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਸਮਝ ਜਾਂਦੇ ਹਨ ਕਿ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਤੁਸੀਂ ਵੀ ਜਦ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਕਿ ਉਹ ਨੇੜੇ ਸਗੋਂ ਬੂਹੇ ਉੱਤੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਇਹ ਸਭ ਗੱਲਾਂ ਨਾ ਹੋ ਲੈਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ। ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ। ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ। ਅਤੇ ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ, ਉਸ ਦਿਨ ਤੱਕ ਜਦ ਤੱਕ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਉਹ ਨਹੀਂ ਜਾਣਦੇ ਸਨ ਜਦ ਤੱਕ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੋੜ੍ਹ ਕੇ ਲੈ ਗਈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।
”ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ। ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ। ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ। ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ। ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ, ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।
”ਉਪਰੰਤ ਉਹ ਵਫ਼ਾਦਾਰ ਅਤੇ ਬੁੱਧਵਾਨ ਨੌਕਰ ਕੌਣ ਹੈ, ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਉੱਤੇ ਪ੍ਰਧਾਨ ਠਹਿਰਾਇਆ ਕਿ ਵੇਲੇ ਸਿਰ ਉਨ੍ਹਾਂ ਨੂੰ ਭੋਜਣ ਦੇਵੇ? ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ, ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ। ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ, ਜੋ ਮੇਰਾ ਮਾਲਕ ਚਿਰ ਲਾਉਂਦਾ ਹੈ ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ। ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ, ਉਸ ਨੌਕਰ ਦਾ ਮਾਲਕ ਆਵੇਗਾ। ਅਤੇ ਉਹ ਨੂੰ ਦੋ ਟੁੱਕੜੇ ਕਰ ਦੇਵੇਗਾ ਅਤੇ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
”ਉਸ ਵੇਲੇ ਸਵਰਗ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿੱਕਲੀਆਂ। ਅਤੇ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ। ਕਿਉਂਕਿ ਜਿਹੜੀਆਂ ਮੂਰਖ ਸਨ ਉਨ੍ਹਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਸਮਝਦਾਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸ਼ਾਲਾਂ ਨਾਲ ਲੈ ਲਿਆ। ਅਤੇ ਜਦ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਉਹ ਸਭ ਊਂਘ ਪਈਆਂ ਅਤੇ ਸੌਂ ਗਈਆਂ। ਅਤੇ ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ! ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ। ਅਤੇ ਮੂਰਖਾਂ ਨੇ ਸਮਝਦਾਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ, ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ। ਪਰ ਸਮਝਦਾਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ। ਅਤੇ ਜਦ ਉਹ ਮੁੱਲ ਲੈਣ ਗਈਆਂ ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਦਰਵਾਜ਼ਾ ਬੰਦ ਕੀਤਾ ਗਿਆ। ਅਤੇ ਬਾਅਦ ਵਿੱਚ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਦਰਵਾਜ਼ਾ ਖੋਲ੍ਹ ਦਿਓ! ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ। ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।
”ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਤੇ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਅਲੱਗ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਅਲੱਗ ਕਰੇਗਾ। ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ।
”ਤਦ ਰਾਜਾ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹ ਦੇ ਵਾਰਿਸ ਹੋਵੋ। ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ, ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ। ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਤੇ ਤੈਨੂੰ ਖੁਆਇਆ ਜਾਂ ਤਿਹਾਇਆ ਦੇਖਿਆ ਤੇ ਤੈਨੂੰ ਪਿਲਾਇਆ? ਕਦੋਂ ਅਸੀਂ ਤੈਨੂੰ ਪਰਦੇਸੀ ਵੇਖਿਆ ਤੇ ਤੈਨੂੰ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ? ਕਦੋਂ ਅਸੀਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਤੇ ਤੇਰੇ ਕੋਲ ਆਏ? ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਨ੍ਹਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।
”ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। ਕਿਉਂ ਜੋ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸੀ ਤੇ ਤੁਸੀਂ ਮੈਨੂੰ ਨਾ ਪਿਆਇਆ। ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸੀ ਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ, ਰੋਗੀ ਅਤੇ ਕੈਦੀ ਸੀ ਤੇ ਤੁਸੀਂ ਮੇਰੀ ਖ਼ਬਰ ਨਾ ਲਈ। ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕਦੋਂ ਅਸੀਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਸੇਵਾ ਨਾ ਕੀਤੀ? ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ। ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।
”ਯਿਸੂ ਨੇ ਉਹ ਨੂੰ ਕਿਹਾ, ਤੂੰ ਸੱਚ ਆਖ ਦਿੱਤਾ ਹੈ, ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ।
”ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀੜ੍ਹੀ ਦੇ ਲੋਕਾਂ ਵਿੱਚ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਉਹ ਆਪਣੇ ਪਿਤਾ ਦੀ ਮਹਿਮਾ ਨਾਲ ਪਵਿੱਤਰ ਦੂਤਾਂ ਸਣੇ ਆਵੇਗਾ।
”ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਕਈ ਹਨ ਕਿ ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ, ਤਦ ਤੱਕ ਮੌਤ ਦਾ ਸੁਆਦ ਨਾ ਚੱਖਣਗੇ।
”ਜੋ ਸਾਨੂੰ ਦੱਸੋ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਨਿਸ਼ਾਨ ਹੋਵੇਗਾ, ਜਦੋਂ ਇਹ ਸਭ ਪੂਰੀਆਂ ਹੋਣ ਲੱਗਣਗੀਆਂ? ਯਿਸੂ ਨੇ ਉਨ੍ਹਾਂ ਨੂੰ ਆਖਿਆ, ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖੇ ਵਿੱਚ ਨਾ ਪਾਵੇ। ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀ ਖ਼ਬਰਾਂ ਨੂੰ ਸੁਣੋ ਤਾਂ ਘਬਰਾ ਨਾ ਜਾਣਾ। ਕਿਉਂਕਿ ਇਨ੍ਹਾਂ ਦਾ ਹੋਣਾ ਜ਼ਰੂਰ ਹੈ ਪਰ ਅਜੇ ਅੰਤ ਨਹੀਂ ਹੋਵੇਗਾ। ਕਿਉਂ ਜੋ ਕੌਮ-ਕੌਮ ਉੱਤੇ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ। ਥਾਂ-ਥਾਂ ਭੂਚਾਲ ਆਉਣਗੇ, ਅਤੇ ਕਾਲ ਪੈਣਗੇ। ਇਹ ਤਾਂ ਅਜੇ ਦੁੱਖਾਂ ਦੀ ਸ਼ੁਰੂਆਤ ਹੀ ਹੈ!।
”ਪਰ ਤੁਸੀਂ ਚੌਕਸ ਰਹੋ ਕਿਉਂ ਜੋ ਲੋਕ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਤੁਸੀਂ ਪ੍ਰਾਰਥਨਾ ਘਰਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਗਵਾਹੀ ਹੋਵੇ। ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਏ। ਪਰ ਜਦੋਂ ਤੁਹਾਨੂੰ ਲੈ ਜਾ ਕੇ ਉਨ੍ਹਾ ਦੇ ਹਵਾਲੇ ਕਰਨ, ਤਾਂ ਪਹਿਲਾਂ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਆਖਾਂਗੇ, ਪਰ ਜੋ ਕੁਝ ਉਸ ਘੜੀ ਤੁਹਾਨੂੰ ਬਖ਼ਸ਼ਿਆ ਜਾਵੇ ਸੋਈ ਆਖਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ, ਪਰ ਪਵਿੱਤਰ ਆਤਮਾ ਹੈ। ਅਤੇ ਭਾਈ-ਭਾਈ ਨੂੰ ਅਤੇ ਪਿਤਾ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋ ਕੇ ਉਨ੍ਹਾਂ ਨੂੰ ਮਰਵਾ ਸੁੱਟਣਗੇ। ਅਤੇ ਮੇਰੇ ਨਾਮ ਦੇ ਕਾਰਣ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ।
”ਸੋ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਹੋਣਾ ਚਾਹੀਦਾ, ਉੱਥੇ ਖੜੀ ਵੇਖੋ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਉੱਤੇ ਭੱਜ ਜਾਣ। ਅਤੇ ਜਿਹੜਾ ਕੋਠੇ ਉੱਤੇ ਹੋਵੇ ਉਹ ਹੇਠਾਂ ਨਾ ਉੱਤਰੇ ਅਤੇ ਆਪਣੇ ਘਰੋਂ ਕੁਝ ਲੈਣ ਲਈ ਅੰਦਰ ਨਾ ਵੜੇ। ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। ਅਤੇ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ ਵਿੱਚ ਨਾ ਹੋਵੇ। ਕਿਉਂਕਿ ਉਨ੍ਹਾ ਦਿਨਾਂ ਵਿੱਚ ਐਡਾ ਕਸ਼ਟ ਹੋਵੇਗਾ, ਜੋ ਸਰਿਸ਼ਟ ਦੇ ਮੁਢੋਂ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ। ਅਤੇ ਜੇ ਪ੍ਰਭੂ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਪ੍ਰਾਣੀ ਨਾ ਬਚਦਾ ਪਰ ਉਹਨਾਂ ਚੁਣਿਆ ਹੋਇਆਂ ਦੀ ਖਾਤਰ, ਜਿਹਨਾਂ ਨੂੰ ਉਸ ਨੇ ਚੁਣਿਆ ਹੈ ਉਸ ਨੇ ਉਹਨਾਂ ਦਿਨਾਂ ਨੂੰ ਘਟਾਇਆ
”ਅਤੇ ਉਸ ਸਮੇਂ ਜੇ ਕੋਈ ਤੁਹਾਨੂੰ ਆਖੇ ਕਿ ਵੇਖੋ ਮਸੀਹ ਐਥੇ ਹੈ! ਜਾਂ ਵੇਖੋ ਉੱਥੇ ਹੈ! ਤਾਂ ਸੱਚ ਨਾ ਮੰਨਣਾ। ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ। ਪਰ ਤੁਸੀਂ ਚੌਕਸ ਰਹੋ, ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਸੱਭੋ ਕੁਝ ਦੱਸ ਦਿੱਤਾ।
”ਉਨ੍ਹਾ ਦਿਨਾਂ ਵਿੱਚ ਕਸ਼ਟ ਦੇ ਪਿੱਛੋਂ ਸੂਰਜ ਅਨ੍ਹੇਰਾ ਹੋ ਜਾਵੇਗਾ, ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ। ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੇ ਵੇਖਣਗੇ। ਉਸ ਵੇਲੇ ਉਹ ਆਪਣੇ ਦੂਤਾਂ ਨੂੰ ਭੇਜੇਗਾ, ਅਤੇ ਉਹ ਧਰਤੀ ਦੀ ਹੱਦੋਂ ਅਕਾਸ਼ ਦੀ ਹੱਦ ਤੱਕ ਚਾਰੇ ਪਾਸਿਓਂ ਆਪਣੇ ਚੁਣਿਆ ਹੋਇਆਂ ਨੂੰ ਇਕੱਠਿਆਂ ਕਰੇਗਾ।
”ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀਆਂ ਟਹਿਣੀਆਂ ਨਰਮ ਹੁੰਦੀਆਂ ਹਨ, ਅਤੇ ਪੱਤੇ ਫੁੱਟਦੇ ਹਨ ਤਾਂ ਤੁਸੀਂ ਜਾਣ ਲੈਂਦੇ ਹੋ ਜੋ ਗਰਮੀ ਦੀ ਰੁੱਤ ਨੇੜੇ ਆ ਗਈ ਹੈ। ਇਸੇ ਤਰ੍ਹਾਂ ਜਦ ਤੁਸੀਂ ਵੀ ਵੇਖੋ ਕਿ ਇਹ ਗੱਲਾਂ ਹੁੰਦੀਆਂ ਹਨ, ਤਾਂ ਜਾਣ ਲੈਣਾ ਕਿ ਉਹ ਨੇੜੇ ਹੈ ਸਗੋਂ ਬੂਹੇ ਉੱਤੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਲੈਣ ਇਹ ਪੀੜ੍ਹੀ ਬੀਤ ਨਾ ਜਾਵੇਗੀ। ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ। ਪਰ ਉਸ ਦਿਨ ਜਾਂ ਉਸ ਸਮੇਂ ਦੇ ਬਾਰੇ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ, ਨਾ ਪੁੱਤਰ ਪਰ ਕੇਵਲ ਪਿਤਾ। ਖ਼ਬਰਦਾਰ, ਜਾਗਦੇ ਅਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਸਮਾਂ ਕਦੋਂ ਹੋਵੇਗਾ। ਇਹ ਇੱਕ ਪ੍ਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਸ ਨੇ ਘਰੋਂ ਜਾਂਦੇ ਸਮੇਂ ਆਪਣੇ ਨੌਕਰਾਂ ਨੂੰ ਅਧਿਕਾਰ ਅਤੇ ਹਰੇਕ ਨੂੰ ਉਹ ਦਾ ਕੰਮ ਦਿੱਤਾ ਅਤੇ ਦਰਬਾਨ ਨੂੰ ਹੁਕਮ ਦਿੱਤਾ ਕਿ ਜਾਗਦਾ ਰਹਿ। ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਜੋ ਘਰ ਦਾ ਮਾਲਕ ਕਦ ਆਵੇਗਾ, ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਜਾਂ ਤੜਕੇ ਨੂੰ। ਕਿਤੇ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤੇ ਪਏ ਵੇਖੇ। ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ, ਉਹ ਹੀ ਸਾਰਿਆਂ ਨੂੰ ਆਖਦਾ ਹਾਂ ਕਿ ਜਾਗਦੇ ਰਹੋ!
”ਯਿਸੂ ਨੇ ਆਖਿਆ, ਮੈਂ ਹਾਂ ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ।
”ਜੋ ਕੋਈ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਤਾਂ ਮਨੁੱਖ ਦਾ ਪੁੱਤਰ ਵੀ, ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ ਤਾਂ ਉਸ ਤੋਂ ਸ਼ਰਮਾਏਗਾl ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ, ਮੌਤ ਦਾ ਸੁਆਦ ਨਹੀਂ ਚੱਖਣਗੇ।
”ਤੁਹਾਡੇ ਲੱਕ ਬੰਨ੍ਹੇ ਅਤੇ ਦੀਵੇ ਬਲਦੇ ਰਹਿਣ। ਅਤੇ ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੀ ਉਡੀਕ ਕਰਦੇ ਹਨ ਕਿ ਉਹ ਵਿਆਹ ਤੋਂ ਕਦ ਮੁੜ ਆਵੇਗਾ ਅਤੇ ਜਿਸ ਵੇਲੇ ਉਹ ਆਵੇ ਅਤੇ ਬੂਹਾ ਖੜਕਾਵੇ ਤਾਂ ਜੋ ਉਹ ਝੱਟ ਉਸ ਦੇ ਲਈ ਖੋਲ੍ਹਣ। ਧੰਨ ਹੈ ਉਹ ਦਾਸ ਜਿਨ੍ਹਾਂ ਨੂੰ ਮਾਲਕ ਜਦ ਆਵੇ ਤਾਂ ਜਾਗਦਿਆਂ ਪਾਵੇ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆ ਕੇ ਉਨ੍ਹਾਂ ਦੀ ਸੇਵਾ ਕਰੇਗਾ। ਜੇਕਰ ਉਹ ਰਾਤ ਦੇ ਦੂਸਰੇ ਜਾ ਤੀਸਰੇ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਧੰਨ ਹੈ ਉਹ ਦਾਸ। ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਜੋ ਚੋਰ ਕਿਸ ਵੇਲੇ ਆਵੇਗਾ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ। ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।
”ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ। ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਆਉਣ ਵਿੱਚ ਦੇਰ ਲਾਉਂਦਾ ਹੈ ਅਤੇ ਦਾਸ-ਦਾਸੀਆਂ ਨੂੰ ਮਾਰੇ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ। ਤਾਂ ਉਸ ਨੌਕਰ ਦਾ ਮਾਲਕ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਸਮੇਂ ਉਹ ਨਹੀਂ ਜਾਣਦਾ ਆਵੇਗਾ ਅਤੇ ਉਸ ਨੂੰ ਟੁੱਕੜੇ-ਟੁੱਕੜੇ ਕਰ ਕੇ ਬੇਈਮਾਨਾਂ ਨਾਲ ਉਸ ਦਾ ਹਿੱਸਾ ਠਹਿਰਾਵੇਗਾ। ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ ਅਤੇ ਉਸ ਦੀ ਮਰਜ਼ੀ ਅਨੁਸਾਰ ਕੰਮ ਨਾ ਕੀਤਾ ਬਹੁਤ ਮਾਰ ਖਾਵੇਗਾ।
”ਫੇਰ ਉਸ ਨੇ ਭੀੜ ਨੂੰ ਵੀ ਕਿਹਾ, ਜਦ ਪੱਛਮ ਪਾਸੇ ਬੱਦਲ ਉੱਠਦਾ ਹੈ ਤਾਂ ਤੁਸੀਂ ਛੇਤੀ ਆਖਦੇ ਹੋ, ਮੀਂਹ ਆਉਂਦਾ ਹੈ ਅਤੇ ਉਸੇ ਤਰ੍ਹਾਂ ਹੁੰਦਾ ਵੀ ਹੈ। ਅਤੇ ਜਦ ਦੱਖਣ ਦੀ ਹਨੇਰੀ ਵਗਦੀ ਹੈ ਤਦ ਆਖਦੇ ਹੋ ਕਿ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ। ਹੇ ਕਪਟੀਓ! ਧਰਤੀ ਅਤੇ ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਇਸ ਸਮੇਂ ਦੀ ਜਾਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ?
”ਉਸ ਨੇ ਚੇਲਿਆਂ ਨੂੰ ਆਖਿਆ, ਉਹ ਦਿਨ ਵੀ ਆਉਣਗੇ ਜਦ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇੱਕ ਦਿਨ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ। ਅਤੇ ਲੋਕ ਤੁਹਾਨੂੰ ਕਹਿਣਗੇ, ਵੇਖੋ, ਉਹ ਉੱਥੇ ਹੈ ਜਾਂ ਇੱਥੇ ਹੈ! ਤੁਸੀਂ ਨਾ ਜਾਣਾ ਅਤੇ ਉਨ੍ਹਾਂ ਮਗਰ ਨਾ ਲੱਗਣਾ। ਕਿਉਂਕਿ ਜਿਸ ਤਰ੍ਹਾਂ ਬਿਜਲੀ ਅਕਾਸ਼ ਦੇ ਹੇਠ ਇੱਕ ਪਾਸੇ ਲਿਸ਼ਕਦੀ ਹੈ ਅਤੇ ਅਕਾਸ਼ ਦੇ ਹੇਠ ਦੂਜੇ ਪਾਸੇ ਤੱਕ ਚਮਕਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਹੋਵੇਗਾ।
”ਪਰ ਪਹਿਲਾਂ ਉਸ ਦੇ ਲਈ ਇਹ ਜ਼ਰੂਰੀ ਹੈ ਜੋ ਉਹ ਬਹੁਤ ਦੁੱਖ ਭੋਗੇ ਅਤੇ ਇਸ ਪੀੜ੍ਹੀ ਦੇ ਲੋਕ ਉਸ ਨੂੰ ਠੁਕਰਾਉਣ। ਅਤੇ ਜਿਸ ਤਰ੍ਹਾਂ ਨੂਹ ਨਬੀ ਦੇ ਦਿਨਾਂ ਵਿੱਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। ਜਿਸ ਦਿਨ ਤੱਕ ਨੂਹ ਨਬੀ ਕਿਸ਼ਤੀ ਉੱਤੇ ਨਾ ਚੜ੍ਹਿਆ, ਉਹ ਖਾਂਦੇ-ਪੀਂਦੇ ਸਨ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਅਤੇ ਜਦ ਜਲ ਪਰਲੋ ਆਈ ਅਤੇ ਸਾਰਿਆਂ ਦਾ ਨਾਸ ਕੀਤਾ। ਅਤੇ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਲੋਕ ਖਾਂਦੇ-ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। ਅਤੇ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਤਾਂ ਅਕਾਸ਼ ਤੋਂ ਅੱਗ ਅਤੇ ਗੰਧਕ ਬਰਸੀ ਅਤੇ ਸਭ ਦਾ ਨਾਸ ਕੀਤਾ। ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਦ ਮਨੁੱਖ ਦਾ ਪੁੱਤਰ ਪਰਗਟ ਹੋਵੇਗਾ।
”ਉਸ ਦਿਨ ਜਿਹੜਾ ਛੱਤ ਉੱਤੇ ਹੋਵੇ ਅਤੇ ਉਸ ਦਾ ਸਮਾਨ ਘਰ ਵਿੱਚ ਹੋਵੇ ਤਾਂ ਉਸ ਨੂੰ ਲੈਣ ਥੱਲੇ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਵਾਪਸ ਨਾ ਮੁੜੇ। ਲੂਤ ਦੀ ਪਤਨੀ ਨੂੰ ਯਾਦ ਰੱਖੋ। ਜੋ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਸ ਨੂੰ ਜਿਉਂਦਿਆਂ ਰੱਖੇਗਾ।
”ਮੈਂ ਤੁਹਾਨੂੰ ਆਖਦਾ ਹਾਂ ਕਿ ਉਸ ਰਾਤ ਦੋ ਜਣੇ ਇੱਕ ਮੰਜੇ ਉੱਤੇ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। ਦੋ ਔਰਤਾਂ ਇਕੱਠੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ। ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ, ਪ੍ਰਭੂ ਜੀ ਇਹ ਸਭ ਕਿੱਥੇ ਹੋਵੇਗਾ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿੱਥੇ ਲੋਥ ਹੈ ਉੱਥੇ ਗਿਰਝਾਂ ਵੀ ਇਕੱਠੀਆਂ ਹੋਣਗੀਆਂ।
”ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਨਾ ਲਵੇਗਾ, ਜਿਹੜੇ ਰਾਤ-ਦਿਨ ਉਸ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਉਹਨਾਂ ਦੇ ਨਿਆਂ ਵਿੱਚ ਦੇਰੀ ਕਰੇ? ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਛੇਤੀ ਹੀ ਉਨ੍ਹਾਂ ਦਾ ਬਦਲਾ ਲਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?।
”ਤਦ ਉਸ ਨੇ ਉਹਨਾਂ ਨੂੰ ਕਿਹਾ, ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। ਅਤੇ ਥਾਂ-ਥਾਂ ਕਾਲ ਅਤੇ ਵੱਡੇ ਭੂਚਾਲ ਅਤੇ ਮਹਾਂਮਾਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਤੇ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ।
”ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਤੇ ਪ੍ਰਾਰਥਨਾ ਘਰਾਂ ਅਤੇ ਕੈਦਖ਼ਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ। ਇਹ ਤੁਹਾਡੇ ਲਈ ਗਵਾਹੀ ਦੇਣ ਦਾ ਮੌਕਾ ਹੋਵੇਗਾ। ਇਸ ਲਈ ਆਪਣੇ ਮਨ ਵਿੱਚ ਠਾਣ ਲਵੋ ਜੋ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ। ਕਿਉਂ ਜੋ ਮੈਂ ਤੁਹਾਨੂੰ ਇਹੋ ਜਿਹੇ ਬੋਲ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਜਾ ਵਿਰੋਧ ਨਾ ਕਰ ਸਕਣਗੇ। ਅਤੇ ਤੁਹਾਡੇ ਮਾਂ ਪਿਉ ਅਤੇ ਭਾਈ ਅਤੇ ਰਿਸ਼ਤੇਦਾਰ ਅਤੇ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ। ਅਤੇ ਮੇਰੇ ਨਾਮ ਕਾਰਨ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ। ਪਰ ਤੁਹਾਡੇ ਸਿਰ ਦਾ ਇੱਕ ਵੀ ਵਾਲ਼ ਵਿੰਗਾ ਨਾ ਹੋਵੇਗਾ ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾਓਗੇ।
”ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਸ ਦੀ ਬਰਬਾਦੀ ਨੇੜੇ ਆ ਪਹੁੰਚੀ ਹੈ। ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਵੱਲ ਭੱਜ ਜਾਣ ਅਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਸ ਦੇ ਅੰਦਰ ਨਾ ਵੜਨ। ਕਿਉਂ ਜੋ ਇਹ ਬਦਲਾ ਲੈਣ ਦੇ ਦਿਨ ਹਨ, ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ। ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡਾ ਕਲੇਸ਼ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ। ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ।
”ਸੂਰਜ, ਚੰਦ ਅਤੇ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਅਤੇ ਉਸ ਦੀਆਂ ਲਹਿਰਾਂ ਦੇ ਗਰਜਣ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ। ਅਤੇ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੇ ਇੰਤਜ਼ਾਰ ਤੋਂ ਜੋ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਦਿਲ ਡੋਲ ਜਾਣਗੇ ਕਿਉਂ ਜੋ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। ਜਦ ਇਹ ਗੱਲਾਂ ਪੂਰੀਆਂ ਹੋਣ ਲੱਗਣ ਤਾਂ ਆਪਣੇ ਸਿਰ ਉੱਪਰ ਉੱਠਾਓ, ਇਸ ਲਈ ਜੋ ਤੁਹਾਡਾ ਛੁਟਕਾਰਾ ਨੇੜੇ ਆਇਆ ਹੈ।”
”ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਹੰਜ਼ੀਰ ਦੇ ਰੁੱਖ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ। ਜਦ ਉਨ੍ਹਾਂ ਦੇ ਪੱਤੇ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ। ਇਸੇ ਪ੍ਰਕਾਰ ਹੀ ਜਦ ਤੁਸੀਂ ਵੇਖੋ ਜੋ ਇਹ ਗੱਲਾਂ ਹੁੰਦੀਆਂ ਹਨ ਤਾਂ ਜਾਣ ਲਓ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ। ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ। ਖ਼ਬਰਦਾਰ ਰਹੋ ਜੋ ਹੱਦ ਤੋਂ ਵੱਧ ਖਾਣ-ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਸੁਸਤ ਨਾ ਹੋ ਜਾਣ ਅਤੇ ਉਹ ਦਿਨ ਫੰਦੇ ਵਾਂਗੂੰ ਤੁਹਾਡੇ ਉੱਤੇ ਅਚਾਨਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦੇ ਸਭ ਵਸਨੀਕਾਂ ਉੱਤੇ ਆਵੇਗਾ। ਪਰ ਪ੍ਰਾਰਥਨਾ ਕਰਦਿਆਂ ਹਰ ਸਮੇਂ ਜਾਗਦੇ ਰਹੋ, ਜੋ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ।
”ਮੈਂ ਤੁਹਾਨੂੰ ਸੱਚ ਆਖਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਸਗੋਂ ਹੁਣੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ। ਪਿਤਾ ਹੀ ਜੀਵਨ ਦੇਣ ਵਾਲਾ ਹੈ, ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹੈ। ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ। ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ, ਜਦੋਂ ਕਬਰਾਂ ਵਿੱਚ ਮੁਰਦੇ ਵੀ ਉਸ ਦੀ ਅਵਾਜ਼ ਸੁਣਨਗੇ। ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਗੇ, ਉਹ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਭਾਰੇ ਜਾਣਗੇ ਅਤੇ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਨਿਆਂ ਲਈ ਜਿਵਾਲੇ ਜਾਣਗੇ।”
”ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ। ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਹਿੰਦਾ। ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ। ਉੱਥੇ ਜਾ ਕੇ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਅਦ, ਮੈਂ ਫੇਰ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਂਵਾਂਗਾ।
”ਅਤੇ ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਉਨ੍ਹਾਂ ਦੇ ਵੇਖਦਿਆਂ ਹੀ ਉਹ ਉਤਾਹਾਂ ਉੱਠਾਇਆ ਗਿਆ ਅਤੇ ਬੱਦਲ ਨੇ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ। ਅਤੇ ਉਸ ਦੇ ਜਾਂਦਿਆਂ ਹੋਇਆਂ ਜਦੋਂ ਉਹ ਅਕਾਸ਼ ਦੀ ਵੱਲ ਤੱਕ ਰਹੇ ਸਨ, ਤਾਂ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਆ ਖੜੇ ਹੋਏ। ਅਤੇ ਉਹ ਆਖਣ ਲੱਗੇ, ਹੇ ਗਲੀਲੀ ਮਨੁੱਖੋ, ਤੁਸੀਂ ਕਿਉਂ ਅਕਾਸ਼ ਦੀ ਵੱਲ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਸਵਰਗ ਉੱਪਰ ਉੱਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਉੱਤੇ ਜਾਂਦੇ ਵੇਖਿਆ l
”ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਜੋ ਸਾਡੇ ਵੱਲ ਪਰਕਾਸ਼ ਹੋਣ ਵਾਲੀ ਹੈ, ਕੁਝ ਵੀ ਨਹੀਂ। ਸ੍ਰਿਸ਼ਟੀ ਵੀ ਵੱਡੀ ਆਸ ਨਾਲ ਪਰਮੇਸ਼ੁਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ।
”ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਆਪਣੀ ਜੀਵਨ ਦੀ ਸਹੁੰ, ਕਿ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ, ਅਤੇ ਹਰ ਇੱਕ ਜ਼ੁਬਾਨ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ।
”ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਸ਼ੈਤਾਨ ਨੂੰ ਛੇਤੀ ਹੀ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।
”ਪਰ ਜੇ ਕੋਈ ਉਸ ਨੀਂਹ ਉੱਤੇ ਸੋਨੇ, ਚਾਂਦੀ, ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ-ਫੂਸ ਦੀ ਉਸਾਰੀ ਕਰੇ। ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਪ੍ਰਗਟ ਕਰ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ। ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਇਨਾਮ ਮਿਲੇਗਾ। ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ।
”ਜਿੰਨਾਂ ਚਿਰ ਪ੍ਰਭੂ ਨਾ ਆਵੇ, ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਆਂ ਨਾ ਕਰਿਆ ਕਰੋ, ਉਹ ਆਪ ਹਨੇਰੇ ਦੀਆਂ ਛਿਪੀਆਂ ਗੱਲਾਂ ਤੇ ਪਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ। ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ੁਰ ਦੀ ਵੱਲੋਂ ਵਡਿਆਈ ਮਿਲੇਗੀ।
”ਤਦ ਇਹੋ ਜਿਹੇ ਮਨੁੱਖ ਨੂੰ ਸਰੀਰ ਦੇ ਨਾਸ ਹੋਣ ਲਈ ਸ਼ੈਤਾਨ ਦੇ ਹਵਾਲੇ ਕਰੋ ਤਾਂ ਜੋ ਉਸ ਦਾ ਆਤਮਾ ਪ੍ਰਭੂ ਯਿਸੂ ਦੇ ਦਿਨ ਬਚ ਜਾਵੇ। ਤੁਹਾਡਾ ਘਮੰਡ ਕਰਨਾ ਚੰਗਾ ਨਹੀਂ, ਕੀ ਤੁਸੀਂ ਨਹੀਂ ਜਾਣਦੇ ਜੋ ਥੋੜ੍ਹਾ ਜਿਹਾ ਖ਼ਮੀਰ ਸਾਰੇ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ?
”ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸਾਰੇ ਨਹੀਂ ਸੌਂਵਾਂਗੇ। ਪਰ ਸਾਰੇ ਪਲ ਭਰ ਵਿੱਚ ਅੱਖ ਦੀ ਝਮਕ ਵਿੱਚ ਆਖਰੀ ਤੁਰ੍ਹੀ ਫੂਕਦਿਆਂ ਸਾਰ ਬਦਲ ਜਾਂਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਬਦਲ ਜਾਂਵਾਂਗੇ।
”ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ। ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ।
”ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪਰਗਟ ਕੀਤਾ ਜਾਵੇਗਾ ਉਸ ਵੇਲੇ ਤੁਸੀਂ ਵੀ ਉਹ ਦੇ ਨਾਲ ਮਹਿਮਾ ਵਿੱਚ ਪਰਗਟ ਕੀਤੇ ਜਾਓਗੇ।
”ਅਤੇ ਉਹ ਦੇ ਪੁੱਤਰ ਦੇ ਸਵਰਗੋਂ ਆਉਣ ਦੀ ਉਡੀਕ ਕਰਦੇ ਰਹੋ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਰਥਾਤ ਪ੍ਰਭੂ ਯਿਸੂ ਦੀ, ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਵੇਗਾ।
”ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਬਾਰੇ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ, ਤੁਸੀਂ ਪਰਾਈਆਂ ਕੌਮਾਂ ਦੀ ਤਰ੍ਹਾਂ ਸੋਗ ਕਰੋ, ਜਿਨ੍ਹਾਂ ਨੂੰ ਕੋਈ ਆਸ ਨਹੀਂ। ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫੇਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਹ ਦੇ ਨਾਲ ਜਿਵਾਲੇਗਾ। ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਕਿ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਜਿਉਂਦੇ ਰਹਿੰਦੇ ਹਾਂ, ਉਹਨਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਸੌਂ ਗਏ ਹਨ।
”ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ, ਬੱਦਲਾਂ ਉੱਤੇ ਅਚਾਨਕ ਉੱਠਾਏ ਜਾਂਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ।
”ਪਰ ਹੇ ਭਰਾਵੋ, ਤੁਹਾਡੇ ਲਈ ਸਮਿਆਂ ਅਤੇ ਮੌਸਮਾਂ ਬਾਰੇ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ। ਕਿਉਂਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ, ਜਿਸ ਤਰ੍ਹਾਂ ਰਾਤ ਨੂੰ ਚੋਰ ਆਉਂਦਾ ਹੈ। ਜਦ ਲੋਕ ਆਖਦੇ ਹੋਣਗੇ ਕਿ ਅਮਨ ਚੈਨ ਅਤੇ ਸੁੱਖ-ਸਾਂਦ ਹੈ ਤਦ ਜਿਵੇਂ ਗਰਭਵਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ। ਪਰ ਹੇ ਭਰਾਵੋ, ਤੁਸੀਂ ਹਨ੍ਹੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਵਾਗੂੰ ਆ ਪਵੇ।
”ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ, ਸਗੋਂ ਇਸ ਲਈ ਠਹਿਰਾਇਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ। ਜਿਹੜਾ ਸਾਡੇ ਲਈ ਮਰਿਆ, ਤਾਂ ਕਿ ਅਸੀਂ ਭਾਵੇਂ ਜਾਗਦੇ ਜਾਂ ਸੁੱਤੇ ਹੋਈਏ ਉਹ ਦੇ ਨਾਲ ਹੀ ਜਿਉਂਦੇ ਹੋ ਜਾਈਏ।
”ਐਥੋਂ ਤੱਕ ਜੋ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ੁਰ ਦੀਆਂ ਸਾਰੀਆਂ ਕਲੀਸਿਯਾਂਵਾਂ ਵਿੱਚ ਤੁਹਾਡੇ ਉੱਤੇ ਮਾਣ ਕਰਦੇ ਹਾਂ। ਇਹ ਪਰਮੇਸ਼ੁਰ ਦੇ ਸੱਚੇ ਨਿਆਂ ਦਾ ਪਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਜਾਓ, ਜਿਸ ਦੇ ਲਈ ਤੁਸੀਂ ਦੁੱਖ ਵੀ ਭੋਗਦੇ ਹੋ। ਕਿਉਂ ਜੋ ਪਰਮੇਸ਼ੁਰ ਦੇ ਵੱਲੋਂ ਇਹ ਨਿਆਂ ਦੀ ਗੱਲ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਉਹ ਉਹਨਾਂ ਨੂੰ ਦੁੱਖ ਦੇਵੇ। ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ, ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਦੋਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਦੇ ਨਾਲ ਭੜਕਦੀ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ। ਉਹ ਪ੍ਰਭੂ ਦੇ ਹਜ਼ੂਰੋਂ, ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼ ਦੀ ਸਜ਼ਾ ਪਾਉਣਗੇ। ਉਸ ਦਿਨ ਜਦ ਉਹ ਆਵੇਗਾ ਜੋ ਆਪਣਿਆਂ ਸੰਤਾਂ ਵਿੱਚ ਮਹਿਮਾ ਪਾਵੇ ਅਤੇ ਸਾਰੇ ਵਿਸ਼ਵਾਸੀਆਂ ਵਿੱਚ ਅਚਰਜ਼ ਮੰਨਿਆ ਜਾਵੇ ਕਿਉਂਕਿ ਤੁਸੀਂ ਸਾਡੀ ਗਵਾਹੀ ਤੇ ਵਿਸ਼ਵਾਸ ਕੀਤਾ।
”ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਬਾਰੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ। ਜੋ ਤੁਸੀਂ ਕਿਸੇ ਆਤਮਾ, ਬਚਨ ਜਾਂ ਸਾਡੇ ਨਾਮ ਦੀ ਨਕਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਬਰਾਓ ਜੋ ਸਮਝੋ ਕਿ ਪ੍ਰਭੂ ਦਾ ਦਿਨ ਆਉਣ ਵਾਲਾ ਹੈ! ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਿੰਨਾਂ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪਰਗਟ ਨਾ ਹੋ ਜਾਵੇ। ਜੋ ਮਸੀਹ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੱਕ ਕਿ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਵਾਂਗੂੰ ਵਿਖਾਉਂਦਾ ਹੈ।
”ਕੀ ਤੁਹਾਨੂੰ ਚੇਤੇ ਨਹੀਂ ਕਿ ਜਦੋਂ ਮੈਂ ਤੁਹਾਡੇ ਕੋਲ ਸੀ, ਮੈਂ ਤੁਹਾਨੂੰ ਇਹ ਗੱਲਾਂ ਨਹੀਂ ਆਖੀਆਂ ਸਨ? ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਉਸ ਨੂੰ ਰੋਕ ਰਿਹਾ ਹੈ ਕਿ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ। ਕੁਧਰਮ ਅਰਥਾਤ ਪਾਪ ਦਾ ਭੇਤ ਹੁਣ ਵੀ ਕੰਮ ਕਰੀ ਜਾਂਦਾ ਹੈ ਪਰ ਹੁਣ ਇੱਕ ਰੋਕਣ ਵਾਲਾ ਹੈ ਅਤੇ ਜਦੋਂ ਤੱਕ ਉਹ ਦੂਰ ਨਾ ਹੋ ਜਾਵੇ, ਉਹ ਰੁੱਕਿਆ ਰਹੇਗਾ। ਤਦ ਉਹ ਕੁਧਰਮੀ ਪਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਸੁੱਟੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ। ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮਾਂ ਦੇ ਅਨੁਸਾਰ ਹਰ ਪਰਕਾਰ ਦੀ ਸਮਰੱਥਾ, ਝੂਠੀਆਂ ਨਿਸ਼ਾਨੀਆਂ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ। ਨਾਲੇ ਉਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ, ਕੁਧਰਮ ਦੇ ਹਰ ਪ੍ਰਕਾਰ ਦੇ ਧੋਖੇ ਨਾਲ ਹੋਵੇਗਾ, ਇਸ ਕਾਰਨ ਜੋ ਉਹਨਾਂ ਨੇ ਸਚਿਆਈ ਦੇ ਬਚਨ ਨੂੰ ਕਬੂਲ ਨਾ ਕੀਤਾ ਜਿਸ ਤੋਂ ਉਹਨਾਂ ਦੀ ਮੁਕਤੀ ਹੋ ਸਕਦੀ ਸੀ। ਇਸ ਲਈ ਪਰਮੇਸ਼ੁਰ ਉਨ੍ਹਾਂ ਉੱਤੇ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ। ਅਤੇ ਉਹ ਸਾਰੇ ਦੋਸ਼ੀ ਠਹਿਰਣ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਸਗੋਂ ਝੂਠ ਉੱਤੇ ਪਰਸੰਨ ਰਹੇ।
”ਕਿ ਤੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤੱਕ ਆਪਣੇ ਫ਼ਰਜ ਨੂੰ ਬੇਦਾਗ ਅਤੇ ਬੇਦੋਸ਼ ਕਰਕੇ ਰੱਖ। ਜਿਹ ਨੂੰ ਉਹ ਵੇਲੇ ਸਿਰ ਪ੍ਰਗਟ ਕਰੇਗਾ, ਜਿਹੜਾ ਧੰਨ ਅਤੇ ਸਰਬ ਸ਼ਕਤੀਮਾਨ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਅਮਰਤਾ ਇਕੱਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸਕਦਾ ਹੈ, ਉਸੇ ਦਾ ਆਦਰ ਅਤੇ ਪਰਾਕਰਮ ਸਦਾ ਹੀ ਹੋਵੇ। ਆਮੀਨ।
”ਪਰ ਇਸ ਗੱਲ ਨੂੰ ਜਾਣ ਲੈ ਕਿ ਅੰਤ ਦੇ ਦਿਨਾਂ ਵਿੱਚ ਬੁਰੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਸੁਆਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣ-ਆਗਿਆਕਾਰ, ਨਾਸ਼ੁਕਰੇ, ਅਪਵਿੱਤਰ। ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਸਖ਼ਤ ਸੁਭਾਅ, ਨੇਕੀ ਦੇ ਵੈਰੀ। ਗੱਦਾਰ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪਿਆਰੇ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ, ਉਹ ਦੀ ਸਮਰੱਥਾ ਦੇ ਇਨਕਾਰੀ ਹੋਣਗੇ, ਤੂੰ ਇਹਨਾਂ ਤੋਂ ਵੀ ਦੂਰ ਰਹਿ।
”ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਨੂੰ, ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਗਵਾਹ ਕਰਕੇ ਉਹ ਦੇ ਪਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਆਗਿਆ ਦਿੰਦਾ ਹਾਂ। ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ। ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਹੁਕਮ ਕਰ। ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਖੁਜਲੀ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਬਹੁਤ ਸਾਰੇ ਗੁਰੂ ਲੱਭ ਲੈਣਗੇ। ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਮਨ ਲਗਾਉਣਗੇ। ਪਰ ਤੂੰ ਸਭ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਝੱਲੀ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਾ ਕਰੀਂ।
”ਆਖਿਰਕਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ।
”ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ।
”ਅਤੇ ਇਹ ਵੀ, - ਹੇ ਪ੍ਰਭੂ, ਤੂੰ ਆਦ ਵਿੱਚ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ, ਉਹ ਨਾਸ ਹੋ ਜਾਣਗੇ ਪਰ ਤੂੰ ਅਟੱਲ ਰਹਿੰਦਾ ਹੈਂ, ਉਹ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਅਤੇ ਚਾਦਰ ਵਾਂਗੂੰ ਤੂੰ ਉਹਨਾਂ ਨੂੰ ਲਪੇਟੇਂਗਾ ਅਤੇ ਕੱਪੜੇ ਵਾਂਗੂੰ ਉਹ ਬਦਲੇ ਜਾਣਗੇ, ਪਰ ਤੂੰ ਉਹ ਹੀ ਹੈ ਅਤੇ ਤੇਰੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ।
”ਸੋ ਜ਼ਰੂਰੀ ਸੀ ਕਿ ਸਵਰਗ ਵਿਚਲੀਆਂ ਵਸਤਾਂ ਦੇ ਨਮੂਨੇ ਇਨ੍ਹਾਂ ਨਾਲ, ਪਰ ਸਵਰਗੀ ਵਸਤਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨਾਂ ਨਾਲ ਸ਼ੁੱਧ ਕੀਤੀਆਂ ਜਾਣ। ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸਵਰਗ ਵਿੱਚ ਹੀ ਗਿਆ ਕਿ ਹੁਣ ਸਾਡੇ ਲਈ ਪਰਮੇਸ਼ੁਰ ਦੇ ਅੱਗੇ ਪੇਸ਼ ਹੋਵੇ। ਅਤੇ ਇਹ ਨਹੀਂ ਕਿ ਉਹ ਆਪਣੇ ਆਪ ਨੂੰ ਵਾਰ-ਵਾਰ ਚੜ੍ਹਾਵੇ ਜਿਵੇਂ ਪ੍ਰਧਾਨ ਜਾਜਕ ਪਵਿੱਤਰ ਸਥਾਨ ਦੇ ਅੰਦਰ ਹਰ ਸਾਲ ਲਹੂ ਲੈ ਕੇ ਜਾਂਦਾ ਹੁੰਦਾ ਸੀ। ਇਸ ਤਰ੍ਹਾਂ ਉਹ ਨੂੰ ਜਗਤ ਦੇ ਮੁੱਢੋਂ ਵਾਰ-ਵਾਰ ਦੁੱਖ ਭੋਗਣਾ ਪੈਂਦਾ ਸੀ। ਪਰ ਹੁਣ ਜੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪਰਗਟ ਹੋਇਆ ਹੈ ਕਿ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਂ ਹੁੰਦਾ ਹੈ। ਉਸ ਤਰ੍ਹਾਂ ਮਸੀਹ ਵੀ ਬਹੁਤਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਬਲੀਦਾਨ ਹੋਇਆ ਅਤੇ ਉਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮਾਂ ਤੋਂ ਅੱਲਗ ਹੋ ਕੇ ਮੁਕਤੀ ਦੇ ਲਈ ਦੂਜੀ ਵਾਰ ਪਰਗਟ ਹੋਵੇਗਾ।
”ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦੀ ਰੀਤੀ ਹੈ ਸਗੋਂ ਇੱਕ ਦੂਜੇ ਨੂੰ ਉਪਦੇਸ਼ ਕਰੀਏ ਅਤੇ ਇਹ ਉਨ੍ਹਾਂ ਹੀ ਵਧੀਕ ਹੋਵੇ ਜਿੰਨਾਂ ਤੁਸੀਂ ਵੇਖਦੇ ਹੋ ਕਿ ਉਹ ਦਿਨ ਨੇੜੇ ਆਉਂਦਾ ਹੈ।
”ਇਸਤਰੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ। ਕਈ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਚਾਹਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ।
”ਹੇ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ-ਮਾਰ ਕੇ ਰੋਵੋ! ਤੁਹਾਡਾ ਧਨ ਗਲ਼ ਗਿਆ ਅਤੇ ਤੁਹਾਡੇ ਬਸਤਰਾਂ ਨੂੰ ਕੀੜੇ ਖਾ ਗਏ। ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂੰ ਤੁਹਾਡਾ ਮਾਸ ਖਾ ਜਾਵੇਗਾ। ਤੁਸੀਂ ਅੰਤ ਦੇ ਦਿਨਾਂ ਵਿੱਚ ਧਨ ਜੋੜਿਆ ਹੈ।
”ਸੋ ਹੇ ਭਰਾਵੋ, ਪ੍ਰਭੂ ਦੇ ਆਉਣ ਤੱਕ ਧੀਰਜ ਕਰੋ, ਵੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਉਹ ਦੇ ਲਈ ਧੀਰਜ ਕਰਦਾ ਹੈ ਜਿਨ੍ਹਾਂ ਚਿਰ ਉਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ। ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੂ ਦਾ ਆਉਣਾ ਨੇੜੇ ਹੀ ਹੈ।
”ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ। ਅਤੇ ਆਖਣਗੇ ਕਿ ਉਹ ਦੇ ਆਉਣ ਦੇ ਵਾਇਦੇ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ, ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਓਹ ਜਾਣ ਬੁੱਝ ਕੇ ਇਸ ਗੱਲ ਨੂੰ ਭੁੱਲਾ ਛੱਡਦੇ ਹਨ ਕਿ ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪ੍ਰਾਚੀਨ ਕਾਲ ਤੋਂ ਹਨ ਅਤੇ ਧਰਤੀ ਪਾਣੀ ਤੋਂ ਬਾਹਰ ਅਤੇ ਪਾਣੀ ਦੇ ਵਿੱਚ ਸਥਿਰ ਹੈ। ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। ਪਰ ਅਕਾਸ਼ ਅਤੇ ਧਰਤੀ ਪਰਮੇਸ਼ੁਰ ਦੇ ਬਚਨ ਦੁਆਰਾ ਨਾਸ ਹੋਣ ਲਈ ਰੱਖੇ ਗਏ ਹਨ ਅਤੇ ਇਹ ਭਗਤੀਹੀਣ ਮਨੁੱਖਾਂ ਦੇ ਨਿਆਂ ਤੇ ਨਾਸ ਹੋਣ ਦੇ ਦਿਨ ਤੱਕ ਇਸ ਤਰ੍ਹਾਂ ਹੀ ਰਹਿਣਗੇ।
”ਹੇ ਪਿਆਰਿਓ, ਇੱਕ ਇਹ ਗੱਲ ਤੁਹਾਡੇ ਤੋਂ ਗੁੱਝੀ ਨਾ ਰਹੇ ਜੋ ਪ੍ਰਭੂ ਦੇ ਅੱਗੇ ਇੱਕ ਦਿਨ ਹਜ਼ਾਰ ਸਾਲ ਜਿਹਾ ਹੈ ਅਤੇ ਹਜ਼ਾਰ ਸਾਲ ਇੱਕ ਦਿਨ ਜਿਹਾ ਹੈ। ਪ੍ਰਭੂ ਆਪਣੇ ਵਾਅਦੇ ਪੂਰੇ ਕਰਨ ਵਿੱਚ ਢਿੱਲਾ ਨਹੀਂ ਹੈ ਜਿਵੇਂ ਬਹੁਤ ਉਸ ਦੇ ਢਿੱਲੇ ਹੋਣ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਜੋ ਕਿਸੇ ਦਾ ਨਾਸ ਹੋਵੇ ਸਗੋਂ ਸਾਰੇ ਤੋਬਾ ਕਰਨ।
”ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂੰ ਆਵੇਗਾ ਜਿਸ ਦੇ ਵਿੱਚ ਅਕਾਸ਼ ਵੱਡੀ ਗਰਜ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਪਸ਼ ਨਾਲ ਤਪ ਕੇ ਢੱਲ਼ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਭਸਮ ਹੋ ਜਾਵੇਗੀ। ਜਦੋਂ ਇਹ ਸੱਭੇ ਵਸਤਾਂ ਇਸ ਤਰ੍ਹਾਂ ਢੱਲ਼ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ, ਜਿਸ ਦੇ ਕਾਰਨ ਅਕਾਸ਼ ਸੜ ਕੇ ਢੱਲ਼ ਜਾਣਗੇ ਅਤੇ ਮੂਲ ਵਸਤਾਂ ਵੱਡੀ ਤਪਸ਼ ਨਾਲ ਤਪ ਕੇ ਪਿਘਲ ਜਾਣਗੀਆਂ। ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।
”ਅਤੇ ਸੰਸਾਰ ਅਤੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ। ਹੇ ਬਾਲਕੋ, ਇਹ ਅੰਤ ਦਾ ਸਮਾਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਕਿ ਮਸੀਹ ਵਿਰੋਧੀ ਆਉਂਦਾ ਹੈ ਸੋ ਹੁਣ ਵੀ ਮਸੀਹ ਦੇ ਵਿਰੋਧੀ ਬਹੁਤ ਉੱਠੇ ਹੋਏ ਹਨ, ਜਿਸ ਤੋਂ ਅਸੀਂ ਜਾਣਦੇ ਹਾਂ ਕਿ ਇਹ ਅੰਤ ਦਾ ਸਮਾਂ ਹੈ। ਉਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ। ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹ ਸਾਰੇ ਸਾਡੇ ਨਾਲ ਦੇ ਨਹੀਂ ਹਨ।
”ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ ਸਗੋਂ ਆਤਮਿਆਂ ਨੂੰ ਪਰਖੋ ਕਿ ਉਹ ਪਰਮੇਸ਼ੁਰ ਤੋਂ ਹਨ ਕਿ ਨਹੀਂ, ਕਿਉਂ ਜੋ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ। ਇਸ ਤੋਂ ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਜਾਣ ਲਵੋ। ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ੁਰ ਤੋਂ ਹੈ। ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਵੱਲੋਂ ਨਹੀਂ, ਅਤੇ ਇਹ ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ। ਹੇ ਬੱਚਿਓ, ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ। ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰਕ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ ਸੁਣਦਾ ਹੈ। ਅਸੀਂ ਪਰਮੇਸ਼ੁਰ ਤੋਂ ਹਾਂ। ਜਿਹੜਾ ਪਰਮੇਸ਼ੁਰ ਨੂੰ ਜਾਣਦਾ ਹੈ, ਉਹ ਸਾਡੀ ਸੁਣਦਾ ਹੈ। ਜੋ ਕੋਈ ਪਰਮੇਸ਼ੁਰ ਵੱਲੋਂ ਨਹੀਂ, ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸਚਿਆਈ ਦੇ ਆਤਮਾ ਅਤੇ ਧੋਖੇ ਦੇ ਆਤਮਾ ਨੂੰ ਜਾਣ ਲੈਂਦੇ ਹਾਂ।
”ਕਿਉਂ ਜੋ ਬਹੁਤ ਧੋਖ਼ੇਬਾਜ਼ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ ਛਲੇਡਾ ਅਤੇ ਮਸੀਹ ਵਿਰੋਧੀ ਹੈ। ਚੌਕਸ ਰਹੋ ਕਿ ਜਿਹੜੇ ਕੰਮ ਅਸੀਂ ਕੀਤੇ ਸੋ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ। ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ। ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ-ਸਾਂਦ ਮਨਾਓ। ਕਿਉਂਕਿ ਜਿਹੜਾ ਉਸ ਦੀ ਸੁੱਖ-ਸਾਂਦ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।
”ਨਾਲੇ ਹਨੋਕ ਨੇ ਜਿਹੜਾ ਆਦਮ ਤੋਂ ਸੱਤਵੀਂ ਪੀਹੜੀ ਦਾ ਸੀ ਇਹਨਾਂ ਹੀ ਦੇ ਵਿਖੇ ਅਗੰਮ ਵਾਕ ਕਰ ਕੇ ਆਖਿਆ ਭਈ ਵੇਖੋ, ਪ੍ਰਭੂ ਆਪਣੇ ਲੱਖਾਂ ਸੰਤਾਂ ਨਾਲ ਆਇਆ। ਤਾਂ ਕਿ ਸਭਨਾਂ ਦਾ ਨਿਆਂ ਕਰੇ ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ, ਦੋਸ਼ੀ ਠਹਿਰਾਵੇ।
”ਯਿਸੂ ਮਸੀਹ ਦਾ ਪਰਕਾਸ਼, ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਸਵਰਗ ਦੂਤ ਨੂੰ ਭੇਜ ਕੇ ਉਸ ਦੁਆਰਾ ਆਪਣੇ ਦਾਸ ਯੂਹੰਨਾ ਉੱਤੇ ਇਹ ਗੱਲਾਂ ਪ੍ਰਗਟ ਕੀਤੀਆਂ।
”ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਉਹ ਵੀ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਕਾਰਨ ਵਿਰਲਾਪ ਕਰਨਗੀਆਂ। ਹਾਂ! ਆਮੀਨ।
”ਤੂੰ ਜੋ ਮੇਰੇ ਧੀਰਜ ਦੇ ਬਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਉਸ ਪ੍ਰੀਖਿਆ ਦੇ ਸਮੇਂ ਤੇਰੀ ਰੱਖਿਆ ਕਰਾਂਗਾ, ਜੋ ਧਰਤੀ ਦੇ ਵਾਸੀਆਂ ਨੂੰ ਪਰਖਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲੀ ਹੈ। ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਮਜ਼ਬੂਤੀ ਨਾਲ ਫੜੀ ਰੱਖ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਮੁਕਟ ਕੋਈ ਹੋਰ ਲੈ ਜਾਵੇ। ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ, ਆਪਣੇ ਪਰਮੇਸ਼ੁਰ ਦੀ ਨਗਰੀ ਨਵਾਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ।
”ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਠੰਡਾ ਹੈਂ ਅਤੇ ਨਾ ਗਰਮ ਹੈਂ। ਮੈਂ ਚਾਹੁੰਦਾ ਸੀ ਜੋ ਤੂੰ ਠੰਡਾ ਜਾਂ ਗਰਮ ਹੁੰਦਾ! ਸੋ ਤੂੰ ਸੀਲ ਗਰਮ ਜੋ ਹੈਂ, ਨਾ ਗਰਮ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। ਤੂੰ ਜੋ ਆਖਦਾ ਹੈਂ ਜੋ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪਰ ਤੂੰ ਨਹੀਂ ਜਾਣਦਾ ਹੈਂ ਕਿ ਤੂੰ ਦੁੱਖੀ, ਮੰਦਭਾਗਾ, ਕੰਗਾਲ, ਅੰਨ੍ਹਾ ਅਤੇ ਨੰਗਾ ਹੈਂ। ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ, ਤਾਂ ਜੋ ਤੂੰ ਧਨਵਾਨ ਜੋ ਜਾਵੇਂ ਅਤੇ ਚਿੱਟੇ ਬਸਤਰ ਲੈ ਤਾਂ ਜੋ ਤੂੰ ਪਹਿਨ ਲਵੇਂ ਅਤੇ ਤੇਰੇ ਨੰਗੇਜ਼ ਦੀ ਸ਼ਰਮ ਪਰਗਟ ਨਾ ਹੋਵੇ ਅਤੇ ਆਪਣੀਆਂ ਅੱਖਾਂ ਵਿੱਚ ਪਾਉਣ ਨੂੰ ਸੁਰਮਾ ਲੈ, ਜੋ ਤੂੰ ਸੁਜਾਖਾ ਹੋ ਜਾਵੇਂ। ਮੈਂ ਜਿੰਨਿਆਂ ਨਾਲ ਪਿਆਰ ਕਰਦਾ ਹਾਂ, ਉਹਨਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉੱਦਮੀ ਬਣ ਅਤੇ ਤੋਬਾ ਕਰ।
”ਇਸ ਤੋਂ ਬਾਅਦ ਮੈਂ ਦੇਖਿਆ, ਤਾਂ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਅਵਾਜ਼ ਜੋ ਮੈਂ ਸੁਣੀ, ਸੋ ਤੁਰ੍ਹੀ ਜਿਹੀ ਮੇਰੇ ਨਾਲ ਗੱਲ ਕਰਦੀ ਸੀ ਕਿ ਐਧਰ ਉੱਪਰ ਨੂੰ ਆ ਜਾ ਅਤੇ ਜੋ ਕੁਝ ਇਸ ਦੇ ਬਾਅਦ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਂਵਾਗਾ।
”ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਮੈਂ ਉਹ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ, ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ ਸੱਤਾਂ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ। ਅਤੇ ਮੈਂ ਇੱਕ ਬਲਵਾਨ ਦੂਤ ਨੂੰ ਵੱਡੀ ਅਵਾਜ਼ ਨਾਲ ਇਹ ਪਰਚਾਰ ਕਰਦੇ ਵੇਖਿਆ ਕਿ ਪੋਥੀ ਨੂੰ ਖੋਲ੍ਹਣ ਅਤੇ ਉਹ ਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਕੌਣ ਹੈ? ਨਾ ਸਵਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ, ਜੋ ਉਸ ਪੋਥੀ ਨੂੰ ਖੋਲ੍ਹਣ ਅਤੇ ਪੜ੍ਹਨ ਦੇ ਯੋਗ ਹੋਵੇ। ਤਾਂ ਮੈਂ ਬਹੁਤ ਰੋਇਆ, ਕਿਉਂਕਿ ਉਸ ਪੋਥੀ ਦੇ ਖੋਲ੍ਹਣ ਜਾਂ ਉਸ ਉੱਤੇ ਨਿਗਾਹ ਕਰਨ ਦੇ ਯੋਗ ਕੋਈ ਨਾ ਨਿੱਕਲਿਆ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ! ਵੇਖ, ਉਹ ਬੱਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ “ਦਾਊਦ ਦੀ ਜੜ੍ਹ” ਹੈ, ਉਹ ਇਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ। ਅਤੇ ਮੈਂ ਸਿੰਘਾਸਣ ਅਤੇ ਚਾਰ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਵਿਚਾਲੇ ਇੱਕ ਲੇਲੇ ਨੂੰ ਜੋ ਜਿਵੇਂ ਬਲੀਦਾਨ ਕੀਤਾ ਹੋਇਆ ਸੀ ਖਲੋਤਾ ਵੇਖਿਆ, ਜਿਹ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ੁਰ ਦੇ ਸੱਤ ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਭੇਜੇ ਹੋਏ ਹਨ। ਅਤੇ ਉਹ ਨੇ ਆ ਕੇ ਉਸ ਦੇ ਸੱਜੇ ਹੱਥੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਉਹ ਪੋਥੀ ਲੈ ਲਈ। ਅਤੇ ਜਦੋਂ ਉਹ ਨੇ ਪੋਥੀ ਲੈ ਲਈ ਤਾਂ ਚਾਰੇ ਪ੍ਰਾਣੀ ਅਤੇ ਚੌਵੀ ਬਜ਼ੁਰਗ ਲੇਲੇ ਦੇ ਅੱਗੇ ਡਿੱਗ ਪਏ ਅਤੇ ਹਰੇਕ ਦੇ ਕੋਲ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ, ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ। ਅਤੇ ਉਹ ਇਹ ਆਖਦੇ ਹੋਏ ਇੱਕ ਨਵਾਂ ਗੀਤ ਗਾਉਂਦੇ ਸਨ, - ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ, ਕਿਉਂਕਿ ਤੂੰ ਬਲੀਦਾਨ ਕੀਤਾ ਗਿਆ ਸੀ, ਅਤੇ ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਭਾਸ਼ਾ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ, ਅਤੇ ਉਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ।
”ਤਾਂ ਮੈਂ ਦੇਖਿਆ ਅਤੇ ਸਿੰਘਾਸਣ, ਉਹਨਾਂ ਪ੍ਰਾਣੀਆਂ, ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਬਹੁਤਿਆਂ ਦੂਤਾਂ ਦੀ ਅਵਾਜ਼ ਸੁਣੀ ਅਤੇ ਉਹਨਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਸੀ। ਅਤੇ ਉਹ ਵੱਡੀ ਅਵਾਜ਼ ਨਾਲ ਇਹ ਆਖਦੇ ਸਨ, - ਲੇਲਾ ਜਿਹੜਾ ਬਲੀਦਾਨ ਕੀਤਾ ਗਿਆ ਸੀ ਸਮਰੱਥਾ, ਧਨ, ਬੁੱਧ, ਸ਼ਕਤੀ, ਮਾਣ, ਮਹਿਮਾ ਅਤੇ ਧੰਨਵਾਦ ਲੈਣ ਦੇ ਯੋਗ ਹੈ! ਹਰੇਕ ਰਚਨਾ ਨੂੰ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ ਅਤੇ ਸੱਭੇ ਜੋ ਉਹਨਾਂ ਦੇ ਵਿੱਚ ਹਨ, ਮੈਂ ਇਹ ਆਖਦੇ ਸੁਣਿਆ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ ਤੇ ਪਰਾਕਰਮ ਜੁੱਗੋ-ਜੁੱਗ ਹੋਵੇ! ਚਾਰੇ ਪ੍ਰਾਣੀ ਬੋਲੇ, “ਆਮੀਨ” ਅਤੇ ਉਹਨਾਂ ਬਜ਼ੁਰਗਾਂ ਨੇ ਡਿੱਗ ਕੇ ਮੱਥਾ ਟੇਕਿਆ।
”ਜਦੋਂ ਲੇਲੇ ਨੇ ਉਹਨਾਂ ਸੱਤਾਂ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ, ਤਾਂ ਮੈਂ ਦੇਖਿਆ ਅਤੇ ਚਾਰ ਪ੍ਰਾਣੀਆਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਅਵਾਜ਼ ਨਾਲ ਇਹ ਆਖਦੇ ਸੁਣਿਆ ਕਿ ਆ ਜਾ! ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ। ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਜਿੱਤ ਪ੍ਰਾਪਤ ਕਰਦਿਆਂ ਅਤੇ ਜਿੱਤਣ ਲਈ ਨਿੱਕਲ ਤੁਰਿਆ।
”ਜਦੋਂ ਉਹ ਨੇ ਦੂਜੀ ਮੋਹਰ ਤੋੜੀ ਤਾਂ ਮੈਂ ਦੂਜੇ ਪ੍ਰਾਣੀ ਨੂੰ ਇਹ ਆਖਦੇ ਸੁਣਿਆ, ਕਿ ਆ ਜਾ! ਤਾਂ ਇੱਕ ਹੋਰ ਘੋੜਾ ਨਿੱਕਲਿਆ ਜੋ ਲਾਲ ਸੀ ਅਤੇ ਉਹ ਦੇ ਸਵਾਰ ਨੂੰ ਇਹ ਦਿੱਤਾ ਗਿਆ ਕਿ ਧਰਤੀ ਉੱਤੋਂ ਮੇਲ-ਮਿਲਾਪ ਨੂੰ ਖ਼ਤਮ ਕਰ ਦੇਵੇ ਅਤੇ ਇਹ ਜੋ ਮਨੁੱਖ ਇੱਕ ਦੂਜੇ ਨੂੰ ਮਾਰ ਸੁੱਟਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹ ਨੂੰ ਫੜਾਈ ਗਈ।
”ਜਦੋਂ ਉਹ ਨੇ ਤੀਜੀ ਮੋਹਰ ਤੋੜੀ ਤਾਂ ਮੈਂ ਤੀਜੇ ਪ੍ਰਾਣੀ ਨੂੰ ਇਹ ਆਖਦੇ ਸੁਣਿਆ, ਕਿ ਆ ਜਾ! ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਕਾਲਾ ਘੋੜਾ ਹੈ ਅਤੇ ਉਹ ਦੇ ਸਵਾਰ ਨੇ ਆਪਣੇ ਹੱਥ ਵਿੱਚ ਤੱਕੜੀ ਫੜ੍ਹੀ ਹੋਈ ਹੈ। ਅਤੇ ਮੈਂ ਉਹਨਾਂ ਚਾਰ ਪ੍ਰਾਣੀਆਂ ਦੇ ਵਿੱਚ ਇੱਕ ਅਵਾਜ਼ ਇਹ ਆਖਦੇ ਸੁਣੀ ਕਿ ਕਣਕ ਦੀਨਾਰ ਦੀ ਸੇਰ ਭਰ ਅਤੇ ਜੌਂ ਦੀਨਾਰ ਦੇ ਤਿੰਨ ਸੇਰ ਅਤੇ ਤੇਲ ਅਤੇ ਦਾਖ਼ਰਸ ਦਾ ਵਿਗਾੜ ਨਾ ਕਰੀਂ!
”ਜਦੋਂ ਉਹ ਨੇ ਚੌਥੀ ਮੋਹਰ ਤੋੜੀ ਤਾਂ ਮੈਂ ਚੌਥੇ ਪ੍ਰਾਣੀ ਦੀ ਅਵਾਜ਼ ਇਹ ਆਖਦੇ ਸੁਣੀ, ਕਿ ਆ ਜਾ! ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਪੀਲਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹ ਦਾ ਨਾਮ ਮੌਤ ਹੈ ਅਤੇ ਪਤਾਲ ਉਹ ਦੇ ਮਗਰ-ਮਗਰ ਚੱਲਿਆ ਆਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਦੇ ਚੌਥੇ ਹਿੱਸੇ ਉੱਤੇ ਅਧਿਕਾਰ ਦਿੱਤਾ ਗਿਆ ਕਿ ਤਲਵਾਰ, ਕਾਲ ਅਤੇ ਮਰੀ ਨਾਲ ਅਤੇ ਧਰਤੀ ਦੇ ਦਰਿੰਦਿਆਂ ਦੇ ਰਾਹੀਂ ਮਾਰ ਸੁੱਟਣ।
”ਜਦੋਂ ਉਹ ਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਅਤੇ ਉਸ ਗਵਾਹੀ ਦੇ ਕਾਰਨ ਜੋ ਉਹਨਾਂ ਦਿੱਤੀ ਸੀ, ਵੱਢੇ ਗਏ ਸਨ। ਅਤੇ ਉਹਨਾਂ ਵੱਡੀ ਅਵਾਜ਼ ਨਾਲ ਪੁਕਾਰ ਕੇ ਇਹ ਆਖਿਆ ਕਿ ਹੇ ਸੁਆਮੀ ਜੀ, ਜਿਹੜਾ ਪਵਿੱਤਰ ਅਤੇ ਸੱਚ ਹੈਂ, ਕਦੋਂ ਤੱਕ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਬਦਲਾ ਨਹੀਂ ਲੈਂਦਾ ਹੈਂ? ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਬਚਨ ਹੋਇਆ ਭਈ ਥੋੜ੍ਹਾ ਸਮਾਂ ਹੋਰ ਅਰਾਮ ਕਰੋ ਜਦੋਂ ਤੱਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂੰ ਵੱਢੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ!
”ਜਦੋਂ ਉਹ ਨੇ ਛੇਵੀਂ ਮੋਹਰ ਤੋੜੀ ਤਾਂ ਮੈਂ ਦੇਖਿਆ ਅਤੇ ਵੱਡਾ ਭੂਚਾਲ ਆਇਆ ਅਤੇ ਸੂਰਜ ਵਾਲਾਂ ਦੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਚੰਦਰਮਾ ਲਹੂ ਜਿਹਾ ਹੋ ਗਿਆ। ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਸ ਪ੍ਰਕਾਰ ਹੰਜ਼ੀਰ ਦੇ ਬੂਟੇ ਤੋਂ ਜੋ ਵੱਡੀ ਹਨੇਰੀ ਨਾਲ ਝੋਕੇ ਖਾਂਦਾ ਹੈ, ਤਾਂ ਉਹ ਦੇ ਕੱਚੇ ਫਲ ਝੜ ਜਾਂਦੇ ਹਨ। ਅਤੇ ਅਕਾਸ਼ ਲਪੇਟਵੀਂ ਪੋਥੀ ਵਾਂਗੂੰ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ-ਆਪਣੇ ਸਥਾਨ ਤੋਂ ਹਿੱਲ ਗਿਆ। ਅਤੇ ਧਰਤੀ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਨੇ ਆਪਣੇ ਆਪ ਨੂੰ ਗੁਫ਼ਾਂਵਾਂ ਵਿੱਚ ਅਤੇ ਪਹਾੜਾਂ ਦੀਆਂ ਚੱਟਾਨਾਂ ਵਿੱਚ ਲੁਕੋ ਲਿਆ। ਅਤੇ ਉਹ ਪਹਾੜਾਂ ਅਤੇ ਚੱਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਓ! ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ! ਕਿਉਂ ਜੋ ਉਹਨਾਂ ਦੇ ਕ੍ਰੋਧ ਦਾ ਵੱਡਾ ਦਿਨ ਆ ਪਹੁੰਚਿਆ ਹੈ, ਹੁਣ ਕੌਣ ਖੜ੍ਹਾ ਹੋ ਸਕਦਾ ਹੈ?
”ਇਸ ਤੋਂ ਬਾਅਦ ਮੈਂ ਧਰਤੀ ਦੇ ਚਾਰੋਂ ਕੋਨਿਆਂ ਉੱਤੇ ਚਾਰ ਦੂਤ ਖੜ੍ਹੇ ਵੇਖੇ, ਜਿਨ੍ਹਾਂ ਧਰਤੀ ਦੀਆਂ ਚਾਰਾਂ ਪੌਣਾਂ ਨੂੰ ਫੜ੍ਹਿਆ ਹੋਇਆ ਸੀ ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ। ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹ ਦੇ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਉਸ ਨੇ ਉਹਨਾਂ ਚਾਰਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਕਿ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਅਵਾਜ਼ ਨਾਲ ਪੁਕਾਰ ਕੇ ਆਖਿਆ। ਜਿਨ੍ਹਾਂ ਸਮਾਂ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ।
”ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਏਲ ਦੇ ਵੰਸ਼ ਦੇ ਸਭਨਾਂ ਗੋਤਾਂ ਵਿੱਚੋਂ ਇੱਕ ਲੱਖ ਚੁਤਾਲੀ ਹਜ਼ਾਰ ਉੱਤੇ ਮੋਹਰ ਲੱਗੀ - ਯਹੂਦਾਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ। ਰੂਬੇਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਗਾਦ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਆਸ਼ੇਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਨਫ਼ਥਾਲੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਮਨੱਸ਼ਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਸ਼ਮਊਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਲੇਵੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯਿੱਸਾਕਾਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯੂਸੁਫ਼ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ।
”ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਸ਼ਾ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜ਼ੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲੈ ਕੇ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਹੈ। ਅਤੇ ਇਹ ਵੱਡੀ ਅਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, - ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!। ਸਾਰੇ ਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚਾਰਾਂ ਪ੍ਰਾਣੀਆਂ ਦੇ ਆਲੇ-ਦੁਆਲੇ ਖੜ੍ਹੇ ਸਨ ਤਾਂ ਉਹ ਸਿੰਘਾਸਣ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕਿਆ। ਅਤੇ ਬੋਲੇ, - ਆਮੀਨ! ਸਾਡੇ ਪਰਮੇਸ਼ੁਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰੱਥਾ ਅਤੇ ਸ਼ਕਤੀ ਜੁੱਗੋ-ਜੁੱਗ ਹੋਵੇ! ਆਮੀਨ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ ਭਈ ਇਹ ਜਿਨ੍ਹਾਂ ਚਿੱਟੇ ਬਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ? ਫੇਰ ਮੈਂ ਉਹ ਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਤਾਂ ਉਸ ਨੇ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ। ਇਸ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ-ਦਿਨ ਉਹ ਦੀ ਬੰਦਗੀ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ। ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ, ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਉਹਨਾਂ ਦਾ ਅਯਾਲੀ ਹੋਵੇਗਾ, ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝੇਗਾ।
”ਜਦੋਂ ਉਹ ਨੇ ਸੱਤਵੀਂ ਮੋਹਰ ਤੋੜੀ ਤਾਂ ਸਵਰਗ ਵਿੱਚ ਅੱਧੇ ਕੁ ਘੰਟੇ ਤੱਕ ਖਮੋਸ਼ੀ ਛਾ ਗਈ। ਅਤੇ ਮੈਂ ਉਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ, ਅਤੇ ਉਹਨਾਂ ਨੂੰ ਸੱਤ ਤੁਰ੍ਹੀਆਂ ਫੜਾਈਆਂ ਗਈਆਂ। ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲੈ ਕੇ ਜਗਵੇਦੀ ਉੱਤੇ ਜਾ ਖੜ੍ਹਾ ਹੋਇਆ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਕਿ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਉਸ ਸੋਨੇ ਦੀ ਜਗਵੇਦੀ ਉੱਤੇ ਧੁਖਾਉਂਦਾ ਰਹੇ, ਜਿਹੜੀ ਸਿੰਘਾਸਣ ਦੇ ਅੱਗੇ ਹੈ। ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾਵਾਂ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ੁਰ ਦੇ ਹਜ਼ੂਰ ਪਹੁੰਚ ਗਿਆ। ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਵੇਦੀ ਦੀ ਕੁਝ ਅੱਗ ਉਸ ਵਿੱਚ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ ਤਦ ਬੱਦਲ ਦੀਆਂ ਗਰਜਾਂ ਅਤੇ ਅਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਭੂਚਾਲ ਆਇਆ! ਫੇਰ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ, ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ।
”ਪਹਿਲੇ ਦੂਤ ਨੇ ਤੁਰ੍ਹੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪਰਗਟ ਹੋਈ ਜੋ ਧਰਤੀ ਉੱਤੇ ਸੁੱਟੀ ਗਈ, ਤਦ ਧਰਤੀ ਦੀ ਇੱਕ ਤਿਹਾਈ ਅਤੇ ਰੁੱਖਾਂ ਦੀ ਇੱਕ ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ।
”ਫੇਰ ਦੂਜੇ ਦੂਤ ਨੇ ਤੁਰ੍ਹੀ ਵਜਾਈ ਤਦ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦਾ ਇੱਕ ਤਿਹਾਈ ਲਹੂ ਬਣ ਗਿਆ। ਅਤੇ ਸਮੁੰਦਰ ਦੇ ਜਲ ਜੰਤੂਆਂ ਦਾ ਇੱਕ ਤਿਹਾਈ ਮਰ ਗਿਆ ਅਤੇ ਜਹਾਜ਼ਾਂ ਦਾ ਇੱਕ ਤਿਹਾਈ ਨਸ਼ਟ ਹੋ ਗਿਆ।
”ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸ਼ਾਲ ਵਾਗੂੰ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਜਾ ਪਿਆ। ਉਸ ਤਾਰੇ ਦਾ ਨਾਮ ਨਾਗਦੌਣਾ ਕਰਕੇ ਕਿਹਾ ਜਾਂਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦੌਣੇ ਜਿਹੀ ਹੋ ਗਈ ਅਤੇ ਉਹਨਾਂ ਪਾਣੀਆਂ ਦੇ ਕੌੜੇ ਹੋ ਜਾਣ ਕਾਰਨ ਬਹੁਤੇ ਮਨੁੱਖ ਮਰ ਗਏ।
”ਫੇਰ ਚੌਥੇ ਦੂਤ ਨੇ ਤੁਰ੍ਹੀ ਵਜਾਈ ਤਾਂ ਸੂਰਜ, ਚੰਦਰਮਾ ਅਤੇ ਤਾਰਿਆਂ ਦਾ ਇੱਕ ਤਿਹਾਈ ਮਾਰਿਆ ਗਿਆ ਤਾਂ ਕਿ ਉਹਨਾਂ ਦੀ ਇੱਕ ਤਿਹਾਈ ਹਨ੍ਹੇਰਾ ਹੋ ਜਾਵੇ ਅਤੇ ਦਿਨ ਦੀ ਇੱਕ ਤਿਹਾਈ ਚਾਨਣ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਦੀ ਵੀ। ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਅਤੇ ਵੱਡੀ ਅਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਏ ਹਾਏ ਧਰਤੀ ਦੇ ਵਾਸੀਆਂ ਨੂੰ! ਉਹਨਾਂ ਤਿੰਨਾਂ ਦੂਤਾਂ ਦੀ ਤੁਰ੍ਹੀ ਦੀਆਂ ਰਹਿੰਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰ੍ਹੀ ਵਜਾਉਣੀ ਹੈ!
”ਪੰਜਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਸਵਰਗ ਤੋਂ ਧਰਤੀ ਉੱਤੇ ਡਿੱਗਦਾ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੀ ਕੁੰਜੀ ਉਹ ਨੂੰ ਦਿੱਤੀ ਗਈ। ਉਹ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਗੂੰ ਉੱਠਿਆ ਅਤੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ। ਅਤੇ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੇ ਨਿੱਕਲ ਆਏ ਅਤੇ ਉਹਨਾਂ ਨੂੰ ਧਰਤੀ ਦੇ ਬਿਛੂਆਂ ਦੇ ਬਲ ਵਰਗਾ ਬਲ ਦਿੱਤਾ ਗਿਆ। ਅਤੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਕੇਵਲ ਉਨ੍ਹਾਂ ਮਨੁੱਖਾਂ ਦਾ, ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ ਹੈ। ਅਤੇ ਉਹਨਾਂ ਨੂੰ ਇਹ ਦਿੱਤਾ ਗਿਆ, ਜੋ ਉਨ੍ਹਾਂ ਮਨੁੱਖਾਂ ਨੂੰ ਜਾਨੋਂ ਨਾ ਮਾਰਨ ਸਗੋਂ ਇਹ ਕਿ ਉਹ ਪੰਜਾਂ ਮਹੀਨਿਆਂ ਤੱਕ ਵੱਡੀ ਪੀੜ ਸਹਿਣ ਅਤੇ ਉਨ੍ਹਾਂ ਦੀ ਪੀੜ ਇਹੋ ਜਿਹੀ ਸੀ, ਜਿਵੇਂ ਬਿਛੂਆਂ ਦੇ ਡੰਗ ਮਾਰਨ ਨਾਲ ਪੀੜ ਹੁੰਦੀ ਹੈ। ਅਤੇ ਉਨ੍ਹੀਂ ਦਿਨੀਂ ਮਨੁੱਖ ਮੌਤ ਨੂੰ ਭਾਲਣਗੇ ਅਤੇ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਲੱਭੇਗੀ ਅਤੇ ਮਰਨ ਦੀ ਕੋਸ਼ਿਸ਼ ਕਰਨਗੇ ਪਰ ਮੌਤ ਉਨ੍ਹਾਂ ਤੋਂ ਭੱਜ ਜਾਵੇਗੀ। ਅਤੇ ਉਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆਂ ਵਰਗਾ ਸੀ, ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ। ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੂੰਹ ਮਨੁੱਖਾਂ ਦੇ ਚਿਹਰੇ ਵਰਗੇ ਸਨ। ਉਹਨਾਂ ਦੇ ਵਾਲ਼ ਔਰਤਾਂ ਦੇ ਵਾਲਾਂ ਵਰਗੇ ਅਤੇ ਉਹਨਾਂ ਦੇ ਦੰਦ ਬੱਬਰ ਸ਼ੇਰਾਂ ਦੇ ਦੰਦਾਂ ਵਰਗੇ ਸਨ। ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾ ਵਰਗੇ ਸਨ ਅਤੇ ਉਹਨਾਂ ਦੇ ਖੰਭਾਂ ਦੀ ਘੂਕ ਰੱਥਾਂ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆਂ ਬਹੁਤਿਆਂ ਘੋੜਿਆਂ ਦੀ ਅਵਾਜ਼ ਜਿਹੀ ਸੀ। ਅਤੇ ਉਹਨਾਂ ਦੀਆਂ ਪੂੰਛਾਂ ਬਿਛੂਆਂ ਵਰਗੀਆਂ ਸਨ, ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਉਹਨਾਂ ਦਾ ਬਲ ਹੈ ਜੋ ਪੰਜ ਮਹੀਨਿਆਂ ਤੱਕ ਮਨੁੱਖ ਨੂੰ ਤੜਫਾਉਣ। ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ। ਉਹ ਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ ਅਤੇ ਯੂਨਾਨੀ ਵਿੱਚ ਅਪੁੱਲੁਓਨ ਹੈ। ਇੱਕ ਦੁੱਖ ਬੀਤ ਗਿਆ, ਵੇਖੋ, ਇਹ ਦੇ ਬਾਅਦ ਅਜੇ ਦੋ ਦੁੱਖ ਹੋਰ ਆਉਂਦੇ ਹਨ!
”ਛੇਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਉਹ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ੁਰ ਦੇ ਅੱਗੇ ਹੈ ਉਹ ਦੇ ਚਾਰਾਂ ਸਿੰਗਾਂ ਵਿੱਚੋਂ ਮੈਂ ਇੱਕ ਅਵਾਜ਼ ਸੁਣੀ। ਉਸ ਛੇਵੇਂ ਦੂਤ ਨੂੰ ਜਿਹ ਦੇ ਕੋਲ ਤੁਰ੍ਹੀ ਸੀ ਉਹ ਇਹ ਕਹਿੰਦੀ ਹੈ ਕਿ ਉਹਨਾਂ ਚਾਰਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫ਼ਰਾਤ ਉੱਤੇ ਬੰਨੇ ਹੋਏ ਹਨ ਖੋਲ੍ਹ ਦੇ! ਤਾਂ ਉਹ ਚਾਰੇ ਦੂਤ ਜਿਹੜੇ ਵੇਲੇ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਹੋਏ ਸਨ ਖੋਲ੍ਹੇ ਗਏ ਜੋ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ। ਅਤੇ ਘੋੜ ਸਵਾਰਾਂ ਦੀਆਂ ਫੌਜਾਂ ਗਿਣਤੀ ਵਿੱਚ ਵੀਹ ਕਰੋੜ ਸਨ। ਮੈਂ ਉਹਨਾਂ ਦੀ ਗਿਣਤੀ ਸੁਣੀ। ਇਸ ਦਰਸ਼ਣ ਵਿੱਚ ਘੋੜਿਆਂ ਅਤੇ ਉਹਨਾਂ ਦਿਆਂ ਸਵਾਰਾਂ ਦੇ ਰੂਪ ਮੈਨੂੰ ਇਸ ਤਰ੍ਹਾਂ ਦਿਸਦੇ ਸਨ ਭਈ ਉਹਨਾਂ ਦੇ ਸੀਨੇ ਬੰਦ ਅੱਗ, ਨੀਲਮ, ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬੱਬਰ ਸ਼ੇਰਾਂ ਦੇ ਸਿਰ ਵਰਗੇ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿੱਕਲਦੀ ਹੈ! ਅੱਗ, ਧੂੰਆਂ ਅਤੇ ਗੰਧਕ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਨਿੱਕਲਦੀ ਸੀ, ਇਨ੍ਹਾਂ ਤਿੰਨਾਂ ਮਹਾਂਮਾਰੀਆਂ ਨਾਲ ਮਨੁੱਖਾਂ ਦੀ ਇੱਕ ਤਿਹਾਈ ਜਾਨੋਂ ਮਾਰੀ ਗਈ। ਉਹਨਾਂ ਘੋੜਿਆਂ ਦਾ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਹੈ, ਕਿਉਂ ਜੋ ਉਹਨਾਂ ਦੀਆਂ ਪੂੰਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਨ੍ਹਾਂ ਦੇ ਨਾਲ ਵਿਨਾਸ਼ ਕਰਦੇ ਹਨ। ਅਤੇ ਬਚੇ ਮਨੁੱਖਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਾਰੇ ਗਏ ਸਨ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ, ਉਹ ਭੂਤਾਂ ਦੀ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ, ਨਾ ਸੁਣ, ਨਾ ਤੁਰ ਸਕਦੀਆਂ ਹਨ, ਨਾ ਉਹਨਾਂ ਆਪਣੇ ਖੂਨਾਂ ਤੋਂ, ਨਾ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਚੋਰੀਆਂ ਤੋਂ ਤੋਬਾ ਕੀਤੀ।
”ਮੈਂ ਇੱਕ ਹੋਰ ਬਲਵਾਨ ਦੂਤ ਨੂੰ ਬੱਦਲ ਪਹਿਨੀ ਸਵਰਗ ਤੋਂ ਉੱਤਰਦੇ ਵੇਖਿਆ, ਉਸ ਦੇ ਸਿਰ ਉੱਤੇ ਸੱਤਰੰਗੀ ਪੀਂਘ ਸੀ, ਉਸ ਦਾ ਮੂੰਹ ਸੂਰਜ ਵਰਗਾ ਅਤੇ ਉਸ ਦੇ ਪੈਰ ਅੱਗ ਦੇ ਥੰਮਾਂ ਵਰਗੇ ਸਨ। ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸ ਨੇ ਫੜ੍ਹੀ ਹੋਈ ਸੀ। ਉਸ ਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਇਆ। ਤਾਂ ਉਸ ਨੇ ਵੱਡੀ ਅਵਾਜ਼ ਨਾਲ ਇਸ ਤਰ੍ਹਾਂ ਪੁਕਾਰਿਆ ਜਿਵੇਂ ਬੱਬਰ ਸ਼ੇਰ ਗੱਜਦਾ ਹੈ। ਜਦੋਂ ਉਸ ਨੇ ਪੁਕਾਰਿਆ ਤਾਂ ਬੱਦਲ ਦੀਆਂ ਸੱਤ ਗਰਜਾਂ ਨੇ ਆਪਣੀਆਂ ਅਵਾਜ਼ਾਂ ਦਿੱਤੀਆਂ। ਅਤੇ ਜਦੋਂ ਉਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਅਵਾਜ਼ ਸਵਰਗ ਇਹ ਆਖਦੇ ਸੁਣੀ ਕਿ ਜਿਹੜੀਆਂ ਗੱਲਾਂ ਉਹਨਾਂ ਸੱਤਾਂ ਗਰਜਾਂ ਨੇ ਸੁਣਾਈਆਂ ਉਨ੍ਹਾਂ ਉੱਤੇ ਮੋਹਰ ਲਾ ਅਤੇ ਉਨ੍ਹਾਂ ਨੂੰ ਨਾ ਲਿਖ! ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖੜ੍ਹੇ ਵੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਸਵਰਗ ਵੱਲ ਉੱਠਾਇਆ। ਅਤੇ ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਜਿਸ ਨੇ ਅਕਾਸ਼, ਧਰਤੀ, ਜੋ ਕੁਝ ਅਕਾਸ਼ ਅਤੇ ਧਰਤੀ ਦੇ ਵਿੱਚ ਹੈ, ਸਮੁੰਦਰ ਅਤੇ ਜੋ ਕੁਝ ਸਮੁੰਦਰ ਵਿੱਚ ਹੈ ਉਤਪਤ ਕੀਤਾ, ਉਹ ਦੀ ਸਹੁੰ ਖਾਧੀ ਭਈ ਹੋਰ ਸਮਾਂ ਨਹੀਂ ਲੱਗੇਗਾ! ਸਗੋਂ ਸੱਤਵੇਂ ਦੂਤ ਦੀ ਅਵਾਜ਼ ਦੇ ਦਿਨੀਂ ਜਦੋਂ ਉਹ ਤੁਰ੍ਹੀ ਵਜਾਵੇਗਾ ਤਾਂ ਪਰਮੇਸ਼ੁਰ ਦਾ ਭੇਤ ਸੰਪੂਰਨ ਹੋਵੇਗਾ, ਜਿਵੇਂ ਉਹ ਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹ ਦੀ ਖੁਸ਼ਖਬਰੀ ਦਿੱਤੀ ਸੀ।
”ਅਤੇ ਜਿਹੜੀ ਅਵਾਜ਼ ਮੈਂ ਸਵਰਗ ਤੋਂ ਸੁਣੀ ਸੀ ਮੈਂ ਉਹ ਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਇਹ ਆਖਦੇ ਸੁਣਿਆ ਭਈ ਜਾ, ਉਹ ਪੋਥੀ ਲੈ ਲੈ ਜੋ ਉਸ ਦੂਤ ਦੇ ਹੱਥ ਵਿੱਚ ਖੁੱਲ੍ਹੀ ਪਈ ਹੈ ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖੜ੍ਹਾ ਹੈ। ਅਤੇ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇ, ਅਤੇ ਉਸ ਨੇ ਮੈਨੂੰ ਆਖਿਆ, ਲੈ ਅਤੇ ਇਹ ਨੂੰ ਖਾਹ ਜਾ। ਇਹ ਤੇਰੇ ਢਿੱਡ ਨੂੰ ਤਾਂ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ। ਤਦ ਮੈਂ ਉਹ ਛੋਟੀ ਪੋਥੀ ਦੂਤ ਦੇ ਹੱਥੋਂ ਲੈ ਲਈ ਅਤੇ ਉਹ ਨੂੰ ਖਾਧਾ ਅਤੇ ਉਹ ਮੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੀ ਅਤੇ ਜਦੋਂ ਮੈਂ ਉਹ ਨੂੰ ਖਾ ਲਿਆ ਤਦ ਮੇਰਾ ਢਿੱਡ ਕੌੜਾ ਹੋ ਗਿਆ। ਅਤੇ ਉਨ੍ਹਾਂ ਮੈਨੂੰ ਆਖਿਆ, ਤੈਨੂੰ ਬਹੁਤਿਆਂ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਉੱਤੇ ਫੇਰ ਅਗੰਮ ਵਾਕ ਕਰਨਾ ਪਵੇਗਾ!
”ਡੰਡੇ ਵਰਗਾ ਇੱਕ ਕਾਨਾ ਮੈਨੂੰ ਦਿੱਤਾ ਗਿਆ ਅਤੇ ਇਹ ਬਚਨ ਹੋਇਆ ਕਿ ਉੱਠ, ਪਰਮੇਸ਼ੁਰ ਦੀ ਹੈਕਲ, ਜਗਵੇਦੀ ਅਤੇ ਉਹਨਾਂ ਨੂੰ ਜਿਹੜੇ ਉੱਥੇ ਬੰਦਗੀ ਕਰਦੇ ਹਨ ਮਿਣ ਲੈ। ਅਤੇ ਉਸ ਵਿਹੜੇ ਨੂੰ ਜਿਹੜਾ ਹੈਕਲ ਤੋਂ ਬਾਹਰ ਹੈ ਛੱਡ ਦੇ ਅਤੇ ਉਹ ਨੂੰ ਨਾ ਮਿਣ, ਕਿਉਂਕਿ ਉਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਉਹ ਪਵਿੱਤਰ ਨਗਰੀ ਨੂੰ ਬਤਾਲੀਆਂ ਮਹੀਨਿਆਂ ਤੱਕ ਲਤਾੜਨਗੀਆਂ। ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਸਮਰੱਥ ਦੇਵਾਂਗਾ ਭਈ ਉਹ ਤੱਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ। ਇਹ ਉਹ ਦੋ ਜ਼ੈਤੂਨ ਦੇ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ। ਜੇ ਕੋਈ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹਨਾਂ ਦੇ ਮੂੰਹੋਂ ਅੱਗ ਨਿੱਕਲਦੀ ਹੈ ਅਤੇ ਉਹਨਾਂ ਦੇ ਵੈਰੀਆਂ ਨੂੰ ਭਸਮ ਕਰ ਦਿੰਦੀ ਹੈ। ਸੋ ਜੇ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹ ਇਸੇ ਤਰ੍ਹਾਂ ਜ਼ਰੂਰ ਮਾਰਿਆ ਜਾਵੇ। ਅਕਾਸ਼ ਬੰਦ ਕਰਨਾ ਉਹਨਾਂ ਦੇ ਵੱਸ ਵਿੱਚ ਹੈ ਤਾਂ ਕਿ ਉਹਨਾਂ ਦੇ ਅਗੰਮ ਵਾਕ ਦੇ ਦਿਨੀਂ ਮੀਂਹ ਨਾ ਪਵੇ, ਅਤੇ ਪਾਣੀ ਉਹਨਾਂ ਦੇ ਵੱਸ ਵਿੱਚ ਹਨ ਕਿ ਉਨ੍ਹਾਂ ਨੂੰ ਲਹੂ ਬਣਾ ਦੇਣ ਅਤੇ ਜਦੋਂ ਕਦੇ ਉਹਨਾਂ ਦਾ ਮਨ ਕਰੇ, ਤਾਂ ਉਹ ਧਰਤੀ ਨੂੰ ਸਭ ਪਰਕਾਰ ਦੀਆਂ ਮਹਾਂਮਾਰੀਆਂ ਨਾਲ ਮਾਰਨ।
”ਜਦ ਉਹ ਆਪਣੀ ਗਵਾਹੀ ਦੇ ਹਟਣਗੇ ਤਦ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਆਉਂਦਾ ਹੈ, ਉਹਨਾਂ ਨਾਲ ਯੁੱਧ ਕਰਕੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ। ਅਤੇ ਉਹਨਾਂ ਦੀਆਂ ਲਾਸ਼ਾਂ ਉਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਸ ਨੂੰ ਆਤਮਿਕ ਰੀਤੀ ਨਾਲ ਸਦੂਮ ਅਤੇ ਮਿਸਰ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਦਾ ਪ੍ਰਭੂ ਵੀ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉੱਮਤਾਂ, ਗੋਤਾਂ, ਭਾਸ਼ਾਵਾਂ ਅਤੇ ਕੌਮਾਂ ਵਿੱਚੋਂ ਕਈ ਉਹਨਾਂ ਦੀਆਂ ਲਾਸ਼ਾਂ ਨੂੰ ਸਾਢੇ ਤਿੰਨ ਦਿਨ ਵੇਖਣਗੇ ਪਰ ਉਹਨਾਂ ਦੀਆਂ ਲਾਸ਼ਾਂ ਨੂੰ ਕਬਰ ਵਿੱਚ ਨਾ ਰੱਖਣਗੇ। ਅਤੇ ਧਰਤੀ ਦੇ ਵਾਸੀ ਖੁਸ਼ ਹੋਣਗੇ ਅਤੇ ਉਹਨਾਂ ਉੱਤੇ ਅਨੰਦ ਕਰਨਗੇ ਅਤੇ ਇੱਕ ਦੂਜੇ ਦੇ ਕੋਲ ਸੁਗਾਤਾਂ ਭੇਜਣਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਵਾਸੀਆਂ ਨੂੰ ਔਖਾ ਕੀਤਾ ਹੋਇਆ ਸੀ।
”ਸਾਢੇ ਤਿੰਨਾਂ ਦਿਨਾਂ ਤੋਂ ਬਾਅਦ ਜੀਵਨ ਦਾ ਸੁਆਸ ਪਰਮੇਸ਼ੁਰ ਦੀ ਵੱਲੋਂ ਉਹਨਾਂ ਵਿੱਚ ਆ ਗਿਆ ਅਤੇ ਉਹ ਆਪਣਿਆਂ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਉਹਨਾਂ ਨੂੰ ਵੇਖਿਆ, ਉਹ ਬਹੁਤ ਡਰ ਗਏ। ਅਤੇ ਉਨ੍ਹਾਂ ਨੇ ਅਕਾਸ਼ ਤੋਂ ਇੱਕ ਵੱਡੀ ਅਵਾਜ਼ ਉਹਨਾਂ ਨੂੰ ਇਹ ਆਖਦੇ ਸੁਣੀ ਕਿ ਐਧਰ ਉਤਾਹਾਂ ਨੂੰ ਆ ਜਾਓ! ਤਾਂ ਉਹ ਬੱਦਲ ਵਿੱਚ ਅਕਾਸ਼ ਨੂੰ ਉਤਾਹਾਂ ਚੜ੍ਹ ਗਏ ਅਤੇ ਉਹਨਾਂ ਦੇ ਵੈਰੀਆਂ ਨੇ ਉਹਨਾਂ ਨੂੰ ਦੇਖਿਆ। ਉਸੇ ਵੇਲੇ ਵੱਡਾ ਭੂਚਾਲ ਆਇਆ, ਜਿਸ ਨਾਲ ਨਗਰੀ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਸੱਤ ਹਜ਼ਾਰ ਆਦਮੀ ਮਾਰੇ ਗਏ, ਜਿਹੜੇ ਬਚ ਗਏ ਉਹ ਡਰ ਗਏ ਅਤੇ ਸਵਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ। ਦੂਜਾ ਦੁੱਖ ਬੀਤ ਗਿਆ। ਵੇਖੋ, ਤੀਜਾ ਦੁੱਖ ਛੇਤੀ ਆਉਂਦਾ ਹੈ!।
”ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸਵਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਸੁਣੀ - ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ-ਜੁੱਗ ਰਾਜ ਕਰੇਗਾ! ਉਹ ਚੌਵੀ ਬਜ਼ੁਰਗ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਆਪੋ ਆਪਣੇ ਸਿੰਘਾਸਣਾਂ ਉੱਤੇ ਬੈਠੇ ਹੋਏ ਸਨ, ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਹਿਣ ਲੱਗੇ, ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੂੰ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ, ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਜੋ ਉਹਨਾਂ ਦਾ ਨਿਆਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਡਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਉਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!। ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿਖਾਈ ਦੇਣ ਲੱਗ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਵੱਡੇ-ਵੱਡੇ ਗੜੇ ਪਏ।
”ਸਵਰਗ ਉੱਤੇ ਇੱਕ ਵੱਡਾ ਨਿਸ਼ਾਨ ਦਿਖਾਈ ਦਿੱਤਾ ਅਰਥਾਤ ਇੱਕ ਔਰਤ ਜਿਹੜੀ ਸੂਰਜ ਪਹਿਨੀ ਹੋਈ ਸੀ, ਚੰਦਰਮਾ ਉਹ ਦੇ ਪੈਰਾਂ ਹੇਠ ਅਤੇ ਬਾਰਾਂ ਤਾਰਿਆਂ ਦਾ ਮੁਕਟ ਉਹ ਦੇ ਸਿਰ ਉੱਤੇ ਸੀ। ਉਹ ਗਰਭਵਤੀ ਸੀ ਅਤੇ ਜਣਨ ਦੀਆਂ ਪੀੜਾਂ ਲੱਗਣ ਕਰਕੇ ਚੀਕਾਂ ਮਾਰਦੀ ਸੀ। ਅਤੇ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਦਿਖਾਈ ਦਿੱਤਾ ਅਤੇ ਵੇਖੋ, ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਸ ਦੇ ਸੱਤ ਸਿਰ, ਦਸ ਸਿੰਗ ਸਨ ਅਤੇ ਉਹ ਦੇ ਸਿਰਾਂ ਉੱਤੇ ਸੱਤ ਮੁਕਟ। ਅਤੇ ਉਹ ਦੀ ਪੂੰਛ ਨੇ ਅਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਲਪੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ, ਅਤੇ ਉਹ ਅਜਗਰ ਉਸ ਔਰਤ ਦੇ ਅੱਗੇ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਲੱਗੀ ਸੀ ਜਾ ਖੜ੍ਹਾ ਹੋਇਆ, ਕਿ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਨਿਗਲ ਲਵੇ। ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ, ਅਤੇ ਉਹ ਦਾ ਬਾਲਕ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ। ਅਤੇ ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ੁਰ ਦੀ ਵੱਲੋਂ ਇੱਕ ਥਾਂ ਉਹ ਦੇ ਲਈ ਤਿਆਰ ਕੀਤਾ ਹੋਇਆ ਹੈ ਤਾਂ ਕਿ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਉਹ ਦੀ ਦੇਖਭਾਲ ਹੋਵੇ।
”ਫੇਰ ਸਵਰਗ ਵਿੱਚ ਯੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ, ਅਜਗਰ ਲੜਿਆ ਅਤੇ ਉਹ ਦੇ ਦੂਤ ਵੀ ਲੜੇ। ਪਰ ਅਜਗਰ ਅਤੇ ਉਸ ਦੇ ਦੂਤ ਹਾਰ ਗਏ ਅਤੇ ਉਹਨਾਂ ਨੂੰ ਸਵਰਗ ਵਿੱਚ ਫਿਰ ਥਾਂ ਨਹੀਂ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਸ ਨੂੰ ਇਬਲੀਸ ਅਤੇ ਸ਼ੈਤਾਨ ਵੀ ਕਿਹਾ ਜਾਂਦਾ ਹੈ ਜੋ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ, ਉਹ ਅਤੇ ਉਹ ਦੇ ਦੂਤ ਧਰਤੀ ਉੱਤੇ ਸੁੱਟੇ ਗਏ। ਅਤੇ ਮੈਂ ਇੱਕ ਵੱਡੀ ਅਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ ਕਿ ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ, ਸਮਰੱਥਾ, ਰਾਜ ਅਤੇ ਉਹ ਦੇ ਮਸੀਹ ਦਾ ਅਧਿਕਾਰ ਹੋ ਗਿਆ, ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਉਹਨਾਂ ਉੱਤੇ ਰਾਤ-ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ! ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਸਮਝਿਆ। ਇਸ ਕਰਕੇ ਹੇ ਅਕਾਸ਼ੋਂ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਏ! ਹਾਏ! ਕਿਉਂਕਿ ਸ਼ੈਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ।
”ਜਦੋਂ ਉਸ ਅਜਗਰ ਨੇ ਵੇਖਿਆ ਕਿ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ ਤਾਂ ਉਸ ਔਰਤ ਦੇ ਮਗਰ ਪਿਆ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਅਤੇ ਔਰਤ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ ਤਾਂ ਕਿ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ, ਜਿੱਥੇ ਸੱਪ ਦੇ ਮੂੰਹੋਂ ਬਚ ਸਕੇ ਤਾਂ ਸਮੇਂ, ਸਮਿਆਂ ਅਤੇ ਅੱਧ ਸਮੇਂ ਤੱਕ ਉਹ ਦੀ ਦੇਖਭਾਲ ਹੁੰਦੀ ਹੈ। ਅਤੇ ਸੱਪ ਨੇ ਔਰਤ ਦੇ ਮਗਰ ਦਰਿਆ ਵਾਂਗੂੰ ਆਪਣੇ ਮੂੰਹੋਂ ਪਾਣੀ ਵਗਾਇਆ ਤਾਂ ਕਿ ਉਹ ਨੂੰ ਰੋੜ੍ਹ ਦੇਵੇ। ਤਾਂ ਧਰਤੀ ਨੇ ਔਰਤ ਦੀ ਸਹਾਇਤਾ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਦਰਿਆ ਨੂੰ ਪੀ ਲਿਆ, ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ। ਅਤੇ ਅਜਗਰ ਨੂੰ ਔਰਤ ਉੱਤੇ ਕ੍ਰੋਧ ਆਇਆ ਅਤੇ ਉਹ ਦੇ ਵੰਸ਼ ਵਿੱਚੋਂ ਜਿਹੜੇ ਬੱਚੇ ਹਨ, ਜਿਹੜੇ ਪਰਮੇਸ਼ੁਰ ਦੀਆਂ ਆਗਿਆਵਾਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਗਵਾਹੀ ਦਿੰਦੇ ਹਨ ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ। ਅਤੇ ਸਮੁੰਦਰ ਦੇ ਰੇਤੇ ਉੱਤੇ ਜਾ ਖਲੋਤਾ।
”ਮੈਂ ਇੱਕ ਦਰਿੰਦਾ ਸਮੁੰਦਰ ਵਿੱਚੋਂ ਨਿੱਕਲਦਿਆਂ ਦੇਖਿਆ, ਜਿਸ ਦੇ ਦਸ ਸਿੰਗਾਂ ਉੱਤੇ ਦਸ ਮੁਕਟ ਅਤੇ ਉਹ ਦੇ ਸੱਤ ਸਿਰਾਂ ਉੱਤੇ ਕੁਫ਼ਰ ਦੇ ਨਾਮ ਸਨ। ਅਤੇ ਜਿਹੜਾ ਦਰਿੰਦਾ ਮੈਂ ਦੇਖਿਆ ਉਹ ਚੀਤੇ ਵਰਗਾ ਸੀ, ਅਤੇ ਉਹ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਸਨ, ਅਤੇ ਉਹ ਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਵਰਗਾ ਸੀ, ਅਤੇ ਅਜਗਰ ਨੇ ਆਪਣੀ ਸਮਰੱਥਾ, ਆਪਣੀ ਗੱਦੀ ਅਤੇ ਵੱਡਾ ਅਧਿਕਾਰ ਉਹ ਨੂੰ ਦੇ ਦਿੱਤਾ। ਮੈਂ ਇਹ ਦੇ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਗਹਿਰਾ ਜਖ਼ਮ ਲੱਗਾ ਹੋਇਆ ਵੇਖਿਆ ਅਤੇ ਉਹ ਦਾ ਡੂੰਘਾ ਜਖ਼ਮ ਚੰਗਾ ਹੋ ਗਿਆ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਮਗਰ ਹੈਰਾਨ ਹੋ ਕੇ ਤੁਰ ਪਿਆ। ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਕਿਉਂਕਿ ਉਸ ਨੇ ਦਰਿੰਦੇ ਨੂੰ ਆਪਣਾ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਜੋ ਇਸ ਦਰਿੰਦੇ ਦੇ ਵਰਗਾ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸਕਦਾ ਹੈ? ਵੱਡਾ ਬੋਲ ਬੋਲਣ ਵਾਲਾ ਅਤੇ ਨਿੰਦਿਆ ਬਕਣ ਵਾਲਾ ਮੂੰਹ ਦਰਿੰਦੇ ਨੂੰ ਦਿੱਤਾ ਗਿਆ ਅਤੇ ਉਹ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ। ਦਰਿੰਦੇ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਣ ਨੂੰ ਆਪਣਾ ਮੂੰਹ ਖੋਲਿਆ ਤਾਂ ਕਿ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸਵਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ।
”ਅਤੇ ਉਸ ਦਰਿੰਦੇ ਨੂੰ ਇਹ ਦਿੱਤਾ ਗਿਆ ਕਿ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ, ਉੱਮਤ, ਭਾਸ਼ਾ ਅਤੇ ਕੌਮ ਉੱਤੇ ਉਹ ਨੂੰ ਅਧਿਕਾਰ ਦਿੱਤਾ ਗਿਆ। ਅਤੇ ਧਰਤੀ ਦੇ ਸਾਰੇ ਵਸਨੀਕ ਉਹ ਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ। ਜੇ ਕਿਸੇ ਦੇ ਕੰਨ ਹੋਣ ਤਾਂ ਸੁਣੇ। ਜੇ ਕਿਸੇ ਨੇ ਗੁਲਾਮੀ ਵਿੱਚ ਜਾਣਾ ਹੋਵੇ, ਤਾਂ ਉਹ ਗੁਲਾਮੀ ਵਿੱਚ ਜਾਵੇਗਾ। ਜੇ ਕੋਈ ਤਲਵਾਰ ਨਾਲ ਵੱਢੇ, ਤਾਂ ਜ਼ਰੂਰ ਹੈ ਕਿ ਉਹ ਤਲਵਾਰ ਨਾਲ ਵੱਢਿਆ ਜਾਵੇ। ਇਹ ਸੰਤਾਂ ਦੇ ਸਬਰ ਅਤੇ ਵਿਸ਼ਵਾਸ ਦਾ ਮੌਕਾ ਹੈ।
”ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿੱਕਲਦਿਆਂ ਦੇਖਿਆ ਅਤੇ ਇੱਕ ਲੇਲੇ ਵਾਂਗੂੰ ਉਹ ਦੇ ਦੋ ਸਿੰਗ ਸਨ ਅਤੇ ਅਜਗਰ ਵਾਂਗੂੰ ਉਹ ਬੋਲਦਾ ਸੀ। ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਅਧਿਕਾਰ ਵਰਤਦਾ ਹੈ ਅਤੇ ਧਰਤੀ ਅਤੇ ਉਹ ਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਸ ਦਾ ਗਹਿਰਾ ਜਖ਼ਮ ਚੰਗਾ ਹੋ ਗਿਆ ਸੀ। ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਐਥੋਂ ਤੱਕ ਕਿ ਮਨੁੱਖਾਂ ਦੇ ਸਾਹਮਣੇ ਸਵਰਗ ਤੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ। ਅਤੇ ਉਨ੍ਹਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਂਣ ਦਾ ਉਹ ਨੂੰ ਅਧਿਕਾਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਾਸੀਆਂ ਨੂੰ ਭਰਮਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਆਖਦਾ ਹੈ ਕਿ ਉਸ ਦਰਿੰਦੇ ਦੀ ਮੂਰਤ ਬਣਾਓ ਜਿਹ ਨੂੰ ਤਲਵਾਰ ਦੀ ਸੱਟ ਵੱਜੀ ਅਤੇ ਉਹ ਜਿਉਂਦਾ ਰਿਹਾ। ਉਹ ਨੂੰ ਇਹ ਵੀ ਦਿੱਤਾ ਗਿਆ ਜੋ ਉਸ ਦਰਿੰਦੇ ਦੀ ਮੂਰਤੀ ਵਿੱਚ ਸੁਆਸ ਪਾ ਦੇਵੇ ਤਾਂ ਕਿ ਉਸ ਦਰਿੰਦੇ ਦੀ ਮੂਰਤੀ ਬੋਲੇ ਅਤੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾਣ।
”ਅਤੇ ਉਹ ਸਭਨਾਂ ਛੋਟਿਆਂ, ਵੱਡਿਆਂ, ਧਨਵਾਨਾਂ, ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਲਗਵਾ ਦਿੰਦਾ ਹੈ। ਅਤੇ ਕਿਸੇ ਨੂੰ ਲੈਣ-ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਮ ਜਾਂ ਉਹ ਦੇ ਨਾਮ ਦਾ ਅੰਕ ਲੱਗਾ ਹੋਵੇ। ਇਹ ਗਿਆਨ ਦਾ ਮੌਕਾ ਹੈ! ਜਿਹ ਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਕ ਗਿਣ ਲਵੇ। ਉਹ ਮਨੁੱਖ ਦਾ ਅੰਕ ਹੈ ਅਤੇ ਉਹ ਦਾ ਅੰਕ 666 (ਛੇ ਸੌ ਛਿਆਹਠ) ਹੈ।
”ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਲੇਲਾ ਸੀਯੋਨ ਦੇ ਪਹਾੜ ਉੱਤੇ ਖੜ੍ਹਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ, ਜਿਨ੍ਹਾਂ ਦੇ ਮੱਥੇ ਉੱਤੇ ਉਹ ਦਾ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਵਰਗੀ ਅਤੇ ਬੱਦਲ ਦੀ ਵੱਡੀ ਗਰਜ ਦੀ ਆਵਾਜ਼ ਵਰਗੀ ਇੱਕ ਅਵਾਜ਼ ਸੁਣੀ ਅਤੇ ਜਿਹੜੀ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਵਰਗੀ ਸੀ, ਜਿਹੜੇ ਆਪਣੇ ਰਬਾਬ ਵਜਾਉਂਦੇ ਹਨ। ਅਤੇ ਉਹ ਸਿੰਘਾਸਣ, ਚਾਰ ਪ੍ਰਾਣੀਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ, ਅਤੇ ਉਹਨਾਂ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਬਿਨ੍ਹਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ। ਇਹ ਉਹ ਹਨ ਜਿਹੜੇ ਔਰਤਾਂ ਦੇ ਨਾਲ ਭਰਿਸ਼ਟ ਨਹੀਂ ਹੋਏ ਕਿਉਂਕਿ ਇਹ ਕੁਆਰੇ ਹਨ। ਇਹ ਉਹ ਹਨ ਕਿ ਜਿੱਥੇ ਵੀ ਲੇਲਾ ਜਾਂਦਾ ਹੈ ਉਹ ਉਸ ਦੇ ਮਗਰ-ਮਗਰ ਤੁਰਦੇ ਹਨ। ਇਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ। ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ, ਉਹ ਨਿਰਦੋਸ਼ ਹਨ।
”ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਖੁਸ਼ਖਬਰੀ ਨਾਲ ਅਕਾਸ਼ ਵਿੱਚ ਉੱਡਦਿਆਂ ਦੇਖਿਆ ਤਾਂ ਉਹ ਧਰਤੀ ਦੇ ਵਾਸੀਆਂ, ਹਰੇਕ ਕੌਮ, ਗੋਤ, ਭਾਸ਼ਾ ਅਤੇ ਉੱਮਤ ਨੂੰ ਖੁਸ਼ਖਬਰੀ ਸੁਣਾਵੇ। ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ! ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਸਭਨਾਂ ਕੌਮਾਂ ਨੂੰ ਪਿਆਈ ਹੈ!।
”ਉਨ੍ਹਾਂ ਦੇ ਬਾਅਦ ਤੀਜਾ ਇੱਕ ਹੋਰ ਦੂਤ ਵੱਡੀ ਅਵਾਜ਼ ਨਾਲ ਇਹ ਕਹਿੰਦਾ ਆਇਆ ਕਿ ਜੋ ਕੋਈ ਉਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈਅ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਿਰੋਲ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਦੁੱਖ ਪਾਵੇਗਾ। ਅਤੇ ਉਹਨਾਂ ਦੇ ਦੁੱਖ ਦਾ ਧੂੰਆਂ ਜੁੱਗੋ-ਜੁੱਗ ਉੱਠਦਾ ਰਹਿੰਦਾ ਹੈ, ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹ ਦੇ ਨਾਮ ਦਾ ਦਾਗ ਲੁਆਉਂਦੇ ਹਨ, ਰਾਤ-ਦਿਨ ਕਦੇ ਚੈਨ ਨਹੀਂ ਪਾਉਂਦੇ। ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ।
”ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੈ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ।
”ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜ੍ਹੀ ਬੈਠਾ ਹੈ। ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਢ ਸੁੱਟ ਕਿਉਂ ਜੋ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ! ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫ਼ਸਲ ਵੱਢੀ ਗਈ।
”ਤਦ ਇੱਕ ਹੋਰ ਦੂਤ ਉਸ ਹੈਕਲ ਵਿੱਚੋਂ ਨਿੱਕਲਿਆ ਜਿਹੜੀ ਸਵਰਗ ਵਿੱਚ ਹੈ ਅਤੇ ਉਹ ਦੇ ਕੋਲ ਵੀ ਇੱਕ ਤਿੱਖੀ ਦਾਤੀ ਸੀ। ਇੱਕ ਹੋਰ ਦੂਤ ਜਿਸ ਨੂੰ ਅੱਗ ਉੱਤੇ ਅਧਿਕਾਰ ਹੈ ਜਗਵੇਦੀ ਵਿੱਚੋਂ ਨਿੱਕਲਿਆ ਅਤੇ ਉਹ ਨੇ ਉੱਚੀ ਦੇ ਕੇ ਉਸ ਨੂੰ ਜਿਸ ਦੇ ਕੋਲ ਤਿੱਖੀ ਦਾਤੀ ਸੀ ਆਖਿਆ ਕਿ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦੇ ਗੁੱਛਿਆਂ ਨੂੰ ਵੱਢ ਲੈ ਕਿਉਂ ਜੋ ਉਹ ਦੇ ਅੰਗੂਰ ਡਾਢੇ ਪੱਕ ਚੁੱਕੇ ਹਨ। ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਸੁੱਟ ਦਿੱਤੀ। ਅਤੇ ਉਹ ਚੁਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੱਕ ਕੋਈ ਦੋ ਸੋ ਮੀਲ ਤੱਕ ਲਹੂ ਵਗਿਆ।
”ਮੈਂ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ਼ ਦੇਖਿਆ, ਅਰਥਾਤ ਸੱਤ ਦੂਤ ਸੱਤ ਮਹਾਂਮਾਰੀਆਂ ਲਏ ਹੋਏ ਖੜ੍ਹੇ ਸਨ, ਜਿਹੜੀਆਂ ਆਖਰੀ ਹਨ, ਕਿਉਂ ਜੋ ਉਹਨਾਂ ਨਾਲ ਪਰਮੇਸ਼ੁਰ ਦਾ ਕ੍ਰੋਧ ਸੰਪੂਰਨ ਹੋਇਆ।
”ਅਤੇ ਮੈਂ ਇੱਕ ਕੱਚ ਦੇ ਸਮੁੰਦਰ ਵਰਗਾ ਵੇਖਿਆ, ਜਿਹ ਦੇ ਵਿੱਚ ਅੱਗ ਮਿਲੀ ਹੋਈ ਸੀ, ਅਤੇ ਜਿਨ੍ਹਾਂ ਨੇ ਉਸ ਦਰਿੰਦੇ, ਉਹ ਦੀ ਮੂਰਤੀ ਅਤੇ ਉਹ ਦੇ ਨਾਮ ਦੇ ਅੰਗ ਉੱਤੇ ਜਿੱਤ ਪਾਈ, ਮੈਂ ਉਹਨਾਂ ਨੂੰ ਪਰਮੇਸ਼ੁਰ ਦੇ ਰਬਾਬ ਫੜੀ ਕੱਚ ਦੇ ਸਮੁੰਦਰ ਕੋਲ ਖੜ੍ਹੇ ਵੇਖਿਆ। ਅਤੇ ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ, ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ਼ ਕੰਮ ਤੇਰੇ ਹਨ! ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਮਾਰਗ ਠੀਕ ਅਤੇ ਸੱਚੇ ਹਨ! ਹੇ ਪ੍ਰਭੂ, ਕੌਣ ਤੇਰੇ ਕੋਲੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ, ਸੋ ਸਾਰੀਆਂ ਕੌਮਾਂ ਆਉਣਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਇਸ ਲਈ ਜੋ ਤੇਰੇ ਨਿਆਂ ਦੇ ਕੰਮ ਪਰਗਟ ਹੋ ਗਏ ਹਨ!
”ਇਸ ਤੋਂ ਬਾਅਦ ਮੈਂ ਦੇਖਿਆ ਅਤੇ ਗਵਾਹੀ ਦੇ ਤੰਬੂ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ, ਖੋਲ੍ਹੀ ਗਈ। ਅਤੇ ਉਹ ਸੱਤ ਦੂਤ ਜਿਨ੍ਹਾਂ ਕੋਲ ਸੱਤ ਮਹਾਂਮਾਰੀਆਂ ਸਨ ਸਾਫ਼ ਅਤੇ ਚਮਕਦੀ ਕਤਾਨ ਪਹਿਨੇ ਅਤੇ ਸੋਨੇ ਦੀ ਪੇਟੀ ਛਾਤੀ ਦੁਆਲੇ ਬੰਨ੍ਹੇਂ ਹੈਕਲ ਵਿੱਚੋਂ ਨਿੱਕਲੇ। ਅਤੇ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੇ ਉਹਨਾਂ ਸੱਤਾਂ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਫੜਾਏ ਜਿਹੜੇ ਜੁੱਗੋ-ਜੁੱਗ ਜਿਉਂਦੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ। ਅਤੇ ਪਰਮੇਸ਼ੁਰ ਦੇ ਤੇਜ ਤੋਂ ਅਤੇ ਉਹ ਦੀ ਸਮਰੱਥਾ ਤੋਂ ਹੈਕਲ ਧੂੰਏਂ ਨਾਲ ਭਰ ਗਈ ਅਤੇ ਜਿਨ੍ਹਾਂ ਸਮਾਂ ਉਹਨਾਂ ਸੱਤਾਂ ਦੂਤਾਂ ਦੀਆਂ ਸੱਤ ਮਹਾਂਮਾਰੀਆਂ ਪੂਰੀਆਂ ਨਾ ਹੋਈਆਂ ਓਨਾ ਸਮਾਂ ਹੈਕਲ ਵਿੱਚ ਕੋਈ ਜਾ ਨਾ ਸਕਿਆ।
”ਮੈਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਉਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੇ ਸੁਣੀ ਕਿ ਚੱਲੋ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ!
”ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ। ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਸੀ ਅਤੇ ਜਿਹੜੇ ਉਸ ਦੀ ਪੂਜਾ ਕਰਦੇ ਸਨ ਉਹਨਾਂ ਉੱਤੇ ਬੁਰੇ ਅਤੇ ਬਹੁਤ ਦੁੱਖਦਾਇਕ ਫੋੜੇ ਨਿੱਕਲ ਆਏ।
”ਤਾਂ ਦੂਜੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਡੋਲ੍ਹ ਦਿੱਤਾ। ਤਾਂ ਉਹ ਮੁਰਦੇ ਦੇ ਲਹੂ ਵਰਗਾ ਬਣ ਗਿਆ ਅਤੇ ਹਰੇਕ ਜਿਉਂਦੀ ਜਾਨ ਜਿਹੜੀ ਸਮੁੰਦਰ ਵਿੱਚ ਸੀ, ਮਰ ਗਈ।
”ਫੇਰ ਤੀਜੇ ਦੂਤ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਡੋਲ੍ਹ ਦਿੱਤਾ। ਤਾਂ ਉਸ ਤੋਂ ਉਹ ਲਹੂ ਬਣ ਗਏ ਅਤੇ ਮੈਂ ਪਾਣੀਆਂ ਦੇ ਦੂਤ ਨੂੰ ਇਹ ਆਖਦੇ ਸੁਣਿਆ, ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੀ, ਤੂੰ ਧਰਮੀ ਹੈਂ, ਤੂੰ ਇਸ ਤਰ੍ਹਾਂ ਨਿਆਂ ਜੋ ਕੀਤਾ, ਕਿਉਂ ਜੋ ਉਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ, ਤਾਂ ਤੂੰ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ! ਉਹ ਇਸੇ ਦੇ ਯੋਗ ਹਨ!। ਫੇਰ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ, ਹੇ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਤੇਰੀਆਂ ਅਦਾਲਤਾਂ ਸੱਚੀਆਂ ਅਤੇ ਠੀਕ ਹਨ!।
”ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਤਾਂ ਉਹ ਨੂੰ ਇਹ ਦਿੱਤਾ ਗਿਆ ਜੋ ਮਨੁੱਖਾਂ ਨੂੰ ਅੱਗ ਨਾਲ ਝੁਲਸੇ ਅਤੇ ਮਨੁੱਖ ਵੱਡੀ ਤਪਸ਼ ਨਾਲ ਝੁਲਸ ਗਏ ਅਤੇ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਕੀਤੀ ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ ਅਤੇ ਤੋਬਾ ਨਾ ਕੀਤੀ ਜੋ ਉਹ ਦੀ ਵਡਿਆਈ ਕਰਨ।
”ਪੰਜਵੇਂ ਦੂਤ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਡੋਲ੍ਹ ਦਿੱਤਾ। ਤਾਂ ਉਹ ਦਾ ਰਾਜ ਹਨ੍ਹੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦੇ ਮਾਰੇ ਆਪਣੀਆਂ ਜੀਭਾਂ ਚੱਬੀਆਂ। ਅਤੇ ਉਹਨਾਂ ਦੇ ਆਪਣੇ ਦੁੱਖਾਂ ਦੇ ਕਾਰਨ ਅਤੇ ਆਪਣੇ ਜਖ਼ਮਾਂ ਦੇ ਕਾਰਨ ਸਵਰਗ ਦੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਅਤੇ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।
”ਛੇਵੇਂ ਦੂਤ ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹ ਦਿੱਤਾ ਅਤੇ ਉਹ ਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ, ਉਹਨਾਂ ਲਈ ਰਾਹ ਤਿਆਰ ਕੀਤਾ ਜਾਵੇ।
”ਅਜਗਰ ਦੇ ਮੂੰਹ, ਉਸ ਦਰਿੰਦੇ ਦੇ ਮੂੰਹ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਵਰਗੇ ਤਿੰਨ ਭਰਿਸ਼ਟ ਆਤਮੇ ਨਿੱਕਲਦੇ ਵੇਖੇ। ਕਿਉਂ ਜੋ ਇਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮੇ ਹਨ, ਜਿਹੜੇ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾਂਦੇ ਹਨ, ਤਾਂ ਜੋ ਉਹਨਾਂ ਨੂੰ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਦੇ ਯੁੱਧ ਲਈ ਇਕੱਠਿਆਂ ਕਰਨ। ਵੇਖੋ, ਮੈਂ ਚੋਰ ਵਾਂਗੂੰ ਆਉਂਦਾ ਹਾਂ। ਧੰਨ ਉਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਜੋ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ। ਅਤੇ ਉਨ੍ਹਾਂ ਨੇ ਉਸ ਥਾਂ ਉਹਨਾਂ ਨੂੰ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਕਿਹਾ ਜਾਂਦਾ ਹੈ।
”ਸੱਤਵੇਂ ਦੂਤ ਨੇ ਆਪਣਾ ਕਟੋਰਾ ਪੌਣ ਉੱਤੇ ਡੋਲ੍ਹ ਦਿੱਤਾ। ਤਾਂ ਸਿੰਘਾਸਣ ਦੀ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਇਹ ਆਖਦੀ ਆਈ, ਕਿ ਹੋ ਚੁੱਕਿਆ! ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ, ਅਤੇ ਅਜਿਹਾ ਵੱਡਾ ਭੂਚਾਲ ਆਇਆ ਕਿ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਭੂਚਾਲ ਕਦੇ ਨਹੀਂ ਸੀ ਆਇਆ! ਤਾਂ ਉਹ ਵੱਡੀ ਨਗਰੀ ਤਿੰਨ ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਢਹਿ ਗਏ ਅਤੇ ਉਹ ਵੱਡੀ ਨਗਰੀ ਬਾਬੁਲ ਪਰਮੇਸ਼ੁਰ ਦੇ ਹਜ਼ੂਰ ਚੇਤੇ ਆਈ ਕਿ ਆਪਣੇ ਅੱਤ ਵੱਡੇ ਕ੍ਰੋਧ ਦੀ ਮੈਅ ਦਾ ਪਿਆਲਾ ਉਹ ਨੂੰ ਦੇਵੇ। ਅਤੇ ਹਰੇਕ ਟਾਪੂ ਭੱਜ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ। ਅਤੇ ਅਕਾਸ਼ੋਂ ਮਨੁੱਖਾਂ ਉੱਤੇ ਮੰਨੋ ਮਣ ਮਣ ਦੇ ਵੱਡੇ ਗੜੇ ਪੈਂਦੇ ਹਨ ਅਤੇ ਗੜਿਆਂ ਦੀ ਮਹਾਂਮਾਰੀ ਦੇ ਮਾਰੇ ਮਨੁੱਖਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ, ਕਿਉਂ ਜੋ ਉਹਨਾਂ ਦੀ ਮਹਾਂਮਾਰੀ ਬਹੁਤ ਭਾਰੀ ਹੈ।
”ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ, ਇੱਕ ਨੇ ਆਣ ਕੇ ਮੈਨੂੰ ਕਿਹਾ ਕਿ ਮੇਰੇ ਕੋਲ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ! ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਮੈਅ ਨਾਲ ਮਸਤ ਹੋਏ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਵੇਖਿਆ, ਜਿਹੜਾ ਦਰਿੰਦਾ ਨਿੰਦਿਆ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ। ਅਤੇ ਉਸ ਔਰਤ ਨੇ ਬੈਂਗਣੀ ਅਤੇ ਲਾਲ ਪੁਸ਼ਾਕ ਪਹਿਨੀ ਹੋਈ ਸੀ ਅਤੇ ਉਹ ਸੋਨੇ, ਮੋਤੀਆਂ ਅਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ ਸੀ। ਉਹ ਨੇ ਇੱਕ ਸੋਨੇ ਦਾ ਪਿਆਲਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਿਣਾਉਣੀਆਂ ਵਸਤਾਂ ਅਤੇ ਉਹ ਦੀ ਹਰਾਮਕਾਰੀ ਦੀਆਂ ਭਰਿਸ਼ਟਤਾਈਆਂ ਨਾਲ ਭਰਿਆ ਹੋਇਆ ਸੀ। ਅਤੇ ਉਹ ਦੇ ਮੱਥੇ ਉੱਤੇ ਇਹ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ ਅਰਥਾਤ “ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ”। ਅਤੇ ਮੈਂ ਉਸ ਔਰਤ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਵੇਖਿਆ, ਅਤੇ ਉਹ ਨੂੰ ਵੇਖ ਕੇ ਮੈਂ ਬਹੁਤ ਹੈਰਾਨ ਹੋ ਕੇ ਹੱਕਾ-ਬੱਕਾ ਰਹਿ ਗਿਆ। ਅਤੇ ਦੂਤ ਨੇ ਮੈਨੂੰ ਆਖਿਆ ਕਿ ਤੂੰ ਹੱਕਾ-ਬੱਕਾ ਕਿਉਂ ਹੋਇਆ ਹੈਂ। ਉਹ ਔਰਤ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ, ਜਿਹ ਦੇ ਸੱਤ ਸਿਰ ਅਤੇ ਦਸ ਸਿੰਗ ਹਨ, ਮੈਂ ਉਹਨਾਂ ਦਾ ਭੇਤ ਤੈਨੂੰ ਦੱਸਾਂਗਾ।
”ਉਹ ਦਰਿੰਦਾ ਜਿਹੜਾ ਤੂੰ ਵੇਖਿਆ ਸੋ ਹੈ ਸੀ ਅਤੇ ਨਹੀਂ ਹੈ ਅਤੇ ਉਹ ਨੇ ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਉਸ ਦਰਿੰਦੇ ਨੂੰ ਵੇਖ ਕੇ ਕਿ ਉਹ ਹੈ ਸੀ ਅਤੇ ਨਹੀਂ ਹੈ ਅਤੇ ਫੇਰ ਆਉਂਦਾ ਹੈ, ਹੈਰਾਨ ਹੋ ਜਾਣਗੇ। ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਹੈ। ਇਹ ਸੱਤ ਸਿਰ ਸੱਤ ਟਿੱਲੇ ਹਨ ਜਿੱਥੇ ਔਰਤ ਉਹਨਾਂ ਉੱਤੇ ਬੈਠੀ ਹੋਈ ਹੈ। ਅਤੇ ਉਹ ਸੱਤ ਰਾਜੇ ਵੀ ਹਨ। ਪੰਜ ਤਾਂ ਡਿੱਗ ਪਏ ਹਨ, ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ। ਜਦੋਂ ਆਵੇਗਾ ਤਾਂ ਉਹ ਨੂੰ ਥੋੜ੍ਹਾ ਸਮਾਂ ਰਹਿਣਾ ਜ਼ਰੂਰੀ ਹੈ। ਅਤੇ ਉਹ ਦਰਿੰਦਾ ਜਿਹੜਾ ਸੀ ਅਤੇ ਨਹੀਂ ਹੈ ਸੋ ਆਪ ਵੀ ਅੱਠਵਾਂ ਹੈ, ਅਤੇ ਉਨ੍ਹਾਂ ਸੱਤਾਂ ਵਿੱਚੋਂ ਹੈ ਅਤੇ ਉਹ ਨਸ਼ਟ ਹੋ ਜਾਵੇਗਾ l ਉਹ ਦਸ ਸਿੰਗ ਜਿਹੜੇ ਤੂੰ ਵੇਖੇ ਉਹ ਦਸ ਰਾਜੇ ਹਨ, ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਧਿਕਾਰ ਮਿਲਦਾ ਹੈ। ਇਨ੍ਹਾਂ ਦਾ ਇੱਕੋ ਮੱਤ ਹੈ ਅਤੇ ਇਹ ਆਪਣੀ ਸਮਰੱਥਾ ਅਤੇ ਅਧਿਕਾਰ ਉਸ ਦਰਿੰਦੇ ਨੂੰ ਦਿੰਦੇ ਹਨ।
”ਇਹ ਲੇਲੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਉੱਤੇ ਜਿੱਤ ਪਾਵੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹ ਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹਨ। ਅਤੇ ਉਹ ਨੇ ਮੈਨੂੰ ਆਖਿਆ, ਜਿਹੜੇ ਪਾਣੀ ਤੂੰ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਉਹ ਉੱਮਤਾਂ ਅਤੇ ਭੀੜ ਅਤੇ ਕੌਮਾਂ ਅਤੇ ਭਾਸ਼ਾਵਾਂ ਹਨ। ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ, ਇਹ ਉਸ ਕੰਜਰੀ ਨਾਲ ਵੈਰ ਕਰਨਗੇ, ਉਹ ਨੂੰ ਉਜਾੜ ਦੇਣਗੇ, ਨੰਗਿਆਂ ਕਰਨਗੇ, ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ। ਕਿਉਂ ਜੋ ਪਰਮੇਸ਼ੁਰ ਨੇ ਉਹਨਾਂ ਦੇ ਦਿਲ ਵਿੱਚ ਇਹ ਪਾਇਆ ਜੋ ਉਸ ਦੀ ਮਰਜ਼ੀ ਪੂਰੀ ਕਰਨ ਅਤੇ ਇੱਕੋ ਮੱਤ ਦੇ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ ਜਿਨ੍ਹਾਂ ਸਮਾਂ ਪਰਮੇਸ਼ੁਰ ਦੇ ਬਚਨ ਪੂਰੇ ਨਾ ਹੋ ਜਾਣ। ਅਤੇ ਉਹ ਔਰਤ ਜੋ ਤੂੰ ਵੇਖੀ ਸੀ ਉਹ ਵੱਡੀ ਨਗਰੀ ਹੈ ਜਿਹੜੀ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ।
”ਇਸ ਤੋਂ ਬਾਅਦ ਮੈਂ ਇੱਕ ਹੋਰ ਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਦੇ ਕੋਲ ਅਧਿਕਾਰ ਸੀ ਅਤੇ ਉਹ ਦੇ ਤੇਜ ਨਾਲ ਧਰਤੀ ਚਾਨਣੀ ਹੋ ਗਈ। ਅਤੇ ਉਹ ਨੇ ਬਹੁਤ ਉੱਚੀ ਆਵਾਜ਼ ਮਾਰ ਕੇ ਆਖਿਆ, ਢਹਿ ਪਈ ਬਾਬੁਲ, ਵੱਡੀ ਨਗਰੀ ਡਿੱਗ ਪਈ! ਉਹ ਭੂਤਾਂ ਦਾ ਟਿਕਾਣਾ ਹੋ ਗਿਆ, ਨਾਲੇ ਹਰ ਅਸ਼ੁੱਧ ਆਤਮਾਵਾਂ ਦਾ ਅੱਡਾ, ਹਰ ਦੁਸ਼ਟ ਅਤੇ ਘਿਣਾਉਣੇ ਪੰਛੀ ਦਾ ਅੱਡਾ। ਕਿਉਂ ਜੋ ਉਹ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਤੋਂ ਸਾਰੀਆਂ ਕੌਮਾਂ ਨੇ ਪੀਤਾ, ਅਤੇ ਧਰਤੀ ਦੇ ਰਾਜਿਆਂ ਨੇ ਉਹ ਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਵਪਾਰੀ ਉਹ ਦੇ ਬਹੁਤ ਜਿਆਦਾ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।
”ਮੈਂ ਇੱਕ ਹੋਰ ਅਵਾਜ਼ ਅਕਾਸ਼ ਤੋਂ ਇਹ ਆਖਦੇ ਸੁਣੀ, ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਕਿਤੇ ਤੁਸੀਂ ਉਹ ਦੇ ਪਾਪਾਂ ਦੇ ਭਾਗੀ ਬਣੋ, ਕਿਤੇ ਤੁਸੀਂ ਉਹ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਹੋਵੋ! ਉਹ ਦੇ ਪਾਪ ਤਾਂ ਸਵਰਗ ਤੱਕ ਪਹੁੰਚ ਗਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਯਾਦ ਕੀਤੇ ਹਨ। ਜਿਵੇਂ ਉਹ ਨੇ ਵਰਤਿਆ ਤਿਵੇਂ ਤੁਸੀਂ ਉਹ ਦੇ ਨਾਲ ਵੀ ਵਰਤੋ, ਸਗੋਂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਦੁਗਣਾ ਬਦਲਾ ਦਿਓ, - ਜਿਹੜਾ ਪਿਆਲਾ ਉਹ ਨੇ ਭਰਿਆ, ਤੁਸੀਂ ਉਸ ਵਿੱਚ ਉਹ ਦੇ ਲਈ ਦੁਗਣਾ ਭਰੋ। ਜਿੰਨੀ ਉਹ ਨੇ ਆਪਣੀ ਵਡਿਆਈ ਕੀਤੀ, ਅਤੇ ਭੋਗ ਬਿਲਾਸ ਕੀਤਾ, ਉਨ੍ਹਾਂ ਹੀ ਉਹ ਨੂੰ ਕਸ਼ਟ ਅਤੇ ਸੋਗ ਦਿਉ, ਕਿਉਂ ਜੋ ਉਹ ਆਪਣੇ ਮਨ ਵਿੱਚ ਇਹ ਆਖਦੀ ਹੈ, ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ! ਇਸ ਕਰਕੇ ਉਹ ਦੀਆਂ ਮਹਾਂਮਾਰੀਆਂ ਇੱਕੋ ਦਿਨ ਵਿੱਚ ਆ ਪੈਣਗੀਆਂ; ਮੌਤ, ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ੁਰ ਜਿਹੜਾ ਉਹ ਦਾ ਨਿਆਂ ਕਰਦਾ ਹੈ!
”ਧਰਤੀ ਦੇ ਰਾਜੇ ਜਿਨ੍ਹਾਂ ਉਹ ਦੇ ਨਾਲ ਹਰਾਮਕਾਰੀ ਅਤੇ ਭੋਗ ਬਿਲਾਸ ਕੀਤਾ, ਜਿਸ ਵੇਲੇ ਉਹ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਹ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ। ਅਤੇ ਉਹ ਦੇ ਕਸ਼ਟ ਤੋਂ ਡਰ ਦੇ ਮਾਰੇ ਉਹ ਦੂਰ ਖੜ ਕੇ ਆਖਣਗੇ, ਹਾਏ, ਹਾਏ! ਹੇ ਵੱਡੀ ਨਗਰੀ, ਮਜ਼ਬੂਤ ਨਗਰੀ ਬਾਬੁਲ! ਇੱਕੋ ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ! ਧਰਤੀ ਦੇ ਵਪਾਰੀ ਉਹ ਨੂੰ ਰੋਂਦੇ ਅਤੇ ਕੁਰਲਾਉਂਦੇ ਹਨ, ਕਿਉਂ ਜੋ ਹੁਣ ਉਨ੍ਹਾਂ ਦਾ ਮਾਲ ਕੋਈ ਨਹੀਂ ਲੈਂਦਾ। ਅਰਥਾਤ ਮਾਲ ਸੋਨੇ ਦਾ ਅਤੇ ਚਾਂਦੀ, ਜਵਾਹਰ, ਮੋਤੀਆਂ, ਅਤੇ ਕਤਾਨ ਦਾ ਅਤੇ ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ ਦਾ ਅਤੇ ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ ਅਤੇ ਹਾਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ ਅਤੇ ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਮੈਅ, ਤੇਲ, ਮੈਦਾ, ਕਣਕ, ਡੰਗਰ, ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ। ਤੇਰੇ ਮਨਭਾਉਂਦੇ ਫਲ ਤੇਰੇ ਕੋਲੋਂ ਦੂਰ ਹੋ ਗਏ, ਸਾਰੀਆਂ ਕੀਮਤੀ ਅਤੇ ਭੜਕੀਲੀਆਂ ਵਸਤਾਂ ਤੇਰੇ ਕੋਲੋਂ ਜਾਂਦੀਆਂ ਰਹੀਆਂ, ਅਤੇ ਹੁਣ ਕਦੇ ਨਾ ਲੱਭਣਗੀਆਂ! ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਹ ਦੇ ਰਾਹੀਂ ਧਨਵਾਨ ਹੋਏ ਸਨ, ਉਹ ਦੇ ਦੁੱਖ ਤੋਂ ਡਰ ਦੇ ਮਾਰੇ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ, ਹਾਏ ਹਾਏ, ਇਸ ਵੱਡੀ ਨਗਰੀ ਨੂੰ! ਜਿਹੜੀ ਕਤਾਨ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸੀ, ਅਤੇ ਸੋਨੇ, ਜਵਾਹਰਾਂ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ, ਕਿਉਂ ਜੋ ਐਨਾ ਸਾਰਾ ਧਨ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ ਹੈ!। ਹਰੇਕ ਮਲਾਹਾਂ ਦਾ ਸਿਰਕਰਦਾ ਅਤੇ ਹਰ ਕੋਈ ਜਿਹੜਾ ਜਹਾਜ਼ਾਂ ਵਿੱਚ ਕਿਧਰੇ ਫਿਰਦਾ ਹੈ ਅਤੇ ਮਲਾਹ ਅਤੇ ਸਮੁੰਦਰ ਉੱਤੇ ਜਿੰਨੇ ਰੋਜ਼ੀ ਰੋਟੀ ਕਮਾਉਂਦੇ ਹਨ, ਸੱਭੇ ਦੂਰ ਖੜ੍ਹੇ ਹੋਏ। ਅਤੇ ਉਹ ਦੇ ਸੜਨ ਦਾ ਧੂੰਆਂ ਵੇਖ ਕੇ ਚੀਕਾਂ ਮਾਰ ਉੱਠੇ ਅਤੇ ਬੋਲੇ ਭਈ ਕਿਹੜਾ ਇਸ ਵੱਡੀ ਨਗਰੀ ਦੇ ਵਰਗਾ ਹੈ? ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ-ਮਾਰ ਕੇ ਆਖਿਆ, ਹਾਏ ਹਾਏ ਇਸ ਵੱਡੀ ਨਗਰੀ ਨੂੰ! ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਹ ਦੇ ਧਨ ਦੇ ਰਾਹੀਂ ਧਨੀ ਹੋ ਗਏ! ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ! ਹੇ ਸਵਰਗ ਅਤੇ ਹੇ ਸੰਤੋ, ਰਸੂਲੋ ਅਤੇ ਨਬੀਓ, ਉਹ ਦੇ ਉੱਤੇ ਖੁਸ਼ੀ ਕਰੋ, ਕਿਉਂ ਜੋ ਪਰਮੇਸ਼ੁਰ ਨੇ ਨਿਆਂ ਕਰ ਕੇ ਤੁਹਾਡਾ ਬਦਲਾ ਉਸ ਤੋਂ ਲੈ ਲਿਆ! ਤਾਂ ਇੱਕ ਬਲਵਾਨ ਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰ੍ਹਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ! ਰਬਾਬੀਆਂ, ਗਵੱਈਆਂ, ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰ੍ਹੀ ਫੂਕਣ ਵਾਲਿਆਂ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫੇਰ ਕਦੇ ਨਾ ਲੱਭੇਗਾ। ਚੱਕੀ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ,
”ਅਤੇ ਦੀਵੇ ਦੀ ਰੋਸ਼ਨੀ ਤੇਰੇ ਵਿੱਚ ਫੇਰ ਕਦੀ ਨਾ ਚਮਕੇਗੀ, ਲਾੜੀ ਅਤੇ ਲਾੜੇ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਤੇਰੇ ਵਪਾਰੀ ਤਾਂ ਧਰਤੀ ਦੇ ਮਹਾਂ ਪੁਰਖ ਸਨ, ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਭਰਮਾਈਆਂ ਗਈਆਂ, ਨਾਲੇ ਨਬੀਆਂ, ਸੰਤਾਂ ਅਤੇ ਉਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਮਾਰੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ!
”ਇਸ ਤੋਂ ਬਾਅਦ ਮੈਂ ਸਵਰਗ ਵਿੱਚ ਵੱਡੀ ਭੀੜ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, ਹਲਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ, ਉਹ ਦੇ ਨਿਆਂ ਤਾਂ ਸੱਚੇ ਅਤੇ ਠੀਕ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਸ ਨੇ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ। ਉਹ ਦੂਜੀ ਵਾਰ ਬੋਲੇ, ਹਲਲੂਯਾਹ! ਉਹ ਦਾ ਧੂੰਆਂ ਜੁੱਗੋ-ਜੁੱਗ ਪਿਆ ਉੱਠਦਾ ਹੈ! ਤਾਂ ਉਹ ਚੌਵੀ ਬਜ਼ੁਰਗ ਅਤੇ ਚਾਰ ਪ੍ਰਾਣੀ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਲਲੂਯਾਹ! ਸਿੰਘਾਸਣ ਵੱਲੋਂ ਇੱਕ ਅਵਾਜ਼ ਇਹ ਆਖਦੇ ਆਈ, ਤੁਸੀਂ ਸੱਭੇ ਉਹ ਦੇ ਦਾਸੋ ਕੀ ਛੋਟੇ ਕੀ ਵੱਡੇ, ਜਿਹੜੇ ਉਸ ਦਾ ਡਰ ਮੰਨਦੇ ਹੋ, ਸਾਡੇ ਪਰਮੇਸ਼ੁਰ ਦੀ ਉਸਤਤ ਕਰੋ! ਤਾਂ ਮੈਂ ਵੱਡੀ ਭੀੜ ਦੀ ਅਵਾਜ਼ ਵਰਗੀ ਅਤੇ ਬਾਹਲਿਆਂ ਪਾਣੀਆਂ ਦੀ ਅਵਾਜ਼ ਵਰਗੀ ਅਤੇ ਬੱਦਲ ਦੀਆਂ ਡਾਢੀਆਂ ਗਰਜਾਂ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, - ਹਲਲੂਯਾਹ! ਪ੍ਰਭੂ ਸਾਡਾ ਪਰਮੇਸ਼ੁਰ ਸਰਬ ਸ਼ਕਤੀਮਾਨ ਰਾਜ ਕਰਦਾ ਹੈ!
”ਆਓ, ਅਸੀਂ ਅਨੰਦ ਕਰੀਏ ਅਤੇ ਖੁਸ਼ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਇਹ ਉਸ ਨੂੰ ਬਖ਼ਸ਼ਿਆ ਗਿਆ ਕਿ ਸੁੰਦਰ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ, ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ। ਤਾਂ ਦੂਤ ਨੇ ਮੈਨੂੰ ਆਖਿਆ, ਲਿਖ ਕਿ ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਵਤ ਵਿੱਚ ਸੱਦੇ ਹੋਏ ਹਨ! ਅਤੇ ਮੈਨੂੰ ਆਖਿਆ ਕਿ ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ। ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ। ਤਾਂ ਉਸ ਨੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਨਾ ਕਰ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਗਵਾਹੀ ਦਿੰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦਾ ਆਤਮਾ ਹੈ।
”ਮੈਂ ਅਕਾਸ਼ ਨੂੰ ਖੁੱਲਿਆ ਹੋਇਆ ਦੇਖਿਆ, ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਘੋੜਾ ਹੈ ਅਤੇ ਉਹ ਦਾ ਸਵਾਰ “ਵਫ਼ਾਦਾਰ” ਅਤੇ “ਸੱਚਾ” ਅਖਵਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ। ਉਹ ਦੀਆਂ ਅੱਖਾਂ ਅੱਗ ਦੀ ਲਾਟ ਹਨ, ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ। ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ “ਪਰਮੇਸ਼ੁਰ ਦਾ ਸ਼ਬਦ” ਅਖਵਾਉਂਦਾ ਹੈ। ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਚਿੱਟੇ ਘੋੜਿਆਂ ਉੱਤੇ ਉਹ ਦੇ ਮਗਰ-ਮਗਰ ਆਉਂਦੀਆਂ ਹਨ। ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਜੋ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਅ ਦੇ ਚੁਬੱਚੇ ਨੂੰ ਲਿਤਾੜਦਾ ਹੈ। ਉਹ ਦੇ ਬਸਤਰ ਉੱਤੇ ਅਤੇ ਉਹ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, - “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।”
”ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖੜ੍ਹਾ ਵੇਖਿਆ ਅਤੇ ਉਸ ਨੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਵਤ ਲਈ ਇਕੱਠੇ ਹੋਵੋ! ਭਈ ਤੁਸੀਂ ਰਾਜਿਆਂ ਦਾ ਮਾਸ, ਫੌਜ ਦੇ ਸਰਦਾਰਾਂ ਦਾ ਮਾਸ, ਮਹਾਂ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਕੀ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਖਾਓ!
”ਫੇਰ ਮੈਂ ਵੇਖਿਆ ਕਿ ਉਹ ਦਰਿੰਦਾ, ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆਂ ਕਿ ਉਹ ਅਤੇ ਉਹ ਦੀ ਫੌਜ ਦੇ ਨਾਲ ਯੁੱਧ ਕਰਨ, ਜਿਹੜਾ ਘੋੜੇ ਉੱਤੇ ਸਵਾਰ ਸੀ। ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹ ਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾਇਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਆਇਆ ਸੀ, ਅਤੇ ਉਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ। ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ! ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ।
”ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਸਵਰਗ ਤੋਂ ਉੱਤਰਦੇ ਵੇਖਿਆ। ਅਤੇ ਉਹ ਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ, ਫੜਿਆ ਅਤੇ ਹਜ਼ਾਰ ਸਾਲ ਤੱਕ ਉਹ ਨੂੰ ਜਕੜ ਰੱਖਿਆ। ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਬੰਦ ਕਰਕੇ ਉਹ ਦੇ ਉੱਤੇ ਮੋਹਰ ਲਾਈ ਜੋ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ, ਜਿਨ੍ਹਾਂ ਚਿਰ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜ਼ਰੂਰੀ ਹੈ ਭਈ ਉਹ ਥੋੜ੍ਹੇ ਸਮਾਂ ਲਈ ਛੱਡਿਆ ਜਾਵੇ।
”ਮੈਂ ਸਿੰਘਾਸਣ ਵੇਖੇ ਅਤੇ ਉਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੀ ਆਤਮਾਵਾਂ ਨੂੰ ਵੇਖਿਆ, ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਵੱਢੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲੁਆਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਦੇ ਨਾਲ ਰਾਜ ਕਰਦੇ ਰਹੇ। ਬਾਕੀ ਦੇ ਮੁਰਦੇ ਹਜ਼ਾਰ ਸਾਲ ਦੇ ਪੂਰੇ ਹੋਣ ਤੱਕ ਜਿਉਂਦੇ ਨਾ ਹੋਏ। ਇਹ ਪਹਿਲਾ ਮੁਰਦਿਆਂ ਦਾ ਜੀ ਉੱਠਣਾ ਹੈ। ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲਾ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਿਲ ਹੈ! ਇਹਨਾਂ ਉੱਤੇ ਦੂਸਰੀ ਮੌਤ ਦਾ ਕੁਝ ਵੱਸ ਨਹੀਂ ਸਗੋਂ ਉਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ।
”ਜਦ ਉਹ ਹਜ਼ਾਰ ਸਾਲ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ। ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਉਹਨਾਂ ਨੂੰ ਯੁੱਧ ਲਈ ਇਕੱਠੀਆਂ ਕਰੇ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ। ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਸਵਰਗ ਉੱਤੋਂ ਅੱਗ ਉਤਰੀ ਜਿਸ ਨੇ ਉਹਨਾਂ ਨੂੰ ਭਸਮ ਕਰ ਦਿੱਤਾ!
”ਅਤੇ ਸ਼ੈਤਾਨ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ-ਦਿਨ ਜੁੱਗੋ-ਜੁੱਗ ਕਸ਼ਟ ਭੋਗਣਗੇ।
”ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਸ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ। ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਮੌਤ ਅਤੇ ਪਤਾਲ ਨੇ ਉਹਨਾਂ ਨੂੰ ਦੇ ਦਿੱਤਾ ਜੋ ਉਸ ਵਿੱਚ ਸਨ, ਅਤੇ ਹਰੇਕ ਦਾ ਨਿਆਂ ਉਹ ਦੇ ਕੰਮਾਂ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਜੀ ਮੌਤ ਹੈ ਅਰਥਾਤ ਅੱਗ ਦੀ ਝੀਲ। ਅਤੇ ਜੇਕਰ ਕਿਸੇ ਦਾ ਨਾਮ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਮਿਲਿਆ, ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।
”ਫਿਰ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਸਮੁੰਦਰ ਨਹੀਂ ਹੈ। ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਪਰਮੇਸ਼ੁਰ ਦੇ ਕੋਲੋਂ ਅਕਾਸ਼ ਤੋਂ ਉਤਰਦੀ ਹੋਈ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ।
”ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਕਿ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦਾ ਪਰਮੇਸ਼ੁਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ, ਅਤੇ ਉਸ ਨੇ ਆਖਿਆ, ਲਿਖ, ਕਿਉਂ ਜੋ ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ। ਅਤੇ ਉਸ ਨੇ ਮੈਨੂੰ ਆਖਿਆ, ਹੋ ਗਿਆ ਹੈ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ, ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰ ਡਰਾਕਲਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਜੀ ਮੌਤ ਹੈ। ਜਿਨ੍ਹਾਂ ਸੱਤਾਂ ਦੂਤਾਂ ਕੋਲ ਉਹ ਸੱਤ ਕਟੋਰੇ ਸਨ ਅਤੇ ਜਿਹੜੇ ਆਖਰੀ ਸੱਤ ਮਹਾਂਮਾਰੀਆਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆ ਕੇ ਮੇਰੇ ਨਾਲ ਗੱਲ ਕੀਤੀ ਕਿ ਇੱਧਰ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।
”ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਸਵਰਗ ਤੋਂ ਉੱਤਰਦੀ ਮੈਨੂੰ ਵਿਖਾਈ, ਜਿਹ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ। ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਤਰ੍ਹਾਂ ਨਿਰਮਲ ਹੋਵੇ। ਅਤੇ ਉਹ ਦੀ ਵੱਡੀ ਅਤੇ ਉੱਚੀ ਸ਼ਹਿਰਪਨਾਹ ਹੈ ਅਤੇ ਉਹ ਦੇ ਬਾਰਾਂ ਦਰਵਾਜ਼ੇ ਹਨ ਅਤੇ ਉਹਨਾਂ ਦਰਵਾਜਿਆਂ ਉੱਤੇ ਬਾਰਾਂ ਦੂਤ। ਅਤੇ ਉਹਨਾਂ ਉੱਤੇ ਨਾਮ ਲਿਖੇ ਹੋਏ ਸਨ, ਜਿਹੜੇ ਇਸਰਾਏਲ ਦੇ ਵੰਸ਼ ਦੇ ਬਾਰਾਂ ਗੋਤਾਂ ਦੇ ਨਾਮ ਹਨ। ਪੂਰਬ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਅਤੇ ਦੱਖਣ ਵੱਲ ਤਿੰਨ ਦਰਵਾਜ਼ੇ ਅਤੇ ਉੱਤਰ ਵੱਲ ਤਿੰਨ ਦਰਵਾਜ਼ੇ ਹਨ। ਅਤੇ ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਬਾਰਾਂ ਨੀਹਾਂ ਹਨ ਅਤੇ ਉਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਮ ਹਨ। ਮੇਰੇ ਨਾਲ ਜਿਹੜਾ ਗੱਲਾਂ ਕਰਦਾ ਸੀ ਉਹ ਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਹ ਉਸ ਨਗਰੀ ਦੀ ਅਤੇ ਉਹ ਦੇ ਦਰਵਾਜਿਆਂ ਦੀ ਅਤੇ ਉਹ ਦੀ ਸ਼ਹਿਰਪਨਾਹ ਦੀ ਮਿਣਤੀ ਕਰੇ। ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੰਨੀ ਉਹ ਦੀ ਚੌੜਾਈ ਓਨੀ ਹੀ ਉਹ ਦੀ ਲੰਬਾਈ ਹੈ। ਅਤੇ ਉਸ ਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ ਪੰਦਰਾਂ ਸੌ ਮੀਲ ਨਿੱਕਲੀ ਉਹ ਦੀ ਲੰਬਾਈ ਅਤੇ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ। ਅਤੇ ਉਸ ਨੇ ਉਹ ਦੀ ਸ਼ਹਿਰਪਨਾਹ ਨੂੰ ਮਨੁੱਖ ਦੇ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਇੱਕ ਸੌ ਚੁਤਾਲੀ ਹੱਥ ਨਿੱਕਲੀ। ਅਤੇ ਉਹ ਦੀ ਸ਼ਹਿਰਪਨਾਹ ਦੀ ਚਿਣਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਸਾਫ਼ ਸ਼ੀਸ਼ੇ ਦੇ ਵਾਂਗੂੰ ਸ਼ੁੱਧ ਸੋਨੇ ਦੀ ਸੀ। ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੁਧੀਯਾ ਅਕੀਕ ਦੀ, ਚੌਥੀ ਪੰਨੇ ਦੀ। ਪੰਜਵੀਂ ਸੁਲੇਮਾਨੀ ਦੀ, ਛੇਵੀਂ ਲਾਲ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀਂ ਸੁਨਹਿਲੇ ਦੀ, ਦਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਕਰਨ ਦੀ, ਬਾਰ੍ਹਵੀਂ ਕਟਹਲੇ ਦੀ। ਅਤੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ। ਇੱਕ-ਇੱਕ ਦਰਵਾਜ਼ਾ ਇੱਕ-ਇੱਕ ਮੋਤੀ ਦਾ ਸੀ, ਅਤੇ ਉਸ ਨਗਰੀ ਦਾ ਚੌਂਕ ਨਿਰਮਲ ਸ਼ੀਸ਼ੇ ਵਰਗਾ ਸ਼ੁੱਧ ਸੋਨੇ ਦਾ ਸੀ।
”ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ। ਅਤੇ ਉਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ ਕਿ ਉਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ। ਅਤੇ ਕੌਮਾਂ ਉਹ ਦੇ ਚਾਨਣ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਦੇ ਰਾਜੇ ਆਪਣਾ ਪ੍ਰਤਾਪ ਉਸ ਵਿੱਚ ਲਿਆਉਣਗੇ। ਅਤੇ ਉਹ ਦੇ ਦਰਵਾਜ਼ੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ। ਅਤੇ ਉਹ ਕੌਮਾਂ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ। ਪਰ ਕੋਈ ਅਪਵਿੱਤਰ ਵਸਤ ਜਾਂ ਕੋਈ ਘਿਣਾਉਣੇ ਕੰਮ ਕਰਨ ਵਾਲਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ ਪਰ ਕੇਵਲ ਉਹ ਜਿਹਨਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ।
”ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਹਰੇਕ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਦੇਣ ਲਈ ਫਲ ਮੇਰੇ ਕੋਲ ਹੈ।
”