01 – ਪਵਿੱਤਰ ਬਾਈਬਲ

ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪਵਿੱਤਰ ਸ਼ਬਦ ਹਨ।
ਸਾਨੂੰ ਇਨਸਾਨਾਂ ਦੇ ਸ਼ਬਦਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਰ ਉਸ ਵਿਅਕਤੀ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ... ਪਰਮੇਸ਼ੁਰ ਇਸ ਬਾਰੇ ਕਹਿੰਦਾ ਹੈ: ਪਵਿੱਤਰ ਬਾਈਬਲ.

ਚੋਟੀ ਦੀਆਂ 3 ਸਭ ਤੋਂ ਮਹੱਤਵਪੂਰਨ ਆਇਤਾਂ

ਸਾਰਾ ਪਵਿੱਤਰ ਗ੍ਰੰਥ ਪਰਮੇਸ਼ੁਰ ਦੇ ਆਤਮਾ ਦੀ ਪ੍ਰੇਰਨਾ ਤੋਂ ਹੈ, ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਸਿੱਖਿਆ ਲਈ ਗੁਣਕਾਰ ਹੈ।

ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਅਕਾਸ਼ ਅਤੇ ਧਰਤੀ ਟਲ ਨਾ ਜਾਣ, ਬਿਵਸਥਾ ਵਿੱਚੋਂ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਨਾ ਟਲੇਗੀ, ਜਦ ਤੱਕ ਸਭ ਕੁਝ ਪੂਰਾ ਨਾ ਹੋਵੇ।

ਜੋ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇੰਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲ ਕਰਦਾ। ਇਹੀ ਬਚਨ ਜਿਹੜਾ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਏਗਾ।

ਹਰ ਸ਼ਲੋਕ ਨੂੰ ਕਨੂੰਨੀ ਕ੍ਰਮ ਵਿੱਚ - 343 ਹਵਾਲੇ

ਪਰਮੇਸ਼ੁਰ ਨੇ ਚਾਨਣ ਨੂੰ ਵੇਖਿਆ ਕਿ ਚੰਗਾ ਹੈ, ਪਰਮੇਸ਼ੁਰ ਨੇ ਚਾਨਣ ਨੂੰ ਹਨ੍ਹੇਰੇ ਤੋਂ ਵੱਖਰਾ ਕੀਤਾ।

ਸੱਪ ਸਭ ਜੰਗਲੀ ਜਾਨਵਰਾਂ ਨਾਲੋਂ, ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ, ਚਲਾਕ ਸੀ ਅਤੇ ਉਸ ਨੇ ਇਸਤਰੀ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ-ਮੁੱਚ ਆਖਿਆ ਹੈ ਕਿ ਬਾਗ਼ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਓ?

ਫੇਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵੱਧ ਗਈ ਹੈ ਅਤੇ ਉਨ੍ਹਾਂ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰੇਕ ਵਿਚਾਰ ਬੁਰਿਆਈ ਨਾਲ ਭਰਿਆ ਹੁੰਦਾ ਹੈ।

ਯਹੋਵਾਹ ਯੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ।

ਸੋ ਮੂਸਾ ਆਇਆ ਅਤੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਸਾਰੇ ਨਿਆਂ ਲੋਕਾਂ ਨੂੰ ਦੱਸੇ ਤਾਂ ਸਾਰੇ ਲੋਕਾਂ ਨੇ ਇੱਕ ਅਵਾਜ਼ ਨਾਲ ਬੋਲ ਕੇ ਉੱਤਰ ਦਿੱਤਾ, ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ। ਤਾਂ ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ ਅਤੇ ਸਵੇਰ ਨੂੰ ਉੱਠ ਕੇ ਪਰਬਤ ਹੇਠ ਇੱਕ ਜਗਵੇਦੀ ਅਤੇ ਬਾਰਾਂ ਥੰਮ੍ਹ ਇਸਰਾਏਲ ਦੇ ਬਾਰਾਂ ਗੋਤਾਂ ਅਨੁਸਾਰ ਬਣਾਏ।

ਪਰਮੇਸ਼ੁਰ ਇਨਸਾਨ ਨਹੀਂ ਕਿ ਝੂਠ ਬੋਲੇ, ਨਾ ਆਦਮੀ ਦੁਆਰਾ ਜੰਮਿਆ ਹੈ ਕਿ ਉਹ ਪਛਤਾਵੇ। ਕੀ ਉਸ ਨੇ ਕੁਝ ਆਖਿਆ ਹੋਵੇ ਅਤੇ ਨਾ ਕਰੇ? ਜਾਂ ਉਹ ਬੋਲਿਆ ਹੋਵੇ ਅਤੇ ਉਹ ਪੂਰਾ ਨਾ ਹੋਇਆ ਹੋਵੇ?

ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਉਨ੍ਹਾਂ ਵਿੱਚ ਨਾ ਤਾਂ ਕੁਝ ਵਧਾਓ ਅਤੇ ਨਾ ਉਨ੍ਹਾਂ ਵਿੱਚੋਂ ਕੁਝ ਘਟਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ, ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ।

ਵੇਖੋ, ਜਿਵੇਂ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਹੁਕਮ ਦਿੱਤਾ ਸੀ, ਮੈਂ ਤੁਹਾਨੂੰ ਬਿਧੀਆਂ ਅਤੇ ਕਨੂੰਨ ਸਿਖਾਏ ਹਨ ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਜਾਂਦੇ ਹੋ, ਉਨ੍ਹਾਂ ਦੇ ਅਨੁਸਾਰ ਕਰੋ। ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰੇ ਕਰੋ ਕਿਉਂ ਜੋ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਬੁੱਧੀ ਅਤੇ ਸਮਝ ਇਸੇ ਗੱਲ ਤੋਂ ਪ੍ਰਗਟ ਹੋਵੇਗੀ ਅਰਥਾਤ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ਕ ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ।

ਜਿਸ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਹੋਰੇਬ ਵਿੱਚ ਖੜ੍ਹੇ ਹੋਏ ਸੀ, ਜਦ ਯਹੋਵਾਹ ਨੇ ਮੈਨੂੰ ਆਖਿਆ, “ਲੋਕਾਂ ਨੂੰ ਮੇਰੇ ਲਈ ਇਕੱਠੇ ਕਰ ਅਤੇ ਮੈਂ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾਵਾਂਗਾ ਕਿ ਉਹ ਜਦ ਤੱਕ ਧਰਤੀ ਉੱਤੇ ਜੀਉਂਦੇ ਰਹਿਣ ਮੇਰੇ ਤੋਂ ਡਰਨਾ ਸਿੱਖਣ ਅਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਣ।”

ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ। ਉਹ ਇੱਕ ਅਣਖ ਵਾਲਾ ਪਰਮੇਸ਼ੁਰ ਹੈ।

ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰਿਓ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ। ਤੁਸੀਂ ਨਾ ਤਾਂ ਸੱਜੇ ਮੁੜਿਓ ਨਾ ਹੀ ਖੱਬੇ।

ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰੋ ਅਤੇ ਇਹ ਗੱਲਾਂ, ਜਿਨ੍ਹਾਂ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤੁਹਾਡੇ ਦਿਲ ਵਿੱਚ ਬਣੀਆਂ ਰਹਿਣ। ਤੁਸੀਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਇਓ। ਤੁਸੀਂ ਆਪਣੇ ਘਰ ਵਿੱਚ ਬੈਠਦਿਆਂ, ਰਾਹ ਵਿੱਚ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਹਨਾਂ ਗੱਲਾਂ ਦੀ ਚਰਚਾ ਕਰਦੇ ਰਹਿਣਾ। ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗੂੰ ਹੋਣ। ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ।

ਉਸ ਨੇ ਤੁਹਾਨੂੰ ਅਧੀਨ ਕੀਤਾ, ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਤੁਹਾਨੂੰ ਉਹ ਮੰਨਾ ਖਿਲਾਇਆ, ਜਿਸ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ਤਾਂ ਜੋ ਤੁਹਾਨੂੰ ਸਿਖਾਵੇ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਬਚਨ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ, ਮਨੁੱਖ ਜੀਉਂਦਾ ਰਹੇਗਾ।

ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ,

ਯਹੋਵਾਹ ਨੇ ਅੱਗੇ ਮੈਨੂੰ ਇਹ ਵੀ ਆਖਿਆ, “ਮੈਂ ਇਸ ਪਰਜਾ ਨੂੰ ਵੇਖਿਆ ਹੈ ਅਤੇ ਵੇਖੋ, ਉਹ ਇੱਕ ਹਠੀਲੀ ਪਰਜਾ ਹੈ।

ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਤੋਂ ਹੋਰ ਕੀ ਚਾਹੁੰਦਾ ਹੈ, ਸਿਰਫ਼ ਇਹ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨੋ, ਉਸ ਦੇ ਸਾਰੇ ਰਾਹਾਂ ਉੱਤੇ ਚੱਲੋ, ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਤੁਹਾਡੀ ਭਲਿਆਈ ਲਈ ਹੁਕਮ ਦਿੰਦਾ ਹਾਂ।

ਇਸ ਲਈ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੀਆਂ ਬਿਧੀਆਂ, ਕਨੂੰਨਾਂ, ਹੁਕਮਾਂ ਅਤੇ ਨਿਰਦੇਸ਼ਾਂ ਦੀ ਸਦਾ ਲਈ ਪਾਲਨਾ ਕਰੋ।

ਇਸ ਲਈ ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਰੱਖੋ ਅਤੇ ਤੁਸੀਂ ਉਨ੍ਹਾਂ ਨੂੰ ਨਿਸ਼ਾਨ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗੂੰ ਹੋਣ। ਤੁਸੀਂ ਆਪਣੇ ਘਰ ਵਿੱਚ ਬੈਠਦਿਆਂ, ਰਾਹ ਵਿੱਚ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਗੱਲਾਂ ਦੀ ਚਰਚਾ ਕਰ ਕੇ ਆਪਣੇ ਬੱਚਿਆਂ ਨੂੰ ਸਿਖਾਇਓ। ਤੁਸੀਂ ਇਨ੍ਹਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ,

ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ: ਬਰਕਤ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਸਰਾਪ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ, ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਜਾਓ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ।

ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਤੁਸੀਂ ਉਨ੍ਹਾਂ ਦੀ ਪਾਲਣਾ ਕਰਿਓ, ਨਾ ਤਾਂ ਉਸ ਵਿੱਚ ਕੁਝ ਵਧਾਇਓ ਅਤੇ ਨਾ ਹੀ ਉਸ ਵਿੱਚੋਂ ਕੁਝ ਘਟਾਇਓ।

ਜੇਕਰ ਤੁਹਾਡੇ ਵਿੱਚ ਕੋਈ ਨਬੀ ਜਾਂ ਸੁਫ਼ਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਜਾਂ ਅਚਰਜ਼ ਕੰਮ ਵਿਖਾਵੇ, ਅਤੇ ਉਹ ਨਿਸ਼ਾਨ ਜਾਂ ਅਚਰਜ਼ ਕੰਮ ਪੂਰਾ ਹੋ ਜਾਵੇ ਜਿਸ ਦੇ ਵਿਖੇ ਉਹ ਤੁਹਾਡੇ ਨਾਲ ਬੋਲਿਆ ਸੀ ਕਿ ਆਓ, ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ, (ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ) ਅਤੇ ਉਹਨਾਂ ਦੀ ਪੂਜਾ ਕਰੀਏ, ਤਾਂ ਤੁਸੀਂ ਉਸ ਨਬੀ ਜਾਂ ਸੁਫ਼ਨੇ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਪਰਖੇਗਾ ਤਾਂ ਜੋ ਉਹ ਜਾਣੇ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ ਜਾਂ ਨਹੀਂ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਿਓ, ਉਸੇ ਤੋਂ ਡਰਿਓ, ਉਸੇ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸੇ ਦੀ ਆਵਾਜ਼ ਨੂੰ ਸੁਣਿਓ, ਉਸੇ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ।

ਉਹ ਉਸ ਦੇ ਕੋਲ ਰਹੇ ਅਤੇ ਆਪਣੇ ਪੂਰੇ ਜੀਵਨ ਵਿੱਚ ਉਸ ਨੂੰ ਪੜ੍ਹੇ, ਜਿਸ ਨਾਲ ਉਹ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ,

ਅੱਜ ਦੇ ਦਿਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਹੁਕਮ ਦਿੰਦਾ ਹੈ ਕਿ ਇਨ੍ਹਾਂ ਬਿਧੀਆਂ ਅਤੇ ਕਨੂੰਨਾਂ ਦੀ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪੂਰਾ ਕਰ ਕੇ ਪਾਲਣਾ ਕਰੋ।

‘ਸਰਾਪੀ ਹੋਵੇ ਉਹ, ਜਿਹੜਾ ਇਸ ਬਿਵਸਥਾ ਦੀਆਂ, ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’

ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ।

ਪਰ ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਨਾ ਕਰੋ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਆ ਫੜ੍ਹਨਗੇ,

“ਗੁਪਤ ਗੱਲਾਂ ਤਾਂ ਯਹੋਵਾਹ ਸਾਡੇ ਪਰਮੇਸ਼ੁਰ ਦੇ ਵੱਸ ਵਿੱਚ ਹਨ, ਪਰ ਜਿਹੜੀਆਂ ਪ੍ਰਗਟ ਹਨ ਉਹ ਸਦਾ ਤੱਕ ਸਾਡੇ ਲਈ ਅਤੇ ਸਾਡੇ ਪੁੱਤਰਾਂ ਲਈ ਹਨ, ਤਾਂ ਜੋ ਅਸੀਂ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੂਰੀਆਂ ਕਰਦੇ ਰਹੀਏ।”

ਗੱਲ ਇਹ ਹੈ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣ ਕੇ ਉਸ ਦੇ ਸਾਰੇ ਹੁਕਮਾਂ ਤੇ ਬਿਧੀਆਂ ਦੀ ਪਾਲਨਾ ਕਰੋ, ਜਿਹੜੀਆਂ ਬਿਵਸਥਾ ਦੀ ਇਸ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ ਅਤੇ ਤੁਸੀਂ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ।

ਮੈਂ ਅੱਜ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹ ਬਣਾਉਂਦਾ ਹਾਂ ਕਿ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਇਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡਾ ਵੰਸ਼ ਜੀਉਂਦਾ ਰਹੇ।

ਸਾਰੀ ਪਰਜਾ ਨੂੰ ਇਕੱਠਾ ਕਰਿਓ, ਭਾਵੇਂ ਪੁਰਖ, ਭਾਵੇਂ ਇਸਤਰੀਆਂ, ਭਾਵੇਂ ਬੱਚੇ, ਭਾਵੇਂ ਪਰਦੇਸੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਤਾਂ ਜੋ ਉਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ,

“ਬਿਵਸਥਾ ਦੀ ਇਸ ਪੁਸਤਕ ਨੂੰ ਲੈ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਇੱਕ ਪਾਸੇ ਰੱਖ ਦਿਓ, ਤਾਂ ਜੋ ਇਹ ਉੱਥੇ ਤੁਹਾਡੇ ਵਿਰੁੱਧ ਸਾਖੀ ਹੋਵੇ। ਕਿਉਂ ਜੋ ਮੈਂ ਤੁਹਾਡੇ ਢੀਠਪੁਣੇ ਅਤੇ ਤੁਹਾਡੀ ਆਕੜੀ ਧੌਣ ਨੂੰ ਜਾਣਦਾ ਹਾਂ। ਵੇਖੋ, ਅੱਜ ਤੱਕ ਜਦ ਕਿ ਮੈਂ ਜੀਉਂਦਾ ਅਤੇ ਤੁਹਾਡੇ ਨਾਲ ਹਾਂ, ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੇ ਹੋ ਤਾਂ ਮੇਰੀ ਮੌਤ ਤੋਂ ਬਾਅਦ ਕਿੰਨ੍ਹਾਂ ਵੱਧ ਨਾ ਕਰੋਗੇ?

ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਇਸ ਉੱਤੇ ਧਿਆਨ ਕਰ ਤਾਂ ਜੋ ਉਸ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ, ਤੂੰ ਚੱਲੇਂ ਅਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸਫ਼ਲ ਬਣਾਵੇਂਗਾ, ਅਤੇ ਤੂੰ ਪ੍ਰਭਾਵਸ਼ਾਲੀ ਹੋਵੇਂਗਾ।

ਤੁਸੀਂ ਸਿਰਫ਼ ਇਹ ਕਰੋ ਕਿ ਯਹੋਵਾਹ ਦਾ ਡਰ ਮੰਨੋ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਸੱਚੀ ਉਪਾਸਨਾ ਕਰੋ। ਧਿਆਨ ਕਰੋ ਜੋ ਤੁਹਾਡੇ ਲਈ ਉਸ ਨੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ।

ਸਮੂਏਲ ਬੋਲਿਆ, ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਜਾਂ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ? ਵੇਖ, ਆਗਿਆ ਮੰਨਣਾ ਭੇਟਾਂ ਚੜ੍ਹਾਉਣ ਨਾਲੋਂ, ਅਤੇ ਸਰੋਤਾ ਬਣਨਾ ਮੇਂਢਿਆਂ ਦੀ ਚਰਬੀ ਨਾਲੋਂ ਚੰਗਾ ਹੈ। ਕਿਉਂ ਜੋ ਬਗਾਵਤ ਕਰਨਾ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ, ਅਤੇ ਢੀਠਤਾ, ਮੂਰਤੀ ਪੂਜਾ ਜਿਹੀ ਹੈ। ਸੋ ਜਿਵੇਂ ਤੂੰ ਯਹੋਵਾਹ ਦੇ ਬਚਨ ਨੂੰ ਰੱਦਿਆ ਹੈ, ਉਸੇ ਤਰ੍ਹਾਂ ਹੀ ਯਹੋਵਾਹ ਨੇ ਰਾਜਾ ਹੋਣ ਤੋਂ ਤੈਨੂੰ ਰੱਦਿਆ ਹੈ। ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਪਾਪ ਕੀਤਾ ਕਿਉਂ ਜੋ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ ਮੈਂ ਲੋਕਾਂ ਤੋਂ ਜੋ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ

ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਣਾ ਕੀਤੀ, ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਨਹੀਂ ਹੋਇਆ! ਉਹ ਦੇ ਸਾਰੇ ਨਿਯਮ ਮੇਰੇ ਸਾਹਮਣੇ ਰਹੇ ਅਤੇ ਉਹ ਦੀਆਂ ਬਿਧੀਆਂ ਤੋਂ ਮੈਂ ਨਹੀਂ ਮੁੜਿਆ।

ਤਦ ਵੀ ਉਨ੍ਹਾਂ ਨੇ ਨਾ ਸੁਣੀ ਪਰ ਆਪਣੇ ਪੁਰਖਿਆਂ ਵਾਂਗੂੰ ਜਿਨ੍ਹਾਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਹਚਾ ਨਾ ਕੀਤੀ, ਢੀਠ ਹੋ ਗਏ।

ਤੁਸੀਂ ਜਾਓ ਅਤੇ ਮੇਰੀ ਵੱਲੋਂ ਅਤੇ ਉਨ੍ਹਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ ਇਸ ਪੋਥੀ ਦੀਆਂ ਗੱਲਾਂ ਦੇ ਵਿਖੇ ਜੋ ਲੱਭੀ ਹੈ ਯਹੋਵਾਹ ਤੋਂ ਪੁੱਛ-ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿ ਸਾਡੇ ਪੁਰਖਿਆਂ ਨੇ ਯਹੋਵਾਹ ਦੇ ਬਚਨਾਂ ਦੀ ਪਾਲਨਾ ਨਹੀਂ ਕੀਤੀ ਕਿ ਸਭ ਕੁਝ ਜੋ ਇਸ ਪੋਥੀ ਵਿੱਚ ਲਿਖਿਆ ਹੈ ਉਸ ਦੇ ਅਨੁਸਾਰ ਕਰਨ

ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖ਼ੌਲ ਉਡਾਇਆ, ਐਥੋਂ ਤੱਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ

ਕਿਉਂ ਜੋ ਅਜ਼ਰਾ ਨੇ ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਅਤੇ ਉਸ ਦੇ ਉੱਤੇ ਚੱਲਣ ਅਤੇ ਇਸਰਾਏਲ ਨੂੰ ਬਿਧੀਆਂ ਤੇ ਨਿਯਮਾਂ ਦੀ ਸਿੱਖਿਆ ਦੇਣ ਉੱਤੇ ਮਨ ਲਗਾਇਆ ਸੀ।

ਤਦ ਉਹ ਸਾਰੇ ਜਿਹੜੇ ਇਸਰਾਏਲ ਦੇ ਪਰਮੇਸ਼ੁਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਨ੍ਹਾਂ ਲੋਕਾਂ ਦੇ ਧੋਖੇ ਦੇ ਕਾਰਨ ਜੋ ਗ਼ੁਲਾਮੀ ਤੋਂ ਮੁੜ ਆਏ ਸਨ, ਮੇਰੇ ਕੋਲ ਇਕੱਠੇ ਹੋ ਗਏ ਅਤੇ ਮੈਂ ਸ਼ਾਮ ਦੀ ਬਲੀ ਚੜ੍ਹਾਉਣ ਤੱਕ ਸੁੰਨ ਹੋ ਕੇ ਬੈਠਿਆ ਰਿਹਾ।

ਫੇਰ ਵੀ ਉਹ ਪਰਮੇਸ਼ੁਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ!

ਉਹ ਦੇ ਬੁੱਲ੍ਹਾਂ ਦੇ ਹੁਕਮ ਤੋਂ ਮੈਂ ਨਾ ਹਟਿਆ ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੇਰੇ ਕਦਰ ਕੀਤੀ।

ਤਦ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਦੇ ਵਿੱਚੋਂ ਉੱਤਰ ਦਿੱਤਾ ਅਤੇ ਆਖਿਆ, “ਇਹ ਕੌਣ ਹੈ ਜਿਹੜਾ ਗਿਆਨਹੀਣ ਗੱਲਾਂ ਨਾਲ ਮੇਰੀ ਸਲਾਹ ਨੂੰ ਹਨੇਰੇ ਵਿੱਚ ਰੱਖਦਾ ਹੈ? ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ!” “ਜਦ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ? ਜੇ ਤੂੰ ਸਮਝ ਰੱਖਦਾ ਹੈ ਤਾਂ ਜਵਾਬ ਦੇ!

ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।

ਯਹੋਵਾਹ ਦੇ ਬਚਨ ਪਾਕ ਬਚਨ ਹਨ, ਉਸ ਚਾਂਦੀ ਵਰਗੇ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ, ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ। ਹੇ ਯਹੋਵਾਹ, ਤੂੰ ਹੀ ਉਨ੍ਹਾਂ ਦੀ ਰੱਖਿਆ ਕਰੇਂਗਾ, ਤੂੰ ਉਨ੍ਹਾਂ ਨੂੰ ਇਸ ਪੀੜੀ ਤੋਂ ਸਦਾ ਤੱਕ ਬਚਾਈ ਰੱਖੇਂਗਾ।

ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਣਾ ਕੀਤੀ, ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਨਹੀਂ ਹੋਇਆ।

ਪਰਮੇਸ਼ੁਰ ਦਾ ਰਾਹ ਸਿੱਧ ਹੈ, ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ਼ ਹੈ।

ਯਹੋਵਾਹ ਦੀ ਬਿਵਸਥਾ ਪੂਰੀ ਖਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ। ਯਹੋਵਾਹ ਦਾ ਭੈਅ ਸ਼ੁੱਧ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ, ਯਹੋਵਾਹ ਦੇ ਨਿਆਂ ਸੱਚੇ ਹਨ, ਓਹ ਨਿਰੇ ਪੁਰੇ ਧਰਮ ਹਨ। ਉਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨਭਾਉਂਦੇ ਹਨ, ਸ਼ਹਿਦ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ ਹਨ। ਅਤੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।

ਕਿਉਂ ਜੋ ਤੇਰੀ ਦਯਾ ਮੇਰੀ ਅੱਖੀਆਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।

ਯਹੋਵਾਹ ਦੀ ਅਵਾਜ਼ ਜ਼ੋਰ ਵਾਲੀ ਹੈ, ਯਹੋਵਾਹ ਦੀ ਅਵਾਜ਼ ਸ਼ਾਨਦਾਰ ਹੈ।

ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ, ਤੂੰ ਮੈਨੂੰ ਛੁਟਕਾਰਾ ਦਿੱਤਾ ਹੈ, ਹੇ ਯਹੋਵਾਹ ਸਚਿਆਈ ਦੇ ਪਰਮੇਸ਼ੁਰ!

ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ। ਤੁਸੀਂ ਘੋੜੇ ਅਤੇ ਖੱਚਰ ਵਰਗੇ ਨਾ ਹੋਣਾ ਜਿਹੜੇ ਬੇਸਮਝ ਹਨ, ਲਗਾਮ ਅਤੇ ਵਾਗ ਨਾਲ ਉਨ੍ਹਾਂ ਨੂੰ ਕਾਬੂ ਰੱਖੀਦਾ ਹੈ, ਨਹੀਂ ਤਾਂ ਓਹ ਤੇਰੇ ਨੇੜੇ ਨਾ ਆਉਣਗੇ।

ਸਾਰੀ ਧਰਤੀ ਯਹੋਵਾਹ ਤੋਂ ਡਰੇ, ਜਗਤ ਦੇ ਸਾਰੇ ਵਸਨੀਕ ਉਸ ਦਾ ਡਰ ਮੰਨਣ,

ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜ੍ਹੀਓਂ ਪੀੜ੍ਹੀ।

ਬੱਚਿਓ, ਆਓ, ਮੇਰੀ ਸੁਣੋ ਅਤੇ ਮੈਂ ਤਹਾਨੂੰ ਯਹੋਵਾਹ ਦਾ ਭੈਅ ਮੰਨਣਾ ਸਿਖਾਵਾਂਗਾ।

ਤਦ ਮੈਂ ਆਖਿਆ, ਵੇਖ, ਮੈਂ ਆਇਆ ਹਾਂ! ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਲਈ ਲਿਖਿਆ ਹੋਇਆ ਹੈ ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ। ਮੈਂ ਮਹਾਂ-ਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ, ਵੇਖ, ਮੈਂ ਆਪਣੇ ਬੁੱਲ੍ਹਾਂ ਨੂੰ ਨਹੀਂ ਰੋਕਾਂਗਾ, ਹੇ ਯਹੋਵਾਹ, ਤੂੰ ਇਹ ਜਾਣਦਾ ਹੈਂ। ਮੈਂ ਤੇਰੇ ਧਰਮ ਨੂੰ ਆਪਣੇ ਮਨ ਵਿੱਚ ਲੋਕਾਂ ਨਹੀਂ ਛੱਡਿਆ, ਮੈਂ ਸਗੋਂ ਤੇਰੀ ਵਫ਼ਾਦਾਰੀ ਅਤੇ ਤੇਰੀ ਮੁਕਤੀ ਦਾ ਚਰਚਾ ਕੀਤਾ, ਮੈਂ ਤੇਰੀ ਦਯਾ ਅਤੇ ਸਚਿਆਈ ਮਹਾਂ-ਸਭਾ ਤੋਂ ਨਹੀਂ ਛਿਪਾਈ।

ਪਰ ਦੁਸ਼ਟ ਨੂੰ ਪਰਮੇਸ਼ੁਰ ਇਉਂ ਆਖਦਾ ਹੈ, ਤੇਰਾ ਕੀ ਹੱਕ ਹੈ ਜੋ ਮੇਰੀਆਂ ਬਿਧੀਆਂ ਨੂੰ ਸੁਣਾਵੇਂ, ਅਤੇ ਤੂੰ ਕਿਉਂ ਆਪਣੇ ਮੂੰਹ ਵਿੱਚ ਮੇਰਾ ਨੇਮ ਲਿਆ ਹੋਇਆ ਹੈ? ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ, ਅਤੇ ਤੂੰ ਮੇਰੇ ਬਚਨਾਂ ਨੂੰ ਆਪਣੇ ਪਿੱਛੇ ਸੁੱਟਦਾ ਹੈਂ?

ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।

ਪ੍ਰਭੂ ਹੁਕਮ ਦਿੰਦਾ ਹੈ, ਖ਼ਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ,

ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਨਾ ਕੀਤੀ, ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਂਹ ਕੀਤੀ।

ਪਰ ਮੇਰੀ ਪਰਜਾ ਨੇ ਮੇਰੀ ਅਵਾਜ਼ ਨਾ ਸੁਣੀ, ਅਤੇ ਇਸਰਾਏਲ ਨੇ ਮੈਨੂੰ ਨਾ ਚਾਹਿਆ, ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮਨ ਦੇ ਖੱਚਰਪੁਣੇ ਉੱਤੇ ਜਾਣ ਦਿੱਤਾ, ਕਿ ਓਹ ਆਪਣੇ ਹੀ ਮਤਿਆਂ ਦੇ ਅਨੁਸਾਰ ਚੱਲਣ। ਕਾਸ਼ ਕੇ ਮੇਰੀ ਪਰਜਾ ਮੇਰੀ ਸੁਣਦੀ, ਅਤੇ ਇਸਰਾਏਲ ਮੇਰੇ ਮਾਰਗਾਂ ਉੱਤੇ ਚੱਲਦਾ! ਤਾਂ ਮੈਂ ਛੇਤੀ ਉਨ੍ਹਾਂ ਦੇ ਵੈਰੀਆਂ ਨੂੰ ਹੇਠਾਂ ਦੱਬ ਦਿੰਦਾ, ਅਤੇ ਉਨ੍ਹਾਂ ਦੇ ਵਿਰੋਧੀਆਂ ਉੱਤੇ ਆਪਣਾ ਹੱਥ ਚੁੱਕਦਾ! ਯਹੋਵਾਹ ਦੇ ਵੈਰੀ ਅਧੀਨ ਬਣ ਬਹਿੰਦੇ, ਪਰ ਉਨ੍ਹਾਂ ਦਾ ਸਮਾਂ ਸਦਾ ਰਹਿੰਦਾ,

ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈਅ ਮੰਨਾ।

ਪਰਮੇਸ਼ੁਰ ਪਵਿੱਤਰਾਂ ਦੀ ਘੋਸ਼ਟੀ ਵਿੱਚ ਅੱਤ ਭਿਆਨਕ ਹੈ, ਅਤੇ ਆਪਣੇ ਆਲੇ-ਦੁਆਲੇ ਦੇ ਸਾਰਿਆਂ ਨਾਲੋਂ ਭੈਅ ਦਾਇਕ ਹੈ!

ਉਹ ਨੇ ਅਨ੍ਹੇਰ ਭੇਜਿਆ ਤਾਂ ਅਨ੍ਹੇਰਾ ਘੁੱਪ ਹੋ ਗਿਆ, ਮਿਸਰੀ ਉਹ ਦੇ ਬਚਨਾਂ ਤੋਂ ਆਕੀ ਨਾ ਹੋਏ।

ਇਸ ਲਈ ਕਿ ਓਹ ਪਰਮੇਸ਼ੁਰ ਦੇ ਬਚਨਾਂ ਤੋਂ ਆਕੀ ਹੋ ਗਏ, ਅਤੇ ਅੱਤ ਮਹਾਨ ਦੇ ਸਲਾਹ ਨੂੰ ਤੁੱਛ ਜਾਣਿਆ, ਉਨ੍ਹਾਂ ਦੇ ਮਨ ਨੂੰ ਉਹ ਨੇ ਖੇਚਲ ਨਾਲ ਅਧੀਨ ਕੀਤਾ, ਓਹ ਡਿੱਗਣ ਨੂੰ ਸਨ ਪਰ ਕੋਈ ਸਹਾਇਕ ਨਹੀਂ ਸੀ,

ਉਹ ਆਪਣਾ ਬਚਨ ਭੇਜ ਕੇ ਉਨ੍ਹਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।

ਉਹ ਦੇ ਹੱਥਾਂ ਦੇ ਕੰਮ ਸਚਿਆਈ ਤੇ ਨਿਆਂ ਦੇ ਹਨ, ਉਹ ਦੇ ਫ਼ਰਮਾਨ ਵਫ਼ਾਦਾਰੀ ਦੇ ਹਨ। ਓਹ ਸਦਾ ਹੀ ਅਟੱਲ ਰਹਿਣਗੇ, ਓਹ ਸਚਿਆਈ ਤੇ ਸਿਧਿਆਈ ਨਾਲ ਕੀਤੇ ਗਏ ਹਨ।

ਯਹੋਵਾਹ ਦਾ ਭੈਅ ਬੁੱਧ ਦਾ ਮੁੱਢ ਹੈ, ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਦੀ ਸਮਝ ਚੰਗੀ ਹੈ, ਉਹ ਦੀ ਉਸਤਤ ਸਦਾ ਤੱਕ ਬਣੀ ਰਹੇਗੀ।

ਹਲਲੂਯਾਹ! ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈਅ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ।

ਆਦਮੀ ਉੱਤੇ ਭਰੋਸਾ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ। ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।

ਧੰਨ ਓਹ ਹਨ ਜਿਹੜੇ ਨਿਰਦੋਸ਼ ਮਾਰਗ ਤੇ ਚਲਦੇ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਅਨੁਸਾਰ ਚੱਲਦੇ ਹਨ!

ਜਦ ਮੈਂ ਤੇਰੇ ਹੁਕਮਾਂ ਉੱਤੇ ਗੌਰ ਕਰਾਂਗਾ, ਤਦ ਮੈਂ ਲੱਜਿਆਵਾਨ ਨਾ ਹੋਵਾਂਗਾ।

ਜੁਆਨ ਕਿੱਦਾਂ ਆਪਣੀ ਚਾਲ ਨੂੰ ਸੁੱਧ ਰੱਖੇ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।

ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ ਹੈ, ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ!

ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ।

ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਮੂੰਹ ਦੇ ਸਾਰੇ ਨਿਆਂਵਾਂ ਦਾ ਨਿਰਣਾ ਕੀਤਾ।

ਮੇਰੀਆਂ ਅੱਖਾਂ ਖੋਲ੍ਹ, ਕਿ ਮੈਂ ਤੇਰੀ ਬਿਵਸਥਾ ਦੀਆਂ ਅਚਰਜ਼ ਗੱਲਾਂ ਨੂੰ ਵੇਖਾਂ!

ਮੇਰੀ ਜਾਨ ਹਰ ਵੇਲੇ ਤੇਰਿਆਂ ਨਿਆਂਵਾਂ ਦੀ ਤਾਂਘ ਵਿੱਚ ਟੁੱਟਦੀ ਹੈ।

ਮੈਂ ਸਰਾਪੀ ਹੰਕਾਰੀਆਂ ਨੂੰ ਵਰਜਿਆ ਹੈ, ਜਿਹੜੇ ਤੇਰੇ ਹੁਕਮਾਂ ਤੋਂ ਭੁੱਲੇ ਫਿਰਦੇ ਹਨ।

ਝੂਠ ਦਾ ਰਾਹ ਮੈਥੋਂ ਦੂਰ ਕਰ, ਅਤੇ ਆਪਣੀ ਬਿਵਸਥਾ ਦਯਾ ਨਾਲ ਮੈਨੂੰ ਬਖਸ਼ ਦੇ!

ਮੈਂ ਵਫ਼ਾਦਾਰੀ ਦਾ ਰਾਹ ਚੁਣ ਲਿਆ ਹੈ, ਮੈਂ ਤੇਰਿਆਂ ਨਿਆਂਵਾਂ ਨੂੰ ਆਪਣੇ ਸਨਮੁਖ ਰੱਖਿਆ।

ਮੈਨੂੰ ਸਮਝ ਦੇ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਣਾ ਕਰਾਂਗਾ।

ਤਾਂ ਮੈ ਤੇਰੀ ਬਿਵਸਥਾ ਦੀ ਹਰ ਵੇਲੇ ਸਦਾ ਤੱਕ ਪਾਲਣਾ ਕਰਾਂਗਾ,

ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ।

ਮੇਰਾ ਗੁੱਸਾ ਭੱਖ ਉੱਠਿਆ ਹੈ, ਕਿ ਦੁਸ਼ਟ ਤੇਰੀ ਬਿਵਸਥਾ ਨੂੰ ਤਿਆਗ ਦਿੰਦੇ ਹਨ।

ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ, ਕਿ ਤੇਰੇ ਹੁਕਮਾਂ ਦੀ ਪਾਲਣਾ ਕਰਾਂ।

ਮੇਰੇ ਲਈ ਭਲਾ ਕਿ ਮੈਂ ਦੁਖੀ ਹੋਇਆ, ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ।

ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ!

ਹੇ ਯਹੋਵਾਹ, ਸਦਾ ਤੱਕ ਤੇਰਾ ਬਚਨ ਅਕਾਸ਼ ਉੱਤੇ ਸਥਿਰ ਹੈ!

ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!

ਤੇਰੇ ਬਚਨ ਮੇਰੇ ਤਾਲੂ ਨੂੰ ਕੇਡੇ ਮਿੱਠੇ ਲੱਗਦੇ ਹਨ, ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!

ਤੇਰੇ ਫ਼ਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ, ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ।

ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।

ਮੈਂ ਆਪਣੇ ਮਨ ਨੂੰ ਇਸ ਗੱਲ ਵੱਲ ਲਾਇਆ ਹੈ, ਕਿ ਮੈਂ ਤੇਰੀਆਂ ਬਿਧੀਆਂ ਨੂੰ ਅੰਤ ਤੱਕ ਸਦਾ ਹੀ ਪੂਰਾ ਕਰਾ।

ਹੇ ਬਦਕਾਰੋ, ਮੇਰੇ ਕੋਲੋਂ ਦੂਰ ਹੋਵੋ, ਕਿ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਾਂ!

ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁੱਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੂੰ ਸੁੱਟ ਦਿੱਤਾ ਹੈ, ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ।

ਇਹ ਯਹੋਵਾਹ ਦੇ ਕੰਮ ਦਾ ਵੇਲਾ ਹੈ, ਉਨ੍ਹਾਂ ਨੇ ਤੇਰੀ ਬਿਵਸਥਾ ਨੂੰ ਅਕਾਰਥ ਬਣਾਇਆ!

ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ, ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੀਆਂ।

ਮੇਰੀ ਗ਼ੈਰਤ ਨੇ ਮੈਨੂੰ ਖ਼ਤਮ ਕੀਤਾ, ਕਿਉਂ ਜੋ ਮੇਰੇ ਵਿਰੋਧੀ ਤੇਰੇ ਬਚਨ ਭੁੱਲ ਗਏ।

ਮੈਂ ਨਿੱਕਾ ਜਿਹਾ ਤੇ ਤੁੱਛ ਹਾਂ, ਤਾਂ ਵੀ ਮੈਂ ਤੇਰੇ ਫ਼ਰਮਾਨ ਨਹੀਂ ਭੁੱਲਿਆ!

ਤੇਰਾ ਧਰਮ ਸਦਾ ਦਾ ਧਰਮ ਹੈ, ਅਤੇ ਤੇਰੀ ਬਿਵਸਥਾ ਸੱਚ ਹੈ।

ਮੇਰੀਆਂ ਅੱਖਾਂ ਰਾਤ ਦੇ ਪਹਿਰਾਂ ਤੋਂ ਅੱਗੇ ਖੁੱਲ੍ਹੀਆਂ ਰਹੀਆਂ, ਕਿ ਤੇਰੇ ਬਚਨ ਵਿੱਚ ਲੀਨ ਹੋਵਾਂ।

ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ, ਅਤੇ ਤੇਰੇ ਧਰਮ ਦਾ ਸਾਰਾ ਨਿਆਂ ਸਦਾ ਤੱਕ ਹੈ।

ਸਰਦਾਰਾਂ ਨੇ ਧਿਗਾਣੇ ਮੇਰਾ ਪਿੱਛਾ ਕੀਤਾ, ਪਰ ਮੇਰਾ ਮਨ ਤੇਰੇ ਬਚਨ ਤੋਂ ਭੈਅ ਰੱਖਦਾ ਹੈ।

ਮੈਂ ਤੇਰੇ ਬਚਨ ਦੇ ਕਾਰਨ ਖੁਸ਼ ਹਾਂ, ਜਿਵੇਂ ਕੋਈ ਵੱਡੀ ਲੁੱਟ ਦੇ ਮਿਲਣ ਤੇ ਹੁੰਦਾ ਹੈ!

ਹੇ ਯਹੋਵਾਹ, ਮੈਂ ਤੇਰੀ ਮੁਕਤੀ ਨੂੰ ਲੋਚਿਆ, ਅਤੇ ਤੇਰੀ ਬਿਵਸਥਾ ਮੇਰੀ ਖੁਸ਼ੀ ਹੈ!

ਮੈਂ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ, ਅਤੇ ਮੈਂ ਤੇਰੀ ਦਯਾ ਦੇ ਕਾਰਨ ਤੇ ਤੇਰੀ ਵਫ਼ਾਦਾਰੀ ਦੇ ਕਾਰਨ, ਤੇਰੇ ਨਾਮ ਦਾ ਧੰਨਵਾਦ ਕਰਾਂਗਾ, ਕਿਉਂ ਜੋ ਤੂੰ ਸਭ ਦੇ ਉੱਤੇ ਆਪਣੇ ਨਾਮ ਨੂੰ, ਆਪਣੇ ਬਚਨ ਨੂੰ ਵਡਿਆਇਆ ਹੈ!

ਯਹੋਵਾਹ ਦਾ ਭੈਅ ਮੰਨਣਾ ਗਿਆਨ ਦਾ ਮੁੱਢ ਹੈ, ਮੂਰਖ ਹੀ ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦੇ ਹਨ

ਹੇ ਭੋਲਿਓ, ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪਰਸੰਨ ਹੋਣਗੇ ਅਤੇ ਮੂਰਖ ਕਦੋਂ ਤੱਕ ਗਿਆਨ ਨਾਲ ਵੈਰ ਰੱਖਣਗੇ?

ਕਿਉਂ ਜੋ ਉਨ੍ਹਾਂ ਨੇ ਗਿਆਨ ਨਾਲ ਵੈਰ ਰੱਖਿਆ ਅਤੇ ਯਹੋਵਾਹ ਦਾ ਭੈਅ ਮੰਨਣਾ ਪਸੰਦ ਨਾ ਕੀਤਾ, ਉਨ੍ਹਾਂ ਨੇ ਮੇਰੀ ਮੱਤ ਦੀ ਕੁਝ ਲੋੜ ਨਾ ਸਮਝੀ ਅਤੇ ਮੇਰੀ ਸਾਰੀ ਤਾੜ ਨੂੰ ਤੁੱਛ ਜਾਣਿਆ, ਇਸ ਲਈ ਉਹ ਆਪਣੀ ਕਰਨੀ ਦਾ ਫਲ ਭੋਗਣਗੇ ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ,

ਤਾਂ ਜੋ ਤੂੰ ਬੁੱਧ ਵੱਲ ਕੰਨ ਲਾਵੇਂ ਅਤੇ ਸਮਝ ਉੱਤੇ ਮਨ ਲਾਵੇਂ, ਹਾਂ ਜੇ ਤੂੰ ਵਿਵੇਕ ਅਤੇ ਸਮਝ ਲਈ ਜਤਨ ਨਾਲ ਪੁਕਾਰੇਂ, ਜੇ ਤੂੰ ਚਾਂਦੀ ਵਾਂਗੂੰ ਉਹ ਦੀ ਭਾਲ ਕਰੇਂ ਅਤੇ ਗੁਪਤ ਧਨ ਵਾਂਗੂੰ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈਅ ਨੂੰ ਸਮਝੇਂਗਾ ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ,

ਦਯਾ ਅਤੇ ਸਚਿਆਈ ਤੇਰੇ ਤੋਂ ਅਲੱਗ ਨਾ ਹੋਣ, ਸਗੋਂ ਤੂੰ ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ, ਉਹਨਾਂ ਨੂੰ ਆਪਣੇ ਦਿਲ ਦੀ ਤਖ਼ਤੀ ਉੱਤੇ ਲਿਖ ਲੈ,

ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।

ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ, ਮੇਰੇ ਬਚਨਾਂ ਨੂੰ ਨਾ ਭੁਲਾਈਂ ਅਤੇ ਨਾ ਉਨ੍ਹਾਂ ਤੋਂ ਮੁੜੀਂ। ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਖਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ।

ਹੇ ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਬਚਨਾਂ ਉੱਤੇ ਕੰਨ ਲਾ। ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ, ਆਪਣੇ ਮਨ ਵਿੱਚ ਉਹਨਾਂ ਨੂੰ ਸੰਭਾਲ ਕੇ ਰੱਖ।

ਤੇਰੀਆਂ ਅੱਖਾਂ ਸਾਹਮਣੇ ਵੱਲ ਹੀ ਵੇਖਦੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ। ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਮਾਰਗ ਕਾਇਮ ਹੋਣਗੇ। ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ, ਆਪਣੇ ਪੈਰ ਨੂੰ ਬੁਰਿਆਈ ਤੋਂ ਦੂਰ ਰੱਖ।

ਕਿਉਂ ਜੋ ਹੁਕਮ ਦੀਵਾ, ਸਿੱਖਿਆ ਜੋਤ, ਅਤੇ ਸਿਖਾਉਣ ਵਾਲੇ ਦੀ ਤਾੜ ਜੀਵਨ ਦਾ ਰਾਹ ਹੈ।

ਯਹੋਵਾਹ ਦਾ ਭੈਅ ਬੁਰਿਆਈ ਤੋਂ ਨਫ਼ਰਤ ਕਰਨਾ ਹੈ, ਘਮੰਡ, ਹੰਕਾਰ ਅਤੇ ਬੁਰੀ ਚਾਲ, ਪੁੱਠੀਆਂ ਸਿੱਧੀਆਂ ਗੱਲਾਂ ਨਾਲ ਵੀ ਮੈਂ ਵੈਰ ਰੱਖਦੀ ਹਾਂ।

ਮਖ਼ੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ, ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ।

ਯਹੋਵਾਹ ਦਾ ਭੈਅ ਮੰਨਣਾ ਬੁੱਧ ਦਾ ਮੁੱਢ ਹੈ, ਅਤੇ ਅੱਤ ਪਵਿੱਤਰ ਦਾ ਗਿਆਨ ਹੀ ਸਮਝ ਹੈ।

ਯਹੋਵਾਹ ਦਾ ਭੈਅ ਜੀਵਨ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ।

ਬੁੱਧ ਦੀ ਪ੍ਰਾਪਤੀ ਚੋਖੇ ਸੋਨੇ ਨਾਲੋਂ ਕਿੰਨੀ ਉੱਤਮ ਹੈ, ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ।

ਮੂਰਖ ਦੇ ਸਾਹਮਣੇ ਨਾ ਬੋਲ, ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ ਜਾਣੇਗਾ।

ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਠਹਿਰਦੀ ਹੈ।

ਪਰਮੇਸ਼ੁਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਉਹਨਾਂ ਦੀ ਢਾਲ਼ ਹੈ। ਤੂੰ ਉਹ ਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਉਂ ਨਾ ਹੋਵੇ ਭਈ ਉਹ ਤੈਨੂੰ ਤਾੜਨਾ ਦੇਵੇ ਅਤੇ ਤੂੰ ਝੂਠਾ ਨਿੱਕਲੇਂ।

ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ, ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੇ ਹੁਕਮਾਂ ਨੂੰ ਮੰਨ ਕਿਉਂ ਜੋ ਮਨੁੱਖ ਦਾ ਇਹੋ ਫ਼ਰਜ਼ ਹੈ।

ਇਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ, ਸੋ ਉਹਨਾਂ ਦੀ ਜੜ੍ਹ ਸੜਿਆਂਧ ਵਾਂਗੂੰ ਸੜ੍ਹ ਜਾਵੇਗੀ, ਅਤੇ ਉਹਨਾਂ ਦੀਆਂ ਕਲੀਆਂ ਧੂੜ ਵਾਂਗੂੰ ਉੱਡ ਜਾਣਗੀਆਂ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਣਿਆ।

ਉਸ ਨੇ ਆਖਿਆ, ਜਾ ਅਤੇ ਇਸ ਪਰਜਾ ਨੂੰ ਆਖ, - ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਅਤੇ ਵੇਖਦੇ ਰਹੋ ਪਰ ਬੁੱਝੋ ਨਾ,

ਪਰਮੇਸ਼ੁਰ ਦੀ ਬਿਵਸਥਾ ਅਤੇ ਚੇਤਾਵਨੀ ਦੀਆਂ ਸਾਖੀਆਂ ਤੋਂ ਸਲਾਹ ਲਓ! ਜੇ ਉਹ ਇਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ-ਮੁੱਚ ਉਨ੍ਹਾਂ ਲਈ ਪਹੁ ਨਾ ਫਟੇਗੀ।

ਹੁਣ ਜਾ, ਉਨ੍ਹਾਂ ਦੇ ਅੱਗੇ ਤਖ਼ਤੀ ਉੱਤੇ ਲਿਖ, ਅਤੇ ਪੋਥੀ ਵਿੱਚ ਦਰਜ਼ ਕਰ, ਤਾਂ ਜੋ ਉਹ ਆਖਰੀ ਸਮਿਆਂ ਲਈ ਸਦਾ ਦੀ ਸਾਖੀ ਹੋਵੇ। ਇਹ ਤਾਂ ਵਿਦਰੋਹੀ ਪਰਜਾ, ਅਤੇ ਝੂਠੇ ਬਾਲਕ ਹਨ, ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ, ਜਿਹੜੇ ਦਰਸ਼ੀਆਂ ਨੂੰ ਆਖਦੇ ਹਨ, ਦਰਸ਼ਣ ਨਾ ਵੇਖੋ! ਅਤੇ ਨਬੀਆਂ ਨੂੰ ਆਖਦੇ ਹਨ, ਸੱਚੀਆਂ ਗੱਲਾਂ ਸਾਨੂੰ ਨਾ ਦੱਸੋ, ਸਾਨੂੰ ਮਿੱਠੀਆਂ ਗੱਲਾਂ ਦੱਸੋ, ਛਲ ਅਤੇ ਫਰੇਬ ਦੱਸੋ! ਰਸਤੇ ਤੋਂ ਹਟੋ, ਮਾਰਗ ਤੋਂ ਫਿਰ ਜਾਓ, ਇਸਰਾਏਲ ਦੇ ਪਵਿੱਤਰ ਪੁਰਖ ਨੂੰ ਸਾਡੇ ਅੱਗਿਓਂ ਹਟਾ ਦਿਓ! ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ, ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ, ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ, ਇਸ ਲਈ ਇਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੇੜ ਵਾਂਗੂੰ ਹੋਵੇਗੀ, ਜਿਹੜੀ ਉੱਚੀ ਕੰਧ ਵਿੱਚ ਉਭਰੀ ਹੋਈ ਹੈ, ਜਿਸ ਦਾ ਟੁੱਟਣਾ ਅਚਾਨਕ, ਇੱਕ ਦਮ ਹੋਵੇਗਾ।

ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੱਕ ਕਾਇਮ ਰਹੇਗਾ।

ਸਾਡੇ ਸੰਦੇਸ਼ ਦੀ ਕਿਸ ਨੇ ਪਰਤੀਤ ਕੀਤੀ? ਅਤੇ ਯਹੋਵਾਹ ਦੀ ਭੁਜਾ ਕਿਸ ਦੇ ਉੱਤੇ ਪਰਗਟ ਹੋਈ?

ਕਿਉਂ ਜੋ ਮੇਰੇ ਖ਼ਿਆਲ ਤੁਹਾਡੇ ਖ਼ਿਆਲ ਨਹੀਂ, ਅਤੇ ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖ਼ਿਆਲ ਤੁਹਾਡੇ ਖ਼ਿਆਲਾਂ ਤੋਂ ਉੱਚੇ ਹਨ।

ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਕੰਮ ਲਈ ਮੈਂ ਉਹ ਨੂੰ ਭੇਜਿਆ, ਉਸ ਵਿੱਚ ਸਫ਼ਲ ਹੋਵੇਗਾ।

ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ। ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਕੇ ਲੈ ਜਾਵੇਗੀ, ਅਤੇ ਇੱਕ ਫੂਕ ਨਾਲ ਉਹ ਉੱਡ ਜਾਣਗੇ, ਪਰ ਜੋ ਮੇਰੀ ਸ਼ਰਨ ਆਉਂਦਾ ਹੈ, ਉਹ ਧਰਤੀ ਉੱਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤਰ ਪਰਬਤ ਦਾ ਅਧਿਕਾਰੀ ਹੋਵੇਗਾ।

ਯਹੋਵਾਹ ਆਖਦਾ ਹੈ, ਮੇਰੀ ਵੱਲੋਂ, ਉਹਨਾਂ ਦੇ ਨਾਲ ਮੇਰਾ ਇਹ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ, ਉਹ ਤੇਰੇ ਮੂੰਹ ਵਿੱਚੋਂ, ਤੇਰੀ ਅੰਸ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ, ਹੁਣ ਤੋਂ ਸਦੀਪਕ ਕਾਲ ਤੱਕ ਕਦੇ ਨਾ ਮੁੱਕਣਗੇ, ਯਹੋਵਾਹ ਦਾ ਵਾਕ ਹੈ।

ਯਹੋਵਾਹ ਦਾ ਵਾਕ ਹੈ, ਇਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਇਸ ਤਰ੍ਹਾਂ ਉਹ ਬਣ ਗਏ। ਮੈਂ ਅਜਿਹੇ ਜਨ ਉੱਤੇ ਨਿਗਾਹ ਰੱਖਾਂਗਾ, ਜੋ ਦੀਨ ਅਤੇ ਨਿਮਰ ਆਤਮਾ ਵਾਲਾ ਹੈ ਅਤੇ ਜੋ ਮੇਰੇ ਬਚਨ ਸੁਣ ਕੇ ਕੰਬ ਜਾਂਦਾ ਹੈ।

ਇਸ ਲਈ ਮੈਂ ਵੀ ਇਹਨਾਂ ਲਈ ਮੁਸੀਬਤ ਚੁਣਾਂਗਾ, ਅਤੇ ਇਹਨਾਂ ਦੇ ਭੈਅ ਇਹਨਾਂ ਉੱਤੇ ਲਿਆਵਾਂਗਾ, ਕਿਉਂ ਜੋ ਮੈਂ ਬੁਲਾਇਆ ਪਰ ਕਿਸੇ ਨੇ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਕਿਸੇ ਨੇ ਨਾ ਸੁਣੀ, ਇਹਨਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ, ਉਹ ਹੀ ਇਹਨਾਂ ਨੇ ਕੀਤਾ। ਤੁਸੀਂ ਜੋ ਯਹੋਵਾਹ ਦਾ ਬਚਨ ਸੁਣ ਕੇ ਕੰਬਦੇ ਹੋ, ਉਸ ਦਾ ਇਹ ਬਚਨ ਸੁਣੋ! ਤੁਹਾਡੇ ਭਰਾ ਜੋ ਤੁਹਾਡੇ ਤੋਂ ਘਿਣ ਕਰਦੇ ਹਨ, ਜੋ ਤੁਹਾਨੂੰ ਮੇਰੇ ਨਾਮ ਦੇ ਕਾਰਨ ਕੱਢ ਦਿੰਦੇ ਹਨ, ਆਖਦੇ ਹਨ, ਯਹੋਵਾਹ ਦੀ ਵਡਿਆਈ ਹੋਵੇ, ਕਿ ਅਸੀਂ ਤੁਹਾਡੀ ਖੁਸ਼ੀ ਨੂੰ ਵੇਖੀਏ, ਪਰ ਉਹ ਹੀ ਸ਼ਰਮਿੰਦੇ ਹੋਣਗੇ।

ਹੇ ਯਹੋਵਾਹ, ਕੀ ਤੇਰੀਆਂ ਅੱਖਾਂ ਸਚਿਆਈ ਦੇ ਉੱਤੇ ਨਹੀਂ ਹਨ? ਤੂੰ ਉਹਨਾਂ ਨੂੰ ਮਾਰਿਆ ਕੁੱਟਿਆ, ਪਰ ਉਹ ਨਹੀਂ ਝੁਰੇ, ਤੂੰ ਉਹਨਾਂ ਨੂੰ ਮੁਕਾ ਦਿੱਤਾ, ਪਰ ਉਹ ਸਿੱਖਿਆ ਲੈਣ ਤੋਂ ਮੁੱਕਰ ਗਏ। ਉਹਨਾਂ ਨੇ ਆਪਣੇ ਚਿਹਰਿਆਂ ਨੂੰ ਪੱਥਰ ਨਾਲੋਂ ਵੀ ਸਖ਼ਤ ਕੀਤਾ ਹੈ, ਪਰ ਉਹ ਮੁੜਨ ਤੋਂ ਮੁੱਕਰ ਗਏ ਹਨ। ਤਦ ਮੈਂ ਆਖਿਆ, ਇਹ ਸੱਚ-ਮੁੱਚ ਗਰੀਬ ਹਨ, ਇਹ ਬੇਅਕਲ ਹਨ, ਤਾਂ ਯਹੋਵਾਹ ਦੇ ਰਾਹ ਨੂੰ ਨਹੀਂ ਜਾਣਦੇ, ਨਾ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ।

ਹੇ ਧਰਤੀ ਸੁਣ! ਮੈਂ ਇਸ ਪਰਜਾ ਉੱਤੇ ਬੁਰਿਆਈ ਲਿਆ ਰਿਹਾ ਹਾਂ। ਇਹ ਉਹਨਾਂ ਦੇ ਵਿਚਾਰਾਂ ਦਾ ਫਲ ਹੈ, ਉਹਨਾਂ ਨੇ ਤਾਂ ਮੇਰੇ ਬਚਨ ਉੱਤੇ ਧਿਆਨ ਨਹੀਂ ਦਿੱਤਾ, ਮੇਰੀ ਬਿਵਸਥਾ ਨੂੰ ਉਹਨਾਂ ਨੇ ਰੱਦ ਕਰ ਦਿੱਤਾ।

ਪਰ ਇਸ ਗੱਲ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਕਿ ਮੇਰੀ ਅਵਾਜ਼ ਸੁਣੋ ਤਾਂ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਤੇ ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੇਰੇ ਸਾਰੇ ਰਾਹਾਂ ਵਿੱਚ ਚੱਲੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਤਾਂ ਜੋ ਤੁਹਾਡਾ ਭਲਾ ਹੋਵੇ ਨਾ ਉਹਨਾਂ ਨੇ ਸੁਣਿਆ ਨਾ ਕੰਨ ਲਾਇਆ, ਪਰ ਉਹ ਆਪਣਿਆਂ ਮਨ ਮੱਤਿਆਂ ਅਤੇ ਆਪਣੇ ਬੁਰੇ ਦਿਲ ਦੀ ਆਕੜ ਵਿੱਚ ਚੱਲਦੇ ਰਹੇ। ਉਹ ਪਿਛਾਹਾਂ ਨੂੰ ਗਏ ਪਰ ਅੱਗੇ ਨਾ ਵਧੇ।

ਬੁੱਧਵਾਨ ਲੱਜਿਆਵਾਨ ਹੋਣਗੇ, ਉਹ ਘਬਰਾ ਜਾਣਗੇ ਅਤੇ ਫੜੇ ਜਾਣਗੇ। ਵੇਖੋ, ਉਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ, - ਉਹਨਾਂ ਦੀ ਇਹ ਕੀ ਬੁੱਧ ਹੋਈ?

ਪਰ ਜੇ ਤੁਸੀਂ ਨਾ ਸੁਣੋਗੇ, ਤਾਂ ਤੁਹਾਡੇ ਹੰਕਾਰ ਦੇ ਕਾਰਨ ਮੇਰੀ ਜਾਣ ਪੜਦੇ ਵਿੱਚ ਰੋਵੇਗੀ, ਮੇਰੀਆਂ ਅੱਖਾਂ ਫੁੱਟ-ਫੁੱਟ ਕੇ ਰੋਣਗੀਆਂ ਅਤੇ ਅੱਥਰੂ ਵਗਾਉਣਗੀਆਂ, ਕਿਉਂ ਜੋ ਯਹੋਵਾਹ ਦਾ ਇੱਜੜ ਫੜਿਆ ਗਿਆ।

ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ।

ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਰਾਪ ਉਸ ਮਰਦ ਉੱਤੇ ਜਿਹੜਾ ਆਦਮੀ ਦਾ ਭਰੋਸਾ ਕਰਦਾ ਹੈ, ਅਤੇ ਬਸ਼ਰ ਨੂੰ ਆਪਣੀ ਬਾਂਹ ਬਣਾਉਂਦਾ ਹੈ, ਜਿਹ ਦਾ ਦਿਲ ਯਹੋਵਾਹ ਵੱਲੋਂ ਫਿਰ ਜਾਂਦਾ ਹੈ!

ਪਰ ਉਹਨਾਂ ਨੇ ਨਾ ਸੁਣਿਆ ਨਾ ਆਪਣਾ ਕੰਨ ਲਾਇਆ ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਭਈ ਉਹ ਨਾ ਸੁਣਨ, ਨਾ ਮੱਤ ਲੈਣ।

ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਉੱਤੇ ਅਤੇ ਇਸ ਦੀਆਂ ਸਾਰੀਆਂ ਬਸਤੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਇਸ ਉੱਤੇ ਲਿਆਉਣ ਦੀ ਗੱਲ ਕੀਤੀ ਹੈ ਲਿਆ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਆਪਣੀਆਂ ਧੌਣਾਂ ਅਕੜਾ ਲਈਆਂ ਹਨ ਭਈ ਮੇਰੀ ਗੱਲ ਨਾ ਸੁਣਨ।

ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, - ਤੁਸੀਂ ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਕ ਬੋਲਦੇ ਹਨ। ਉਹ ਵਿਅਰਥ ਦੱਸਦੇ ਹਨ, ਉਹ ਆਪਣੇ ਦਿਲ ਦੇ ਦਰਸ਼ਣ ਦੱਸਦੇ ਹਨ ਪਰ ਉਹ ਯਹੋਵਾਹ ਦੇ ਮੂੰਹੋਂ ਨਹੀਂ ਬੋਲਦੇ

ਕੀ ਮੇਰਾ ਬਚਨ ਅੱਗ ਵਾਂਗੂੰ ਨਹੀਂ? ਯਹੋਵਾਹ ਦਾ ਵਾਕ ਹੈ, ਅਤੇ ਵਦਾਣ ਵਾਂਗੂੰ ਜਿਹੜਾ ਚੱਟਾਨ ਨੂੰ ਚੂਰ-ਚੂਰ ਕਰ ਸੁੱਟਦਾ ਹੈ?

ਯਹੋਵਾਹ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ, ਆਪਣੇ ਨਬੀਆਂ ਨੂੰ ਘੱਲਦਾ ਰਿਹਾ ਸਗੋਂ ਉਹ ਯਤਨ ਕਰ ਕੇ ਘੱਲਦਾ ਰਿਹਾ, ਪਰ ਤੁਸੀਂ ਨਾ ਸੁਣਿਆ, ਨਾ ਸੁਣਨ ਲਈ ਆਪਣੇ ਕੰਨ ਲਾਏ

ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, - ਜੇ ਤੁਸੀਂ ਮੇਰੀ ਨਾ ਸੁਣੋਗੇ ਕਿ ਮੇਰੀ ਬਿਵਸਥਾ ਉੱਤੇ ਚੱਲੋ ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ ਅਤੇ ਮੇਰੇ ਦਸਾਂ, ਮੇਰੇ ਨਬੀਆਂ ਦੀਆਂ ਗੱਲਾਂ ਸੁਣੋ ਜਿਹਨਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਹਾਂ, ਸਗੋਂ ਜਤਨ ਨਾਲ ਭੇਜਿਆ, ਪਰ ਤੁਸੀਂ ਨਾ ਸੁਣਿਆ ਤਦ ਮੈਂ ਇਸ ਭਵਨ ਨੂੰ ਸ਼ੀਲੋਹ ਵਾਂਗੂੰ ਕਰ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਸਰਾਪ ਬਣਾਵਾਂਗਾ

ਹੁਣ ਤੁਸੀਂ ਆਪਣਿਆਂ ਰਾਹਾਂ ਨੂੰ ਅਤੇ ਆਪਣੇ ਕਰਤੱਬਾਂ ਨੂੰ ਠੀਕ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਯਹੋਵਾਹ ਉਸ ਬੁਰਿਆਈ ਤੋਂ ਪਛਤਾਵੇਗਾ ਜਿਹੜੀ ਉਹ ਤੁਹਾਡੇ ਵਿਰੁੱਧ ਬੋਲਿਆ ਸੀ

ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਹਾਡੇ ਨਬੀ ਜਿਹੜੇ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਫ਼ਾਲ ਪਾਉਣ ਵਾਲੇ ਤੁਹਾਨੂੰ ਕੁਰਾਹੇ ਨਾ ਪਾਉਣ ਅਤੇ ਆਪਣੇ ਸੁਫ਼ਨੇ ਜਿਹੜੇ ਤੁਸੀਂ ਵੇਖਦੇ ਹੋ ਨਾ ਮੰਨੋ ਕਿਉਂ ਜੋ ਉਹ ਮੇਰੇ ਨਾਮ ਉੱਤੇ ਝੂਠ ਅਗੰਮ ਵਾਚਦੇ ਹਨ, ਮੈਂ ਉਹਨਾਂ ਨੂੰ ਨਹੀਂ ਭੇਜਿਆ, ਯਹੋਵਾਹ ਦਾ ਵਾਕ ਹੈ।

ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ ਉਸ ਨੇਮ ਵਾਂਗੂੰ ਨਹੀਂ ਜਿਹੜਾ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜ੍ਹਿਆ ਕਿ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਉਹਨਾਂ ਦਾ ਸੁਆਮੀ ਸੀ, ਯਹੋਵਾਹ ਦਾ ਵਾਕ ਹੈ ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਉਹ ਫਿਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਉਹ ਸਾਰੀਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ।

ਫਿਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਯਹੋਵਾਹ ਦਾ ਮਾਰਗ ਠੀਕ ਨਹੀਂ ਹੈ। ਹੇ ਇਸਰਾਏਲ ਦੇ ਘਰਾਣੇ, ਸੁਣੋ! ਕੀ ਮੇਰਾ ਮਾਰਗ ਠੀਕ ਨਹੀਂ ਹੈ? ਕੀ ਇਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ?

ਉਹ ਮੇਰੇ ਲੋਕਾਂ ਨੂੰ ਪਵਿੱਤਰ ਅਤੇ ਅਪਵਿੱਤਰ ਵਿੱਚ ਫ਼ਰਕ ਦੱਸਣਗੇ ਅਤੇ ਉਹਨਾਂ ਨੂੰ ਸ਼ੁੱਧ ਅਤੇ ਅਸ਼ੁੱਧ ਦੀ ਪਛਾਣ ਕਰਨਾ ਸਿਖਾਉਣਗੇ।

ਮੇਰੀ ਪਰਜਾ ਗਿਆਨ ਤੋਂ ਬਿਨ੍ਹਾਂ ਨਾਸ ਹੁੰਦੀ ਹੈ, - ਕਿਉਂ ਜੋ ਤੂੰ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ, ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਂਵਾਂਗਾ।

ਹਾਏ ਉਹਨਾਂ ਨੂੰ! ਉਹ ਜੋ ਮੇਰੇ ਤੋਂ ਭਟਕ ਗਏ। ਬਰਬਾਦੀ ਉਹਨਾਂ ਲਈ! ਉਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸੀ, ਪਰ ਉਹ ਮੇਰੇ ਵਿਰੁੱਧ ਝੂਠ ਬੱਕਦੇ ਸਨ।

“ਪ੍ਰਭੂ ਯਹੋਵਾਹ ਦਾ ਵਾਕ ਹੈ, ਵੇਖ, ਉਹ ਦਿਨ ਆਉਂਦੇ ਹਨ ਜਦ ਮੈਂ ਇਸ ਦੇਸ਼ ਵਿੱਚ ਕਾਲ ਭੇਜਾਂਗਾ, ਰੋਟੀ ਦਾ ਕਾਲ ਨਹੀਂ ਅਤੇ ਨਾ ਹੀ ਪਾਣੀ ਦੀ ਪਿਆਸ ਦਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ ਕਾਲ ਹੋਵੇਗਾ।

ਪਰ ਉਹ ਇਸ ਵੱਲ ਧਿਆਨ ਦੇਣ ਲਈ ਸਹਿਮਤ ਨਾ ਹੋਏ। ਉਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਕਿ ਨਾ ਸੁਣਨ ਅਤੇ ਉਹਨਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਗੂੰ ਕਠੋਰ ਕਰ ਲਿਆ, ਤਾਂ ਕਿ ਬਿਵਸਥਾ ਨੂੰ ਅਤੇ ਉਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸੈਨਾਂ ਦੇ ਯਹੋਵਾਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਭੇਜੀਆਂ ਸਨ। ਤਾਂ ਸੈਨਾਂ ਦੇ ਯਹੋਵਾਹ ਵੱਲੋਂ ਵੱਡਾ ਕੋਪ ਹੋਇਆ। ਤਦ ਜਿਵੇਂ ਉਹ ਨੇ ਪੁਕਾਰਿਆ ਅਤੇ ਉਹਨਾਂ ਨੇ ਨਾ ਸੁਣਿਆ, ਉਸੇ ਤਰ੍ਹਾਂ ਹੀ ਉਹ ਪੁਕਾਰਨਗੇ ਅਤੇ ਮੈਂ ਨਾ ਸੁਣਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।

ਪਰ ਉਹ ਨੇ ਉੱਤਰ ਦਿੱਤਾ, ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ, ਪਰ ਹਰੇਕ ਬਚਨ ਨਾਲ ਜਿਹੜਾ ਪਰਮੇਸ਼ੁਰ ਦੇ ਮੂੰਹੋਂ ਨਿੱਕਲਦਾ ਹੈ।

ਇਹ ਨਾ ਸੋਚੋ ਕਿ ਮੈਂ ਮੂਸਾ ਦੀ ਬਿਵਸਥਾ ਜਾਂ ਨਬੀਆਂ ਦੇ ਉਪਦੇਸ਼ ਨੂੰ ਰੱਦ ਕਰਨ ਆਇਆ ਹਾਂ। ਮੈਂ ਰੱਦ ਕਰਨ ਨਹੀਂ ਸਗੋਂ ਪੂਰਾ ਕਰਨ ਆਇਆ ਹਾਂ। ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਅਕਾਸ਼ ਅਤੇ ਧਰਤੀ ਟਲ ਨਾ ਜਾਣ, ਬਿਵਸਥਾ ਵਿੱਚੋਂ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਨਾ ਟਲੇਗੀ, ਜਦ ਤੱਕ ਸਭ ਕੁਝ ਪੂਰਾ ਨਾ ਹੋਵੇ। ਸੋ ਜੋ ਕੋਈ ਇਨ੍ਹਾਂ ਸਭਨਾਂ ਤੋਂ ਛੋਟਿਆਂ ਹੁਕਮਾਂ ਵਿੱਚੋਂ ਇੱਕ ਦੀ ਵੀ ਉਲੰਘਣਾ ਕਰੇ ਅਤੇ ਇਸੇ ਤਰ੍ਹਾਂ ਦੂਜਿਆਂ ਨੂੰ ਸਿਖਾਵੇ ਸੋ ਸਵਰਗ ਰਾਜ ਵਿੱਚ ਸਭਨਾਂ ਨਾਲੋਂ ਛੋਟਾ ਕਹਾਵੇਗਾ ਪਰ ਜਿਹੜਾ ਉਨ੍ਹਾਂ ਦੀ ਪਾਲਨਾ ਕਰੇ ਅਤੇ ਸਿਖਾਵੇ ਉਹ ਸਵਰਗ ਰਾਜ ਵਿੱਚ ਮਹਾਨ ਕਹਾਵੇਗਾ।

ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਇੱਕ ਨਾਲ ਵੈਰ ਅਤੇ ਦੂਜੇ ਨਾਲ ਪਿਆਰ ਰੱਖੇਗਾ ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।

ਭੀੜੇ ਫਾਟਕ ਤੋਂ ਵੜੋ, ਕਿਉਂ ਜੋ ਉਹ ਖੁੱਲ੍ਹਾ ਹੈ ਉਹ ਫਾਟਕ ਅਤੇ ਸੁਖਾਲਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਤੇ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਉਹ ਫਾਟਕ ਭੀੜਾ ਹੈ ਅਤੇ ਉਹ ਰਾਹ ਔਖਾ ਹੈ, ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਹਨ ਜੋ ਉਸ ਨੂੰ ਲੱਭਦੇ ਹਨ।

ਹਰ ਕੋਈ ਮੈਨੂੰ ਪ੍ਰਭੂ! ਪ੍ਰਭੂ! ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ ਪਰ ਉਹ ਹੀ ਵੜੇਗਾ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਉਸ ਦਿਨ ਬਹੁਤੇ ਮੈਨੂੰ ਆਖਣਗੇ, ਹੇ ਪ੍ਰਭੂ! ਹੇ ਪ੍ਰਭੂ! ਕੀ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤੇ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈ ਕੇ ਬਹੁਤ ਅਚਰਜ਼ ਕੰਮ ਨਹੀਂ ਕੀਤੇ? ਤਦ ਮੈਂ ਉਨ੍ਹਾਂ ਨੂੰ ਸਪੱਸ਼ਟ ਆਖਾਂਗਾ, ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ!

ਇਸ ਲਈ ਜਿਹੜਾ ਮੇਰੇ ਇਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ। ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਪਰ ਉਹ ਨਾ ਡਿੱਗਿਆ, ਕਿਉਂਕਿ ਉਸ ਦੀ ਨੀਂਹ ਪੱਥਰ ਉੱਤੇ ਧਰੀ ਹੋਈ ਸੀ। ਅਤੇ ਹਰ ਕੋਈ ਜਿਹੜਾ ਮੇਰੇ ਇਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ। ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਅਤੇ ਉਹ ਘਰ ਡਿੱਗ ਗਿਆ ਅਤੇ ਉਸ ਦਾ ਵੱਡਾ ਨਾਸ ਹੋਇਆ।

ਅਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਨਾ ਤੁਹਾਡੀਆਂ ਗੱਲਾਂ ਸੁਣੇ, ਤਾਂ ਤੁਸੀਂ ਉਸ ਘਰ ਜਾਂ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦੇ ਦੇਸ ਦਾ ਹਾਲ ਝੱਲਣ ਯੋਗ ਹੋਵੇਗਾ।

ਇਸ ਲਈ, ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ, ਉਹ ਦਾ ਇਕਰਾਰ ਕਰਾਂਗਾ। ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ, ਉਹ ਦਾ ਇਨਕਾਰ ਕਰਾਂਗਾ।

ਜੇ ਕੋਈ ਪਿਤਾ ਜਾਂ ਮਾਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਯੋਗ ਨਹੀਂ। ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ, ਉਹ ਮੇਰੇ ਯੋਗ ਨਹੀਂ। ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ, ਉਹ ਉਸ ਨੂੰ ਗੁਆਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗੁਆਈ ਹੈ, ਉਹ ਉਸ ਨੂੰ ਲੱਭ ਲਵੇਗਾ। ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।

ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।

ਇਸ ਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ, ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ, ਅਤੇ ਨਾ ਸਮਝਦੇ ਹਨ। ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ, ਤੁਸੀਂ ਸੁਣੋਗੇ ਪਰ ਸਮਝੋਂਗੇ ਨਹੀਂ, ਅਤੇ ਤੁਸੀਂ ਵੇਖੋਗੇ ਪਰ ਬੁਝੋਗੇ ਨਹੀਂ, ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਪਰ ਧੰਨ ਹਨ ਤੁਹਾਡੀਆਂ ਅੱਖਾਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ। ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਧਰਮੀ ਚਾਹੁੰਦੇ ਸਨ ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ। ਹੁਣ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ। ਹਰ ਕੋਈ ਜਿਹੜਾ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ, ਦੁਸ਼ਟ ਆ ਕੇ ਜੋ ਕੁਝ ਉਸ ਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ। ਇਹ ਉਹ ਹੈ ਜਿਹੜਾ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਸੀ। ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ। ਪਰ ਆਪਣੇ ਵਿੱਚ ਡੂੰਘੀ ਜੜ੍ਹ ਨਹੀਂ ਰੱਖਦਾ, ਪਰ ਥੋੜ੍ਹਾ ਸਮਾਂ ਰਹਿੰਦਾ ਹੈ ਪਰ ਜਦੋਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ। ਅਤੇ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ, ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫਲ ਨਹੀਂ ਦਿੰਦਾ। ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲ ਦਿੰਦਾ ਹੈ।

ਉਸ ਨੇ ਉੱਤਰ ਦਿੱਤਾ ਕਿ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਸੋ ਜੜ੍ਹੋਂ ਪੁੱਟਿਆ ਜਾਵੇਗਾ।

ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਪਵਿੱਤਰ ਗ੍ਰੰਥਾਂ ਅਤੇ ਪਰਮੇਸ਼ੁਰ ਦੀ ਸਮਰੱਥਾ ਨੂੰ ਨਹੀਂ ਜਾਣਦੇ, ਇਸੇ ਲਈ ਗਲਤੀ ਕਰਦੇ ਹੋ।

ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਅਤੇ ਦੂਜਾ ਇਸ ਤਰ੍ਹਾਂ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਦੋਹਾਂ ਹੁਕਮਾਂ ਉੱਤੇ ਮੂਸਾ ਦੀ ਸਾਰੀ ਬਿਵਸਥਾ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।

ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ।

ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ।

ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।

ਉਪਰੰਤ ਯੂਹੰਨਾ ਦੇ ਫੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ ਅਤੇ ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰ ਕੇ ਆਖਿਆ, ਸਮਾਂ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ਖਬਰੀ ਉੱਤੇ ਵਿਸ਼ਵਾਸ ਕਰੋ।

ਉਸ ਨੇ ਉਨ੍ਹਾਂ ਨੂੰ ਕਿਹਾ, ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ ਪਰ ਜਿਹੜੇ ਬਾਹਰਲੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ ਕਿ, ਉਹ ਵੇਖਦੇ ਹੋਏ ਵੇਖਣ ਤਾਂ ਸਹੀ ਪਰ ਬੁੱਝਣ ਨਾ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ, ਕਿਤੇ ਇੰਝ ਨਾ ਹੋਵੇ ਜੋ ਉਹ ਮੁੜ ਆਉਣ, ਅਤੇ ਉਨ੍ਹਾ ਨੂੰ ਮਾਫ਼ੀ ਮਿਲੇ। ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਦ੍ਰਿਸ਼ਟਾਂਤ ਦੀ ਉਦਾਹਰਣ ਨੂੰ ਨਹੀਂ ਸਮਝਦੇ? ਤਾਂ ਸਾਰਿਆਂ ਦ੍ਰਿਸ਼ਟਾਂਤਾਂ ਨੂੰ ਕਿਵੇਂ ਸਮਝੋਂਗੇ? ਬੀਜਣ ਵਾਲਾ ਪਰਮੇਸ਼ੁਰ ਦਾ ਬਚਨ ਬੀਜਦਾ ਹੈ। ਅਤੇ ਰਾਹ ਦੇ ਕਿਨਾਰੇ ਵਾਲੇ ਉਹ ਹਨ ਜਿਹਨਾਂ ਨੇ ਸੁਣਿਆ, ਤਾਂ ਸ਼ੈਤਾਨ ਆਣ ਕੇ ਉਸ ਬਚਨ ਨੂੰ ਉਨ੍ਹਾ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ। ਅਤੇ ਇਸੇ ਤਰ੍ਹਾਂ ਜਿਹੜੇ ਪਥਰੀਲੀ ਜ਼ਮੀਨ ਵਿੱਚ ਬੀਜੇ ਜਾਂਦੇ ਹਨ ਸੋ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹ ਨੂੰ ਮੰਨ ਲੈਂਦੇ ਹਨ। ਅਤੇ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ ਪਰ ਥੋੜ੍ਹਾ ਸਮਾਂ ਰਹਿੰਦੇ ਹਨ ਅਤੇ ਜਦੋਂ ਬਚਨ ਦੇ ਕਾਰਨ ਦੁੱਖ ਵਿੱਚ ਪੈਂਦੇ ਜਾਂ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ। ਅਤੇ ਹੋਰ ਉਹ ਹਨ ਜਿਹੜੇ ਝਾੜੀਆਂ ਵਿੱਚ ਬੀਜੇ ਜਾਂਦੇ। ਇਹ ਉਹ ਹਨ ਜਿਨ੍ਹਾਂ ਨੇ ਬਚਨ ਨੂੰ ਸੁਣਿਆ ਅਤੇ ਸੰਸਾਰ ਦੀ ਚਿੰਤਾ ਤੇ ਧਨ ਦਾ ਧੋਖਾ ਅਤੇ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਬੇਫੱਲ ਰਹਿ ਜਾਂਦਾ ਹੈ। ਅਤੇ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ ਸੋ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁਝ ਤੀਹ ਗੁਣਾ ਕੁਝ ਸੱਠ ਗੁਣਾ ਕੁਝ ਸੌ ਗੁਣਾ।

ਪਰ ਯਿਸੂ ਨੇ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰ ਕੇ ਪ੍ਰਾਰਥਨਾ ਘਰ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਵਿਸ਼ਵਾਸ ਕਰ।

ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸੀਂ ਚਲਾਈ ਹੈ, ਟਾਲ ਦਿੰਦੇ ਹੋ ਅਤੇ ਹੋਰ ਬਥੇਰੇ ਏਹੋ ਜਿਹੇ ਕੰਮ ਤੁਸੀਂ ਕਰਦੇ ਹੋ।

ਤਦ ਪ੍ਰਭੂ ਯਿਸੂ ਨੇ ਭੀੜ ਨੂੰ ਆਪਣੇ ਚੇਲਿਆਂ ਸਣੇ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਅਤੇ ਖੁਸ਼ਖਬਰੀ ਦੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ। ਭਾਵੇਂ ਮਨੁੱਖ ਸਾਰੇ ਸੰਸਾਰ ਨੂੰ ਕਮਾ ਲਵੇ, ਅਤੇ ਆਪਣੀ ਹੀ ਜਾਨ ਨੂੰ ਗੁਆ ਲਵੇ ਤਾਂ ਉਸ ਨੂੰ ਕੀ ਲਾਭ ਹੋਵੇਗਾ? ਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ? ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀੜ੍ਹੀ ਦੇ ਲੋਕਾਂ ਵਿੱਚ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਉਹ ਆਪਣੇ ਪਿਤਾ ਦੀ ਮਹਿਮਾ ਨਾਲ ਪਵਿੱਤਰ ਦੂਤਾਂ ਸਣੇ ਆਵੇਗਾ।

ਯਿਸੂ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਕਰ ਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ, ਕਿ ਤੁਸੀਂ ਨਾ ਪਵਿੱਤਰ ਗ੍ਰੰਥਾਂ ਨੂੰ, ਅਤੇ ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ?

ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਏ।

ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ।

ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪਰਚਾਰ ਕਰੋ। ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ।

ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ।

ਸਗੋਂ ਤਲਵਾਰ ਵੀ ਤੇਰੇ ਦਿਲ ਵਿੱਚ ਖੁੱਭ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪਰਗਟ ਹੋ ਜਾਣ।

ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ।

ਉਹ ਉਸ ਦੇ ਉਪਦੇਸ਼ ਨੂੰ ਸੁਣ ਕੇ ਹੈਰਾਨ ਹੋਏ ਕਿਉਂ ਜੋ ਉਹ ਅਧਿਕਾਰ ਨਾਲ ਬਚਨ ਬੋਲਦਾ ਸੀ।

ਤੁਸੀਂ ਮੈਨੂੰ “ਪ੍ਰਭੂ, ਪ੍ਰਭੂ” ਕਰਕੇ ਕਿਉਂ ਪੁਕਾਰਦੇ ਹੋ ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ? ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਿਸ ਵਰਗਾ ਹੈ। ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਘਰ ਬਣਾਉਣ ਵੇਲੇ ਧਰਤੀ ਡੂੰਘੀ ਪੁੱਟ ਕੇ ਪੱਥਰ ਉੱਤੇ ਨੀਂਹ ਰੱਖੀ ਅਤੇ ਜਦ ਹੜ੍ਹ ਆਇਆ ਤਾਂ ਲਹਿਰ ਨੇ ਉਸ ਘਰ ਉੱਤੇ ਜ਼ੋਰ ਮਾਰਿਆ ਪਰ ਉਸ ਨੂੰ ਹਿਲਾ ਨਾ ਸਕੀ ਇਸ ਲਈ ਜੋ ਉਹ ਚੰਗੀ ਤਰ੍ਹਾਂ ਬਣਾਇਆ ਹੋਇਆ ਸੀ। ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਮਨੁੱਖ ਵਰਗਾ ਹੈ, ਜਿਸ ਨੇ ਨੀਂਹ ਬਿਨ੍ਹਾਂ ਧਰਤੀ ਉੱਤੇ ਘਰ ਬਣਾਇਆ ਜਿਸ ਉੱਤੇ ਲਹਿਰ ਨੇ ਜ਼ੋਰ ਮਾਰਿਆ ਅਤੇ ਉਹ ਝੱਟ ਡਿੱਗ ਪਿਆ ਅਤੇ ਉਸ ਘਰ ਦਾ ਸੱਤਿਆਨਾਸ ਹੋ ਗਿਆ।

ਅਤੇ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਕਿ ਉਹ ਵੇਖਦੇ ਹੋਏ ਨਾ ਵੇਖਣ ਅਤੇ ਸੁਣਦੇ ਹੋਏ ਨਾ ਸਮਝਣ। ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ ਕਿ ਬੀਜ ਪਰਮੇਸ਼ੁਰ ਦਾ ਬਚਨ ਹੈ। ਅਤੇ ਸੜਕ ਦੇ ਕੰਢੇ ਵਾਲੇ ਉਹ ਹਨ ਜਿਨ੍ਹਾਂ ਬਚਨ ਨੂੰ ਸੁਣਿਆ, ਤਦ ਸ਼ੈਤਾਨ ਆ ਕੇ ਉਸ ਬਚਨ ਨੂੰ ਉਨ੍ਹਾਂ ਦੇ ਦਿਲਾਂ ਵਿੱਚੋਂ ਕੱਢ ਕੇ ਲੈ ਜਾਂਦਾ ਹੈ ਕਿ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰ ਕੇ ਮੁਕਤੀ ਪਾਉਣ। ਅਤੇ ਜੋ ਪਥਰੀਲੀ ਜ਼ਮੀਨ ਉੱਤੇ ਡਿੱਗੇ ਸੋ ਉਹ ਹਨ, ਜਿਹੜੇ ਬਚਨ ਸੁਣ ਕੇ ਖੁਸ਼ੀ ਨਾਲ ਮੰਨ ਲੈਂਦੇ ਹਨ ਅਤੇ ਜੜ੍ਹ ਨਾ ਫੜ੍ਹਨ ਕਰਕੇ ਥੋੜ੍ਹਾ ਸਮਾਂ ਹੀ ਵਿਸ਼ਵਾਸ ਕਰਦੇ ਹਨ ਅਤੇ ਪਰਤਾਵਾ ਪੈਣ ਤੇ ਵਿਸ਼ਵਾਸ ਤੋਂ ਪਿੱਛੇ ਹੱਟ ਜਾਂਦੇ ਹਨ। ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਸਨ, ਸੋ ਉਹ ਹਨ ਜਿਨ੍ਹਾਂ ਬਚਨ ਸੁਣਿਆ ਅਤੇ ਆਪਣੇ ਜੀਵਨ ਦੀਆਂ ਚਿੰਤਾਵਾਂ, ਧਨ ਦਾ ਲੋਭ ਅਤੇ ਭੋਗ ਬਿਲਾਸ ਵਿੱਚ ਪੈ ਕੇ ਸੁਣੇ ਹੋਏ ਬਚਨ ਅਨੁਸਾਰ ਫਲਦਾਇਕ ਨਹੀਂ ਹੁੰਦੇ ਹਨ। ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗਿਆ ਸੋ ਉਹ ਹਨ ਜਿਹੜੇ ਬਚਨ ਨੂੰ ਸੁਣ ਕੇ ਚੰਗੇ ਅਤੇ ਖਰੇ ਦਿਲ ਵਿੱਚ ਸਾਂਭ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।

ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਭਰਾ ਇਹ ਹਨ ਜੋ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ।

ਉਸ ਨੇ ਸਭਨਾਂ ਨੂੰ ਆਖਿਆ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ। ਆਦਮੀ ਨੂੰ ਕੀ ਲਾਭ ਹੈ ਜੇ ਸਾਰਾ ਸੰਸਾਰ ਕਮਾਵੇ ਪਰ ਆਪਣੀ ਜਾਨ ਦਾ ਨਾਸ ਕਰੇ ਜਾਂ ਆਪ ਨੂੰ ਗੁਆਵੇ? ਜੋ ਕੋਈ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਤਾਂ ਮਨੁੱਖ ਦਾ ਪੁੱਤਰ ਵੀ, ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ ਤਾਂ ਉਸ ਤੋਂ ਸ਼ਰਮਾਏਗਾl

ਉਸ ਨੇ ਹੋਰ ਦੂਸਰੇ ਨੂੰ ਆਖਿਆ ਕਿ ਮੇਰੇ ਮਗਰ ਚੱਲਿਆ ਆ ਪਰ ਉਸ ਨੇ ਕਿਹਾ, ਪ੍ਰਭੂ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦੱਬਾਂ। ਉਸ ਨੇ ਉਸ ਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ ਪਰ ਤੂੰ ਜਾ ਕੇ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰ। ਅਤੇ ਇੱਕ ਹੋਰ ਨੇ ਆਖਿਆ, ਪ੍ਰਭੂ ਜੀ, ਮੈਂ ਤੁਹਾਡੇ ਪਿਛੇ ਚੱਲਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਾ ਹੋ ਆਵਾਂ। ਪਰ ਯਿਸੂ ਨੇ ਉਸ ਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਨਹੀਂ।

ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਪਰ ਧੰਨ ਹਨ ਉਹ ਲੋਕ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।

ਤਦ ਇੱਕ ਨੇ ਉਸ ਨੂੰ ਆਖਿਆ, ਪ੍ਰਭੂ ਜੀ ਕੀ ਮੁਕਤੀ ਪਾਉਂਣ ਵਾਲੇ ਥੋੜ੍ਹੇ ਹੀ ਹਨ? ਯਿਸੂ ਨੇ ਉੱਤਰ ਦਿੱਤਾ, ਤੁਸੀਂ ਭੀੜੇ ਫਾਟਕ ਤੋਂ ਵੜਨ ਦਾ ਵੱਡਾ ਯਤਨ ਕਰੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤੇ ਵੜਨ ਨੂੰ ਤਾਂ ਚਾਹੁਣਗੇ ਪਰ ਵੜ ਨਾ ਸਕਣਗੇ।

ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।

ਬਿਵਸਥਾ ਅਤੇ ਨਬੀ ਯੂਹੰਨਾ ਤੱਕ ਸਨ। ਉਸ ਸਮੇਂ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ। ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਬਿਵਸਥਾ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਅਸਾਨ ਹੈ।

ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ। ਉਸ ਨੇ ਆਖਿਆ, ਨਾ ਜੀ, ਹੇ ਪਿਤਾ ਅਬਰਾਹਾਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। ਤਦ ਅਬਰਾਹਾਮ ਨੇ ਉਸ ਨੂੰ ਕਿਹਾ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ।

ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ।

ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਤੇ ਨਬੀਆਂ ਦੇ ਸਾਰੇ ਬਚਨਾਂ ਉੱਤੇ ਵਿਸ਼ਵਾਸ ਕਰਨ ਵਿੱਚ ਢਿੱਲਿਉ!

ਯਿਸੂ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।

ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰੀਆਂ ਉਹੋ ਗੱਲਾਂ ਹਨ, ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਹੋਇਆਂ ਤੁਹਾਨੂੰ ਆਖੀਆਂ ਕਿ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ, ਜੋ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ। ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ੍ਹ ਦਿੱਤੀ ਜੋ ਪਵਿੱਤਰ ਗ੍ਰੰਥਾਂ ਨੂੰ ਸਮਝ ਲੈਣ।

ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ।

ਬਿਵਸਥਾ ਮੂਸਾ ਰਾਹੀਂ ਦਿੱਤੀ ਗਈ ਸੀ, ਪਰ ਕਿਰਪਾ ਅਤੇ ਸਚਿਆਈ ਯਿਸੂ ਮਸੀਹ ਰਾਹੀਂ ਆਈ।

ਯਿਸੂ ਦੇ ਜੀ ਉੱਠਣ ਤੋਂ ਬਾਅਦ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ। ਇਸ ਲਈ ਉਨ੍ਹਾਂ ਨੇ ਪਵਿੱਤਰ ਗ੍ਰੰਥ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਉੱਤੇ ਵਿਸ਼ਵਾਸ ਕੀਤਾ।

ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ। ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ?

ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ। ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ।

ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਭਰਪੂਰੀ ਦਾ ਆਤਮਾ ਦਿੰਦਾ ਹੈ।

ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਕੋਲ ਸਦੀਪਕ ਜੀਵਨ ਹੈ; ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਜੀਵਨ ਨਹੀਂ ਹੋਵੇਗਾ, ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਹੋਵੇਗਾ।”

ਪਰਮੇਸ਼ੁਰ ਆਤਮਾ ਹੈ, ਇਸ ਲਈ ਜੋ ਲੋਕ ਪਰਮੇਸ਼ੁਰ ਦੀ ਬੰਦਗੀ ਕਰਦੇ ਹਨ ਉਨ੍ਹਾਂ ਨੂੰ ਉਸ ਦੀ ਆਤਮਾ ਅਤੇ ਸਚਿਆਈ ਨਾਲ ਬੰਦਗੀ ਕਰਨੀ ਚਾਹੀਦੀ ਹੈ।”

ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਉਹ ਮੇਰੇ ਬਚਨ ਸੁਣਦਾ ਹੈ ਅਤੇ ਉਨ੍ਹਾਂ ਤੇ ਵਿਸ਼ਵਾਸ ਕਰਦਾ ਹੈ। ਉਹ, ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ। ਉਸਦਾ ਨਿਆਂ ਨਹੀਂ ਹੋਵੇਗਾ। ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਸਗੋਂ ਹੁਣੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ।

ਉਸ ਪਿਤਾ ਦੇ ਬਚਨ ਵੀ ਤੁਹਾਡੇ ਅੰਦਰ ਨਹੀਂ ਹਨ ਕਿਉਂਕਿ, ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ!

ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ।

ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ।”

ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਤੇ ਵਿਸ਼ਵਾਸ ਕਰਦੇ ਸਨ, “ਜੇਕਰ ਤੁਸੀਂ ਮੇਰੇ ਬਚਨਾਂ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਚੇਲੇ ਹੋਵੋਗੇ। ਤਦ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ।”

ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ? ਕਿਉਂਕਿ ਤੁਸੀਂ ਮੇਰੇ ਬਚਨ ਨੂੰ ਸੁਨਣ ਲਈ ਤਿਆਰ ਨਹੀਂ ਹੋ। ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸ ਦੀ ਅੰਸ ਹੋ ਤੇ ਸਿਰਫ਼ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ। ਸ਼ੈਤਾਨ ਸ਼ੁਰੂ ਤੋਂ ਹੀ ਘਾਤਕ ਹੈ ਉਹ ਸੱਚ ਦੇ ਵਿਰੁੱਧ ਹੈ। ਉਸ ਵਿੱਚ ਕੋਈ ਸੱਚ ਨਹੀਂ। ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਰੂਪ ਪ੍ਰਗਟ ਕਰਦਾ ਹੈ। ਹਾਂ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ। ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ? ਜੇਕਰ ਮੈਂ ਸੱਚ ਆਖ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ? ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ, ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰਦਾ ਹੈ ਪਰ ਤੁਸੀਂ ਸੁਨਣ ਤੋਂ ਇੰਨਕਾਰ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”

ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਬਚਨ ਨੂੰ ਮੰਨੇਗਾ ਉਹ ਕਦੇ ਵੀ ਨਹੀਂ ਮਰੇਗਾ।”

ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚਲਦੀਆਂ ਹਨ।

ਉਹ ਲੋਕ ਜਿਨ੍ਹਾਂ ਕੋਲ ਪਰਮੇਸ਼ੁਰ ਦਾ ਬਚਨ ਪਹੁੰਚਿਆ ਉਹ ਇਸ ਪਵਿੱਤਰ ਗ੍ਰੰਥ ਵਿੱਚ ਦੇਵਤੇ ਅਖਵਾਉਂਦੇ ਹਨ ਅਤੇ ਬਚਨ ਕਦੇ ਵੀ ਝੂਠਾ ਨਹੀਂ ਹੋ ਸਕਦਾ।

ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ। ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਨਹੀਂ ਕਰਦਾ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ। ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ। ਜਿਹੜਾ ਮੇਰੀ ਸੇਵਾ ਕਰਦਾ ਹੈ, ਪਿਤਾ ਉਸ ਦਾ ਆਦਰ ਕਰਦਾ ਹੈ।”

ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ। ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ। ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸਕੇ: “ਹੇ ਪ੍ਰਭੂ ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ? ਪ੍ਰਭੂ ਦੀ ਸ਼ਕਤੀ ਕਿਸ ਨੇ ਵੇਖੀ?” ਇਸੇ ਕਾਰਨ ਲੋਕ ਵਿਸ਼ਵਾਸ ਨਾ ਕਰ ਸਕੇ। ਜਿਵੇਂ ਕਿ ਯਸਾਯਾਹ ਫਿਰ ਆਖਦਾ ਹੈ, “ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖੀਆਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ। ਤਾਂ ਜੋ ਨਾ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਣ, ਨਾ ਦਿਮਾਗ ਨਾਲ ਸਮਝ ਸਕਣ ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸਕਾਂ।” ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਸੀ। ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ। ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁੱਲਕੇ ਨਾ ਆਖਿਆ ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਘਰ ਤੋਂ ਕੱਢ ਦਿੱਤੇ ਜਾਣਗੇ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਨਾਲੋਂ ਵਧ ਲੋਕਾਂ ਦੀ ਵਡਿਆਈ ਨੂੰ ਪਿਆਰ ਕੀਤਾ।

ਜੋ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇੰਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲ ਕਰਦਾ। ਇਹੀ ਬਚਨ ਜਿਹੜਾ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਏਗਾ।

ਕਿਉਂਕਿ ਮੈਂ ਆਪਣੇ ਮਨੋਂ ਨਹੀਂ ਕਿਹਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਆਖਣਾ ਚਾਹੀਦਾ ਅਤੇ ਕੀ ਸਿਖਾਉਣਾ ਚਾਹੀਦਾ। ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਬਚਨ ਸਦੀਪਕ ਜੀਵਨ ਲਿਆਉਂਦਾ ਹੈ। ਇਸੇ ਲਈ ਜੋ ਬਚਨ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”

ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ।

“ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ।

ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ। ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ। ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ?”

ਯਿਸੂ ਨੇ ਆਖਿਆ, “ਜੇਕਰ ਕੋਈ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਬਚਨ ਦਾ ਵੀ ਪਾਲਣ ਕਰੇਗਾ ਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਕੋਲ ਰਹਾਂਗੇ। ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ, ਉਹ ਮੇਰੇ ਬਚਨ ਨੂੰ ਵੀ ਨਹੀਂ ਮੰਨਦਾ। ਜਿਹੜੇ ਬਚਨ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ, ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸ ਨੇ ਮੈਨੂੰ ਭੇਜਿਆ ਹੈ।”

“ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦੇ ਦਿੱਤਾ ਜਾਵੇਗਾ।”

ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ। ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ। ਉਹ ਉਹੀ ਦੱਸੇਗਾ ਜੋ ਉਹ ਸੁਣੇਗਾ ਹੈ ਅਤੇ ਉਹ ਤੁਹਾਨੂੰ ਦੱਸੇਗਾ ਕਿ ਕੀ ਹੋਣ ਵਾਲਾ ਹੈ।

ਮੈਂ ਉਨ੍ਹਾਂ ਨੂੰ ਤੇਰਾ ਬਚਨ ਦਿੱਤਾ ਹੈ ਅਤੇ ਸੰਸਾਰ ਨੇ ਇਨ੍ਹਾਂ ਨਾਲ ਵੈਰ ਕੀਤਾ ਹੈ। ਜਿਵੇਂ ਕਿ ਮੈਂ ਇਸ ਸੰਸਾਰ ਦਾ ਨਹੀਂ ਹਾਂ, ਉਹ ਵੀ ਇਸ ਸੰਸਾਰ ਦੇ ਨਹੀਂ ਹਨ।

ਉਨ੍ਹਾਂ ਨੂੰ ਸੱਚ ਨਾਲ ਆਪਣੀ ਸੇਵਾ ਲਈ ਤਿਆਰ ਕਰ, ਤੇਰਾ ਬਚਨ ਸੱਚ ਹੈ।

ਪਿਲਾਤੁਸ ਨੇ ਆਖਿਆ, “ਇਸ ਦਾ ਮਤਲਬ ਤੂੰ ਇੱਕ ਰਾਜਾ ਹੈ?” ਯਿਸੂ ਨੇ ਆਖਿਆ, “ਤੂੰ ਜੋ ਆਖਿਆ, ਉਹ ਸੱਚ ਹੈ। ਮੈਂ ਇੱਕ ਰਾਜਾ ਹਾਂ। ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਕਾਰਨ ਦੁਨੀਆਂ ਤੇ ਆਇਆ ਤਾਂ ਜੋ ਮੈਂ ਸਚਿਆਈ ਦੀ ਗਵਾਹੀ ਦੇ ਸਕਾਂ। ਅਤੇ ਹਰ ਮਨੁੱਖ ਜੋ ਸਚਿਆਈ ਜਾਣਦਾ, ਹੈ ਉਹ ਮੇਰੀ ਅਵਾਜ਼ ਸੁਣਦਾ ਹੈ।”

ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ੁਰ ਦੀ ਆਗਿਆ ਦਾ ਮੰਨਣਾ ਜ਼ਰੂਰੀ ਹੈ।

ਤਦ ਪੌਲੁਸ ਅਤੇ ਬਰਨਬਾਸ ਨਿਡਰ ਹੋ ਕੇ ਬੋਲੇ, ਕਿ ਜ਼ਰੂਰੀ ਸੀ ਜੋ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ ਪਰ ਜਿਸ ਕਰਕੇ ਤੁਸੀਂ ਉਹ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ।

ਇੱਥੇ ਦੇ ਲੋਕ ਥਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਇਹਨਾਂ ਨੇ ਦਿਲ ਦੀ ਵੱਡੀ ਲਗਨ ਨਾਲ ਬਚਨ ਨੂੰ ਮੰਨ ਲਿਆ ਅਤੇ ਹਰ ਰੋਜ਼ ਪਵਿੱਤਰ ਗ੍ਰੰਥ ਵਿੱਚ ਲੱਭਦੇ ਰਹਿੰਦੇ ਸਨ ਕਿ ਇਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ।

ਪਰ ਜਦੋਂ ਕੁਝ ਲੋਕਾਂ ਨੇ ਕਠੋਰ ਹੋ ਕੇ ਉਸ ਦੀ ਨਾ ਮੰਨੀ ਅਤੇ ਲੋਕਾਂ ਦੇ ਅੱਗੇ ਉਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਹ ਚੇਲਿਆਂ ਨੂੰ ਲੈ ਕੇ ਅਲੱਗ ਹੋ ਗਿਆ ਅਤੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਰੋਜ਼ ਬਚਨ ਸੁਣਾਉਂਦਾ ਰਿਹਾ।

ਮੈਂ ਜਾਣਦਾ ਹਾਂ ਜੋ ਮੇਰੇ ਜਾਣ ਤੋਂ ਬਾਅਦ ਬੁਰੇ-ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ, ਜੋ ਇੱਜੜ ਨੂੰ ਨਾ ਛੱਡਣਗੇ। ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਅਤੇ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣਗੇ। ਇਸ ਕਰਕੇ ਜਾਗਦੇ ਰਹੋ ਅਤੇ ਯਾਦ ਰੱਖੋ ਜੋ ਮੈਂ ਤਿੰਨਾਂ ਸਾਲਾਂ ਤੱਕ ਰਾਤ-ਦਿਨ ਰੋ-ਰੋ ਕੇ ਹਰੇਕ ਨੂੰ ਚਿਤਾਵਨੀ ਦੇਣ ਤੋਂ ਨਾ ਰੁਕਿਆ।

ਇਸ ਪਰਜਾ ਦੇ ਕੋਲ ਜਾ ਅਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਂਗੇ; ਅਤੇ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਾ, ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਲਈਆਂ ਹਨ, ਕਿਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ l

ਪੌਲੁਸ ਦੇ ਵਲੋਂ ਜੋ ਯਿਸੂ ਮਸੀਹ ਦਾ ਦਾਸ ਹੈ, ਜੋ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਦੇ ਲਈ ਅਲੱਗ ਕੀਤਾ ਗਿਆ। ਜਿਸ ਦਾ ਉਸ ਨੇ ਆਪਣੇ ਨਬੀਆਂ ਦੇ ਰਾਹੀਂ ਪਵਿੱਤਰ ਗ੍ਰੰਥ ਵਿੱਚ ਪਹਿਲਾਂ ਹੀ ਬਚਨ ਦਿੱਤਾ ਸੀ।

ਮੈਂ ਤਾਂ ਖੁਸ਼ਖਬਰੀ ਤੋਂ ਨਹੀਂ ਸ਼ਰਮਾਉਂਦਾ ਕਿਉਂ ਜੋ ਉਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸਮਰੱਥ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਦੇ ਲਈ। ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਕਿ ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ। ਜਿਹੜੇ ਮਨੁੱਖ ਸਚਿਆਈ ਨੂੰ ਬੁਰਿਆਈ ਨਾਲ ਦਬਾਈ ਰੱਖਦੇ ਹਨ, ਉਨ੍ਹਾਂ ਦੀ ਸਾਰੀ ਅਭਗਤੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ। ਕਿਉਂ ਜੋ ਪਰਮੇਸ਼ੁਰ ਦੇ ਬਾਰੇ ਜੋ ਕੁਝ ਪਤਾ ਲੱਗ ਸਕਦਾ ਹੈ ਸੋ ਉਨ੍ਹਾਂ ਦੇ ਮਨਾਂ ਵਿੱਚ ਪ੍ਰਗਟ ਹੈ, ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪ੍ਰਗਟ ਕੀਤਾ। ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹ ਦੇ ਅਣ-ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ੁਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ, ਇਸ ਕਰਕੇ ਉਨ੍ਹਾਂ ਦੇ ਕੋਲ ਕੋਈ ਬਹਾਨਾ ਨਹੀਂ। ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨ੍ਹੇਰੇ ਹੋ ਗਏ। ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ।

ਸੋ ਯਹੂਦੀ ਹੋਣ ਦਾ ਕੀ ਵਾਧਾ ਅਤੇ ਸੁੰਨਤ ਦਾ ਕੀ ਲਾਭ ਹੈ? ਹਰ ਪਰਕਾਰ ਨਾਲ ਬਹੁਤ ਕੁਝ l ਪਹਿਲਾਂ ਤਾਂ ਇਹ ਜੋ ਪਰਮੇਸ਼ੁਰ ਦਾ ਬਚਨ ਉਨ੍ਹਾਂ ਨੂੰ ਸੌਂਪਿਆ ਗਿਆ। ਫੇਰ ਭਾਵੇਂ ਕਈ ਬੇਵਫ਼ਾ ਨਿੱਕਲੇ ਤਾਂ ਕੀ ਹੋਇਆ? ਭਲਾ ਉਹਨਾਂ ਦੀ ਬੇਵਫ਼ਾਈ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਵਿਅਰਥ ਕਰ ਸਕਦੀ ਹੈ? ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ।

ਜਿਵੇਂ ਲਿਖਿਆ ਹੋਇਆ ਹੈ ਕੋਈ ਇੱਕ ਵੀ ਧਰਮੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਖੋਜੀ ਨਹੀਂ।

ਫੇਰ ਕੀ ਅਸੀਂ ਬਿਵਸਥਾ ਨੂੰ ਵਿਸ਼ਵਾਸ ਦੇ ਕਾਰਨ ਵਿਅਰਥ ਕਰਦੇ ਹਾਂ? ਕਦੇ ਨਹੀਂ, ਸਗੋਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ।

ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸੀ, ਬਿਵਸਥਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਸੇਵਾ ਕਰਦੇ ਹਾਂ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ।

ਸੋ ਬਿਵਸਥਾ ਪਵਿੱਤਰ ਹੈ, ਹੁਕਮਨਾਮਾ ਪਵਿੱਤਰ ਅਤੇ ਠੀਕ ਅਤੇ ਚੰਗਾ ਹੈ।

ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ! ਸੋ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਨੂੰਨ ਦੀ ਸੇਵਾ ਕਰਦਾ ਪਰ ਸਰੀਰ ਨਾਲ ਪਾਪ ਦੇ ਕਨੂੰਨ ਦੀ।

ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਪਰਮੇਸ਼ੁਰ ਨਾਲ ਵੈਰ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ, ਅਤੇ ਨਾ ਹੀ ਹੋ ਸਕਦਾ ਹੈ।

ਅਤੇ ਜੇ ਭੇਜੇ ਨਾ ਜਾਣ ਤਾਂ ਕਿਵੇਂ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ, ਕਿ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ, ਉਹਨਾਂ ਦੇ ਪੈਰ ਕਿੰਨੇ ਸੋਹਣੇ ਹਨ! ਪਰ ਸਭ ਨੇ ਇਸ ਖੁਸ਼ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ, ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ? ਸੋ ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ।

ਜਿਵੇਂ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਨੇ ਅੱਜ ਦੇ ਦਿਨ ਤੱਕ ਉਹਨਾਂ ਨੂੰ ਸੁਸਤ ਤਬੀਅਤ ਦਿੱਤੀ, ਅਤੇ ਉਨ੍ਹਾ ਨੂੰ ਅਜਿਹੀਆਂ ਅੱਖਾਂ ਦਿੱਤੀਆਂ ਜੋ ਨਾ ਵੇਖਣ ਅਤੇ ਅਜਿਹੇ ਕੰਨ ਦਿੱਤੇ ਜੋ ਨਾ ਸੁਣਨ।

ਕਿਉਂਕਿ ਜੋ ਕੁਝ ਪਹਿਲਾਂ ਲਿਖਿਆ ਗਿਆ ਸੀ, ਉਹ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਸੀ ਤਾਂ ਜੋ ਅਸੀਂ ਧੀਰਜ ਤੋਂ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ।

ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਉਹਨਾਂ ਤੋਂ ਦੂਰ ਰਹੋ। ਕਿਉਂ ਜੋ ਇਸ ਤਰ੍ਹਾਂ ਦੇ ਲੋਕ ਸਾਡੇ ਪ੍ਰਭੂ ਮਸੀਹ ਦੀ ਨਹੀਂ ਸਗੋਂ ਆਪਣੇ ਹੀ ਢਿੱਡ ਦੀ ਸੇਵਾ ਕਰਦੇ ਹਨ ਅਤੇ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ।

ਸਲੀਬ ਦੀ ਕਥਾ ਤਾਂ ਉਨ੍ਹਾਂ ਦੇ ਲਈ ਜਿਹੜੇ ਨਾਸ ਹੋ ਰਹੇ ਹਨ, ਮੂਰਖਤਾਈ ਹੈ ਪਰੰਤੂ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ੁਰ ਦੀ ਸਮਰੱਥਾ ਹੈ।

ਤਾਂ ਵੀ ਅਸੀਂ ਸਿਆਣਿਆਂ ਦੇ ਅੱਗੇ ਗਿਆਨ ਦੀਆਂ ਗੱਲਾਂ ਸੁਣਾਉਂਦੇ ਹਾਂ, ਇਹ ਗਿਆਨ ਇਸ ਜੁੱਗ ਦਾ ਅਤੇ ਨਾ ਇਸ ਜੁੱਗ ਦੇ ਹਾਕਮਾਂ ਦਾ ਹੈ ਜਿਹੜੇ ਨਾਸ ਹੋ ਰਹੇ ਹਨ। ਸਗੋਂ ਪਰਮੇਸ਼ੁਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ ਜਿਸ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੀ ਮਹਿਮਾ ਲਈ ਠਹਿਰਾਇਆ।

ਅਸੀਂ ਇਨ੍ਹਾਂ ਗੱਲਾਂ ਨੂੰ ਮਨੁੱਖੀ ਗਿਆਨ ਦੇ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਦੇ ਦੱਸੇ ਹੋਏ ਸ਼ਬਦਾਂ ਨਾਲ ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ। ਪਰ ਸਰੀਰਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਕਿਉਂ ਜੋ ਉਹ ਉਸ ਦੇ ਲਈ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਸਮਝ ਸਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਨ੍ਹਾਂ ਦੀ ਪਰਖ਼ ਕੀਤੀ ਜਾਂਦੀ ਹੈ। ਪਰ ਜਿਹੜਾ ਆਤਮਿਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ ਪਰ ਆਪ ਕਿਸੇ ਤੋਂ ਜਾਂਚਿਆ ਨਹੀਂ ਜਾਂਦਾ।

ਸੁੰਨਤ ਕੁਝ ਨਹੀਂ ਅਤੇ ਅਸੁੰਨਤ ਕੁਝ ਨਹੀਂ ਪਰੰਤੂ ਪਰਮੇਸ਼ੁਰ ਦੇ ਹੁਕਮ ਦੀ ਪਾਲਨਾ ਕਰਨੀ ਸੱਭੋ ਕੁਝ ਹੈ।

ਹੁਣ ਹੇ ਭਰਾਵੋ, ਮੈਂ ਤੁਹਾਨੂੰ ਉਹ ਖੁਸ਼ਖਬਰੀ ਯਾਦ ਦਿਲਾਉਂਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਸ ਨੂੰ ਤੁਸੀਂ ਕਬੂਲ ਵੀ ਕੀਤਾ ਅਤੇ ਜਿਸ ਨੂੰ ਤੁਸੀਂ ਮਜ਼ਬੂਤੀ ਨਾਲ ਫੜੀ ਵੀ ਰੱਖਿਆ ਹੈ। ਅਤੇ ਜਿਸ ਦੇ ਰਾਹੀਂ ਤੁਸੀਂ ਬਚਾਏ ਵੀ ਜਾਂਦੇ ਹੋ, ਜੇ ਤੁਸੀਂ ਉਸ ਖੁਸ਼ਖਬਰੀ ਦੇ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜ੍ਹੀ ਰੱਖੋ, ਨਹੀਂ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਗਿਆ।

ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਰੱਖਦਾ ਤਾਂ ਉਹ ਸਰਾਪਤ ਹੋਵੇ! ਹੇ ਸਾਡੇ ਪ੍ਰਭੂ, ਆ!

ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਉਨ੍ਹਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ, ਮਸੀਹ ਦੀ ਖੁਸ਼ਬੂ ਹਾਂ। ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ?

ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ ਪਰ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਪਰ ਆਤਮਾ ਜੀਵਨ ਦਿੰਦਾ ਹੈ। ਪਰੰਤੂ ਜੇ ਮੌਤ ਦੀ ਲਿਖਤ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਜੋ ਮੂਸਾ ਦੇ ਚਿਹਰੇ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ, ਇਸਰਾਏਲ ਦਾ ਵੰਸ਼ ਉਸ ਦੇ ਚਿਹਰੇ ਵੱਲ ਵੇਖ ਨਾ ਸਕਿਆ, ਤਾਂ ਆਤਮਾ ਦੀ ਲਿਖਤ ਇਸ ਤੋਂ ਵੱਧ ਕੇ ਤੇਜ ਨਾਲ ਕਿਉਂ ਨਾ ਹੋਵੇਗੀ? ਕਿਉਂਕਿ ਜੇਕਰ ਦੋਸ਼ੀ ਠਹਿਰਾਉਣ ਦੀ ਲਿਖਤ ਤੇਜ ਰੂਪ ਹੈ ਤਾਂ ਧਾਰਮਿਕਤਾ ਦੀ ਲਿਖਤ ਬਹੁਤ ਹੀ ਵੱਧ ਕੇ ਤੇਜ ਨਾਲ ਹੋਵੇਗੀ।

ਸਗੋਂ ਅਸੀਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ, ਨਾ ਪਰਮੇਸ਼ੁਰ ਦੇ ਬਚਨ ਵਿੱਚ ਮਿਲਾਵਟ ਕਰਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰ ਕੇ ਹਰੇਕ ਮਨੁੱਖ ਦੇ ਵਿਵੇਕ ਵਿੱਚ ਪਰਮੇਸ਼ੁਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ। ਅਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ਹੈ ਤਾਂ ਉਹ ਜਿਹੜੇ ਨਾਸ ਹੋ ਰਹੇ ਹਨ, ਉਨ੍ਹਾਂ ਲਈ ਹੈ। ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਤਾਂ ਜੋ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ, ਉਹ ਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪ੍ਰਕਾਸ਼ ਨਾ ਹੋਵੇ।

ਪਰ ਮੈਂ ਡਰਦਾ ਹਾਂ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਭਰਮਾਉਣ ਵਾਲੀ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ, ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ, ਵਿਗੜ ਜਾਣ।

ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਦਲਦੇ ਹਨ। ਅਤੇ ਇਹ ਅਨੋਖੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਬਦਲਦਾ ਹਾਂ।

ਅਸੀਂ ਸਚਿਆਈ ਦੇ ਖਿਲਾਫ਼ ਕੁਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁਝ ਕਰ ਸਕਦੇ ਹਾਂ।

ਮੈਂ ਹੈਰਾਨ ਹੁੰਦਾ ਹਾਂ ਕਿ ਜਿਸ ਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ, ਐਨੀ ਛੇਤੀ ਕਿਉਂ ਕਿਸੇ ਹੋਰ ਖੁਸ਼ਖਬਰੀ ਵੱਲ ਮਨ ਲਗਾਉਂਦੇ ਹੋ। ਜਦ ਕਿ ਕੋਈ ਦੂਸਰੀ ਖੁਸ਼ਖਬਰੀ ਹੈ ਹੀ ਨਹੀਂ, ਪਰ ਕਈ ਅਜਿਹੇ ਹਨ ਜਿਹੜੇ ਤੁਹਾਨੂੰ ਪਰੇਸ਼ਾਨ ਕਰਨਾ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਬਦਲਣਾ ਚਾਹੁੰਦੇ ਹਨ। ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨ੍ਹਾਂ ਜਿਹੜੀ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ! ਜਿਵੇਂ ਅਸੀਂ ਪਹਿਲਾਂ ਕਿਹਾ ਹੈ ਉਵੇਂ ਮੈਂ ਹੁਣ ਫੇਰ ਆਖਦਾ ਹਾਂ ਭਈ ਜੇ ਕੋਈ ਉਸ ਖੁਸ਼ਖਬਰੀ ਜਿਹੜੀ ਤੁਸੀਂ ਕਬੂਲ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ।

ਪਰ ਅਸੀਂ ਇੱਕ ਘੜੀ ਵੀ ਅਧੀਨ ਹੋ ਕੇ ਉਹਨਾਂ ਦੇ ਵੱਸ ਵਿੱਚ ਨਾ ਆਏ ਤਾਂ ਕਿ ਖੁਸ਼ਖਬਰੀ ਦੀ ਸਚਿਆਈ ਤੁਹਾਡੇ ਕੋਲ ਬਣੀ ਰਹੇ।

ਸੋ ਜਿੰਨੇ ਲੋਕ ਬਿਵਸਥਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪੀ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਨੂੰ ਜਿਹੜੀਆਂ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ, ਮੰਨ ਕੇ ਪਾਲਣਾ ਨਹੀਂ ਕਰਦਾ।

ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ। ਇਹ ਇਸ ਲਈ ਹੋਇਆ ਕਿ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਵਾਇਦੇ ਦੇ ਆਤਮਾ ਨੂੰ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਕਰੀਏ।

ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਵਾਇਦੇ ਦਿੱਤੇ ਗਏ ਸਨ। ਉਹ ਇਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ।

ਸੋ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ।

ਫਿਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ?

ਭਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ, ਜਿਹੜਾ ਮਹਿਮਾ ਦਾ ਪਿਤਾ ਹੈ ਆਪਣੀ ਪੂਰੀ ਪਛਾਣ ਵਿੱਚ ਗਿਆਨ ਦਾ ਆਤਮਾ ਅਤੇ ਪਰਕਾਸ਼ ਤੁਹਾਨੂੰ ਦੇਵੇ! ਕਿ ਤੁਹਾਡੇ ਮਨ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਕਿ ਉਹ ਦੇ ਬੁਲਾਏ ਜਾਣ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹ ਦੀ ਮਹਿਮਾ ਦੀ ਵਿਰਾਸਤ ਦਾ ਵਡਮੁੱਲਾ ਖਜ਼ਾਨਾ ਕੀ ਹੈ!

ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਇੱਧਰ-ਉੱਧਰ ਡੋਲਦੇ ਫਿਰਦੇ ਹਨ!

ਪਰਮੇਸ਼ੁਰ ਦੇ ਬਚਨ ਦੇ ਰਾਹੀਂ ਜਲ ਦੇ ਇਸ਼ਨਾਨ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ।

ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦਾ ਬਚਨ ਹੈ, ਲੈ ਲਵੋ।

ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪਿਆਰ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ। ਤੁਸੀਂ ਚੰਗੀ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੱਕ ਨਿਸ਼ਕਪਟ ਅਤੇ ਨਿਰਦੋਸ਼ ਰਹੋ।

ਤਾਂ ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਕਿ ਮੇਰੀ ਦੌੜ ਅਤੇ ਮੇਰੀ ਮਿਹਨਤ ਵਿਅਰਥ ਨਹੀਂ ਗਈ।

ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਜਿਹੜੀ ਤੁਸੀਂ ਸੁਣੀ ਸੀ, ਉਸ ਤੋਂ ਪਿਛੇ ਨਾ ਹੋਵੋਂ ਜਿਸ ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਸੇਵਕ ਮੈਂ ਪੌਲੁਸ ਹਾਂ।

ਸਾਵਧਾਨ ਰਹੋ ਕਿ ਕੋਈ ਆਪਣੀ ਸਿੱਖਿਆ ਅਤੇ ਫ਼ਜ਼ੂਲ ਧੋਖੇ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।

ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਸਾਡੇ ਲਈ ਬਾਣੀ ਦਾ ਬੂਹਾ ਖੋਲ੍ਹੇ ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਵਰਨਣ ਕਰੀਏ ਜਿਸ ਦੇ ਕਾਰਨ ਮੈਂ ਕੈਦ ਵਿੱਚ ਹਾਂ l

ਅਤੇ ਤੁਸੀਂ ਉਸ ਬਚਨ ਨੂੰ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ, ਵੱਡੀ ਬਿਪਤਾ ਵਿੱਚ ਵੀ ਸਾਡੀ ਅਤੇ ਪ੍ਰਭੂ ਦੀ ਰੀਸ ਕੀਤੀ।

ਪਰ ਤੁਸੀਂ ਜਾਣਦੇ ਹੋ ਕਿ ਸ਼ੁਰੂਆਤ ਵਿੱਚ ਫ਼ਿਲਿੱਪੈ ਵਿੱਚ ਦੁੱਖ ਝੱਲਣ ਦੇ ਬਾਵਜੂਦ ਵੀ ਸਾਡੇ ਪਰਮੇਸ਼ੁਰ ਨੇ ਸਾਨੂੰ ਅਜਿਹੀ ਦਲੇਰੀ ਦਿੱਤੀ ਕਿ ਅਸੀਂ ਬਹੁਤ ਵਿਰੋਧ ਵਿੱਚ ਵੀ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾ ਸਕੇ।

ਇਸ ਕਾਰਨ ਅਸੀਂ ਵੀ ਹਰ ਰੋਜ਼ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਡੇ ਕੋਲੋਂ ਮਿਲਿਆ ਤਾਂ ਤੁਸੀਂ ਉਸ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ-ਮੁੱਚੀ ਪਰਮੇਸ਼ੁਰ ਦਾ ਬਚਨ ਹੈ ਮੰਨ ਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰਦਾ ਹੈ।

ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ, ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਦੋਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਦੇ ਨਾਲ ਭੜਕਦੀ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ। ਉਹ ਪ੍ਰਭੂ ਦੇ ਹਜ਼ੂਰੋਂ, ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼ ਦੀ ਸਜ਼ਾ ਪਾਉਣਗੇ।

ਤਦ ਉਹ ਕੁਧਰਮੀ ਪਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਸੁੱਟੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ। ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮਾਂ ਦੇ ਅਨੁਸਾਰ ਹਰ ਪਰਕਾਰ ਦੀ ਸਮਰੱਥਾ, ਝੂਠੀਆਂ ਨਿਸ਼ਾਨੀਆਂ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ। ਨਾਲੇ ਉਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ, ਕੁਧਰਮ ਦੇ ਹਰ ਪ੍ਰਕਾਰ ਦੇ ਧੋਖੇ ਨਾਲ ਹੋਵੇਗਾ, ਇਸ ਕਾਰਨ ਜੋ ਉਹਨਾਂ ਨੇ ਸਚਿਆਈ ਦੇ ਬਚਨ ਨੂੰ ਕਬੂਲ ਨਾ ਕੀਤਾ ਜਿਸ ਤੋਂ ਉਹਨਾਂ ਦੀ ਮੁਕਤੀ ਹੋ ਸਕਦੀ ਸੀ। ਇਸ ਲਈ ਪਰਮੇਸ਼ੁਰ ਉਨ੍ਹਾਂ ਉੱਤੇ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ। ਅਤੇ ਉਹ ਸਾਰੇ ਦੋਸ਼ੀ ਠਹਿਰਣ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਸਗੋਂ ਝੂਠ ਉੱਤੇ ਪਰਸੰਨ ਰਹੇ।

ਪਰ ਅਸੀਂ ਜਾਣਦੇ ਹਾਂ ਕਿ ਜੇ ਕੋਈ ਉਸ ਨੂੰ ਸਹੀ ਢੰਗ ਨਾਲ ਕੰਮ ਵਿੱਚ ਲਿਆਵੇ ਤਦ ਇਹ ਬਿਵਸਥਾ ਚੰਗੀ ਹੈ। ਇਹ ਜਾਣ ਕੇ ਜੋ ਬਿਵਸਥਾ ਧਰਮੀ ਦੇ ਲਈ ਨਹੀਂ ਸਗੋਂ ਕੁਧਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ। ਹਰਾਮਕਾਰਾਂ, ਮੁੰਡੇਬਾਜ਼ਾਂ, ਅਗਵਾ ਕਰਨ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸਹੁੰ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਵੀ ਹੈ। ਇਹ ਉਸ ਮੁਬਾਰਕ ਪਰਮੇਸ਼ੁਰ ਦੀ ਮਹਿਮਾ ਦੀ ਖੁਸ਼ਖਬਰੀ ਅਨੁਸਾਰ ਹੈ, ਜਿਹੜੀ ਮੈਨੂੰ ਸੌਂਪੀ ਗਈ ਸੀ।

ਸਾਡੇ ਮੁਕਤੀਦਾਤੇ ਪਰਮੇਸ਼ੁਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ। ਜੋ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸੱਚ ਦੇ ਗਿਆਨ ਤੱਕ ਪਹੁੰਚਣ।

ਪਰ ਜੇ ਮੇਰੇ ਆਉਣ ਵਿੱਚ ਦੇਰੀ ਹੋ ਜਾਵੇ, ਤਾਂ ਤੂੰ ਜਾਣ ਲਵੇਂ ਜੋ ਪਰਮੇਸ਼ੁਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ, ਜਿਹੜਾ ਜਿਉਂਦੇ ਪਰਮੇਸ਼ੁਰ ਦੀ ਕਲੀਸਿਯਾ, ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।

ਪਰ ਆਤਮਾ ਸਪੱਸ਼ਟ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਮਨ ਲਾ ਕੇ, ਵਿਸ਼ਵਾਸ ਤੋਂ ਮੁੜ ਜਾਣਗੇ।

ਜੇ ਤੂੰ ਭਾਈਆਂ ਨੂੰ ਇਹ ਗੱਲਾਂ ਸਿਖਾਵੇਂ, ਤਾਂ ਤੂੰ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ, ਵਿਸ਼ਵਾਸ ਦੀਆਂ ਗੱਲਾਂ ਅਤੇ ਉਹ ਖਰੀ ਸਿੱਖਿਆ ਜਿਸ ਨੂੰ ਤੂੰ ਮੰਨਦਾ ਆਇਆ ਹੈ, ਉਸ ਵਿੱਚ ਬਣਿਆ ਰਹਿ।

ਜਦ ਤੱਕ ਮੈਂ ਨਾ ਆਵਾਂ, ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ।

ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਇੰਨ੍ਹਾਂ ਗੱਲਾਂ ਉੱਤੇ ਬਣਿਆ ਰਹਿ, ਕਿਉਂ ਜੋ ਤੂੰ ਇਸ ਤਰ੍ਹਾਂ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।

ਇਸ ਲਈ ਤੂੰ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਵੀਂ, ਨਾ ਮੇਰੇ ਤੋਂ, ਜੋ ਉਹ ਦਾ ਬੰਧੂਆ ਹਾਂ, ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ।

ਜੇ ਸਹਿ ਲਈਏ, ਉਹ ਦੇ ਨਾਲ ਰਾਜ ਵੀ ਕਰਾਂਗੇ। ਜੇ ਉਹ ਦਾ ਇਨਕਾਰ ਕਰੀਏ, ਤਾਂ ਉਹ ਵੀ ਸਾਡਾ ਇਨਕਾਰ ਕਰੇਗਾ।

ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਸ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦੀ ਉੱਚਿਤ ਵਿਆਖਿਆ ਕਰਨ ਵਾਲਾ ਹੋਵੇ।

ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ। ਅਤੇ ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ੁਰ ਉਹਨਾਂ ਨੂੰ ਤੋਬਾ ਕਰਨੀ ਬਖ਼ਸ਼ੇ ਕਿ ਉਹ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ।

ਅਤੇ ਸਿੱਖਦੀਆਂ ਤਾਂ ਰਹਿੰਦੀਆਂ ਹਨ ਪਰ ਸੱਚ ਦੇ ਗਿਆਨ ਤੱਕ ਕਦੇ ਪਹੁੰਚ ਨਹੀਂ ਸਕਦੀਆਂ।

ਅਤੇ ਇਹ ਜੋ ਤੂੰ ਬਚਪਨ ਤੋਂ ਹੀ ਪਵਿੱਤਰ ਗ੍ਰੰਥ ਦਾ ਜਾਣਕਾਰ ਹੈਂ ਜਿਹੜੀਆਂ ਉਸ ਵਿਸ਼ਵਾਸ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ, ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ। ਸਾਰਾ ਪਵਿੱਤਰ ਗ੍ਰੰਥ ਪਰਮੇਸ਼ੁਰ ਦੇ ਆਤਮਾ ਦੀ ਪ੍ਰੇਰਨਾ ਤੋਂ ਹੈ, ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਸਿੱਖਿਆ ਲਈ ਗੁਣਕਾਰ ਹੈ। ਕਿ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।

ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ। ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਹੁਕਮ ਕਰ। ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਖੁਜਲੀ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਬਹੁਤ ਸਾਰੇ ਗੁਰੂ ਲੱਭ ਲੈਣਗੇ। ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਮਨ ਲਗਾਉਣਗੇ।

ਅਤੇ ਵਿਸ਼ਵਾਸਯੋਗ ਬਚਨ ਨੂੰ ਜਿਹੜਾ ਇਸ ਸਿੱਖਿਆ ਦੇ ਅਨੁਸਾਰ ਹੈ ਫੜੀ ਰੱਖੇ ਭਈ ਉਹ ਖ਼ਰੀ ਸਿੱਖਿਆ ਨਾਲ ਉਪਦੇਸ਼ ਕਰੇ ਅਤੇ ਵਿਵਾਦ ਕਰਨ ਵਾਲਿਆਂ ਨੂੰ ਚੁੱਪ ਕਰਾ ਸਕੇ।

ਇਹ ਗਵਾਹੀ ਸੱਚੀ ਹੈ, ਇਸ ਲਈ ਤੂੰ ਉਹਨਾਂ ਦੀ ਸਖਤੀ ਨਾਲ ਤਾੜਨਾ ਕਰ ਤਾਂ ਜੋ ਉਹ ਵਿਸ਼ਵਾਸ ਵਿੱਚ ਮਜ਼ਬੂਤ ਹੋਣ।

ਪਰ ਤੂੰ ਉਹ ਬਚਨ ਆਖੀਂ ਜੋ ਖਰੀ ਸਿੱਖਿਆ ਦੇ ਨਾਲ ਮੇਲ ਖਾਂਦੇ ਹੋਣ।

ਇਸ ਕਾਰਨ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਗੱਲਾਂ ਦਾ ਹੋਰ ਵੀ ਧਿਆਨ ਰੱਖੀਏ ਜਿਹੜੀਆਂ ਅਸੀਂ ਸੁਣੀਆਂ ਹਨ, ਇਸ ਤਰ੍ਹਾਂ ਨਾ ਹੋਵੇ ਕਿ ਕਿਤੇ ਅਸੀਂ ਉਨ੍ਹਾਂ ਤੋਂ ਭਟਕ ਜਾਈਏ। ਜਦੋਂ ਉਹ ਬਚਨ ਜਿਹੜਾ ਦੂਤਾਂ ਦੇ ਦੁਆਰਾ ਕਿਹਾ ਗਿਆ ਸੀ ਅਟੱਲ ਸਿੱਧ ਹੋਇਆ ਅਤੇ ਹਰੇਕ ਅਪਰਾਧ ਅਤੇ ਅਣ-ਆਗਿਆਕਾਰੀ ਦਾ ਠੀਕ ਬਦਲਾ ਮਿਲਿਆ। ਜੇਕਰ ਇਸ ਵੱਡੀ ਮੁਕਤੀ ਦੀ ਪਰਵਾਹ ਨਾ ਕਰੀਏ ਤਾਂ ਅਸੀਂ ਕਿਵੇਂ ਬਚ ਸਕਦੇ ਹਾਂ? ਜੋ ਪਹਿਲਾਂ ਪ੍ਰਭੂ ਦੇ ਦੁਆਰਾ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਸਾਡੇ ਲਈ ਸਾਬਤ ਕੀਤੀ ਗਈ ਹੈ

ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗ਼ਾਵਤ ਦੇ ਦਿਨ ਉਜਾੜ ਵਿੱਚ, ਜਦੋਂ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਪਰਤਾਇਆ, ਅਤੇ ਚਾਲ੍ਹੀ ਸਾਲਾਂ ਤੱਕ ਮੇਰੇ ਕੰਮ ਵੇਖੇ। ਇਸ ਕਾਰਨ ਮੈਂ ਉਸ ਪੀੜ੍ਹੀ ਤੋਂ ਖਫ਼ਾ ਰਿਹਾ, ਅਤੇ ਆਖਿਆ ਕਿ ਉਹ ਦਿਲੋਂ ਕੁਰਾਹੇ ਪੈਂਦੇ ਹਨ, ਅਤੇ ਉਹਨਾਂ ਮੇਰੇ ਰਾਹਾਂ ਨੂੰ ਨਹੀਂ ਜਾਣਿਆ, ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਇਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!। ਹੇ ਭਰਾਵੋ, ਵੇਖਣਾ ਕਿ ਜਿਉਂਦੇ ਪਰਮੇਸ਼ੁਰ ਤੋਂ ਬੇਮੁੱਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਮਨ ਦੁਸ਼ਟ ਅਤੇ ਅਵਿਸ਼ਵਾਸੀ ਨਾ ਹੋ ਜਾਵੇ।

ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਜਿਵੇਂ ਉਨ੍ਹਾਂ ਨੂੰ ਵੀ, ਪਰ ਸੁਣਿਆ ਹੋਇਆ ਬਚਨ ਉਨ੍ਹਾਂ ਲਈ ਲਾਭਵੰਤ ਨਾ ਹੋਇਆ ਕਿਉਂਕਿ ਸੁਣਨ ਵਾਲਿਆਂ ਨੇ ਉਸ ਨੂੰ ਵਿਸ਼ਵਾਸ ਦੇ ਨਾਲ ਨਾ ਮੰਨਿਆ। ਕਿਉਂ ਜੋ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਸ ਅਰਾਮ ਵਿੱਚ ਵੜਦੇ ਹਾਂ, ਜਿਸ ਤਰ੍ਹਾਂ ਉਸ ਨੇ ਆਖਿਆ, “ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!” ਭਾਵੇਂ ਉਹ ਦੀਆਂ ਕਾਰਾਗਰੀਆਂ ਜਗਤ ਦੇ ਮੁੱਢੋਂ ਹੀ ਬਣ ਚੁੱਕੀਆਂ ਸਨ।

ਕਿਉਂ ਜੋ ਪਰਮੇਸ਼ੁਰ ਦਾ ਬਚਨ ਜਿਉਂਦਾ, ਗੁਣਕਾਰ ਅਤੇ ਹਰੇਕ ਦੋਧਾਰੀ ਤਲਵਾਰ ਨਾਲੋਂ ਤਿੱਖਾ ਹੈ ਜੋ ਪ੍ਰਾਣ, ਆਤਮਾ, ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਂਚ ਲੈਂਦਾ ਹੈ। ਅਤੇ ਸ੍ਰਿਸ਼ਟੀ ਦੀ ਕੋਈ ਰਚਨਾ ਉਸ ਕੋਲੋਂ ਲੁਕੀ ਹੋਈ ਨਹੀਂ ਪਰ ਜਿਸ ਨੂੰ ਅਸੀਂ ਲੇਖਾ ਦੇਣਾ ਹੈ, ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਪਰਗਟ ਅਤੇ ਖੁੱਲੀਆਂ ਪਈਆਂ ਹਨ।

ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਗਏ ਅਤੇ ਸਵਰਗੀ ਵਰਦਾਨ ਦਾ ਸੁਆਦ ਚੱਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਪਰਮੇਸ਼ੁਰ ਦੇ ਸ਼ੁਭ ਬਚਨ ਅਤੇ ਆਉਣ ਵਾਲੇ ਜੁੱਗ ਦੀਆਂ ਸ਼ਕਤੀਆਂ ਦਾ ਸੁਆਦ ਚੱਖਿਆ ਅਤੇ ਜੇਕਰ ਉਹ ਭਟਕ ਜਾਣ ਤਾਂ ਉਨ੍ਹਾਂ ਤੋਂ ਫੇਰ ਨਵੇਂ ਸਿਰਿਓਂ ਤੋਬਾ ਕਰਾਉਣੀ ਅਣਹੋਣੀ ਹੈ ਇਸ ਲਈ ਜੋ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੀ ਵੱਲੋਂ ਦੂਜੀ ਵਾਰ ਸਲੀਬ ਉੱਤੇ ਚਾੜ੍ਹਦੇ ਅਤੇ ਬੇਇੱਜ਼ਤ ਕਰਦੇ ਹਨ।

ਇਹ ਉਹ ਨੇਮ ਹੈ ਜਿਹੜਾ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ, ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ।

ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ, ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ,

ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਲਈ ਫੇਰ ਕੋਈ ਬਲੀਦਾਨ ਨਹੀਂ ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਸ ਕਿਸੇ ਨੇ ਮੂਸਾ ਦੀ ਬਿਵਸਥਾ ਦੀ ਉਲੰਘਣਾ ਕੀਤੀ ਹੋਵੇ ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨ੍ਹਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ। ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਪਵਿੱਤਰ ਨਾ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ।

ਅਤੇ ਵਿਸ਼ਵਾਸ ਤੋਂ ਬਿਨ੍ਹਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਦੇ ਕੋਲ ਆਉਂਦਾ ਹੈ ਉਹ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ ਅਤੇ ਇਹ ਕਿ ਉਹ ਉਹਨਾਂ ਨੂੰ ਜਿਹੜੇ ਪੂਰੇ ਮਨ ਨਾਲ ਉਸ ਨੂੰ ਖੋਜਦੇ ਹਨ ਫਲ ਦੇਣ ਵਾਲਾ ਹੈ।

ਵੇਖੋ, ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦੋਂ ਉਹ ਨਾ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ, ਤਾਂ ਉਸ ਤੋਂ ਕਿਵੇਂ ਬਚਾਂਗੇ ਜਿਹੜਾ ਸਵਰਗ ਉੱਤੋਂ ਚਿਤਾਰਦਾ ਹੈ।

ਕਿਉਂ ਜੋ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।

ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ, ਜਿਹੜਾ ਉਹਨਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਬਿਨ੍ਹਾਂ ਉਲਾਂਭੇ ਦੇ ਦਿੰਦਾ ਹੈ ਜਿਹੜੇ ਉਸ ਕੋਲੋਂ ਮੰਗਦੇ ਹਨ, ਤਾਂ ਉਹ ਨੂੰ ਦਿੱਤੀ ਜਾਵੇਗੀ।

ਇਸ ਲਈ ਤੁਸੀਂ ਹਰ ਪ੍ਰਕਾਰ ਦੇ ਗੰਦ-ਮੰਦ ਅਤੇ ਵੈਰ-ਵਿਰੋਧ ਨੂੰ ਦੂਰ ਕਰ ਕੇ, ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਮਰਤਾ ਨਾਲ ਕਬੂਲ ਕਰ ਲਵੋ। ਪਰ ਬਚਨ ਉੱਤੇ ਅਮਲ ਕਰਨ ਵਾਲੇ ਬਣੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਕੇਵਲ ਸੁਣਨ ਵਾਲੇ ਹੀ ਨਾ ਹੋਵੋ। ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੀ ਹੋਵੇ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਾ ਹੋਵੇ, ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਅਤੇ ਆਪਣੇ ਆਪ ਨੂੰ ਵੇਖ ਕੇ ਚਲਿਆ ਜਾਂਦਾ ਹੈ ਅਤੇ ਉਸੇ ਵੇਲੇ ਭੁੱਲ ਜਾਂਦਾ ਹੈ ਕਿ ਮੈਂ ਕਿਹੋ ਜਿਹਾ ਸੀ।

ਹੇ ਹਰਾਮਕਾਰੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ੁਰ ਨਾਲ ਵੈਰ ਕਰਨਾ ਹੈ? ਫੇਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ। ਕੀ ਤੁਸੀਂ ਇਹ ਸਮਝਦੇ ਹੋ, ਜੋ ਪਵਿੱਤਰ-ਸ਼ਾਸਤਰ ਵਿਅਰਥ ਕਹਿੰਦਾ ਹੈ? ਕਿ ਜਿਸ ਆਤਮਾ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ, ਕੀ ਉਹ ਅਜਿਹੀ ਲਾਲਸਾ ਕਰਦਾ ਹੈ, ਜਿਸ ਦਾ ਫਲ ਈਰਖਾ ਹੋਵੇ? ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਇਹ ਲਿਖਿਆ ਹੈ, ਕਿ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ। ਇਸ ਲਈ ਤੁਸੀਂ ਪਰਮੇਸ਼ੁਰ ਦੇ ਅਧੀਨ ਹੋ ਜਾਓ। ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਪਰਮੇਸ਼ੁਰ ਦੇ ਨੇੜੇ ਆਓ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਦੁੱਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਵਿੱਚ ਅਤੇ ਤੁਹਾਡਾ ਅਨੰਦ ਉਦਾਸੀ ਵਿੱਚ ਬਦਲ ਜਾਵੇ। ਪ੍ਰਭੂ ਦੇ ਸਾਹਮਣੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ।

ਤੁਸੀਂ ਜੋ ਸੱਚ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਾਈਚਾਰੇ ਦੇ ਨਿਸ਼ਕਪਟ ਪਿਆਰ ਲਈ ਪਵਿੱਤਰ ਕੀਤਾ ਹੈ, ਤਾਂ ਤਨੋਂ ਮਨੋਂ ਹੋ ਕੇ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ। ਕਿਉਂ ਜੋ ਤੁਸੀਂ ਨਾਸਵਾਨ ਬੀਜ ਤੋਂ ਨਹੀਂ ਸਗੋਂ ਅਵਿਨਾਸ਼ੀ ਤੋਂ ਨਵਾਂ ਜਨਮ ਪਾਇਆ ਹੈ, ਜਿਹੜਾ ਪਰਮੇਸ਼ੁਰ ਦੇ ਬਚਨ ਰਾਹੀਂ ਹੈ ਜੋ ਜਿਉਂਦਾ ਅਤੇ ਸਥਿਰ ਹੈ। ਕਿਉਂਕਿ ਹਰੇਕ ਪ੍ਰਾਣੀ ਘਾਹ ਵਰਗਾ ਹੀ ਹੈ, ਉਸ ਦੀ ਸ਼ੋਭਾ ਘਾਹ ਦੇ ਫੁੱਲ ਵਰਗੀ ਹੈ। ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਪ੍ਰਭੂ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ। ਅਤੇ ਇਹ ਉਹੋ ਬਚਨ ਹੈ ਜਿਸ ਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ।

ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਆਤਮਿਕ ਅਤੇ ਸ਼ੁੱਧ ਦੁੱਧ ਦੀ ਖੋਜ ਕਰੋ ਤਾਂ ਜੋ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ

ਸੋ ਉਹ ਤੁਹਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹੋ ਬਹੁਮੁੱਲਾ ਹੈ, ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ, ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ ਅਤੇ, ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ। ਉਹ ਅਣ-ਆਗਿਆਕਾਰੀ ਹੋ ਕੇ ਬਚਨ ਤੋਂ ਠੋਕਰ ਖਾਂਦੇ ਹਨ, ਜਿਹ ਦੇ ਲਈ ਉਹ ਠਹਿਰਾਏ ਵੀ ਗਏ ਸਨ

ਕਿਉਂ ਜੋ ਸਮਾਂ ਆ ਪਹੁੰਚਿਆ ਕਿ ਪਰਮੇਸ਼ੁਰ ਦੇ ਘਰੋਂ ਨਿਆਂ ਸ਼ੁਰੂ ਹੋਵੇ ਅਤੇ ਜੇ ਉਹ ਪਹਿਲਾਂ ਸਾਡੇ ਤੋਂ ਸ਼ੁਰੂ ਹੋਵੇ ਤਾਂ ਉਹਨਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ

ਅਤੇ ਅਸੀਂ ਇਹ ਸ਼ਬਦ ਸਵਰਗ ਤੋਂ ਆਉਂਦਾ ਸੁਣਿਆ ਜਿਸ ਵੇਲੇ ਅਸੀਂ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸੀ l ਅਤੇ ਭਵਿੱਖਬਾਣੀ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਦੋਂ ਤੱਕ ਪਹੁ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਦਿਲਾਂ ਵਿੱਚ ਨਾ ਚੜ੍ਹ ਆਵੇ ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਪਵਿੱਤਰ ਸ਼ਾਸਤਰ ਦੇ ਕਿਸੇ ਭਵਿੱਖਬਾਣੀ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ l ਕਿਉਂਕਿ ਕੋਈ ਭਵਿੱਖਬਾਣੀ ਮਨੁੱਖ ਦੀ ਮਰਜ਼ੀ ਤੋਂ ਕਦੇ ਨਹੀਂ ਹੋਈ ਸਗੋਂ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।

ਪਰ ਉਨ੍ਹਾਂ ਲੋਕਾਂ ਵਿੱਚ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਵੀ ਝੂਠੇ ਉਪਦੇਸ਼ਕ ਹੋਣਗੇ, ਜਿਹੜੇ ਨਾਸ ਕਰਨ ਵਾਲੀਆਂ ਗੱਲਾਂ ਚੋਰੀ ਅੰਦਰ ਲਿਆਉਣਗੇ ਅਤੇ ਉਸ ਸੁਆਮੀ ਦਾ ਜਿਸ ਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ ਕਰ ਕੇ ਛੇਤੀ ਆਪਣਾ ਨਾਸ ਕਰਾਉਣਗੇ। ਅਤੇ ਬਹੁਤੇ ਉਨ੍ਹਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਨ੍ਹਾਂ ਦੇ ਕਾਰਨ ਸਚਿਆਈ ਦੇ ਮਾਰਗ ਦੀ ਨਿੰਦਿਆ ਕੀਤੀ ਜਾਵੇਗੀ। ਅਤੇ ਲਾਲਚ ਦੇ ਕਾਰਨ ਉਹ ਬਣਾਉਟੀ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਢੰਗ ਬਣਾ ਛੱਡਣਗੇ। ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਪਹਿਲਾਂ ਹੀ ਹੋਇਆ ਹੈ ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ।

ਜਿਵੇਂ ਉਸ ਨੇ ਆਪਣੀਆਂ ਸਾਰੀਆਂ ਪੱਤ੍ਰੀਆਂ ਵਿੱਚ ਉਨ੍ਹਾਂ ਦੇ ਵਿਖੇ ਲਿਖਿਆ ਹੈ ਅਤੇ ਉਨ੍ਹਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ, ਜਿਨ੍ਹਾਂ ਨੂੰ ਅਗਿਆਨੀ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ, ਜਿਵੇਂ ਉਹ ਹੋਰਨਾਂ ਪਵਿੱਤਰ ਗ੍ਰੰਥਾਂ ਦੀ ਲਿਖਤਾਂ ਨੂੰ ਵੀ ਕਰਦੇ ਹਨ। ਸੋ ਹੇ ਪਿਆਰਿਓ, ਜਦੋਂ ਤੁਸੀਂ ਪਹਿਲਾਂ ਹੀ ਇਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਜੋ ਕਿਤੇ ਇਹ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਧੋਖਾ ਖਾ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ।

ਅਤੇ ਜੇ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਹ ਨੂੰ ਜਾਣਿਆ ਹੈ। ਉਹ ਜਿਹੜਾ ਆਖਦਾ ਹੈ ਕਿ ਮੈਂ ਉਹ ਨੂੰ ਜਾਣਿਆ ਹੈ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਦਾ ਸੋ ਝੂਠਾ ਹੈ ਅਤੇ ਸਚਿਆਈ ਉਹ ਦੇ ਵਿੱਚ ਨਹੀਂ ਹੈ। ਪਰ ਜੇ ਕੋਈ ਉਹ ਦੇ ਬਚਨ ਦੀ ਪਾਲਨਾ ਕਰਦਾ ਹੋਵੇ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਹਾਂ। ਉਹ ਜਿਹੜਾ ਆਖਦਾ ਹੈ ਕਿ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ।

ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ ਸਗੋਂ ਆਤਮਿਆਂ ਨੂੰ ਪਰਖੋ ਕਿ ਉਹ ਪਰਮੇਸ਼ੁਰ ਤੋਂ ਹਨ ਕਿ ਨਹੀਂ, ਕਿਉਂ ਜੋ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ।

ਅਸੀਂ ਪਰਮੇਸ਼ੁਰ ਤੋਂ ਹਾਂ। ਜਿਹੜਾ ਪਰਮੇਸ਼ੁਰ ਨੂੰ ਜਾਣਦਾ ਹੈ, ਉਹ ਸਾਡੀ ਸੁਣਦਾ ਹੈ। ਜੋ ਕੋਈ ਪਰਮੇਸ਼ੁਰ ਵੱਲੋਂ ਨਹੀਂ, ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸਚਿਆਈ ਦੇ ਆਤਮਾ ਅਤੇ ਧੋਖੇ ਦੇ ਆਤਮਾ ਨੂੰ ਜਾਣ ਲੈਂਦੇ ਹਾਂ।

ਜਦੋਂ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਅਤੇ ਉਹ ਦੇ ਹੁਕਮਾਂ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ।

ਜਿਹੜਾ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਵਿੱਚ ਹੀ ਗਵਾਹੀ ਰੱਖਦਾ ਹੈ। ਜਿਹੜਾ ਪਰਮੇਸ਼ੁਰ ਉੱਤੇ ਵਿਸ਼ਵਾਸ ਨਹੀਂ ਕਰਦਾ ਉਸ ਨੇ ਉਹ ਨੂੰ ਝੂਠਾ ਬਣਾ ਦਿੱਤਾ ਹੈ, ਕਿਉਂ ਜੋ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਹੈ ਜਿਹੜੀ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਬਾਰੇ ਦਿੱਤੀ ਹੈ।

ਅਤੇ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੇ ਅਨੁਸਾਰ ਚੱਲੀਏ। ਹੁਕਮ ਇਹ ਹੈ ਜਿਵੇਂ ਤੁਸੀਂ ਸ਼ੁਰੂ ਤੋਂ ਸੁਣਿਆ, ਜਿਸ ਉੱਤੇ ਤੁਹਾਨੂੰ ਚੱਲਣਾ ਚਾਹੀਦਾ ਹੈ।

ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ। ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ-ਸਾਂਦ ਮਨਾਓ। ਕਿਉਂਕਿ ਜਿਹੜਾ ਉਸ ਦੀ ਸੁੱਖ-ਸਾਂਦ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।

ਹੁਣ ਭਾਵੇਂ ਤੁਸੀਂ ਇੱਕੋ ਵਾਰ ਸਭ ਕੁਝ ਜਾਣ ਵੀ ਚੁੱਕੇ ਹੋ, ਤਾਂ ਵੀ ਮੈਂ ਤੁਹਾਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਬਚਾ ਕੇ, ਬਾਅਦ ਵਿੱਚ ਉਨ੍ਹਾਂ ਦਾ ਨਾਸ ਕੀਤਾ ਜਿਨ੍ਹਾਂ ਨੇ ਵਿਸ਼ਵਾਸ ਨਾ ਕੀਤਾ।

ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੋਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ, ਅਤੇ ਉਹ ਦਾ ਚਿਹਰਾ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ।

ਮੈਂ ਤੇਰੇ ਕੰਮਾਂ, ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਵੀ ਜੋ ਤੂੰ ਬੁਰਿਆਂ ਦੀ ਸਹਿਣ ਨਹੀਂ ਕਰ ਸਕਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ, ਪਰ ਰਸੂਲ ਨਹੀਂ ਹਨ, ਤੂੰ ਦੇਖਿਆ ਕਿ ਉਹ ਝੂਠੇ ਹਨ।

ਇਸ ਲਈ ਤੋਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ।

ਸੋ ਤੂੰ ਸੀਲ ਗਰਮ ਜੋ ਹੈਂ, ਨਾ ਗਰਮ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। ਤੂੰ ਜੋ ਆਖਦਾ ਹੈਂ ਜੋ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪਰ ਤੂੰ ਨਹੀਂ ਜਾਣਦਾ ਹੈਂ ਕਿ ਤੂੰ ਦੁੱਖੀ, ਮੰਦਭਾਗਾ, ਕੰਗਾਲ, ਅੰਨ੍ਹਾ ਅਤੇ ਨੰਗਾ ਹੈਂ।

ਅਤੇ ਅਜਗਰ ਨੂੰ ਔਰਤ ਉੱਤੇ ਕ੍ਰੋਧ ਆਇਆ ਅਤੇ ਉਹ ਦੇ ਵੰਸ਼ ਵਿੱਚੋਂ ਜਿਹੜੇ ਬੱਚੇ ਹਨ, ਜਿਹੜੇ ਪਰਮੇਸ਼ੁਰ ਦੀਆਂ ਆਗਿਆਵਾਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਗਵਾਹੀ ਦਿੰਦੇ ਹਨ ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ। ਅਤੇ ਸਮੁੰਦਰ ਦੇ ਰੇਤੇ ਉੱਤੇ ਜਾ ਖਲੋਤਾ।

ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਖੁਸ਼ਖਬਰੀ ਨਾਲ ਅਕਾਸ਼ ਵਿੱਚ ਉੱਡਦਿਆਂ ਦੇਖਿਆ ਤਾਂ ਉਹ ਧਰਤੀ ਦੇ ਵਾਸੀਆਂ, ਹਰੇਕ ਕੌਮ, ਗੋਤ, ਭਾਸ਼ਾ ਅਤੇ ਉੱਮਤ ਨੂੰ ਖੁਸ਼ਖਬਰੀ ਸੁਣਾਵੇ। ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ!

ਹੇ ਪ੍ਰਭੂ, ਕੌਣ ਤੇਰੇ ਕੋਲੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ, ਸੋ ਸਾਰੀਆਂ ਕੌਮਾਂ ਆਉਣਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਇਸ ਲਈ ਜੋ ਤੇਰੇ ਨਿਆਂ ਦੇ ਕੰਮ ਪਰਗਟ ਹੋ ਗਏ ਹਨ!

ਉਹ ਦੀਆਂ ਅੱਖਾਂ ਅੱਗ ਦੀ ਲਾਟ ਹਨ, ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ। ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ “ਪਰਮੇਸ਼ੁਰ ਦਾ ਸ਼ਬਦ” ਅਖਵਾਉਂਦਾ ਹੈ।

ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਜੋ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਅ ਦੇ ਚੁਬੱਚੇ ਨੂੰ ਲਿਤਾੜਦਾ ਹੈ।

ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ।

ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਲਿਖਤਾਂ ਸੁਣਦਾ ਹੈ, ਗਵਾਹੀ ਦਿੰਦਾ ਹਾਂ। ਜੇ ਕੋਈ ਇਨ੍ਹਾਂ ਵਿੱਚ ਕੁਝ ਵਧਾਵੇ ਤਾਂ ਉਹ ਮਹਾਂਮਾਰੀਆਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ੁਰ ਉਸ ਉੱਤੇ ਵਧਾਵੇਗਾ। ਅਤੇ ਜੇ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਲਿਖਤਾਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਨ੍ਹਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ੁਰ ਉਹ ਦਾ ਹਿੱਸਾ ਘਟਾਵੇਗਾ।

Punjabi - ਪੰਜਾਬੀ - PA

PAIRV'19 - Panjabi Indian Revised Version - 2019

This Bible text is from Panjabi Eastern Indian Revised Version IRV 2019
https://open.bible/bibles/panjabi_eastern-bridge-text-bible/
provided by: Bridge Connectivity Solutions Pvt Ltd, available by Creative Commons CC-BY-SA-4.0,
and this new compilation is shared as www.creativecommons.org/licenses/by-sa/4.0.
Languages are made available to you by www.ipedge.net